ਚੰਨ ਬੱਦਲਾਂ ਦੇ ਉਹਲੇ - ਕਿਸ਼ਤ 7 (ਨਾਵਲ )

ਸੇਵਾ ਸਿੰਘ ਸੋਢੀ   

Email: sewasinghsodhi@yahoo.de
Address: 21745 Hemmoor Haupt Str.43
Hemmoor Germany
ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਾਂਡ 15

"ਭੂਆ ਮੇਰੇ ਮਾਮਿਆ ਬਾਰੇ ਕੁੱਝ ਦੱਸ"। 
ਘਰ ਬੈਠਾ ਦੇਬੀ ਭੂਆ ਨੂੰ ਪੁੱਛ ਰਿਹਾ ਸੀ।
"ਪੁੱਤ, ਤੇਰਾ ਨਾਨਾ ਤੁਹਾਡੇ ਜਰਮਨ ਜਾਂਣ ਤੋ ਬਾਅਦ ਕਦੇ ਕਦੇ ਆ ਜਾਦਾ ਸੀ, ਤੇਰੇ ਦੋਵੇ ਮਾਂਮੇ ਚੰਡੀਗੜ ਨੌਕਰੀ ਕਰਦੇ ਸੀ ਤੇ ਨਾਨੀ ਵੀ ਤੇਰੀ ਉਨਾਂ ਕੋਲ ਹੀ ਰਹਿੰਦੀ ਸੀ, ਤੇਰੀ ਮਾਂ ਦੇ ਗਮ ਵਿੱਚ ਤੇਰਾ ਨਾਨਾ ਵੀ ਢਿੱਲਾ ਰਹਿਣ ਲੱਗ ਪਿਆ ਤੇ ਉਹ ਵੀ ਸੁਣਿਆ ਪਿੰਡ ਛੱਡ ਕੇ ਚੰਡੀਗੜ ਚਲੇ ਗਿਆ ਸੀ, ਮੁੜ ਉਹ ਨਹੀ ਮੁੜਿਆ, ਤੇ ਤੇਰੇ ਮਾਮੇ ਤਾਂ ਤੇਰੇ ਪਿਓ ਦੇ ਵਿਵਹਾਰ ਤੋ ਡਰਦੇ ਪਹਿਲਾਂ ਵੀ ਘੱਟ ਹੀ ਵੜਦੇ ਸੀ, ਤੇਰੀ ਮਾਂ ਹੀ ਤੈਨੂੰ ਲੈ ਕੇ ਉਥੇ ਰਹਿ ਆਉਦੀ ਸੀ, ਜਦੋ ਤੂੰ ਵਾਪਿਸ ਆਉਦਾ ਹੁੰਦਾ ਸੀ ਤਾਂ ਬਹੁਤ ਕੁੱਝ ਤੇਰੇ ਮਾਮੇ ਤੈਨੂੰ ਦੇ ਕੇ ਤੋਰਦੇ ਸਨ"। 
ਭੂਆ ਨੇ ਦੱਸਿਆ।
"ਤੇ ਮਾਮਿਆ ਦੇ ਹੋਰ ਕੋਈ ਰਿਸ਼ਤੇਦਾਰ ਜਿਨਾ ਤੋ ਉਨਾਂ ਦੇ ਐਡਰੈਸ ਦਾ ਪਤਾ ਕਰ ਸਕਾਂ ?" 
ਦੇਬੀ ਹਰ ਹਾਲਤ ਮਾਮਿਆ ਨੂੰ ਲੱਭਣਾ ਚਾਹੁੰਦਾ ਸੀ।
"ਮਾਮੇ ਤੇਰੇ ਪਹਿਲਾਂ ਯੂ ਪੀ ਰਹਿੰਦੇ ਸੀ, ਬਾਕੀ ਬਹੁਤੇ ਰਿਸ਼ਤੇਦਾਰ ਵੀ ਓਧਰ ਆ, ਐਥੇ ਮਾਝੇ ਵਿੱਚ ਕਿਤੇ ਤੇਰੀ ਨਾਨੀ ਦੇ ਪੇਕੇ ਆ ਪਰ ਮੈਨੂੰ ਪਤਾ ਕੋਈ ਨੀ ਬਈ ਕਿਹੜੇ ਪਿੰਡ ਆ, ਦੂਰ ਦੀਆ ਰਿਸ਼ਤੇਦਾਰੀਆ ਨੂੰ ਮਿਲਣ ਦਾ ਵੀ ਕੋਈ ਸਬੱਬ ਨਹੀ ਬਣਦਾ, ਨਾਲੇ ਤੁਸੀ ਇਥੇ ਹੁੰਦੇ ਤੇਰੀ ਮਾਂ ਜੀਦੀ ਹੁੰਦੀ ਤਾਂ ਮਿਲਦੇ, ਉਹਤੋ ਬਿਨਾ ਏਥੇ ਕੀਹਨੇ ਆਉਣਾ ਸੀ, ਧੀਆ ਤੋ ਬਿਨਾ ਘਰ ਦਾ ਵਿਹੜਾ ਖਾਂਣ ਨੂੰ ਆਉਦਾ"। 
ਭੂਆ ਅਪਣੀ ਭਰਜਾਈ ਨੂੰ ਯਾਦ ਕਰ ਹਾਲੇ ਵੀ ਮਨ ਭਰ ਆਉਦੀ ਸੀ।
"ਪਰ ਮੈਂ ਮਾਮਿਆ ਦੇ ਪੁਰਾਂਣੇ ਪਿੰਡ ਜਾਊਗਾ, ਸ਼ਾਇਦ ਉਥੋ ਕੋਈ ਹਾਲੇ ਉਨਾ ਨੂੰ ਮਿਲਦਾ ਹੋਵੇ"। ਦੇਬੀ ਨੇ ਪੱਕਾ ਨਿਸਚਾ ਕਰ ਲਿਆ ਸੀ, ਏਥੇ ਆ ਕੇ ਉਹ ਏਨਾਂ ਰੁੱਝਿਆ ਸੀ ਕਿ ਮਾਮਿਆ ਨੂੰ ਲੱਭਣ ਦਾ ਵਕਤ ਵੀ ਨਾਂ ਲੈ ਸਕਿਆ, ਕੁੱਝ ਧੁੰਧਲੀਆ ਜਿਹੀਆ ਯਾਦਾ ਮਾਮਿਆ ਦੀਆ ਉਸ ਨੂੰ ਇੱਕ ਫਿਲਮ ਵਾਗ ਝਾਕੀਆ ਜਿਹੀਆ ਪਾਉਦੀਆ ਸਨ।
ਕੁਝ ਦੇਰ ਭੂਆ ਨਾਲ ਗੱਲਾਂ ਕਰ ਕੇ ਉਹ ਡੇਅਰੀ ਵੱਲ ਚਲੇ ਗਿਆ, ਦਲੀਪ ਨੇ ਨਕੋਦਰੋ ਫੋਨ ਕਰ ਕੇ ਦੱਸਿਆ ਸੀ ਕਿ ਸ਼ਰਮੇ ਦਾ ਚਾਚਾ ਲੁਧਿਆਂਣੇ ਤੋ ਅੱਜ ਦੁਪਹਿਰ ਤੋ ਬਾਅਦ ਕੋਲਡ ਰੂਮ ਲਈ ਥਾਂ ਦੇਖਣ ਆਵੇਗਾ।
ਕੋਈ ਚਾਰ ਕੁ ਵਜੇ ਮਰੂਤੀ ਕਾਰ ਤੇ ਮਿਸਟਰ ਪਰਵੀਨ ਸ਼ਰਮਾ ਅਪਣੇ ਇੱਕ ਕਾਰੀਗਰ ਨੂੰ ਨਾਲ ਲੈ ਕੇ ਆ ਗਿਆ, ਡੇਅਰੀ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ, ਉਸ ਨੇ ਕੋਲਡ ਰੂਮ ਵਾਸਤੇ ਇੱਕ ਜਗਾ ਸਲੈਕਟ ਕਰ ਲਈ ਤੇ ਇਹ ਵੀ ਦੱਸਿਆ ਬਈ, ਕੋਲਡ ਰੂਮ ਲਈ ਇੱਕ ਜੈਨਰੇਟਰ ਵੀ ਚਾਹੀਦਾ ਆ, ਜੇ ਬਿਜਲੀ ਰਾਂਣੀ ਦੋ ਦਿਨ ਨਾਂ ਆਈ ਤਾ ਕੋਲਡ ਰੂਮ ਦਾ ਕੋਈ ਫਾਇਦਾ ਨਹੀ, ਦੇਬੀ ਨੂੰ ਕੋਲਡ ਰੂਮ ਦੇ ਰੇਟ ਆਦਿ ਦਾ ਕੋਈ ਪਤਾ ਨਹੀ ਸੀ ਪਰ ਉਹ ਜਾਣਦਾ ਸੀ ਕਿ ਦਲੀਪ ਦੇ ਵਿੱਚ ਹੋਣ ਕਰਕੇ ਉਸ ਨੂੰ ਸਹੀ ਰੇਟ ਮਿਲੇਗਾ, ਸੋ ਬਹੁਤੀ ਬਕ ਬਕ ਤੋ ਬਿਨਾਂ ਉਸਨੇ ਕੋਲਡ ਰੂਮ ਦਾ ਆਰਡਰ ਦੇ ਦਿੱਤਾ ਅਤੇ ਚੱਲਣ ਦੀ ਗਰੰਟੀ ਸਮੇਤ ਐਗਰੀਮੈਂਟ ਤੇ ਸਾਈਨ ਕਰਾ ਲਏ, ਜੈਨਰੇਟਰ ਦਾ ਪਰਬੰਧ ਕਰਨ ਦੀ ਵੀ ਜਿੰਮੇਵਾਰੀ ਪਰਵੀਨ ਸ਼ਰਮਾ ਨੇ ਲੈ ਲਈ, ਕੋਈ ਤਿੰਨ ਕੁ ਦਿਨਾ ਬਾਅਦ ਉਹ ਅਪਣਾ ਸਮਾਂਨ ਤੇ ਸੰਦ ਆਦਿ ਲੈ ਕੇ ਆ ਗਏ ਤੇ ਕੋਲਡ ਰੂਮ ਬਣਾਉਣਾ ਸ਼ੁਰੂ ਕਰ ਦਿੱਤਾ, ਕੋਲਡ ਰੂਮ ਤੇ ਇੱਕ ਵਾਰ ਪੈਸੇ ਤਾ ਲੱਗ ਜਾਣੇ ਸਨ ਪਰ ਦਿਨ ਵਿੱਚ ਇੱਕ ਵਾਰ ਗੇੜਾ ਬਚ ਜਾਣਾ ਸੀ, ਕੰਮ ਚਲਦਾ ਰਿਹਾ, ਹਰ ਪਾਸੇ ਤੋ ਫਿਲਹਾਲ ਚੰਗੀ ਪਰੌਗਰੈਸ ਹੀ ਆ ਰਹੀ ਸੀ, ਅੱਜ ਸ਼ਨੀਚਰ ਵਾਰ ਦਾ ਦਿਨ ਸੀ ਤੇ ਸਾਰਾ ਪਿੰਡ ਗੁਰਦਵਾਰੇ ਫਿਰ ਜੁੜਿਆ ਪਿਆ ਸੀ, ਦੇਬੀ ਦੇ ਅਗਲੇ ਪਲੈਨ ਦਾ ਮੂੰਹੋ ਮੂਹੀ ਸਭ ਨੂੰ ਪਤਾ ਲੱਗ ਚੁੱਕਿਆ ਸੀ, ਤੇ ਅਲੱਗ ਅਲੱਗ ਵਿਚਾਰ ਦਿੱਤੇ ਜਾ ਰਹੇ ਸਨ।
ਸਰਪੰਚ ਸਾਹਿਬ ਨੇ ਪਹਿਲਾ ਕੁੱਝ ਸੰਖੇਪ ਵਿੱਚ ਗੱਲ ਕੀਤੀ ਅਤੇ ਬਾਅਦ ਵਿੱਚ ਦੇਬੀ ਨੇ ਅਪਣੀ ਸਕੀਮ ਵਿਸਥਾਰ ਵਿੱਚ ਸੁਣਾਈ, ਕਈ ਘੱਟ ਪੜੇ ਲਿਖੇ ਬੰਦਿਆ ਤੇ ਮਾਈਆ ਦੇ ਪੱਲੇ ਛੇਤੀ ਗੱਲ ਨਹੀ ਸੀ ਪੈਂਦੀ ਇਸ ਲਈ ਦੇਬੀ ਨੂੰ ਬਹੁਤ ਵਾਰ ਗੱਲਾਂ ਦੁਹਰਾਉਣੀਆ ਪਈਆ।
"ਵੇ ਪੁੱਤ ਸਾਡੀ ਜਮੀਨ ਤੇ ਕੋਈ ਕਬਜਾ ਈ ਨਾ ਕਰਲੇ"। 
ਇਕ ਕਮਜੋਰ ਦਿਲ ਵਾਲੇ ਬਯੁਰਗ ਤੋ ਰਿਹਾ ਨਾਂ ਗਿਆ।
"ਬਾਪੂ ਜੀ ਕਬਜਾ ਕੌਣ ਕਰੂ ? ਜਿਵੇ ਹੁਣ ਖੇਤੀ ਕਰਦੇ ਹੋ ਉਵੇਂ ਹੀ ਅੱਗੇ ਤੋ ਕਰੋਗੇ, ਫਰਕ ਸਿਰਫ ਏਨਾ ਆ ਬਈ ਹੁਣ ਤੱਕ ਇਕੱਲੇ ਸੀ ਤੇ ਹੁਣ ਇਕੱਠੇ ਹੋ, ਟਰੈਕਟਰ ਵੀ ਤੁਸੀ ਹੀ ਚਲਾਉਣੇ ਆ, ਜੇ ਕੁੱਝ ਬਦਲਣਾ ਆ ਤਾ ਉਹ ਇਹ ਕਿ ਮਹਿੰਗੇ ਪੈਣ ਵਾਲੇ ਇੰਜਣ ਤੇ ਰਕਬਾ ਘਟਾਉਣ ਵਾਲੇ ਰਾਹ ਤੇਂ ਖਾਲਾਂ ਆਦਿ ਦਾ ਖਾਤਮਾ ਹੋਣਾ ਆ"।
ਦੇਬੀ ਨੇ ਸਮਝਾਇਆ।
"ਕਾਕਾ, ਵੱਡੇ ਬੋਰਾਂ ਤੇ ਅੰਡਰਗਰਾਉਡ ਪੁਲੀਆ ਦੇ ਪੈਸੇ ਕੌਣ ਦੇਊ ?" 
ਨੰਬਰਦਾਰ ਤਾਏ ਨੇ ਸਿਰੇ ਦੀ ਗੱਲ ਕੀਤੀ।
"ਤਾਇਆ ਜੀ ਜਿਹੜੇ ਵਾਧੂ ਟਰੈਕਟਰ ਤੇ ਇੰਜਣ ਅਤੇ ਛੋਟੀਆ ਮੋਟਰਾਂ ਹਨ ਇਨਾ ਦੀ ਜੋ ਵਿਕਰੀ ਹੋਵੇਗੀ ਉਨਾਂ ਨਾਲ ਬਾਕੀ ਚੀਜਾਂ ਨੂੰ ਫਾਇਨਾਂਸ ਕੀਤਾ ਜਾਵੇਗਾ"। 
ਦੇਬੀ ਨੇ ਦੱਸਿਆ।
"ਜੇ ਤੇਰੀ ਸਕੀਮ ਕਾਂਮਯਾਬ ਨਾਂ ਹੋਵੇ ਤੇ ਜਿਨਾ ਦੇ ਟਰੈਕਟਰ ਵਿਕ ਜਾਣੇ ਆ ਉਹ ਬਾਅਦ ਚ ਕੀ ਕਰਨਗੇ ?" 
ਨੰਬਰਦਾਰ ਨੇ ਹੋਰ ਮੁਸ਼ਕਿਲ ਤੇ ਚਾਨਣਾ ਪਾਇਆ, ਕਈ ਹੋਰ ਵੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ।
"ਹੁਣ ਜਦੋ ਤੁਹਾਡੇ ਟਰੈਕਟਰ ਖਰਾਬ ਹੋ ਜਾਦੇ ਆ, ਕਦੇ ਹੜ ਆ ਜਾਦੇ ਆ, ਕਦੇ ਗੜੇ ਪੈ ਜਾਦੇ ਆ ਤੇ ਕਦੇ ਬਿਜਲੀ ਦੀ ਕਮੀ ਨਾਲ ਤੇਲ ਫੂਕ ਕੇ ਜੋ ਮਹਿੰਗੇ ਭਾਅ ਫਸਲ ਪੈਦਾ ਕਰਕੇ ਕਰਜੇ ਹੇਠ ਆਏ ਪਏ ਹੋ ਤਾ ਫਿਰ ਤੁਹਾਡੇ ਕੋਲ ਕੀ ਇਲਾਜ ਹੈ ? ਕਿੰਨੇ ਸਾਲਾਂ ਤੋ ਤੁਸੀ ਬਿਨਾਂ ਕਿਸੇ ਗਰੰਟੀ ਦੇ ਫਸਲ ਪੈਦਾ ਕਰ ਰਹੇ ਹੋ, ਤੇ ਮੇਰੇ ਕੋਲੋ ਬਿਨਾ ਸਾਥ ਦਿੱਤਿਆ ਬਿਨਾ ਅਜਮਾਇਆ ਕਿਹੜੀ ਗਰੰਟੀ ਦੀ ਆਸ ਕਰਦੇ ਹੋ ? ਤੇ ਦੂਸਰੀ ਗੱਲ ਜਿਹੜੀ ਤੁਸੀ ਕਹੀ ਬਈ ਜੇ ਮੈਂ ਅਪਣੀ ਸਕੀਮ ਵਿੱਚ ਕਾਮਯਾਬ ਨਾ ਹੋਇਆ ਤਾਂ, ਇਹ ਠੀਕ ਹੈ ਕਿ ਮੈ ਅਪਣੀ ਸਕੀਮ ਵਿੱਚ ਕਾਮਯਾਬ ਨਾਂ ਹੋਵਾਂ ਪਰ ਅਸੀ ਸਾਰੇ ਰਲ ਕੇ ਹੁਣ ਤੱਕ ਦੀ ਕਾਮਯਾਬੀ ਦੇ ਸਹਾਰੇ ਅੱਗੇ ਵੀ ਕਾਮਯਾਬ ਹੋਵਾਂਗੇ, ਪਹਿਲਾਂ ਤੁਹਾਡੇ ਮੁੰਡੇ ਕਮਾਉਦੇ ਨਹੀ ਸੀ, ਹੁਣ ਤਾ ਇਹ ਵੀ ਹਰ ਮਹੀਨੇ ਘਰ ਰੁਪਏ ਲੈ ਕੇ ਆਉਦੇ ਆ ਜਿਹੜੇ ਹਰ ਮਹੀਨੇ ਵਧੀ ਜਾ ਰਹੇ ਆ, ਇਸ ਤੋ ਵੱਧ ਕਿਹੜੀ ਗਰੰਟੀ ਦੇ ਸਕਦਾ ਆ ?" 
ਦੇਬੀ ਨੇ ਗੱਲ ਮੁਕਾਈ ਤਾਂ ਸਾਰੇ ਫਿਰ ਇੱਕ ਦੂਜੇ ਵੱਲ ਦੇਖਣ ਲੱਗ ਪਏ।
"ਮੁੰਡਾ ਠੀਕ ਕਹਿੰਦਾ ਆ, ਇਹ ਕਿਹੜਾ ਜਾਦੂਗਰ ਆ ਜੋ ਤਲੀ ਤੇ ਸਰੌ ਜਮਾ ਕੇ ਦਿਖਾ ਦੇਵੇ, ਜੇ ਨਾਲ ਤੁਰਾਂਗੇ ਤਾਂ ਹੀ ਕੁੱਝ ਹੋਊ, ਤੁਰਨ ਤੋ ਪਹਿਲਾਂ ਬਠਿੰਡੇ ਕੌਣ ਪਹੁੰਚੂ ?" 
ਹਮਾਇਤੀ ਬਾਪੂ ਨੇ ਕਸਰ ਕੱਢ ਦਿੱਤੀ।
"ਦੇਖੋ ਬਯੁਰਗ ਸਾਹਿਬਾਨੋ, ਜੋ ਕੰਮ ਤੁਸੀ ਕਰਨੇ ਸੀ ਉਹ ਅਸੀ ਕਰ ਰਹੇ ਆ, ਜੇ ਤੁਸੀ ਆਪਸ ਵਿੱਚ ਰਲ ਕੇ ਨਹੀ ਚੱਲੇ ਤਾਂ ਨਤੀਜੇ ਤੁਹਾਡੇ ਸਾਹਮਣੇ ਆ, ਸਾਰੇ ਕਰਜਾਈ ਹੋਏ ਪਏ ਓ, ਜੇ ਤੁਹਾਡੇ ਕੋਲ ਹੋਰ ਕੋਈ ਵਧੀਆ ਤਰੀਕਾ ਹੈ ਤਾ ਦੱਸੋ ਅਸੀ ਉਹ ਕਰ ਲੈਦੇ ਆ, ਜੇ ਨਹੀ ਤਾਂ ਤੁਹਾਡੇ ਤੋ ਬਿਨਾ ਅਸੀ ਪਿੰਡ ਨੂੰ ਕਰਜ ਮੁਕਤ ਕਿਵੇ ਕਰਾਂਗੇ ?" 
ਦੇਬੀ ਨੇ ਸਵਾਲ ਕੀਤਾ।
"ਕਰਜੇ ਤਾਂ ਪੁੱਤ ਨਾਂ ਅੱਗੇ ਲੱਥੇ ਨੇ ਤੇ ਨਾਂ ਹੀ ਗਾਂਹ ਕੋਈ ਸੁਰਖੁਰੂ ਹੋਣ ਦਾ ਲੱਲ ਦੀਹਦਾ ਆ, ਸਾਡੀ ਤਾਂ ਐਦਾਂ ਈ ਲੰਘ ਜਾਣੀ ਆ ਹੁਣ"। 
ਇੱਕ ਹੋਰ ਨਿਰਾਸ਼ ਬਾਪੂ ਨੇ ਕਿਹਾ।
"ਸਾਰੀ ਸਮੱਸਿਆ ਵੀ ਇਥੇ ਹੀ ਆ, ਬਿਨਾ ਕੋਸ਼ਿਸ਼ ਕੀਤਿਆ ਹਾਰ ਮੰਨ ਜਾਓ, ਜਿਹੜੀ ਜੰਗ ਤੁਸੀ ਰਲ ਕੇ ਲੜਨੀ ਸੀ ਉਹਦੇ ਵਿੱਚ ਕੱਲੇ ਕੱਲੇ ਜਾ ਕੁੱਦੇ ਤੇ ਆਪੋ ਆਪਣੀ ਦਿਸ਼ਾ ਫੜ ਲਈ, ਹਾਰਨ ਤੋ ਵੱਧ ਹੋਰ ਕਰ ਕੀ ਸਕਦੇ ਸੀ ? ਪਰ ਜੇ ਏਕਤਾ ਦਾ ਸਹਾਰਾ ਅੱਜ ਵੀ ਲੈ ਲਓ ਤਾਂ ਹਾਰੀ ਬਾਜੀ ਜਿੱਤੀ ਜਾ ਸਕਦੀ ਆ"। 
ਦੇਬੀ ਨੇ ਹੋਰ ਦੱਸਿਆ।
"ਕਾਕਾ ਗੱਲਾਂ ਤਾਂ ਤੇਰੀਆ ਠੀਕ ਲਗਦੀਆ ਪਰ ਆਵਦੇ ਟਰੈਕਟਰ ਵੇਚਣ ਨੂੰ ਮਨ ਨੀ ਮੰਨਦਾ"। ਨੰਬਰਦਾਰ ਫਿਰ ਬੋਲਿਆ।
"ਮੇਰਾ ਕੋਈ ਜੋਰ ਨਹੀ, ਤੁਹਾਡੀ ਬੇਹਤਰੀ ਲਈ ਆ, ਤੁਸੀ ਸੋਚ ਲਓ ਜੇ ਡਰ ਲਗਦਾ ਤਾਂ ਫਿਰ ਸਦਾ ਵਾਗੂ ਡਰਦੇ ਰਹੋ, ਮੈ ਮੁੰਡਿਆ ਨਾਲ ਰਲ ਕੇ ਜੋ ਕੁੱਝ ਕਰ ਸਕਦਾ ਕਰੀ ਜਾਂਨਾ ਆ"। 
ਦੇਬੀ ਨੂੰ ਲਗਦਾ ਸੀ ਬਾਪੂ ਮਿਲ ਕੇ ਚੱਲਣ ਵਿੱਚ ਵਿਸ਼ਵਾਸ਼ ਨਹੀ ਰੱਖਦੇ ਜਾਂ ਇੱਕ ਦੂਜੇ ਤੇ ਵਿਸ਼ਵਾਸ਼ ਨਹੀ ਕਰਦੇ।
"ਦੇਖੋ ਬਈ, ਬਹੁਤ ਫਾਇਦਾ ਵੀ ਹੋ ਸਕਦਾ ਤੇ ਕੰਮ ਸੌਖਾ ਵੀ ਨਹੀ ਲਗਦਾ, ਤੁਸੀ ਕੁੱਝ ਦਿਨ ਸੋਚ ਲਓ, ਆਪਾਂ ਹੁਣੇ ਹੀ ਫੈਸਲਾ ਨਹੀ ਕਰਨਾਂ, ਅਗਲੇ ਹਫਤੇ ਫਿਰ ਬੈਠ ਲਵਾਂਗੇ, ਸਾਰੇ ਸੋਚ ਲਓ ਭਾਈ"। 
ਸਰਪੰਚ ਸਾਹਿਬ ਨੇ ਪਤਾ ਨਹੀ ਕੀ ਸੋਚ ਕੇ ਬੈਠਕ ਅਗਲੇ ਹਫਤੇ ਤੱਕ ਬਰਖਾਸਤ ਕਰ ਦਿੱਤੀ।
"ਕਾਕਾ, ਹਫਤੇ ਵਿੱਚ ਬਿੱਲੀ ਥੈਲੇ ਵਿਚੋ ਬਾਹਰ ਆ ਜਾਣੀ ਆ, ਏਨੇ ਬਹਾਦਰ ਨਹੀ ਇਹ ਲੋਕ, ਇਨਾ ਡਰਨਾ ਸਿੱਖਿਆ, ਕਰਜਾਈ ਹੋਣੋ ਨੀ ਡਰਦੇ ਬੱਸ ਰਲ ਕੇ ਤੁਰਨ ਦਾ ਨਾ ਸੁਣ ਮੋਕ ਮਾਰੀ ਜਾਦੇ ਆ, ਆਪਾਂ ਫੇਰ ਗੱਲ ਕਰਦੇ ਆ"। ਸਰਪੰਚ ਨੇ ਦੇਬੀ ਨੂੰ ਸਮਝਾਇਆ ਤੇ ਤਾਇਆਂ ਨਾਲ ਗੱਲਬਾਤ ਕਰਨ ਲੱਗ ਪਿਆ, ਲੋਕ ਇਵੇ ਝਾਕਦੇ ਸਨ ਜਿਵੇ ਕੋਈ ਅਣਹੋਣੀ ਜਿਹੀ ਗੱਲ ਹੋ ਰਹੀ ਹੋਵੇ, ਦੇਬੀ ਇਸ ਢਿੱਲੇ ਰਿਸਪੌਸ ਤੇ ਹੈਰਾਨ ਸੀ ਪਰ ਉਹਦੇ ਮਨ ਵਿੱਚ ਕਿਤੇ ਇਹ ਵੀ ਸੀ ਕਿ ਸਦੀਆ ਤੋ ਇੱਕ ਦੂਜੇ ਦੇ ਵਿਰੋਧ ਵਿੱਚ ਜੀ ਰਹੀ ਇਹ ਕੌਮ ਇਨੀ ਛੇਤੀ ਸੁਖੀ ਨਹੀ ਹੋਣਾ ਚਾਹੁੰਦੀ, ਦੁੱਖ ਦੇ ਆਦੀ ਹੋ ਚੁੱਕੇ ਹਨ, ਹਾਲੇ ਥੋੜੀ ਸ਼ਕਤੀ ਬਾਕੀ ਆ, ਹਾਲੇ ਹੋਰ ਸਹਿ ਸਕਦੇ ਆ, ਹੈ ਭਾਵੇ ਦੁੱਖ ਹੀ, ਪਰ ਹੈ ਅਪਣਾ, ਤੇ ਹਰ ਉਹ ਚੀਜ ਜੋ ਅਪਣੀ ਆ ਉਸਨੂੰ ਛਾਤੀ ਨਾਲ ਲਾ ਕੇ ਰੱਖਣਾ ਆ, ਨਿੱਕੀਆ ਨਿੱਕੀਆ ਟੋਲੀਆ ਬਣ ਕੇ ਲੋਕ ਖੜੇ ਗੱਲਾ ਕਰ ਰਹੇ ਸਨ … ।
"ਪੁੱਤ ਮੇਰਾ ਨਾਂ ਤੂੰ ਲਿਖ ਲਾ, ਮੈ ਤੇਰੇ ਨਾਲ ਆ"।
ਹਮਾਇਤੀ ਬਾਪੂ ਨੇ ਦੇਬੀ ਕੋਲ ਆ ਕੇ ਹੱਕ ਥਾਪੜ ਦਿੱਤੀ, ਘੁੱਦੇ ਦਾ ਪਿਓ, ਬੂਟਾ ਸਿੰਘ ਤੇ ਧਰਮ ਸਿੰਘ, ਜਗਰੂਪ, ਫੌਜੀ ਤਾਇਆ ਤੇ ਚਾਰ ਹੋਰ ਪਰਵਾਰ ਦੇਬੀ ਨਾਲ ਸਹਿਮਤ ਸਨ।
"ਵੇ ਕਾਕਾ ਆ ਕੀ ਤੂੰ ਨਵੀ ਘਤਿੱਤ ਛੇੜਤੀ, ਜਮੀਨਾ ਤੇ ਵੱਟਾਂ ਨਾ ਰਹੀਆ ਤਾ ਕੀ ਪਤਾ ਲੱਗੂ ਬਈ ਬੰਤਾ ਸਿਓ ਦੀ ਪੈਲੀ ਕਿੱਥੇ ਆ ?" 
ਬਾਪੂ ਬੰਤਾ ਸੋ ਦੇਬੀ ਦੀ ਸਕੀਮ ਨਾਲ ਬਿਲਕੁਲ ਈ ਸਹਿਮਤ ਨਹੀ ਸੀ।
"ਬਾਪੂ ਜੀ ਇਨੇ ਸਾਲਾ ਤੋ ਏਹੀ ਦੇਖ ਰਹੇ ਓ ਬਈ ਬੰਤਾ ਸਿੰਘ ਦੀ ਜਮੀਨ ਕਿੱਥੇ ਆ, ਇਹਨੇ ਕਿਤੇ ਨੀ ਜਾਣਾ, ਇਥੇ ਈ ਰਹਿਣਾ, ਸਵਾਲ ਜਮੀਨ ਵਿੱਚੋ ਕਮਾਈ ਕਰਨ ਦਾ ਆ ਨਾਂ ਕਿ ਵੱਟਾਂ ਦੇਖਣ ਦਾ, ਨਾਲੇ ਇਨਾ ਵੱਟਾਂ ਵਿੱਚ ਜਦੋ ਮੋਰੀਆ ਹੋ ਕੇ ਪਾਣੀ ਏਧਰ ਓਧਰ ਚਲਿਆ ਜਾਂਦਾ ਫਿਰ ਲੜਨ ਤੱਕ ਜਾਂਦੇ ਆ ਜਿਮੀਦਾਰ, ਵੱਟਾਂ ਤੋ ਪੰਜਾਬ ਵਿੱਚ ਕਤਲ ਤੱਕ ਹੋ ਜਾਦੇ ਆ"। 
ਦੇਬੀ ਨੇ ਬਾਪੂ ਨੂੰ ਸਮਝਾਉਣਾ ਚਾਹਿਆ … ।
"ਨਾ ਬਈ, ਅਪਣੇ ਨੀ ਮਨ ਲਗਦੀ … ।" 
ਕਹਿ ਕੇ ਬਾਪੂ ਚਾਦਰ ਝਾੜਦਾ ਘਰ ਨੂੰ ਚਲੇ ਗਿਆ।
"ਦੇਬੀ ਘਬਰਾ ਨਾਂ, ਦੇਖੀ ਕਿਵੇ ਸਾਰੇ ਹੌਲੀ ਹੌਲੀ ਆਨੇ ਵਾਲੀ ਥਾਂ ਅਉਦੇ ਆ"। ਫੌਜੀ ਤਾਏ ਨੇ ਕਿਹਾ, ਸਭ ਘਰੋ ਘਰੀ ਤੁਰ ਗਏ, ਦੇਬੀ ਪੋਲਟਰੀ ਵੱਲ ਆ ਗਿਆ, ਕੁੱਝ ਉਦਾਸ ਜਿਹਾ ਸੀ, ਕਿਓ ਨਹੀ ਅਪਣਾ ਭਲਾ ਹੋਣ ਦਿੰਦੇ ਇਹ ਲੋਕ ? ਕੀ ਰੱਬ ਦੋਸ਼ੀ ਹੈ ਇਨਾ ਦੇ ਦੁੱਖ ਲਈ ਜਾ ਫਿਰ ਇਹ ਖੁਦ ਦੁੱਖ ਨੂੰ ਜੱਫੀ ਪਾਈ ਬੈਠੇ ਆ ? ਕਿਸੇ ਵੀ ਤਰੀਕੇ ਨਾਲ ਦੇਖ ਲਈਏ, ਵੱਡਾ ਫਾਰਮ ਕਦੇ ਘਾਟੇ ਵਿੱਚ ਨਹੀ ਜਾਦਾ, ਇਨਾ ਨੂੰ ਸਮਝ ਆਉਦੀ ਨਹੀ ਜਾਂ ਸਮਝਣਾ ਨਹੀ ਚਾਹੁੰਦੇ ? ਜਾਂ ਫਿਰ ਵੱਡਾ ਮਸਲਾ ਇਹ ਆ ਬਈ ਜਿਹੜੀ ਖੈ ਖੈ ਚਲਦੀ ਆ ਏਨੇ ਸਾਲਾ ਦੀ ਉਹ ਨਾਂ ਖਤਮ ਹੋ ਜਾਵੇ ?
"ਕੀ ਹੋ ਗਿਆ ਧੀਏ ? 
ਲੰਙ ਮਾਰ ਕੇ ਆਉਦੀ ਦੀਪੀ ਨੂੰ ਦੇਖ ਮਾਂ ਕਲੇਜਾ ਧੜਕਿਆ।
"ਕੁਝ ਨੀ ਹੋਇਆ ਤਾਈ, ਨਿੱਕਾ ਜਿਹਾ ਠੇਡਾ ਲੱਗ ਗਿਆ, ਡਾਕਟਰ ਨੇ ਪੱਟੀ ਕਰ ਦਿੱਤੀ ਆ"। ਪੰਮੀ ਨੇ ਦੱਸਿਆ, ਲਾਡਲੀ ਜਿਹੀ ਦੀਪੀ ਦੇ ਕਦੇ ਚੋਟ ਨਹੀ ਸੀ ਲੱਗੀ, ਪੀੜ ਨੂੰ ਪੀਣ ਦੀ ਕੋਸ਼ਿਸ਼ ਕਰਦੀ ਸੀ ਪਰ ਪੈਰ ਚੋ ਚੀਸ਼ਾਂ ਨਿਕਲਦੀਆ ਸਨ।
"ਠੇਡਾ ਕਿਵੇ ਲੱਗ ਗਿਆ ?" 
ਮਾਂ ਨੇ ਜਾਨਣਾ ਚਾਹਿਆ।
"ਚਾਚੀ ਬੱਸੇ ਚੜਨ ਲੱਗੀ ਸੀ, ਕਾਹਲੀ ਵਿੱਚ ਕਿਤੇ ਪੈਰ ਵੱਜ ਗਿਆ, ਪਰ ਡਾਕਟਰ ਕਹਿੰਦਾ ਸੀ ਬਈ ਚਿੰਤਾ ਦੀ ਕੋਈ ਗੱਲ ਨਹੀ ਦੋ ਤਿੰਨ ਦਿਨ ਅਰਾਮ ਕਰੇ ਜਖਮ ਭਰ ਜਾਊ, ਪਰਸੋ ਨੂੰ ਫਿਰ ਪੱਟੀ ਕਰਾਉਣ ਲਈ ਕਿਹਾ"। 
ਪੰਮੀ ਨੇ ਅੱਗੇ ਦੱਸਿਆ, ਸੱਜਣਾ ਦਾ ਸੋਹਣਾ ਮੁੱਖੜਾ ਤਰਸ ਜਿਹੇ ਦਾ ਪਾਤਰ ਬਣਿਆ ਪਿਆ ਸੀ, ਮਾਂ ਨੇ ਘੁੱਟ ਕੇ ਹਿੱਕ ਨਾਲ ਲਾਇਆ।
"ਪਰ ਆਪਾਂ ਤਾ ਸਵੇਰੇ ਚੰਡੀਗੜ ਜਾਣਾ ਸੀ, ਉਹ ਤਾ ਹੁਣ ਕੈਸਿਲ ਕਰਨਾ ਪਊ"। 
ਮਾਂ ਨੇ ਐਮ ਐਲ ਏ ਦੀ ਪਾਰਟੀ ਯਾਦ ਕਰਾਈ।
"ਕੈਸਿਲ ਕਾਹਤੋ ਕਰਨੀ ਮੰਮੀ ਤੁਸੀ ਚਲੇ ਜਾਇਓ"। 
ਦੀਪੀ ਨੇ ਕਿਹਾ।
"ਲੈ ਧੀ ਦੇ ਸੱਟ ਲੱਗੀ ਹੋਵੇ, ਕੱਲੀ ਛੱਡ ਕੇ ਕਿਵੇ ਚਲੇ ਜਾਈਏ ?" 
ਮਾਂ ਨੂੰ ਧੀ ਦਾ ਪਰੇਮ ਆਇਆ।
"ਤਾਈ ਜੀ ਤੁਸੀ ਨਿਧੜਕ ਹੋ ਕੇ ਜਾਓ, ਕੱਲ ਨੂੰ ਐਤਵਾਰ ਆ ਮੈ ਜੁ ਹੈਗੀ ਆ ਘਰ, ਦੀਪੀ ਸਾਡੇ ਘਰ ਰਹੂ, ਤੇ ਪਰਸੋ ਤੁਸੀ ਆ ਜਾਣਾ"। 
ਪੰਮੀ ਨੇ ਸਲਾਹ ਦਿੱਤੀ।
"ਦੇਖਦੇ ਆ ਤੇਰੇ ਭਾਪਾ ਜੀ ਆਉਦੇ ਤਾਂ ਪੁੱਛਦੇ ਆਂ"। 
ਗੱਲ ਮਾਂ ਦੇ ਮਨ ਨੂੰ ਲੱਗੀ ਸੀ, ਪੰਮੀ ਘਰ ਨੂੰ ਚਲੇ ਗਈ, ਸਰਪੰਚ ਅੱਜ ਪੰਚਾਇਤ ਦਾ ਕਰ ਕੇ ਕਿਤੇ ਨਹੀ ਸੀ ਗਿਆ, ਘਰ ਆਉਦਿਆ ਮੰਮੀ ਨੇ ਸਾਰਾ ਕੁੱਝ ਦੱਸਿਆ ।
"ਇਲਾਕੇ ਦੇ ਐਮ ਐਲ ਏ ਦਾ ਸੱਦਾ ਆ, ਸਰਦਾਰਾ ਸਿਓ ਨੇ ਆਪ ਕਿਹਾ ਹੁਣ ਨਾਂ ਜਾਈਏ ਤਾਂ ਠੀਕ ਨਹੀ, ਏਧਰ ਕੁੜੀ ਦੇ ਬੇਮੌਕੇ ਸੱਟ ਲੱਗ ਗਈ, ਕੀ ਕੀਤਾ ਜਾਵੇ ?'' 
ਸਰਪੰਚ ਨੇ ਘਰਵਾਲੀ ਦੀ ਸਲਾਹ ਲਈ।
"ਮੈ ਤਾਂ ਕਿਹਾ ਸੀ ਬਈ ਮੈ ਕੁੜੀ ਨਾਲ ਘਰ ਰਹਿ ਲੈਂਦੀ ਆਂ ਤੇ ਤੁਸੀ ਤੇ ਦਲੀਪ ਚਲੇ ਜਾਓ ਪਰ ਪੰਮੀ ਕਹਿੰਦੀ ਬਈ ਸਵੇਰੇ ਉਹ ਵੀ ਘਰੇ ਆ ਤੇ ਦੀਪੀ ਉਨਾ ਵੱਲ ਰਹਿ ਲੂ, ਨਾਲੇ ਪੱਟੀ ਪਰਸੋ ਬਦਲਣੀ ਆ"। ਮਾਂ ਨੇ ਕਿਹਾ।
"ਵੈਸੇ ਗੱਲ ਤਾਂ ਪੰਮੀ ਦੀ ਵੀ ਠੀਕ ਆ, ਭਰਜਾਈ ਨੂੰ ਕਹਿ ਦੀ ਬਈ ਧਿਆਂਨ ਰੱਖੇ, ਕਿਹਾ ਉਨਾ ਸਾਰਿਆ ਨੂੰ ਆ, ਜੇ ਮੈ ਤੇ ਦਲੀਪ ਤੁਰ ਜਾਈਏ ਤਾਂ ਲੱਗੂ ਬਈ ਪਰਵਾਰ ਨਾਲ ਨੀ ਆਇਆ, ਤੇਰਾ ਨਾਲ ਹੋਣਾ ਠੀਕ ਆ"। 
ਸਰਪੰਚ ਨੂੰ ਲੱਗਿਆ ਬਈ ਕੋਈ ਖਾਸ ਮਸਲਾ ਨਹੀ, ਨਾਲੇ ਭਰਾ ਦੇ ਘਰ ਕੁੜੀ ਦਾ ਰਹਿਣਾ, ਕੋਈ ਮੁਸ਼ਕਲ ਨਹੀ, ਦੀਪੀ ਦੇ ਪਤਲੇ ਕੰਨ ਸਭ ਸੁਣ ਰਹੇ ਸਨ ਤੇ ਬੁੱਲਾਂ ਤੇ ਮੁਸਕਾਂਨ ਗਹਿਰੀ ਹੋਈ ਜਾ ਰਹੀ ਸੀ, ਪੀੜ ਦਾ ਨਾਮ ਨਿਸ਼ਾਨ ਨਹੀ ਸੀ ਚੇਹਰੇ ਤੇ, ਦੂਜੇ ਦਿਨ ਨੋ ਕੁ ਵਜੇ ਸਰਪੰਚ ਪਤਨੀ ਤੇ ਪੁੱਤਰ ਸਮੇਤ ਚੰਡੀਗੜ ਨੂੰ ਰਵਾਨਾਂ ਹੋ ਗਿਆ, ਉਹ ਹਾਲੇ ਘਰੋ ਬਾਹਰ ਨਿਕਲੇ ਹੀ ਸਨ ਕਿ ਦੀਪੀ ਨੇ ਫੋਨ ਘੁਮਾ ਦਿੱਤਾ ਇਸ ਆਸ ਵਿੱਚ ਕਿ ਮਿੱਤਰ ਘਰ ਹੀ ਹੋਣ, ਘੰਟੀ ਜਾ ਰਹੀ, ਕੋਈ ਚੁੱਕ ਨਹੀ ਰਿਹਾ, ਚੇਹਰੇ ਤੇ ਉਦਾਸੀ ਛਾ ਗਈ, ਉਹ ਫੋਨ ਰੱਖਣ ਹੀ ਵਾਲੀ ਸੀ ਕਿ … ।।
"ਹੈਲੋ ਜੀ …"। ਦੇਬੀ ਦੀ ਅਵਾਜ।
"ਸ਼ੁਕਰ ਆ, ਮੈ ਤਾਂ ਫੋਨ ਰੱਖਣ ਹੀ ਵਾਲੀ ਸੀ"। 
ਦੀਪੀ ਦੀ ਅਵਾਜ ਵਿੱਚ ਖੁਸ਼ੀ ਮੁੜ ਆਈ ।
"ਕੀ ਗੱਲ ਚੰਡੀਗੜ ਨਹੀ ਗਏ ?" ਦੇਬੀ ਨੇ ਪੁੱਛਿਆ, ਉਸ ਨੂੰ ਪਤਾ ਸੀ ਕਿ ਸਾਰਾ ਟੱਬਰ ਇਨਵਾਈਟਿਡ ਆ।
"ਜਾਂਣ ਵਾਲੇ ਚਲੇ ਗਏ, ਅਸੀ ਰਹਿ ਗਏ"। 
ਬਹੁਤ ਹੀ ਆਨੰਦਿਤ ਹੁੰਦਿਆ ਸੱਜਣਾਂ ਨੇ ਦੱਸਿਆ।
"ਤੈਨੂੰ ਕੱਲੇ ਘਰ ਛੱਡ ਗਏ ?" 
ਦੇਬੀ ਨੂੰ ਯਕੀਨ ਨਹੀ ਸੀ ਆ ਰਿਹਾ।
"ਜੀ, ਸਰਕਾਰ, ਮੈਨੂੰ ਤੇ ਤੁਹਾਡੀ ਯਾਦ ਨੂੰ, ਸਾਨੂੰ ਦੋਵਾ ਨੂੰ ਛੱਡ ਗਏ, ਠੀਕ ਨਹੀ ਲੱਗਿਆ ਤੁਹਾਨੂੰ ?" ਦੀਪੀ ਦੀ ਅਵਾਜ ਵਿੱਚ ਪਰੇਮ ਦੀ ਘਣਤਾ ਵਧਦੀ ਜਾ ਰਹੀ ਸੀ।
"ਬਿਲਕੁਲ ਠੀਕ ਲੱਗਿਆ, ਤੁਸੀ ਚਲੇ ਜਾਂਦੇ ਤਾਂ ਮੇਰੇ ਪਿੰਡ ਦੀ ਮਹਿਕ ਚੰਡੀਗੜ ਚਲੇ ਜਾਣੀ ਸੀ, ਉਥੇ ਫੁੱਲ ਪਹਿਲਾਂ ਹੀ ਬਥੇਰੇ ਹਨ, ਮੇਰੀ ਦੁਪਿਹਰ ਖਿੜੀ ਏਥੇ ਹੀ ਮਹਿਕਦੀ ਰਹੇ ਤਾਂ ਚੰਗਾ, ਪਰ ਉਹ ਕੱਲੇ ਕਿਵੇ ਚਲੇ ਗਏ ?" ਦੇਬੀ ਹਾਲੇ ਵੀ ਸਮਝ ਨਹੀ ਸੀ ਰਿਹਾ ਕਿ ਦੀਪੀ ਕੱਲੀ ਘਰ ਕਿਵੇ ? ਫਿਰ ਸੱਜਣਾ ਨੇ ਦੱਸਿਆ ਕਿ ਨਿੱਕੀ ਜਿਹੀ ਸੱਟ ਲੱਗੀ ਆ ਤੇ ਤੁਰਨ ਵਿੱਚ ਮੁਸ਼ਕਿਲ ਆ, ਪੰਮੀ ਦੀ ਸਿਫਾਰਿਸ਼ ਨਾਲ ਘਰੇ ਰਹਿਣ ਦਾ ਮੋਕਾ ਮਿਲ ਗਿਆ।
"ਸੱਟ ਲੱਗੀ ? ਕਿੱਥੇ ? ਕਿਵੇ ?" ਦੋ ਤਿੰਨ ਸਵਾਲ ਹੇਠਾ ਉਪਰ ਨਿਕਲ ਗਏ ਦੇਬੀ ਦੇ ਮੂੰਹੋ।
"ਓਹੋ, ਸੋਹਣਿਓ ਫਿਕਰ ਕਿਓ ਕਰਦੇ ਓ, ਸੱਟ ਨਿੱਕੀ ਹੈ, ਦਰਦ ਥੋੜਾ ਹੈ, ਪਰੇਮ ਜਿਅਦਾ ਹੈ"। ਦੀਪੀ ਪੂਰੇ ਮੂਢ ਵਿੱਚ ਸੀ।
"ਸ਼ਾਇਰੀ ਫੇਰ ਕਰਿਓ, ਪਹਿਲਾ ਸੱਟ ਦੱਸੋ ਕਿੱਥੇ ਲੱਗੀ ਆ, ਤੁਹਾਨੂੰ ਪਤਾ ਇਹ ਰੂਹ ਹੀ ਮੇਰੀ ਨਹੀ, ਤੁਹਾਡੇ ਸਰੀਰ ਦਾ ਰੋਮ ਰੋਮ ਦਾਤੇ ਨੇ ਮੇਰੇ ਲਈ ਬਣਾਇਆ, ਮੇਰੇ ਲਈ ਇਹਦਾ ਖਿਆਲ ਰੱਖਣਾ ਤੁਹਾਡੀ ਜਿੰਮੇਦਾਰੀ ਆ"।
ਦੇਬੀ ਸੱਟ ਬਾਰੇ ਜਾਨਣਾ ਚਾਹੁੰਦਾ ਸੀ।
"ਦਿਲਦਾਰ ਜੀ, ਮੈ ਰੱਬ ਨੂੰ ਕਿਹਾ ਥੋੜੀ ਬਾਰਿਸ਼ ਕਰਾ ਦੇਵੋ, ਉਹ ਕਹਿੰਦੇ ਬਲੀ ਦੇਣੀ ਪਊ, ਫੇਰ ਅਸੀ ਦੋ ਚਾਰ ਬੂੰਦਾ ਭੇਟ ਕਰ ਦਿੱਤੀਆ, ਹੁਣ ਰੱਬ ਦੀ ਵਾਰੀ ਆ, ਬਾਰਿਸ਼ ਹੋਈ ਹੀ ਸਮਝੋ"। ਦੀਪੀ ਦੇਬੀ ਦੀ ਤੜਪ ਦਾ ਹੋਰ ਅਨੰਦ ਲੈਣਾ ਚਾਹੁੰਦੀ ਸੀ।
"ਸੱਟ ਸੱਚੀ ਮੁੱਚੀ ਦੀ ਕਿ ਝੂਠੀ ਮੂਠੀ ਦੀ ?" 
ਦੇਬੀ ਨੂੰ ਲੱਗਿਆ ਉਸਨੇ ਜਰੂਰ ਕੋਈ ਬਹਾਨਾ ਬਣਾਇਆ।
"ਸੱਟ ਇੱਕ ਨਹੀ, ਦੋ ਆ, ਦੋਵੇ ਸੱਚੀ ਮੁੱਚੀ ਦੀਆ, ਇੱਕ ਪੈਰ ਦੇ ਅੰਗੂਠੇ ਤੇ ਲੱਗੀ ਆ, ਉਹਦਾ ਦਰਦ ਬਹੁਤ ਥੋੜਾ ਤੇ ਦੂਜੀ ਸੀਨੇ ਵਿੱਚ ਲੱਗੀ ਆ ਉਹਦਾ ਦਰਦ ਹਰ ਪਲ ਹੁੰਦਾ, ਇੱਕ ਡਾਕਟਰ ਨੇ ਤਾਂ ਪੱਟੀ ਕਰ ਦਿੱਤੀ, ਪਰ ਦੂਜੇ ਕੋਲ ਅਪਣੇ ਮਰੀਜ ਲਈ ਵਕਤ ਨਹੀ"। 
ਦੀਪੀ ਦੀ ਗੱਲ ਅੱਜ ਮੁਕਦੀ ਨਹੀ ਸੀ।
"ਧੰਨਭਾਗ ਉਸ ਡਾਕਟਰ ਦੇ ਜਿਨੇ ਜਨਾਬ ਦਾ ਉਪਚਾਰ ਕੀਤਾ, ਤੇ ਇਹ ਦੂਜੀ ਬਿਮਾਰੀ ਦਾ ਡਾਕਟਰ, ਜੇ ਇਹਦੇ ਕੋਲ ਵਕਤ ਨਹੀ ਤਾਂ ਡਾਕਟਰ ਬਦਲ ਕੇ ਦੇਖ ਲੈਣਾ ਸੀ ਕਮਲ ਦੇ ਫੁੱਲ ਨੇ ?" ਦੇਬੀ ਸਮਝ ਗਿਆ ਸੀ ਕਿ ਸਭ ਠੀਕ ਹੈ, ਜੇ ਸੱਜਣਾ ਦਾ ਮੂਢ ਜਰਾ ਮਜਾਕੀਆ ਹੋਇਆ ਤਾਂ ਸੁਖਦਾਇਕ ਆ।
"ਜੇ ਕਿਸੇ ਹੋਰ ਡਾਕਟਰ ਕੋਲ ਇਸ ਬਿਮਾਰੀ ਦੀ ਦਵਾ ਹੁੰਦੀ ਤਾਂ ਕਦੇ ਦਾ ਬਦਲ ਲੈਦੇ, ਪਰ ਕੀ ਕਰੀਏ ਰੋਗ ਹੀ ਬੜਾ ਮਿੱਠਾ ਤੇ ਡਾਕਟਰ ਦੀ ਤਾਂ ਪੁੱਛੋ ਈ ਨਾ, ਦਿਲ ਕਰਦਾ ਇਸ ਰੋਗ ਦਾ ਇਲਾਜ ਹੋਵੇ ਈ ਨਾਂ, ਬੱਸ ਡਾਕਟਰ ਦੇ ਦਰਸ਼ਨ ਈ ਹੁੰਦੇ ਰਹਿਣ"।
ਸੱਜਣਾ ਦੀ ਅਵਾਜ ਵਿੱਚ ਨਸ਼ਾ ਜਿਹਾ ਘੁਲਦਾ ਜਾ ਰਿਹਾ ਸੀ।
"ਤੁਹਾਡੇ ਵਰਗੇ ਰੋਗੀਆ ਦਾ ਇਲਾਜ ਕਰਦਾ ਜੇ ਡਾਕਟਰ ਬਿਮਾਰ ਹੋ ਗਿਆ ਤਾ ਉਹਦਾ ਕੀ ਬਣੂੰ ?" ਦੇਬੀ ਉਸੇ ਭਾਸ਼ਾ ਵਿੱਚ ਬੋਲਿਆ।
"ਇਹੀ ਤਾ ਅਸੀ ਚਾਹੁੰਦੇ ਆ, ਜੇ ਸਾਡਾ ਡਾਕਟਰ ਵੀ ਬਿਮਾਰ ਹੋ ਜਾਵੇ ਤਾਂ ਹੋਰ ਵੀ ਮਜਾ ਆਊ"। ਦੀਪੀ ਆਮ ਤੌਰ ਤੇ ਜਿਆਦਾ ਨਹੀ ਸੀ ਬੋਲਦੀ ਪਰ ਅੱਜ ਉਹਦਾ ਦਿਲ ਕਰਦਾ ਸੀ ਕਿ ਚੁੱਪ ਹੀ ਨਾ ਹੋਵੇ, ਕੈਸੀ ਅਜਾਦੀ ਸੀ ਇਸ ਵਕਤ, ਸੱਜਣਾ ਨੂੰ ਕੁੱਝ ਵੀ ਕਿਹਾ ਜਾ ਸਕਦਾ ਸੀ, ਇਹ ਤਾਏ ਤੇ ਤਾਈਆ ਬੇਖਬਰ ਸਨ ਕਿ ਪਿੰਡ ਦੀ ਇੱਕ ਕੁੜੀ ਕਲਚਰ ਦਾ ਕਤਲ ਕਰੀ ਜਾ ਰਹੀ ਆ, ਕਿਤੇ ਇਹ ਸੁਣ ਲੈਦੇ ਤਾ ਕਿਆਮਤ ਆ ਜਾਣੀ ਸੀ।
"ਅੱਜ ਹੁਸਨਾ ਦੇ ਮਾਲਕ ਇਨਾ ਖੁਸ਼ ਕਿਓ ਨੇ ?" 
ਦੇਬੀ ਉਹਦੀ ਡੁੱਲ ਡੁੱਲ ਪੈਦੀ ਖੁਸ਼ੀ ਮਹਿਸੂਸ ਕਰ ਰਿਹਾ ਸੀ।
"ਇਸ਼ਕ ਦੇ ਤਖਤ ਹਜਾਰੇ ਤੋ ਸਾਨੂੰ ਇੱਕ ਤੋਹਫਾ ਮਿਲਿਆ, ਇੱਕ ਪਿਆਰਾ ਜਿਹਾ ਦਿਲ, ਸਾਡੇ ਸੀਨੇ ਦੇ ਦੂਜੇ ਪਾਸੇ ਧੜਕਦਾ, ਇਸਤੋ ਵੱਧ ਖੁਸ਼ੀ ਕਦੋ ਹਵੇਗੀ ?" 
ਦੀਪੀ ਨਹਿਲੇ ਤੇ ਦਹਿਲਾ ਮਾਰੀ ਜਾ ਰਹੀ ਸੀ।
"ਤੁਹਾਡੇ ਦਿਲ ਨਾਲ ਇਹਦੀ ਬਣਦੀ ਆ ? ਕਿਤੇ ਵੱਖੋ ਵੱਖਰਾ ਤਾਂ ਨੀ ਧੜਕਦੇ ?" 
ਦੇਬੀ ਵੀ ਆਨੰਦ ਲੈ ਰਿਹਾ ਸੀ।
"ਨਈ, ਜੀ, ਤਬਲੇ ਦੀ ਜੋੜੀ ਵਾਗੂ ਇੱਕ ਸੁਰ ਵਿੱਚ ਧੜਕਦੇ ਆ, ਮੈਨੂੰ ਭੁਲੇਖਾ ਪੈਦਾ ਪਤਾ ਨਹੀ ਸੱਜੇ ਆ ਕਿ ਖੱਬੇ"। 
ਦੀਪੀ ਕੋਲ ਹਰ ਸਵਾਲ ਦਾ ਜਵਾਬ ਮੌਜੂਦ ਸੀ।
"ਇਕ ਸਿੱਧੀ ਜਿਹੀ ਤੇ ਭੋਲੀ ਜਿਹੀ ਮੁਟਿਆਰ ਏਨੀਆ ਗੱਲਾ ਕਿਵੇ ਕਰੀ ਜਾ ਰਹੀ ਆ ?" 
ਦੇਬੀ ਉਹਦੀ ਹਾਜਰ ਜੁਆਬੀ ਤੇ ਖੁਸ਼ ਸੀ।
"ਅਸੀ ਕਿੱਥੇ ਕਰਦੇ ਆ ਜੀ, ਤੁਹਾਡਾ ਇਸ਼ਕ ਕਰਾਉਦਾ"। 
ਦੀਪੀ ਦਾ ਛੋਟਾ ਜਿਹਾ ਜਵਾਬ।
"ਹੋਰ ਕੀ ਕੀ ਕਰਾਉਦਾ ਏ ਮੇਰਾ ਇਸ਼ਕ ?" 
ਦੇਬੀ ਹੋਰ ਸੁਣਨਾ ਚਾਹੁੰਦਾ ਸੀ।
"ਹਸਾਉਦਾ ਏ ਜੀ, ਰਵਾਉਦਾ ਏ ਜੀ, ਗੀਤ ਗਵਾਉਦਾ ਏ ਜੀ, ਤੇ ਨੀਂਦ ਰਾਣੀ ਦੀ ਮਿਹਰਬਾਨੀ ਸਦਕਾ ਜਨਾਬ ਨੂੰ ਗੱਲਵੱਕੜੀ ਪਵਾਉਦਾ ਏ ਜੀ"। 
ਦੀਪੀ ਖਿਆਲਾ ਵਿੱਚ ਉਸ ਨੂੰ ਬਾਹਾਂ ਚ ਘੁੱਟੀ ਖੜੀ ਸੀ।
"ਓ ਮੈ ਸਦਕੇ ਜਾਵਾ, ਮੈਨੂੰ ਸੁੱਤੇ ਨੂੰ ਗਲਵੱਕੜੀ ਪਾਈ ਜਾਦੇ ਓ, ਜਰਾ ਜਗਾ ਲਿਆ ਕਰੋ"।ਗਲਵੱਕੜੀ ਸੁਣ ਕੇ ਬਾਰਿਸ਼ ਦਾ ਦਿਨ ਯਾਦ ਆ ਗਿਆ ਦੇਬੀ ਨੂੰ।
"ਸੁੱਤੇ ਹੋਏ ਮੈਨੂੰ ਬਹੁਤ ਸੋਹਣੇ ਲਗਦੇ ਓ, ਮਾਸੂਮ ਜਿਹੇ, ਨਾਲੇ ਸੁੱਤੇ ਹੋਇਆ ਦਾ ਮੂੰਹ ਵੀ ਚੁੰਮ ਲਈਏ ਤਾਂ ਸ਼ਰਮ ਨੀ ਆਉਦੀ"। 
ਦੀਪੀ ਨੇ ਸੁਪਨੇ ਵਿੱਚ ਮਿਲਣ ਦੇ ਫਾਇਦੇ ਦੱਸੇ।
"ਜੇ ਮੈਨੂੰ ਪਤਾ ਹੋਵੇ ਗੁਲਾਬ ਦੀਆ ਪੱਤੀਆ ਮੇਰੇ ਚਿਹਰੇ ਨੂੰ ਛੂ ਰਹੀਆ, ਤਾਂ ਸਦਾ ਹੀ ਸੁੱਤਾ ਰਹਾਂ"। 
ਦੇਬੀ ਅਪਣੇ ਆਪ ਨੂੰ ਚੁੰਮਿਆ ਜਾ ਰਿਹਾ ਮਹਿਸੂਸ ਕਰ ਰਿਹਾ ਸੀ।
"ਪਰ ਹੁਣ ਪੀੜ ਗਹਿਰੀ ਹੋਈ ਜਾ ਰਹੀ, ਜਦ ਤੱਕ ਡਾਕਟਰ ਨਬਜ ਨਾਂ ਦੇਖੇ, ਚੈਕਅੱਪ ਕਰ ਕੇ ਦੋ ਹੌਸਲੇ ਦੇ ਬੋਲ ਨਾਂ ਬੋਲੇ ਉਦੋ ਤੱਕ ਬੀਮਾਰ ਨੂੰ ਧੀਰਜ ਨਹੀ ਹੁੰਦੀ"। 
ਸੱਜਣਾ ਦੀ ਬੇਸਬਰੀ ਉਛਾਲੇ ਮਾਰ ਰਹੀ ਸੀ, ਦੇਬੀ ਹਾਲੇ ਕੁੱਝ ਕਹਿਣ ਹੀ ਲੱਗਾ ਸੀ ਕਿ ਸੱਜਣਾ ਦਾ ਗੇਟ ਖੜਕਣ ਦੀ ਅਵਾਜ ਆਈ ।
"ਕੋਈ ਆ ਰਿਹਾ, ਫਿਰ ਫੋਨ ਕਰਦੀ ਆ"। 
ਕਹਿ ਕੇ ਸੱਜਣਾਂ ਨੇ ਡਿਸਕਨੈਕਟ ਕਰ ਦਿੱਤਾ, ਦੇਬੀ ਨੇ ਹਾਲੇ ਵੀ ਰਿਸੀਵਰ ਹੱਥ ਵਿੱਚ ਫੜਿਆ ਹੋਇਆ ਸੀ ਜਿਵੇ ਉਹ ਹੋਰ ਕੁੱਝ ਸੁਣਨਾ ਚਾਹੁੰਦਾ ਹੋਵੇ, ਫਿਰ ਫੋਨ ਰੱਖ ਕੇ ਸੱਜਣਾ ਦੀਆ ਪਹਿਲੀਆ ਕਹੀਆ ਹੋਈਆ ਗੱਲਾ ਨੂੰ ਯਾਦ ਕਰਕੇ ਆਨੰਦਿਤ ਹੋ ਹੀ ਰਿਹਾ ਸੀ ਕਿ ਘੰਟੀ ਫਿਰ ਖੜਕ ਪਈ … ।
"ਹੈਲੋ ਜੀ … ।" ਦੇਬੀ ਦੀ ਅਵਾਜ।
"ਵੀਰ ਜੀ ਪੰਮੀ ਬੋਲ ਰਹੀ ਆ"। 
ਇਹ ਪੰਮੀ ਸੀ ਜੋ ਘਰ ਵਿੱਚ ਦਾਖਲ ਹੋਈ ਸੀ।
"ਹਾਂ ਪੰਮੋ ਬੋਲ, ਤੇ ਕੰਨਾ ਵਿੱਚ ਸ਼ਹਿਦ ਘੋਲ"। 
ਦੇਬੀ ਨੇ ਸ਼ਾਇਰੀ ਕੀਤੀ।
"ਸ਼ਹਿਦ ਫਿਰ ਘੋਲਾਂਗੀ ਪਹਿਲਾ ਤੁਹਾਡੀ ਨਖਰੋ ਦੀ ਸ਼ਿਕਾਇਤ ਲਾਉਣੀ ਆ"। 
ਪੰਮੀ ਦੀ ਅਵਾਜ ਵਿੱਚ ਸ਼ਿਕਾਇਤ ਸੀ, ਦੀਪੀ ਪੰਮੀ ਨੂੰ ਰੋਕ ਰਹੀ ਸੀ, ਦੇਬੀ ਨੂੰ ਉਸਦੀ ਘੁਸਰ ਫੁਸਰ ਸੁਣਾਈ ਦੇ ਰਹੀ ਸੀ।
"ਜੇ ਫੋਨ ਤੇ ਨਹੀ ਦੱਸਣ ਦੇਣਾ ਤਾਂ ਮੈ ਵੀਰ ਕੋਲ ਜਾ ਕੇ ਦੱਸਦੂ ਫੇਰ ?" 
ਪੰਮੀ ਓਧਰ ਦੀਪੀ ਨੂੰ ਕਹਿ ਰਹੀ ਸੀ, ਹੁਣ ਦੀਪੀ ਨੇ ਹਥਿਆਰ ਸੁੱਟ ਦਿੱਤੇ।
"ਹਾ ਜੀ, ਵੀਰ ਜੀ, ਦੀਦੀ ਦੇ ਸੱਟ ਲੱਗੀ ਨਹੀ, ਇਹਨੇ ਜਾਣ ਕੇ ਪੈਰ ਪੱਥਰ ਚ ਮਾਰਿਆ"।
ਪੰਮੀ ਨੇ ਪਰਦਾ ਫਾਸ਼ ਕੀਤਾ।
"ਕਿਓ … ।" ਦੇਬੀ ਨੂੰ ਪੀੜ ਹੋਈ।
"ਤਾ ਕਿ ਚੰਡੀਗੜ ਨਾਂ ਜਾਣਾ ਪਵੇ ਤੇ ਤੁਹਾਨੂੰ ਮਿਲ ਸਕੇ"। 
ਪੰਮੀ ਨੇ ਕਾਰਨ ਦੱਸਿਆ।
"ਪੰਮੋ, ਫੋਨ ਦੀਪੀ ਨੂੰ ਦੇ"। 
ਦੇਬੀ ਨੂੰ ਅਪਣਾ ਆਪ ਗੁਨਾਹਗਾਰ ਜਿਹਾ ਲੱਗਿਆ।
"ਦੀਪੋ, ਅਪਣੇ ਆਪ ਤੇ ਜੁਲਮ ? ਕਿਓ ?" 
ਦੇਬੀ ਦੀ ਰੂਹ ਪੱਛੀ ਗਈ ਸੀ, ਦੀਪੀ ਦੇ ਕੋਮਲ ਜਿਹੇ ਪੈਰ ਵਿਚੋ ਲਹੂ ਵਗਦਾ ਦੇਖ ਰਿਹਾ ਸੀ ਦੇਬੀ।
"ਜੀ, ਕੀ ਕਰਦੀ, ਕਿੰਨੀ ਦੇਰ ਤੋ ਤੜਫੀ ਜਾਨੀ ਆ, ਕੋਈ ਮੁਲਾਕਾਤ ਨੀ ਹੋ ਸਕੀ, ਤੁਸੀ ਸਦਾ ਘਰਦਿਆ ਦੀ ਇਜਤ ਦਾ ਵਾਸਤਾ ਦੇ ਕੇ ਧੀਰਜ ਧਰਨ ਲਈ ਕਹਿੰਦੇ ਰਹਿੰਦੇ ਓ, ਮੇਰਾ ਹੌਸਲਾ ਤੁਹਾਡੇ ਵਾਂਗ ਨਹੀ, ਮੈਨੂੰ ਤੁਹਾਡੀ ਨੇੜਤਾ ਦੀ ਲੋੜ ਆ, ਇਹ ਸਬੱਬੀ ਮਿਲਿਆ ਮੌਕਾ ਕਿਵੇ ਹੱਥੋ ਜਾਣ ਦੇਦੀ ? ਹੋਰ ਕੁੱਝ ਮੈਨੂੰ ਸੁੱਝਿਆ ਨਹੀ, ਇਨੀ ਸਿਆਣੀ ਨਹੀ ,ਨਾਲੇ ਸੱਟ ਕੋਈ ਬਹੁਤੀ ਨਹੀ, ਥੋੜਾ ਜਿਹਾ ਅਗੂੰਠੇ ਦਾ ਨਹੁੰ ਉਖੜਿਆ „। 
ਹਾਲੇ ਦੀਪੀ ਕਹਿ ਹੀ ਰਹੀ ਸੀ ਕਿ ਦੇਬੀ ਵਿੱਚੋ ਹੀ ਟੋਕ ਕੇ ਬੋਲਿਆ।
"ਬੱਸ, ਹੋਰ ਕੁੱਝ ਨਾਂ ਕਹਿ, ਤੇਰੇ ਪਰੇਮ ਤੋ ਸਦਕੇ, ਤੂੰ ਪਰੇਮ ਦੀ ਦੇਵੀ ਆਂ, ਮੈ ਕੁਰਬਾਨ ਜਾਨਾ ਤੇਰੇ ਤੋ, ਮੈਨੂੰ ਮਿਲਣ ਲਈ ਅਪਣੇ ਸਰੀਰ ਨੂੰ ਜਖਮੀ ਕਰਨ ਤੋ ਨਹੀ ਡਰੀ, ਤੇਰਾ ਦੇਣਾ ਕਿਵੇਂ ਦੇਵਾਗਾ ?" 
ਦੇਬੀ ਉਹਦੇ ਕਰਜ ਹੇਠ ਦੱਬਿਆ ਮਹਿਸੂਸ ਕਰ ਰਿਹਾ ਸੀ।
"ਪਰੇਮ ਵਿੱਚ ਕਰਜ ਨਹੀ, ਮੇਰਾ ਤੇਰੇ ਦਰਸ਼ਨ ਬਿਨਾ ਝੱਟ ਨੀ ਲੰਘਦਾ, ਜੋ ਕੀਤਾ ਅਪਣੇ ਲਈ ਕੀਤਾ, ਬੱਸ ਹੁਣ ਆ ਮਿਲ ਪਰੀਤਮਾ „। ਤੇ ਬਾਕੀ ਬੋਲ ਕੁੜੀ ਦੇ ਮੂੰਹ ਵਿੱਚ ਰਹਿ ਗਏ, ਲਫਜਾਂ ਨੇ ਸਾਥ ਨਹੀ ਦਿੱਤਾ,ਹੁਣ ਪੰਮੀ ਨੇ ਫੋਨ ਫੜ ਲਿਆ … ।
"ਵੀਰ ਕੀ ਕਰੀਏ ਇਸ ਕਮਲੀ ਦਾ ?" 
ਉਹ ਦੀਪੀ ਲਈ ਬੇਫਿਕਰ ਨਹੀ ਸੀ।
"ਤੂੰ ਸੱਚੀ ਪਰੇਮ ਦੂਤ ਏ, ਸਾਡੇ ਲਈ ਅਰਦਾਸ ਕਰ, ਕੋਈ ਰੇਖ ਵਿੱਚ ਮੇਖ ਵੱਜ ਜਾਵੇ, ਮੈ ਅਪਣੇ ਆਪ ਨੂੰ ਸਮਝਾ ਸਕਦਾ, ਪਰ ਏਹ ਬਹੁਤਾ ਦਿਲ ਛੱਡੀ ਬੈਠੀ ਆ, ਇਸ ਕਮਲੀ ਨੂੰ ਇੱਕ ਵਾਰ ਮਿਲਣਾ ਪਊ, ਦੀਪੀ ਦੀ ਗੱਲ ਠੀਕ ਆ, ਅੱਜ ਵਾਲਾ ਮੌਕਾ ਸ਼ਾਇਦ ਰੱਬ ਨੇ ਬਣਾਇਆ, ਮੈ ਵੀ ਸੋਚਦਾ ਕੋਈ ਸਕੀਮ, ਸ਼ਾਮ ਤੱਕ ਫੋਨ ਤੇ ਗੱਲ ਕਰਾਗੇ"। 
ਦੇਬੀ ਹੁਣ ਇਸ ਦੇਵੀ ਨੂੰ ਹੋਰ ਤੜਫਦੇ ਦੇਖ ਨਹੀ ਸੀ ਸਕਦਾ।
ਦੇਬੀ ਗੱਲ ਮੁਕਾ ਕੇ ਬਾਹਰ ਨਿਕਲ ਗਿਆ, ਉਹ ਸੋਚ ਰਿਹਾ ਸੀ ਐਸਾ ਕਿਹੜਾ ਤਰੀਕਾ ਵਰਤਾਂ ਜਿਸ ਨਾਲ ਕਿਸੇ ਦੀ ਵੀ ਇਜਤ ਨੂੰ ਚੋਟ ਨਾਂ ਪਹੁੰਚੇ, ਉਹ ਜਦੋ ਸਰਪੰਚ ਤੇ ਦਲੀਪ ਵੱਲੋ ਦਿੱਤਾ ਗਿਆ ਸਾਥ ਦੇਖਦਾ ਤਾ ਉਸ ਨੂੰ ਲਗਦਾ ਕਿ ਉਹ ਕੋਈ ਪਾਪ ਕਰ ਰਿਹਾ, ਪਰ ਜਦ ਦੀਪੀ ਦੇ ਪਰੇਮ ਵੱਲ ਝਾਤ ਮਾਰਦਾ ਤਾਂ ਉਸ ਨੂੰ ਰੱਬ ਦੇ ਦਰਸ਼ਨ ਹੁੰਦੇ, ਨਹੀ, ਇਹ ਬਚਪਨ ਦਾ ਸ਼ੁਰੂ ਹੋਇਆ ਪਰੇਮ ਪਾਪ ਨਹੀ ਹੋ ਸਕਦਾ, ਦੀਪੀ ਇੱਕ ਕੋਹਿਨੂਰ ਹੈ ਤੇ ਕੋਹਿਨੂਰ ਨੂੰ ਪਾਉਣਾ ਅਸਾਨ ਨਹੀ ਹੋ ਸਕਦਾ, ਹੁਣ ਸਰਪੰਚ ਦੀ ਗੈਰਹਾਜਰੀ ਵਿੱਚ ਉਸਦੀ ਧੀ ਨੂੰ ਚੋਰੀ ਛਿੱਪੇ ਮਿਲਣਾ ਇੱਕ ਫਰੇਬ ਸੀ, ਧੋਖਾ ਸੀ, ਪਰ ਹੋਰ ਕੀ ਚਾਰਾ ਸੀ, ਇਹ ਪਰੇਮ ਦਿਵਾਨੀ ਕੁੱਝ ਵੀ ਕਰ ਸਕਦੀ ਹੈ, ਹੁਣ ਗੱਲ ਕਿਸੇ ਨਾ ਕਿਸੇ ਪਾਸੇ ਲਾਉਣੀ ਪਊ।
ਓਧਰ ਪੰਮੀ ਤੇ ਦੀਪੀ ਅਪਣਾ ਸਿਰ ਖਪਾ ਰਹੀਆ ਸਨ ਕਿ ਕੀ ਕੀਤਾ ਜਾਵੇ, ਬਹੁਤ ਚਲਾਕੀ ਭਰੀਆ ਸਕੀਮਾ ਬਣਾਈਆ ਤੇ ਬਣਾ ਬਣਾ ਢਾਹੀਆ, ਹਰ ਸਕੀਮ ਵਿੱਚ ਕੋਈ ਨਾ ਕੋਈ ਖਰਾਬੀ ਨਜਰ ਆਉਦੀ, ਜਿਵੇ ਜਿਵੇ ਦਿਨ ਢਲ ਰਿਹਾ ਸੀ, ਆਸ਼ਕਾ ਦੀ ਜਾਨ ਤੇ ਬਣ ਰਹੀ ਸੀ, ਦੇਬੀ ਆਮ ਤੌਰ ਤੇ ਨਰਵਸ ਨਹੀ ਸੀ ਹੁੰਦਾ ਪਰ ਅੱਜ ਉਸ ਦਾ ਮਨ ਟਿਕਾਣੇ ਨਹੀ ਸੀ, ਇਨੇ ਵੱਡੇ ਜਹਾਨ ਵਿੱਚ ਉਹਦੀ ਮਦਦ ਕਰਨ ਵਾਲੀ ਸਿਰਫ ਪੰਮੀ ਤੇ ਉਸ ਵਿਚਾਰੀ ਦੇ ਸਾਧਨ ਵੀ ਸੀਮਤ, ਕਿੰਨਾ ਕੁ ਝੂਠ ਬੋਲ ਸਕੇਗੀ ਤੇ ਕਿਵੇ ਛੁਪਾਵੇਗੀ ਝੂਠ ਨੂੰ ? ਦੇਬੀ ਝੂਠ ਦੇ ਸਹਾਰੇ ਤੇ ਵਿਸਵਾਸ਼ ਨਹੀ ਸੀ ਕਰਦਾ, ਜਦੋ ਕੋਈ ਝੂਠ ਉਸ ਨੂੰ ਬੋਲਣਾ ਪੈ ਜਾਂਦਾ ਤਾ ਅਪਣੇ ਆਪ ਨੂੰ ਘਟੀਆ ਮਹਿਸੂਸ ਕਰਦਾ।
ਚਾਚੀ ਤੇ ਪਰੀਤੀ ਆਦਿ ਦੀਪੀ ਦੀ ਸੱਟ ਦੇਖ ਗਈਆ ਸਨ, ਹੋਰ ਵੀ ਕਈਆ ਨੂੰ ਪਤਾ ਲੱਗ ਗਿਆ ਸੀ, … ।।
"ਅੜੀਏ, ਕੁੱਝ ਨੀ ਸੁੱਝਦਾ, ਲਗਦਾ ਜਿਵੇ ਦਿਮਾਗ ਜਾਮ ਹੋ ਗਿਆ, ਕੀ ਕਰੀਏ ?" 
ਪੰਮੀ ਨੂੰ ਹਮੇਸ਼ਾਂ ਦੀ ਤਰਾਂ ਕੋਈ ਸਕੀਮ ਅੱਜ ਨਹੀ ਸੀ ਸੁੱਝ ਰਹੀ, ਪੰਮੀ ਨੇ ਪਰੀਤੀ ਤੇ ਘੁੱਦੇ ਨੂੰ ਮਦਦ ਲਈ ਬੁਲਾ ਰੱਖਿਆ ਸੀ ਪਰ ਕੋਈ ਵੀ ਸਕੀਮ ਸਿਰੇ ਨਹੀ ਸੀ ਚੜਦੀ, ਦੀਪੀ ਕਿਤੇ ਖੋਈ ਹੋਈ ਕੁੱਝ ਸੋਚ ਰਹੀ ਸੀ, ਚੇਹਰੇ ਦੇ ਭਾਵ ਦੱਸਦੇ ਸਨ ਕਿ ਕੋਈ ਫੈਸਲਾ ਲੈ ਰਹੀ ਹੈ।
"ਪੁੱਤ ਚਲੋ ਹੁਣ ਘਰ ਨੂੰ ਨੇਰਾ ਹੋ ਗਿਆ"। 
ਚਾਚੀ ਦੇ ਬੋਲ ਸੁਣ ਕੇ ਦੀਪੀ ਦੇ ਅੰਦਰ ਖਤਰੇ ਦੀ ਘੰਟੀ ਵੱਜੀ।
"ਚਾਚੀ ਜੀ, ਮੇਰੀ ਇੱਕ ਗੱਲ ਜੇ ਮੰਨੋ, ਅਸੀ ਐਧਰ ਈ ਸੌ ਜਾਨੀਆ ਤੁਸੀ ਗੁਰਦੇਵ ਨੂੰ ਘੱਲ ਦਿਓ, ਪਲੀਜ"। ਨਾਲ ਹੀ ਉਹ ਚਾਚੀ ਦੇ ਗਲੇ ਦਾ ਹਾਰ ਬਣ ਗਈ।
"ਪੁੱਤ ਬੈਠੀ ਰਹਿ, ਪੈਰ ਦੁਖਾ ਲਵੇਗੀ, ਓਧਰ ਕੀ ਗੱਲ ਅਪਣੇ ਮੰਜੇ ਹੈ ਨਹੀ ?" 
ਚਾਚੀ ਉਸ ਨੂੰ ਨਾਲ ਲਿਜਾਣਾ ਚਾਹੁੰਦੀ ਸੀ।
"ਚਾਚੀ ਜੀ, ਮੈ ਕਦੇ ਘਰੋ ਬਾਹਰ ਨਹੀ ਗਈ, ਮੈਨੂੰ ਨੀਂਦ ਨੀ ਆਉਣੀ, ਤੁਸੀ ਮੰਨ ਜਾਓ ਖਾਂ"। ਦੀਪੀ ਨੇ ਬੱਚਿਆ ਵਾਂਗ ਮਿੰਨਤ ਕੀਤੀ।
"ਬੇਬੇ, ਇਹ ਅਪਣੇ ਵੱਲ ਸੌਵੇ ਜਾਂ ਅਸੀ ਏਥੇ ਸੌਈਏ ਫਰਕ ਕੀ ਪੈਦਾ, ਚਲ ਤੁਸੀ ਵੀਰੇ ਨੂੰ ਭੇਜ ਦੇਵੋ ਨਾਲੇ ਮੈਂ ਦੀਦੀ ਕੋਲੋ ਕੁੱਝ ਪੜਾਈ ਵੀ ਕਰ ਲਵਾਂ, ਨਾਲੇ ਪਰੀਤੀ ਤੇ ਘੁੱਦਾ ਵੀਰ ਵੀ ਐਥੇ ਆ"। ਪੰਮੀ ਨੂੰ ਦੀਪੀ ਦੀ ਸਕੀਮ ਦਾ ਪਤਾ ਤਾਂ ਨਹੀ ਸੀ ਪਰ ਉਸ ਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ।
"ਘੁੱਦੇ ਪੁੱਤ ਤੂੰ ਇਥੇ ਰਹੀ ਭੈਣਾ ਕੋਲ, ਗੁਰਦੇਵ ਨੂੰ ਕਹਿੰਨੀ ਆ ਜਾ ਕੇ, ਟੀ ਵੀ ਮੋਹਰੇ ਬੈਠਾ, ਪਤਾ ਨਹੀ ਮੰਨੇ ਕਿ ਨਾਂ"। 
ਚਾਚੀ ਛੇਤੀ ਮੰਨ ਗਈ, ਉਹਦੇ ਕੋਲ ਨਾਂ ਮੰਨਣ ਦਾ ਕੋਈ ਕਾਰਨ ਵੀ ਨਹੀ ਸੀ।
"ਚਾਚੀ ਜੀ, ਤੁਸੀ ਕਾਹਦਾ ਫਿਕਰ ਕਰਦੇ ਓ, ਮੈ ਏਹਨਾ ਨੂੰ ਕਹਾਣੀਆ ਸੁਣਾ ਕੇ ਸੁਵਾਵਾਗਾ ਤੇ ਫੇਰ ਆਪ ਸੋਊ, ਤੁਸੀ ਵੀ ਮਾਰੋ ਘੁਰਾੜੇ ਜਾ ਕੇ ਚਾਚੇ ਕੋਲ"। 
ਘੁੱਦਾ ਦੋ ਬੋਲ ਵੱਧ ਹੀ ਬੋਲਦਾ ਸੀ।
"ਜਾ ਵੇ ਮਾਂ ਮਸ਼ਕਰਾ, ਤੂੰ ਅਪਣੀਆ ਟਿੱਚਰਾਂ ਨਾਂ ਛੱਡੀ, ਗੇਟ ਬੰਦ ਕਰ ਲਓ ਚੱਜ ਤਰਾਂ"। 
ਕਹਿ ਕੇ ਚਾਚੀ ਚਲੇ ਗਈ, ਸਾਰਿਆ ਦੇ ਸਿਰੋ ਭਾਰ ਲੱਥ ਗਿਆ, ਪੰਮੀ ਨੂੰ ਪਤਾ ਸੀ ਗੁਰਦੇਵ ਨੇ ਨਹੀ ਆਉਣਾ।
"ਦੀਦੀ ਇਹ ਤਾ ਗੱਲ ਬਣ ਗਈ, ਅੱਗੇ ਕੀ ਕਰਨਾਂ ?" 
ਪਰੀਤੀ ਨੇ ਪੁੱਛਿਆ।
"ਝਨਾ ਨੂੰ ਤਰਨਾ ਆ ਅੱਜ"। ਦੀਪੀ ਦਰਿੜ ਅਵਾਜ ਵਿੱਚ ਬੋਲੀ।
"ਕੀ ਮਤਲਬ ?" ਪੰਮੀ ਨੇ ਅੰਦਾਜਾ ਲਾਉਣ ਦੀ ਕੋਸ਼ਿਸ਼ ਕੀਤੀ।
"ਮੈ ਉਨਾ ਦੇ ਘਰ ਜਾਵਾਗੀ, ਕੋਈ ਦਸ ਵਜੇ ਤੋ ਬਾਅਦ"। 
ਦੀਪੀ ਨੇ ਕਿਹਾ ਤਾਂ ਸਾਰੇ ਹੈਰਾਂਨ ਹੋ ਗਏ।
"ਮੇਰੇ ਕੋਲ ਹੋਰ ਕੋਈ ਰਸਤਾ ਨਹੀ, ਜੇ ਉਨਾ ਨੂੰ ਏਥੇ ਬੁਲਾਈਏ ਤਾਂ ਉਨਾ ਮੰਨਣਾ ਨਹੀ, ਫਿਰ ਇਜਤ ਦਾ ਵਾਸਤਾ ਦੇਣਗੇ, ਪਲੀਜ ਮੈਨੂੰ ਰੋਕਿਓ ਨਾਂ, ਮੇਰਾ ਹੌਸਲਾ ਤੋੜਨ ਦੀ ਕੋਸ਼ਿਸ਼ ਨਾਂ ਕਰਨਾ, ਮੇਰਾ ਸਾਥ ਦੇਵੋ"। 
ਦੀਪੀ ਨੇ ਕਿਹਾ ।
"ਦੀਦੀ, ਤੂੰ ਬਹੁਤ ਬਹਾਦਰ ਏ ਪਰ ਤੇਰਾ ਪੈਰ ਦੁਖਦਾ ਏ ਕਿਸ ਤਰਾਂ ਜਾਵੇਗੀ ? ਜੇ ਰਾਹ ਵਿੱਚ ਕੋਈ ਮਿਲ ਗਿਆ ? ਕੀ ਜਵਾਬ ਦੇਵੇਗੀ ?" 
ਘੁੱਦਾ ਉਸਦੇ ਪਲੈਨ ਨਾਲ ਸਹਿਮਤ ਨਹੀ ਸੀ।
"ਰਾਹੇ ਰਾਹ ਜਾਣਾ ਕਿਸ ਨੇ ਆ, ਮੈ ਖੇਤਾਂ ਵਿੱਚ ਦੀ ਜਾਉ"। ਦੀਪੀ ਸੋਚ ਚੁੱਕੀ ਸੀ।
"ਦੀਦੀ ਐਨਾ ਹਨੇਰਾ, ਤੂੰ ਕੱਲੀ ? ਨਹੀ ਅਸੀ ਨਹੀ ਜਾਂਣ ਦੇਣਾ"। 
ਪਰੀਤੀ ਦਾ ਤਰਿਹ ਨਿਕਲਦਾ ਸੀ ਹਨੇਰੇ ਬਾਰੇ ਸੋਚ ਕੇ।
"ਘੁੱਦੇ ਵੀਰ, ਪਤਾ ਨਹੀ ਦੁਨੀਆ ਵਿੱਚ ਐਸਾ ਕੋਈ ਭਰਾ ਹੋਵੇਗਾ ਜੋ ਅਪਣੀ ਮੂਹ ਬੋਲੀ ਭੈਣ ਨੂੰ ਉਸਦੇ ਪਰੇਮੀ ਨਾਲ ਮਿਲਾਉਣ ਵਿੱਚ ਮਦਦ ਕਰੇ, ਮੈ ਬਹੁਤ ਸ਼ਰਮਿੰਦਾ ਆ ਜੋ ਤੈਨੂੰ ਇਸ ਕੰਮ ਲਈ ਮਦਦ ਬਾਰੇ ਕਹਿ ਰਹੀ ਹਾਂ"। 
ਦੀਪੀ ਵਾਕਿਆ ਹੀ ਸ਼ਰਮਸ਼ਾਰ ਸੀ।
"ਦੇਬੀ ਵੀਰ ਨਾਲ ਰਹਿ ਕੇ ਅਸੀ ਸਾਰੇ ਬਹੁਤ ਬਦਲ ਗਏ ਆ, ਸੱਚਾ ਪਰੇਮ ਅੱਜ ਦੇ ਯੁੱਗ ਵਿੱਚ ਨਹੀ ਲੱਭਦਾ, ਮੈਨੂੰ ਤੁਹਾਡੇ ਦੋਵਾ ਤੇ ਮਾਣ ਆ, ਤੁਹਾਡੀ ਖੁਸ਼ੀ ਲਈ ਕੁੱਝ ਵੀ ਕਰ ਸਕਦਾ ਆ, ਪਰ ਦੀਦੀ ਜਿਸ ਰਸਤੇ ਤੂੰ ਜਾਣਾ ਉਧਰ ਰਾਹ ਵਿੱਚ ਡੇਅਰੀ ਆ ਤੇ ਕਈ ਵਾਰ ਮੁੰਡੇ ਤਾਸ਼ ਖੇਡਦੇ ਰਹਿੰਦੇ ਛੇਤੀ ਸੌਦੇ ਨਹੀ"। 
ਘੁੱਦੇ ਨੇ ਸਾਵਧਾਨ ਕੀਤਾ।
"ਤੂੰ ਪਹਿਲਾ ਜਾ ਕੇ ਝਾਤੀ ਮਾਰ ਆਈ, ਫੇਰ ਤੂੰ ਰਾਹੇ ਰਾਹ ਤੁਰਿਆ ਜਾਵੀ, ਤੇ ਮੈ ਅਪਣੇ ਨਿਆਈ ਵਾਲੇ ਖੇਤ ਤੋ ਫਿਰ ਨੰਬਰਦਾਰ ਤਾਏ ਦੇ ਖੇਤਾਂ ਵਿੱਚ ਦੀ ਸਿੱਧੀ ਪਹੁੰਚ ਸਕਦੀ ਆ, ਤਾਏ ਹੁਣਾ ਨੇ ਸਾਈਕਲ ਚਲਾਉਣ ਲਈ ਪਹੀ ਜਿਹੀ ਬਣਾਈ ਹੋਈ ਆ, ਨਾਲੇ ਮੇਰੇ ਕੋਲ ਬੈਟਰੀ ਆ, ਮੈ ਉਨਾ ਦੇ ਘਰ ਨੇੜੇ ਪਹੁੰਚ ਕੇ ਉਪਰ ਵੱਲ ਬੈਟਰੀ ਦੀ ਰੋਸ਼ਨੀ ਕਰਾਂਗੀ, ਇਸ ਦਾ ਮਤਲਬ ਮੈ ਠੀਕ ਪਹੁੰਚ ਗਈ ਹਾਂ, ਜੇ ਮੈਨੂੰ ਤੇਰੀ ਮਦਦ ਦੀ ਲੋੜ ਪਈ ਫਿਰ ਵੀ ਰੌਸ਼ਨੀ ਉਪਰ ਵੱਲ ਕਰਾਂਗੀ"। 
ਦੀਪੀ ਵਿਸ਼ਵਾਸ਼ ਨਾਲ ਬੋਲੀ, ਸਾਰਿਆ ਨੇ ਇੱਕ ਦੂਜੇ ਵੱਲ ਦੇਖਿਆ, ਹੋਰ ਕੋਈ ਰਸਤਾ ਨਹੀ ਸੀ। ਸਹਿਮਤੀ ਹੋ ਗਈ, ਜਿਵੇ ਜਿਵੇ ਸਮਾਂ ਵਧੀ ਜਾ ਰਿਹਾ ਸੀ ਦਿਲ ਧੜਕੀ ਜਾ ਰਹੇ ਸਨ, ਦੀਪੀ ਨੇ ਫੋਨ ਘੁਮਾ ਦਿੱਤਾ, ਦੇਬੀ ਉਡੀਕ ਹੀ ਰਿਹਾ ਸੀ।
"ਹੈਲੋ।" ਦੇਬੀ ਨੇ ਕਿਹਾ।
"ਜੀ, ਮੈ ਕੁੱਝ ਕਹਿਣਾ ਆ ਤੇ ਬੇਨਤੀ ਆ ਕਿ ਨਾਂਹ ਨਾ ਕਰਿਓ"। 
ਦੀਪੀ ਨੂੰ ਇਹ ਵੀ ਪਤਾ ਸੀ ਕਿ ਦੇਬੀ ਉਸ ਨੂੰ ਐਸੇ ਐਕਸ਼ਨ ਦੀ ਇਜਾਜਤ ਨਹੀ ਦੇਣ ਲੱਗਾ।
"ਦੱਸੋ, ਅੱਜ ਕੋਈ ਨਾਹ ਨਹੀ"। 
ਦੇਬੀ ਦੀਪੀ ਨੂੰ ਕਿਵੇ ਵੀ ਠੇਸ ਨਹੀ ਸੀ ਪਹੁੰਚਾਉਣਾ ਚਾਹੁੰਦਾ।
"ਮੈ ਦਸ ਵਜੇ ਤੋ ਬਾਅਦ ਤੁਹਾਡੇ ਵੱਲ ਨੂੰ ਆਵਾਗੀ, ਬਾਹਰ ਵਾਲੀ ਬੈਠਕ ਦੇ ਪਿਛਲੇ ਬੂਹੇ ਤੇ ਮੇਰਾ ਇੰਤਜਾਰ ਕਰਿਓ"। 
ਦੀਪੀ ਨੇ ਦੱਸਿਆ।
"ਇੰਨੀ ਰਾਤ ਗਏ, ਕਿਸੇ ਨੇ ਰਾਹ ਚ ਦੇਖ …  ਨਹੀ, ਸੌਰੀ, ਦੀਪੋ ਇਹ ਖਤਰੇ ਤੋ ਖਾਲੀ ਨਹੀ"।  ਦੇਬੀ ਲਈ ਇਹ ਰਿਸਕੀ ਕੰਮ ਸੀ।
"ਪਰੇਮ ਕਰਨਾ ਵੀ ਖਤਰੇ ਤੋ ਖਾਲੀ ਨਹੀ, ਤੁਸੀ ਕੀ ਸਮਝਦੇ ਓ, ਕੁੜੀਆ ਸਿਰਫ ਰੋ ਚੀਕ ਹੀ ਸਕਦੀਆ ? ਨਹੀ, ਪਰੇਮ ਦੀ ਖਾਤਰ ਜਾਂਨ ਦੇ ਵੀ ਸਕਦੀਆ ਤੇ ਜਾਂਨ ਲੈ ਵੀ ਸਕਦੀਆ, ਤੁਸੀ ਘਰ ਵੈਲਕੰਮ ਤਾਂ ਕਹੋ, ਮੇਰੇ ਪਰੇਮ ਦਾ ਇਮਤਿਹਾਨ ਆ, ਫੇਲ ਹੋਣਾ ਮਨਜੂਰ ਨਹੀ, ਸੀ ਯੂ ਲੇਟਰ ਯਾਰ"। 
ਤੇ ਫੋਨ ਬੰਦ ਕਰ ਦਿੱਤਾ ਚੰਡੀ ਦੀ ਦੇਵੀ ਨੇ, ਉਹਦੀਆ ਮੁੱਠੀਆ ਕੱਸੀਆ ਹੋਈਆ ਸਨ, ਪੈਰ ਦਾ ਦਰਦ ਚਿੱਤ ਚੇਤੇ ਵੀ ਨਹੀ ਸੀ।
"ਠੀਕ ਆ ਵੀਰੇ, ਚੱਲ ਦੇਖ ਸਭ ਠੀਕ ਆ ?" 
ਦਸ ਵਜੇ ਦੀਪੀ ਨੇ ਘੁੱਦੇ ਨੂੰ ਕਿਹਾ, ਕਿਸੇ ਦੀ ਅੱਖ ਵਿੱਚ ਨੀਦ ਨਹੀ ਸੀ, ਇੱਕ ਹੋਰ ਸ਼ੁਕਰ ਇਹ ਸੀ ਕਿ ਇਸ ਗਲੀ ਵਿੱਚ ਕਿਸੇ ਦਾ ਕੁੱਤਾ ਨਹੀ ਸੀ, ਨਹੀ ਤਾਂ ਇੱਕ ਪੰਗਾ ਹੋਰ ਪੈ ਜਾਂਦਾ।
ਘੁੱਦੇ ਨੇ ਗੇਟ ਜੋ ਸਿਰਫ ਢੋਇਆ ਹੀ ਪਿਆ ਸੀ ਹੌਲੀ ਹੌਲੀ ਖੋਹਲਿਆ ਤੇ ਬਾਹਰ ਨਿਕਲ ਗਿਆ, ਸਾਰਾ ਪਿੰਡ ਸੁੱਤਾ ਪਿਆ ਸੀ, ਕਿਧਰੇ ਕੋਈ ਹਰਕਤ ਨਹੀ ਸੀ, ਆਸ਼ਕਾ ਦੀ ਕਿਸਮਤ ਚੰਗੀ ਸੀ ਕਿ ਚਾਰ ਦਿਨਾ ਤੱਕ ਮੱਸਿਆ ਸੀ ਤੇ ਚੰਦ ਮਾਮਾ ਕਿਤੇ ਹੋਰ ਘੁੰਮ ਰਿਹਾ ਸੀ, ਤਿੰਨ ਘਰ ਲੰਘ ਘੁੱਦਾ ਰਾਹ ਤੇ ਆ ਗਿਆ, ਦੂਰੋ ਦੇਖਿਆ ਡੇਅਰੀ ਦੇ ਬਲਬ ਜਗ ਰਹੇ ਸਨ ਪਰ ਕੋਈ ਹਰਕਤ ਨਜਰ ਨਹੀ ਸੀ ਆ ਰਹੀ, ਉਹ ਨਿਧੜਕ ਡੇਅਰੀ ਨੇੜੇ ਪਹੁੰਚ ਗਿਆ, ਜੇ ਕੋਈ ਉਸਨੂੰ ਪੱਛਦਾ ਵੀ ਤਾਂ ਉਹਨੇ ਕਹਿ ਦੇਣਾ ਸੀ ਵੈਸੇ ਈ ਗੇੜਾ ਮਾਰਨ ਆਇਆ, ਦੇਬੀ ਦੀ ਸਕੀਮ ਸੀ ਕਿ ਡੇਅਰੀ ਵਿੱਚ ਵਧੀਆ ਕਿਸਮ ਦੇ ਕੁੱਤੇ ਰੱਖੇ ਜਾਂਣ ਪਰ ਹਾਲੇ ਡੇਅਰੀ ਵਾਸਤੇ ਚੰਗੀ ਨਸਲ ਦੇ ਕੁੱਤੇ ਕਿਤਿਓ ਮਿਲੇ ਨਹੀ ਸਨ, ਘੁੱਦੇ ਨੇ ਹਨੇਰੇ ਵਿੱਚ ਖੜ ਕੇ ਦੇਖਿਆ, ਤਿੰਨੇ ਮੰਜੇ ਡੱਠੇ ਸਨ ਤੇ ਮੁੰਡੇ ਸੁੱਤੇ ਸਨ, ਉਹ ਦੱਬੇ ਪੈਰੀ ਵਾਪਿਸ ਆ ਗਿਆ।
"ਦੀਦੀ, ਰਸਤਾ ਤਾ ਸਾਫ ਆ, ਪਰ ਮੈ ਮੋਹਰੇ ਚੱਲਦਾਂ ਤੇ ਤੂੰ ਮੇਰੇ ਮਗਰ ਆ, ਮੈ ਤੈਨੂੰ ਕੱਲੇ ਨਹੀ ਜਾਂਣ ਦੇਣਾ"। 
ਘੁੱਦਾ ਫੈਸਲਾ ਕਰ ਚੁੱਕਾ ਸੀ ਕੁੱਝ ਵੀ ਹੋ ਜਾਵੇ ਉਹ ਨਾਲ ਜਾਵੇਗਾ।
"ਹਾਂ ਦੀਦੀ, ਵੀਰ ਦਾ ਨਾਲ ਜਾਣਾ ਹੀ ਠੀਕ ਹੈ, ਨਹੀ ਤਾਂ ਸਾਡੇ ਸਾਹ ਸੁੱਕੇ ਰਹਿਣੇ"। 
ਪੰਮੀ ਨੇ ਕਿਹਾ ਤੇ ਦੀਪੀ ਨੇ ਕੁੱਝ ਸੋਚ ਕੇ ਮੰਨ ਲਿਆ।
ਘੁੱਦਾ ਬਾਹਰ ਨਿਕਲ ਗਿਆ, ਸਾਰੀਆ ਵੱਤੀਆ ਬੰਦ ਸਨ, ਮਗਰ ਹੋਲੀ ਹੋਲੀ ਲੰਙੇ ਪੈਰ ਨਾਲ ਦੀਪੀ ਵੀ ਤੁਰ ਪਈ, ਦਰਦ ਵੱਲ ਉਸਦਾ ਧਿਆਨ ਨਹੀ ਸੀ, ਬੱਸ ਪਹੁੰਚਣ ਦੀ ਸਿੱਕ ਸੀ, ਅੱਗੇ ਪਿੱਛੇ ਤੁਰਦੇ ਉਹ ਰਾਹ ਕੋਲ ਤੇ ਫਿਰ ਦੀਪੀ ਹੁਣਾ ਦੇ ਖੇਤ ਵੱਲ ਹੋ ਤੁਰੇ, ਦੀਪੀ ਨੇ ਲੋਈ ਜਿਹੀ ਦੀ ਬੁੱਕਲ ਮਾਰੀ ਸੀ ਤਾ ਕਿ ਕੋਈ ਛੇਤੀ ਪਛਾਣ ਵੀ ਨਾਂ ਸਕ, ਪਿੰਡੋ ਬਾਹਰ ਆ ਕੇ ਉਨਾ ਸੁੱਖ ਦਾ ਸਾਹ ਲਿਆ, ਹੁਣ ਮੰਜਿਲ ਹਰ ਪਲ ਨੇੜੇ ਆ ਰਹੀ ਸੀ, ਓਧਰ ਦੀਪੀ ਦਾ ਫੋਨ ਤੇ ਉਸਦਾ ਇਰਾਦਾ ਸੁਣ ਕੇ ਦੇਬੀ ਸਤਗੁਰ ਦੇ ਚਰਨਾ ਵਿੱਚ ਅਰਦਾਸ ਕਰਨ ਲੱਗ ਪਿਆ ਸੀ … ।।
"ਹੇ ਸਿਰਜਣਹਾਰ, ਜੇ ਮੇਰੇ ਪਿਆਰ ਵਿੱਚ ਖੋਟ ਨਹੀ, ਤਾਂ ਅਪਣੇ ਬੱਚਿਆ ਦੇ ਅੰਗ ਸੰਗ ਰਹੀ, ਅਸੀ ਸਮਾਜ ਦੇ ਚੋਰ ਜਰੂਰ ਹਾਂ ਪਰ ਤੇਰੇ ਚੋਰ ਨਹੀ, ਤੂੰ ਦਿਲਾ ਦੀਆ ਜਾਣਦਾ ਹੈ, ਕਿਸੇ ਦਾ ਦਿਲ ਅਸੀ ਨਹੀ ਦੁਖਾ ਰਹੇ, ਬੱਸ ਇਸ ਮਿਲਣੀ ਨੂੰ ਨਿਰਵਿਘਨ ਪੂਰਾ ਕਰਦੇ ਦਾਤਾਰ"।
"ਦੀਦੀ, ਤੁਰ ਸਕਦੀ ਏ ਕਿ ਘਨੇੜੇ ਚੱਕ ਲਵਾਂ"। 
ਦੀਪੀ ਦੇ ਪੈਰ ਦੀ ਸੋਚ ਘੁੱਦੇ ਨੇ ਹੌਲੀ ਜਿਹੇ ਕਿਹਾ।
"ਜਿਊਦਾ ਰਹਿ ਵੀਰਿਆ, ਮੈ ਤੁਰ ਕਿੱਥੇ ਰਹੀ ਹਾਂ, ਮੈ ਤਾਂ ਉਡ ਰਹੀ ਆਂ"। 
ਤੇ ਉਹ ਹੋਰ ਤੇਜ ਹੋ ਗਈ।
"ਦੀਦੀ ਹੋਲੀ ਤੁਰ, ਅੱਡੀ ਤੇ ਭਾਰ ਰੱਖ"। 
ਘੁੱਦਾ ਉਸ ਨੂੰ ਸਲਾਹਾਂ ਦੇ ਰਿਹਾ ਸੀ ਪਰ ਉਥੇ ਸੁਣ ਕੌਣ ਰਿਹਾ ਸੀ, ਸੁਣਨ ਵਾਲਾ ਤਾਂ ਦੇਬੀ ਦੀਆ ਬਾਹਾ ਵਿੱਚ ਸਮਾਇਆ ਪਿਆ ਸੀ, ਦੇਬੀ ਦਾ ਘਰ ਦਿਸਣਾ ਸ਼ੁਰੂ ਹੋ ਗਿਆ, ਖੇਤਾਂ ਵਿੱਚ ਦੀ ਆਉਣ ਕਾਰਨ ਉਨਾ ਨੂੰ ਵਲ ਪਾਉਣੇ ਪਏ ਸਨ, ਤੇ ਪੰਜ ਸੌ ਮੀਟਰ ਦੀ ਦੂਰੀ ਇੱਕ ਕਿਲੋਮੀਟਰ ਬਣ ਗਈ ਸੀ, ਝੋਨੇ ਦੀ ਉਚੀ ਹੋਈ ਫਸਲ ਤੇ ਹਨੇਰੇ ਦੇ ਕਾਰਨ ਉਨਾ ਦਾ ਕਿਸੇ ਨੂੰ ਦਿਸ ਪੈਣਾ ਸੰਭਵ ਨਹੀ ਸੀ, ਵੈਸੇ ਵੀ ਉਥੇ ਹੈ ਵੀ ਕੋਈ ਨਹੀ ਸੀ, ਇਹ ਤਾਂ ਚੋਰਾਂ ਦੇ ਅਪਣੇ ਮਨ ਦਾ ਡਰ ਸੀ ਕਿ ਜੇ ਕੋਈ ਝਾੜੀ ਵੀ ਹਿੱਲੇ ਤਾ ਲਗਦਾ ਕੋਈ ਬੰਦਾ ਖੜਾ, ਦੇਬੀ ਦਾ ਘਰ ਹੁਣ ਪੰਜਾਹ ਮੀਟਰ ਦੀ ਵਿੱਥ ਤੇ ਸੀ, ਪਿਛਲੀ ਬੈਠਕ ਵਿੱਚ ਛੋਟਾ ਜਿਹਾ ਬਲਬ ਜਗ ਰਿਹਾ ਸੀ, ਬਹੁਤਾ ਚਾਨਣ ਖਤਰਨਾਕ ਸੀ ਇਸ ਲਈ ਦੇਬੀ ਨੇ ਵੱਤੀਆ ਬੁਝਾ ਦਿੱਤੀਆ ਸਨ, ਭੂਆ ਦੇ ਘੁਰਾੜੇ ਸੁਣ ਰਹੇ ਸਨ, ਹੋਰ ਕੋਈ ਘਰ ਹੈ ਵੀ ਨਹੀ ਸੀ, ਦੇਬੀ ਬੂਹੇ ਵਿੰਚ ਖੜਾ ਸੀ ਤੇ ਅੱਖਾ ਅੱਡ ਅੱਡ ਕੇ ਹਨੇਰੇ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨੂੰ ਭੁਲੇਖੇ ਪੈਂਦੇ ਸਨ ਜਿਵੇ ਕੋਈ ਆ ਰਿਹਾ ਹੋਵੇ, ਹੁਣ ਜਦ ਝਾਉਲਾ ਜਿਹਾ ਪਿਆ ਕਿ ਦੋ ਪਰਛਾਵੇ ਜਿਹੇ ਨਜਰ ਆਏ, ਕੋਈ ਸੱਚ ਮੁੱਚ ਹੀ ਆ ਰਿਹਾ ਸੀ, ਉਹ ਥੋੜਾ ਜਿਹਾ ਅੱਗੇ ਹੋਇਆ, ਆਉਣ ਵਾਲੇ ਹੋਰ ਨੇੜੇ ਆ ਗਏ, ਘੁੱਦੇ ਨੇ ਵੀ ਦੇਖ ਲਿਆ ਕਿ ਦੇਬੀ ਆ, ਹੁਣ ਫਾਸਲਾ ਕੁੱਝ ਕਦਮਾਂ ਦਾ ਸੀ,
"ਬਾਈ ਅਸੀ ਆ"। 
ਘੁੱਦੇ ਦੀ ਹੋਲੀ ਜਿਹੀ ਅਵਾਜ ਦੇਬੀ ਨੇ ਪਛਾਣ ਲਈ ਸੀ, ਦੋ ਕੁ ਸੈਕਿੰਡ ਹੋਰ ਤੇ ਇੱਕ ਮਨੁੱਖੀ ਸਰੀਰ ਦੇਬੀ ਦੀਆ ਬਾਹਵਾ ਵਿੱਚ ਝੂਲਿਆ ਪਿਆ ਸੀ, ਆਖਰੀ ਕਦਮਾਂ ਵਿੱਚ ਦੀਪੀ ਨੇ ਲੋੜ ਤੋ ਵੱਧ ਤੇਜੀ ਦਿਖਾਈ ਸੀ ਤੇ ਡਿਗਦੀ ਨੂੰ ਦੇਬੀ ਨੇ ਬੋਚ ਲਿਆ, ਦੀਪੀ ਨੇ ਦੇਬੀ ਨੂੰ ਇਨੇ ਜੋਰ ਦੀ ਘੁੱਟਿਆ ਹੋਇਆ ਸੀ ਜਿਵੇ ਉਸਨੂੰ ਡਰ ਹੋਵੇ ਕਿ ਕਿਤੇ ਉਹ ਭੱਜ ਨਾਂ ਜਾਵੇ, ਦੇਬੀ ਨੇ ਦੀਪੀ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਅੰਦਰ ਲੈ ਗਿਆ,
"ਬਾਈ ਮੈ ਹੁਣ ਚਲਦਾ ਆ, ਪੂਰੇ ਤਿੰਨ ਘੰਟੇ ਤੱਕ ਫਿਰ ਆਵਾਗਾ"।
ਘੁੱਦੇ ਨੇ ਕਿਹਾ।
"ਨਹੀ, ਹੁਣ ਤੂੰ ਨਾਂ ਆਈ, ਮੈ ਡੇਅਰੀ ਦੇ ਉਰਲੇ ਪਾਸੇ ਤੱਕ ਦੋ ਵਜੇ ਪਹੁੰਚੁਗਾ, ਤੂੰ ਉਥੇ ਵੇਟ ਕਰੀ, ਕੋਈ ਗੱਲ ਹੋਵੇ ਤਾਂ ਫੋਨ ਤੇ ਇੱਕ ਘੰਟੀ ਮਾਰ ਕੇ ਬੰਦ ਕਰ ਦੇਣਾ"। 
ਦੇਬੀ ਨੇ ਕਿਹਾ, ਘੁੱਦਾ ਵਾਪਸ ਹੋ ਗਿਆ, ਉਹ ਜਾ ਕੇ ਦੋਵੇ ਡਰੀਆ ਹੋਈਆ ਕੁੜੀਆ ਨੂੰ ਧੀਰਜ ਦੇਣੀ ਚਾਹੁੰਦਾ ਸੀ।
ਕਮਰੇ ਵਿੱਚ ਇਨਾ ਕੁ ਚਾਨਣ ਸੀ ਕਿ ਦੋਵੇ ਇੱਕ ਦੂਜੇ ਨੂੰ ਦੇਖ ਸਕਦੇ ਸਨ, ਦੇਬੀ ਨੇ ਪਰਦੇ ਖਿੱਚੇ ਹੋਏ ਸਨ, ਕੂਲਰ ਦੇ ਚੱਲਣ ਦੀ ਅਵਾਜ ਹੋਰ ਅਵਾਜਾ ਨੂੰ ਦੱਬ ਰਹੀ ਸੀ, ਹੁਣ ਉਹ ਇਕੱਲੇ ਸਨ, ਪਹਿਲੀ ਵਾਰ ਇਕੱਲੇ, ਸਿਰਫ ਇੱਕ ਦੂਜੇ ਲਈ, ਨਜਰਾ ਮਿਲੀਆ, ਧਾਹ ਕਰਦੀ ਗੱਲਵੱਕੜੀ ਪੈ ਗਈ … ।
"ਊਈ „। ਕਰਾਹ ਜਿਹੀ ਨਿਕਲ ਗਈ ਦੀਪੀ ਦੇ ਮੂੰਹੋ।
"ਤੇਰਾ ਪੈਰ ?" 
ਦੇਬੀ ਨੂੰ ਹੁਣ ਪੈਰ ਦਾ ਫਿਕਰ ਪੈ ਗਿਆ, ਉਸਨੇ ਦੀਪੀ ਨੂੰ ਸੋਫੇ ਤੇ ਬਿਠਾ ਦਿੱਤਾ ਅਤੇ ਝੁਕ ਕੇ ਦੇਖਿਆ, ਚੱਪਲ ਲਾਹੀ ਤਾ ਮਹਿਸੂਸ ਕੀਤਾ ਕਿ ਉਸ ਦੇ ਹੱਥ ਗਿੱਲੇ ਹੋ ਗਏ ਹਨ, ਦੀਪੀ ਦੀ ਰੱਖੀ ਬੈਟਰੀ ਜਗਾ ਕੇ ਦੇਖਿਆ ਤਾਂ ਦੇਬੀ ਦਾ ਹਾਉਕਾ ਨਿਕਲ ਗਿਆ, ਸਾਰਾ ਪੈਰ ਲਹੂ ਵਿੱਚ ਲੱਥ ਪੱਥ, ਜੇ ਕਿਸੇ ਦੇ ਜਾਗਣ ਦਾ ਖਤਰਾ ਨਾਂ ਹੁੰਦਾ ਤਾ ਦੇਬੀ ਦਾ ਧਾਹ ਮਾਰਨ ਨੂੰ ਜੀ ਕਰਦਾ ਸੀ, ਉਹ ਖੁਦ ਅੱਧਾ ਵੀ ਵੱਡਿਆ ਜਾਦਾ ਤਾ ਖੈਰ ਸੀ ਪਰ ਸੱਜਣਾ ਦਾ ਜਖਮ ਉਹ ਵੀ ਜਾਣ ਬੁੱਝ ਕੇ ਕਿ ਮਿਲਿਆ ਜਾ ਸਕੇ ? ਇਹ ਅਸਿਹ ਸੀ, ਪਰ ਉਸ ਨੂੰ ਅਪਣਾ ਦਰਦ ਵਿੱਚੇ ਪੀ ਜਾਣਾ ਪਿਆ … ।।
"ਦੇਵੀ, ਅੱਜ ਮੈ ਤੈਨੂੰ ਸਿਰਫ ਪਿਆਰ ਹੀ ਨਹੀ ਕਰਦਾ ਤੈਨੂੰ ਪੂਜਣਾ ਵੀ ਸ਼ੁਰੂ ਕਰ ਦਿੱਤਾ ਆ, ਮੇਰੇ ਧੰਨਭਾਗ"।
ਤੇ ਦੀਪੀ ਦਾ ਪੈਰ ਚੁੰਮ ਲਿਆ ਦੇਬੀ ਨੇ।
"ਕੀ ਕਰਦੇ ਓ, ਕੋਈ ਪੈਰ ਵੀ ਚੁੰਮਦਾ ਕਿਸੇ ਦੇ ?" 
ਦਰਦ ਨੂੰ ਪੀਦੀ ਦੀਪੀ ਦੇ ਮੂਹੋ ਨਿਕਲਿਆ … 
"ਕਿਸੇ ਦੇ ਮੋਹਰੇ ਜੇ ਕੋਈ ਸ਼ਾਖਸ਼ਾਤ ਦੇਵੀ ਖੜੀ ਹੋਵੇ ਤੇ ਪੈਰ ਚੁੰਮਣਾ ਧਰਮ ਹੋ ਜਾਵੇਗਾ, ਤੇ ਇਹ ਜਖਮ ਇਹਦੇ ਤੋ ਬਿਨਾ ਮੇਲ ਕਿੱਥੇ ਹੋਣੇ ਸੀ ? ਹੁਣ ਸੋਹਣਿਓ ਪੈਰ ਬਿਲਕੁਲ ਨਾਂ ਹਿਲਾਇਓ"। ਉਸਨੇ ਦੀਪੀ ਦਾ ਪੈਰ ਮੋਹਰੇ ਇੱਕ ਕੁਰਸੀ ਰੱਖ ਕੇ ਉਹਦੇ ਉਪਰ ਰੱਖ ਦਿੱਤਾ ਤੇ ਆਪ ਟਰੈਕਟਰ ਵਿੱਚੋ ਫਸਟ ਏਡ ਦਾ ਬਕਸਾ ਲੈਣ ਬਾਹਰ ਨਿਕਲ ਗਿਆ, ਦੇਬੀ ਇਨਾ ਜਰੂਰੀ ਚੀਜਾ ਦਾ ਖਿਆਲ ਇਸ ਲਈ ਰੱਖਦਾ ਸੀ ਕਿਉਕਿ ਜਰਮਨ ਦੀ ਫੌਜ ਵਿੱਚ ਲਾਏ ਇੱਕ ਸਾਲ ਵਿੱਚ ਉਨਾ ਨੂੰ ਇਨਾ ਚੀਜਾ ਦੀ ਜਰੂਰਤ ਅਤੇ ਫਾਇਦਿਆ ਬਾਰੇ ਦੱਸਿਆ ਗਿਆ ਸੀ ਤੇ ਫਸਟ ਏਡ ਦਾ ਕੋਰਸ ਵੀ ਸਾਰੇ ਕਰਦੇ ਸਨ।
"ਕਾਕਾ ਸੁੱਤਾ ਨੀ ਅਜੇ ?" 
ਬਕਸਾ ਕੱਢਦੇ ਹੋਏ ਖੜਾਕ ਨੇ ਭੂਆ ਦੀ ਜਾਗ ਖੋਲ ਦਿੱਤੀ।
"ਭੂਆ, ਨੀਂਦ ਨਹੀ ਸੀ ਆਉਦੀ, ਮੈ ਟਰੈਕਟਰ ਵਿਚੋ ਇੱਕ ਰੀਲ ਲੈਣੀ ਸੀ, ਤੂੰ ਸੌ ਜਾ ਮੈ ਵੀ ਥੋੜੀ ਦੇਰ ਤੱਕ ਸੌ ਜਾਣਾ"। ਕਹਿ ਕੇ ਦੇਬੀ ਅੰਦਰ ਜਾ ਵੜਿਆ, ਭੂਆ ਦੇ ਘੁਰਾੜੇ ਫਿਰ ਗੂੰਜਣ ਲੱਗ ਪਏ, ਦੇਬੀ ਨੇ ਸੱਜਣਾ ਦੇ ਪੈਰ ਨੂੰ ਅਪਣੀ ਗੋਦੀ ਵਿੱਚ ਰੱਖਿਆ ਅਤੇ ਹੌਲੀ ਹੌਲੀ ਪੁਰਾਣੀ ਪੱਟੀ ਲਾਉਣੀ ਸ਼ੁਰੂ ਕਰ ਦਿੱਤੀ, ਆਖਰੀ ਤਹਿ ਲਾਉਣ ਦੀ ਬਜਾਏ ਦੇਬੀ ਨੇ ਬਾਕੀ ਪੱਟੀ ਕੱਟ ਦਿੱਤੀ ਅਤੇ ਪੈਰ ਦਾ ਲਹੂ ਸਾਫ ਕਰਕੇ ਨਵੀ ਪੱਟੀ ਲਪੇਟ ਦਿੱਤੀ, ਉਸ ਨੂੰ ਪਤਾ ਸੀ ਜੇ ਉਹ ਸਾਰੀ ਪੱਟੀ ਲਾਹੁਦਾ ਤਾ ਇੱਕ ਤਾ ਲਹੂ ਨਹੀ ਸੀ ਰੁਕਣਾ ਦੂਜੇ ਦੀਪੀ ਕੋਲੋ ਪੀੜ ਨਹੀ ਸੀ ਸਹੀ ਜਾਣੀ, ਚੱਪਲ ਤੇ ਫਰਸ਼ ਨੂੰ ਸਾਫ ਕਰਕੇ ਇੱਕ ਦਰਦ ਘਟਾਉਣ ਵਾਲੀ ਗੋਲੀ ਸੱਜਣਾ ਨੂੰ ਫੜਾਉਦਾ ਦੇਬੀ ਬੋਲਿਆ।
"ਇਹ ਗੋਲੀ ਖਾਓ, ਤੇ ਚੁੱਪ ਚਾਪ ਸੋਫੇ ਤੇ ਲੇਟੋ, ਇਸ ਬਹਾਦਰੀ ਦਾ ਇਨਾਮ ਅੱਜ ਹੀ ਲੈ ਲਓ"। ਦੀਪੀ ਨੇ ਗੋਲੀ ਖਾਧੀ ਤੇ ਸੋਫੇ ਤੇ ਲੇਟ ਗਈ, ਇਹ ਕੈਸਾ ਇਨਾਮ ਹੈ ? ਦੇਬੀ ਹੁਣ ਉਸਦੇ ਹੱਥਾ ਦੀਆ ਉਗਲਾ ਤੋ ਲੈ ਕੇ ਸਿਰ ਤੋ ਪੈਰਾਂ ਤੱਕ ਇੱਕ ਇਕ ਮਿਲੀਮੀਟਰ ਤੇ ਚੁੰਮਣਾ ਦੀ ਵਰਖਾ ਕਰ ਰਿਹਾ ਸੀ ਤੇ ਦੀਪੀ ਦੀਆ ਐਸੀਆ ਅਵਾਜਾ ਨਿਕਲ ਰਹੀਆ ਸਨ ਜਿਨਾ ਨੂੰ ਸੁਣ ਕੇ ਦੇਵਤੇ ਡੋਲ ਜਾਦੇ ਆ, ਉਸ ਨੇ ਕੁੱਝ ਕਹਿਣਾ ਚਾਹਿਆ ਪਰ ਦੇਬੀ ਨੇ ਉਸਦੇ ਕੋਮਲ ਬੁੱਲਾਂ ਤੇ ਅਪਣੇ ਬੁੱਲ ਰੱਖ ਕੇ ਅਵਾਜ ਨਹੀ ਨਿਕਲਣ ਦਿੱਤੀ, … 
"ਕੁਝ ਨਹੀ ਬੋਲਣਾ।" ਉਹ ਸ਼ਰਾਬੀ ਅਵਾਜ ਵਿੱਚ ਹੋਲੀ ਜਿਹੀ ਬੋਲਿਆ … 
ਬਹੁਤ ਦੇਰ ਅਮਰਿਤ ਦੀ ਵਰਖਾ ਹੁੰਦੀ ਰਹੀ, ਕਾਮ ਦੇਵਤਾ ਅਪਣੇ ਤੀਰ ਚਲਾਉਦਾ ਰਿਹਾ, ਦੀਪੀ ਨੂੰ ਅਪਣਾ ਆਪ ਕਿਸੇ ਹੋਰ ਲੋਕ ਵਿੱਚ ਪਰਤੀਤ ਹੁੰਦਾ ਸੀ, ਦੇਬੀ ਵੱਲੋ ਮਿਲਦੇ ਸੁੱਖ ਦੀ ਮਾਤਰਾ ਇਨੀ ਜਿਆਦਾ ਸੀ ਕਿ ਪੈਰ ਦਾ ਦਰਦ ਜਿਵੇ ਹੈ ਹੀ ਨਹੀ ਸੀ, ਕੋਈ ਅੱਧਾ ਘੰਟਾ ਬੇਜੁਬਾਨ ਪਰੇਮ ਤੋ ਬਾਅਦ … ।
"ਤੁਸੀ ਕਹਿੰਦੇ ਸੀ ਕਿ ਸਕੂਲ ਵਿੱਚ ਮੈਨੂੰ ਪੈਣ ਵਾਲੀ ਮਾਰ ਦੇ ਨਿਸ਼ਾਨ ਤੁਹਾਡੀ ਰੂਹ ਅਤੇ ਸਰੀਰ ਤੇ ਉਕਰੇ ਪਏ ਆ"। 
ਦੇਬੀ ਨੇ ਪੁੱਛਿਆ।
"ਜੀ, ਮੈ ਇਹ ਨਿਸ਼ਾਨ ਰੋਜ ਦੇਖਦੀ ਆ"। 
ਦੀਪੀ ਨੇ ਹੁੰਗਾਰਾ ਭਰਿਆ।
"ਤੇਰੀ ਰੂਹ ਤੇ ਪਏ ਨਿਸ਼ਾਨ ਤਾਂ ਤੇਰੇ ਪਰੇਮ ਨੇ ਮੈਨੂੰ ਦਿਖਾ ਦਿੱਤੇ ਪਰ ਤੇਰੇ ਸਰੀਰ ਤੇ ਪਏ ਨਿਸ਼ਾਨ ਵੀ ਮੈ ਦੇਖਣੇ ਤੇ ਗਿਣਨੇ ਚਾਹੁੰਦਾ ਹਾਂ"। 
ਦੇਬੀ ਨੇ ਕਿਹਾ ਤਾਂ ਦੀਪੀ ਨੂੰ ਝਟਕਾ ਜਿਹਾ ਲੱਗਿਆ।
"ਸਰੀਰ ਤੇ ਪਏ ਨਿਸ਼ਾਨ ?" ਉਸ ਨੇ ਪੁੱਛਿਆ।
"ਜੀ ਸੋਹਣਿਓ, ਸਰੀਰ ਤੇ ਪਏ ਨਿਸ਼ਾਨ, ਏਹ ਨਿਸ਼ਾਨ ਮੈਨੂੰ ਦੇਖਣ ਦਿਓ, ਇਨਾ ਦੀ ਬਦੌਲਤ ਮੇਰੇ ਨਸੀਬ ਵਿੱਚ ਦੇਵੀ ਦਾ ਪਰੇਮ ਲਿਖਿਆ ਗਿਆ"। 
ਅਤੇ ਏਨਾ ਕਹਿੰਦੇ ਹੋਏ ਦੇਬੀ ਨੇ ਦੀਪੀ ਦੇ ਅੱਗ ਬਣੇ ਸਰੀਰ ਤੋ ਪਰਦੇ ਇੱਕ ਇਕ ਕਰ ਕੇ ਚੁੱਕਣੇ ਸ਼ੁਰੂ ਕਰ ਦਿੱਤੇ, ਦੀਪੀ ਦੀ ਸਮਝ ਇਹ ਖੇਲ ਨਹੀ ਸੀ ਆ ਰਿਹਾ, ਕੀ ਉਸਦਾ ਦੇਬੀ ਕਾਮੁਕ ਹੋ ਗਿਆ ?
ਕੀ ਉਹ ਅੱਜ ਸਾਰੀਆ ਹੱਦਾਂ ਪਾਰ ਕਰ ਜਾਵੇਗਾ ? ਕੀ ਇਹ ਗਲਤ ਨਹੀ ਹੋਵੇਗਾ?
ਪਰ ਉਹ ਦੇਬੀ ਨੂੰ ਕਿਵੇ ਕਹੇ ਕਿ, ਨਹੀ, ਇਹ ਨਹੀ ?
ਉਸ ਦੀ ਜਬਾਨ ਜਿਵੇ ਤਾਲੂ ਨਾਲ ਜਾ ਲੱਗੀ, ਕੁੱਝ ਬੋਲ ਨਹੀ ਪਾਈ, ਹੁਣ ਦੀਪੀ ਦੇ ਸਰੀਰ ਤੇ ਆਖਰੀ ਦੋ ਜਰੂਰੀ ਕੱਪੜੇ ਸਨ … 
ਨਰਕ ਦਾ ਦੁਆਰ ਕਹਿੰਦੇ ਹਨ ਔਰਤ ਨੂੰ ਕੁੱਝ ਲੋਕ ? ਨਹੀ, ਉਹ ਅੰਨੇ ਹੋਣਗੇ, ਰੱਬ ਨੇ ਉਨਾ ਨੂੰ ਦੇਖ ਸਕਣ ਦੀ ਸਮਰੱਥਾ ਨਹੀ ਦਿੱਤੀ ਹੋਵੇਗੀ,ਜਾਂ ਫਿਰ ਉਨਾਂ ਦੀ ਔਕਾਤ ਦੇਖ ਕੇ ਮੁੜ ਖੋਹ ਲਈ ਹੋਵੇਗੀ, ਇਹ ਸਵਰਗ ਦਾ ਦੁਆਰ ਹੀ ਨਹੀ, ਸਗੋ ਸ਼ਾਖਸ਼ਾਤ ਸਵਰਗ ਹੈ, ਦੀਪੀ ਦੇ ਗੁੰਦੇ ਹੋਏ ਖੂਬਸੂਰਤ ਸਰੀਰ ਨੂੰ ਦੇਖ ਦੇਬੀ ਸੋਚ ਰਿਹਾ ਸੀ, ਪਰੇਮ ਦੇ ਇਸ ਜਜਬੇ ਨੂੰ ਉਸ ਨੇ ਕਦੇ ਜਾਣਿਆ ਹੀ ਨਹੀ ਸੀ, ਇਹ ਕੈਸੀ ਬੇਖੁਦੀ ਸੀ, ਕੋਈ ਨਸ਼ਾ ਉਸਦੇ ਸਿਰ ਤੋ ਪੈਰਾ ਤੱਕ ਬਹੁਤ ਤੇਜੀ ਨਾਲ ਵਹਿ ਰਿਹਾ ਸੀ, ਕੀ ਇਹ ਉਸਦੀ ਉਹੀ ਬੈਠਕ ਹੈ ?
ਨਹੀ, ਇਹ ਉਹ ਬੈਠਕ ਨਹੀ, ਇਹ ਇੰਦਰਲੋਕ ਦਾ ਕੋਈ ਸਥਾਨ ਹੈ, ਦੀਪੀ ਦੇ ਜਿਸਮ ਵਿਚੋ ਕੋਈ ਖੁਸ਼ਬੂ ਉਠਦੀ ਪਰਤੀਤ ਹੁੰਦੀ ਸੀ ਤੇ ਦੇਬੀ ਦੇ ਸਰੀਰ ਦੇ ਕੁੱਝ ਨਾਜੁਕ ਹਿੱਸੇ ਜਵਾਲਾਮੁਖੀ ਬਣ ਰਹੇ ਸਨ, ਕੋਈ ਬਾਰੂਦ ਸੀ ਜਿਸ ਵਿੱਚ ਧਮਾਕਾ ਹੋਣ ਦੇ ਆਸਾਰ ਪੈਦਾ ਹੋ ਰਹੇ ਸਨ, ਦੇਬੀ ਬੇਸੁੱਧ ਹੋਇਆ ਪਿਆ ਸੀ, ਉਸਦੇ ਹੱਥ ਪਤਾ ਨਹੀ ਕਿੰਨੇ ਕੁ ਸੈਕੜੇ ਵਾਰੀ ਦੀਪੀ ਦੇ ਜਿਸਮ ਤੋ ਹੇਠਾ ਤੋ ਉਪਰ ਤੇ ਉਪਰ ਤੋ ਹੇਠਾ ਉਸਨੂੰ ਮਿਣਦੇ, ਤੋਲਦੇ, ਦੇਖਦੇ, ਨਾਪਦੇ, ਪਲੋਸਦੇ ਰਹੇ ਸਨ, ਦੀਪੀ ਦੀ ਸੋਚਣ ਸ਼ਕਤੀ ਖਤਮ ਹੋ ਚੁੱਕੀ ਸੀ, ਉਹ ਅਜਾਦ ਪੰਛੀ ਹੋ ਚੁੱਕੀ ਸੀ, ਇਥੇ ਹੁਣ ਕੋਈ ਕੈਦੋ ਲੰਙਾ ਨਹੀ ਸੀ, ਕਿਸੇ ਸਮਾਜ ਦਾ ਕੋਈ ਡਰ ਨਹੀ ਸੀ, ਕੋਈ ਹੋਰ ਤਮੰਨਾ ਨਹੀ ਸੀ ਰਹਿ ਗਈ, ਮਨ ਕਿਤੇ ਨਹੀ ਸੀ ਜਾ ਰਿਹਾ, ਮਨ ਰੁਕ ਗਿਆ ਸੀ, ਜਿਵੇ ਸਮਾਧੀ ਲੀਨ ਹੋ ਗਿਆ ਹੋਵੇ, ਕੀ ਰੱਬ ਨੂੰ ਮਹਿਸੂਸ ਕਰਨ ਦਾ ਰਸਤਾ ਇਹੀ ਪਰੇਮ ਹੈ ?
ਦੇਬੀ ਨੂੰ ਓਸ਼ੋ ਦੀ ਕਿਤਾਬ ਯਾਦ ਆ ਗਈ,
"ਸੰਭੋਗ ਸੇ ਸਮਾਧੀ ਕੀ ਔਰ"ਕੀ ਹੁਣ ਉਹ ਸਮਾਧੀਲੀਨ ਹੋ ਜਾਣਗੇ ?
ਕੀ ਹੁਣ ਕੋਈ ਸੰਤਾਪ ਨਹੀ ਰਹੇਗਾ ? ਕੀ ਦੀਪੀ ਦੇ ਮਨ ਵਿੱਚ ਹੁਣ ਠਹਿਰਾਵ ਆ ਜਾਏਗਾ ?
ਕੀ ਰੂਹਾ ਦੇ ਮੇਲ ਤੋ ਵੀ ਸੁਖਦਾਇਕ ਹੈ ਸਰੀਰਾਂ ਦਾ ਮੇਲ ? 
ਜਾ ਕੀ ਦੋਨਾ ਦਾ ਇਕੱਠਿਆ ਦਾ ਮੇਲ ?
ਦੇਬੀ ਇਨਾ ਹੀ ਖਿਆਲਾ ਚ ਉਲਝਿਆ ਪਿਆ ਸੀ ਕਿ ਇੱਕ ਰੌਸ਼ਨੀ ਜਿਹੀ ਦਿਖਾਈ ਦਿੱਤੀ, ਕੋਈ ਉਹਦੇ ਵੱਲ ਦੇਖ ਹੱਸ ਰਿਹਾ ਸੀ, ਇੱਕ ਦੇਵਤਾ ਜਿਹਾ ਨਜਰ ਆਉਣ ਵਾਲਾ ਆਦਮੀ ਦੀਪੀ ਨੂੰ ਸਫੈਦ ਕੱਪੜੇ ਪਹਿਨਾ ਕੇ ਨਾਲ ਲੈ ਕੇ ਜਾ ਰਿਹਾ ਸੀ, ਦੇਬੀ ਉਨਾ ਦੇ ਮਗਰ ਦੌੜ ਰਿਹਾ ਸੀ, ਜਿੰਨਾ ਉਹ ਦੋੜਦਾ ਦੋਵੇ ਉਸਤੋ ਉਨੀ ਹੀ ਦੂਰ ਹੋਈ ਜਾਦੇ, ਅਚਾਂਨਕ ਉਹ ਠੇਡਾ ਖਾ ਕੇ ਡਿੱਗਾ, ਇੱਕ ਚੋਟ ਜਿਹੀ ਲੱਗੀ, ਇਸ ਚੋਟ ਨੇ ਉਸਦਾ ਸਰੀਰ ਠੰਡਾ ਕਰ ਦਿੱਤਾ, ਉਹ ਤਰੱਬਕ ਕੇ ਜਾਗਿਆ, ਜਿਵੇ ਨੀਂਦ ਵਿਚੋ ਉਠਿਆ ਹੋਵੇ, ਕੀ ਇਹ ਇੱਕ ਸੁਪਨਾ ਸੀ, ਨਹੀ, ਦੀਪੀ ਉਹਦੇ ਸਾਹਮਣੇ ਨਗਨ ਅਵਸਥਾ ਵਿੱਚ ਪਈ ਸੀ, ਉਹਦੀਆ ਅੱਖਾ ਮੀਟੀਆ ਹੋਈਆ ਸਨ, ਕੋਈ ਪਰੀ ਲਗਦੀ ਸੀ, ਦੇਵੀ ਜਾਪਦੀ ਸੀ, ਨਿਰਦੋਸ਼ ਜਿਹੀ ਜਿਵੇ ਰੱਬ ਨੇ ਹੁਣੇ ਬਣਾ ਕੇ ਧਰਤੀ ਤੇ ਭੇਜੀ ਹੋਵੇ … ।
ਹੈ ਉਸਦੀ ਦੀਪੀ ਨਗਨ ? ਕਿਓ ? ਕਿਵੇ ?
ਦੇਬੀ ਨੂੰ ਹੋਸ਼ ਆ ਰਹੀ ਸੀ, ਉਹ ਇੱਕ ਦੰਮ ਅਕਾਸ਼ ਦੀਆ ਉਚਾਈਆ ਤੋ ਧਰਤੀ ਤੇ ਆ ਡਿੱਗਾ, ਜਿਵੇ ਆਦਮ ਨੂੰ ਕਦੇ ਕਾਮ ਫਲ ਖਾਣ ਦੇ ਜੁਰਮ ਵਿੱਚ ਸਵਰਗ ਚੋ ਬਾਹਰ ਕੱਢ ਦਿੱਤਾ ਸੀ, ਉਸ ਨੂੰ ਦੀਪੀ ਦਾ ਜਖਮੀ ਪੈਰ, ਪਿੰਡ ਵਾਲੇ, ਇਜਤ, ਸਰਪੰਚ ਤੇ ਦਲੀਪ ਯਾਦ ਆਉਣ ਲੱਗ ਪਏ… ।
"ਇਹ ਕੱਪੜੇ ਕਿਓ ਉਤਾਰ ਰੱਖੇ ਆ ?" 
ਉਹ ਦੀਪੀ ਨੂੰ ਪੁੱਛ ਰਿਹਾ ਸੀ।
"ਆਪਣੇ ਹੱਥਾਂ ਨੂੰ ਪੁੱਛੋ"। 
ਦੀਪੀ ਨੇ ਬੇਸੁੱਧ ਜਿਹਾ ਉਤਰ ਦਿੱਤਾ, ਉਹ ਹਾਲੇ ਬੇਸੁੱਧ ਸੀ।
ਦੇਬੀ ਨੇ ਉਸਦੇ ਕੱਪੜੇ ਵਾਪਿਸ ਕਰਦੇ ਹੋਏ ਪਹਿਨਾਉਣ ਵਿੱਚ ਮਦਦ ਕੀਤੀ, ਦੀਪੀ ਵੀ ਹੌਲੀ ਹੌਲੀ ਸਮਝ ਰਹੀ ਸੀ ਕਿ ਇਹ ਕੀ ਖੇਲ ਹੋ ਰਿਹਾ ਸੀ ਤੇ ਉਹ ਕਿੰਨੀ ਦੂਰ ਨਿਕਲ ਚੁੱਕੇ ਸਨ, ਕੋਈ ਰੱਬੀ ਤਾਕਤ ਉਨਾ ਨੂੰ ਫਿਰ ਮੋੜ ਲਿਅਈ ਸੀ, ਭਾਵੇ ਉਹ ਵਾਪਿਸ ਨਹੀ ਸੀ ਆਉਣਾ ਚਾਹੁੰਦੀ ਪਰ ਆਉਣਾ ਪੈਣਾ ਸੀ।
"ਮੈਨੂੰ ਮਾਫ ਕਰੀ ਦੇਵੀ „। 
ਦੇਬੀ ਦੇ ਮੂੰਹੋ ਸ਼ਬਦ ਨਿਕਲੇ।
"ਮੁਆਫੀ ਦਾ ਸਵਾਲ ਨਹੀ, ਤੁਸੀ ਕੋਈ ਗਲਤੀ ਨਹੀ ਕੀਤੀ, ਮੈਂ ਧੰਨ ਹੋ ਗਈ ਆ, ਹੁਣ ਮੈ ਅੱਜ ਮਿਲੇ ਇਸ ਪਰੇਮ ਦੇ ਸਹਾਰੇ ਜੀ ਸਕਦੀ ਆ"। 
ਦੀਪੀ ਦੀ ਧੁਰ ਆਤਮਾ ਤੱਕ ਤਸੱਲੀ ਹੋ ਗਈ ਸੀ, ਦੇਬੀ ਨੇ ਟਾਈਮ ਪੀਸ ਵੱਲ ਦੇਖਿਆ, ਉਹ ਸਰਪੱਟ ਭੱਜਾ ਜਾ ਰਿਹਾ ਸੀ ਰੁਕਣ ਦਾ ਨਾ ਨਹੀ ਸੀ ਲੈਦਾ, ਹੈਂ ਇੱਕ ਵੱਜ ਵੀ ਗਿਆ ? ਇਨੀ ਜਲਦੀ ? ਹੁਣੇ ਤਾ ਸੱਜਣ ਆਏ ਸੀ, ਹਾਲੇ ਕੁੱਝ ਪਲ ਹੀ ਤਾਂ ਹੋਏ ? ਟਾਈਮਪੀਸ ਠੀਕ ਚੱਲ ਰਿਹਾ ? ਹੱਥ ਤੇ ਬੰਨੀ ਘੜੀ ਵੱਲ ਨਜਰ ਮਾਰੀ ਉਹ ਵੀ ਇੱਕ ਵਜਾ ਰਹੀ ਸੀ।
"ਸੋਹਣਿਓ, ਇੱਕ ਵੱਜ ਚੁੱਕਾ"। 
ਦੇਬੀ ਨੇ ਸਮੇ ਵੱਲ ਧਿਆਨ ਦੁਆਇਆ।
"ਹੈ, ਇੱਕ ਵੱਜ ਵੀ ਗਿਆ ? 
ਦੀਪੀ ਨੇ ਹਾਲੇ ਸੱਜਣਾ ਨੂੰ ਚੰਗੀ ਤਰਾਂ ਦੇਖਿਆ ਵੀ ਨਹੀ ਸੀ, ਹਾਲੇ ਦਿਲ ਨੇ ਦਿਲ ਦਾ ਹਾਲ ਪੁੱਛਣਾ ਸ਼ੁਰੂ ਹੀ ਕੀਤਾ ਸੀ, ਨਹੀ ਹਾਲੇ ਨਹੀ, ਇਸ ਘੜੀ ਨੂੰ ਰੋਕ ਦਿੱਤਾ ਜਾਵੇ, ਹੇ ਧਰਤੀ ਮਾ ਕੁੱਝ ਦੇਰ ਲਈ ਰੁਕ ਜਾ, ਘੁੰਮ ਨਾ, ਸੱਜਣਾਂ ਦਾ ਨਿੱਘ ਥੋੜਾ ਹੋਰ ਮਾਣ ਲੈਂਣ ਦੇ, ਇਹ ਪਰੇਮ ਦੇ ਪਲ ਏਨੇ ਛੋਟੇ ਕਿਓ ਪੈ ਜਾਂਦੇ ਆ ? ਤੇ ਜੁਦਾਈ ਦਾ ਸਮਾਂ ਇਨਾ ਰੁਕ ਰੁਕ ਕੇ ਕਿਓ ਬੀਤਦਾ ?
ਹਾਲੇ ਹੁਣੇ ਤਾ ਮੈ ਆਈ ਆ, ਇਨੀ ਛੇਤੀ ਜਾਣਾ ਵੀ ਪਊ ? ਹਾਲੇ ਸਬਰ ਨਹੀ ਆਇਆ, ਹਾਲੇ ਮੈ ਵਾਪਿਸ ਨਹੀ ਜਾਣਾ, ਬਹੁਤ ਰਾਤ ਬਾਕੀ ਪਈ ਆ, ਹਾਲੇ ਸਭ ਘੂਕ ਸੁੱਤੇ ਹਨ, ਕਿਸੇ ਨੂੰ ਪਤਾ ਨਹੀ ਲੱਗਿਆ, ਫਿਰ ਪਤਾ ਨਹੀ ਕਦੋ ਕੁੰਭ ਦਾ ਮੇਲਾ ਆਵੇ, ਔੜ ਦੇ ਦਿਨ ਹਨ, ਬਾਰਿਸ਼ ਨਹੀ ਹੁੰਦੀ, ਸਬੱਬ ਨਹੀ ਬਣਦੇ, ਤੜਪ ਨਹੀ ਮੁੱਕਦੀ, ਦਿਲ ਨਹੀ ਰੁਕਦਾ … 
ਜਦੋ ਦੂਰ ਸਨ ਤਾਂ ਕਹਿਣ ਲਈ ਬਹੁਤ ਕੁੱਝ ਸੀ, ਹੁਣ ਨੇੜੇ ਸਨ ਤੇ ਗੱਲਾਂ ਮੁੱਕ ਗਈਆ, ਬੱਸ ਇੱਕ ਦੂਜੇ ਦੇ ਵੱਧ ਤੋ ਵੱਧ ਨੇੜੇ ਹੋਣ ਦੀ ਕੋਸ਼ਿਸ਼, ਗੱਲਵੱਕੜੀ ਕਿੰਨੀ ਵੀ ਘੁੱਟ ਕੇ ਕਿਓ ਨਾਂ ਪਾਈ ਹੋਵੇ, ਫਿਰ ਵੀ ਇਹ ਫਰਕ ਜਿਹਾ ਕਿਓ ਰਹਿ ਜਾਂਦਾ ? ਇੱਕ ਦੂਜੇ ਵਿੱਚ ਸਮਾਉਣ ਦਾ ਕੋਈ ਤਰੀਕਾ ਕਿਓ ਨਹੀ ? ਜਬਾਂਨ ਹੁਣ ਜਿਵੇ ਸੁਸਤ ਹੋ ਗਈ ਤੇ ਬਾਕੀ ਸਾਰਾ ਜਿਸਮ ਹਰਕਤ ਵਿੱਚ ਆ ਗਿਆ, ਜੁਬਾਨ ਤਾਂ ਫੋਨ ਤੇ ਵੀ ਗੱਲ ਕਰਕੇ ਅਪਣੇ ਹਿੱਸੇ ਦਾ ਅਨੰਦ ਲੈ ਸਕਦੀ ਆ ਪਰ ਬਾਕੀ ਸਮੁੱਚੇ ਜਿਸਮ ਦੀ ਵਾਰੀ ਬਹੁਤਿਆ ਦੀ ਤਾਂ ਆਉਦੀ ਹੀ ਨਹੀ, ਮੇਲ ਬਹੁਤ ਹੁੰਦੇ ਨੇ, ਅਰਬਾਂ ਵਾਰ ਹਰ ਰੋਜ ਹੁੰਦੇ ਨੇ, ਪਰ ਇੱਕ ਪਾਸੜ ਮੇਲ, ਸਿਰਫ ਸਰੀਰਾਂ ਦੀ ਅੱਗ ਨੂੰ ਸ਼ਾਂਤ ਕਰਨ ਦੀਆ ਪਰੇਮ ਵਿਹੂਣੀਆ ਕੋਸ਼ਿਸ਼ਾਂ, ਕਦੇ ਕਦੇ ਕਿਤੇ ਮੱਚਦੀ ਅੱਗ ਵਿੱਚ ਇੱਕ ਸ਼ੀਤਲ ਹਵਾ ਤੇ ਨਮੀ ਅਪਣੇ ਵਿਚ ਸਮੋਈ ਕੋਈ ਬੱਦਲੀ ਵਰ ਜਾਂਦੀ ਆ, ਪਰ ਤਰਾਹ ਤਰਾਹ ਕਰਦੀ ਧਰਤੀ ਲਈ ਇਹ ਸਿਰਫ ਇੱਕ ਬੂੰਦ ਤੋ ਵੱਧ ਨਹੀ, ਫਿਰ ਅਰਦਾਸ ਸ਼ੁਰੂ ਹੁੰਦੀ ਹੈ, ਕੁਦਰਤ ਫਿਰ ਕਿਸੇ ਦੇ ਦਿਲ ਵਿੱਚ ਪਰੇਮ ਦਾ ਹੜ ਲਿਆਉਦੀ ਹੈ ਤੇ ਕਿਤੇ ਵਾਤਾਵਰਣ ਵਿੱਚ ਪਰੇਮ ਬਿਖਰਦਾ ਹੈ, ਉਥੇ ਸਮੇ ਦਾ ਅਹਿਸਾਸ ਮੁੱਕ ਜਾਦਾ ਆ, ਜੇ ਸਮੇ ਦਾ ਅਹਿਸਾਸ ਮੌਜੂਦ ਹੈ ਤੇ ਆਲਾ ਦੁਆਲਾ ਵੀ ਮੌਜੂਦ ਹੈ ਤਾਂ ਫਿਰ ਇਹ ਪਰੇਮ ਵਿਹੂਣਾ ਸਮਾਂ ਹੈ, ਕੁਮੁਕਤਾ ਦੇ ਤਪਦੇ ਸਿਰ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼, ਪਰ ਜੇ ਪਰੇਮ ਵੀ ਮੌਜੂਦ ਹੋਵੇ ਤਾਂ ਇਹ ਮੇਲ ਰੱਬ ਦੀ ਝਲਕ ਦੇ ਸਕਦਾ, ਇੱਕ ਸਧਾਰਨ ਜਿਹਾ ਹੱਡ ਮਾਸ ਦਾ ਮਨੁੱਖ ਏਨਾ ਕੀਮਤੀ ਕਿਵੇ ਹੋ ਸਕਦਾ ਕਿ ਉਹਦੇ ਲਈ ਸਾਰੇ ਜੱਗ ਨਾਲ ਟੱਕਰ ਲਈ ਜਾ ਸਕੇ ? ਕਿੱਥੋ ਆਉਦੀ ਹੈ ਇਹ ਤਾਕਤ ?
ਪਰੇਮ ਤੋ ਬਿਨਾ ਹੋਰ ਸ਼ਕਤੀ ਦਾ ਸੋਮਾ ਕਿੱਥੇ ਹੋ ਸਕਦਾ ?
ਜੇ ਮਨੁੱਖਤਾ ਕਮਜੋਰ ਹੋਈ ਪਈ ਆ, ਤਾਂ ਕੀ ਇਸ ਗੱਲ ਨੂੰ ਮੰਨ ਨਹੀ ਲੈਣਾ ਚਾਹੀਦਾ ਕਿ ਪਰੇਮ ਦੀ ਕਿੱਲਤ ਹੈ ? ਐਸਾ ਵੀ ਨਹੀ ਕਿ ਲੋਕਾਂ ਦੇ ਮਨਾ ਵਿੱਚ ਪਰੇਮ ਨਹੀ, ਪਰੇਮ ਹੈ, ਪਰ ਰੋਕ ਰੱਖਿਆ, ਸ਼ਰਤਾ ਦੇ ਤਹਿਤ ਥੋੜਾ ਥੋੜਾ ਕਰਕੇ ਦਿੱਤਾ ਜਾ ਰਿਹਾ, ਤੇ ਉਹ ਵੀ ਇਸ ਆਸ ਵਿੱਚ ਕੇ ਸਮੇਤ ਵਿਆਜ ਵਾਪਿਸ ਮਿਲੇ, ਇਨਵੈਸਟਮੈਂਟ ਹੋ ਰਹੀ ਹੈ, ਪਰੇਮ ਦੀ ਲੁੱਟ ਨਹੀ, ਕਿ ਕੋਈ ਵੀ ਕਦੇ ਵੀ ਲੁੱਟ ਸਕੇ, ਬੰਦ ਜਿੰਦਰੇ ਅੰਦਰ ਰੱਖਿਆ ਪਿਆ, ਪਰੇਮ ਬਾਹਰ ਆਉਣ ਲਈ, ਲੁੱਟੇ ਜਾਂਣ ਲਈ ਤੜਪ ਰਿਹਾ ਪਰ ਮਨੁੱਖ ਜਿੰਦਰੇ ਦਾ ਸਾਈਜ ਹੋਰ ਵੱਡਾ ਕਰੀ ਜਾ ਰਿਹਾ।
ਦੋਵਾਂ ਦੇ ਦਿਲਾ ਵਿੱਚ ਜੋ ਵਿਚਾਰ ਹੁਣ ਆ ਜਾ ਰਹੇ ਸਨ, ਕੋਈ ਤਰਤੀਬ ਵਿੱਚ ਨਹੀ ਸਨ, ਕਿਤੇ ਸੋਹਣੇ ਜਿਹੇ, ਜਿਨਾ ਤੋ ਕੁਰਬਾਨ ਜਾਇਆ ਜਾ ਸਕੇ, ਕਿਤੇ ਖੌਫਨਾਕ ਜਿਹੇ, ਕਿਤੇ ਬੱਚਿਆ ਵਰਗੇ, … ।
ਬਹੁਤ ਸਮਾਂ ਜੁਬਾਨ ਬੰਦ ਰਹੀ, ਸਰੀਰ ਅਪਣੀ ਭਾਸ਼ਾ ਵਿੱਚ ਇੱਕ ਦੂਜੇ ਨੂੰ ਸਮਝਣ, ਦੇਖਣ ਦੀ ਕੋਸ਼ਿਸ਼ ਕਰਦੇ ਰਹੇ, ਆਨੰਦ ਦਾ ਬੱਦਲ ਬਿਨਾ ਗਰਜਣ ਦੇ ਵਰਦਾ ਰਿਹਾ, ਦੀਪੀ ਦੇ ਕੋਮਲ ਹੱਥ ਦੇਬੀ ਦੇ ਸਰੀਰ ਤੇ ਜਿੱਥੇ ਵੀ ਲੱਗਦੇ ਨਿਸ਼ਾਂਨ ਜਿਹੇ ਛੱਡਦੇ ਜਾਂਦੇ, ਪਤਾ ਨਹੀ ਕਿੰਨੇ ਵੋਲਟ ਦਾ ਕਰੰਟ ਉਨਾ ਦੇ ਵਿੱਚ ਦੀ ਦੌੜ ਰਿਹਾ ਸੀ, ਮਨੁੱਖ ਦੇ ਸਰੀਰ ਵਿੱਚ ਅੱਗ ਹੁੰਦੀ ਆ ਇਹ ਜਾਣਦੇ ਸਨ ਦੋਵੇ, ਪਰ ਇਹ ਜਵਾਲਾ ਇਤਨੀ ਸ਼ਕਤੀਸ਼ਾਲੀ ਤੇ ਸੁਖਦਾਇਕ ਹੈ ? ਮਨੁੱਖ ਤੇ ਏਨਾ ਪਿਆਰ ਵੀ ਆ ਸਕਦਾ ਇਹ ਪਹਿਲੀ ਵਾਰ ਮਹਿਸੂਸ ਕਰ ਰਹੇ ਸਨ, ਦੇਬੀ ਦੀ ਸਮਝ ਨਹੀ ਸੀ ਆ ਰਿਹਾ ਕਿ ਮਨੁੱਖ ਜੋ ਇਨਾ ਪਰੇਮ ਭਰਿਆ ਹੈ, ਉਹਦੇ ਅੰਦਰ ਇਸਤੋ ਹਜਾਰਾਂ ਗੁਣਾ ਵੱਧ ਨਫਰਤ ਕਿਵੇ ਆ ਸਕਦੀ ਆ ?
ਕਿਵੇ ਕਿਸੇ ਦੀ ਛੋਟੀ ਜਿਹੀ ਗਲਤੀ ਤੇ ਇਨਾ ਕਰੋਧ ਆ ਸਕਦਾ ਆ, ਤੇ ਕਿਵੇ ਕਿਸੇ ਅਪਣੇ ਘੋਰ ਗੁਨਾਹ ਵੀ ਮੁਆਫ ਕੀਤਾ ਜਾ ਸਕਦਾ ਆ, ਇਹ ਕਿਹੜਾ ਚੱਕਰਵਿਊ ਹੈ ?
"ਮੇਰੇ ਜੀਵਨ ਦੇ ਸਭ ਤੋ ਵੱਧ ਕੀਮਤੀ ਪਲ, ਇਨਾ ਨੂੰ ਕਦੇ ਨੀ ਭੁੱਲਾਂਗਾ"। ਦੀਪੀ ਦੀਆ ਮੁੜ ਮੁੜ ਗੱਲਾਂ ਤੇ ਆਉਦੀਆ ਜੁਲਫਾਂ ਨੂੰ ਸਵਾਰਦਾ ਦੇਬੀ ਕਹਿ ਰਿਹਾ ਸੀ, ਦੀਪੀ ਦਾ ਸਿਰ ਦੇਬੀ ਦੀ ਗੋਦ ਵਿੱਚ ਇੱਕ ਬੱਚੇ ਵਾਂਗ ਪਿਆ ਸੀ, ਕਿਸੇ ਗੱਭਰੂ ਦੇ ਏਨਾ ਨੇੜੇ ਹੋਣ ਦਾ ਇਹ ਪਹਿਲਾ ਮੌਕਾ ਸੀ, ਪਹਿਲੀਆ ਦੋ ਛੋਟੀਆ ਮਿਲਣੀਆ ਜੋ ਬੱਸ ਵਿੱਚ ਤੇ ਬਾਰਿਸ਼ ਵਾਲੇ ਦਿਨ ਹੋਈਆ ਸਨ, ਉਨਾ ਦਾ ਅਨੰਦ ਅਪਣੀ ਥਾਂ ਸੀ ਪਰ ਅੱਜ ਸੋਨੇ ਤੇ ਸੁਹਾਗਾ, ਇਹ ਪਹਿਲੀ ਮੁਲਾਕਾਤ ਸੀ ਜਿਸ ਵਿੱਚ ਕੋਈ ਚੋਰ ਅੱਖ ਉਨਾ ਵੱਲ ਤਿਰਛੀ ਹੋ ਕੇ ਦੇਖ ਨਹੀ ਸੀ ਰਹੀ, ਬਿਲਕੁਲ ਇਕੱਲੇ।
"ਪਰ ਮੈਨੂੰ ਇਹ ਪਲ ਭੁੱਲ ਜਾਂਣਗੇ, ਜਦੋ ਇਸ ਤੋ ਵੀ ਵੱਧ ਖੂਬਸੂਰਤ ਪਲ ਤੁਹਾਡੇ ਨਾਲ ਬਿਤਾਏ"। ਦੀਪੀ ਲਈ ਹਾਲੇ ਇਹ ਸੁਖ ਦੀ ਚਰਮ ਸੀਮਾ ਨਹੀ ਸੀ, ਉਹ ਹੋਰ ਵੀ ਸ਼ਿੱਦਤ ਨਾਲ ਪਰੇਮ ਕਰ ਸਕਦੀ ਸੀ।
"ਪਰ ਫਿਲਹਾਲ ਤਾਂ ਸੋਹਣਿਆ ਨੂੰ ਵਾਪਿਸ ਜਾਣਾ ਪਊ'। 
ਦੇਬੀ ਨੇ ਘੜੀ ਦਿਖਾਈ।
"ਤੁਸੀ ਮੈਨੂੰ ਅਪਣੇ ਕੋਲ ਨੀ ਰੱਖ ਸਕਦੇ ?" 
ਦੀਪੀ ਦਾ ਮਨ ਜਾਣ ਨੂੰ ਨਹੀ ਸੀ ਕਰਦਾ।
"ਦਿਲ ਵਿੱਚ ਤਾਂ ਤੁਸੀ ਸਦਾ ਹੀ ਬਿਰਾਜਮਾਨ ਹੋ, ਪਰ ਘਰ ਵਿੱਚ ਰੱਖਣਾ ਹਾਲੇ ਸੰਭਵ ਨਹੀ, ਮੇਰੇ ਵੱਸ ਹੋਵੇ ਤਾਂ ਤੈਨੂੰ ਅਪਣੇ ਘਰ ਵਿੱਚ ਉਮਰ ਕੈਦ ਕਰ ਦੇਵਾ"। 
ਦੇਬੀ ਵੀ ਕਿੱਥੇ ਚਾਹੁੰਦਾ ਸੀ ਕਿ ਉਹ ਜਾਵੇ।
"ਪਰ ਮੈ ਨੀ ਕਿਤੇ ਜਾਣਾ, ਮੈ ਤੁਹਾਡੇ ਕੋਲ ਰਹਿਣਾ"। 
ਉਹ ਬੱਚਿਆ ਵਾਂਗ ਜਿਦ ਜਿਹੀ ਕਰਦੀ ਉਹਦੀ ਗੋਦ ਵਿੱਚ ਹੋਰ ਸੁੰਗੜ ਜਿਹੀ ਗਈ, ਦੇਬੀ ਨੇ ਉਸ ਨੂੰ ਹੋਰ ਘੁੱਟ ਲਿਆ, ਬਹੁਤ ਹੀ ਪਰੇਮ ਆਇਆ ਸੀ ਉਸਦੀ ਇਸ ਬਚਕਾਨੀ ਹਰਕਤ ਤੇ।
"ਨਾਂ ਚਾਹੁੰਦੇ ਹੋਏ ਵੀ ਮੈਨੂੰ ਜਾਲਿਮ ਹੋਣਾ ਪਵੇਗਾ, ਇਸ ਤੋ ਪਹਿਲਾਂ ਕਿ ਕੋਈ ਦੁਖੀ ਮਨੁੱਖ ਅਪਣਾ ਦੁੱਖ ਸਾਡੇ ਵੱਲ ਭੇਜੇ, ਇਸ ਤੋ ਪਹਿਲਾਂ ਕਿ ਗਿੱਦੜ ਭਬਕੀਆ ਮਾਰਨ ਵਾਲਾ ਇਹ ਸਮਾਜਿਕ ਸ਼ੇਰ ਅਪਣੇ ਘੁਰਨੇ ਚੋ ਬਾਹਰ ਆਵੇ, ਹਿਰਨੀ ਨੂੰ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ"। 
ਉਹਦਾ ਪਿਆਰਾ ਜਿਹਾ ਮੱਥਾ ਚੁੰਮਦਾ ਦੇਬੀ ਉਠ ਕੇ ਖੜਾ ਹੋ ਗਿਆ, ਜਾਂਣ ਦੇ ਅਹਿਸਾਸ ਨਾਲ ਹੀ ਸੱਜਣਾ ਦਾ ਦਗਦਗ ਕਰਦਾ ਚਿਹਰਾ ਠੰਡਾ ਜਿਹਾ ਪੈ ਗਿਆ, ਸਰੀਰ ਜੋ ਜਖਮੀ ਹੋ ਕੇ ਵੀ ਉਡਦਾ ਆਉਦਾ ਸੀ, ਨਿਢਾਲ ਜਿਹਾ ਹੋ ਗਿਆ, ਕਿੱਥੇ ਗਈ ਉਹ ਸਾਰੀ ਫੁਰਤੀ ਤੇ ਸ਼ਕਤੀ ? ਕਿੱਥੇ ਪੰਛੀ ਵਾਂਗ ਉਡਣਾ ਤੇ ਕਿੱਥੇ ਪੈਰ ਵੀ ਚੁੱਕਣੇ ਮੁਸ਼ਕਿਲ ? ਯੁੱਗ ਬਦਲ ਗਿਆ, ਸਤਯੁਗ ਅਲਵਿਦਾ ਕਹਿ ਗਿਆ, ਵਾਤਾਵਰਣ ਸੁਹਾਵਣਾ ਨਹੀ ਰਿਹਾ, ਫਿਰ ਸੱਜਣਾ ਤੋ ਦੂਰ ?
"ਠੀਕ ਆ ਸੋਹਣਿਆ, ਨਹੀ ਰੱਖਣਾ, ਤੇਰੀ ਮਰਜੀ"। 
ਦੀਪੀ ਨੇ ਮਿਹਣਾ ਜਿਹਾ ਮਾਰਿਆ।
"ਲੋਕਾ ਦਿਆ ਵੱਟਿਆ ਦੀ, ਸਾਨੂੰ ਪੀੜ ਰਤਾ ਵੀ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤੱਕ ਰੋਈ"। 
ਇੱਕ ਪੰਜਾਬੀ ਦੇ ਗੀਤ ਦੀ ਲਾਈਨ ਹੀ ਬੋਲ ਸਕਿਆ ਦੇਬੀ।
"ਮਾਫ ਕਰੀ, ਦਿਲਦਾਰਾ"। 
ਧਾਹ ਕੇ ਗੱਲਵੱਕੜੀ ਪਾ ਲਈ ਫਿਰ ਦੀਪੀ ਨੇ, ਉਸ ਨੂੰ ਅਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਦੇਬੀ ਤਾਂ ਸਗੋ ਉਹਦਾ ਫਰਜ ਵੀ ਨਿਭਾਈ ਜਾਦਾ, ਕੋਈ ਲੰਡਰ ਕਿਸਮ ਦਾ ਮੁੰਡਾ ਹੁੰਦਾ ਤਾਂ ਹੱਥ ਆਏ ਸ਼ਿਕਾਰ ਨੂੰ ਜਾਣ ਵੀ ਨਾ ਦੇਂਦਾ।
"ਸੋਹਣਿਆ ਵੇ ਨਹੀਓ ਕਦੇ ਝਗੜੇ ਕਰੀਦੇ ਓਏ, ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨੀ ਨਿਭੀਂਦੇ ਉਏ, ਇੰਝ ਨੀ ਕਰੀਂਦੇ … ।" ਿ
ਕਸੇ ਹੋਰ ਗੀਤ ਦੀ ਹੋਰ ਲਾਈਨ ਬੋਲੀ ਦੇਬੀ ਨੇ।
"ਅੱਗੇ ਤੋ ਕਦੇ ਨਹੀ, ਪਹਿਲੀ ਤੇ ਆਖਰੀ ਗਲਤੀ ਮਾਫ ?" ਦੀਪੀ ਨੂੰ ਪਤਾ ਸੀ ਕਿ ਦੇਬੀ ਦੀ ਜੀਵਨ ਫਿਲਾਸਫੀ ਵਿੱਚ ਇਹ ਜਰੂਰੀ ਚੀਜ ਸੀ ਕਿ ਜਾਣ ਬੁੱਝ ਕੇ ਇੱਕ ਦੂਸਰੇ ਨੂੰ ਦਰਦ ਨਹੀ ਪਹੁੰਚਾਉਣਾ ਭਾਵੇ ਇਹ ਪਿਆਰ ਦਾ ਦਰਦ ਹੀ ਕਿਓ ਨਾ ਹੋਵੇ, ਦੁਖੀ ਕਰਨਾ ਤਾਂ ਬਿਗਾਨਿਆ ਦਾ ਕੰਮ ਹੁੰਦਾ, ਦੇਬੀ ਨੇ ਦੀਪੀ ਨੂੰ ਗੋਦੀ ਵਿੱਚ ਚੁੱਕ ਲਿਆ।
"ਹੁਣ ਜਾਣ ਵੀ ਦੇਵੋ, ਇਸਤੋ ਪਹਿਲਾ ਕਿ ਮੈ ਅਪਣਾ ਇਰਾਦਾ ਬਦਲ ਲਵਾਂ"। 
ਦੀਪੀ ਵੀ ਹੁਣ ਸਮੇ ਸਿਰ ਘਰ ਜਾਣਾ ਚਾਹੁੰਦੀ ਸੀ।
"ਜਿਵੇ ਉਡ ਕੇ ਆਏ ਸੀ ਉਵੇ ਹੀ ਉਡ ਕੇ ਜਾਓਗੇ ਵੀ"। 
ਇਨਾ ਕਹਿ ਦੇਬੀ ਉਹਨੂੰ ਗੋਦੀ ਵਿੱਚ ਚੁੱਕੀ ਬਾਹਰ ਨਿਕਲ ਗਿਆ, ਥੋੜੇ ਹੀ ਕਦਮਾ ਵਿੱਚ ਉਹ ਹਨੇਰੇ ਵਿੱਚ ਗਵਾਚ ਗਏ, ਦੀਪੀ ਅਮਰਵੇਲ ਵਾਂਗ ਦੇਬੀ ਨੂੰ ਚੁੰਬੜੀ ਪਈ ਸੀ, ਉਹਦਾ ਪਤਲਾ ਜਿਹਾ ਸਰੀਰ ਦੇਬੀ ਦੇ ਗਲੇ ਦਾ ਹਾਰ ਬਣਿਆ ਪਿਆ ਸੀ ਤੇ ਦੇਬੀ ਨੂੰ ਲਗਦਾ ਵੀ ਏਹੋ ਸੀ ਜਿਵੇ ਫੁੱਲਾਂ ਦੇ ਹਾਰ ਨੂੰ ਚੁੱਕਿਆ ਹੋਵੇ, ਪਰੇਮ ਵਿੱਚ ਸਿਰਫ ਸਮੇ ਦਾ ਬੋਧ ਹੀ ਨਹੀ ਗਵਾਚਦਾ, ਭਾਰ ਵੀ ਫਿਰ ਭਾਰ ਨਹੀ ਰਹਿ ਜਾਂਦਾ, ਮਨ ਨਾਂ ਕਰੇ ਤਾਂ ਪੰਜ ਕਿਲੋ ਭਾਰ ਵੀ ਚੁੱਕਣਾ ਮੁਸ਼ਕਿਲ ਹੋ ਜਾਂਦਾ, ਪਰੇਮ ਸ਼ਕਤੀ ਮਿਲਦੇ ਹੀ ਭਾਰ ਫੁੱਲ ਹੋ ਜਾਂਦਾ, ਇਵੇ ਹੀ ਦੇਬੀ ਨਾਲ ਹੋ ਰਿਹਾ ਸੀ, ਦੋ ਪਰੇਮੀ ਚੋਰਾਂ ਵਾਂਗ ਪਿੰਡ ਵੱਲ ਤੁਰੇ ਜਾ ਰਹੇ ਸੀ, ਜੇ ਚੰਦਰਮਾਂ ਚੜਿਆ ਹੁੰਦਾ ਤਾਂ ਉਸਨੇ ਚੀਖ ਚੀਖ ਕੇ ਲੋਕਾਂ ਨੂੰ ਕਹਿਣਾ ਸੀ, ਔਹ ਦੇਖੌ, ਬਾਗੀ ਜਾ ਰਹੇ, ਉਠੋ ਕੋਈ ਰੋਕੋ ਇਨਾ ਨੂੰ, ਘੋਰ ਅਪਰਾਧੀ ਹਨ, ਸਜਾ ਦੇਵੋ, ਮੂੰਹ ਕਾਲਾ ਕਰੋ, ਇਨਾਂ ਦੀ ਯੁਰਅਤ ਤਾਂ ਦੇਖੋ ਸਮਾਜ ਨਾਮ ਦੇ ਰਾਖਸ਼ਸ਼ ਤੋ ਨਹੀ ਡਰਦੇ, ਫੜੋ ਇਨਾ ਦੀ ਪੁੱਠੀ ਖੱਲ ਲੁਹਾ ਦੇਵੋ, ਜਹਿਰ ਦਾ ਪਿਅਲਾ ਦੇਵੋ ਇਨਾਂ ਬੇਸ਼ਰਮਾ ਨੂੰ, ਇਹ ਕਲੰਕੀ ਹਨ, ਸਮਾਜ ਲਈ ਖਤਰਾ, ਕੁਚਲ ਦੇਵੋ ਇਨਾ ਦੀ ਬਗਾਵਤ, ਤੁਹਾਡੇ ਹੁੰਦਿਆ, ਓ ਲੋਕੋ, ਓ ਪਿੰਡ ਵਾਲਿਓ, ਤੁਹਾਡੇ ਹੁੰਦਿਆਂ ਕੋਈ ਖੁਸ਼ ਕਿਵੇ ਹੋ ਸਕਦਾ ? ਕਿਵੇ ਹੱਸ ਸਕਦਾ ਕੋਈ ? ਦੇਖੋ ਬਹੁਤ ਨੁਕਸਾਂਨ ਹੋ ਗਿਆ, ਜਾਗੋ ਨੀਂਦ ਤੋ ਤੇ ਬਣੋ ਪਹਿਰੇਦਾਰ ਕਿਧਰੇ ਪਰੇਮ ਰੋਗੀ ਅਜਾਦ ਨਾਂ ਹੋ ਜਾਂਣ, ਇਨਾ ਦੇ ਪੈਰੀ ਬੇੜੀਆ ਪਾਓ, ਦੁਹਾਈ ਆ, ਲੋਕੋ, ਇਨਾ ਨੂੰ ਤਾਨੇ ਮਿਹਣੇ ਮਾਰੋ, ਛਲਣੀ ਕਰ ਦਿਓ ਸੀਨਿਆ ਨੂੰ, ਤੁਹਾਡੇ ਨਾਲ ਧੋਖਾ ਹੋ ਰਿਹਾ, ਤੁਹਾਡੀਆ ਅੱਖਾਂ ਵਿੱਚ ਧੂਲ ਝੌਕੀ ਜਾ ਰਹੀ ਆ, ਦੇਖੋ ਮੈ ਅਪਣਾ ਫਰਜ ਪੂਰਾ ਕਰ ਰਿਹਾ, ਸੁਸਤੀ ਛੱਡੋ, ਨੰਬਰਦਾਰ ਜੀ ਤੁਸੀ ਅਪਣੀ ਧੋਲੀ ਦਾਹੜੀ ਦਾ ਹੀ ਖਿਆਲ ਕਰੋ, ਤੁਸੀ ਰਾਖੇ ਹੋ ਸਮਾਜ ਦੇ ਅਪਣਾ ਫਰਜ ਪੂਰਾ ਕਰੋ, ਦੇਖੋ ਹਜਾਰਾ ਸਿੰਘ ਦੀ ਇਜਤ ਰੋਲਣ ਦਾ ਮੌਕਾ ਮਸਾਂ ਮਿਲਿਆ, ਉਹਦੀ ਦਾਹੜੀ ਦਾ ਤੂੰਬਾ ਤੂੰਬਾ ਕਰ ਦਿਓ, ਉਹਨੂੰ ਜਿਊਦੇ ਨੂੰ ਮਰਿਆ ਦੀ ਲਾਈਨ ਵਿੱਚ ਖੜਾ ਕਰ ਦਿਓ, ਫਿਰ ਮੌਕਾ ਪਤਾ ਨਹੀ ਮਿਲੇ ਕਿ ਨਾਂ, ਦੇਖੋ ਮੈ ਅਪਣੀ ਅੱਖੀ ਦੇਖਿਆ, ਇਨਾ ਨੂੰ ਬੇਹੱਯਾਈ ਕਰਦਿਆ, ਇੱਕ ਦੂਜੇ ਨਾਲ ਚੁੰਬਕ ਵਾਂਗ ਚਿੰਬੜਿਆ, ਗੁਰੂਆ ਪੀਰਾ ਦੀ ਧਰਤੀ ਤੇ ਐਸਾ ਕਹਿਰ ?
ਹੈ ? ਇਹ ਕੌਣ ਬੋਲਿਆ ? ਕੋਈ ਖੁੱਲੇ ਦਿਲ ਦਾ ਮਾਲਕ ? ਕੀ ਕਹਿੰਦੇ ਹੋ ? ਫੇਰ ਕੀ ਹੋਇਆ ? ਪੜੇ ਲਿਖੇ ਹੋਣ ਦੇ ਨਾਤੇ ਤੁਹਾਨੂੰ ਇਹ ਠੀਕ ਲੱਗਦਾ ਆ ? ਮੱਤ ਮਾਰੀ ਗਈ ਤੁਹਾਡੀ, ਬਯੁਰਗਾਂ ਦੇ ਬਣਾਏ ਕਨੂੰਨ ਉਲਟਦੇ ਓ, ਨਰਕਾਂ ਚ ਸੜੋਗੇ … । ਪਰ ਅੱਜ ਚੰਨ ਨਹੀ ਸੀ, ਉਹ ਕਿਸੇ ਨੂੰ ਅਵਾਜ ਨਹੀ ਮਾਰ ਸਕਿਆ, ਸਭ ਸੁੱਤੇ ਰਹੇ, ਦੋਵੇ ਪਰੇਮੀ, ਰੱਬ ਦਾ ਧੰਨਵਾਦ ਕਰਦੇ, ਪਰੇਮ ਵਿੱਚ ਡੁੱਬੇ ਅਪਣੀ ਮੰਜਿਲ ਵੱਲ ਵਧਦੇ ਰਹੇ  ।। ਪਿੰਡ ਦੇ ਨੇੜੇ ਪਹੁੰਚ ਗਏ ਉਹ … ।।
"ਹੁਣ ਤੁਸੀ ਜਾਓ, ਮੈ ਅੱਗੇ ਇਕੱਲੀ ਚਲੀ ਜਾਊ"। 
ਦੀਪੀ ਨੇ ਸੁਝਾਅ ਦਿੱਤਾ, ਪਿੰਡ ਨੇੜੇ ਦੇਖ ਕੇ ਹੁਣ ਪਿੰਡ ਦੇ ਜਿਊਦੇ ਭੂਤਾਂ ਦੇ ਡਰ ਨੇ ਆ ਘੇਰਿਆ, ਦੇਬੀ ਨੇ ਉਸ ਨੂੰ ਗੋਦ ਚੋ ਉਤਾਰਿਆ, ਉਤਰਦੇ ਹੀ ਦੀਪੀ ਦਾ ਭਾਰ ਪੈਰ ਤੇ ਪਿਆ ਤੇ ਚੀਸ ਜਿਹੀ ਨਿਕਲੀ, ਉਹ ਅਸਮਾਨੋ ਡਿੱਗ ਕੇ ਹੁਣ ਧਰਤੀ ਤੇ ਖੜੀ ਸੀ, ਜਖਮ ਨੂੰ ਅਰਾਮ ਨਾਂ ਮਿਲਣ ਕਰ ਕੇ ਪੈਰ ਹੁਣ ਸੁੱਜ ਵੀ ਰਿਹਾ ਸੀ ਤੇ ਪੈਰ ਦਾ ਅਗੂੰਠਾ ਟਸ ਟਸ ਕਰ ਰਿਹਾ ਸੀ, ਇਹ ਗੱਲ ਵੱਖਰੀ ਆ ਕਿ ਪਹਿਲਾਂ ਇਹ ਟਸ ਟਸ ਮਹਿਸੂਸ ਨਹੀ ਸੀ ਹੁੰਦੀ ਜਿਵੇ ਦੇਬੀ ਦਾ ਪਰੇਮ ਕੋਈ ਦਵਾਈ ਹੋਵੇ।
"ਬਾਈ ਜੀ ''। ਘੁੱਦਾ ਵੀ ਮਿਥੀ ਥਾ ਤੇ ਹਨੇਰੇ ਦੀ ਆੜ ਲੈ ਕੇ ਖੜਾ ਸੀ, ਉਹ ਬਾਹਰ ਆ ਗਿਆ ਤੇ ਦੀਪੀ ਨੂੰ ਉਸ ਨੇ ਸੰਭਾਲ ਲਿਆ।
"ਤੁਸੀ ਹੁਣ ਨੌ ਦੋ ਗਿਆਰਾ ਹੋ ਜਾਓ, ਆਓ ਦੀਦੀ"। 
ਘੁੱਦੇ ਨੇ ਦੀਪੀ ਨੂੰ ਸਹਾਰਾ ਦੇ ਕੇ ਤੋਰ ਲਿਆ, ਜੋੜੀ ਵਿਛੜ ਗਈ, ਬਾਰਿਸ਼ ਬੰਦ ਹੋ ਗਈ, ਸ਼ੀਤਲ ਪੌਣ ਜੋ ਪਹਿਲਾ ਰੁਮਕਦੀ ਸੀ ਪਰੇਮੀਆ ਦਾ ਵਿਛੋੜਾ ਨਾ ਦੇਖਣ ਲਈ ਕਿਧਰੇ ਗੁੰਮ ਹੋ ਗਈ, ਕਲਯੁਗ ਸ਼ੁਰੂ ਹੋ ਗਿਆ, ਖਤਰੇ ਭਰਿਆ, ਪਰੇਮ ਵਿਹੂਣਾ, ਬੇਵਿਸ਼ਵਾਸ਼ੀ, ਲਾਲਚੀ, ਅੰਨਾ, ਬੋਲਾ ਤੇ ਗੁੰਗਾ।
ਰੱਬ ਨੇ ਲਾਜ ਰੱਖ ਲਈ, ਕਿਸੇ ਨੂੰ ਕੋਈ ਖਬਰ ਨਹੀ ਹੋਈ, ਹੌਲੇ ਜਿਹੇ ਦੋਵੇ ਘਰ ਦੇ ਅੰਦਰ ਦਾਖਲ ਹੋ ਗਏ, ਪਰੀਤੀ ਤੇ ਪੰਮੀ ਦੇ ਸਾਹ ਵਿੱਚ ਸਾਹ ਆਇਆ।
"ਸ਼ੁਕਰ ਆ ਰੱਬ ਦਾ, ਸਾਡੇ ਸਾਹ ਸੁੱਕੇ ਰਹੇ"। 
ਪੰਮੀ ਨੇ ਦੀਪੀ ਨੂੰ ਘੁੱਦੇ ਤੋ ਫੜ ਕੇ ਮੰਜੇ ਤੇ ਬਿਠਾ ਦਿੱਤਾ।
"ਖੁਸ਼ ਰਹਿ ਵੀਰਿਆ"। 
ਦੀਪੀ ਘੁੱਦੇ ਦੀ ਬਹੁਤ ਦੇਣਦਾਰ ਸੀ।
ਹੁਣ ਸਵੇਰਾ ਨੇੜੇ ਸੀ, ਸਾਰੇ ਆਪੋ ਆਪਣੇ ਮੰਜਿਆ ਤੇ ਲੇਟ ਗਏ, ਦੀਪੀ ਦੀਆ ਅੱਖਾਂ ਵਿੱਚ ਨੀਦ ਦਾ ਨਿਸ਼ਾਂਨ ਤੱਕ ਨਹੀ ਸੀ, ਉਹ ਖਿਆਲਾ ਵਿੱਚ ਫੇਰ ਦੇਬੀ ਦੀ ਬੈਠਕ ਵਿੱਚ ਪਹੁੰਚ ਗਈ, ਉਹਦੀ ਗੋਦੀ ਵਿੱਚ ਸਿਰ ਰੱਖਿਆ, ਉਹ ਹਾਲੇ ਹੋਰ ਪਿਆਰਿਆ ਜਾਣਾ ਚਾਹੁੰਦੀ ਸੀ, ਇਹ ਕਾਫੀ ਨਹੀ, ਉਸਦੇ ਹਿੱਸੇ ਏਨੇ ਥੋੜੇ ਪਰੇਮ ਪਲ ਕਿਵੇ ਲਿਖ ਸਕਦਾ ਆ ਕਾਦਰ, ਕਿਤੇ ਗਲਤੀ ਹੋ ਗਈ ਹੋਵੇਗੀ, ਤੇ ਫੇਰ ਕਦੋ ਨੀਂਦ ਰਾਣੀ ਆ ਗਈ ਕਿਸੇ ਨੂੰ ਪਤਾ ਨਹੀ ਲੱਗਿਆ।