ਖ਼ਬਰਸਾਰ

 •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
 •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
 •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ (ਖ਼ਬਰਸਾਰ)


  ਡੈਲਟਾ:  ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵੱਲੋਂ, ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਹਿਯੋਗ ਨਾਲ, ਹਰ ਮਹੀਨੇ ਦੇ ਤੀਸਰੇ ਮੰਗਲਵਾਰ ਮਨਾਈ ਜਾਂਦੀ ਪੰਜਾਬੀ ਬੋਲੀ ਨੂੰ ਸਮਰਪਤ ਕਾਵਿ ਸ਼ਾਮ, ੨੦ ਅਗਸਤ ੨੦੧੩ ਨੂੰ ਮਨਾਈ ਗਈ, ਜਿਹੜੀ ਕਿ ਵਿਲੱਖਣ ਹੋ ਨਿਬੜੀ, ਜਦੋਂ ਕਵੀਆਂ ਦੀ ਥਾਂ ਬਹੁਵਿਧਾਈ ਲੇਖਕ ਨਛੱਤਰ ਸਿੰਘ ਬਰਾੜ ਅਤੇ ਚਿਤਰਕਾਰ, ਜਰਨੈਲ ਸਿੰਘ ਆਰਟਿਸਟ ਸਰੋਤਿਆਂ ਦੇ ਰੂ ਬ ਰੂ ਹੋਏ।
     ਮੋਹਨ ਗਿੱਲ ਨੇ ਨਛੱਤਰ ਸਿੰਘ ਬਰਾੜ ਨੂੰ ਸਟੇਜ 'ਤੇ ਸੱਦਣ ਤੋਂ ਪਹਿਲਾਂ ਉਹਨਾਂ ਦੀ ਸ਼ਖਸੀਅਤ ਤੇ ਰਚਨਾ ਬਾਰੇ ਬੋਲਦਿਆਂ ਦੱਸਿਆ ਕਿ ਉਹਨਾਂ ਨੇ ਦੋ ਨਾਵਲ, ਇਕ ਏਅਰਫੋਰਸ ਨਾਲ ਸਬੰਧਤ ਯਾਦਾਂ ਦੀ ਪੁਸਤਕ ਅਤੇ ਇਕ ਆਪਣੇ ਪਿੰਡ ਦੇ ਇਤਿਹਾਸ ਦੀ ਵੱਡ ਅਕਾਰੀ ਪੁਸਤਕ ਲਿਖਣ ਤੋਂ ਬਿਨਾਂ ਇਹਨਾਂ ਦੀਆਂ ਕਹਾਣੀਆਂ ਤੇ ਕਵਿਤਾਵਾਂ ਦੀਆਂ ਦੋ ਪੁਸਤਕਾਂ ਛਪਾਈ ਅਧੀਨ ਹਨ।
    ਨਛੱਤਰ ਸਿੰਘ ਬਰਾੜ ਨੇ ਪਹਿਲਾਂ ਆਪਣੇ ਏਅਰਫੋਰਸ ਦੇ ਤਜਰਬੇ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਫਿਰ ਆਪਣੀਆਂ ਛੋਟੇ ਆਕਾਰ ਦੀਆਂ ਕਹਾਣੀ ਸੁਣਾਈਆਂ। ਕਹਾਣੀ 'ਰੰਡੇਪੇ ਦੀ ਪੀੜ' ਜੰਗ ਦੀ ਭਿਆਨਕਤਾ ਦੇ ਦਰਦ ਨੂੰ ਦਰਸਾਉਂਦੀ ਸੀ। ਵਿਅੰਗਾਤਮਿਕ ਕਹਾਣੀ 'ਪ੍ਰੀਤੋ ਜਾਂ ਪ੍ਰੈਟੀ ਜੰਟਾ' ਵਿਚ ਇਸਤਰੀ ਦੇ ਅਗਾਂਹ ਵੱਲ ਵਧਦੇ ਕਦਮਾਂ ਦਾ ਬ੍ਰਿਤਾਂਤ ਸੀ। 'ਦੁੱਧ ਦੀ ਸਮੱਸਿਆ' ਕਹਾਣੀ ਪਾਖੰਡੀ ਸਾਧਾਂ ਉਪਰ ਕਟਾਕਸ਼ ਕਰਦੀ ਸੀ। 'ਮਾਡਰਨ ਮੰਗਤਾ' ਕਹਾਣੀ ਵਿਚ ਦਰਸਾਇਆ ਗਿਆ ਸੀ ਕਿ ਅਜੋਕੇ ਮੰਗਤੇ ਪੈਸਿਆਂ ਦੀ ਥਾਂ ਆਧੁਨਿਕ ਸਹੂਲਤਾਂ ਵਾਲੀਆਂ ਵਸਤਾਂ ਦੀ ਮੰਗ ਕਰਦੇ ਹਨ। 'ਖੈਰੂ' ਇਕ ਵਫਦਾਰ ਕੁੱਤੇ ਦੀ ਕਹਾਣੀ ਸੀ। ਬਰਾੜ ਸਾਹਿਬ ਨੇ ਖੋਜ ਭਰਪੂਰ ਇਕ ਛੋਟਾ ਲੇਖ ਸੁਣਾਇਆ, ਜਿਹੜਾ ਦੱਖਣੀ ਭਾਰਤ ਦੇ ਦਲਤਾਂ ਬਾਰੇ ਸੀ। ਸਰੋਤਿਆਂ ਨੇ ਇਸ ਨੂੰ ਬਹੁਤ ਪਸੰਦ ਕੀਤਾ।
     ਜਰਨੈਲ ਸਿੰਘ ਸੇਖਾ ਨੇ ਦੂਸਰੇ ਬੁਲਾਰੇ, ਜਰਨੈਲ ਸਿੰਘ ਆਰਟਿਸਟ ਦੀ ਸ਼ਖਸੀਅਤ, ਚਿਤ੍ਰਕਾਰੀ ਦਾ ਪਿਛੋਕੜ ਤੇ ਦੇਸ਼ ਤੇ ਵਿਦੇਸ਼ ਵਿਚ ਪ੍ਰਾਪਤੀਆਂ ਬਾਰੇ ਜਾਣਕਾਰੀ ਦੇ ਕੇ aੁਹਨਾਂ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ।  
  Photo

       ਜਰਨੈਲ ਸਿੰਘ ਆਰਟਿਸਟ ਨੇ ਦੱਸਿਆ ਕਿ ਉਹਨਾਂ ਨੂੰ ਚਿਤ੍ਰਕਾਰੀ ਕਰਨ ਦੀ ਪ੍ਰੇਰਣਾ ਆਪਣੇ ਪਿਤਾ ਸ. ਕ੍ਰਿਪਾਲ ਸਿੰਘ ਤੋਂ ਮਿਲੀ, ਜਿਹੜੇ ਕਿ ਖੁਦ ਇਕ ਨਾਮਵਰ ਚਿਤ੍ਰਕਾਰ ਸਨ। ਪੇਂਡੂ ਸੱਭਿਆਚਾਰ ਨੂੰ ਚਿਤ੍ਰਣ ਦੀ ਪ੍ਰੇਰਣਾ ਡਾ. ਮੁਹਿੰਦਰ ਸਿੰਘ ਰੰਧਾਵਾ ਤੋਂ ਮਿਲੀ ਤੇ ਪਹਿਲੀ ਪ੍ਰਦਰਸ਼ਨੀ ਵੀ ਉਹਨਾਂ ਦੇ ਸਹਿਯੋਗ ਨਾਲ ਲਾਈ ਗਈ ਸੀ। ਉਹਨਾਂ ਨੇ ਹੀ ਇਹਨਾਂ ਦੀ ਪਹਿਲੀ ਤਸਵੀਰ ੩੦੦.੦੦ ਵਿਚ ਖਰੀਦੀ ਸੀ। ਪਹਿਲਾ ਲੇਖ 'ਸਾਹਿਤ ਤੇ ਕਲਾ ਵਿਚ ਰਾਜਨੀਤੀ' ਪ੍ਰੀਤਲੜੀ ਵਿਚ ਛਪਿਆ ਸੀ। ਇਸ ਤੋਂ ਮਗਰੋਂ ਪੇਟਿੰਗ ਦੇ ਨਾਲ ਨਾਲ ਵਾਰਤਕ ਲਿਖਣ ਦਾ ਕੰਮ ਵੀ ਜਾਰੀ ਰਿਹਾ। ਸਿਖ ਇਤਿਹਾਸ ਦੇ ਚਤੇਰੇ ਲੜੀਵਾਰ ਅਜੀਤ ਵਿਚ ਛਪਦਾ ਰਿਹਾ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਅਜੀਤ ਦੀ ਦਿੱਖ ਬਦਲੀ ਤਾਂ ਕਈ ਰੰਗਦਾਰ ਤਜੁਰਬੇ ਇਸ ਆਰਟਿਸਟ ਦੀਆਂ ਤਸਵੀਰਾਂ ਨਾਲ ਹੀ ਹੋਏ 'ਮੇਰੇ ਮਨ ਪਸੰਦ ਚਿਤਰ ਤੇ ਚਿਤਰਕਾਰ' ਰੰਗਦਾਰ ਲੇਖ ਪੰਜਾਬੀ ਟਰਿਬਿਊਨ ਵਿਚ ਛਪ ਦੇ ਰਹੇ। ਕੈਨੇਡਾ ਆ ਕੇ ਵੀ ਚਿਤ੍ਰਕਾਰੀ, ਫੋਟੌਗਰਾਫੀ ਤੇ ਜਰਨਲਿਜ਼ਮ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਕਈ ਪਰਦ੍ਰਸ਼ਨੀਆਂ ਲੱਗ ਚੁੱਕੀਆਂ ਹਨ ਤੇ ਲੱਗ ਵੀ ਰਹੀਆਂ ਹਨ। ਚਾਲੀ ਸਾਲ ਤੋਂ ਚਿਤ੍ਰਕਾਰੀ, ਫੋਟੋਗ੍ਰਾਫੀ, ਪੱਤਰਕਾਰੀ ਤੇ ਸਮਾਜਿਕ ਗਤੀਵਿਧੀਆਂ ਵਿਚ ਹਿੱਸਾ ਪਾਇਆ ਜਾ ਰਿਹਾ ਹੈ।
      ਜਰਨੈਲ ਸਿੰਘ ਆਰਟਿਸਟ ਦੇ ਭਾਸ਼ਨ ਤੋਂ ਮਗਰੋਂ ਸਵਾਲ ਜਾਵਬ ਦਾ ਸਿਲਸਲਾ ਸ਼ੁਰੂ ਹੋਇਆ। ਚਿਤ੍ਰਕਾਰ ਲਈ ਇਹ ਸਵਾਲ ਸਨ; ਮੋਨਾਲਿਜ਼ਾ ਦੇ ਚਿਤ੍ਰ ਵਿਚ ਕੀ ਵਧੀਆ ਹੈ? ਮੋਨਾ ਲਿਜ਼ਾ ਤੇ ਬਲਿਊ ਬੁਆਇ ਵਿਚ ਕੀ ਅੰਤਰ ਹੈ? ਪੋਰਟਰੇਟ ਪੇਂਟ ਕਰਨ ਸਮੇਂ ਸ਼ਕਲ ਨੂੰ ਮਹੱਤਵ ਦਿੰਦੇ ਹੋ ਜਾਂ ਰੰਗ ਨੂੰ? ਕੀ ਵਿਚਾਰ ਕੇ ਪੰਜਾਬੀ ਸਭਿਆਚਾਰ ਨੂੰ ਚਿਤ੍ਰਦੇ ਹੋ? ਜਿਹੜੀ ਮਨੋਕਲਪਿਤ ਤਸਵੀਰ ਬਣਾਉਂਦੇ ਹੋ ਤਾਂ ਉਸ ਬਾਰੇ ਕਿਵੇਂ ਫੈਸਲਾ ਲੈਂਦੇ ਹੋ? ਮਾਡਰਨ ਆਰਟ ਨੂੰ ਚਿਤ੍ਰਣ ਵਾਲੇ ਚਿਤ੍ਰਕਾਰ ਕਿਉਂ ਬਾਹਰ ਆ ਗਏ? ਚਿਤ੍ਰਕਾਰ ਨੇ ਸਾਰੇ ਸਵਾਲਾਂ ਦੇ ਜਵਾਬ ਤਸੱਲਬਖਸ਼ ਦਿੱਤੇ। ਇਸ ਮਹਿਫਲ ਦੀ ਇਕ ਹੋਰ ਵੀ ਖੂਬੀ ਸੀ ਕਿ ਇਸ ਵਿਚ ਡਾ. ਰਘਬੀਰ ਸਿੰਘ ਸਿਰਜਣਾ, ਸਾਧੂ ਬਿਨਿੰਗ, ਅਜਮੇਰ ਰੋਡੇ, ਨਦੀਮ ਪਰਮਾਰ, ਸਤੀਸ਼ ਗੁਲਾਟੀ, ਗਰੁਚਰਨ ਟੱਲੇਵਾਲੀਆ, ਬਰਜਿੰਦਰ ਢਿੱਲੋਂ, ਜਗਦੇਵ ਢਿੱਲੋਂ, ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਬਲਬੀਰ ਸਿੰਘ ਸੰਘਾ,  ਜਸਬੀਰ ਮਾਨ, ਰੁਪਿੰਦਰ ਰੂਪੀ, ਦਵਿੰਦਰ ਜੌਹਲ ਅਤੇ ਕਈ ਹੋਰ ਨਾਮਵਰ ਸ਼ਖਸੀਅਤਾਂ ਸ਼ਾਮਲ ਹੋਈਆਂ।
     ਅੱਜ ਦੇ ਪ੍ਰਬੰਧ ਨੂੰ ਦੇਖ ਕੇ ਸਰੋਤਿਆਂ ਵੱਲੋਂ ਇਕ ਸੁਝਾ ਆਇਆ ਕਿ ਲਾਇਬ੍ਰੇਰੀ ਵਿਚ ਮਨਾਈ ਜਾਂਦੀ ਕਾਵਿ ਸ਼ਾਮ ਵਿਚ ਇਕ ਕਵੀ ਦੀਆਂ ਕਵਿਤਾਵਾਂ ਅਤੇ ਕਿਸੇ ਇਕ ਨਾਮਵਰ ਪੰਜਾਬੀ ਸ਼ਖਸੀਅਤ ਨਾਲ ਰੂ ਬ ਰੂ ਦਾ ਪ੍ਰੋਗਰਾਮ ਰੱਖਿਆ ਜਾਣਾ ਚਾਹੀਦਾ ਹੈ।ਪ੍ਰਬੰਧਕਾਂ ਵੱਲੋਂ ਇਸ ਵਿਚਾਰ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਵਾਉਣ ਮਗਰੋਂ ਸਤੰਬਰ ਦੇ ਤੀਜੇ ਮੰਗਲਵਾਰ ਇਸੇ ਥਾਂ 'ਤੇ ਮੁੜ ਮਿਲਣ ਦੇ ਇਕਰਾਰ ਨਾਲ ਮਹਿਫਲ ਸਥਗਤ ਕਰ ਦਿੱਤੀ ਗਈ।।