ਜਦੋਂ ਬੁੱਤ ਹੀ ਫਟ ਗਿਆ (ਕਹਾਣੀ)

ਵਰਗਿਸ ਸਲਾਮਤ   

Email: wargisalamat@gmail.com
Cell: +91 98782 61522
Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
India
ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਅੱਜ ਬਹੂਤ ਖੁਸ਼ ਸੀ, ਪੈਰ ਜ਼ਮੀਨ ਤੇ ਨਹੀਂ ਸਨ, ਦਿਲ ਦਿਲਸਤਾਨ ਤੋਂ ਬਾਹਰ ਉੱਛਲ ਰਿਹਾ ਸੀ, ਤਨ ਮਨ 'ਚ ਇਕ ਜੋਸ਼, ਉਤਸਾਹ ਅਤੇ ਜਿੱਤ ਰੀਂਗ ਰਹੀ ਸੀ। ਜਿਸਦੀ ਭਾਅ ਮੈਨੂੰ ਆਪਣੇ ਮੁੱਖ 'ਤੇ ਮਹਿਸੂਸ ਹੋ ਰਹੀ ਸੀ.....ਮੈਂ  ਡਰਾਇੰਗਰੂਮ 'ਚ ਉਸਦੀ ਨਵੀਂ ਲਾਈ ਫੋਟੋ ਅੱਗੇ ਬੈਠ ਗਿਆ.....ਉਸਦੀਆਂ ਕੁੰਡੀਆਂ ਮੁੱਛਾਂ ਵੇਖ ਮੇਰਾ ਹੱਥ ਮੇਰੀਆਂ ਮੁੱਛਾਂ ਸਵਾਰਣ ਲੱਗਾ.......ਕੀ ਇਹ ਜਿੱਤ ਖੱਬੇ ਪੱਖੀਆਂ ਦੀ ਹੈ? ....ਗਰਮ ਦੱਲੀਆਂ ਦੀ ਹੈ?....ਸਮਾਜਵਾਦੀਆਂ ਦੀ ਹੈ?...  ਉਦਾਰਵਾਦੀਆਂ ਦੀ ਹੈ?...ਜਾਂ..ਲਾਲ, ਸ/ੇਦ, ਹਰੇ ਜਾਂ ਕੇਸਰੀ ਵਾਲਿਆਂ ਦੀ ਹੈ.......ਨਹੀਂ ਇਹ ਜਿੱਤ  ਕਰੋੜਾਂ ਭਾਰਤੀਆਂ ਦੀ ਹੈ, ਲੱਖਾਂ ਸੁਤੰਤਰਤਾ ਸੰਗਰਾਮੀਆਂ ਦੀ ਹੈ ਅਤੇ  ਮਹਾਨ ਸ਼ਰਧਾਂਜਲੀ ਹੈ ਉਹਨਾਂ ਲੱਖਾਂ ਸ਼ਹੀਦਾਂ ਨੂੰ ਜਿਨਾਂ ਸ਼ਹੀਦੇ ਆਜ਼ਮ ਭਗਤ ਸਿੰਘ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੀਆਂ ਜਾਨਾਂ ਦੇਸ਼ ਲਈ ਕੁਰਬਾਨ ਕਰਕੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ। ਹੁਣ ਇਹ ਬੁੱਤ ਮੀਲ ਪੱਥਰ ਬਣਕੇ ਆਉਣ ਵਾਲੀਆਂ ਪੀੜੀਆਂ 'ਚ ਵਿੱਲਖਣ ਸੋਚ, ਹੋਸ਼ ਅਤੇ ਜੋਸ਼ ਨੂੰ ਜਿੰਦਾ ਰੱਖੇਗਾ....ਵਿਦਵਾਨਾਂ ਲਈ ਚਿੰਤਨ ਮਿਨਾਰ ਬਣਕੇ ਉਹਨਾਂ ਦੇ ਚਿੰਤਨਪੱਟ 'ਤੇ ਹਮੇਸ਼ਾ ਤੈਰਦਾ ਰਹੇਗਾ.........
ਮੋਬਾਇਲ ਦੀ ਘੰਟੀ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ.....
ਹਾਂਜੀ ਭਾਅਜੀ ਸਲਾਮ, ਸੱਤ ਸ਼੍ਰੀਅਕਾਲ....
ਤੁਹਾਨੂੰ ਵੀ ਵਧਾਈਆਂ...
ਪਾਰਟੀ ਵੀ ਕਰ ਲਵਾਂਗੇ....
ਸਕੂਲੇ ਸਾਰੇ ਸਟਾ/ 'ਚ ਕਰਾਂਗੇ.....
ਵਿਦਆਰਥੀਆਂ ਨਾਲ ਖੁਸ਼ੀ ਸਾਂਝੀ ਕਰਾਂਗੇ....

ਹਾਂ...ਹਾਂ ਮੈ ਅੱਖਬਾਰ ਵੇਖ ਲਈ ਹੈ....

ਫੋਟੋ ਵੱਡੀ ਲੱਗੀ ਹੈ, ਬੁੱਤ ਵੀ ਵੈਸਾ ਹੀ ਹੈ ਜਿਸਦੀਆਂ ਗੱਲਾਂ ਅਸੀ ਕਰਦੇ ਹੁੰਦੇ ਸੀ.....

ਬਿਲਕੁਲ! ਇਹ ਪੰਜਾਬੀਅਤ ਦੀ ਜਿੱਤ ਹੈ, ਤੁਹਾਨੂੰ ਤਾਂ ਪਤਾ ਮੈਂ ਸ਼ੁਰੂ ਤੋਂ ਇਹ ਹੀ ਚਾਹੁੰਦਾ ਸੀ ਕਿ ਇਹ ਹੀ ਠੀਕ ਰਹੇਗਾ.....

ਕਿਸੇ ਇਕ ਘਟਨਾ ਨੂੰ ਮੁੱਖ ਰੱਖਕੇ ਉਸਦੇ ਆਪਣੇ ਪਹਿਰਾਵੇ ਨੂੰ ਨਗਲੈਕਟ ਕਿਵੇਂ ਕਰ ਸਕਦੇ ਹਾਂ, ਫਿਰ ਬੁੱਤਾਂ ਦੇ ਕੋਈ ਪਹਿਰਾਵੇ ਥੋੜਾ ਬਦਲਦੇ ਹਨ! .......

ਇਹ ਦਲੀਲਾਂ ਕੋਈ ਮਾਇਨੇ ਨਹੀ ਰੱਖਦੀਆਂ ਕਿ ਉਹ ਹੈਟ ਪਹਿਨਦਾ ਸੀ ਜਾਂ ਸੰਸਦ 'ਚ ਬੰਬ ਸੁੱਟਣ ਵੇਲੇ ਉਸਨੇ ਹੈਟ ਪਾਇਆ ਸੀ। ਇਹੀ ਹੋਣਾ ਚਾਹੀਦਾ ਸੀ......ਇਹ ਉਸਦੀ ਪੰਜਾਬੀ ਹੋਣ ਦਾ ਅਸਲ ਸਨਮਾਨ ਹੋਇਆ ਹੈ।

ਬਹੁਤ ਵਧੀਆ ਜੀ.......

ਅੱਛਾ ਜੀ....ਧੰਨਵਾਦ....ਰੱਬ ਰਾੱਖਾ।ਹੋਰ ਮਿੱਤਰਾਂ ਦੇ ਵੀ ਫੋਨ ਆਉਂਦੇ ਰਹੇ....ਮੈਂ ਸੋਚ ਰਿਹਾ ਸੀ ਕਿ ਮੈਂ ਹਰਜਿੰਦਰ ਸਿੰਘ ਇਕ ਆਮ ਆਦਮੀ ਜੋ ਸ਼ਹੀਦੇ ਆਜ਼ਮ ਦੀ ਸੋਚ ਤੇ ਦਰਸ਼ਨ ਦਾ ਕਾਇਲ ਹਾਂ, ਦੀ ਖੁਸ਼ੀ ਦਾ ਟਿਕਾਣਾ ਨਹੀਂ.........ਅੱਜ ਉਹਨਾਂ ਵਿਦਵਾਨਾਂ, ਸਕਾਲਰਾਂ ਅਤੇ ਖੋੱਜੀਆਂ ਦਾ ਕੀ ਜਸ਼ਨ ਹੋਵੇਗਾ...! ਜਿਨਾਂ ਇਸ ਮਹਾਨ ਹਸਤੀ ਦੀ ਸੋਚ ਨੂੰ ਸੰਭਾਲਿਆ, ਸੰਬਰਿਆ, ਖੋਜਾਂ ਕੀਤੀਆਂ ਅਤੇ ਫਿਲਮਾਂ ਆਦਿ ਬਣਾਇਆਂ.......ਮੇਰਾ ਧਿਆਨ ਵਿਲਸਨ ਨਾਲ  ਫੋਨ 'ਤੇ ਕੀਤੀਆਂ ਗੱਲਾਂ ਵੱਲ ਗਿਆ ਤੇ ਮੰਨ ਮਸਤਕ ਨੂੰ ਹੋਰ ਖੁਸ਼ੀ ਮਹਿਸੂਸ ਹੋਈ.......

ਅਸਾਂ ਦੋਹਾਂ ਨੇ ਸ਼ਹੀਦੇ ਆਜ਼ਮ ਨੂੰ ਸਮਰਪਿਤ ਤਾਜ਼ਾ-ਤਾਜ਼ਾ ਸੈਮੀਨਾਰ 'ਚ ਭਾਗ ਲਿਆ ਸੀ......."ਪਰਫੈਸਰ ਜਗਮੋਹਨ ਸਿੰਘ ਜੀ ਦੀ ਖੋਜ ਅਨੁਸਾਰ ਉਸਦੇ ਅਜਾਦੀ ਘੋਲ ਦੇ ਕੁੱਝ ਸੁਚੇਤ ਅਤੇ ਯੋਜਨਾਬਧ ਪਹਿਲੂ ਸਾਹਮਣੇ ਆਏ। ਜੋ ਉਸ ਸਮੇਂ ਅਜਾਦੀ ਦੇ ਘੋਲ ਦੀ ਚਰਮਸੀਮਾਂ ਨੁੰ ਨਵੀਂ ਦਿਸ਼ਾ ਦਿੰਦੇ ਹਨ.....ਉਸਨੂੰ ਅਣਭੋਲ ਗਬਰੂ ਨਹੀਂ ਕਿਹ ਸਕਦੇ....ਉਸਦੇ ਪੂਰੇ ਸੰਘਰਸ਼ 'ਚ ਇਕ ਫੀਸਦੀ ਵੀ ਰਾਜਨੀਤੀ ਨਹੀਂ ਸੀ.....ਸਗੋਂ ਉਸਨੇ ਉਸ ਸਮੇਂ ਦੀ ਰਾਜਨੀਤੀ ਦਾ ਭਾਂਡਾ ਫੋੜਿਆ.....23 ਸਾਲ ਉਮਰ 'ਚ 70 ਲੇਖਕ ਪੜ ਲੈਣੇ ਛੋਟੀ ਗੱਲ ਨਹੀ ਅਤੇ ਲਹੌਰ 'ਚ 175 ਪੁਸਤਕਾਂ ਦੀ ਲਾਇਬਰੇਰੀ ਮਿਲਣਾ............ਉਹਨਾਂ ਨੂੰ ਮਹਾਨ ਚਿੰਤਕ ਦਰਸ਼ਾਉਂਦੀ ਹੈ " ਵਿਲਸਨ ਇੱਕੋ ਸਾਹੇ ਸਭ ਕੁੱਝ ਕਿਹ ਗਿਆ।

ਪ੍ਰੋਫੈਸਰ ਰਾਜਕੁਮਾਰ ਦੁਆਰਾ ਉਹਨਾਂ ਦੀ ਨਾਸਤਿੱਕਤਾ ਦੀ ਗੱਲ ਵੀ ਦਿਲਚਸਪ ਸੀ....ਕਿ ਇਸ ਵੰਡੀਆਂ ਵਾਲੇ ਦੇਸ਼ 'ਚ  ਉਸਦਾ ਨਾਸਤਿਕ ਹੋਣਾ ਉਹਨਾਂ ਨੂੰ ਧਰਮਾਂ ਤੇ ਫਿਰਕਿਆਂ ਦੀ ਕੱਟੜਤਾ ਤੋਂ ਪਰੇ ਕਰਦੀ ਹੈ....ਮੈਨੂੰ ਲਗਦਾ ਹੈ ਕਿ ਜਿਵੇਂ ਸ਼ਹੀਦੇਆਜ਼ਮ ਰਾਜਨੀਤੀ ਤੋਂ ਦੂਰ ਰਹੇ, ਉਵੇਂ ਧਰਮ ਤੋਂ ਵੀ ਦੂਰ ਰਹੇ। ਕਿਉਂਕੀ ਉਹਨਾਂ ਦਾ ਮਕਸਦ ਦੇਸ਼ਹਿਤੂ ਤੇ ਜਨਹਿਤੂ ਸੀ........ਮੈਂਨੂੰ ਬੜਾ ਚੰਗਾ ਲਗਦਾ ਹੈ ਜਦੋਂ ਤੁਸੀ ਮੈਂਨੂੰ ਸਲਾਮ ਕਹਿੰਦੇ ਹੋ ਅਤੇ ਮੈਂ ਤੁਹਾਨੂੰ ਸੱਤ ਸ੍ਰੀ ਅਕਾਲ ਕਹਿੰਦਾ ਹਾਂ ਇਹ ਹੈ ਇਕ ਦੁਜੇ ਦੇ ਧਰਮ ਦਾ ਸਨਮਾਨ......ਵਿਲਸਨ ਦੀਆਂ ਇਹਨਾਂ ਗੱਲਾਂ ਨਾਲ ਮੈਂ ਸਹਿਮਤ ਸੀ।

ਇਕਲ 'ਚ ਹਰ ਆਦਮੀ ਆਪਣੇ 'ਤੇ ਪ੍ਰਭਾਵੀ ਸੋਚ ਨਾਲ ਗੱਲਾਂ ਕਰਦਾ ਹੈ......ਨੰਦੀ ਗਰਾਮ ਦੇ ਦੰਗਿਆਂ ਦੀਆਂ ਖਬਰਾਂ......ਉਸਤੇ ਪਾਰਟੀਆਂ ਦੇ ਸਪਸ਼ਟੀਕਰਨ.....ਵਿਦਆਰਥੀਆਂ ਦੇ ਧਰਨੇ....ਨਿਜ਼ੀਕਰਨ ਦੇ ਖਿਲਾਫ ਜਥੇਬੰਦੀਆਂ ਦਾ ਘੋਲ.....ਨਵੀਨੀਕਰਨ ਦੀ ਆੜ 'ਚ ਭੂਮਾਫੀਆ....ਚੋਰੀਆਂ.... ਡਕੈਤੀਆਂ ਅਤੇ ਮਹਿੰਗਾਈ ਆਦਿ ਦੇ ਮਸਲੇ ਅਤੇ ਇਹਨਾਂ 'ਤੇ ਹੋ ਰਹੀ ਰਾਜਨੀਤੀ ਦੇ ਲੇਖ ਪੜ ਕੇ ਮਨ ਉਦਾਸ ਹੁੰਦਾ ਕਿ ਇਸ ਸਭ ਦਾ ਫ਼ਾਮੀਆਜਾ ਹਰ ਆਮ ਆਦਮੀ ਭੁਗਤ ਰਿਹੈ।

ਮੈਨੂੰ ਯਾਦ ਆਇਆ ਕਿ ਅੱਜ ਸੰਸਦ ਦੇ ਸੈਸ਼ਨ ਸਿੱਧਾ ਪ੍ਰਸਾਰਨ ਟੀ.ਵੀ. 'ਤੇ ਹੈ ਸ਼ਹੀਦੇ ਆਜ਼ਮ ਦੇ ਬੁੱਤ ਦੀ ਹਾਜ਼ਰੀ 'ਚ ਇਹ ਦੂਸਰਾ ਤੀਸਰਾ ਸੈਸ਼ਨ ਸੀ.......ਬਹਿਸ ਦਾ ਸਿਲਸਿਲਾ ਜਾਰੀ ਸੀ.....ਜਾਗਰੂਕ ਨਾਗਰਿਕ ਵਾਂਗ ਮੇਰੇ ਅੰਦਰ ਵੀ ਇਕ ਬਹਿਸ ਛਿੜ ਰਹੀ ਸੀ......ਤੁਲਨਾਤਮਕ ਵਿਸ਼ਲੇਸ਼ਣ ਦੀਆਂ ਕੁੱਝ ਦਲੀਲਾਂ ਦੇ ਫਿਕਰੇ ਤੇ ਉਹਨਾਂ ਦੇ ਪੈਰੇ ਮੇਰੇ ਅੰਦਰ ਘੋਲ ਕਰਨ ਲੱਗੇ ਅਤੇ ਮੈਂ ਸੰਸਦ ਸਾਗਰ 'ਚ ਵਹਿ ਗਿਆ , ਇਕ ਆਮ ਆਦਮੀ ਸੰਸਦ 'ਚ ਘੁਸਪੈਠ ਕਰ ਗਿਆ........ਮੈਂ ਆਪਣੇ ਲੀਡਰਾਂ ਲਾਗੇ ਬੈਠਣ ਦੀ ਬਜਾਏ ਸ਼ਹੀਦੇ ਆਜ਼ਮ ਦੇ ਨਾਲ ਜਾ ਖੜੋਤਾ........ਬਹਿਸ ਦਾ ਤੰਦੂਰ ਗਰਮ ਸੀ......ਤਾਜੇ ਦੰਗਿਆਂ ਦੇ ਅੰਕੜੇ ਸਾਹਮਣੇ ਆਏ, ਉਸ 'ਤੇ ਹੋਈ ਰਾਜਨੀਤੀ ਦਾ ਪਰਦਾਫਾਸ਼ ਦੀ ਕੋਸ਼ਿਸ਼ ਨੇ ਕੁੱਝ ਨਾ ਕੀਤਾ.....ਕਿਸੇ ਵਲੋਂ ਕੋਈ ਨੈਤਿਕ ਜਿੰਮੇਵਾਰੀ ਨਹੀ ਕਬੂਲੀ......ਮੈ ਭਗਤ ਜੀ ਦੇ ਬੁੱਤ ਦੇ ਨਾਲ ਜੁੜ ਗਿਆ ਤੇ ਉਸਦੇ ਮੋਢੇ ਦੇ ਸਹਾਰੇ ਖੜੋ ਗਿਆ, ਮੇਰਾ ਧਿਆਨ ਸਰਕਾਰੀ ਮੀਡੀਏ ਵੱਲ ਗਿਆ......ਮੈਂ ਖੁਸ਼ ਸੀ, ਅਗਲੇ ਹੀ ਪਲ ਮੇਰਾ ਚਿਹਰਾ ਉੱਤਰ ਆਇਆ.....ਮੇਰਾ ਧਿਆਨ ਸ਼ਹੀਦੇ ਆਜ਼ਮ ਦੇ ਚਿਹਰੇ ਵੱਲ ਗਿਆ, ਉਹ ਉਦਾਸ ਸੀ.......ਸਵਾਲ ਉਸਨੂ ਤੀਰਾਂ ਵਾਂਗ ਤੇ ਅੰਕੜੇ ਉਸਨੂੰ ਗੋਲੀਆਂ ਵਾਂਗ ਛਲਨੀ ਕਰ ਰਹੇ ਸਨ...... ਡੇਢ ਲੱਖ ਕਿਸਾਨਾ ਵੱਲੋਂ ਹੁਣ ਤਕ ਕੀਤੀ ਖੁਦਕੁਸ਼ੀ ਦੇ ਅੰਕੜਿਆਂ ਸਾਨੂੰ ਕੰਬਾਅ ਦਿੱਤਾ........ਮੈਨੂੰ ਉਸਦਾ "ਪਗੜੀ ਸੰਭਾਲ ਓ ਜਟਾ " ਗੀਤ ਯਾਦ ਆ ਗਿਆ.......ਮੇਰਾ ਹੱਥ ਪਹਿਲਾਂ ਮੇਰੀ ਆਪਣੀ ਪੱਗ 'ਤੇ ਗਿਆ ਅਤੇ ਫਿਰ ਸ਼ਹੀਦੇਆਜ਼ਮ ਦੀ ਪੱਗ 'ਤੇ ਲੱਗਾ ਜੋ ਗਰਮ ਜਿਹੀ ਲੱਗੀ.....ਦਲੀਲਾਂ ਦੇ ਬਾਲਣ ਨਾਲ ਬਹਿਸ ਦਾ ਤੰਦੂਰ ਹੋਰ ਗਰਮ ਹੁੰਦਾ ਜਾ ਰਿਹਾ ਸੀ , ਆਮ ਆਦਮੀ ਇਹਨਾਂ ਵਿਸ਼ਿਆਂ 'ਚ ਮਾੜੇ ਆਟੇ ਦੇ ਫੁਲਕੇ ਵਾਂਗ ਭੁੱਜ ਰਿਹਾ ਸੀ.....ਸਰਕਾਰੀ ਸੈਕਟਰ ਦੀਆਂ ਨਕਾਮੀਆਂ ਤੇ ਨਿੱਜੀ ਸੈਕਟਰ ਦੀ ਪ੍ਰਸ਼ੰਸਾ ਬਰਦਾਸ਼ੋ ਬਾਹਰ ਸੀ....ਮੁਲਾਜਮ ਅਤੇ ਤਨਖਾਹਾਂ ਘਟਾਉਣ ਦੀਆਂ ਚਾਲਾਂ ਤੇ ਆਪਣੇ ਭੱਤੇ ਵਧਾਉਣ ਦੇ ਮਨਸੂਬੇ ......ਪੈਨਸ਼ਨਾ ਬੰਦ ਕਰਨ ਲਈ ਬਿਲ ਬਨਾਉਣ ਦੀਆਂ ਤਜ਼ਵੀਜਾਂ......ਵਧ ਰਿਹਾ ਭ੍ਰਸ਼ਿਟਾਚਾਰ ਅਤੇ ਭ੍ਰਸ਼ਿਟ ਨੇਤਾਵਾਂ 'ਤੇ ਮੈਂ ਸ਼ਹੀਦੇਆਜ਼ਮ ਨੂੰ ਇਕ ਸ਼ੇਅਰ ਸੁਣਾਇਆ..

                 ਜਿਨਾਂ ਦਾ ਜ਼ੁਰਮ ਸੀ ਹਰ ਜੇਲ ਤੋਂ ਵੱਡਾ

                 ਉਨਾਂ ਲਈ ਇਸ ਦੇਸ਼ ਨੇ ਸੰਸਦ ਬਣਾਈ ਹੈ.....

ਦਾਤ ਲਈ ਮੈਂ ਉਸ ਨਾਲ ਹੱਥ ਮਿਲਾਇਆ ਤਾਂ ਤ੍ਰਬਕ ਗਿਆ ਉਸਦਾ ਹੱਥ ਤਪ ਰਿਹਾ ਸੀ, ਮੈਂ ਉਸ ਵੱਲ ਵੇਖਿਆ....ਇਕ ਭਾਂਬੜ  ਮੈਨੂੰ ਉਸਦੀਆਂ ਅੱਖਾ 'ਚ ਵੀਖਿਆ...... ਮੈਂ ਠਠੰਬਰ ਗਿਆ ਤੇ ਉਸ ਨਾਲ ਨਜ਼ਰਾਂ ਨਾ ਮਿਲਾ ਸੱਕਿਆ.....ਮੈਂ ਸਵੈਨਰੀਖਣ ਕੀਤਾ....ਦੇਸ਼ ਪ੍ਰਤੀ ਮੈਂਨੂੰ ਆਪਣੀਆਂ ਜਿੰਮੇਵਾਰੀਆਂ ਦਾ ਪਲੜਾ ਮਹਿਜ਼ ਗੱਲਾਂ, ਦਲੀਲਾਂ ਤੇ ਸੰਘਰਸ਼ ਨਾ ਕਰਨ ਦੇ ਬਹਾਨੇ ਹੀ ਨਜ਼ਰ ਆਏ......

ਸੰਸਦ 'ਚ ਬਹਿਸ ਦਾ ਤੰਦੂਰ ਹੁਣ ਲਾਂਬੂ 'ਚ ਬਦਲ ਚੁੱਕਾ ਸੀ, ਸਵਾ ਕਰੋੜ ਭਾਰਤੀ ਜਨਤਾ ਦੇ ਨੁੰਮਾਂਇਦੇ ਹੁਣ ਆਪਸ 'ਚ ਛਿੱਤਰੋ ਛਿੱਤਰੀ ਸਨ....... ਬੂਟ, ਚਪਲਾਂ, ਮਾਇਕ ਅਤੇ ਕੁਰਸੀਆਂ ਆਦਿ ਮੀਂਹ ਵਾਂਗ ਵਰ ਰਹੇ ਸਨ.......ਔਰਤਾਂ ਪ੍ਰਤੀਨਿਧੀ ਵੀ ਘੱਟ ਨਹੀਂ ਸੀ ਕਰ ਰਹੀਆਂ .....ਬਰਾਬਰ ਕੋਟੇ ਦਾ ਹੱਕ ਮੰਗਣ ਵਾਲੀਆਂ ਨਵੀਆਂ ਤਕਨੀਕਾਂ ਸਿੱਖ ਰਹੀਆਂ ਸਨ.....ਮਸਲਿਆਂ ਦੀ ਥਾਂ ਗਾਲਾਂ ਤੇ ਦਲੀਲਾਂ ਅਤੇ ਅੰਕੜਿਆਂ ਦੀ ਥਾਂ ਘੁਟਮਾਰ, ਘਸੁਨਮੂਕੀ ਅਤੇ ਖਿੱਚ ਧੂਹ ਨੇ ਲੈ ਲਈ ਸੀ .....ਸਭਾਪਤੀ ਮੇਜ਼ ਕੁੱਟ ਕੁੱਟ ਹਾਰ ਚੁੱਕਾ ਸੀ।

ਮੈਂ ਤੇ ਸ਼ਹੀਦੇ ਆਜ਼ਮ ਇਹ ਦੰਗਲ ਦੇਖ ਰਹੇ ਸਾਂ, ਦੋਂਵੇਂ ਬਰਾਬਰ ਇਕੋ ਗੱਲ ਸੋਚ ਰਹੇ ਸਾਂ.......ਕੀ ਹੈ ਆਜ਼ਾਦੀ ਤੇ ਉਸਦਾ ਸੰਘਰਸ਼ ? ਕਿਥੇ ਗਈਆਂ ਕੁਰਬਾਨੀਆਂ.....? ਮੈਂ ਸਹੀਦੇਆਜ਼ਮ ਦੇ ਰੁਬਰੂ ਹੋ ਗਿਆ। ਮੈਂ ਉਸ ਨਾਲ ਨਜ਼ਰ ਮਿਲਾਉਣ ਦੀ ਕੋਸ਼ਿਸ਼ ਕੀਤੀ......."ਤੇਰੀ ਸੋਚ, ਤੇਰੇ ਵਿਚਾਰ ਤੇ ਤੇਰੀ ਕੁਰਬਾਨੀ ਦੇ ਸੈਕੜੇ ਸਾਲਾਂ ਬਾਅਦ ਅਸੀ ਹੁਣ ਤੱਕ ਇਹੋ ਤਰੱਕੀ ਕੀਤੀ ਹੈ।" ਮੈਂ ਇਕੋ ਸਾਹੇ ਬੋਲ ਗਿਆ।........ਬੁੱਤ ਲਾਲ ਹੁੰਦਾ ਗਿਆ..... ਗਰਮਦਲੀਆਂ ਦਾ ਇਹ ਆਗੂ ਭਾਰਤ ਬਨਾਮ ਇੰਡੀਆ ਦਾ ਇਹ ਹਾਲ ਵੇਖ ਕੇ ਰੋ ਪੈਂਦਾ ਤਾਂ ਗਲਤ ਹੁੰਦਾ, ਉਸਦੇ ਅੱਥਰੂ ਉਸਨੂੰ ਠੰਡਾ ਕਰ ਜਾਂਦੇ ਕਿਉਂਕੀ ਉਸਦਾ aਦੇਸ਼ ਗਲਤ ਨੀਤੀਆਂ ਨਾਲ ਸਮਝਾਉਤਾ ਨਹੀ ਸੀ......ਆਜ਼ਾਦੀ ਦੇ ਨਾਇਕ ਦੀ ਸੰਘਰਸ਼ ਯੋਜਨਾ 'ਚ ਸੰਸਦ ਦਾ ਅਜਿਹਾ ਹਾਲ ਕਦੇ ਸੋਚਿਆ ਨਹੀ ਸੀ......ਉਸ ਤੋਂ ਇਹ ਬਰਦਾਸ਼ ਨਹੀਂ ਸੀ ਹੋ ਰਿਹਾ....ਉਹ ਲਾਲ ਹੁੰਦਾ ਗਿਆ, ਅੱਖਾਂ ਦੀ ਅੱਗ ਸ਼ਰੀਰ 'ਚ ਦਾਖਲ ਹੋ ਗਈ....ਇਕ ਜ਼ੋਰਦਾਰ ਧਮਾਕਾ ਸੰਸਦ 'ਚ 1926-27 ਵਾਂਗ ਹੀ ਹੋਇਆ....ਤੇ ਹੁਣ aਸਦਾ ਬੁੱਤ ਹੀ ਫਟ ਗਿਆ.....ਹਾਲ 'ਚ ਓਸੇ ਤਰਾਂ ਭਗਦੜ ਸੀ......ਮੈਂ ਬੇਹੋਸ਼ ਹੋ ਕੇ ਟੈਲੀਵਿਜ਼ਨ ਅੱਗੇ ਡਿੱਗ ਪਿਆ ....ਕਹਿੰਦੇ ਨੇ ਘਰ ਵਾਲਿਆਂ ਮੈਨੂੰ ਚੁੱਕਿਆ ਤੇ ਪਾਣੀ ਪਿਆਇਆ.......ਕੁੱਝ ਅਵਾਜ਼ਾਂ ਅਜੇ ਵੀ ਮੇਰੇ ਕੰਨਾ 'ਚ  ਗੂੰਜ ਰਹੀਆਂ ਸਨ.........