ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਪਾਕਿਸਤਾਨ ਯਾਤਰਾ - ਕਿਸ਼ਤ 6 (ਸਫ਼ਰਨਾਮਾ )

  ਬਲਬੀਰ ਮੋਮੀ   

  Email: momi.balbir@yahoo.ca
  Phone: +1 905 455 3229
  Cell: +1 416 949 0706
  Address: 9026 Credit View Road
  Brampton L6X 0E3 Ontario Canada
  ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਗੁਜਰਾਤ ਯੂਨੀਵਰਸਿਟੀ ਵਿਚ ਕਿਤਾਬ ਦਾ ਰੀਲੀਜ਼ ਹੋਣਾ 

  ਯੂਨੀਵਰਸਿਟੀ ਵਿਚ ਪਹਿਲਾਂ ਤੋਂ ਮਿਥੇ ਇਕ ਫੰਕਸ਼ਨ ਵਿਚ ਵਾਈਸ ਚਾਂਸਲਰ ਸਾਹਿਬ ਚਾਂਸਲਰ ਡਾ: ਨਿਜ਼ਾਮਉਦ-ਦੀਨ ਨੇ ਮੇਰੀ ਸਵੈ ਜੀਵਨੀ ਜੋ ਸ਼ਾਹਮੁਖੀ ਵਿਚ ਛਪੀ ਸੀ, ਰੀਲੀਜ਼ ਕਰਨੀ ਸੀ। ਬੁਨਿਆਦੀ ਤੌਰ ਤੇ ਇਹ ਫੰਕਸ਼ਨ ਅਮਰੀਕਾ ਚੋਂ ਆਏ ਇਕ ਵਫਦ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਮੇਰੀ ਕਿਤਾਬ ਦਾ ਉਦਘਾਟਨ ਸੀ। ਇਸ ਸਮਾਰੋਹ ਵਿਚ ਸਟੂਡੰਟ ਅਤੇ ਸਟਾਫ ਸ਼ਾਮਲ ਸੀ। ਵੀ. ਸੀ. ਸਾਹਿਬ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਸੀ ਪਰ ਫਿਰ ਵੀ ਕਿਤਾਬ ਬਾਰੇ ਵਧੀਆ ਸ਼ਬਦ ਬੋਲ ਕੇ ਤਾੜੀਆਂ ਦੀ ਗੂੰਜ ਵਿਚ ਕਿਤਾਬ ਕਰ ਦਿਤੀ। ਪ੍ਰੋ: ਤਾਰਕ ਗੁਜਰ ਅਤੇ ਸਰਵਤ ਨੇ ਮੇਰੇ ਅਤੇ ਕਿਤਾਬ ਬਾਰੇ ਵਧ ਤੋਂ ਵਧ ਸ਼ਬਦ ਕਹੇ। ਇਸ ਫੰਕਸ਼ਨ ਵਿਚ ਵੀ ਮੇਰੇ ਕੋਲੋਂ ਸ਼ਿਵ ਕੁਮਾਰ ਬਟਾਲਵੀ ਅਤੇ ਉਸਦੀਆਂ ਕਵਿਤਾਵਾਂ ਸੁਨਾਣ ਬਾਰੇ ਕਿਹਾ ਗਿਆ। ਮੈਂ ਸ਼ਿਵ ਦੀਆਂ ਕਈ ਕਵਿਤਾਵਾਂ ਸੁਣਾ ਕੇ ਹਾਜ਼ਰੀਨ ਨੂੰ ਮੰਤਰ ਮੁਗਧ ਕਰ ਦਿਤਾ। ਹੈਰਾਨੀ ਵਾਲੀ ਗੱਲ ਸੀ ਕਿ ਸ਼ਿਵ ਕੁਮਾਰ ਪਾਕਿਸਤਾਨ ਵਿਚ ਨੌਜਵਾਨ ਕੁੜੀਆਂ ਮੰਡਿਆਂ ਦੇ ਦਿਲਾਂ ਤੇ ਛਾਇਆ ਹੋਇਆ ਸੀ। ਉਸ ਦੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਮੇਲ ਖਾਂਦੀਆਂ ਰਚਨਾਵਾਂ ਓਥੋਂ ਦੇ ਨੌਜਵਾਨ ਸ਼ਾਇਰ ਮੁੰਡੇ ਤੇ ਕੁੜੀਆਂ ਲਿਖਣ ਲਗ ਪਏ ਸਨ। "ਪੀੜਾਂ ਵਿਕਣੇ ਆਈਆਂ" ਓਥੋਂ ਦੇ ਇਕ ਸ਼ਾਇਰ ਨੇ ਬੜੀ ਮਸ਼ਹੂਰ ਕਵਿਤਾ ਲਿਖੀ ਸੀ ਅਤੇ ਗੁਜਰਾਤ ਤੋਂ ਮੇਰੇ ਆਣ ਪਿਛੋਂ ਗੁਜਰਾਤ ਵਿਚ ਬਣੀ "ਸੱਚ ਸੰਗ ਗੁਜਰਾਤ" ਨਾਂ ਦੀ ਇਕ ਸੋਸਾਇਟੀ ਨੇ ਸ਼ਿਵ ਦੀ ਬਰਸੀ ਮਨਾਈ ਸੀ। ਇਸ ਫੰਕਸ਼ਨ ਦੀ ਖਬਰ ਪਾਕਿਸਤਾਨ ਤੋਂ ਇਲਾਵਾ ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿਚ ਵੀ ਲੱਗੀ।  ਅਦਾਰਾ "ਸੱਚ ਸੰਗ" ਗੁਜਰਾਤ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ 38ਵੀਂ ਬਰਸੀ ਗੁਜਰਾਤ (ਪਾਕਿਸਤਾਨ) ਵਿਚ ਬੜੀ ਧੂਮ ਧਾਮ ਮਨਾਈ ਗਈ

  ਗੁਜਰਾਤ: ਪੰਜਾਬੀ ਦੇ ਹਰਮਨ ਪਿਆਰੇ ਤੇ ਬਹੁਤ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ 38ਵੀਂ ਬਰਸੀ ਪਾਕਿਸਤਾਨ ਦੇ ਦਰਿਆ ਝਨਾ ਦੇ ਕੰਢੇ ਵੱਸੇ ਮਸ਼ਹੂਰ ਸ਼ਹਿਰ ਗੁਜਰਾਤ ਜੋ ਸੋਹਨੀ ਮਹੀਂਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, "ਸੱਚ ਸੰਗ ਗੁਜਰਾਤ" ਵੱਲੋਂ ਚੌਧਰੀ ਫਜ਼ਲ ਹੁਸੈਨ ਹਾਲ, ਭੰਬਰ ਰੋਡ ਗੁਜਰਾਤ ਵਿਖੇ 7 ਮਈ ਨੂੰ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਵਿਚ ਪਾਕਿਸਤਾਨ ਦੇ ਬਹੁਤ ਸਾਰੇ ਪੰਜਾਬੀ ਲਿਖਾਰੀਆ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਕੁਝ ਕੁ ਦੇ ਨਾਂ ਇਸ ਪਰਕਾਰ ਹਨ: ਪ੍ਰੋ: ਤਾਰਕ ਗੁਜਰ, ਵਾਜਦ ਅਲੀ ਸਈਅਦ, ਹਜ਼ਰਤ ਸ਼ਾਮ, ਹਸਨ ਮੁਜਤਬਾ, ਅਲੀ ਯਾਸਰ, ਜ਼ਫਰ ਸਈਅਦ, ਜ਼ਫਰ ਖਾਨ, ਅਫਜ਼ਲ ਸਾਹਿਰ, ਇਕਰਾਮ ਬਸਰਾ, ਮਨਸ਼ਾ ਯਾਦ, ਫਰਹਾਦ ਇਕਬਾਲ ਆਦਿ ਨੇ ਹਿੱਸਾ ਲਿਆ। ਚੇਤੇ ਰਹੇ ਕਿ ਅਜ ਕੱਲ ਪਾਕਿਸਤਾਨ ਵਿਚ ਸ਼ਿਵ ਕੁਮਾਰ ਦੇ ਨਾਂ ਦੀ ਬੜੀ ਚਰਚਾ ਹੈ। ਸ਼ਿਵ ਦਾ ਨਾਂ ਨਵੀਂ ਪੀੜ੍ਹੀ ਦੀ ਜ਼ਬਾਨ ਤੇ ਹੈ ਅਤੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਸ਼ਿਵ ਦੇ ਕਈ ਗੀਤ ਜ਼ਬਾਨੀ ਯਾਦ ਹਨ। ਸ਼ਿਵ ਦੀਆਂ ਕਿਤਾਬਾਂ ਪਾਕਿਸਤਾਨ ਵਿਚ ਸ਼ਾਮੁਖੀ ਵਿਚ ਛਪ ਰਹੀਆਂ ਹਨ।

  Photo
  ਫੁਲਾਂ ਦੇ ਗੁਲਦਸਤੇ ਨਾਲ ਲੇਖਕ ਦਾ ਸਵਾਗਤ
  ਦੋਪਹਿਰ ਦਾ ਲੰਚ ਵੀ ਸੀ ਸਾਹਿਬ ਦੀ ਕੋਠੀ ਵਿਚ ਸੀ ਜਿਥੇ ਉਹਨਾਂ ਕੁਝ ਹੋਰ ਸੱਜਨ ਵੀ ਬੁਲਾਏ ਹੋਏ ਸਨ। ਲਜ਼ੀਜ਼ ਪਕਵਾਨ ਜਿਨ੍ਹਾਂ ਵਿਚ ਕਈ ਕਿਸਮ ਦਾ ਗੋਸ਼ਤ ਸ਼ਾਮਲ ਸੀ, ਸਿਰਫ ਜ਼ਾਇਕੇਦਾਰ ਹੀ ਨਹੀਂ, ਸਗੋਂ ਉਸਦਾ ਸਵਾਦ ਕਦੇ ਨਾ ਭੁੱਲਣ ਵਾਲਾ ਵੀ ਸੀ। ਇਥੋਂ ਵਿਹਲੇ ਹੋ ਕੇ ਥਕੇ ਹੋਣ ਕਾਰਨ ਬਾਅਦ ਦੋਪਹਿਰ ਮੈਂ ਤੇ ਤਾਰਕ ਗੁੱਜਰ ਯੂਨੀਵਰਸਿਟੀ ਗੈਸਟ ਹਾਊਸ ਵਿਚ ਆ ਕੇ ਮੇਰੇ ਕਮਰੇ ਵਿਚ ਸੌਂ ਗਏ। ਦੋ ਦਿਨਾਂ ਦੀ ਭੱਜ ਨੱਠ ਦੀ ਥਕਾਵਟ ਕਾਰਨ ਐਸੀ ਨੀਂਦ ਆਈ ਕਿ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਮਹਿਮੂਦ ਹੁਸੈਨ ਕੰਬੋਜ ਸਾਹਿਬ ਵੱਲੋਂ ਜੋ ਫੰਕਸ਼ਨ ਹੋ ਰਿਹਾ ਸੀ, ਅਸੀਂ ਉਸ ਵਿਚ ਪਹੁੰਚ ਹੀ ਨਾ ਸਕੇ ਜਿਸ ਦਾ ਪਿਛੋਂ ਮੈਨੂੰ ਬਹੁਤ ਅਫਸੋਸ ਹੋਇਆ। ਮੈਡੀਕਲ ਕਾਲਜ ਦਾ ਪ੍ਰਿੰਸੀਪਲ ਮੇਰੀ ਕੰਬੋਜ ਬਰਾਦਰੀ ਨਾਲ ਸਬੰਧਤ ਹੋਣ ਕਰ ਕੇ ਉਸ ਮੇਰੇ ਨਾਲ ਬੜਾ ਤੇਹ ਜਤਾਇਆ ਸੀ। ਆਪਣੇ ਭਰਾ ਨੂੰ ਜੋ ਲਾਹੌਰ ਰਹਿੰਦਾ ਸੀ ਅਤੇ ਪਾਕਿਸਤਾਨੀ ਪੰਜਾਬ ਦੇ ਚੀਫ ਮਨਿਸਟਰ ਦਾ ਸੈਕਰਟਰੀ ਸੀ, ਨੂੰ ਲਾਹੌਰ ਪਹੁੰਚਣ ਤੇ ਮੇਰੇ ਖੈਰ ਮੁਕਦਮ ਲਈ ਫੋਨ ਕਰ ਦਿਤਾ ਸੀ। ਤਾਰਕ ਗੁਜਰ ਵੀ ਥਕਿਆ ਹੋਣ ਕਰ ਕੇ ਇਸ ਫੰਕਸ਼ਨ ਵਿਚ ਜਾ ਨਾ ਸਕਿਆ ਅਤੇ ਸ਼ਾਮ ਪੈਣ ਤੇ ਜਦ ਜਾਗਿਆ ਤਾਂ ਸਵੇਰੇ ਮਿਲਣ ਦਾ ਇਕਰਾਰ ਕਰ ਕੇ ਚਲਾ ਗਿਆ। ਸਵੇਰੇ ਬਰੇਕਫਾਸਟ ਤੋਂ ਬਾਅਦ ਕਿਸੇ ਵੇਲੇ ਵੀ ਮੈਂ ਲਾਹੌਰ ਲਈ ਚੱਲ ਪੈਣਾ ਸੀ ਜਿਥੇ ਆਸਫ ਰਜ਼ਾ ਜਿਸ ਮੇਰੀ ਸਵੈ ਜੀਵਨੀ ਗੁਰਮੁਖੀ ਵਿਚੋਂ ਸ਼ਾਹਮੁਖੀ ਵਿਚ ਤਬਦੀਲ ਕੀਤੀ ਸੀ, ਨੂੰ ਮਿਲ ਕੇ ਮੈਂ ਆਪਣੇ ਪੁਰਾਣੇ ਦੋਸਤ ਚੌਧਰੀ ਮੁਹੰਮਦ ਨਵਾਜ਼ ਕੋਲ ਗੁਲਬਰਗ ਆਬਾਦੀ ਵਿਚ ਠਹਿਰਣਾ ਸੀ। ਅਸੀਂ ਪੰਜਾਹ ਸਾਲ ਪਹਿਲਾਂ ਭਾਰ 1962 ਦੇ ਮਿਲੇ ਹੋਏ ਸਾਂ।

  ਇਥੇ ਵੀ ਮੇਰੇ ਕੋਲ ਕਾਫੀ ਕਿਤਾਬਾਂ ਇਕਠੀਆਂ ਹੋ ਗਈਆਂ ਸਨ। ਭਾਰ ਵਧਣ ਕਾਰਨ ਮੈਂ ਲਾਹੌਰ ਰਵਾਨਾ ਹੋਣ ਤੋਂ ਪਹਿਲਾਂ ਤਾਰਕ ਗੁਜਰ ਨੂੰ ਦੇ ਦਿਤੀਆਂ। ਲਾਹੌਰ ਜਾਣ ਲਈ ਗੱਡੀ ਤੇ ਡਰਾਈਵਰ ਦਾ ਪ੍ਰਬੰਧ ਵੀ ਸੀ ਸਾਹਿਬ ਨੇ ਕਰ ਦਿਤਾ ਸੀ। ਪ੍ਰੋ: ਤਾਰਕ ਗੁਜਰ ਨੇ ਮੇਰੇ ਨਾਲ ਜਾਣਾ ਅਤੇ ਮੈਨੂੰ ਲਾਹੌਰ ਤਕ ਛਡ ਕੇ ਆਣਾ ਸੀ। ਤਾਰਕ ਨੇ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚੋਂ ਮੇਰਾ ਸਾਮਾਨ ਪੈਕ ਕਰਵਾ ਕੇ ਥਲੇ ਮੰਗਵਾ ਕੇ ਗਡੀ ਵਿਚ ਰੱਖ ਦਿਤਾ। ਤੁਰਨ ਵੇਲੇ ਮੈਂ ਯੂਨੀਵਰਸਿਟੀ ਗੈਸਟ ਹਾਊਸ ਦੇ ਨੌਕਰਾਂ ਨੂੰ ਜਿਨ੍ਹਾਂ ਦੋ ਦਿਨ ਸੇਵਾ ਕੀਤੀ ਸੀ, ਹਜ਼ਾਰ ਰੁਪੈ ਟਿਪ ਦੇ ਕੇ ਉਹਨਾਂ ਨਾਲ ਹਥ ਮਿਲਾਇਆ ਤੇ ਯੂਨੀਵਰਸਿਟੀ ਛਡਣ ਤੋਂ ਪਹਿਲਾਂ ਰਸਮੀ ਤੌਰ ਤੇ ਵੀ ਸੀ ਸਾਹਿਬ ਨੂੰ ਮਿਲਣ ਅਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਜ਼ਰੂਰੀ ਸਮਝਿਆ। ਉਹ ਇਕ ਮੀਟਿੰਗ ਨੂੰ ਐਡਰੈਸ ਕਰ ਰਹੇ ਸਨ ਤੇ ਮਿਟੰਗ ਵਿਚ ਹੀ ਅਸੀਂ ਬਗਲਗੀਰ ਹੋ ਕੇ ਮਿਲੇ ਤੇ ਮੈਂ ਉਹਨਾਂ ਦੀ ਪ੍ਰਾਹੁਣਚਾਰੀ ਲਈ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਜਦ ਵੀ ਕੈਨੇਡਾ ਆਣ ਤਾਂ ਮੈਨੂੰ ਖਿਦਮਤ ਦਾ ਮੌਕਾ ਜ਼ਰੂਰ ਦੇਣ। ਪ੍ਰੋ: ਛਿੱਬਰ ਨੇ ਆਪਣੀ ਕਾਰ ਸਾਡੀ ਕਾਰ ਦੇ ਅਗੇ ਲਾ ਲਈ ਅਤੇ ਯੂਨੀਵਰਸਿਟੀ ਦੇ ਬਾਹਰ ਬਣੀ ਆਬਾਦੀ ਵਿਚ ਆਪਣੇ ਘਰ ਲੈ ਗਿਆ ਜਿਥੇ ਲਾਹੌਰ ਜਾਣ ਤੋਂ ਪਹਿਲਾਂ ਉਹਦੀ ਜ਼ਿਦ ਸੀ ਕਿ ਮੈਂ ਉਹਦੇ ਪਰਵਾਰ ਨੂੰ ਜ਼ਰੂਰ ਮਿਲ ਕੇ ਜਾਵਾਂ। ਉਹ ਮੈਨੂੰ ਆਪਣੇ ਘਰ ਲਿਜਾ ਕੇ ਤਿੰਨ ਸੌ ਸਾਲ ਪਿਛਾਂਹ ਦੇ ਇਤਹਾਸ ਨੂੰ ਅਖਾਂ ਅਗੇ ਲਿਆਣਾ ਚਹੁੰਦਾ ਸੀਨ ਜਦ ਉਸ ਦੇ ਵਡੇਰਿਆਂ ਨੇ ਔਲਾਦ ਨਾ ਬਣਚ ਕਾਰਨ ਆਪਣਾ ਬੱਚਾ ਇਕ ਮੁਸਲਿਮ ਪੀਰ ਨੂੰ ਚੜ੍ਹਾ ਦਿਤਾ ਸੀ ਤੇ ਉਸ ਦੇ ਮੁਸਲਿਮ ਹੋ ਜਾਣ ਨਾਲ ਉਸ ਤੋਂ ਅਗੇ ਪ੍ਰੋ: ਛਿੱਬਰ ਅਜੇ ਵੀ ਆਪਣੇ ਫੈਮਿਲੀ ਟਰੀ ਨੂੰ ਭਾਈ ਸਤੀ ਦਾਸ, ਮਤੀ ਦਾਸ ਨਾਲ ਜੋੜ ਕੇ ਬਹੁਤ ਮਾਣ ਮਹਿਸੂਸ ਕਰਦਾ ਸੀ। ਉਸ ਨੇ ਆਪਣਾ ਫੈਮਿਲੀ ਸ਼ਿਜਰਾ ਵਿਖਾਂਦਿਆਂ ਕਿਹਾ ਪਿਛੋਕੜ ਵਿਚ ਹਿੰਦੂ ਹੋਣ ਕਾਰਨ ਅਜੇ ਤਕ ਵੀ ਉਹਨੂੰ ਜਾਂ ਉਹਦੇ ਵਡੇਰਿਆਂ ਨੂੰ ਮੁਸਲਿਮ ਸਮਾਜ ਇਕ ਚੰਗੇ ਮੁਸਲਮਾਨ ਵਜੋਂ ਮਾਣਤਾ ਨਹੀਂ ਦੇ ਰਿਹਾ ਸੀ। ਇਥੋਂ ਤਕ ਉਹਦੀ ਮੁਸਲਿਮ ਘਰ ਵਾਲੀ ਵੀ ਉਹਨੂੰ ਇਕ ਬੜਾ ਕਾਬਲ ਪ੍ਰੋਫੈਸਰ ਹੋਣ ਦੇ ਬਾਵਜੂਦ ਚੰਗਾ ਮੁਸਲਮਾਨ ਨਾ ਸਮਝਦਿਆਂ ਦੋਗਲਾ ਹੀ ਸਮਝਦੀ ਸੀ। ਪ੍ਰੋ: ਛਿੱਬਰ ਚਹੁੰਦਾ ਸੀ ਕਿ ਮੈਂ ਇਕ ਮਹੀਨਾ ਉਹਦੇ ਘਰ ਰਹਾਂ ਅਤੇ ਇੰਜ ਉਹਦਾ ਇਕ ਸੁਪਨਾ ਪੂਰਾ ਹੋ ਜਾਵੇਗਾ। ਉਸਦਾ ਪਰਵਾਰ ਅਤੇ ਲੜਕੀਆਂ ਬੜੇ ਪਿਆਰ ਤੇ ਮੋਹ ਨਾਲ ਮਿਲੀਆਂ ਅਤੇ ਚਾਹ ਪੀਣ ਤੋਂ ਬਾਅਦ ਮੈਂ ਆਪਣੇ ਦੋਵੇਂ ਤੇਈ ਤੇਈ ਕਿੱਲੋ ਵਾਲੇ ਸੂਟਕੇਸ ਉਹਨਾਂ ਅਗੇ ਖੋਲ੍ਹ ਦਿਤੇ ਕਿ ਉਹਨਾਂ ਨੂੰ ਜੋ ਚਾਹੀਦਾ ਹੈ ਜਾਂ ਪਸੰਦ ਹੈ, ਲੈ ਲੈਣ। ਕੁਝ ਸਮਾਂ ਉਹਦੇ ਘਰ ਰਹਿ ਕੇ ਅਤੇ ਪਰਵਾਰ ਨਾਲ ਫੋਟੋ ਖਿਚਵਾ ਕੇ ਸਾਡੀ ਕਾਰ ਗੁਜਰਾਤ ਤੋਂ ਲਾਹੌਰ ਦੇ ਰਾਹ ਪੈ ਗਈ। ਪ੍ਰੋ: ਤਾਰਕ ਗੁਜਰ ਨੇ ਮੈਨੂੰ ਲਾਹੌਰ ਛਡ ਕੇ ਕਾਰ ਸਮੇਤ ਵਾਪਸ ਯੂਨੀਵਰਸਿਟੀ ਨੂੰ ਮੁੜਨਾ ਸੀ।

  20 ਮਾਰਚ, 2012, ਨੂੰ ਗੁਜਰਾਤ ਤੋਂ ਲਾਹੌਰ ਆਉਂਦਿਆਂ ਰਾਹ ਵਿਚ ਜਦ ਗੁਜਰਾਂਵਾਲਾ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਵੇਖਣ ਦਾ ਬੜਾ ਵਿਚਾਰ ਸੀ ਪਰ ਤਾਰਕ ਗੁੱਜਰ ਹੁਰਾਂ ਮੈਨੂੰ ਲਾਹੌਰ ਛਡ ਕੇ ਵਾਪਸ ਗੁਜਰਾਤ ਮੁੜਨਾ ਸੀ। ਉਹ ਚਹੁੰਦੇ ਸਨ ਕਿ ਵਾਪਸੀ ਤੇ ਉਹਨਾਂ ਨੂੰ ਜ਼ਿਆਦਾ ਰਾਤ ਨਾ ਪੈ ਜਾਵੇ। ਇਸ ਲਈ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਵੇਖਣ ਲਈ ਸਮਾਂ ਨਾ ਕਢ ਸਕੇ ਜੋ ਮੈਂ ਬਹੁਤ ਜ਼ਰੂਰੀ ਸਮਝਦਾ ਸਾਂ। ਸ਼ੇਖੂਪੁਰਾ ਜ਼ਿਲਾ ਬਨਣ ਤੋਂ ਪਹਿਲਾਂ ਇਹ ਸ਼ੇਖੂਪੁਰਾ ਜ਼ਿਲਾ ਗੁੱਜਰਾਂਵਾਲਾ ਦੀ ਤਹਿਸੀਲ ਹੁੰਦਾ ਸੀ। ਇੰਜ ਬਾਪੂ ਦਸਿਆ ਕਰਦਾ ਕਿ ਸ਼ੇਖੂਪੁਰਾ ਜ਼ਿਲਾ 1922 ਵਿਚ ਬਣਿਆ ਸੀ। ਇਸ ਵਿਚ ਦੋ ਤਹਿਸੀਲਾਂ ਨਨਕਾਣਾ ਸਾਹਿਬ ਅਤੇ ਸ਼ਾਹਦਰਾ ਜੋੜ ਦਿਤੀਆਂ ਗਈਆਂ ਸਨ। ਗਰਮੀ ਕਾਰਨ ਪਿਆਸ ਲਗੀ ਹੋਈ ਸੀ। ਗੁਜਰਾਂਵਾਲੇ ਸੜਕ ਦੇ ਇਕ ਪਾਸੇ ਕਾਰ ਖੜ੍ਹੀ ਕਰ ਕੇ ਇਕ ਰੇੜ੍ਹੀ ਵਾਲੇ ਤੋਂ ਚੰਗੇ ਚੰਗੇ ਕਿਨੂੰ ਚੁਣ ਕੇ ਜੂਸ ਦੇ ਗਲਾਸ ਤਿਆਰ ਕਰਵਾ ਕੇ ਪੀਣ ਨਾਲ ਜਿਸਮ ਵਿਚ ਕੁਝ ਤਰੋ ਤਾਜ਼ਗੀ ਆ ਗਈ ਤੇ ਅਸੀਂ ਗੁਜਰਾਤ ਤੋਂ ਅਗੇ ਲਾਹੌਰ ਵੱਲ ਚੱਲ ਪਏ। ਰਸਤੇ ਵਿਚ ਆਏ ਸ਼ਹਿਰ ਅਤੇ ਪਿੰਡ ਜਿਨ੍ਹਾਂ ਵਿਚੋਂ ਕਈਆਂ ਦੇ ਨਾਂ ਮੇਰੇ ਚੇਤੇ ਵਿਚ ਸਨ, ਯਾਦ ਆ ਕੇ ਵਿਆਕਲ ਕਰ ਰਹੇ ਸਨ ਕਿ ਧਰਤੀ ਦੇ ਇਸ ਖਿੱਤੇ ਵਿਚ ਮੇਰਾ ਬਚਪਨ ਬੀਤਿਆਂ ਸੀ ਅਤੇ ਬਚਪਨ ਦੀਆਂ ਯਾਦਾਂ ਮਨ ਵਿਚੋਂ ਜਾਂਦੀਆਂ ਨਹੀਂ ਸਨ। ਵੰਡ ਤੋਂ ਪਹਿਲਾ ਹਿੰਦੂ, ਮੁਸਲਿਮ ਅਤੇ ਸਿੱਖ ਇਸ ਧਰਤੀ ਤੇ ਇਕਠੇ ਰਹਿੰਦੇ ਸਨ। ਹੁਣ ਉਹਨਾਂ ਵਿਚੋਂ ਇਹ ਇਲਾਕਾ ਸਿਰਫ ਇਕ ਧਰਮ ਨੂੰ ਮੰਨਣ ਵਾਲਿਆਂ ਦਾ ਰਹਿ ਗਿਆ ਸੀ। ਹਾਲਾਤ ਅਤੇ ਇਤਿਹਾਸ ਨੇ ਕਿੰਨਾ ਅਨੋਖਾ ਖੇਲ ਖੇਲਿਆ ਸੀ ਜਿਸ ਨਾਲ ਕੁਝ ਦਾ ਕੁਝ ਹੋ ਗਿਆ ਸੀ।
  Photo
  ਲੇਖਕ ਨੂੰ ਬੁਕ ਰੀਲੀਜ਼ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਜੀ ਆਇਆਂ ਕਹਿੰਦਿਆਂ
  ਜੂਸ ਦੇ ਗਲਾਸ ਖਤਮ ਕਰ ਜਿਵੇਂ ਜਿਵੇਂ ਅਸੀਂ ਲਾਹੌਰ ਦੇ ਲਾਗੇ ਆ ਰਹੇ ਸਾਂ ਤਾਂ ਵੇਖਣ ਵਿਚ ਆ ਰਿਹਾ ਸੀ ਇਹ ਲਾਹੌਰ ਹੁਣ ਕਾਫੀ ਵਧ ਗਿਆ ਸੀ। 35 ਸਾਲ ਪਹਿਲਾਂ ਜਦ ਮੈਂ ਪਾਕਿਸਤਾਨ ਆਇਆ ਸਾਂ ਤਾਂ ਨਕਸ਼ਾ ਹੋਰ ਸੀ ਅਤੇ ਹੁਣ ਉਹ ਪਹਿਲੀਆਂ ਗੱਲਾਂ ਨਹੀਂ ਰਹੀਆਂ ਸਨ। ਸੈੱਲ ਫੋਨ ਤੇ ਆਸਫ ਰਜ਼ਾ ਸਾਨੂੰ ਉਹਦੇ ਕੋਲ ਪਹੁੰਚਣ ਲਈ ਕਾਰ ਦੇ ਡਰਾਈਵਰ ਨੂੰ ਰਸਤਾ ਦੱਸ ਰਿਹਾ ਸੀ। ਕਾਫੀ ਚਿਰ ਲਾਹੌਰ ਦੀਆਂ ਸੜਕਾਂ ਪਾਰ ਕਰਦੇ ਆਖਰ ਅਸੀਂ ਆਸਫ ਰਜ਼ਾ ਦੇ ਦਫਤਰ ਪਹੁੰਚ ਗਏ ਜਿਥੇ ਉਹ ਦੂਜੀ ਮੰਜ਼ਲ ਤੇ ਰਹਿੰਦਾ ਸੀ। ਤਾਰਕ ਹੁਰੀਂ ਉਹਦੇ ਦਫਤਰ ਵਿਚ ਮੇਰਾ ਸਾਮਾਨ ਪੁਚਾ ਕੇ ਵਾਪਸ ਗੁਜਰਾਤ ਨੂੰ ਮੁੜ ਗਏ। ਪਾਕਿਸਤਾਨ ਦੇ ਨਫੀਸ ਤੇ ਵਿਦਵਾਨ ਪੰਜਾਬੀ ਲੇਖਕ ਤਾਰਕ ਗੁੱਜਰ ਨਾਲ ਇਹ ਮਿਲਣੀ ਮੈਨੂੰ ਕਦੇ ਵੀ ਨਹੀਂ ਭੁੱਲੀ। ਡਰਾਈਵਰ ਬੱਟ ਨੇ ਦੋ ਤਿੰਨ ਦਿਨ ਮੇਰੀ ਬੜੀ ਖਿਦਮਤ ਕੀਤੀ ਸੀ। ਉਸਦਾ ਬਣਦਾ ਫਬਦਾ ਇਨਾਮ ਦੇ ਕੇ ਉਹਨੂੰ ਗੁਜਰਾਤ ਵਾਪਸ ਕਰ ਦਿਤਾ। ਉਮਰ ਅਨੁਸਾਰ ਸਫਰ ਨਾਲ ਥਕਾਵਟ ਹੋ ਗਈ ਸੀ। ਆਸਫ ਰਜ਼ਾ ਕੋਲ ਕੁਝ ਦੇਰ ਆਰਾਮ ਕੀਤਾ ਤੇ ਏਨੇ ਵਿਚ ਮੇਰਾ ਪੁਰਾਣਾ ਦੋਸਤ ਚੌਧਰੀ ਮੁਹੰਮਦ ਨਵਾਜ਼ ਮੈਨੂੰ ਆਪਣੀ ਮਹਿੰਗੀ ਗਡੀ ਵਿਚ ਲੈਣ ਆ ਗਿਆ। ਅਸੀਂ 50 ਸਾਲ ਬਾਅਦ ਮਿਲੇ ਸਾਂ। ਗਲਵਕੜੀ ਪਾਈ ਤੇ ਅੱਖਾਂ ਗਿੱਲੀਆਂ ਸਨ। ਦੋਵੇਂ ਉਮਰ ਰਸੀਦਾ ਹੋ ਗਏ ਸਾਂ ਤੇ ਜਿਸਮ ਭਾਰੇ ਹੋ ਗਏ ਸਨ। ਜੇ ਕਿਤੇ ਕਿਸੇ ਬਾਜ਼ਾਰ ਵਿਚ ਮਿਲ ਜਾਂਦੇ ਤਾ ਬਿਲਕੁਲ ਇਕ ਦੂਜੇ ਨੂੰ ਪਛਾਣ ਨਹੀਂ ਸਕਦੇ ਸਾਂ। ਸੰਨ 1961-62 ਦੇ ਮਿਲੇ ਅਜ 50 ਸਾਲ ਬਾਅਦ ਫਿਰ ਮਿਲੇ ਸਾਂ। ਨਵਾਜ਼ ਦੀ ਆਵਾਜ਼ ਪਹਿਲਾਂ ਵਾਂਗ ਭਾਰੀ ਸੀ ਪਰ ਪਤਲਾ  ਲੰਮਾ ਛੀਟਕਾ ਸਰੀਰ ਮੋਟਾ ਹੋ ਗਿਆ ਸੀ। ਆਸਫ ਰਜ਼ਾ ਨੂੰ ਵੀ ਅਸਾਂ ਨਾਲ ਲੈ ਲਿਆ ਤੇ ਚੌਧਰੀ ਮੁਹੰਮਦ ਨਵਾਜ਼ ਸਾਹਿਬ ਦੀ ਗਡੀ ਵਿਚ ਸਾਮਾਨ ਰਖਵਾ ਕੇ ਅਸੀਂ ਉਹਨਾਂ ਦੇ ਨਾਲ ਉਹਦੇ ਐਂਟੀ ਟੀ ਬੀ ਐਸੋਸੀਏਸ਼ਨ ਆਫ ਪਾਕਿਸਤਾਨ ਦੇ ਦਫਤਰ ਪਹੁੰਚ ਗਏ। ਨੌਕਰਾਂ ਨੇ ਮੇਰਾ ਸਾਮਾਨ ਉਤਾਰ ਕੇ ਉਪਰ ਏਅਰਕੰਡੀਸ਼ਨ ਕਮਰੇ ਵਿਚ ਰਖਵਾ ਦਿਤਾ ਜਿਥੇ ਮੇਰੇ ਲਈ ਡਬਲ ਬੈੱਡ ਲੱਗਾ ਹੋਇਆ ਸੀ।
  Photo
  ਵੀ ਸੀ ਸਾਹਿਬ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਰੀਲੀਜ਼ ਕਰਦੇ ਹੋਏ  
  ਕੁਝ ਚਿਰ ਚੌਧਰੀ ਸਾਹਿਬ ਦੇ ਦਫਤਰ ਵਿਚ ਬੈਠੇ ਜਿਸ ਦੇ ਉਹ ਪ੍ਰੈਜ਼ੀਡੰਟ ਸਨ। ਮੈਂ ਲਾਹੌਰ ਵਿਚ ਹੀ ਸ਼ਾਹਮੁਖੀ ਵਿਚ ਛਪੀ ਆਪਣੀ ਸਵੈ-ਜੀਵਨੀ, "ਕਿਹੋ ਜਿਹਾ ਸੀ ਜੀਵਨ" ਦੀ ਕਾਪੀ ਉਹਨਾਂ ਨੂੰ ਭੇਟ ਕੀਤੀ। ਇਸ ਵਿਚ ਉਹਨਾਂ ਦਾ ਕਈ ਥਾਈਂ ਬੜਾ ਪਿਆਰ ਭਰਿਆ ਅਤੇ ਮੋਹ ਭਿੱਜਾ ਜ਼ਿਕਰ ਆਇਆ ਸੀ ਜਦ ਅਸੀਂ ਹੁਸੈਨੀਵਾਲਾ ਬਾਰਡਰ ਤੇ ਨਵੰਬਰ 1961 ਵਿਚ ਮੇਰੀ ਪਹਿਲੀ ਪਾਕਿਸਤਾਨ ਫੇਰੀ ਤੇ ਮਿਲੇ ਅਤੇ ਦੋਸਤ ਬਣ ਗਏ ਸਾਂ। ਉਹ ਮੈਨੂੰ ਆਪਣੇ ਟਰੈਕਟਰ ਤੇ ਬਿਠਾ ਕੇ ਲਾਗੇ ਪੈਂਦੇ ਆਪਣੇ ਪਿੰਡ ਬੁਰਜ ਕਲਾਂ ਲੈ ਗਏ ਸਨ। ਉਹਨਾਂ ਨੇ ਕਿਤਾਬ ਵਿਚ ਆਪਣੇ ਬਾਰੇ ਆਏ ਜ਼ਿਕਰ ਨੂੰ ਬੜੇ ਗਹੁ ਨਾਲ ਦੇਖਿਆ ਅਤੇ ਫਿਰ ਸੇਵਾ ਪਾਣੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੰਜਾਬੀ ਜੱਟਾਂ ਵਾਲਾ ਸੇਵਾ ਪਾਣੀ ਦਾ ਸਿਲਸਿਲਾ ਜਿਸ ਵਿਚ ਬਲੈਕ ਲੇਬਲ ਅਤੇ ਸਿਵਾਸ਼ ਰੀਗਲ ਦੀਆਂ ਬੋਤਲਾਂ ਤੇ ਸੋਢੇ ਖੁਲ੍ਹ ਗਏ। ਖਾਣ ਲਈ ਸਲਾਦ ਅਤੇ ਕਈ ਪਰਕਾਰ ਦਾ ਭੁਜਿਆ ਹੋਇਆ ਗੋਸ਼ਤ। 50 ਸਾਲ ਪਹਿਲਾਂ ਜਦ ਅਸੀਂ ਮਿਲੇ ਸਾਂ ਨਵਾਜ਼ ਸ਼ਰਾਬ ਨਹੀਂ ਪੀਂਦਾ ਸੀ ਤੇ ਹੁਣ ਜ਼ਮਾਨਾ ਬਦਲ ਗਿਆ ਸੀ। ਜਿੰਨਾ ਚਿਰ ਮੈਂ ਲਾਹੌਰ ਰਿਹਾ, ਕੋਈ ਸ਼ਾਮ ਵੀ ਐਸੀ ਨਾ ਲੰਘੀ ਜਿਸ ਰਾਤ ਮਹਿੰਗੀ ਤੋਂ ਮਹਿੰਗੀ ਸ਼ਰਾਬ ਦੀਆਂ ਦੋ ਤਿੰਨ ਬੋਤਲਾਂ ਪੀਤੀਆਂ ਨਾ ਜਾਂਦੀਆਂ ਤੇ ਬੜੀਆਂ ਮੋਹ ਭਿਜੀਆਂ ਮਹਿਫਲਾਂ ਨਾ ਜੁੜਦੀਆਂ ਜਿਸ ਵਿਚ ਉਹਨਾਂ ਦੇ ਦੋਸਤ ਅਤੇ ਲਾਹੌਰ ਦੇ ਪੰਜਾਬੀ ਲਿਖਾਰੀ ਸ਼ਾਮਲ ਹੁੰਦੇ। ਸਕਾਚ ਪੀਂਦਿਆਂ ਅਸੀਂ ਪਿਛਲੇ 50 ਸਾਲ ਬਾਅਦ ਇਕ ਦੂਜੇ ਨੂੰ ਮਿਲਣ ਦਾ ਇਤਿਹਾਸ ਗਾਹ ਮਾਰਿਆ। ਪੰਜਾਹ ਸਾਲ ਦਾ ਕਿੰਨਾ ਲੰਮਾ ਸਮਾਂ ਜਿਸ ਵਿਚ ਕੁਝ ਕੁ ਚਿਠੀ ਪੱਤਰਾਂ ਦਾ ਮੇਲ ਹੀ ਸ਼ਾਮਲ ਸੀ। ਆਸਫ ਰਜ਼ਾ ਜਿਸ ਨੇ ਮੇਰੀ ਸਵੈ ਜੀਵਨੀ ਗੁਰਮੁਖੀ ਵਿਚੋਂ ਸ਼ਾਹਮੁਖੀ ਵਿਚ ਉਲਟਾਈ ਸੀ, ਨੇ ਕੈਨੇਡਾ ਤੋਂ ਚਲਣ ਤੋਂ ਪਹਿਲਾਂ ਚੌਧਰੀ ਮੁਹੰਮਦ ਨਵਾਜ਼ ਦਾ ਸੱੈਲ ਫੋਨ ਲਭ ਕੇ ਦਿਤਾ ਸੀ ਅਤੇ ਮੈਂ ਉਹਨਾਂ ਨਾਲ 50 ਸਾਲ ਬਾਅਦ ਕੈਨੇਡਾ ਤੋਂ ਪਾਕਿਸਤਾਨ ਟੈਲੀਫੋਨ ਤੇ ਗੱਲ ਕੀਤੀ ਤਾਂ ਉਹੀ ਪਿਆਰ ਤੇ ਖਲੂਸ ਭਰੀ ਭਾਰੀ ਆਵਾਜ਼ ਸੀ। ਮੈਂ ਕਿਹਾ ਮੈਂ ਪਾਕਿਸਤਾਨ ਗੌਰਮਿੰਟ ਦਾ ਮਹਿਮਾਨ ਬਣ ਕੇ ਆ ਰਿਹਾ ਹਾਂ ਤੇ ਆਪਾਂ ਇਕ ਵਾਰ ਫਿਰ ਮਿਲਾਂਗੇ। ਚੌਧਰੀ ਸਾਹਿਬ ਨੇ ਜੀ ਆਇਆਂ ਕਿਹਾ। ਕੈਨੇਡਾ ਤੋਂ ਫੋਨ ਕਰਨ ਵੇਲੇ ਪਾਕਿਸਤਾਨ ਵਿਚ ਰਾਤ ਦੇ 11 ਵਜੇ ਸਨ ਤੇ ਚੌਧਰੀ ਸਾਹਿਬ ਨੇ ਸੁੱਤੇ ਪਿਆਂ ਉਠ ਕੇ ਫੋਨ ਚੁਕਿਆ ਸੀ। ਉਹਨਾਂ ਦੀ ਬੇਗਮ ਸਾਹਿਬਾ ਕਹਿਣ ਲੱਗੀ ਐਨੀ ਰਾਤ ਗਏ ਕਿਸ ਦਾ ਫੋਨ ਹੈ ਤਾਂ ਨਵਾਜ਼ ਹੱਸ ਕੇ ਕਹਿਣ ਲੱਗਾ ਤੇਰੇ ਪੇਕਿਆਂ ਕਾਸੂਬੇਗੂ (ਫਿਰੋਜ਼ਪੁਰ) ਤੋਂ ਤੇਰਾ ਭਰਾ ਬਲਬੀਰ ਬੋਲ ਰਿਹਾ ਹੈ ਜੋ ਹੁਣ ਕੈਨੇਡਾ ਵਿਚ ਰਹਿੰਦਾ ਹੈ। ਪੇਕਿਆਂ ਦਾ ਨਾਂ ਕਿਸ ਨੂੰ ਪਿਆਰਾ ਨਹੀਂ ਲਗਦਾ ਤੇ ਬੇਗਮ ਨਵਾਜ਼ ਦਾ ਗੁੱਸਾ ਠੰਡਾ ਹੋ ਗਿਆ ਸੀ। ਉਸ ਮੇਰਾ ਨਾਂ ਤਾਂ ਸੁਣਿਆ ਹੋਇਆ ਸੀ ਪਰ ਮੁਲਾਕਾਤ ਭਾਵੇਂ ਕਦੇ ਨਹੀਂ ਸੀ ਹੋਈ। ਨਵਾਜ਼ ਨੇ ਬਹੁਤ ਵਰ੍ਹੇ ਪਹਿਲਾਂ ਇਕ ਚਿਠੀ ਵਿਚ ਵਿਚ ਉਚੇਰੀ ਸਿਖਿਆ ਲਈ ਇੰਗਲੈਂਡ ਜਾ ਕੇ ਪੜ੍ਹਨ, ਫਿਰ ਵਕੀਲ ਬਨਣ, ਵਿਆਹ ਹੋਣ ਤੇ ਬੱਚਿਆਂ ਦਾ ਜ਼ਿਕਰ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਸਾਡੀ ਮੇਲ ਮਿਲਾਪ ਦੀ ਲੜੀ ਟੁੱਟ ਗਈ ਸੀ।

  .........ਚਲਦਾ .......