ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਮੈਂ ਨਾਸਤਿਕ ਕਿਵੇਂ ਬਣਿਆ? (ਲੇਖ )

  ਸੁਖਮਿੰਦਰ ਬਾਗ਼ੀ   

  Cell: +91 94173 94805
  Address: ਆਦਰਸ਼ ਨਗਰ, ਸਮਰਾਲਾ
  ਲੁਧਿਆਣਾ India
  ਸੁਖਮਿੰਦਰ ਬਾਗ਼ੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕੋਈ ਵੀ ਮਨੁੱਖ ਜਦੋਂ ਪੈਦਾ ਹੁੰਦਾ ਹੈ ਉਹ ਨਾ ਤਾਂ ਆਸਤਿਕ ਹੁੰਦਾ ਹੈ ਅਤੇ ਨਾ ਹੀ ਨਾਸਤਿਕ । ਜਿਉਂ ਜਿਉਂ ਉਹ ਵੱਡਾ ਹੁੰਦਾ ਹੇ ਉਹ ਆਪਣੇ ਮਾਤਾ ਪਿਤਾ ਨਾਲ਼ ਉਨ੍ਹਾਂ ਦੀ ਧਾਰਮਿਕ ਸ਼ਰਧਾ ਅਨੁਸਾਰ ਮੰਦਰ, ਗੁਰਦੁਆਰੇ, ਮਸੀਤਾਂ, ਚਰਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਣ ਸਮੇਂ ਵੱਡਿਆਂ ਦੀ ਦੇਖਾ ਦੇਖੀ ਮੱਥੇ ਟੇਕਦਾ, ਨਮਾਜ਼ਾਂ ਪੜ੍ਹਦਾ, ਮੰਦਰਾਂ ਵਿਚ ਪੂਜਾ ਕਰਦਾ ਆਸਤਿਕਤਾ ਦੇ ਰਾਹ ਚੱਲਣ ਲੱਗ ਪੈਂਦਾ ਹੈ। ਹਰੇਕ ਧਰਮ ਨੂੰ ਮੰਨਣ ਵਾਲੇ ਮਾਤਾ ਪਿਤਾ ਚਾਹੁੰਦੇ ਹਨ ਕਿ ਉਹਨਾਂ ਦਾ ਪੁੱਤਰ ਜਾਂ ਪੁੱਤਰੀ ਵੀ ਉਸੇ ਧਰਮ ਨੂੰ ਅਪਣਾਏ ਜਿਸ ਨੂੰ ਉਨ੍ਹਾਂ ਨੇ ਅਪਣਾਇਆ ਹੈ। ਸਦੀਆਂ ਤੋਂ ਅਜਿਹਾ ਹੀ ਚੱਲਿਆ ਆ ਰਿਹਾ ਹੈ ਅਤੇ ਚੱਲਦਾ ਰਹੇਗਾ। ਆਸਤਿਕ ਲੋਕਾਂ ਦੇ ਵੱਖ ਵੱਖ ਧਾਰਮਿਕ ਸਥਾਨ ਹਨ। ਜਿਥੇ ਉਹ ਸਮੇਂ ਸਮੇਂ ਤੇ ਇਕੱਠੇ ਹੋ ਕੇ ਆਪਣੀ ਸ਼ਰਧਾ ਦਾ ਵਿਖਾਵਾ ਕਰਦੇ ਹਨ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਹੀ ਜੋ ਕੁੱਝ ਬਚਪਨ ਤੋਂ ਵੇਖਦੇ ਹਨ ਉਹੀ ਕੁੱਝ ਕਰਦੇ ਹਨ। ਪ੍ਰਮਾਤਮਾ (ਰੱਬ) ਪ੍ਰਤੀ ਸ਼ਰਧਾ ਉਨ੍ਹਾਂ ਦੇ ਮਨ ਵਿਚ ਕੁੱਟ ਕੁੱਟ ਕੇ ਭਰ ਦਿੱਤੀ ਜਾਂਦੀ ਹੈ। ਸੱਚ ਇਹ ਵੀ ਹੈ ਕਿ ਹਰੇਕ ਸ਼ਬਦ ਦਾ ਵਿਰੋਧੀ ਸ਼ਬਦ ਵੀ ਹੁੰਦਾ ਹੈ। ਆਸਤਿਕ ਦਾ ਵਿਰੋਧੀ ਸ਼ਬਦ ਹੈ ਨਾਸਤਿਕ। ਕੁਦਰਤ ਵਿਚ ਕ੍ਰਿਆ ਅਤੇ ਪ੍ਰਤੀਕ੍ਰਿਆ ਜਾਂ ਜਿਹੋ ਬੀਜੋਗੇ ਤੇਹਾ ਵੱਢੋਗੇ ਵਾਂਗ ਕੁਦਰਤੀ ਨਿਯਮ ਹਨ। ਆਸਤਿਕ ਲੋਕਾਂ ਦੇ ਮਨ ਵਿਚ ਰੱਬ ਦਾ ਡਰ ਐਨਾ ਭਾਰੂ ਹੁੰਦਾ ਹੈ ਕਿ ਉਹ ਇਸ ਦੇ ਵਿਰੁੱਧ ਬੋਲਣਾ ਤਾਂ ਇਕ ਪਾਸੇ ਸੁਣਨਾ ਵੀ ਪਸੰਦ ਨਹੀਂ ਕਰਦੇ। 

  ਹਰੇਕ ਧਰਮ ਵਿਚ ਆਸਤਿਕ ਲੋਕਾਂ ਦੀ ਵੱਖਰੀ ਪਹਿਚਾਣ ਹੈ। ਪਰ ਨਾਸਤਿਕ ਲੋਕਾਂ ਕੇਲ ਅਜਿਹੀ ਕੋਈ ਥਾਂ ਨਹੀਂ ਜਿਥੇ ਉਹ  ਆਪਣੀ ਨਾਸਤਿਕਤਾ ਦਾ ਪ੍ਰਚਾਰ ਕਰ ਸਕਣ। ਉਹ  ਸਿਰਫ਼ ਵਿਚਾਰਾਂ ਰਾਹੀਂ ਹੀ ਆਪਣੀ ਨਾਸਤਿਕਤਾ ਦਾ ਪ੍ਰਚਾਰ ਕਰਦੇ ਹਨ। ਹੁਣ ਤਰਕਸ਼ੀਲ ਸੁਸਾਇਟੀ ਦੇ ਰੂਪ ਵਿਚ ਕੁੱਝ ਕੁੱਝ ਨਾਸਤਿਕਤਾ ਦਾ ਪ੍ਰਚਾਰ ਹੋ ਰਿਹਾ ਹੈ ਪਰ ਉਹ ਵੀ ਆਟੇ ਵਿਚ ਲੂਣ ਦੇ ਬਰਾਬਰ ਹੈ, ਕਿਉਂਕਿ ਆਮ ਤਰਕਸ਼ੀਲ ਵੀ ਆਸਤਿਕਾਂ ਵਾਲੇ ਹੀ ਰਸਮੋਂ ਰਿਵਾਜ਼ ਕਰਦੇ ਆਮ ਵੇਖੇ ਜਾ ਸਕਦੇ। ਖੈਰ ਗੱਲ ਹੋਰ ਪਾਸੇ ਜਾ ਰਹੀ ਹੈ। ਬਹੁਤ ਘੱਟ ਲੋਕ ਹਨ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਵਿਚੋਂ ਇਕ ਮੈਂ ਵੀ ਹਾਂ ਜੋ ਨਾਸਤਿਕ ਤਾਂ ਹਾਂ। ਪਰ ਕਈ ਥਾਂ ਅਜਿਹੀਆਂ ਮਜ਼ਬੂਰੀਆਂ ਹਨ ਕਿ ਨਾ ਚਾਹੁੰਦੇ ਹੋਏ ਵੀ ਕੁੱਝ ਨਾ ਕੁੱਝ ਕਰਨਾ ਪੈਂਦਾ ਹੈ। ਪਰ ਜਿਥੋਂ ਤੱਕ ਮੇਰਾ ਵੱਸ ਚੱਲਦਾ ਹੈ ਮੈਂ ਕੋਈ ਸਮਝੌਤਾ ਨਹੀਂ ਕਰਦਾ। ਮੇਰੀ ਕਹਾਣੀ ਵੀ ਅਜੀਬ ਹੈ।

  ਬਚਪਨ ਵਿਚ ਮੈਂ ਵੀ ਪਹਿਲਾਂ ਆਸਤਿਕ ਸੀ ਅਤੇ ਛੋਟੇ ਹੁੰਦਿਆਂ  ਅਖੰਡ ਪਾਠਾਂ ਤੇ ਪੰਜ ਗਰੰਥੀ ਦੀਆਂ ਰੌਲਾ ਲਾਉਂਦਾ ਰਿਹਾ ਹਾਂ ਅਤੇ ਪੀਰਾਂ ਦੀ ਜਗ੍ਹਾ ਤੇ ਚਿਰਾਗ ਜਗਾਉਂਦਾ ਤੇ ਮੱਥੇ ਟੇਕਦਾ ਰਿਹਾ ਹਾਂ। ਬਾਲ ਮਨ ਸੀ ਅਤੇ ਸਮਾਜ ਵਿਰ ਰਹਿੰਦਿਆਂ ਵੱਡਿਆਂ ਵੱਲੋਂ ਸਦੀਆਂ ਤੋਂ ਚਲਦੀਆਂ ਜਾਂ ਰਹੀਆਂ ਰਹੁ ਰੀਤਾਂ ਨੂੰ ਮੰਨਦਾ ਸੀ ਘਰ ਵਿਚ ਗਰੀਬੀ ਸੀ, ਅਨਪੜ੍ਹਤਾ ਸੀ ਅਤੇ ਡਾਕਟਰੀ ਇਲਾਜ ਮਹਿੰਗੇ ਸਨ। ਗਰੀਬੀ ਇਕੱਲੀ ਨਹੀਂ ਆਉਂਦੀ ਇਹ ਆਪਣੇ ਨਾਲ ਕਲੇਸ਼, ਦੁੱਖ ਤੇ ਬੀਮਾਰੀਆਂ ਲੈ ਕੇ ਆਉਂਦੀ ਹੈ। ਮੇਰੀ ਵਿਆਹੀ ਹੋਈ ਵੱਡੀ ਭੈਣ ਬੀਮਾਰ ਹੋ ਗਈ। ਅੰਧ ਵਿਸ਼ਵਾਸ਼ਾਂ ਦੀ ਜਕੜ 'ਚ ਫਸੇ ਲੋਕਾਂ ਵਾਂਗ ਸਾਡਾ ਪਰਿਵਾਰ ਵੀ ਸਿਆਣਿਆਂ ਦੇ ਚੱਕਰਾਂ 'ਚ ਫਸ ਗਿਆ। ਕਈ ਸਿਆਣੇ ਜਦੋਂ ਘਰ ਆਉਂਦੇ ਤਾਂ ਉਨ੍ਹਾਂ ਦੀ ਕਾਫ਼ੀ ਆਓ ਭਗਤ ਹੁੰਦੀ। ਜਿਸ ਨੂੰ ਵੇਖ ਕੇ ਕਈ ਵਾਰ ਮਨ ਖਿੱਝ ਨਾਲ਼ ਵੀ ਭਰ ਜਾਂਦਾ। ਪਰ 1968 'ਚ 12 ਸਾਲ ਦੀ ਉਮਰ ਦਾ ਛੇਵੀਂ 'ਚ ਪੜ੍ਹਦਾ ਬਾਲਕ ਕੋਈ ਵੀ ਠੋਸ ਫੈਸਲਾ ਨਹੀਂ ਸੀ ਲੈ ਸਕਦਾ। ਅਖੀਰ ਨੂੰ ਓਹੀ ਹੋਇਆ ਜੋ ਅੱਜ ਵੀ 2013 ਵਿਚ (45 ਸਾਲ ਬਾਅਦ) ਹੁੰਦਾ ਵੇਖਦੇ ਹਾਂ। ਅਖੌਤੀ ਸਿਆਣਿਆਂ ਦੇ ਚੱਕਰਾਂ 'ਚ ਫਸੇ ਪਰਿਵਾਰ ਦੀ ਵੱਡੀ ਧੀ (ਮੇਰੀ ਭੈਣ) ਅਕਾਲ ਚਲਾਣਾ ਕਰ ਗਈ। ਸਮਾਜ ਵਿਚ ਫੈਲੇ ਰੀਤੀ ਰਿਵਾਜਾਂ ਅਨੁਸਾਰ ਵੱਡੀ ਭੈਣ ਦੀ ਅੰਤਿਮ ਅਰਦਾਸ ਲਈ ਘਰ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਕਰਵਾਉਣਾ ਸੀ। ਘਰ ਵਿਚ ਜਵਾਨ ਧੀ ਦੀ ਮੌਤ ਦਾ ਮਾਤਮ ਛਾਇਆ ਹੋਣ ਦੇ ਬਵਜੂਦ ਵੀ ਕੱਚੇ ਘਰ ਨੂੰ ਲਿਪ ਪੋਚ ਕੇ ਸੰਵਾਰਿਆ ਗਿਆ ਅਤੇ ਘਰ ਵਿਚ ਪਏ ਬਾਗ ਅਤੇ ਫੁਲਕਾਰੀਆਂ ਨਾਲ ਕੱਚੀਆਂ ਕੰਧਾਂ ਨੂੰ ਢੱਕਿਆ ਗਿਆ। ਪਿਤਾ ਜੀ ਹੁੱਕਾ ਪੀਂਦੇ ਸਨ ਅਤੇ ਤੰਬਾਕੂ ਦੂਰ ਦੱਬਿਆ ਗਿਆ ਅਤੇ ਹੁੱਕਾ ਵੀ ਦੂਰ ਹੀ ਰੱਖਿਆ। ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਘਰ ਲਿਆਉਣੀ ਸੀ ਉਸ ਸਮੇਂ ਗੁਰਦੁਵਾਰੇ ਦਾ ਗ੍ਰੰਥੀ ਉਥੇ ਨਹੀਂ ਸੀ, ਪਰ ਪੰਜ ਜਣੇ ਸਤਿਕਾਰ ਸਹਿਤ, ਬੀੜ ਘਰ ਲੈ ਆਏ। ਪਰ ਜਦੋਂ ਗ੍ਰੰਥੀ ਨੂੰ ਗ੍ਰੰਥ ਸਾਹਿਬ ਸਾਡੇ ਘਰ ਲਿਜਾਣ ਬਾਰੇ ਪਤਾ ਲੱਗਿਆ ਤਾਂ ਉਹ ਗੁੱਸੇ ਵਿਚ ਥਰਥਰਾਉਂਦਾ ਸਾਡੇ ਘਰ ਆਇਆ ਤੇ ਉਸਨੇ ਕਾਫੀ ਅਵਾ-ਤਵਾ ਬੋਲਿਆ। ਮੈਂ ਉਸ ਸਮੇਂ ਤਾਂ ਚੁੱਪ ਰਿਹਾ ਪਰ ਬਾਲ ਮਨ ਸਭ ਕੁੱਝ ਵੇਖ ਕੇ ਉਦੋਂ ਤੋਂ ਹੀ ਆਕੀ ਹੋ ਗਿਆ। ਮੈਂ ਰੌਲਾਂ ਲਾਉਣੀਆਂ ਛੱਡ ਦਿੱਤੀਆਂ। ਸਿਆਣਿਆਂ ਬਾਰੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਕੋਈ ਸਿਆਣਾ ਘਰ ਆਇਆ ਤਾਂ ਮੈਂ ਉਸ ਦੀਆਂ ਲੱਤਾਂ ਤੱਕ ਤੋੜ ਦਿਆਂਗਾ। ਫਿਰ ਆਈ.ਟੀ.ਆਈ. ਮੋਗੇ ਕੋਰਸ ਕਰਨ ਸਮੇਂ ਮੈਨੂੰ ਪੰਜਾਬ ਸਟੂਡੈਂਟ ਯੂਨੀਅਨ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਦੋਂ ਤੱਕ ਮੈਂ 17 ਸਾਲ ਦਾ ਹੋ ਚੁਕਿਆ ਸੀ ਅਤੇ ਇਨਕਲਾਬੀ ਸਾਹਿਤ ਪੜ੍ਹਨ ਨਾਲ ਸੋਝੀ ਆਈ ਕਿ ਸੰਸਾਰ ਵਿਚ ਕੀ ਕੁੱਝ ਹੋ ਰਿਹਾ ਹੈ। ਮੈਂ ਪੂਰੀ ਤਰ੍ਹਾਂ ਨਾਲ ਨਾਸਤਿਕ ਬਣ ਗਿਆ ਸੀ। ਗਰੀਬੀ ਨੂੰ ਲਿਤਾੜਦਾ ਆਪਣੇ ਬਲਬੂਤੇ ਤੇ ਉਚੀਆਂ ਮੰਜ਼ਿਲਾਂ ਛੂਹਣ ਲਈ 1978 ਵਿਚ ਜੇ.ਬੀ.ਟੀ. ਅਧਿਆਪਕ ਦੀ ਨੌਕਰੀ ਕਰ ਲਈ ਅਤੇ 1984 'ਚ ਮਾਤਾ ਜੀ ਦੀ ਮੌਤ ਤੇ ਅਸੀਂ ਕੋਈ ਪਾਠ ਨਹੀਂ ਕਰਾਇਆ। ਅਤੇ ਨਾ ਹੀ ਮੈਂ ਵਿਆਹ ਸਮੇਂ ਕਿਸੇ ਥਾਂ ਜਾਂ ਗੁਰਦਵਾਰੇ ਮੱਥਾ ਟੇਕਣ ਗਿਆ। ਜਿਥੋਂ ਤੱਕ ਮੇਰਾ ਵਸ ਚੱਲਦਾ ਹੈ, ਮੈਂ ਕਰ ਰਿਹਾ ਹਾਂ। ਝੁੱਲਦੇ ਝੱਖੜਾਂ ਦੀਆਂ ਉਲਟ ਦਿਸ਼ਾਵਾਂ ਵਿਚ ਚੱਲਣਾ ਅਤੇ ਵਹਿੰਦੇ ਦਰਿਆਵਾਂ ਦੀਆਂ ਲਹਿਰਾਂ ਦੇ ਉਲਟ ਤੈਰਨਾ ਮੈਂ ਆਪਣੀ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਬਣਾਇਆ ਹੋਇਆ  ਹੈ। ਪੂਰੇ 45 ਸਾਲਾਂ ਤੋਂ ਰੱਬ ਦਾ ਸ਼ਰੀਕ ਬਣਕੇ ਜ਼ਿੰਦਗੀ ਜਿਉਂ ਰਿਹਾ ਹਾਂ। ਜ਼ਿੰਦਗੀ ਵਿਚ ਘਟਨਾਵਾਂ-ਦੁਰਘਟਨਾਵਾਂ ਹਰੇਕ ਦੇ ਹਿੱਸੇ ਆਉਂਦੀਆਂ ਹਨ, ਚਾਹੇ ਉਹ ਆਸਤਿਕ ਹੋਣ ਜਾਂ ਨਾਸਤਿਕ ਹੋਣ- ਪਰ ਜਦੋਂ ਕੋਈ ਘਟਨਾ ਕਿਸੇ ਨਾਸਤਿਕ ਨਾਲ ਵਾਪਰ ਜਾਂਦੀ ਹੈ ਤਾਂ ਅਫਵਾਹਾਂ ਦਾ ਦੌਰ ਗਰਮ ਹੋ ਜਾਂਦਾ ਹੈ ਤੇ ਇਹੋ ਕਿਹਾ ਜਾਂਦਾ ਹੈ ਕਿ –ਉਸ ਨਾਲ ਤਾਂ ਹੀ ਇਸ ਤਰ੍ਹਾਂ ਹੋਇਆ ਹੈ ਕਿਉਂਕਿ ਉਹ ਰੱਬ ਨੂੰ ਨਹੀਂ ਮੰਨਦਾ। ਪਰ ਸੱਚ ਸਾਡੇ ਸਭ ਦੇ ਸਾਹਮਣੇ ਹੈ। ਉਤਰਖੰਡ ਅਤੇ ਪੰਜ ਧਾਮਾਂ ਦੀ ਯਾਤਰਾ ਤੇ ਗਏ ਆਸਤਿਕਾਂ ਦੀ ਹੋਣੀ ਕਿਸ ਤੋਂ ਲੁਕੀ ਹੈ। ਇੱਕ ਗੱਲ ਸੱਚ ਹੈ ਕਿ ਨਾਸਤਿਕਾਂ ਵਿੱਚ ਅਲੌਕਿਕ ਸ਼ਕਤੀ ਹੁੰਦੀ ਹੈ। ਉਹ ਜ਼ਿੰਦਗੀ ਜਿਉਣ ਲਈ ਨਾ ਅਰਦਾਸਾਂ ਕਰਦੇ ਹਨ ਅਤੇ ਨਾ ਹੀ ਰੱਬ ਤੋਂ ਭੀਖ ਮੰਗਦੇ ਹਨ। ਉਹ ਆਪਣੀ ਮਰਜੀ ਨਾਲ ਜ਼ਿੰਦਗੀ ਜਿਉਂਦੇ ਹਨ ਤੇ ਮਰਦੇ ਹਨ। ਜਿੰਦਗੀ 'ਚ ਜਿੰਨੇ ਮਰਜ਼ੀ ਮਾੜੇ ਦਿਨ ਆਉਣ ਉਹ ਮੇਰਾ ਕੁੱਝ ਨਹੀਂ ਵਿਗਾੜ ਸਕਣਗੇ। ਮੈਂ ਚੰਗੇ ਦਿਨਾਂ ਦੀ ਭਾਲ 'ਚ ਭਟਕਾਂਗਾ ਨਹੀਂ। ਆਪਣੀ ਨੇਕ ਸੋਚਣੀ ਅਤੇ ਨੇਕ ਕੰਮਾਂ ਕਰਕੇ ਚੰਗੇ ਦਿਨ ਖੁਦ ਮੇਰੇ ਕੋਲ ਆਉਣਗੇ। ਇਸ ਵਿਚ ਨਾ ਕੋਈ ਰੱਬ ਅੜਿੱਕਾ ਪਾ ਸਕੇਗਾ ਨਾ ਹੀ ਮੈਂ ਹੀ ਉਸ ਨੂੰ ਪਾਉਣ ਦੇਵਾਂਗਾ।