ਖ਼ਬਰਸਾਰ

 •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
 •    ਪ੍ਰਗਤੀਸ਼ੀਲ ਲੇਖਕ ਸੰਘ ਦਾ ਜਥੇਬੰਦਕ ਸਮਾਗਮ / ਪ੍ਰਗਤੀਸ਼ੀਲ ਲੇਖਕ ਸੰਘ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
 •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
 •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
 •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
 •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
 • ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ (ਖ਼ਬਰਸਾਰ)


  ਡੈਲਟਾ -- ਹਰ ਮਹੀਨੇ ਵਾਂਗ ਜੁਲਾਈ ਮਹੀਨੇ ਦੇ ਤੀਜੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ, ਦੋ ਕਵੀਆਂ ਦੇ ਨਾਮ ਕੀਤੀ ਗਈ। ਇਹ ਸਨ, ਨਾਮਵਰ ਸ਼ਾਇਰ ਹਰਭਜਨ ਸਿੰਘ ਜੰਡਿਆਲਾ ਅਤੇ ਬਹੁਪੱਖੀ ਸਾਹਿਤਕਾਰ ਨਛੱਤਰ ਸਿੰਘ ਗਿੱਲ। ਮੋਹਨ ਗਿੱਲ ਨੇ ਜਾਰਜ ਮੈਕੀ ਲਾਇਬ੍ਰੇਰੀ ਦੇ ਪ੍ਰਬੰਧਕਾਂ, ਪੰਜਾਬੀ ਲਿਖਾਰੀ ਸਭਾ ਉਤਰੀ ਅਮਰੀਕਾ ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਕਾਵਿ ਮਹਿਫਲ ਮਾਨਣ ਆਏ ਸਰੋਤਿਆਂ ਨੂੰ ਜੀ ਆਇਆਂ ਕਿਹਾ। ਜਰਨੈਲ  ਸਿੰਘ ਸੇਖਾ ਨੇ ਸ਼ਾਇਰ ਹਰਭਜਨ ਸਿੰਘ ਦੀ ਸ਼ਖਸੀਅਤ ਤੇ ਸਾਹਿਤਕ ਸਫਰ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ।
     ਹਰਭਜਨ  ਸਿੰਘ ਜੰਡਿਆਲਾ ਆਪਣੀ ਪਹਿਲੀ ਗ਼ਜ਼ਲ ਦੇ ਇਸ ਸ਼ੇਅਰ, 'ਕੁਝ ਦਿਲ ਉਦਾਸ ਸੀ ਮੇਰਾ, ਕੁਝ ਘਰ ਉਦਾਸ ਸੀ। ਦੋਹਾਂ ਨੂੰ ਨਾ ਕਦੇ ਤੇਰੇ ਵਿਛੜਨ ਦੀ ਆਸ ਸੀ।' ਨਾਲ ਸਰੋਤਿਆਂ ਦੇ ਰੂ ਬ ਰੂ ਹੋਇਆ। ਉਸ ਦੀ ਦੂਜੀ ਗ਼ਜ਼ਲ ਆਪਣੀ ਅਰਧੰਗਣੀ ਦੇ ਕਿਸੇ ਭਿਆਣਕ ਬਿਮਾਰੀ ਵਿਚ ਗਰਸੇ ਹੋਣ ਦੇ ਸਮੇਂ ਲਿਖੀ ਗਈ ਸੀ। ਗ਼ਜ਼ਲ ਦਾ ਪਹਿਲਾ ਸ਼ਿਅਰ ਹੀ ਉਸ ਸਮੇਂ ਦੇ ਹਾਲਾਤ ਦੀ ਗਵਾਹੀ ਭਰਦਾ ਸੀ, 'ਇਹ ਭਿਆਨਕ ਹਾਦਸਾ ਕਿਦਾਂ ਜਰੇਂਗਾ ਤੂੰ। ਕਰਦਾ ਸੀ ਜੋ ਅਠਖੇਲੀਆਂ ਕਿੱਦਾਂ ਕਰੇਂਗਾ ਤੂੰ।' ਤੀਸਰੀ ਗ਼ਜ਼ਲ ਦੇ ਸ਼ਿਅਰਾਂ ਵਿਚ ਰੁਮਾਂਸਵਾਦੀ ਝਲਕ ਸੀ। ਇਕ ਨਜ਼ਮ ਲੱਚਰ ਗਾਇਕੀ 'ਤੇ ਵਿਅੰਗ ਕਰਦੀ ਸੀ। ਹਰਭਜਨ ਜੰਡਿਆਲਾ ਨੇ ਕੁਝ ਨਜ਼ਮਾਂ ਵੀ ਸੁਣਾਈਆਂ। ਕਿਸਾਨ ਦੀ ਬਦਹਾਲੀ ਪਿੱਛੇ ਕੰਮ ਕਰਦੇ ਕਾਰਕਾਂ ਨੂੰ ਬਿਆਨ ਕਰਦੀ ਨਜ਼ਮ ਬਹੁਤ ਸਲਾਹੀ ਗਈ। ਅਖੀਰ ਵਿਚ ਜੰਡਿਆਲਾ ਨੇ ਦੋ ਮਸਲਸਲ ਗ਼ਜ਼ਲਾਂ ਵੀ ਸੁਣਾਈਆਂ।
       ਮੋਹਣ ਗਿੱਲ ਨੇ ਨਛੱਤਰ ਸਿੰਘ ਗਿੱਲ ਦੀ ਬਹੁਪੱਖੀ ਸ਼ਖਸੀਅਤ ਤੇ ਉਹਨਾਂ ਦੇ ਨਾਵਲ, ਕਹਾਣੀ ਤੇ ਕਵਿਤਾ ਦੀਆਂ ਪੁਸਤਕਾਂ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨ ਲਈ ਕਿਹਾ। ਨਛੱਤਰ ਸਿੰਘ ਗਿੱਲ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨ ਤੋਂ ਪਹਿਲਾਂ ਆਪਣੀ ਸੰਘਰਸ਼ਮਈ ਜ਼ਿੰਦਗੀ ਦੀ ਕਹਾਣੀ ਦੱਸ ਕੇ ਆਪਣੀ ਰਚਨਾ ਪਰਕ੍ਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਦੀ ਹਰ ਰਚਨਾ ਮਾਨਵਵਾਦੀ ਸਰੋਕਾਰਾਂ ਨੂੰ ਸਮਰਪਤ ਹੁੰਦੀ ਹੈ। ਨਛੱਤਰ ਗਿੱਲ ਪੰਜਾਬੀ ਤ੍ਰੈਮਾਸਕ ਪੱਤਰ 'ਲੋਹਮਨੀ' ਦੇ ਮੇਨੇਜਿੰਗ ਡਾਰਾਇਕਟਰ ਹਨ। ਉਹਨਾਂ ਕਿਹਾ ਇਸ ਪੱਤਰ ਨੂੰ ਕੱਢਣ ਦਾ ਮੰਤਵ ਨਵੇਂ ਤੇ ਉਭਰ ਰਹੇ ਲੇਖਕਾਂ ਦੀਆਂ ਲਿਖਤਾਂ ਨੂੰ ਛਾਪ ਕੇ ਚੰਗਾ ਲਿਖਣ ਲਈ ਉਤਸਾਹਤ ਕਰਨਾ ਰਿਹਾ ਹੈ। ਲੋਹਮਨੀ ਦੇ ਕਾਮੇ ਇਹ ਕੰਮ ਛੇ ਸਾਲ ਤੋਂ ਕਰਦੇ ਆ ਰਹੇ ਹਨ। ਕਵਿਤਾ ਪਾਠ ਵਿਚ ਉਹਨਾਂ ਪਹਿਲੀ ਕਵਿਤਾ 'ਇਹ ਕਵਿਤਾ' ਸੁਣਾਈ ਜਿਹੜੀ ਮਾਨਵ ਦੇ ਦੁੱਖਾਂ ਦੀ ਬਾਤ ਪਾਉਂਦੀ ਸੀ। ਦੂਸਰੀ ਕਵਿਤਾ 'ਤੁਰਨਾ' ਸੀ, ਜਿਸ ਵਿਚ ਸੰਦੇਸ਼ ਦਿੱਤਾ ਗਿਆ ਸੀ ਕਿ ਹਨੇਰੇ ਵਿਚ ਤੁਰਦਿਆਂ ਠੋਕਰਾਂ ਖਾ ਕੇ ਹੀ ਚਾਨਣਾਂ ਦੀ ਮੰਜ਼ਲ ਤਕ ਪਹੁੰਚਿਆ ਜਾ ਸਕਦਾ ਹੈ। 'ਭਗਤ ਸਿੰਘ ਪੁਛਦਾ ਹੈ' ਕਵਿਤਾ ਵਿਚ ਸਰਕਾਰਾਂ ਤੇ ਸਿਆਸੀ ਲੀਡਰਾਂ ਦੇ ਦੰਭ ਨੂੰ ਉਜਾਗਰ ਕੀਤਾ ਗਿਆ ਸੀ ਤੇ ਅੱਜ ਦੀ ਜਵਾਨੀ ਨੂੰ ਵੀ ਵੰਗਾਰ ਸੀ ਕਿ ਉਹ ਭਗਤ ਸਿੰਘ ਦੀ ਸੋਚ ਨੂੰ ਅਪਨਾਉਣ, ਉਸ ਦੇ ਪਹਿਰਾਵੇ ਦੀ ਨਕਲ ਨਾ ਕਰਨ। ਅਖੀਰਲੀ ਕਵਿਤਾ 'ਕੋਦੀ' ਅਜੋਕੇ ਮਨੁੱਖ ਦੀ ਦਾਸਤਾਨ ਸੀ ਜਿਹੜਾ ਨਵੀਆਂ ਤਕਨੀਕਾਂ ਦਾ ਕੈਦੀ ਹੋ ਕੇ ਰਹਿ ਗਿਆ ਹੈ।

     Photo

   ਸਰੀ ਵਿਚ ਲਾਏ ਪੰਜਾਬੀ ਪੁਸਤਕ ਮੇਲੇ ਵਿਚੋਂ ਵਿਹਲ ਕੱਢ ਕੇ ਆਏ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਵੀ ਇਸ ਕਾਵਿ ਮਹਿਫਲ ਵਿਚ ਹਾਜ਼ਰ ਹੋਏ ਅਤੇ ਸਰੋਤਿਆਂ ਦੀ ਫਰਮਾਇਸ਼ 'ਤੇ ਉਹਨਾਂ ਨੇ ਆਪਣੀਆਂ ਕੁਝ ਗ਼ਜ਼ਲਾਂ ਸੁਣਾਈਆਂ। ਚੰਦ ਸ਼ਿਅਰ ਹਨ;

  'ਧੁੱਪ ਤੇ ਬਾਰਸ਼ ਰਲ਼ ਕੇ ਹੁੰਦੇ ਰੰਗਾਂ ਵਿਚ ਤਬਦੀਲ, ਪੀਂਘ ਜਦੋਂ ਸੱਤਰੰਗੀ ਦਿਸਦੀ ਮਨ ਨੂੰ ਲੈਂਦੀ ਕੀਲ।'
  'ਮੇਰੀ ਚੁੱਪ ਤੋੜਨ ਲਈ ਦੋਵੇਂ ਹੱਥ ਮਿਲਾਉਂਦੇ ਨੇ, ਤਨ ਤੇ ਮਨ ਦੀ ਰੋਜ਼ ਤਕਾਲੀਂ ਹੋ ਜਾਂਦੀ ਹੈ ਡੀਲ।'

  'ਰਾਤ ਨੂੰ ਨੇਰ੍ਹੇ 'ਚ ਡੁੱਬਾ ਜਾਪਦੈ ਹਰ ਪਿੰਡ ਮੈਨੂੰ, ਜਦ ਕਿ ਹਰ ਸ਼ਖਸ ਦੇ ਅੰਦਰ ਦੀਵਾ ਬਲ਼ ਰਿਹਾ ਹੈ।'
  'ਸਿਮਟ ਕੇ ਇਕ ਬਕਸੇ ਸਾਹਮਣੇ ਜੋ ਬਹਿ ਗਈ ਦੁਨੀਆ ਘਰਾਂ ਦੀ ਕੈਦ ਵਿਚ ਹੀ ਕੈਦ ਹੋ ਕੇ ਰਹਿ ਗਈ ਦੁਨੀਆ।'

  'ਠੇਕੇਦਾਰਾਂ ਨੂੰ ਪੁੱਛਾਂਗੇ ਕਿੱਦਾਂ ਛਕਦੇ ਹੋ, ਰੇਤਾ-ਰੂਤਾ, ਬਜਰੀ-ਬੁਜਰੀ, ਪੱਥਰ-ਪੁੱਥਰ ਸੱਭ।'

     ਅਖੀਰ ਵਿਚ ਮੋਹਨ ਗਿੱਲ ਨੇ ਕਾਵਿ ਮਹਿਫਲ ਵਿਚ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਸਰੋਤੇ ੧੯ ਅਗਸਤ ਦੀ ਸ਼ਾਮ ਨੂੰ ਮੁੜ ਮਿਲਣ ਦੇ ਇਕਰਾਰ ਨਾਲ ਲਾਇਬ੍ਰੇਰੀ ਵਿਚੋਂ ਵਿਦਾ ਹੋਏ।