ਗ਼ਦਰੀ ਕਵਿਤਾ ਦੀ ਭਾਸ਼ਾ ਅਤੇ ਇਸ ਦਾ ਮਹੱਤਵ (ਲੇਖ )

ਕੁਲਵਿੰਦਰ ਖਹਿਰਾ   

Email: kkhehra@acn.net
Address:
British Columbia Canada
ਕੁਲਵਿੰਦਰ ਖਹਿਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਜਦੋਂ ਦੁਨੀਆਂ ਭਰ ਵਿੱਚ ਗ਼ਦਰ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਇਸ ਦੇ ਸਭ ਆਪਣੇ-ਬੇਗਾਨਿਆਂ ਦਾ ਇਸ ਨੂੰ ਆਪੋ-ਆਪਣੇ ਸਾਂਚੇ ਵਿੱਚ ਢਾਲਣ ਦਾ ਜ਼ੋਰ ਲੱਗਾ ਹੋਇਆ ਹੈ। ਕੋਈ ਇਸ ਨੂੰ "ਸਿੱਖ ਵਿਰਾਸਤੀ" ਹੋਣ ਦਾ ਚੋਲਾ ਪਵਾ ਕੇ ਖਾਲਿਸਤਾਨ ਦੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੋਈ ਇਸ ਨੂੰ ਕਵਿਤਾ ਮੰਨਣ ਤੋਂ ਹੀ ਇਨਕਾਰੀ ਹੋ ਰਿਹਾ ਹੈ। ਇਹ ਇੱਕ ਅਜਿਹੀ ਦੌੜ ਹੈ ਜਿਸ ਵਿੱਚ ਜਿੱਥੇ ਇੱਕ ਪਾਸੇ ਗ਼ਦਰੀ ਬਾਬਿਆਂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਸੁਹਿਰਦ ਯਤਨ ਹੋ ਰਹੇ ਹਨ ਅਤੇ ਦੂਸਰੇ ਪਾਸੇ ਇਸ ਨੂੰ ਇੱਕ ਫ਼ਿਰਕੇ ਨਾਲ਼ ਜੋੜ ਕੇ ਜਿੱਥੇ ਗ਼ਦਰੀ ਸੋਚ ਦਾ ਕਤਲ ਕਰਨ ਅਤੇ ਇਸ ਦੇ ਨਾਲ਼ ਹੀ (ਗ਼ਦਰੀ ਸੰਘਰਸ਼ ਨੂੰ ਸਿਰਫ ਸਿੱਖਾਂ ਦਾ ਸੰਘਰਸ਼ ਕਹਿ ਕੇ ਇਸ ਵਿਚਲਾ 'ਸਰੱਬਤ' ਦੇ ਭਲੇ ਵਾਲ਼ਾ ਮਾਦਾ ਮਾਰ ਕੇ) ਸਿੱਖਾਂ ਦਾ ਕੱਦ ਛਾਂਙਣ ਦੇ ਕੋਝੇ ਯਤਨ ਹੋ ਰਹੇ ਹਨ ਓਥੇ ਇਸ ਦੀ ਕਵਿਤਾ ਪ੍ਰਤੀ ਸਵਾਲ ਪੈਦਾ ਕਰਕੇ ਇਸ ਨੂੰ ਛੁਟਿਆਉਣ ਦੀਆਂ ਚਾਲਾਂ ਵੀ ਹੋ ਰਹੀਆਂ ਹਨ।

ਇਸੇ ਸੰਦਰਭ ਵਿੱਚ ਪਿੱਛੇ ਜਿਹੇ ਇੱਕ ਲੇਖ ਪੜ੍ਹਿਆ ਜਿਸ ਦਾ ਮੂਲ ਮੰਤਵ ਗ਼ਦਰੀ ਲਹਿਰ ਦੀ ਕਵਿਤਾ ਨੂੰ 'ਅਕਵਿਤਾ' ਸਿੱਧ ਕਰਕੇ ਇਸ ਨੂੰ ਸ਼ੋਰ ਅਤੇ ਨਾਅਰੇਬਾਜ਼ੀ ਦੀ ਕਵਿਤਾ ਸਿੱਧ ਕਰਨਾ ਸੀ। ਲੇਖਕ ਦਾ ਵਿਚਾਰ ਸੀ ਕਿ ਗ਼ਦਰੀ ਕਵਿਤਾ ਕਵਿਤਾ ਨਹੀਂ ਬਲਕਿ ਇੱਕ ਸ਼ੋਰ ਹੈ ਜਿਸ ਨੂੰ ਕਵਿਤਾ ਨਹੀਂ ਮੰਨਿਆ ਜਾ ਸਕਦਾ। ਇਸੇ ਤਰ੍ਹਾਂ ਹੀ ਗ਼ਦਰੀ ਕਵਿਤਾ ਦੀ ਤੁਲਨਾ ਉਸ ਦੌਰ ਨਾਮਵਰ ਕਵੀਆਂ (ਟੈਗੋਰ, ਇਕਬਾਲ, ਚੈਟਰਜੀ, ਆਦਿ) ਨਾਲ਼ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ ਉਸ ਸਮੇਂ ਕਾਵਿ ਕਜਲਾ ਏਨੇ ਉੱਚੇ ਪੱਧਰ 'ਤੇ ਪਹੁੰਚੀ ਹੋਈ ਸੀ ਤਾਂ ਫਿਰ ਗ਼ਦਰੀ ਕਵਿਤਾ ਵਿੱਚ ਕਾਵਿਕਤਾ ਮੌਜੂਦ ਕਿਉਂ ਨਹੀਂ ਸੀ?

ਉਪਰੋਕਤ ਤੁਲਨਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੁਝ ਲੋਕਾਂ ਦੀ ਨਜ਼ਰ ਵਿੱਚ ਕਵਿਤਾ ਦੀ ਅਸਲ ਪਛਾਣ ਸਿਰਫ ਅਤੇ ਸਿਰਫ ਕਲਤਾਮਕ ਅਤੇ ਸ਼ਾਬਦਿਕ ਕਲਾਬਾਜ਼ੀਆਂ ਲਾਉਣੀ ਹੀ ਹੁੰਦੀ ਹੈ ਜਦਕਿ ਦੂਸਰੇ ਪਾਸੇ ਉਹ ਲੋਕ ਸਨ ਜੋ ਇਸ ਵਿਚਾਰ ਦੇ ਧਾਰਨੀ ਸਨ ਕਿ ਲੋੜ ਪੈਣ 'ਤੇ ਕਲਮ ਤਲਵਾਰ ਵੀ ਬਣ ਸਕਦੀ ਹੈ। ਏਥੇ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ ਅਜਿਹੀ ਤੁਲਨਾ ਜਾਇਜ਼ ਹੈ? ਇਸ ਪਰਖ ਨੂੰ ਮੈਂ ਤਿੰਨ ਨੁਕਤਿਆਂ ਵਿੱਚ ਵੰਡਦਾ ਹਾਂ: ਕਵੀ ਦਾ ਸਰੋਤ, ਕਵੀ ਦਾ ਨਿਸ਼ਾਨਾ, ਅਤੇ ਕਵੀ ਦਾ ਸਰੋਤਾ।

ਕਵੀ ਦਾ ਸਰੋਤ

ਕਵੀ ਦਾ ਸਰੋਤ ਪਰਖਣ ਲਈ ਸਾਨੂੰ ਕਵੀਆਂ ਦੇ ਪਿਛੋਕੜ ਨੂੰ ਫਰੋਲਣਾ ਪਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਉਹ ਆਪਣੀ ਕਲਾ-ਕਿਰਤ ਅਤੇ ਆਪਣੀ ਸ਼ੈਲੀ ਕਿੱਥੋਂ ਲੈ ਰਹੇ ਸਨ। ਗ਼ਦਰੀ ਕਵੀ ਉਹ ਸਨ ਜੋ ਗ਼ਰੀਬੀ ਅਤੇ ਥੁੜਾਂ ਦੇ ਮਾਰੇ ਹੋਏ ਪਹਿਲਾਂ ਬਰਤਾਨਵੀ ਸਰਕਾਰ ਦੀ ਫੌਜ ਵਿੱਚ ਭਰਤੀ ਰਹੇ ਅਤੇ ਫਿਰ ਦੇਸ਼-ਵਿਦੇਸ਼ੀਂ ਧੱਕੇ ਖਾਂਦੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਪਹੁੰਚੇ। ਉਨ੍ਹਾਂ ਨੂੰ ਆਸ ਸੀ ਕਿ ਬਰਤਾਨਵੀ ਸਲਤਨਤ ਦਾ ਹਿੱਸਾ ਹੋਣ ਕਰਕੇ ਅਤੇ ਬਰਤਾਨਵੀ ਸਰਕਾਰ ਦੇ ਸਿਪਾਹੀ ਰਹੇ ਹੋਣ ਦੇ ਨਾਤੇ ਉਨ੍ਹਾਂ ਨੂੰ ਮਾਣ-ਸਤਿਕਾਰ ਮਿਲ਼ੇਗਾ ਅਤੇ ਉਹ ਕੈਨੇਡਾ ਅਮਰੀਕਾ ਵਿੱਚ ਇੱਜ਼ਤ ਦੀ ਰੋਟੀ ਕਮਾ ਸਕਣਗੇ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਰਦੀਆਂ ਅਤੇ ਤਗ਼ਮਿਆਂ ਦਾ ਮਤਲਬ ਸਿਰਫ ਗੋਲ਼ੀਆਂ ਅੱਗੇ ਹਿੱਕ ਡਾਹ ਕੇ ਬਰਤਾਨਵੀ ਤਖ਼ਤ ਨੂੰ ਸਲਾਮਤ ਰੱਖਣ ਤੱਕ ਹੀ ਸੀਮਤ ਹੈ ਤਾਂ ਉਨ੍ਹਾਂ ਨੇ ਇਹ ਵਰਦੀਆਂ ਅਤੇ ਤਗ਼ਮੇਂ ਅੱਗ ਵਿੱਚ ਸਾੜ ਦਿੱਤੇ ਅਤੇ ਉਹੀ ਬੰਦੂਕਾਂ ਆਪਣੀ ਆਜ਼ਾਦੀ ਦੀ ਖ਼ਾਤਰ ਚੁੱਕਣ ਦਾ ਪਰਣ ਕਰ ਲਿਆ ਜੋ ਉਨ੍ਹਾਂ ਨੇ ਆਪਣੇ ਪੇਟ ਦੀ ਭੁੱਖ ਮਿਟਾਉਣ ਖ਼ਾਤਿਰ ਭੋਲ਼ੇ-ਭਾਅ ਹੀ ਆਪਣੀ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਪੱਕਿਆਂ ਕਰਨ ਲਈ ਚੁੱਕੀ ਰੱਖੀਆਂ ਸਨ। ਕੈਨੇਡਾ ਅਮਰੀਕਾ ਆ ਕੇ ਉਨ੍ਹਾਂ ਨੇ ਨਸਲਵਾਦ ਦੇ ਨਾਗਾਂ ਦੇ ਡੰਗ ਜਰੇ ਸਨ, ਉਨ੍ਹਾਂ ਨੇ ਬੇਗਾਨੇ ਦੇਸ਼ ਦੀਆਂ ਸੜਕਾਂ 'ਤੇ ਮਾਰਾਂ ਖਾਧੀਆਂ ਸਨ, ਉਨ੍ਹਾਂ ਨੇ ਆਪਣੀ ਗ਼ਰੀਬੀ ਮਿਟਾਉਣ ਦੀ ਖ਼ਾਤਿਰ ਨਖਿੱਧ ਚਾਕਰੀਆਂ ਲਈ ਤਰਲੇ ਕੱਢੇ ਸਨ। ਇਸ ਸਭ ਕਾਸੇ ਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਣ ਦੇ ਵੀ ਯਤਨ ਹੋਣ ਲੱਗੇ ਤਾਂ ਉਨ੍ਹਾਂ ਅੱਗੇ ਸਿਵਾਏ ਬਗ਼ਾਵਤ ਤੋਂ ਹੋਰ ਕੋਈ ਵੀ ਰਸਤਾ ਨਹੀਂ ਸੀ ਬਚਦਾ ਜੋ ਉਨ੍ਹਾਂ ਦੀ ਗ਼ੈਰਤ ਨੂੰ ਬਰਕਰਾਰ ਰੱਖ ਸਕਦਾ ਹੋਵੇ। ਕੈਨੇਡਾ ਅਮਰੀਕਾ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਮਰਨਾ-ਮਾਰਨਾ (ਫੌਜ ਦੀ ਨੌਕਰੀ) ਰਿਹਾ ਸੀ। ਕੈਨੇਡਾ ਆ ਕੇ ਵੀ ਉਨ੍ਹਾਂ ਦਾ ਸਾਹਮਣਾ ਦੁਸ਼ਮਣ ਨਾਲ਼ ਹੀ ਹੋਇਆ ਜਿਸ ਦੇ ਪਿੱਠੂ ਵੀ ਅਤੇ ਨਸਲੀ ਅਨਸਰ ਵੀ ਹਥਿਆਰਾਂ ਦੀ ਹੀ ਬੋਲੀ ਬੋਲਦੇ ਅਤੇ ਸਮਝਦੇ ਸਨ। ਇਸ ਲਈ ਕੁਦਰਤੀ ਸੀ ਕਿ ਉਨ੍ਹਾਂ ਵੱਲੋਂ ਲਿਖਿਆ ਜਾਣ ਵਾਲ਼ਾ ਸਾਹਿਤ ਵੀ "ਰਣ-ਤੱਤੇ" ਦਾ ਸਾਹਿਤ ਹੀ ਹੋ ਸਕਦਾ ਸੀ।

ਦੂਸਰੇ ਪਾਸੇ ਜਿਨ੍ਹਾਂ ਤਿੰਨ ਹਿੰਦੀ ਸਾਹਿਤਕਾਰਾਂ ਦੀ ਕਲਾ ਨਾਲ਼ ਗ਼ਦਰੀ ਕਵਿਤਾ ਦੀ ਤੁਲਨਾ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਪਿਛੋਕੜ ਅਮੀਰਾਨਾ ਸ਼ਾਹੀ ਠਾਠ ਵਾਲ਼ਾ ਹੀ ਨਹੀਂ ਸਗੋਂ ਬਰਤਾਨਵੀ ਸਰਕਾਰ ਨਾਲ਼ ਦੋਸਤਾਨਾ ਅਤੇ ਖਿਦਮਤਗਾਰੀ ਵਾਲ਼ਾ ਵੀ ਸੀ।

1838 ਵਿੱਚ ਇਕ ਬੰਗਾਲ਼ੀ ਬ੍ਰਾਹਮਣ ਪਰਵਾਰ ਵਿੱਚ ਪੈਦਾ ਹੋਇਆ ਅਤੇ ਅੰਗ੍ਰੇਜ਼ੀ ਸਕੂਲਾਂ ਵਿੱਚ ਪੜ੍ਹਿਆ ਬੰਕਮ ਚੈਟਰਜੀ ਕਲਕੱਤਾ ਯੂਨੀਵਰਸਿਟੀ ਵਿੱਚੋਂ ਗਰੈਜੂਏਟ ਹੋਣ ਵਾਲ਼ੀ ਪਹਿਲੀ ਟੋਲੀ ਵਿੱਚੋਂ ਇੱਕ ਸੀ। ਭਾਵੇਂ ਉਸ ਨੇ 'ਵੰਦੇ-ਮਾਤਰਮ' ਵੀ ਲਿਖਿਆ ਪਰ ਹਕੀਕਤ ਵਿੱਚ ਉਸ ਨੇ ਆਪਣੀ ਉਮਰ ਡਿਪਟੀ ਮੈਜਿਸਟਰੇਟ ਅਤੇ ਡਿਪਟੀ ਕੁਲੈਕਟਰ ਦੀਆਂ ਉਪਾਧੀਆਂ 'ਤੇ ਬਰਤਾਨਵੀ ਸਰਕਾਰ ਦੀ ਖਿਦਮਤ ਕਰਦਿਆਂ ਹੀ ਗੁਜ਼ਾਰੀ ਸੀ।

ਠਾਕਰ ਘਰਾਣੇ ਵਿੱਚ ਪੈਦਾ ਹੋਏ ਰਾਬਿੰਦਰ ਨਾਥ ਟੈਗੋਰ ਦੀ ਅੱਖ ਹੀ ਸਰਕਾਰੀ ਮਹਿਲਾਂ ਦੇ ਸਾਏ ਹੇਠ ਖੁੱਲ੍ਹੀ ਸੀ। ਉਸ ਦੇ ਬਾਬੇ ਦੀ ਮਲਕਾ ਵਿਕਟੋਰੀਆ ਤੱਕ ਪਹੁੰਚ ਸੀ, ਵੱਡੇ ਭਰਾ ਨੂੰ ਅਤੇ ਟੈਗੋਰ ਨੂੰ ਵੀ ਸਰਕਾਰੀ ਖਿਤਾਬ "ਸਰ" ਹਾਸਲ ਸੀ, ਜੋ ਉਸ ਨੇ ਬਹੁਤ ਦੇਰ ਬਾਅਦ ਵਾਪਸ ਕਰ ਦਿੱਤਾ ਸੀ। ਏਥੋਂ ਤੱਕ ਕਿ ਉਸ ਦਾ ਆਪਣਾ ਨਾਂ ਵੀ ਗੋਰਿਆਂ ਦੀ ਹੀ ਦੇਣ ਸੀ "ਠਾਕਰ" ਕਹਿਣ ਤੋਂ ਅਸਮਰੱਥ ਹੋਣ ਕਰਕੇ ਟੈਗੋਰ ਦੇ ਬਾਬੇ ਦੇ ਸਮੇਂ ਤੋਂ ਹੀ ਗੋਰੇ ਇਨ੍ਹਾਂ ਨੂੰ "ਟੈਗੋਰ" ਕਹਿਣ ਲੱਗ ਪਏ ਸਨ। ਉਹ ਨੋਬਲ ਪਰਾਈਜ਼ ਜਿੱਤਣ ਵਾਲ਼ਾ ਪਹਿਲਾ ਗ਼ੈਰ ਯੂਰਪੀਅਨ ਵੀ ਸੀ। ਇਸ ਤਰ੍ਹਾਂ ਉਹ ਨਾ ਸਿਰਫ ਇੱਕ ਅਮੀਰ ਪਰਵਾਰ ਨਾਲ਼ ਸਬੰਧਤ ਸੀ ਸਗੋਂ ਚੈਟਰਜੀ ਵਾਂਗ ਹੀ ਅੰਤਰਰਾਸ਼ਟਰੀ ਪੱਧਰ ਦੇ ਸਾਹਿਤ ਤੋਂ ਵੀ ਵਾਕਿਫ਼ ਸੀ।

ਇਸੇ ਤਰ੍ਹਾਂ 1877 ਵਿੱਚ 'ਸਰ' ਅਲਾਮਾ ਇਕਬਾਲ ਭਾਵੇਂ ਪੈਦਾ ਪੰਜਾਬ ਦੇ ਗ਼ਰੀਬ ਪੰਡਿਤ ਪਰਵਾਰ (ਜਿਸ ਦਾ ਬਾਬਾ ਮੁਸਲਮਾਨ ਬਣਿਆ ਸੀ ਅਤੇ ਰਣਜੀਤ ਸਿੰਘ ਦੇ ਰਾਜ ਸਮੇਂ ਕਸ਼ਮੀਰ ਤੋਂ ਪੰਜਾਬ ਆ ਵਸਿਆ ਸੀ) ਵਿੱਚ ਹੋਇਆ ਸੀ ਪਰ ਵਕਾਲਤ ਉਸ ਨੇ ਇੰਗਲੈਂਡ ਵਿੱਚ ਜਾ ਕੇ ਹੀ ਕੀਤੀ ਸੀ ਅਤੇ ਓਥੋਂ ਹੀ ਆਪਣੇ ਨਾਲ਼ ਦੇਸ਼ ਦੀ ਵੰਡ ਦੇ ਬੀਜ ਵੀ ਲੈ ਕੇ ਆਇਆ ਸੀ।

ਇਸ ਤਰ੍ਹਾਂ ਭਾਰਤ ਦੇ ਮਹਾਨ ਮੰਨੇ ਜਾਂਦੇ ਇਨ੍ਹਾਂ ਕਵੀਆਂ ਦੀ ਕਵਿਤਾ ਦਾ ਮਨੋਰਥ ਦਬਵੀਂ ਸੁਰ ਵਿੱਚ ਭਾਵੇਂ ਲੋਕ-ਪੱਖੀ ਜਾਪਦਾ ਹੋਵੇ ਪਰ ਇਹ ਨਹੀਂ ਭੁੱਲਿਆ ਜਾ ਸਕਦਾ ਕਿ ਉਨ੍ਹਾਂ ਦੇ ਰੁਤਬੇ ਜਾਂ ਰੋਜ਼ਗਾਰ ਦੀਆਂ ਤੰਦਾ ਬਰਤਾਨਵੀ ਸਰਕਾਰ ਦੇ ਹੱਥਾਂ ਵਿੱਚ ਸਨ। ਜਦਕਿ ਗ਼ਦਰੀਆਂ ਕੋਲ਼ ਨਾ ਤਾਂ ਇਨ੍ਹਾਂ ਕਵੀਆਂ ਵਾਲ਼ੀ ਆਰਥਿਕ ਅਮੀਰੀ ਹੀ ਸੀ ਅਤੇ ਨਾ ਹੀ ਅਕਾਦਮਿਕ ਪੱਧਰ ਦਾ ਗਿਆਨ-ਭੰਡਾਰ। ਇਸ ਲਈ ਉਨ੍ਹਾਂ ਦੇ ਬਿੰਬ, ਸ਼ਬਦਾਵਲੀ, ਅਤੇ ਕਲਾ ਹਰਗਿਜ਼ ਨਾ ਤਾਂ ਟੈਗੋਰ, ਇਕਬਾਲ, ਅਤੇ ਚੈਟਰਜੀ ਵਰਗੀ ਹੀ ਹੋ ਸਕਦੀ ਸੀ ਅਤੇ ਨਾ ਹੀ 100 ਸਾਲ ਬਾਅਦ ਉਨ੍ਹਾਂ ਦੀ ਕਵਿਤਾ ਦੀ ਪੜਚੋਲ ਕਰਦੇ ਅੱਜ ਦੇ ਆਲੋਚਕਾਂ ਵਰਗੀ।

ਕਵੀਆਂ ਦਾ ਨਿਸ਼ਾਨਾ

ਗ਼ਦਰੀ ਲੇਖਕਾਂ ਦੀ ਲੇਖਣੀ ਦਾ ਮੁੱਖ ਕਾਰਨ ਦੇਸ਼ ਦੀ ਆਜ਼ਾਦੀ ਦੇ ਨਿਸ਼ਾਨੇ ਦੀ ਪ੍ਰਾਪਤੀ ਸੀ। ਉਹ ਨਾ ਤੇ ਆਪਣੀਆਂ ਸਰਕਾਰੀ ਨੌਕਰੀਆਂ ਬਚਾਉਣ ਦੇ ਮਕਸਦ ਨਾਲ਼ ਲਿਖ ਰਹੇ ਸਨ ਅਤੇ ਨਾ ਹੀ ਸਾਹਿਤਕ ਇਨਾਮ-ਸਨਮਾਨ ਜਿੱਤਣ ਲਈ। ਉਨ੍ਹਾ ਦਾ ਨਿਸ਼ਾਨਾ ਆਪਣੇ ਸਾਹਿਤ ਰਾਹੀਂ ਭਾਸ਼ਾ ਨੂੰ ਜਾਂ ਕਵਿਤਾ ਦੇ ਮਿਆਰ ਨੂੰ ਸੁਧਾਰਨਾ ਵੀ ਨਹੀਂ ਸੀ ਸਗੋਂ ਉਨ੍ਹਾਂ ਲਈ ਤਾਂ ਕਵਿਤਾ ਇੱਕ ਉਹ ਹਥਿਆਰ ਸੀ ਜਿਸ ਨੂੰ ਵਰਤ ਕੇ ਆਪਣੇ ਮਕਸਦ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਹਿਸਾਬ ਨਾਲ਼ ਉਨ੍ਹਾਂ ਦਾ ਮਨੋਰਥ ਸਿਰਫ ਅਤੇ ਸਿਰਫ ਲੋਕਾਂ ਨੂੰ "ਰਣ-ਤੱਤੇ" ਲਈ ਤਿਆਰ ਕਰਨਾ ਹੀ ਸੀ ਤਾਂ ਕਿ ਲੋਕਾਂ ਵਿੱਚ ਜੋਸ਼ ਭਰ ਕੇ ਬਾਗ਼ੀ ਸੁਰ ਪੈਦਾ ਕੀਤੀ ਜਾ ਸਕੇ ਅਤੇ ਦੇਸ਼ ਦੇ ਗਲ਼ੋਂ ਗੁਲ਼ਾਮੀ ਦਾ ਭਾਰ/ਜੂਲ਼ਾ ਲਾਹਿਆ ਜਾ ਸਕੇ।

ਦੂਸਰੇ ਪਾਸੇ ਚੈਟਰਜੀ, ਟੈਗੋਰ, ਅਤੇ ਇਕਬਾਲ ਵਰਗੇ ਸ਼ਾਇਰਾਂ ਦੇ ਦਿਲਾਂ ਵਿੱਚ ਭਲੇ ਹੀ ਲੋਕ-ਹਿਤੀ ਅੰਸ਼ ਮੌਜੂਦ ਸਨ ਪਰ ਨਾਲ਼ ਹੀ ਉਨ੍ਹਾਂ ਦਾ ਨਿਸ਼ਾਨਾ ਆਪਣੀਆਂ ਸਰਕਾਰੀ ਨੌਕਰੀਆਂ ਜਾਂ ਰੁਤਬੇ ਬਚਾਉਣ ਦੇ ਨਾਲ਼ ਨਾਲ਼ ਸਾਹਿਤਕ ਪਛਾਣ ਕਾਇਮ ਕਰਨਾ ਵੀ ਸੀ। ਇਸ ਹਾਲ ਵਿੱਚ ਉਹ ਗ਼ਦਰੀ ਸੁਰ ਦੀ ਕਵਿਤਾ ਨਹੀਂ ਸਨ ਲਿਖ ਸਕਦੇ ਜਦਕਿ ਗ਼ਦਰੀ ਬਾਬਿਆਂ ਦੇ ਮਕਸਦ ਦੀ ਪੂਰਤੀ ਲਈ ਇਨ੍ਹਾਂ ਸ਼ਾਇਰਾਂ ਦੀ ਸ਼ੈਲੀ ਅਤੇ ਸੁਰ ਲਈ ਕੋਈ ਵੀ ਥਾਂ ਨਹੀਂ ਸੀ।

ਗ਼ਦਰੀ ਕਵਿਤਾ ਦੀ ਤੁਲਨਾ ਅਮਰੀਕੀ ਅਫਰੀਕਨਾਂ ਦੀ ਕਵਿਤਾ ਨਾਲ਼ ਵੀ ਕੀਤੀ ਗਈ ਹੈ ਕਿ ਅਫਰੀਕੀ-ਅਮਰੀਕੀ ਕਵਿਤਾ ਵਿੱਚ "ਪੀੜ ਹੈ, ਗੁੱਸਾ ਵੀ ਹੈ ਪਰ ਨਫ਼ਰਤ ਨਹੀਂ ਹੈ" ਅਤੇ ਇਹ ਕਵਿਤਾ "ਹੌਲ਼ੀ-ਹੌਲ਼ੀ ਆਪਣੇ ਲੋਕਾਂ ਦੀ ਪੀੜ ਦਾ ਸੰਚਾਰ ਕਰਦੀ ਹੈ।" ਪਰ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਅਫਰੀਕੀ-ਅਮਰੀਕੀ ਕਵਿਤਾ ਅਤੇ ਗ਼ਦਰੀ ਕਵਿਤਾ ਦੀ ਸੁਰ ਇੱਕ ਨਹੀਂ ਸੀ ਹੋ ਸਕਦੀ ਕਿਉਂਕਿ ਇੱਕ ਧਿਰ ਆਪਣੇ ਫੌਰੀ ਦੁਖਾਂਤ ਦੀ ਜੜ੍ਹ ਪੁੱਟਣ ਲਈ ਯਤਨਸ਼ੀਲ ਸੀ; ਉਹ ਇਹ ਜਾਣ ਗਈ ਸੀ ਕਿ ਉਨ੍ਹਾਂ ਦੀ ਦੁਰਗਤੀ ਦਾ ਮੂਲ਼ ਕਾਰਨ ਉਨ੍ਹਾਂ ਦੀ ਗ਼ੁਲਾਮੀ ਹੀ ਹੈ ਜਿਸ ਨੂੰ ਦੂਰ ਕਰਨ ਲਈ ਉਹ ਕਵਿਤਾ ਨੂੰ ਇੱਕ ਹਥਿਆਰ ਵਜੋਂ ਵਰਤ ਰਹੇ ਸਨ ਜਦਕਿ ਅਫਰੀਕੀ-ਅਮਰੀਕੀ ਲੋਕ 'ਗਵਾਚ ਚੁੱਕੇ' ਲੋਕ ਸਨ ਜਿਨ੍ਹਾਂ ਕੋਲ਼ੋਂ ਉਨ੍ਹਾਂ ਦਾ ਕਲਚਰ ਖੋਹ ਲਿਆ ਗਿਆ, ਉਨ੍ਹਾਂ ਦੀ ਭਾਸ਼ਾ ਖੋਹ ਲਈ ਗਈ, ਉਨ੍ਹਾਂ ਦੀ ਇੱਕ-ਮੁਠ ਹੋਣ ਦੀ ਆਸ ਵੀ ਖੋਹ ਲਈ ਗਈ ਅਤੇ ਉਨ੍ਹਾਂ ਕੋਲ਼ ਸਿਵਾਇ ਉਨ੍ਹਾਂ ਦੇ ਗ਼ੁਲਾਮ ਹੋਣ ਦੇ ਅਤੇ ਉਨ੍ਹਾਂ ਦੇ ਵੱਖਰੇ ਰੰਗ ਦੇ ਹੋਰ ਕੋਈ ਅਜਿਹੀ ਪਛਾਣ ਬਾਕੀ ਨਹੀਂ ਸੀ ਛੱਡੀ ਗਈ ਜਿਸ ਦੇ ਆਸਰੇ ਉਹ ਕਿਸੇ ਬਾਗ਼ੀ ਸੰਘਰਸ਼ ਜਾਂ ਸਾਂਝੇ ਘੋਲ਼ ਲਈ ਯਤਨ ਕਰ ਸਕਦੇ। ਇਸ ਹਾਲ ਵਿੱਚ ਉਹ ਸਿਰਫ ਅਤੇ ਸਿਰਫ "ਹੌਲ਼ੀ-ਹੌਲ਼ੀ" ਹੀ ਆਪਣੀ ਪੀੜ ਦਾ ਸੰਚਾਰ ਕਰ ਸਕਦੇ ਸਨ ਜਦਕਿ ਗ਼ਦਰੀਆਂ ਕੋਲ਼ ਤਤਕਾਲੀਨ ਮਸਲਾ ਅਤੇ ਇਸ ਮਸਲੇ ਦੇ ਹੱਲ ਦੀ ਲੋੜ ਮੌਜੂਦ ਸੀ।

ਗ਼ਦਰੀ ਕਵਿਤਾ ਵਿੱਚ ਉਰਦੂ ਰੰਗ ਵਾਲ਼ੀ ਕਲਾ ਵੀ ਨਹੀਂ ਸੀ ਭਰੀ ਜਾ ਸਕਦੀ ਕਿਉਂਕਿ ਉਨ੍ਹਾਂ ਦੇ ਸਰੋਤੇ ਵੱਖਰੇ ਲੈਵਲ ਦੇ ਸਾਹਿਤ ਦੀ ਮੰਗ ਕਰਦੇ ਹਨ। ਇਹ ਗੱਲ ਤਾਂ ਅੱਜ 100 ਸਾਲ ਬਾਅਦ ਵੀ ਸਪਸ਼ਟ ਹੈ ਕਿ ਅੱਜ ਸਾਡੀ ਅਕਾਦਮਿਕ ਪੱਧਰ ਦੀ ਕਵਿਤਾ ਅਸਫ਼ਲ ਹੋ ਰਹੀ ਹੈ ਜਦਕਿ ਤੁਕਾਂਤ ਵਾਲ਼ੀ ਕਵਿਤਾ ਪਰਵਾਨ ਹੋ ਰਹੀ ਹੈ। ਅੱਜ ਵੀ ਸੁਰਜੀਤ ਪਾਤਰ ਨੂੰ ਮੰਨਣਾ ਪੈ ਰਿਹਾ ਹੈ ਕਿ ਉਸ ਦੀ ਕਵਿਤਾ ਉਸ ਦੀ "ਮਾਂ ਨੂੰ ਸਮਝ ਨਹੀਂ ਆਈ" ਅਤੇ ਪਾਸ਼ ਨੂੰ ਇਕਬਾਲ ਕਰਨਾ ਪੈ ਰਿਹਾ ਹੈ ਜਿਨ੍ਹਾਂ ਲੋਕਾਂ ਲਈ ਉਹ ਕਵਿਤਾ ਲਿਖ ਰਹੇ ਹਨ ਉਨ੍ਹਾਂ ਨੂੰ ਉਹ ਕਵਿਤਾ ਸਮਝ ਹੀ ਨਹੀਂ ਪੈ ਰਹੀ ਜਦਕਿ ਸੰਤ ਰਾਮ ਉਦਾਸੀ ਅਤੇ ਸ਼ਿਵ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ ਅਤੇ ਹਲਕੀ ਕਿਸਮ ਦੀ ਗਾਇਕੀ ਲੋਕਾਂ ਦੇ ਮਨਾਂ ਅੰਦਰ ਕਿਸੇ ਅਮਲੀ ਦੀਆਂ ਰਗਾਂ ਵਿਚ ਧਸੀ ਹੋਈ ਅਫ਼ੀਮ ਵਾਂਗ ਧਸੀ ਪਈ ਹੈ। ਇਸ ਲਈ ਨਾ ਤੇ ਗ਼ਦਰੀਆਂ ਦੇ ਪੰਜਾਬੀ ਸਰੋਤਿਆਂ ਨੂੰ ਉਰਦੂ ਸਰੋਤਿਆਂ ਨਾਲ਼ ਤੋਲਿਆ ਜਾ ਸਕਦਾ ਹੈ ਅਤੇ ਨਾ ਹੀ ਪੰਜਾਬੀ ਗ਼ਦਰੀ ਕਵਿਤਾ ਨੂੰ ਉਰਦੂ ਗ਼ਦਰੀ ਕਵਿਤਾ ਨਾਲ਼।

ਕਵੀ ਦਾ ਸਰੋਤਾ

ਚੈਟਰਜੀ, ਟੈਗੋਰ, ਅਤੇ ਇਕਬਾਲ ਦਾ ਸਰੋਤਾ ਪੜ੍ਹਿਆ-ਲਿਖਿਆ, ਅਮੀਰ, ਅਤੇ ਬੁੱਧੀਜੀਵੀ ਵਰਗ ਨਾਲ਼ ਸਬੰਧਤ ਸੀ: ਇਕਬਾਲ ਦੀ ਕਵਿਤਾ ਆਮ ਆਦਮੀ (ਖ਼ਾਸ ਕਰਕੇ ਪੰਜਾਬੀ, ਜਿੱਥੇ ਉਹ ਜੰਮਿਆ ਸੀ) ਦੀ ਸਮਝ ਤੋਂ ਬਾਹਰ ਸੀ, ਟੈਗੋਰ ਕੋਲ਼ ਆਪਣਾ ਰੁਤਬਾ ਅਤੇ ਸ਼ਾਹੀ ਸੰਗਤ ਨੂੰ ਬਰਕਰਾਰ ਰੱਖਣ ਦਾ ਸਵਾਲ ਸੀ ਜਦਕਿ ਚੈਟਰਜੀ ਨੇ ਆਪਣੀ ਸਰਕਾਰੀ ਨੌਕਰੀ ਬਚਾਉਣੀ ਸੀ ਜਿਸ ਕਰਕੇ ਇਹ ਤਿੰਨੇ ਹੀ ਲੋਕ ਸਪਸ਼ਟ ਰੂਪ ਵਿੱਚ ਗ਼ਦਰੀ ਸੁਰ ਦੀ ਕਵਿਤਾ ਨਹੀਂ ਸਨ ਲਿਖ ਸਕਦੇ। ਪਰ ਗ਼ਦਰੀਆਂ ਦੀ ਕਵਿਤਾ ਉਸ ਖ਼ਾਸ ਵਰਗ ਨੂੰ ਸਮਰਪਿਤ ਸੀ ਜੋ ਆਪਣੀ ਆਨ-ਸ਼ਾਨ ਅਤੇ ਅਣਖ ਦੀ ਖ਼ਾਤਿਰ ਲੜ ਮਰ ਸਕਦਾ ਹੋਵੇ। ਉਨ੍ਹਾਂ ਦੇ ਸਰੋਤੇ ਭੁੱਖਾਂ, ਦੁੱਖਾਂ, ਅਤੇ ਨਸਲੀ ਮਾਰਾਂ ਅਤੇ ਵਿਤਕਰਿਆਂ ਦੇ ਸਤਾਏ ਹੋਏ ਲੋਕ ਸਨ ਜੋ ਹਥਿਆਰ ਚੁੱਕ ਕੇ ਲੜ ਸਕਦੇ ਸਨ। ਗ਼ਦਰੀ ਕਵੀ ਜੇ ਖੁਦ ਵੀ ਪੜ੍ਹੇ ਲਿਖੇ ਹੁੰਦੇ ਤਦ ਵੀ ਉਨ੍ਹਾਂ ਦੀ ਉਸ ਸੁਰ ਦੀ ਕਵਿਤਾ ਨੇ ਸੁੱਤੇ ਜਜ਼ਬੇ ਨਹੀਂ ਸੀ ਜਗਾ ਸਕਣੇ ਜਿਸ ਕਲਾਤਮਕ ਸੁਰ ਦੀ ਉਨ੍ਹਾਂ ਕੋਲ਼ੋਂ ਕੋਲ਼ੋਂ ਮੰਗ ਕੀਤੀ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਤੋਂ ਲੈ ਕੇ ਹਿੰਦੋਸਤਾਨੀ ਲੜਾਈਆਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਦੇ ਵੀ ਮਰਜੀਵੜਿਆਂ ਦੀ ਲੋੜ ਪਈ ਹੈ ਤਾਂ ਹਮੇਸ਼ਾਂ ਤੱਤੀ ਸੁਰ ਦੀ ਕਵਿਤਾ ਨੇ ਹੀ ਕੰਮ ਕੀਤਾ ਹੈ। ਗ਼ਦਰੀ ਸਰੋਤੇ ਜਾਂ ਤਾਂ ਬਰਤਾਨਵੀ ਫੌਜ ਤੋਂ ਨਾਵੇਂ ਤੁੜਾ ਕੇ (ਕੈਨੇਡਾ ਅਮਰੀਕਾ ਵਿਚਲੇ ਭਾਰਤੀ) ਆਏ ਹੋਏ ਸਨ ਅਤੇ ਜਾਂ ਫਿਰ ਅਜੇ ਵੀ ਫੌਜ ਵਿੱਚ ਨੌਕਰੀਆਂ ਕਰ ਰਹੇ ਸਨ (ਜੋ ਭਾਰਤ ਵਿੱਚ ਹੀ ਨਹੀਂ ਬਾਹਰਲੇ ਮੁਲਖਾਂ ਵਿੱਚ ਵੀ ਤਾਇਨਾਤ ਸਨ, ਜਿਵੇਂ ਕਿ ਸਿੰਗਾਪੁਰ ਦੀ ਮੁਸਲਮਾਨ ਰੈਜਮੈਂਟ ਦੀ ਸ਼ਹੀਦੀ ਦੀ ਮਿਸਾਲ ਜਾਂ ਭਾਰਤੀ ਛਾਉਣੀਆਂ ਵਿੱਚ ਬਗ਼ਾਵਤ ਦੀ ਕੋਸ਼ਿਸ਼) ਜਿਨ੍ਹਾਂ ਨੂੰ ਸਿੰਬੌਲਕ ਜਾਂ ਅਲੰਕਾਰੀ ਭਾਸ਼ਾ ਦੀ ਕਵਿਤਾ ਨਾਲ਼ ਨਹੀਂ ਸਗੋਂ ਸਿੱਧੀ ਅਤੇ ਸਪਸ਼ਟ ਭਾਸ਼ਾ ਦੀ ਕਵਿਤਾ ਨਾਲ਼ ਹੀ ਝੰਜੋੜਿਆ ਜਾ ਸਕਦਾ ਸੀ। ਵੈਸੇ ਵੀ ਪੰਜਾਬੀ ਸੱਭਿਆਚਾਰ ਵਿੱਚ ਉੱਚੀ ਸੁਰ ਹੀ ਪ੍ਰਧਾਨ ਹੈ: ਅਸੀਂ ਗੱਲ ਵੀ ਉੱਚੀ ਸੁਰ ਵਿੱਚ ਹੀ ਕਰਦੇ ਹਾਂ ਅਤੇ ਗਾਉਂਦੇ ਵੀ ਉੱਚੀ ਸੁਰ ਵਿੱਚ ਹੀ ਹਾਂ; ਸਾਡੇ ਮਿਰਜ਼ੇ ਤੋਂ ਲੈ ਕੇ ਮਰਗ ਦੇ ਵੈਣਾਂ ਤੱਕ ਉੱਚੀ ਸੁਰ ਹੀ ਪ੍ਰਧਾਨ ਹੈ। ਇਸ ਲਈ ਦੂਸਰੀਆਂ ਭਾਸ਼ਾਵਾਂ ਦੇ ਸਰੋਤਿਆਂ ਅਤੇ ਗ਼ਦਰੀ ਕਵੀਆਂ ਦੇ ਸਰੋਤਿਆਂ ਵਿਚਲਾ ਫ਼ਰਕ ਵੀ ਉਨ੍ਹਾਂ ਦੀ ਸ਼ੈਲੀ ਅਤੇ ਸੁਰ ਦੀ ਚੋਣ ਵਿੱਚ ਰੋਲ ਨਿਭਾਉਂਦਾ ਹੈ।

ਇੱਕ ਸਵਾਲ ਇਹ ਵੀ ਉਠਦਾ ਹੈ ਕਿ ਜੇ ਗ਼ਦਰੀਆਂ ਕੋਲ ਕਲਾ ਨਹੀਂ ਸੀ ਤਾਂ ਫਿਰ ਉਨ੍ਹਾਂ ਨੇ ਕਵਿਤਾ ਹੀ ਕਿਉਂ ਚੁਣੀ? ਇਸ ਸਵਾਲ ਦਾ ਜਵਾਬ ਇੱਕ ਹੋਰ ਸਵਾਲ ਪੈਦਾ ਕਰਦਾ ਹੈ:  ਕੀ ਕਵਿਤਾ ਦਾ ਮਕਸਦ ਸਿਰਫ - ਪਾਸ਼ ਦੇ ਕਹਿਣ ਵਾਂਗ - "ਚਿੜੀਆਂ ਦੇ ਖੰਭ ਪਲੋਸਣਾ" ਹੀ ਹੁੰਦਾ ਹੈ? ਕੀ ਕਵਿਤਾ ਸਿਰਫ ਉਹੀ ਹੁੰਦੀ ਹੈ ਜੋ ਲੋਕਾਂ ਦੇ ਮਨ-ਪਰਚਾਵੇ ਤੱਕ ਹੀ ਸੀਮਤ ਰਹੇ? ਜੇ ਕਵਿਤਾ ਦੀ ਪ੍ਰੀਭਾਸ਼ਾ ਸਿਰਫ ਏਥੋਂ ਤੱਕ ਹੀ ਸੀਮਤ ਹੈ ਤਾਂ ਜ਼ਰੂਰ ਗ਼ਦਰੀਆਂ ਨੂੰ 'ਕਵਿਤਾ' ਦਾ ਨਾਂ ਬਦਨਾਮ ਕਰਨ ਦੇ ਜ਼ੁਲਮ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ ਪਰ ਜੇ ਕਵੀ ਨੂੰ ਆਪਣੇ ਮਨ ਦੀ ਗੱਲ ਕਹਿਣ ਅਤੇ ਆਪਣੇ ਦਿਲ ਦੀ ਹੂਕ ਨੂੰ ਆਵਾਜ਼ ਦੇਣ ਦਾ ਹੱਕ ਹੈ ਤਾਂ ਫਿਰ ਕਵਿਤਾ ਜ਼ਰੂਰ ਕਵੀ ਦੇ ਮਨ ਦੀ ਹਾਲਤ ਦਾ ਪਰਗਟਾਵਾ ਹੀ ਹੋਵੇਗੀ: ਨਫ਼ਰਤ ਦੀ ਭੱਠੀ ਵਿੱਚ ਸੜ ਰਹੇ ਕਵੀ ਤੋਂ ਫੁੱਲਾਂ ਦੀ ਮਹਿਕ ਦੀ ਕਵਿਤਾ ਦੀ ਆਸ ਨਹੀਂ ਕੀਤੀ ਜਾ ਸਕੇਗੀ।

ਅਖੀਰ ਵਿੱਚ ਮੈਂ ਇਸ ਨੁਕਤੇ ਨਾਲ਼ ਆਪਣੀ ਗੱਲ ਸਮਾਪਤ ਕਰਨੀ ਚਾਹਾਂਗਾ ਕਿ ਕੀ ਕਵਿਤਾ ਲਿਖਣ ਦਾ ਕੋਈ ਮਨੋਰਥ ਹੁੰਦਾ ਹੈ ਜਾਂ ਨਹੀਂ? ਜੇ ਇਸ ਦਾ ਜਵਾਬ ਨਾਂਹ ਵਿੱਚ ਹੈ ਤਾਂ ਫਿਰ ਮੈਂ ਇਹ ਸਵਾਲ ਕਰਦਾ ਹਾਂ ਕਿ 'ਕਲਾ ਕਲਾ ਲਈ' ਵਿਚਾਰ ਦੇ ਧਾਰਨੀ ਵੀ ਕਿਉਂ ਆਪਣੀ ਕਿਤਾਬ ਛਪਣ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਆਪਣੀ ਚਰਚਾ ਕਰਵਾਉਣੀ ਚਾਹੁੰਦੇ ਹਨ; ਗੋਸ਼ਟੀਆਂ ਕਰਵਾਉਂਦੇ ਹਨ, ਸਾਹਿਤ ਦੇ ਠੇਕੇਦਾਰਾਂ ਕੋਲ਼ੋਂ ਚਰਚਾ ਕਰਵਾਉਣ ਲਈ ਲੇਖ ਲਿਖਵਾਉਂਦੇ ਹਨ, ਅਤੇ ਯੂਨੀਵਰਸਿਟੀਆਂ ਤੱਕ ਪਹੁੰਚ ਕਰਦੇ ਹੋਏ ਮਾਨ-ਸਨਮਾਨ ਹਾਸਿਲ ਕਰਨ ਦੀ ਦੌੜ ਵਿੱਚ ਸ਼ਾਮਲ ਹੁੰਦੇ ਹਨ? ਅਤੇ ਜੇ ਇਸ ਸਵਾਲ ਦਾ ਜਵਾਬ 'ਹਾਂ' ਵਿੱਚ ਹੈ ਤਾਂ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗ਼ਦਰੀਆਂ ਦੀ ਕਵਿਤਾ ਆਪਣੇ ਮਕਸਦ ਵਿੱਚ ਸਫ਼ਲ ਹੋਈ ਜਾਂ ਨਹੀਂ? ਇਸ ਕਵਿਤਾ ਨੇ ਨਾ ਸਿਰਫ ਕੈਨੇਡਾ ਅਮਰੀਕਾ ਰਹਿੰਦੇ ਹਜ਼ਾਰਾਂ ਹੀ ਲੋਕਾਂ ਨੂੰ ਸਗੋਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਵੀ ਆਪਣਾ ਸਭ ਕੁਝ ਤਿਆਗ ਕੇ ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਲਈ ਤਿਆਰ ਕਰ ਲਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਇਕਬਾਲ, ਟੈਗੋਰ, ਜਾਂ ਚੈਟਰਜੀ ਨੇ ਬਹੁਤ ਪ੍ਰਭਾਵ ਛੱਡਿਆ ਪਰ ਕੀ ਉਨ੍ਹਾਂ ਦੀ ਕਵਿਤਾ ਗ਼ਦਰੀਆਂ ਵਰਗਾ ਕੋਈ ਕਰਿਸ਼ਮਾ ਪੈਦਾ ਕਰ ਸਕੀ? ਕੀ 100 ਸਾਲ ਬਾਅਦ ਅਤੇ ਸਮਾਜ ਦੇ ਏਨੀ ਤੇਜ਼ੀ ਨਾਲ਼ ਬਦਲ ਜਾਣ ਦੇ ਬਾਵਜੂਦ ਅੱਜ ਦੇ ਦੌਰ ਦੇ ਕਿਸੇ ਵੀ ਕਵੀ ਦੀ ਕਵਿਤਾ ਏਸ ਯੋਗ ਹੋ ਸਕੀ ਕਿ ਉਹ ਹਜ਼ਾਰ ਬੰਦੇ ਨੂੰ ਵੀ ਇੱਕ ਸੁਰ ਕਰਕੇ ਆਪਣੇ ਨਾਲ਼ ਜੋੜ ਸਕੇ? ਜੇ ਨਹੀਂ ਤਾਂ ਫਿਰ ਅਸੀਂ ਅਜੇ ਏਸ ਕਾਬਿਲ ਨਹੀਂ ਹੋਏ ਕਿ ਇਹ ਸਾਬਤ ਕਰ ਸਕੀਏ ਕਿ ਗ਼ਦਰੀਆਂ ਦੀ ਕਵਿਤਾ ਕਵਿਤਾ ਨਹੀਂ ਸੀ। ਬਲਕਿ ਗ਼ਦਰੀਆਂ ਦੀ ਕਵਿਤਾ ਵਿੱਚ ਉਹ ਦਮ ਅਤੇ ਉਹ ਕਸ਼ਿਸ਼ ਸੀ ਜਿਸ ਨੇ ਹਜ਼ਾਰਾਂ ਹੀ ਸਰੋਤਿਆਂ ਨੂੰ ਕੀਲਿਆ ਹੀ ਨਹੀਂ ਸਗੋਂ ਆਪਾ ਵਾਰਨ ਲਈ ਵੀ ਤਿਆਰ ਕੀਤਾ। ਇਹ ਕਵੀ ਕਿਸੇ ਲਾਲਚ, ਰੁਤਬੇ, ਜਾਂ ਸਨਮਾਨ ਦੀ ਭੁੱਖ ਦੇ ਬੱਧੇ ਹੋਏ ਨਹੀਂ ਸਨ ਸਗੋਂ ਗੁੰਮਨਾਮ ਅਤੇ ਮਰਜੀਵੜੇ ਸਨ ਜਿਨ੍ਹਾਂ ਦਾ ਇੱਕੋ-ਇੱਕ ਮਕਸਦ ਲੋਕਾਂ ਵਿੱਚ ਜੋਸ਼ ਅਤੇ ਰੋਹ ਭਰਕੇ ਲੜ ਮਰਨ ਲਈ ਤਿਆਰ ਕਰਨਾ ਸੀ ਜਿਸ ਵਿੱਚ ਉਹ ਸੌ ਫੀਸਦੀ ਕਾਮਯਾਬ ਹੋਏ।