ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜਗਜੀਤ ਬਾਵਰਾ ਜੀ ਨਾਲ ਮੁਲਾਕਾਤ (ਵੀਡੀਉ) / ਜਸਵੀਰ ਸੋਨੀ (ਮੁਲਾਕਾਤ )
  • ਗੱਲਾਂ ਦੀ ਮੌਤ (ਕਹਾਣੀ)

    ਅਨਮੋਲ ਕੌਰ   

    Email: iqbal_it@telus.net
    Address:
    Canada
    ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜ ਤੋਂ ਬਾਈ ਕੁ ਸਾਲ ਪਹਿਲਾਂ, ਅੱਜ ਦੇ ਦਿਨ ਹੀ ਮੈਂ ਆਪਣੇ ਪ੍ਰੀਵਾਰ ਨਾਲ ਕੈਨੇਡਾ ਆਇਆ ਸਾਂ।ਸਾਰੇ ਰਿਸ਼ਤੇਦਾਰਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਥੌੜ੍ਹੀ ਦੇਰ ਅਸੀ ਆਪਣੀ ਲੜਕੀ ਨਾਲ ਬੇਸਮਿੰਟ ਵਿਚ ਰਿਹੇ।ਮੈਂ ਕਿਤੇ ਹੋਰ ਜਾ ਕੇ ਰਹਿਣ ਦੀ ਸੋਚ ਹੀ ਰਿਹਾ ਸੀ ਕਿ ਮੇਰੀ ਲੜਕੀ ਦਾ ਸਹੁਰਾ ਪ੍ਰੀਵਾਰ  ਮੇਰੇ ਨਾਲੋ ਵੀ ਜ਼ਿਆਦਾ ਕਾਹਲਾ ਸੀ। ਉਹਨਾਂ ਦੀ ਕਾਹਲ ਨੂੰ ਧਿਆਨ ਵਿਚ ਲਿਆ ਕੇ, ਇਕ ਦਿਨ  ਮੈਂ ਆਪਣੀ ਪਤਨੀ ਨੂੰ ਕਿਹਾ, “ ਬਖਸ਼ੀਸ਼ ਕੌਰੇ, ਆਪਾਂ ਨੂੰ ਰਹਿਣ ਦੀ ਕਿਤੇ ਹੋਰ ਜਗਹ ਦੇਖ ਲੈਣੀ ਚਾਹੀਦੀ ਆ।”
    “ ਮੈਂ ਤਾਂ ਜੀ ਆਪ ਤਹਾਨੂੰ ਇਹ ਕਹਿਣ ਨੁੂੰ ਫਿਰਦੀ ਸੀ।” ਬਖਸ਼ੀਸ ਕੌਰ ਹਾਉਕਾ ਅਜਿਹਾ ਲੈ ਕੇ ਬੋਲੀ, “ ਕਿੰਦੀ ਦੀ ਸੱਸ ਤਾਂ ਕੁਝ ਨਾ ਕੁਝ ਸਣਉਂਦੀ ਰਹਿੰਦੀ ਆ।”
    “ ਮੈਨੁੂੰ ਪਤਾ , ਉਹ ਇਹ ਹੀ ਅਹਿਸਾਨ ਜਿਤਾਉਂਦੀ ਰਹਿੰਦੀ ਆ ਕਿ ਅਸੀ ਤਹਾਨੂੰ ਸੱਦਿਆ।”
    ਮੈਂ ਕੁੜਮਾਂ ਵਲੋਂ ਦਿੱਤੇ ਪੁਰਾਣੇ ਸੋਫੇ ਉੱਪਰ ਬੈਠਦੇ ਕਿਹਾ, “ ਜੇ ਆਪਣਾ ਗੋਗੀ ਉਸ ਕੁੜੀ ਨੂੰ  ਮੰਨ ਜਾਵੇ ਜਿਹਦੀ ਇਹ ਦੱਸ ਪਾਉਂਦੇ ਰਹਿੰਦੇ ਨੇ, ਆਪੇ ਇਹਨਾਂ ਦਾ ਅਹਿਸਾਨ ਉੱਤਰ ਜਾਵੇਗਾ।”
    “ ਨਾਲੇ ਜਦ ਅਸੀ ਕਿਰਾਇਆ ਹੀ ਦੇਣਾ ਤਾਂ ਕਿਸੇ ਹੋਰ ਥਾਂ ‘ਤੇ ਵੀ  ਰਹਿ ਸਕਦੇ ਹਾਂ।” ਪਤਨੀ ਬੋਲੀ, “ ਕਹਿੰਦੇ ਨਹੀ ਹੁੰਦੇ ਕਿ ਜੇ ਟੱਟੂ ਭਾੜੇ ਦਾ ਕਰਨਾ ਫਿਰ ਕੁੜਮਾਂ ਦਾ ਕਿਉਂ ਕਰਨਾ।”
    ਉਸ ਦਿਨ ਗੋਗੀ ਸ਼ਾਮ ਨੂੰ ਕੰਮ ਤੋਂ ਆਇਆ ਤਾਂ ਮੈਂ ਕਿਹਾ, “ ਕਾਕਾ, ਜਿਹੜੀ ਕੁੜੀ ਦਾ ਰਿਸ਼ਤਾ ਤੈਨੂੰ ਕਰਨ ਨੂੰ ਕਿੰਦੀ ਦੀ ਸੱਸ ਜ਼ੋਰ ਪਾਉਂਦੀ ਆ।ਉਸ ਨੂੰ ਹਾਂ ਕਰਦੇ ਰੋਜ਼ ਦੀ ਕਿੜ- ਕਿੜ ਮੁੱਕੇ।”
    “ ਆਹੋ ਕਾਕਾ, ਬਹੁਤ ਹੀ ਇਹ ਗੱਲ ਚਿਤਾਰਦੇ ਆ ਕਿ ਸਾਡੇ ਕਰਕੇ ਤੁਸੀ ਕੈਨੇਡਾ ਆਏ।” ਪਤਨੀ ਮੇਰੀ ਗੱਲ ਦੀ ਸਹਿਮਤੀ ਲਈ ਹੁੰਗਾਰਾ ਭਰਦੀ ਬੋਲੀ, “ ਵਿਅਹ ਤਾਂ ਤੁੂੰ ਕਰਾਉਣਾ ਈ ਆ , ਜਿੱਥੇ ਇਹ ਕਹਿੰਦੇ ਉੱਥੇ ਕਰਾ ਲਾ।”
    “ ਵਿਆਹ ਜੇ ਮੈਂ ਇਹਨਾਂ ਦੇ ਕਹੇ ਵੀ ਕਰਾ ਲਿਆ ਤਾਂ ਵੀ ਇਹਨਾਂ ਸੱਦਣ ਦਾ ਅਹਿਸਾਣ ਕਰਨੋ ਨਹੀ ਹਟਣਾ।” ਗੋਗੀ ਆਪਣੀ ਮਾਂ ਕੋਲੋਂ ਚਾਹ ਦਾ ਕੱਪ ਫੜਦਾ ਬੋਲਿਆ, “ ਕਿੰਦੀ ਦੀ ਸੱਸ ਇੰਝ ਆਪਣੇ ਆਪ ਸਮਝਦੀ ਆ ਜਿਵੇ ਇੱਥੇ ਗੋਰਿਆਂ ਤੋਂ ਵੀ ਪਹਿਲਾ ਆਈ ਹੋਵੇ।ਆਕੜ ਦਾ ਹੀ ਨਹੀ ਪਤਾ ਲੱਗਦਾ।”
    “ ਕਾਕਾ ਹੌਲੀ ਬੋਲ।” ਇਹ ਕਹਿੰਦੀ ਹੋਈ ਮੇਰੀ ਪਤਨੀ ਬੇਸਮਿੰਟ ਵਾਲਾ ਦਰਵਾਜ਼ਾ ਚੈਕ ਕਰਨ ਤੁਰ ਪਈ ਕਿ ਚੰਗੀ ਤਰਾਂ ਬੰਦ ਵੀ ਹੈ।
    “ ਮੈਂ ਸੱਚ ਗੱਲ ਦਸਾਂ ਭਾਪਾ ਜੀ।” ਗੋਗੀ ਨੇ ਗਰਮ ਚਾਹ ਦਾ ਘੁੱਟ ਭਰਦੇ ਕਿਹਾ, “ ਮੈਂ ਪੇਪਰਾਂ ਵਿਚ ਸੱਦ ਦੇਂਦਾ ਹਾਂ।”
    “ ਮੈਂਨੂੰ ਇਹ ਨਕਲੀ ਅਜਿਹਾ ਕੰਮ ਕਰਨਾ ਚੰਗਾ ਨਹੀ ਲੱਗਦਾ।” ਮੈਂ ਆਪਣੀ ਜ਼ਮੀਰ ਦੀ ਗੱਲ ਦੱਸਣ ਲੱਗਾ, “ ਧੋਖੇ ਨਾਲ ਕੀਤੇ ਕੰਮਾਂ ਦੇ ਨਤੀਜ਼ੇ ਬਹੁਤੇ ਚੰਗੇ ਨਹੀ ਨਿਕਲਦੇ।”
    “ ਨਾਲੇ ਕਾਕਾ, ਕੀ ਪਤਾ ਕਿੰਦੀ ਦੇ ਸਹੁਰੇ ਵੀ ਇਸ ਗੱਲ ਨਾਲ ਰਾਜ਼ੀ ਹੋਣ ਜਾਂ ਨਾ ਹੋਣ।” ਮੇਰੀ ਪਤਨੀ ਨੇ ਆਪਣੀ ਸੋਚ ਦੱਸੀ, “ ਬੰਦੇ ਕੋਲੋ ਤਾਂ ਉਦਾ ਹੀ ਬਥੇਰੇ ਗਲਤ ਕੰਮ ਹੁੰਦੇ ਰਹਿੰਦੇ ਨੇ, ਇਹ ਕਾਹਦੇ ਲਈ ਕਰਨਾ।”
    ਗੋਗੀ ਹੱਸਦਾ ਹੋਇਆ ਬੋਲਿਆ, “ ਜਿੱਥੇ ਬੰਦਾ ਅੱਗੇ ਗਲਤ ਕੰਮ ਕਰਦਾ, ਇਕ ਹੋਰ ਕਰ ਲਏ।”
    “ ਤੇਰੀ ਬੀਬੀ ਦਾ ਮਤਲਵ ਆ ਕਿ ਇਨਸਾਨ ਕੋਲੋ  ਅਣਜਾਣੇ ਵਿਚ ਹੀ ਕਈਆਂ ਗਲਤੀਆਂ ਹੋ ਜਾਂਦੀਆਂ ਆ।” ਮੈਂ ਗੋਗੀ ਨੂੰ ਸਮਝਾਉਣ ਲੱਗਾ, “ ਜਾਣ ਕੇ ਕਾਹਨੂੰ ਕਰਨੀਆ।”
    “ ਇਕ ਦਿਨ ਕਿੰਦੀ ਦੀ ਸੱਸ ਤਾਂ ਨਿੰਮੀ ਬਾਰੇ ਵੀ ਗੱਲ ਕਰਦੀ ਸੀ।” ਬਖਸ਼ੀਸ਼ ਕੌਰ ਨਵੀ ਹੀ ਗੱਲ ਦੱਸਣ ਲਗ ਪਈ, “ ਨਿੰਮੀ ਨਾਲ ਮੇਰਾ ਭਤੀਜ਼ਾ ਲੰਘਾ ਦਿਉ।”
    ਮੇਰੀ ਛੋਟੀ ਕੁੜੀ ਦਾ ਨਾਮ ਨਿੰਮੀ ਆ। ਉਸ ਦੀ ਉਮਰ ਛੋਟੀ ਹੋਣ ਕਾਰਨ ਮੈਂ ਉਸ ਨੂੰ ਕੰਮ ਦੀ ਥਾਂ ਪੜ੍ਹਨ ਲਗਾ ਦਿੱਤਾ ਸੀ।ਪਤਨੀ ਦੀ ਗੱਲ ਨੇ ਮੈਂਨੂੰ ਹੈਰਾਨ ਕਰ ਦਿੱਤਾ ਸੀ।ਮੈਂ ਤਾਂ ਅਜੇ ਇਕ ਹੈਰਾਨੀ ਨੂੰ ਸੰਭਾਲਣ ਦਾ ਜਤਨ ਕਰ ਰਿਹਾ ਸੀ ਕਿ ਗੋਗੀ ਬੋਲ ਪਿਆ, “ ਬੀਜ਼ੀ, ਤਹਾਨੂੰ ਭਲੇਖਾ ਲੱਗਾ ਹੋਣਾ ਏ, ਕਿੰਦੀ ਦੀ ਸੱਸ ਦਾ ਭਤੀਜ਼ਾ ਨਹੀ ਸਹੁਰੇ ਦੇ ਭਤੀਜ਼ੇ ਦੀ ਗੱਲ ਕੀਤੀ ਹੋਣੀ, ਕਿਉਂਕਿ ਇਕ ਦਿਨ ਮਾਸੜ ਜੀ ਨੇ ਮੇਰੇ ਨਾਲ ਆਪਣੇ ਭਤੀਜ਼ੇ ਦੀ ਗੱਲ ਕੀਤੀ ਸੀ।”
    ਇਕ ਦਿਨ ਸਵੇਰੇ ਸਵੇਰੇ ਉੱਪਰੋਂ ਲੜਨ ਦੀਆਂ ਅਵਾਜ਼ਾ ਆਉਣ।ਮੈਂ ਤਾਂ ਲੜਾਈ ਨੂੰ ਅਣਗੋਲਣ ਦਾ ਯਤਨ ਕੀਤਾ, ਪਰ ਬਖਸ਼ੀਸ਼ ਕੌਰ ਉੱਪਰੋ ਨੂੰ ਜਾਂਦੇ ਦਰਵਾਜ਼ੇ ਕੋਲ ਕੰਨ ਲਾ ਕੇ ਸੁੱਨਣ ਲੱਗੀ।ਮੇਰਾ ਧਿਆਨ ਤਾਂ ਗੁਰਵਿੰਦਰ ਸਿੰਘ ਧਾਲੀਵਾਲ ਜੋ ਟੀਵੀ ਉੱਪਰ ਪੰਥਪ੍ਰੀਤ ਸਿੰਘ ਦੀ ਇੰਟਰਵਿਊ ਲੈ ਰਿਹਾ ਸੀ, ਉਸ ਵੱਲ ਲੱਗਾ ਰਿਹਾ।ਛੇਤੀ ਹੀ ਬਖਸ਼ੀਸ਼ ਕੌਰ ਮੇਰੇ ਕੋਲ ਆ ਕੇ ਕਹਿਣ ਲੱਗੀ, “ ਆਹ ਧਾਲੀਵਾਲ ਨੂੰ ਫਿਰ ਸੁਣ ਲਿਉ, ਪਹਿਲਾਂ ਮੇਰੀ ਗੱਲ ਸੁਣੋ।”
    ਮੈਂ ਟੀਵੀ ਦੀ ਅਵਾਜ਼ ਨੂੰ ਹੌਲੀ ਕਰਦੇ ਕਿਹਾ, “ ਬੋਲ।”
    “ ਉੱਪਰ ਤਾਂ ਕੁੜਮ-ਕੁੜਮਣੀ ਆਪਸ ਵਿੱਚ ਲੜੀ ਜਾਂਦੇ ਆ।”
    “ਕਾਹਤੋ।”
    “ ਉਹ ਕਹਿੰਦਾ ਮੈਂ ਆਪਣਾ ਭਤੀਜ਼ਾ ਨਿੰਮੀ ਨਾਲ ਲੰਘਾਉਣਾ, ਉਹ ਕਹਿੰਦੀ ਮੈਂ ਆਪਣਾ ਭਤੀਜ਼ਾ ਲੰਘਾਉਣਾ।”
    “ ਸਾਨੂੰ ਕੀ? ਲੜਦੇ ਆ ਤਾਂ ਲੜੀ ਜਾਣ, ਆਪਾਂ ਤਾਂ ਉਹੀ ਕਰਨਾ ਜੋ ਸਾਡਾ ਜ਼ਵਾਈ ਕਹੂ।”
    “ ਜਿੰਦਰ ਵੀ ਉੱਪਰ ਈ ਆ, ਉਸ ਨੇ ਸਾਫ ਕਹਿ ਦਿੱਤਾ ਕਿ ਨਿੰਮੀ ਨਾਲ ਕਿਸੇ ਨੂੰ ਨਹੀ ਲੰਘਾਉਣਾ,ਉਸ ਦੀ ਉਮਰ ਕਿੰਨੀ ਛੋਟੀ ਆ, ਉਹ ਪੜ੍ਹਨ ਲੱਗੀ ਆ, ਉਹਨੂੰ ਪੜ੍ਹਨ ਦਿਉ। ਗੋਗੀ ਨਾਲ ਜਿਹਨੂੰ ਲੰਘਾਉਣਾ ਹੈ ਲੰਘਾ ਲਉ।”
    ਹੋਇਆ ਵੀ ਇਸ ਤਰਾਂ ਹੀ।ਨਿੰਮੀ ਪੜ੍ਹਦੀ ਰਹੀ ਅਤੇ ਗੋਗੀ ਦਾ ਵਿਆਹ ਜਿੱਥੇ ਸਾਡੇ ਕੁੜਮ ਚਾਹੁੰਦੇ ਸਨ। ਉੱਥੇ ਹੋ ਗਿਆ। ਮੈ ਇੱਕ ਗੱਲ ਦੇਖੀ ਹੈ ਕਿ ਜੇ ਬੰਦਾ ਧੁਰ ਅਦੰਰੋਂ ਗਲਤ ਕੰਮ ਨਾ ਕਰਨਾ ਚਾਹੁੰਦਾ ਹੋਵੇ ਤਾਂ ਰੱਬ ਉਸ ਨੂੰ ਬਚਾ ਹੀ ਲੈਂਦਾ ਹੈ।ਇਸ ਤਰਾਂ ਹੀ ਗੋਗੀ ਦੇ ਰਿਸ਼ਤੇ ਦੀ ਗੱਲ ਹੋਈ।ਗੋਗੀ ਕਾਗਜ਼ਾ ਵਿਚ ਕੁੜੀ ਨਾਲ ਝੂਠਾ ਵਿਆਹ ਕਰਨਾ ਚਾਹੁੰਦਾ ਸੀ, ਪਰ ਜਦੋਂ ਕੁੜੀ ਦੇਖੀ ਤਾਂ ਉਸ ਨੂੰ ਚੰਗੀ ਲੱਗੀ। ਕਹਿਣ ਲੱਗਾ, “ ਭਾਪਾ ਜੀ, ਝੂਠਾ ਵਿਆਹ ਕਾਹਦੇ ਲਈ ਕਰਨਾ, ਸੱਚਾ ਹੀ ਕਰ ਲੈਂਦੇ ਆ। ਮੇਰੇ ਲਈ ਤਾਂ ਬਿੱਲੀ ਭਾਣੇ ਛਿੱਕਾ ਟੁੱਟਾ ਸੀ, ਇਸ ਲਈ ਗੋਗੀ ਦੀ ਝੱਟ ਮੰਗਣੀ ਤੇ ਪੱਟ ਵਿਆਹ ਕਰ ਲਿਆ। ਰੱਬ ਦਾ ਸ਼ੁਕਰ ਜਿੱਥੇ ਸਾਡੀ ਨੂੰਹ ਦੇਖਣ ਨੂੰ ਚੰਗੀ ਸੀ,ਉੱਥੇ ਘਰ ਦੇ ਕੰਮ ਵਿਚ ਸੁਚੱਜੀ ਅਤੇ ਅਕਲ ਵਾਲੀ ਸੀ। ਉਹ ਗੱਲਤ ਨੂੰ ਬੰਦੇ ਨੂੰ ਗਲਤ ਅਤੇ ਠੀਕ ਬੰਦੇ ਨੂੰ ਠੀਕ ਉਸ ਦੇ ਮੂੰਹ ਉੱਪਰ ਹੀ ਕਹਿ ਦੇਂਦੀ। ਇਕ ਵਾਰੀ ਕਿੰਦੀ ਦੀ ਸੱਸ ਉਸ ਨਾਲੋ ਲੜਨੋ ਹੀ ਨਾ ਹਟੇ।ਤੀਜ਼ੇ ਕੁ ਦਿਨ ਮੂੰਹ ਜਿਹਾ ਵੱਟ ਕੇ ਬਹਿ ਜਾਇਆ ਕਰੇ। ਆਪਣੇ ਮੂੰਹੋ ਮੀਠੂ ਮੀਆਂ ਬਣਦਾ ਬੰਦਾ ਚੰਗਾ ਤਾਂ ਨਹੀ ਲੱਗਦਾ ਪਰ ਅਸੀ ਕਿੰਦੀ ਨੂੰ ਇਸ ਤਰਾਂ ਪਾਲਿਆ ਸੀ ਕਿ ਉਸ ਵਿੱਚ ਬਹੁਤ ਨਿਮਰਤਾ ਭਰੀ ਸੀ ਅਤੇ ਹਰ ਕੰਮ ਉਸ ਨੂੰ ਆਉਂਦਾ ਸੀ।ਜਦੋਂ ਵੀ ਉਸ ਨੇ ਸੁਹਰਿਆਂ ਦੀ ਕੋਈ ਸ਼ਕਾਇਤ ਕਰਨੀ ਤਾਂ ਅਸੀ ਕਹਿਣਾ, “ ਹਊ ਪਰੇ ਕਰੀਦਾ ਆ,ਗੱਲ ਘਟਾਈਦੀ ਆ।”
     ਬਖਸ਼ੀਸ ਕੌਰ ਨੇ ਵੀ ਇਹੀ ਕਹਿਣਾ, “ ਕੋਈ ਨਹੀ ਪੁੱਤ ਕਹਿਣ ਦੇ ਜੋ ਕਹਿੰਦੇ ਨੇ, ਜਿੰਦਰ ਤਾਂ ਤੈਂਨੂੰ ਸਮਝਦਾ ਹੀ ਆ।”
    ਪਰ ਸਾਡੀ ਨੂੰਹ ਇਸ ਤਰਾਂ ਦੀਆਂ ਗੱਲਾਂ ਵਿਚ ਬਹੁਤੇ ਹੱਕ ਵਿਚ ਨਹੀ ਸੀ।ਇਕ ਦਿਨ ਕਿੰਦੀ ਦੇ ਛੋਟੇ ਕਾਕੇ ਦਾ ਜਨਮਦਿਨ ਸੀ। ਸਾਡੀ ਨੂੰਹ-ਰਾਣੀ ਰੋਟੀ-ਪਾਣੀ ਦੀ ਮੱਦਦ ਕਰਨ ਲਈ ਕਿੰਦੀ ਦੇ ਕੋਲ ਗਈ ਹੋਈ ਸੀ। ਉਸ ਦੀ ਸੱਸ ਨੇ ਪਤਾ ਨਹੀ ਕੀ ਗੱਲ ਲਾ ਕੇ ਕੀਤੀ, ਭਾਂਵੇ ਸਾਡੀ ਨੂੰਹ ਸੀ ਤਾਂ ਉਹਨਾਂ ਦੀ ਹੀ ਰਿਸ਼ਤੇਦਾਰ ਪਰ ਉਹ ਬੋਲ ਉਠੀ, “ ਭੂਆ ਜੀ, ਤੁਸੀ ਕਿਉਂ ਇਸ ਤਰਾਂ ਦੀ ਗੱਲਾਂ ਕਰਦੇ ਰਹਿੰਦੇ ਹੋ।” ਭੈਣ ਜੀ ਸਾਰੇ ਕੰਮਾਂ ਵਿੱਚ ਹੁਸ਼ਿਆਰ ਆ,ਘਰ ਨੂੰ ਚੰਗੀ ਤਰਾਂ ਸੰਭਾਲ ਦੀ ਆ,ਆਪਣੀ ਸਭ ਜ਼ਿੰਮੇਵਾਰੀ ਨਿਭਾਉਂਦੀ ਆ, ਫਿਰ ਤੁਸੀ ਉਸ ਨੂੰ ਨਿੰਦਦੇ ਰਹਿੰਦੇ ਹੋ।”
    ਇਹ ਗੱਲਾਂ ਸੁਣ ਕੇ ਸਹੁਰਾ ਵੀ ਆ ਗਿਆ, ਬਹੁਤ ਹੀ ਕ੍ਰੋਧੀ ਅਵਾਜ਼ ਵਿੱਚ ਬੋਲਿਆ, “ ਤੂੰ ਕੌਣ ਹੁੰਦੀ ਆ, ਸਾਨੂੰ ਆ ਗੱਲਾਂ ਦੱਸਣ ਵਾਲੀ, ਇਹਨੇ ਤਾਂ ਸਾਡਾ ਮੁੰਡਾ ਆਪਣੇ ਮਗਰ ਲਾ ਲਿਆ, ਉਹਨੂੰ ਖਾਈ ਜਾਂਦੀ ਆ, ਨਾਲੇ ਆਪਣੇ ਲਾਣੇ ਨੂੰ ਖੁਆਈ ਜਾਂਦੀ ਆ।”
    ਸਾਡੀ ਨੂੰਹ ਨੇ ਇਕ ਕਹਿ ਕੇ ਹੀ ਗੱਲ ਮੁਕਾ ਦਿੱਤੀ, “ ਤੁਹਾਡੀ ਗੱਲ ਤਾਂ ਉਹ ਹੈ ਕਿ ਖੋਤੇ ਗੱਲ ਲਾਲ ਪਿਆ ਆ, ਤੁਸੀ ਇਸ ਸ਼ਰੀਫ- ਸਮਝਦਾਰ ਕੁੜੀ ਨੂੰ ਨਹੀ ਸਮਝਦੇ, ਮੈਂਨੂੰ ਕਿੱਥੇ ਸਮਝਣਾ। ਉਹ ਦੋਨੋਂ ਬੋਲਦੇ ਰਿਹੇ,ਕਿੰਦੀ ਰੋਂਦੀ ਰਹੀ, ਨੂੰਹ ਸਾਡੀ ਕੰਮ ਮਕਾਉਂਦੀ ਰਹੀ।
    ਕਈ ਸਾਲ ਸਾਡੇ ਘਰਾਂ ਵਿੱਚ ਇਸ ਤਰਾਂ ਦੀਆਂ ਗੱਲਾਂ ਚਲਦੀਆਂ ਰਹੀਆਂ। ਨਿੰਮੀ ਦਾ ਵਿਆਹ ਕੈਨੇਡਾ ਵਿਚ ਹੀ ਹੋ ਗਿਆ। ਉਹਦੇ ਸੱਸ-ਸਹੁਰਾ ਸਾਡੇ ਨਾਲੋ ਪੜ੍ਹੇ-ਲਿਖੇ ਅਤੇ ਜ਼ੁਵਾਨ ਸਨ।ਉਹਨਾਂ ਸਾਰਿਆਂ ਦਾ ਆਪਸ ਵਿਚ ਸੂਤ ਸੀ।ਫਿਰ ਵੀ ਜੇ ਕਿਤੇ ਮਾੜੀ-ਮੋਟੀ ਗੱਲ ਹੋਣੀ ਤਾਂ ਛੇਤੀ ਮੁੜ ਠੀਕ ਹੋ ਜਾਣੀ। ਇਹਨਾਂ ਸਾਰੀਆਂ ਗੱਲਾਂ ਦੇ ਹੁੰਦੇ-ਸੁੰਦੇ ਅਸੀ ਸਾਰੇ ਪ੍ਰੀਵਾਰਾਂ ਦਿਨਾ-ਸੁਧਾ ਉੱਪਰ ਇਕੱਠੇ ਹੁੰਦੇ । ਰਲ ਕੇ ਖਾਣ-ਪੀਣਾ, ਬੱਚਿਆਂ ਦੇ ਜਨਮਦਿਨ ਮਨਾਉਣੇ,ਹੱਸਣਾ-ਹਸਾਉਣਾ ਗੱਲ  ਕੀ ਜਿਵੇਂ ਇਧਰਲੇ ਬੱਚੇ ਕਹਿੰਦੇ ਹੁੰਦੇ ਆ ਕਿ ਬਹੁਤ ਫਨ ਕਰਨਾ।
    ਫਿਰ ਸਮੇਂ ਦੀ ਚਾਲ ਨੇ ਬੱਚੇ ਵੱਡੇ ਕਰ ਦਿੱਤੇ।ਜਨਮਦਿਨ ਮਨਾਉਣੇ ਛੁੱਟ ਗਏ ਅਤੇ ਰਲ ਬੈਠਣ ਦੇ ਮੌਕੇ ਵੀ ਘਟ ਗਏ। ਗੋਗੀ ਸਾਡੇ ਨੂੰ ਵੈਨਕੂਵਰ  ਸਹੋਣਾ ਕੰਮ ਮਿਲ ਗਿਆ। ਉਸ ਨੇ ਉੱਥੇ ਹੀ ਘਰ ਲੈ ਲਿਆ।ਅਸੀ ਮੀਆਂ-ਬੀਵੀ ਐਬਸਫੋਰਡ ਵਿੱਚਲੇ ਹੀ ਘਰ ਵਿੱਚ ਰਹੇ। ਸਾਨੂੰ ਪੈਨਸ਼ੈਨ ਲੱਗੀ ਹੋਈ ਆ ਗੁਜ਼ਾਰਾ ਸਹੋਣਾ ਹੋਈ ਜਾਂਦਾ ਏ। ਗਰਮੀਆਂ ਵਿੱਚ ਫਾਰਮਾਂ ਵਿੱਚ ਕੈਸ਼ ਕੰਮ ਵੀ ਕਰ ਲਈਦਾ ਆ, ਜਿਹਦੇ ਨਾਲ ਤਿਆਰਾਂ- ਤਿਉਹਾਰਾਂ  ਉੱਪਰ ਬੱਚਿਆਂ ਨੂੰ ਤਹੋਫੇ ਦੇ-ਦੁਈਦੇ ਆ।ਜ਼ਿੰਦਗੀ ਸੋਹਣੀ ਚਲੀ ਜਾ ਰਹੀ ਆ। ਫਿਰ ਵੀ ਮੇਰਾ ਪਿਛੱਲੇ ਕੁ ਦਿਨਾਂ ਤੋਂ ਦਿਲ ਕਰੀ ਜਾਦਾਂ ਕਿ ਅੱਗੇ ਵਾਂਗੂ ਫਿਰ ਇਕੱਠੇ ਹੋਈਏ ਅਤੇ ਬੈਠ ਕੇ ਗੱਲਾਂ ਬਾਤਾਂ ਕਰੀਏ।ਇਸ ਵਿਚਾਰ ਨੂੰ ਅਸਲੀ ਜਾਮਾ ਦੇਣ ਲਈ ਮੈਂ ਆਪਣੀ ਪਤਨੀ ਨੂੰ ਕਿਹਾ, “ਬਖਸ਼ੀਸ਼ ਕੌਰੇ, ਮੇਰਾ ਦਿਲ ਕਰਦਾ ਹੈ ਕਿ ਇਕ ਦਿਨ ਆਪਾਂ ਸਾਰੇ ਇਕੱਠੇ ਹੋਈਏ ਜਿਵੇ ਪਹਿਲਾਂ ਹੁੰਦੇ ਸੀ।ਇਕ ਦਿਨ ਸਾਰਿਆਂ ਨੂੰ ਆਪਾਂ ਰੋਟੀ ‘ਤੇ ਬੁਲਾ ਲਈਏ।”
    “ ਤਹਾਨੂੰ ਚੰਗਾ ਭਲਾ ਪਤਾ ਮੇਰੇ ਕੋਲੋਂ ਹੁਣ ਅੱਗੇ ਵਾਂਗ ਥੋੜਾ ਕੰਮ ਹੁੰਦਾ ਆ।” ਪਤਨੀ ਲੰਮਾ ਅਜਿਹਾ ਸਾਹ ਖਿੱਚ ਕੇ ਕਿਹਾ, “ ਝੱਟ ਮੇਰੇ ਗੋਡੇ ਅਤੇ ਢੂਈ ਦੁੱਖਣ ਲੱਗ ਜਾਂਦੀ ਆ।”
    “ ਇਸ ਤਰਾਂ ਕਰਦੇ ਗੋਗੀ ਦੇ ਘਰ ਪ੍ਰੋਗਰਾਮ ਬਣਾ ਲੈਂਦੇ ਹਾਂ।” ਮੈਂ ਆਪਣੀ ਪਤਨੀ ਨੂੰ ਸੁਝਾਅ ਦਿੱਤਾ, “ ਅੱਜ ਸ਼ਾਮ ਨੂੰ ਗੋਗੀ ਨੂੰ ਫੋਨ ਕਰਕੇ ਪੁੱਛੀ।”
    “ ਪੰਜੇ ਦਿਨ ਵਹੁਟੀ ਕੰਮ ‘ਤੇ ਜਾਂਦੀ ਏ।” ਪਤਨੀ ਨੇ ਸਾਫ ਜ਼ਵਾਬ ਦਿੱਤਾ, “ ਛੁੱਟੀ ਵਾਲੇ ਦਿਨ ਉਨੀ ਸੋ ਆਪਣੇ ਕੰਮ ਕਰਨੇ ਹੁੰਦੇ ਆ, ਉਹਨਾਂ ਦਾ ਵਿਹਲ ਆ।”
    “ ਆਹੋ, ਗੱਲ ਤਾਂ ਤੇਰੀ ਠੀਕ ਆ।” ਮੈਂ ਉਸ ਨਾਲ ਸਹਿਮਤ ਹੁੰਦੇ ਕਿਹਾ, “ ਹੁਣ ਤਾਂ ਉਹਨਾਂ ਨੂੰ ਨਿਆਣੇ ਵੀ ਆਪ ਛੱਡਣੇ- ਚੁਕਣੇ ਪੈਂਦੇ ਆ, ਜਦੋਂ ਇੱਥੇ ਰਹਿੰਦੇ ਸੀ ੳਦੋਂ ਤਾਂ ਮੈ ਹੀ ਇੰਨਾ ਕੁ ਕੰਮ ਕਰ ਦਿੰਦਾਂ ਸੀ।”
    “ ਤੁਸੀ ਇਦਾਂ ਕਰੋ  ਸਰਿਆਂ ਨੂੰ ਰੈਸਟੋਰੈਂਟ ਵਿਚ ਬੁਲਾ ਲਉ।” ਪਤਨੀ ਨੇ ਸਲਾਹ ਦਿੱਤੀ, “ ਗੋਗੀ ਨਾਲ ਵੀ ਇਹਦੇ ਬਾਰੇ ਸਲਾਹ ਕਰ ਲਿਉ।”
    “ ਰੈਸਟੋਂਰੈਂਟ ਵਿਚ ਖਰਚਾ ਜ਼ਿਆਦਾ ਨਹੀ ਹੋ ਜਾਵੇਗਾ।”
    “ ਕਿੰਨਾ ਕੁ ਜ਼ਿਆਦਾ ਹੋਣ ਲੱਗਾ।” ਪਤਨੀ ਨੇ ਕਿਹਾ, “ਆਪਣੇ ਨਿਆਣਿਆ ਉੱਪਰ ਹੀ ਕਰਨਾ, ਕਿਸੇ ਹੋਰ ਤੇ ਥੋੜ੍ਹਾ ਕਰਨਾ।”
    ਇਹ ਸਾਰੀ ਸਲਾਹ ਕਰਨ ਲਈ ਗੋਗੀ ਨੂੰ ਫੋਨ ਕੀਤਾ, “ ਗੋਗੀ, ਬਹੁਤ ਚਿਰ ਹੋ ਗਿਆ ਆਪਾਂ ਸਾਰਿਆਂ ਨੂੰ ਇੱਕਠਿਆਂ ਹੋਇਆ, ਤੇਰੀ ਬੀਬੀ ਨੇ ਤੇ ਮੈਂ ਸਲਾਹ ਕੀਤੀ ਆ ਆਉਂਦੇ ਸੰਡੇ ਨੂੰ ਆਪਾਂ ਸਾਰੇ ਰੋਟੀ ਉੱਪਰ ਇਕੱਠੇ ਹੋਈਏ।”
    “ ਇਕੱਠੇ ਕਿੱਥੇ ਹੋਣਾ?” ਗੋਗੀ ਨੇ ਕਿਹਾ, “ ਨਾਲੇ ਸੰਡੇ ਨੂੰ ਨਹੀ ਹੋ ਹੋਣਾ, ਉਦਣ ਸ਼ਾਮ ਨੂੰ ਗਹਿਰੀ ਦੀ ਗੇਂਮ ਆ।”
    “ ਰੈਸਟੋਂਰੈਟ ਵਿਚ,  ਘਰ ਤਾਂ ਬੀਬੀ ਤੇਰੀ ਤੋਂ ਇੰਨਾ ਕੰਮ ਹੋਣਾ ਨਹੀ।” ਮੈਂ ਕਿਹਾ, “ ਜੇ ਸੰਡੇ ਨਹੀ ਤਾਂ ਤੁਸੀ ਦਸ ਦਿਉ ਕਿਸ ਦਿਨ ਤੁਹਾਡਾ ਵਿਹਲ ਆ।”
    “ ਤੁਸੀ ਕਿੰਦੀ ਅਤੇ ਨਿੰਮੀ ਨੂੰ ਵੀ ਪੁੱਛ ਲਿਉ।” ਗੋਗੀ ਕਹਿਣ ਲੱਗਾ, “ ਉਹ ਕਦੋਂ ਵਿਹਲੀਆਂ ਨੇ, ਉਹਨੀ ਵੀ ਕਈ ਥਾਈਂ ਨਿਆਣੇ ਪਾਇਉ ਆ।”
    “ ਉ.ਕੇ ਉਹਨਾਂ ਨੂੰ ਪੁੱਛ ਕੇ ਤੈਨੂੰ ਦੱਸਾਂਗੇ।”
    “ ਕੋਈ ਨਹੀ ਦੱਸ ਦਿਉ ਬਣਾ ਲਵਾਂਗੇ ਪ੍ਰੋਗਰਾਮ।”
    ਉਸੇ ਸ਼ਾਮ ਮੈਂ ਪਹਿਲਾਂ ਕਿੰਦੀ ਕੇ ਫੋਨ ਕੀਤਾ।ਫੋਨ ਕਿੰਦੀ ਦੇ ਸੱਸ ਨੇ ਚੁੱਕਿਆ ਤਾਂ ਮੈ ਕਿਹਾ, “ ਸਤਿ ਸ੍ਰੀ ਅਕਾਲ ਜੀ।”
    “ ਸਾਸਰੀਕਾਲ।” ਉਸ ਪਹਿਲੇ ਹੀ ਨਿਹੋਰੇ ਵਾਂਗ ਕਿਹਾ, “ ਕਿੰਦੀ ਹੈ ਨਹੀ ਘਰੇ।”
    “ ਚਲੋ ਕੋਈ ਗੱਲ ਨਹੀ।” ਮੈਂ ਕਿਹਾ, “ ਮੈਂ ਤਹਾਨੂੰ ਹੀ ਦੱਸ ਦਿੰਦਾਂ ਆ, ਇਕ ਦਿਨ ਆਪਾਂ ਸਾਰਿਆਂ ਨੇ ਰੈਸਟੋਰੈਂਟ ਵਿੱਚ ਇਕੱਠੇ ਹੋਣਾ,ਪਹਿਲਾਂ ਵਾਂਗ ਹੀ ਗੱਲਾਂ-ਬਾਤਾਂ ਕਰਾਂਗੇ।”
    “ ਅਸੀ ਤਾਂ ਚੋਥੇ ਨੂੰ ਇੰਡੀਆਂ ਜਾਣਾ ਆ।” ਉਸ ਨੇ ਅਵਾਜ਼ ਵਿਚ ਗਰੂਰ ਭਰ ਕੇ ਕਿਹਾ, “ ਬਾਕੀ ਤੁਸੀ ਆਪੇ ਜਿੰਦਰ ਨਾਲ ਗੱਲ ਕਰ ਲਿਉ।”
    ਇਹ ਕਹਿ ਉਹ ਫੋਨ ਰੱਖ ਰਹੀ ਸੀ ਨਾਲ ਬੋਲ ਰਹੀ ਸੀ, “ ਹੂੰ, ਕੱਲ ਅਜੇ ਪਿਡੋਂ ਆਏ ਆ, ਹੁਣ ਖਾਣ ਲਈ ਹੋਟਲਾਂ ਨੂੰ ਵੀ ਤੁਰ ਪਏ।”
    ਖੈਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜ਼ੂਦ ਅਗਲੇ ਤੋਂ ਅਗਲੇ  ਹਫਤੇ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਛੇ ਕੁ ਵਜੇ ਸਰੀ ਇਕ ਰੈਸਟੋਂਰੈਂਟ ਵਿਚ ਪ੍ਰੋਗਰਾਮ ਬਣ ਗਿਆ।
    ਸ਼ਨੀਵਾਰ ਤੜਕੇ ਹੀ ਖੁਸ਼ੀ ਨਾਲ ਮੇਰੀ ਜਾਗ ਖੁੱਲ ਗਈ। ਮੈਂ  ਅਵਾਜ਼ਾ ਮਾਰ ਕੇ ਪਤਨੀ ਨੂੰ ਜਗਾਉਣ ਲੱਗਾ, “ ਬਖਸ਼ੀਸ਼ ਕੌਰੇ, ਉੱਠ ਖੜ੍ਹ, ਚਾਹ-ਚੂ ਬਣਾ ਲੈ, ਅੱਜ ਆਪਾਂ ਸਰੀ ਨੂੰ ਵੀ ਜਾਣਾ ਆ।”
    “ ਸਰੀ ਨੂੰ ਹੁਣੇ ਤੁਰ ਪੈਣਾ।” ਪਤਨੀ ਨੇ ਖਿੱਝ ਕੇ ਕਿਹਾ, “ਤਹਾਨੂੰ ਤਾਂ ਇਦਾ ਚਾਅ ਚੜ੍ਹਿਆ ਜਿਵੇ ਮੁੰਡੇ ਨੂੰ ਵਿਆਉਣ ਜਾਣਾ ਹੋਵੇ।”
    “ ਚਾਅ ਤਾਂ ਹੈਗਾ ਈ ਆ।” ਮੈਂ ਬਿਸਤਰੇ ਤੋਂ ਉੱਠਦੇ ਕਿਹਾ, “ ਇੰਨਾ ਚਿਰ ਬਾਅਦ ਸਾਰੇ ਟੱਬਰ ਨੇ ਇਕੱਠੇ ਹੋਣਾ।”
    “ ਮੈਂ ਤਾਂ ਅਜੇ ਠਹਿਰ ਕੇ ਉੱਠਣਾ।” ਪਤਨੀ ਜ਼ਵਾਬ ਦਿੱਤਾ, “ ਤੁਸੀ ਨਹਾ ਕੇ ਪਾਠ ਕਰ ਲਉ।”
    ‘ ਨਾਨਕ ‘ਤੇ ਮੁਖ ਉਜਲੇ ਕਿਤੀ ਛੁੱਟੀ ਨਾਲ’  ਮੈਂ ਅਜੇ ਗੁਰਬਾਣੀ ਦੀ ਇਸ ਤੁਕ ਉੱਪਰ ਹੀ ਸੀ ਕਿ ਮੇਰੀ ਪਤਨੀ ਵੀ ਉੱਠ ਗਈ।
    ਚਾਹ ਪੀਂਦਾ ਮੈਂ ਮਿੰਟ ਕੁ ਮਗਰੋਂ ਘੜੀ ਵੱਲ ਦੇਖਣ ਲੱਗ ਜਾਂਦਾ। ਮੈਨੂੰ ਇਸ ਤਰਾਂ ਲੱਗੇ ਜਿਵੇ ਘੜੀ ਇਕ ਥਾਂ ਹੀ ਖੜੋ ਗਈ ਹੋਵੇ। ਮਸੀ ਜਾ ਕੇ ਇਕ ਵੱਜਾ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ, “ ਚੱਲ ਫਿਰ ਹੋ ਜਾ ਤਿਆਰ।”
    “ ਹਾਏ, ਹਾਏ ਤੁਸੀ ਤਾਂ ਹੱਦ ਹੀ ਕਰ ਛੱਡੀ।” ਮੇਰੀ ਪਤਨੀ ਰੋਟੀ ਵਾਲੇ ਭਾਂਡੇ ਧੋਂਦੀ ਰਸੋਈ ਵਿਚੋਂ ਬੋਲੀ, “ ਮੈਂ ਤਾਂ ਘੜੀ- ਬਿੰਦ ਪੀਹਲਾਂ ਅਰਾਮ ਕਰਨਾ ਆ, ਫਿਰ ਤਿਆਰ ਹੋਣਾ, ਹੁਣੇ ਜਾ ਕੇ ਕੀ ਕਰਨਾ,ਕਿੱਥੇ ਮੈਂ ਤਹਾਨੂੰ ਦੱਸ ਬੈਠੀ ਕਿ ਰੈਸਟੋਰੈਂਟ ਵਿਚ ਇਕੱਠੇ ਹੋ ਲਉ।”
    ਪਤਨੀ ਦੀ ਗੱਲ ਭਾਂਵੇ ਠੀਕ ਹੀ ਸੀ।ਪ੍ਰੀਵਾਰ ਨਾਲ ਇੱਕਠੇ ਬੈਠਣ ਦੀ ਖੁਸ਼ੀ ਤਾਂ ਸੀ ਹੀ,ਪਰ ਜ਼ਿਆਦਾ ਚਾਅ ਗੱਲਾਂ ਕਰਨ ਦਾ ਸੀ।ਪਤਨੀ ਅਰਾਮ ਕਰਨ ਲਈ ਸੋਫੇ ‘ਤੇ ਪੈ ਗਈ ਅਤੇ ਮੈਂ ਸਹੋਣੀ ਧੁੱਪ ਦੇਖ ਬਾਹਰ ਨਿਕਲ ਗਿਆ।ਕਿਆਰੀਆਂ ਵਿਚੋਂ ਕੱਖ-ਡੀਲਾ ਚੁੱਗਣ ਲੱਗਾ ਤਾਂ ਸਾਡੇ ਘਰ ਤੋਂ ਚੋਥੇ ਘਰ ਵਾਲਾ ਖਾਨਪੁਰੀਆ ਸੂਬੇਦਾਰ ਆ ਗਿਆ।
    “ ਕੀ ਗੱਲ ਭਾਈ ਸੈਬ, ਅੱਜ ਠੰਡ ਵਿੱਚ ਹੀ ਕਿਆਰੀਆਂ ਗੁੱਡਣ ਲੱਗੇ ਹੋਏ ਆ।” ਮੇਰੇ ਕੋਲ ਆਉਂਦੇ ਉਸ ਨੇ ਕਿਹਾ, “ ਅਜੇ ਹੋਰ ਪੱਧਰੇ ਦਿਨ ਆਉਣ ਦਿਉ, ਐਂਵੇ ਠੰਡ ਲਗਾ ਬੈਠੋਂਗੇ।”
    ਮੈਂ ਉਸ ਨੂੰ ਕਿਵੇ ਦੱਸਦਾ ਕਿ ਅੱਜ ਹੋਣ ਵਾਲੀ ਮੁਲਾਕਾਤ ਠੰਡ ਵਿੱਚ ਵੀ ਮੈਂਨੂੰ ਨਿੱਘ ਦੇ ਰਹੀ ਹੈ।ਪ੍ਰੀਵਾਰ ਨਾਲ ਗੱਲਾਂ ਕਰਨ ਦੀ ਰੀਝ ਕਿਸੇ ਮੋਟੀ ਜੈਕਟ ਤੋਂ ਘੱਟ ਨਹੀ ਕੰਮ ਕਰ ਰਹੀ।ਇਹਨਾਂ ਗੱਲਾਂ ਨੂੰ ਆਪਣੇ ਵਿਚ ਹੀ ਛੁਪਾਉਂਦਾ ਮੈਂ ਬੋਲਿਆ, “ ਧੁੱਪ ਸਹੋਣੀ ਦੇਖ ਬਹਾਨੇ ਨਾਲ ਬਾਹਰ ਨਿਕਲਿਆਂ ਹਾਂ,ਹੋਰ ਕਿਆਰੀਆਂ ਤਾਂ ਕੀ ਗੁੱਡਣੀਆਂ।”
    “ ਨਿਕਲਿਆਂ ਤਾਂ ਮੈਂ ਵੀ ਧੁੱਪ ਦੇਖ ਕੇ।” ਸੂਬੇਦਾਰ ਨੇ ਕਿਹਾ, “ ਆ ਜਾਉ ਬਲਾਕ ਦੇ ਦੁਆਲੇ ਗੇੜਾ ਕੱਢ ਕੇ ਆਈਏ।”
    “ ਸਟੋਰ ਨੂੰ ਤਾਂ ਮੈਂ ਵੀ ਜਾਣਾ ਸੀ।” ਬਖਸ਼ੀਸ਼ ਕੌਰ ਦੀ ਦੱਸੀ ਗੱਲ ਯਾਦ ਕਰਦਿਆਂ ਕਿਹਾ, “ ਸੇਬ ਲਿਆਉਣੇ ਸੀ।”
    “ ਆ ਜਾਉ ਫਿਰ।”
    ਮੈਂ ਸੂਬੇਦਾਰ ਨਾਲ ਤੁਰ ਤਾਂ ਪਿਆ,ਵਿਚੋਂ ਫਿਕਰ ਸੀ ਕਿਤੇ ਰੈਸਟੋਂਰੈਂਟ ਜਾਣ ਵਿੱਚ ਲਟੇ ਨਾ ਹੋ ਜਾਵਾਂ।ਛੇਤੀ ਛੇਤੀ ਕਦਮ ਪੁੱਟਦਾ ਮੈਂ ਸੂਬੇਦਾਰ ਨਾਲੋ ਅੱਗੇ ਨਿਕਲ ਗਿਆਂ ਤਾਂ ਉਸ ਨੇ ਮੈਂਨੂੰ ਪਿਛੋਂ ਅਵਾਜ਼ ਮਾਰੀ, “ ਖੜੋ ਜਾਉ, ਮੈਂਨੂੰ ਵੀ ਨਾਲ ਰਲਾ ਲਉ।” ਉਸ ਦੀ ਗੱਲ ਸੁਣ ਮੈਂ ਖਲੋ ਗਿਆ ਅਤੇ ਸੂਬੇਦਾਰ ਜੀ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲੱਗਾ।
    ਰੁਕਦੇ, ਤੁਰਦੇ ਅਤੇ ਗੱਲਾਂ ਕਰਦੇ ਅਸੀ ਸਟੋਰ ਵਿਚ ਪਹੁੰਚ ਗਏ।ਮੈਂ ਸਟੋਰ ਤੋਂ ਸੇਬ ਚੁੱਕ ਲਏ ਅਤੇ ਸੂਬੇਦਾਰ ਨੇ ਕੇਲੇ।ਬੈਗ ਚੁੱਕ ਬਾਹਰ ਹੀ ਨਿਕਲੇ ਸਾਂ ਕਿ ਫਿਰ ਚਿੰਤਾ ਹੋਈ, ਪਤਾ ਨਹੀ ਕੀ ਟਾਈਮ ਹੋ ਗਿਆ ਹੋਵੇਗਾ।ਬਾਹਰੋਂ ਹੀ ਆਉਣ ਕਾਰਨ ਘੜੀ ਅੰਦਰ ਹੀ ਰਹਿ ਗਈ ਸੀ।ਇਸ ਹੀ ਸੋਚ ਵਿੱਚ ਮੈਂ ਕਿਹਾ, “ ਸੂਬੇਦਾਰ ਜੀ ਪਤਾ ਨਹੀ ਕੀ ਟਾਈਮ ਹੋ ਗਿਆ ਹੋਵੇਗਾ।”
    “ ਉਹ ਸਾਹਮਣੇ ਆਪਣਾ ਮੁੰਡਾ ਹੀ ਲੱਗਦਾ ਆ।” ਸੂਬੇਦਾਰ ਨੇ ਰਾਏ ਦਿੱਤੀ, “ ਅਵਾਜ਼ ਮਾਰੋ ਖਾਂ, ਉਸ ਨੂੰ, ਟਾਈਮ ਦਾ ਪਤਾ ਲੱਗ ਜਾਵੇਗਾ।”
     ਤਿੰਨ ਚਾਰ ਵਾਰੀ ਕਾਕਾ , ਕਾਕਾ ਜੀ ਕਹਿ ਕੇ ਉਸ ਨੂੰ ਅਵਾਜ਼ ਮਾਰੀ, ਪਰ ਉਸ ਨੇ ਕੁਝ ਨਹੀ ਸੁਣਿਆ ਸਗੋਂ ਸਿਧਾ ਆਪਣੇ ਧਿਆਨ ਤੁਰੀ ਗਿਆ।‘ ਬੋਲਦਾ ਹੀ ਨਹੀ।” ਮੈਂ ਹੌਲੀ ਅਜਿਹੀ ਕਿਹਾ, “ ਖਬਰੇ ਸੁਣਿਆ ਹੀ ਨਹੀ।”
    “ ਸੁਨਣਾ ਕੀ?” ਸੂਬਦਾਰ ਨੇ ਦੱਸਿਆ, “ ਖੋਪੇ ਅਜਿਹੇ ਤਾਂ ਕੰਨਾ ਨੂੰ ਚਾੜਿਉ ਆ, ਇਦਾ ਹੀ ਪਿਛਲੇ ਹਫਤੇ ਇਕ ਕੁੜੀ ਗੱਡੀ ਹੇਠ ਆ ਕੇ ਮਰ ਗਈ। ਕੰਨਾ ਨੂੰ ਇਦਾ ਦੇ ਹੀ ਖੋਪੇ ਜਿਹੇ ਚਾੜ ਕੇ ਪਤਾ ਨਹੀ ਕੀ ਸੁਣੀ ਜਾਵੇ, ਉਧਰੋਂ ਗੱਡੀ ਆ ਗਈ, ਲੋਕਾ ਉਸ ਨੂੰ ਬਥੇੜੇ ਹਾਰਨ-ਹੁਰਨ ਮਾਰੇ, ਅਵਾਜ਼ਾ ਮਾਰੀਆਂ, ਪਰ ਭਾਈ ਸੈਬ, ਮੈਂਨੂੰ ਲੱਗਦਾ ਉਹ ਨੂੰ ੳਦੋਂ ਹੀ ਪਤਾ ਲੱਗਾ ਹੋਵੇਗਾ ਜਦੋਂ ਗੱਡੀ ਥੱਲੇ ਆ ਗਈ।”
    “ ਨਵੀਆਂ ਨਵੀਆਂ ਚੀਜ਼ਾ ਆਈ ਜਾਂਦੀਆਂ ਨਿਆਣੇ ਇੰਨਾਂ ਵਿੱਚ ਹੀ ਗੁਆਚੀ ਜਾਂਦੇ ਆ।”
    “ ਇੰਨਾ ਵਿੱਚ ਚੀਜ਼ਾ ਦਾ ਤਾਂ ਜੀ ਕੋਈ ਦੋਸ਼ ਨਹੀ।” ਸੂਬੇਦਾਰ ਨੇ ਸੋਚ ਕੇ ਕਿਹਾ, “ ਇਹ ਤਾਂ ਚੀਜ਼ਾਂ ਵਰਤਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਦੋਂ ਅਤੇ ਕਿੱਥੇ ਚੀਜ਼ ਨੂੰ ਵਰਤਨਾ ਚਾਹੀਦਾ ਏ।”
    ਸੂਬੇਦਾਰ ਜੀ ਨਾਲ ਗੱਲਾਂ ਕਰਦਾ-ਕਰਾਉਂਦਾ ਜਦੋਂ ਮੈ ਘਰ ਪੁਹੰਚਿਆ ਤਾਂ ਪਤਨੀ ਸੂਟ ਪਾ ਕੇ ਤਿਅਰ ਬੈਠੀ ਦਿਸੀ ਮੈਂਨੂੰ ਦੇਖ ਕੇ ਬੋਲੀ, “ ਸਵੇਰ ਦੇ ਦੁਹਾਈ ਪਾਈ ਜਾਂਦੇ ਸੀ ਕਿ ਤਿਆਰ ਹੋ ਜਾ, ਤਿਆਰ ਹੋਣ ਦਾ ਵੇਲਾ ਆਇਆ ਤਾਂ ਪਤਾ ਨਹੀ ਕਿਧਰ ਨੂੰ ਤੁਰ ਗਏ।”
    “ ਜਾਣਾ ਕਿੱਥੇ ਸੀ,ਸੂਬੇਦਾਰ ਹੋਰਾਂ ਨਾਲ ਗੇੜਾ ਕੱਢਣ ਚਲਾ ਗਿਆ ਸੀ, ਆਉਂਦਾ ਹੋਇਆ ਸਟਰੋਂ ਸੇਬ ਲੈ ਆਇਆ।” ਮੈਂ ਸੇਬਾ ਵਾਲਾ ਪੀਲਾ ਬੈਗ ਰੋਟੀ ਵਾਲੇ ਮੇਜ਼ ਉੱਪਰ ਰੱਖਦਾ ਬੋਲਿਆ, “ ਮੈਂ ਤਾਂ ਦੋ ਮਿੰਟਾਂ ਵਿੱਚ ਕਪੱੜੇ ਪਾ ਲੈਣੇ ਆ।”
    “ ਮੈ ਕਿਹਾ ਜੀ, ਤੁਸੀ ਅੱਜ ਕੋਟ- ਪੈਂਟ ਹੀ ਪਾ ਲਉ।” ਪਤਨੀ ਬੋਲੀ, “ ਨਿਆਣਿਆਂ ਨਾਲ ਫੋਟੋ ਵੀ ਖਿਚਵਾਵਾ ਗੇ।”
    ਪਤਨੀ ਦੀ ਇਸ ਗੱਲ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਟੱਬਰ ਨਾਲ ਬੈਠਣ ਦਾ ਮੈਂਨੂੰ ਇਕੱਲੇ ਨੂੰ ਚਾਅ ਨਹੀ, ਉਸ ਨੂੰ ਵੀ ਹੈ।ਇਹੋ ਅਜਿਹੀਆਂ ਸੋਚਾਂ ਸੋਚਦਾ ਮੈਂ ਝੱਟ-ਪਟ ਵਿਚ ਤਿਆਰ ਹੋ ਪਤਨੀ ਨਾਲ ਬੈਠ ਗਿਆ। ਜਦੋਂ ਕਾਰ ਦੀ ਘੜੀ ਤੇ ਨਿਗਹ ਗਈ ਤਾਂ ਦੇਖਾਂ ਛੇ ਵੱਜਣ ਵਿੱਚ ਅਜੇ ਕਾਫੀ ਟਾਈਮ ਪਿਆ ਸੀ। ਪਤਨੀ ਨੇ ਵੀ ਇਹੋ ਹੀ ਗੱਲ ਕੀਤੀ, “ ਅਜੇ ਤਾਂ ਬਹੁਤ ਟਾਈਮ ਪਿਆ ਛੇ ਵੱਜਣ ਨੂੰ।”
    “ ਕੋਈ ਨਹੀ ਆਪਾਂ ਹੌਲੀ ਹੌਲੀ ਚਲਦੇ ਹਾਂ।” ਮੈਂ ਕਿਹਾ, “ ਜੇ ਪਹਿਲਾਂ ਪਹੁੰਚ ਗਏ ਤਾਂ ਪਿੰਡ ਵਾਲੇ ਗੱਜਣ ਸਿੰਘ ਦੇ ਘਰ ਫੇਰਾ ਪਾ ਆਵਾਂਗੇ, ਕਿੰਨਾ ਚਿਰ ਹੋ ਗਿਆ ਉਸ ਨੂੰ ਮਿਲਿਆਂ।”
    “ ਫੋਨ ਤਾਂ ਉਹਨਾਂ ਨੂੰ ਕੀਤਾ ਨਹੀ।” ਪਤਨੀ ਬੋਲੀ, “ ਬਗੈਰ ਫੋਨ ਤੋਂ ਕਿਵੇ ਜਾ ਆਵਗੇਂ।”
    “ ਲੈ ਫੋਨ ਦਾ ਕੀਆ, ਘਰ ਗਿਆਂ ਨੂੰ ਘਰੋਂ ਨਹੀ ਕੱਢਣ ਲੱਗੇ।”
    “ ਮੈਂ ਨਹੀ ਏਦਾ ਜਾਣਾ, ਕਰੀ ਵਾਰੀ ਅਗਲੇ ਦਾ ਘਰ ਆਪਣਾ ਕੋਈ ਪ੍ਰੋਗਰਾਮ ਹੁੰਦਾ ਆ, ਕੋਈ ਹੋਰ ਆਇਆ ਹੁੰਦਾ ਆ, ਛੁੱਟੀ ਦਾ ਦਿਨ ਆ।”
    ਪਤਨੀ ਦੀ ਗੱਲ ਮੈਂਨੂੰ ਠੀਕ ਲੱਗੀ।ਛੇ ਕਿੱਥੇ ਵਜਾਈਏ? ਇਹ ਸੋਚਦਾ ਸਰੀ ਨੂੰ ਜਾਂਦੀ ਸੜਕ ਉੱਪਰ ਕਾਰ ਦੁੜਾਈਂ ਗਿਆ।ਫਿਰ ਇਕਦਮ ਖਿਆਲ ਆਇਆ ਕਿ ਗੁਰਦੁਆਰੇ ਜਾ ਆਈਏ। ਕੀਤਾ ਵੀ ਅਸੀ ਇਸ ਤਰਾਂ ਹੀ। ਸਕੋਟ ਰੋਡ ਦੇ ਗੁਰਦੁਆਰੇ ਮੱਥਾ ਟੇਕਿਆ,ਪ੍ਰਸ਼ਾਦ ਲੈ ਥੌੜ੍ਹੀ ਦੇਰ ਕੀਰਤਨ ਸੁਣਿਆ। ਸੰਗਤ ਤਾਂ ਕਾਫੀ ਜੁੜੀ ਹੋਈ ਸੀ ਸ਼ਾਇਦ ਕਿਸੇ ਮਰਗ ਦਾ ਭੋਗ ਵੀ ਸੀ।ਛੇ ਵਜਣ ਨੂੰ ਅਜੇ ਪੰਦਰਾਂ ਕੁ ਮਿੰਟ ਸੀ ਅਸੀ ਰੈਸਟੋਂਰੈਂਟ ਨੂੰ ਤੁਰ ਪਏ।
    ਰੈਸਟੋਰੈਂਟ ਦੇ ਅੱਗੇ ਬਣੇ ਕਾਉੂਂਟਰ ਦੇ ਕੋਲ ਖਲੋਤੀ ਕੁੜੀ ਨੂੰ ਮੈਂ ਜਦੋਂ ਦੱਸਿਆ ਕਿ ਅਸੀ ਇੰਨੇ ਕੁ ਜਣਿਆ ਨੇ ਹੋਣਾ ਤਾਂ ਉਹ ਬੋਲੀ, “ ਤਹਾਨੂੰ ਫੋਨ ਕਰਕੇ ਟੇਬਲ ਰਿਜ਼ਾਰਵ ਕਰਾਉਣੇ ਚਾਹੀਦੇ ਸੀ।”
    “ ਰੈਸਟੋਰੈਂਟ ਵਿਚ ਚਾਰ ਤਾਂ ਬੰਦੇ ਬੈਠੇ ਆ।” ਬਖਸ਼ੀਸ਼ ਕੌਰ ਬੋਲੀ, “ ਹੁਣ ਨਹੀ ਟੇਬਲ ਮਿਲ ਸਕਦਾ।”
    ਕੁੜੀ ਕੁਝ ਬੋਲੀ ਤਾਂ ਨਹੀ, ਪਰ ਉਸ ਨੇ ਮੇਰੇ ਪ੍ਰੀਵਾਰ ਦੇ ਬੈਠਣ ਦਾ ਇੰਤਜ਼ਾਮ ਕਰ ਦਿੱਤਾ। ਅਸੀ ਟੇਬਲ ਮਲ ਕੇ ਨਿਆਣਿਆ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਛੇਤੀ ਹੀ ਵਾਰੀ ਵਾਰੀ ਸਭ ਪੁੱਜ ਗਏ।ਵੱਡੀ ਕੁੜੀ ਦੇ ਸੱਸ-ਸਹੁਰੇ ਇੰਡੀਆਂ ਨੂੰ ਚਲੇ ਗਏ ਸੀ, ਪਰ ਛੋਟੀ ਦੇ ਵੀ ਨਾ ਆਏ। ਮੈਂ ਪੁੱਛਿਆ ਤਾਂ ਜਵਾਈ ਨੇ ਦੱਸਿਆ, “ ਭਾਪਾ ਜੀ, ਮੱਮੀ ਦੀ ਸਹੇਲੀ ਦੇ ਪੋਤੇ ਦਾ ਬਰਥਡੇ ਸੀ, ਮੱਮੀ- ਡੈਡੀ ਉੱਥੇ ਗਏ ਆ।”
    ਪੋਤੇ-ਪੋਤੀਆਂ, ਦੋਹਤੇ-ਦਹੋਤੀਆਂ ਬਹੁਤ ਹੀ ਪਿਆਰ ਨਾਲ ਜੱਫੀਆਂ ਪਾ ਪਾ ਮਿਲੇ। ਦਿਲ ਬਹੁਤ ਖੁਸ਼ ਹੋਇਆ। ਛੇਤੀ ਹੀ ਇਕ ਹੋਰ ਕੁੜੀ ਆਈ ਅਤੇ ਕਾਲੀਆਂ ਜਿਹੀਆਂ ਕਾਪੀਆਂ ਦੇ ਗਈ।ਜਦੋਂ ਉਹ ਵਾਪਸ ਪਾਣੀ ਦੇ ਗਿਲਾਸ ਲੈ ਕੇ ਆਈ ਤਾਂ ਸਾਰਿਆਂ ਨੇ ਕਾਪੀ ਵਿਚੋਂ ਪੜ੍ਹ ਪੜ੍ਹ ਕੇ ਆਪਣੀ ਪਸੰਦ ਦੀਆਂ ਚੀਜ਼ਾ ਉਸ ਕੁੜੀ ਨੂੰ ਲਿਖਵਾ ਦਿੱਤੀਆਂ।
    ਮੈਂ ਗੱਲਬਾਤ ਸ਼ਰੂ ਹੀ ਕੀਤੀ ਸੀ ਕਿ ਗੋਗੀ ਦਾ ਸਲੈਰ ਫੋਨ ਖੜਕ ਪਿਆ।“ਇਕ ਮਿੰਟ ਭਾਪਾ ਜੀ” ਇਹ ਕਹਿ ਕੇ ਉਹ ਫੋਨ ਚੁੱਕ ਕੇ ਬਾਹਰ ਨੁੂੰ ਤੁਰ ਪਿਆ।ਵੱਡੀ ਕੁੜੀ ਕਿੰਦੀ ਨਾਲ ਗੱਲ ਛੇੜੀ, “ ਕਦੋਂ ਕੁ ਵਾਪਸ ਮੁੜਨਾ ਤੇਰੇ ਸੱਸ ਸਹੁਰੇ ਨੇ।”
    “ ਛੇਤੀ ਹੀ ਆ ਜਾਣਾ।” ਉਸ ਨੇ ਅਜੇ ਇੰਨਾ ਹੀ ਕਿਹਾ ਸੀ ਕਿ ਉਸ ਦਾ ਫੋਨ ਗੜੈਂ ਗੜੈਂ ਕਰਨ ਲੱਗਾ, ‘ ਇਕ ਮਿੰਟ ਭਾਪਾ ਜੀ, ਮੈਸਜ਼ ਆਇਆ ਲੱਗਦਾ।” ਉਸ ਨੇ ਫੋਨ ਪਰਸ ਵਿਚੋਂ ਕੱਢਦੇ ਕਿਹਾ, “ ਲੈ ਕੰਮ ਵਾਲਿਆਂ ਦਾ ਆ, ਉੁਹ ਕਹਿੰਦੇ ਇਕ ਕੁੜੀ ਦਾ ਕੰਮ ਉੱਪਰ ਹੱਥ ਕੱਟ ਹੋ ਗਿਆ ਤੂੰ ਆ ਸਕਦੀ ਤਾਂ ਹੁਣੇ ਹੀ ਆ ਜਾ। ਕਿਦਾਂ ਕਰਾਂ?”
    ਅਸੀ ਤਾਂ ਕੁਝ ਨਾ ਬੋਲੇ,ਪਰ ਕਿੰਦੀ ਦਾ ਪ੍ਰਾਹੁਣਾ, ਸਾਡਾ ਜ਼ਵਾਈ ਕਹਿਣ ਲੱਗਾ, “ ਦੇਖ ਲੈ ਜੇ ਜਾ ਸਕਦੀ ਤਾਂ ਚਲੀ ਜਾਹ, ਕਿਸੇ ਟਾਈਮ ਆਪ ਨੂੰ ਵੀ ਖੜੇ ਪੈਰ ਲੋੜ ਪੈ ਜਾਂਦੀ ਆ, ਕੰਮ ਵਾਲੇ ਵੀ ਖੁਸ਼ ਰਹਿੰਦੇ ਆ।
    ਕਿੰਦੀ ਦੇ ਚਲੀ ਜਾਣ ਤੋਂ ਬਾਅਦ ਅਸੀ ਆਪਣਾ ਧਿਆਨ ਛੋਟੀ ਕੁੜੀ ਨਿੰਮੀ  ਅਤੇ ਬਹੂ ਰਾਣੀ ਵੱਲ ਕੀਤਾ, ਪਰ ਉਹਨਾਂ ਦੀਆਂ ਅੱਖਾਂ ਸਾਡੇ ਵੱਲ ਘੱਟ ਸਨ ਫੋਨਾਂ ਉੱਪਰ ਜ਼ਿਆਦਾ ਰਹੀਆਂ।ਕੋਈ ਫੇਸ-ਫੁਸ ਬੁਕ ਦੀ ਗੱਲਾਂ ਕਰਦੀਆ ਫੋਟੋ –ਫਟ ਇਕ ਦੂਜੀ ਨੂੰ ਦਿਖਾਉਂਦੀਆਂ ਸੀ।ਗੋਗੀ ਅਤੇ ਵੱਡੇ ਜ਼ਵਾਈ ਨੂੰ ਛੋਟਾ ਪ੍ਰਹਾਉਣਾ ਫੋਨ ‘ਤੇ ਹੀ ਕੁਝ ਦਿਖਾਈ ਜਾਵੇ, ਉਹ ਤਿੰਨੇ ਹੱਸੀ ਜਾਣ।ਮੈਂ ਪੁੱਛਿਆ, “ ਕੀ ਦੇਖ ਕੇ ਹੱਸੀ ਜਾਂਦੇ ਹੋ, ਸਾਡੇ ਨਾਲ ਵੀ ਕੋਈ ਗੱਲ ਕਰ ਲਿਉ।”  “ ਕੁਛ ਨਹੀ  ਭਾਪਾ ਜੀ, ਆ ਯੁੂਟਿਊਵ ‘ਤੇ ਕੁਛ ਦੇਖਦੇ ਆਂ।”
    ਮੇਰਾ ਦਿਲ ਕਰੇ ਕਿ ਕਹਾਂ ਯੁੂਟੂਬ ਤਾਂ ਰੋਜ਼ ਵੇਖਦੇ ਹੋਵੁਗੇ, ਅੱਜ ਭਾਪੇ ਵੱਲ ਵੀ ਵੇਖ ਲਉ,ਪਰ ਮੈਂ ਚੁਪ-ਚਾਪ ਵਾਰੋ-ਵਾਰੀ ਉਹਨਾਂ ਦੇ ਚਿਹਰੇ ਤੱਕਦਾ ਰਿਹਾ।ਦਹੋਤੇ-ਦਹੋਤੀਆਂ ਅਤੇ ਪੋਤੇ-ਪੋਤੀਆਂ ਦੇ ਤਾਂ ਮੈ ਚਿਹਰੇ ਵੀ ਚੰਗੀ ਤਰਾਂ ਨਹੀ ਸੀ ਦੇਖ ਸਕਦਾ,ਕਿਉਂਕਿ ਉਹਨਾਂ ਆਪਣੇ ਚਿਹਰੇ ਫੋਨਾਂ ਉੱਪਰ ਪੂਰੇ ਝੁਕਾ ਹੋਏ ਸਨ, ਅਤੇ ਉਹਨਾਂ ਦੀ ਉਂਗਲਾ ਫੋਨਾਂ ਦੇ ਬਟਨ ਇੰਝ ਦਬ ਰਹੀਆਂ ਸਨ ਜਿਵੇਂ ਪੱਠੇ ਕੁਤਰਨ ਵਾਲੀ ਬਿਜਲੀ ਦੀ ਮਸ਼ੀਨ ਚਲ ਰਹੀ ਹੋਵੇ। ਉਹ ਤਾਂ ਰੋਟੀ ਖਾਂਦੇ ਖਾਦੇ ਵੀ ਫੋਨਾਂ ਨੂੰ ਹੀ ਚੁੰਬਰੇ ਰਿਹੇ।ਉਹਨਾਂ ਸਾਡੇ ਨਾਲ ਤਾਂ ਕੀ ਗੱਲ ਕਰਨੀ ਉਹ ਤਾਂ ਆਪਸ ਵਿੱਚ ਵੀ ਹੀ ਘੱਟ ਗੱਲ ਕਰ ਰਹੇ ਸਨ।ਮੇਰੀ ਗੱਲਾਂ ਕਰਨ ਦੀ ਤਾਂਘ ਜਿਉਂ ਦੀ ਤਿਉਂ ਹੀ ਰਹੀ, ਪਰ ਇਹ ਤਾਂਘ ਮੈਂ ਹੁਣ ਰੱਖਣੀ ਨਹੀ ਸੀ ਚਾਹੁੰਦਾ।ਮੈਂ ਸਾਫ ਨੈਪਕੀਨ ਚੁੱਕਿਆ ਉਸ ਨਾਲ ਮੈਂ ਆਪਣੇ ਹੱਥ ਇਸ ਤਰਾਂ ਸਾਫ ਕਰਨ ਲੱਗਾ ਜਿਵੇਂ ਆਪਣਾ ਗੱਲਾਂ ਕਰਨ ਦਾ ਚਾਅ ਆਪਣੇ ਅੰਦਰੋਂ ਪੂੰਝ ਰਿਹਾ ਹੋਵਾਂ। ਉਸ ਨੈਪਕੀਨ ਨੂੰ ਖਾਣਾ ਖਾਣ ਵਾਲੀ ਖਾਲੀ ਪਲੇਟ ਵਿੱਚ ਰੱਖਦੇ ਆਪਣੀ ਪਤਨੀ ਨੂੰ ਕਿਹਾ, “ ਚੱਲੀਏ ਫਿਰ।” ਉਸ ਨੇ ਵੀ ਮੈਂਨੂੰ ਇੰਝ ਹੀ ਦੇਖਿਆ ਜਿਵੇਂ ਕਹਿ ਰਹੀ ਹੋਵੇ, “ ਇਕੱਠੇ ਹੋ ਕੇ ਗੱਲਾਂ ਕਰਨ ਦਾ ਆ ਗਿਆ ਸੁਆਦ।” ਇਹ ਸੋਚ ਕੇ ਮੈਂ ਆਪ ਹੀ ਮੁਸਕ੍ਰਾ ਪਿਆ। “ਹੁਣ ਹੱਸੀ ਕਿਉਂ ਜਾਂਦੇ ਹੋ,ਜਾ ਕੇ ਬਿਲ ਦਿਉ।” ਪਤਨੀ ਨੇ ਕਿਹਾ, “ ਨਾਲੇ ਤੁਸੀ ਵੀ ਹੁਣ ਫੋਨ ਹੀ ਲੈ ਲਉ, ਬੋਲਣ ਦਾ ਤਾਂ ਰਿਵਾਜ਼ ਹੀ ਘੱਟ ਗਿਆ।”  ਲੱਗਦਾ ਨਹੀ ਸੀ ਨਿਆਣਿਆ ਨੇ ਮੇਰੀ ਪਤਨੀ ਦੀ ਗੱਲ ਸਮਝੀ। ਕਿਉਂਕਿ ਮੁੰਡਾ ਅਤੇ ਜ਼ਵਾਈ ਇਕੱਠੇ ਹੀ ਬੋਲੇ, “ ਭਾਪਾ ਜੀ, ਤਹਾਨੂੰ ਸਲੈਰ ਫੋਨ ਤਾਂ ਜ਼ਰੂਰ ਲੈਣਾ ਚਾਹੀਦਾ ਏ, ਅੱਜ-ਕੱਲ੍ਹ ਫੋਨ ਤੋਂ ਬਗੈਰ ਕਹਾਦੀ ਜ਼ਿੰਦਗੀ।”
    ਪਰ ਜਦੋਂ ਮੈ ਐਬਸਫੋਰਡ ਨੂੰ ਵਾਪਸ ਮੁੜਨ ਲਈ ਕਾਰ ਸਟਾਰਟ ਕਰਨ ਲੱਗਾ ਤਾਂ ਪਤਨੀ ਬੋਲੀ, “ ਜੀ ਮੈਂ ਕਹਿੰਦੀ ਹਾਂ ,ਤੁਸੀ ਕਿਤੇ ਸੱਚੀ ਨਾ ਫੋਨ ਲੈ ਲਿਉ, ਫਿਰ ਮੇਰੇ ਨਾਲ ਗੱਲਾਂ ਕੌਣ ਕਰੂ।”
    “ ਮੈਂ ਨਹੀ ਲੈਣਾ, ਜੇ ਲੈ ਲਿਆ ਫਿਰ ਤਾਂ ਜੋ ਆਪਾਂ ਆਪਸ ਵਿੱਚ ਗੱਲਾਂ ਕਰਦੇ  ਉਹਨਾਂ ਦੀ ਤਾਂ ਮੌਤ ਹੀ ਹੋ ਜਾਣੀ ਆ” ਇਹ ਕਹਿ ਕੇ ਮੈਂ ਕਾਰ ਤੋਰ ਲਈ।