ਢੋਲ (ਕਹਾਣੀ)

ਹਰਪ੍ਰੀਤ ਸੇਖਾ    

Email: hsekha@hotmail.com
Address:
British Columbia Canada
ਹਰਪ੍ਰੀਤ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੈਂਕੁਅਟ-ਹਾਲ ਦੇ ਗੇਟ 'ਚ ਪ੍ਰਾਹੁਣਿਆਂ ਨੂੰ ਜੀ-ਆਇਆਂ ਕਹਿਣ ਲਈ ਖੜੋਤੀ ਮਨਪ੍ਰੀਤ ਦੀ ਨਿਗ੍ਹਾ ਨੀਨਾ 'ਤੇ ਪਈ ਤਾਂ ਉਸ ਨੂੰ ਲੱਗਾ ਜਿਵੇਂ ਹੁਣੇ ਸੂਰਜ ਆ ਕੇ ਨੀਨਾ ਦੀ ਬਾਂਹ 'ਚ ਬਾਂਹ ਪਾਏਗਾ ਅਤੇ ਉਹ ਹਾਲ ਵਿੱਚ ਆਉਣਗੇ। ਪਰ ਨੀਨਾ ਦੇ ਨਾਲ ਲੱਗ ਕੇ ਲਾਈਨ 'ਚ ਖੜ੍ਹੇ ਕਿਸੇ ਓਪਰੇ ਮੁੰਡੇ ਨੂੰ ਵੇਖ ਮਨਪ੍ਰੀਤ ਨੂੰ ਪਲ ਦੀ ਪਲ ਪਿਆ ਭੁਲੇਖਾ ਦੂਰ ਹੋ ਗਿਆ। ਮਨਪ੍ਰੀਤ ਨੇ ਹਾਉਕਾ ਲੈ ਕੇ ਸੋਚਿਆ, 'ਸੂਰਜ ਨੇ ਕਿੱਥੋਂ ਆਉਣੈ?"

"ਹਾਏ ਆਂਟੀ, ਕੀ ਹਾਲ ਐ?" ਆਖ ਨੀਨਾ ਉਸ ਦੇ ਗਲ ਲੱਗ ਕੇ ਮਿਲੀ ਅਤੇ ਆਪਣੇ ਪਿੱਛੇ ਖੜ੍ਹੇ ਦੋ ਮੁੰਡਿਆਂ ਅਤੇ ਇੱਕ ਕੁੜੀ ਵੱਲ ਹੱਥ ਕਰਕੇ ਬੋਲੀ, "ਮੇਰੇ ਫ਼੍ਰੈਂਡਸ।" ਫਿਰ ਆਪਣੇ ਦੋਸਤਾਂ ਵੱਲ ਵੇਖਦੀ ਨੇ ਕਿਹਾ, "ਇਹ ਸੂਰਜ ਦੇ ਮੰਮੀ-ਡੈਡੀ।" ਮਨਪ੍ਰੀਤ ਨੇ ਸਭ ਨੂੰ 'ਜੀ-ਆਇਆਂ' ਆਖ 'ਸੂਰਜ ਫਾਊਂਡੇਸ਼ਨ' ਦਾ ਇੱਕ-ਇੱਕ ਚਾਬੀ ਵਾਲਾ ਛੱਲਾ ਦਿੱਤਾ ਅਤੇ ਉਨ੍ਹਾਂ ਨੂੰ ਹਾਲ ਦੇ ਅੰਦਰ ਵੱਲ ਤੋਰ ਦਿੱਤਾ। ਮਨਪ੍ਰੀਤ ਨੂੰ ਲੱਗਾ ਜਿਵੇਂ ਉਸ ਦੇ ਅੰਦਰੋਂ ਕੁਝ ਭੁਰ ਗਿਆ ਹੋਵੇ। ਕੋਲ ਖੜ੍ਹੇ ਆਪਣੇ ਪਤੀ ਜੀਤ ਦੀ ਬਾਂਹ ਦਾ ਆਸਰਾ ਲੈ ਬੋਲੀ, "ਜੀਤ, ਮੈਥੋਂ ਹੋਰ ਨਹੀਂ ਖੜ੍ਹਿਆ ਜਾਂਦਾ ਇੱਥੇ।"

ਜੀਤ ਉਸ ਨੂੰ ਹਲਕਾ ਜਿਹਾ ਆਪਣੇ ਨਾਲ ਘੁੱਟਦਿਆਂ ਬੋਲਿਆ, "ਹੌਸਲਾ ਕਰ।"

"ਨਹੀਂ, ਹੋਰ ਨਹੀਂ ਮੈਥੋਂ ਆਪਣੇ-ਆਪ ਨੂੰ ਰੋਕ ਹੋਣਾ। ਪਲੀਜ਼," ਮਨਪ੍ਰੀਤ ਦੀ ਆਵਾਜ਼ ਲਰਜ਼ਾਅ ਗਈ। ਜੀਤ ਨੇ ਉਸ ਦੀਆਂ ਅੱਖਾਂ ਵੱਲ ਵੇਖਿਆ, ਉਹ ਤਰ-ਬ-ਤਰ ਸਨ। ਮਨਪ੍ਰੀਤ ਦਾ ਹੱਥ ਘੁੱਟ ਉਹ ਬੋਲਿਆ, "ਚੰਗਾ, ਮੈਂ ਵੀਰ ਤੇ ਭਾਬੀ ਨੂੰ ਕਹਿਨੈ ਕਿ ਐਥੇ ਖੜ੍ਹਨ, ਤੂੰ ਜਾ ਕੇ ਡ੍ਰੈਸਿੰਗ-ਰੂਮ 'ਚ ਬੈਠ।"

ਜੀਤ ਗੇਟ 'ਤੇ ਆਪਣੇ ਭਰਾ-ਭਰਜਾਈ ਨੂੰ ਖੜ੍ਹੇ ਕਰਕੇ ਮਨਪ੍ਰੀਤ ਦੇ ਮਗਰ ਹੀ ਡ੍ਰੈਸਿੰਗ-ਰੂਮ 'ਚ ਚਲਾ ਗਿਆ। ਮਨਪ੍ਰੀਤ ਉਸ ਦੇ ਮੋਢੇ ਲੱਗ ਸਿਸਕਣ ਲੱਗੀ।

"ਹਿੰਮਤ ਕਰ ਹਿੰਮਤ, ਤੂੰ ਤਾਂ ਸ਼ੇਰ ਦੀ ਮਾਂ ਐਂ," ਜੀਤ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ।

"ਮੈਂ ਕਿਹਾ ਤਾਂ ਸੀ ਕਿ ਹਾਲੇ ਰਹਿਣ ਦਿਓ ਫੰਡ ਰੇਜਿੰਗ ਡਿਨਰ ਨੂੰ, ਦੋ ਕੁ ਸਾਲਾਂ ਨੂੰ ਸ਼ੁਰੂ ਕਰ ਲਿਓ," ਜੀਤ ਤੋਂ ਅਲੱਗ ਹੁੰਦੀ ਮਨਪ੍ਰੀਤ ਬੋਲੀ।

"ਸੂਰਜ ਨੇ ਆਪਣੀ ਜ਼ਿੰਮੇਵਾਰੀ ਲਾਈ ਸੀ। ਜਿੰਨਾਂ ਲੇਟ ਹੁੰਦੇ ਗਏ, ਘੱਟ ਕੰਮ ਹੋਵੇਗਾ। ਮੈਂ ਚਾਹੁੰਨਂੈ ਵੱਧ ਤੋਂ ਵੱਧ ਜਿੰਨਾਂ ਹੋ ਸਕਦੈ ਕਰੀਏ। ਵੇਖ ਨੀਨਾ ਨੇ ਕਿਵੇਂ ਆਪਣੇ-ਆਪ ਨੂੰ ਸੰਭਾਲ ਲਿਐ, ਤੂੰ ਵੀ ਸੰਭਾਲ।"

"ਨੀਨਾ ਨੂੰ ਤਾਂ ਹੋਰ ਦੋਸਤ ਮਿਲ ਜਾਊ, ਤੇ ਮੈਨੂੰ------?" ਆਖਦੀ ਮਨਪ੍ਰੀਤ ਫਿਰ ਫਿੱਸ ਪਈ।

"ਪ੍ਰੀਤ, ਸੰਭਾਲ ਆਪਣੇ-ਆਪ ਨੂੰ। ਨੀਨਾ ਨੂੰ ਕੋਈ ਘੱਟ ਦੁੱਖ ਸੀ? ਸਾਰਾ ਸਾਰਾ ਦਿਨ ਸੂਰਜ ਦੇ ਕੋਲ ਬੈਠੀ ਰਹਿੰਦੀ ਸੀ," ਆਖ ਜੀਤ ਨੇ ਮਨਪ੍ਰੀਤ ਨੂੰ ਆਪਣੇ ਨਾਲ ਘੁੱਟ ਲਿਆ ਅਤੇ ਉਸ ਦੇ ਸਿਰ ਤੇ ਪੋਲਾ-ਪੋਲਾ ਥਾਪੜਾ ਦਿੰਦਾ ਰਿਹਾ।

"ਸੌਰੀ ਜੀਤ, ਨੀਨਾ ਨੂੰ ਵੇਖ ਜਿਵੇਂ ਮੇਰੇ ਅੰਦਰੋਂ ਕੁਝ ਕਿਰ ਜਿਹਾ ਗਿਆ ਹੋਵੇ। ਮੇਰਾ ਚਿੱਤ ਭਰ ਆਇਆ। ਨਹੀਂ ਤਾਂ ਮੈਂ ਉਸ ਦਿਨ ਦੀ ਹੀ ਕੋਸ਼ਿਸ਼ ਕਰ ਰਹੀ ਹਾਂ ਕਿ ਕੰਟ੍ਰੋਲ 'ਚ ਰਹਾਂ ਜਿੱਦਣ ਦਾ ਇਹ ਪ੍ਰੋਗਰਾਮ ਉਲੀਕਿਆ ਸੀ," ਆਖ ਕੇ ਮਨਪ੍ਰੀਤ ਨੇ ਅੱਖਾਂ ਪੂੰਝੀਆਂ ਅਤੇ ਬੋਲੀ, "ਜੀਤ, ਤੂੰ ਜਾਹ ਹਾਲ 'ਚ, ਮੈਂ ਠੀਕ ਆਂ।" ਜੀਤ ਨੂੰ ਹਾਲ ਵੱਲ ਤੋਰ ਮਨਪ੍ਰੀਤ ਸੋਫ਼ੇ 'ਤੇ ਬੈਠ ਗਈ। ਸੂਰਜ ਤੇ ਨੀਨਾ ਦੀਆਂ ਯਾਦਾਂ ਉਸ ਦੇ ਚੇਤੇ 'ਚ ਉੱਭਰ ਆਈਆਂ।ਚਾਰ-ਪੰਜ ਸਾਲ ਦੀ ਉਮਰ ਦੇ ਇੱਕਠੇ ਖੇਡ ਰਹੇ ਨੀਨਾ ਤੇ ਸੂਰਜ, ਉਸ ਨੂੰ ਲੱਗਾ, ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ। ਉਹ ਨੀਨਾ ਦੇ ਰਸੋਈ-ਖਿਡੌਣੇ ਦੁਆਲੇ ਬੈਠੇ ਸਨ। ਨੀਨਾ ਆਪਣੇ ਛੋਟੇ-ਛੋਟੇ ਖਿਡਾਉਣੇ-ਭਾਂਡੇ ਸੂਰਜ ਵੱਲ ਕਰਦੀ ਆਖਦੀ, "ਲੈ ਸੂਰਜ ਪੀਜ਼ਾ ਲੈ ਲਾ।" ਫੇਰ ਆਖਦੀ, "ਲੈ ਸੂਰਜ ਕੌਫ਼ੀ ਲੈ ਲਾ।" ਸੂਰਜ ਭਾਂਡਾ ਮੂੰਹ ਨੂੰ ਲਾ ਕੇ ਆਖਦਾ, "ਯੰਮੀ, ਯੰਮੀ।" ਮਨਪ੍ਰੀਤ ਉਨ੍ਹਾਂ ਵੱਲ ਵੇਖ-ਵੇਖ ਮੁਸਕਰਾਉਂਦੀ ਰਹੀ ਤੇ ਫਿਰ ਬੋਲੀ ਸੀ, "ਤੁਹਾਡਾ ਵਿਆਹ ਨਾ ਕਰ ਦੇਈਏ?"

"ਹਾਂ, ਕਰਦੋ," ਨੀਨਾ ਝੱਟ ਬੋਲੀ ਸੀ। ਇਹ ਸੁਣ ਮਨਪ੍ਰੀਤ ਤੇ ਨੀਨਾ ਦੀ ਮਾਂ ਹੱਸ ਪਈਆਂ ਸਨ ਪਰ ਨੀਨਾ ਦੀ ਦਾਦੀ ਬੋਲੀ ਸੀ, "ਚੁੱਪ ਕੁੜੇ, ਕੁੜੀਆਂ ਏਦਾਂ ਨੀ ਕਹਿੰਦੀਆਂ ਹੁੰਦੀਆਂ।"

ਫਿਰ ਬਾਰਾਂ-ਤੇਰਾਂ ਸਾਲਾਂ ਦੇ ਨੀਨਾ ਤੇ ਸੂਰਜ ਉਸ ਦੀਆਂ ਅੱਖਾਂ ਮੂਹਰੇ ਘੁੰਮਣ ਲੱਗੇ। ਉਹ ਸੋਫੇ 'ਤੇ ਬੈਠੇ ਟੀæਵੀæ ਵੇਖ ਰਹੇ ਸਨ ਅਤੇ ਨਾਲ-ਨਾਲ ਮੱਕੀ ਦੀਆਂ ਖਿੱਲਾਂ ਖਾਂਦੇ, ਇੱਕ-ਦੂਜੇ ਦੇ ਹੱਥੋਂ ਖੋਹਦੇਂ, ਹੱਸ-ਰੁੱਸ ਰਹੇ ਸਨ। ਇੱਕ ਟੱਕ ਉਨ੍ਹਾਂ ਵੱਲ ਵੇਖ ਰਹੀ ਮਨਪ੍ਰੀਤ ਬੋਲੀ, "ਜੇ ਤੁਹਾਡਾ ਵਿਆਹ ਹੋ ਗਿਆ, ਫੇਰ ਵੀ ਇੱਦਾਂ ਹੀ ਲੜਿਆ ਕਰੋਂਗੇ?"

"ਆਂਟੀ!" ਆਖ ਨੀਨਾ ਸ਼ਰਮਾ ਗਈ।

ਤੇ ਹਸਪਤਾਲ 'ਚ ਸੂਰਜ ਦੇ ਸਿਰ੍ਹਾਣੇ ਬੈਠੀ ਨੀਨਾ ਨੂੰ ਯਾਦ ਕਰਕੇ ਮਨਪ੍ਰੀਤ ਦੀਆਂ ਅੱਖਾਂ  ਫਿਰ ਨਮ ਹੋਣ ਲੱਗੀਆਂ। ਨੀਨਾ ਸੂਰਜ ਦੇ ਸਿਰ੍ਹਾਣੇ ਬੈਠੀ ਆਖ ਰਹੀ ਸੀ, "ਸੂਰਜ ਜਦੋਂ ਤੂੰ ਠੀਕ ਹੋ ਗਿਆ, ਵੂਈ ਵਿੱਲ ਗੋ ਟੂ ਡਿਜ਼ਨੀਲੈਂਡ । ਰੀਮੈਂਮਬਰ ਜਦੋਂ ਆਪਾਂ ਸਾਰੇ ਪਿਛਲੀ ਵਾਰ ਛੋਟੇ ਹੁੰਦੇ ਗਏ ਸੀ ਕਿੰਨਾਂ ਫੰਨ ਹੋਇਆ ਸੀ-----।" ਸੁਣ ਮਨਪ੍ਰੀਤ ਕਮਰੇ ਦੇ ਦਰਵਾਜ਼ੇ 'ਚੋਂ ਹੀ ਵਾਪਿਸ ਮੁੜ ਪਈ ਸੀ ਅਤੇ ਉਡੀਕ ਵਾਲੇ ਕਮਰੇ 'ਚ ਬੈਠ ਹੰਝੂ ਕੇਰਨ ਲੱਗੀ ਸੀ। ਵਾਰ-ਵਾਰ ਉਸ ਦੇ ਦਿਮਾਗ 'ਚ ਆ ਰਿਹਾ ਸੀ ਕਿ ਨੀਨਾ ਨੂੰ ਸੂਰਜ ਦੇ ਬਚਣ ਦੀ ਕੋਈ ਆਸ ਦਿਸਦੀ ਹੈ ਜਾਂ ਐਵੇਂ ਹੀ ਸੂਰਜ ਦਾ ਦਿਲ ਧਰਾ ਰਹੀ ਹੈ?


ਸੂਰਜ ਅਤੇ ਨੀਨਾ ਦੀਆਂ ਯਾਦਾਂ 'ਚ ਘਿਰੀ ਮਨਪ੍ਰੀਤ ਨੂੰ ਆਪਣੀ ਛੋਟੀ ਭੈਣ ਦੀ ਆਵਾਜ਼ ਸੁਣੀ। ਉਹ ਡ੍ਰੈਸਿੰਗ-ਰੂਮ 'ਚ ਵੜ੍ਹਦੀ ਆਖ ਰਹੀ ਸੀ, "ਦੀਦੀ ਤੁਸੀਂ ਇੱਥੇ ਬੈਠੇ ਆਂ, ਮੈਂ ਤੁਹਾਨੂੰ ਓਧਰ ਸਾਰੇ ਲੱਭਦੀ ਫਿਰਦੀ ਆਂ।"

ਮਨਪ੍ਰੀਤ ਦੀਆਂ ਅੱਖਾਂ 'ਚੋਂ ਵਹਿੰਦੇ ਪਰਲ-ਪਰਲ ਹੰਝੂਆਂ ਨੂੰ ਵੇਖ ਉਸ ਪੁੱਛਿਆ, "ਕੀ ਹੋਇਐ ਦੀਦੀ?"

"ਕੁਝ ਨਹੀਂ, ਬਸ ਐਵੇਂ ਹੀ ਮਨ ਭਰ ਆਇਆ।"

ਭੈਣ ਨੇ ਮਨਪ੍ਰੀਤ ਨੂੰ ਜੱਫ਼ੀ 'ਚ ਲੈ ਲਿਆ।

"ਮੈਨੂੰ ਪਤੈ ਕਿ ਇਹ ਬਹੁਤ ਔਖੈ। ਸੂਰਜ ਨੂੰ ਤਾਂ ਬਾਹਰਲੇ ਨਹੀਂ ਭੁਲਾ ਸਕੇ ਹਾਲੇ, ਤੁਸੀਂ ਤਾਂ ਫਿਰ ਮਾਂ ਓ। ਪਰ ਤੁਹਾਨੂੰ ਦਿਲ ਕਰੜਾ ਕਰਨਾ ਪੈਣਂੈ। ਬਾਹਰ ਹਾਲ ਤਕਰੀਬਨ ਭਰ ਗਿਆ ਹੈ। ਉੱਠੋ ਤੇ ਮੂੰਹ ਧੋਵੋ, ਬਹਾਰ ਚੱਲੀਏ। ਬਾਹਰ ਲੋਕ ਤੁਹਾਡੇ ਬਾਰੇ ਪੁੱਛ ਰਹੇ ਹਨ ਕਿ ਕਿੱਥੇ ਹੈ।"

"ਹਾਂ, ਮੈਂ ਉੱਠਦੀ ਹਾਂ," ਆਖ ਮਨਪ੍ਰੀਤ ਉੱਠੀ। ਭੈਣ ਉਸ ਦਾ ਮੂੰਹ-ਹੱਥ ਧਵਾ-ਸੰਵਾਰ ਕੇ ਉਸ ਨੂੰ ਆਪਣੇ ਨਾਲ ਹਾਲ ਵਿੱਚ ਲੈ ਗਈ।

ਹਾਲ ਵਿੱਚ ਲੋਕ ਗੋਲ ਮੇਜ਼ਾਂ ਦੇ ਦੁਆਲੇ ਬੈਠੇ ਚਾਹ-ਪਾਣੀ ਪੀ ਰਹੇ ਸਨ। ਬਹਿਰੇ ਚਾਹ ਅਤੇ ਪਕੌੜੇ ਵਾਲੀਆਂ ਪਲੇਟਾਂ ਚੁੱਕੀ ਹਾਲ ਵਿੱਚ ਘੁੰਮ ਰਹੇ ਸਨ। ਮਨਪ੍ਰੀਤ ਅਤੇ ਉਸ ਦੀ ਭੈਣ ਮੂਹਰਲੇ ਮੇਜ਼ ਦੁਆਲੇ ਬੈਠ ਗਈਆਂ। ਸਟੇਜ ਉੱਪਰ ਅੰਗ੍ਰੇਜ਼ੀ 'ਚ ਲਿਖਿਆ 'ਸੂਰਜ ਫਾਊਂਡੇਸ਼ਨ' ਦਾ ਬੈਨਰ ਲਟਕ ਰਿਹਾ ਸੀ, ਜਿਸ ਦੇ ਵਿਚਕਾਰ ਉਦੇ ਹੋ ਰਹੇ ਸੂਰਜ ਦਾ ਚਿੱਤਰ ਬਣਿਆ ਹੋਇਆ ਸੀ। ਸਟੇਜ ਦੇ ਇੱਕ ਪਾਸੇ ਪੋਡੀਅਮ ਸੀ। ਜਿਸ ਉੱਪਰ 'ਫਸਟ ਐਨੁਅਲ ਸੂਰਜ ਮੈਮੋਰੀਅਲ ਫੰਡ ਰੇਜ਼ਿੰਗ ਡਿਨਰ ਐਂਡ ਡਾਂਸ' ਲਿਖਿਆ ਹੋਇਆ ਸੀ। ਸਟੇਜ ਦੇ ਦੂਸਰੇ ਸਿਰੇ ਉੱਪਰ ਭੰਗੜਾ ਪਾ ਰਹੇ ਸੂਰਜ ਦੀ 36×24 ਸਾਈਜ਼ ਦੀ ਤਸਵੀਰ ਸਟੈਂਡ ਉੱਪਰ ਟਿਕਾਈ ਹੋਈ ਸੀ, ਜਿਸ ਉੱਤੇ ਰੋਸ਼ਨੀ ਪੈ ਰਹੀ ਸੀ ਅਤੇ ਨਾਲ ਹੀ ਇੱਕ ਢੋਲ ਪਿਆ ਸੀ।

"ਹਾਏ ਮਨਪ੍ਰੀਟ," ਮਨਪ੍ਰੀਤ ਦੇ ਸਾਹਮਣੇ ਸੂਰਜ ਦੇ ਪਹਿਲੇ ਗ੍ਰੇਡ ਵਾਲੀ ਅਧਿਆਪਕਾ ਖੜ੍ਹੀ ਸੀ।

"ਹੈਲੋ, ਮਿਸਿਜ਼ ਨੌਰਟਨ, ਇੱਥੇ ਆਉਣ ਲਈ ਧੰਨਵਾਦ," ਆਖਦੀ ਮਨਪ੍ਰੀਤ ਨੇ ਖੜ੍ਹੀ ਹੋ ਕੇ ਉਸ ਨਾਲ ਹੱਥ ਮਿਲਾਇਆ।

"ਇਹ ਤਾਂ ਮੇਰੀ ਖੁਸ਼ੀ ਹੈ, ਸੂਰਜ ਕਿੰਨਾਂ ਪਿਆਰਾ ਬੱਚਾ ਸੀ।--ਤੇ ਤੂੰ ਵੀ ਕਿੰਨੀ ਪਿਆਰੀ ਹੈਂ, ਤੇਰੀਆਂ ਕੁੱਕੀਆਂ ਅਸੀਂ ਹਾਲੇ ਤੱਕ ਯਾਦ ਕਰਦੇ ਹਾਂ।"

ਸਟੇਜ ਉੱਪਰ ਸੈਕਟਰੀ ਮਾਈਕ ਮੂਹਰੇ ਆ ਖਲੋਤਾ ਅਤੇ ਉਹ ਆਪਣੀ-ਆਪਣੀ ਸੀਟ 'ਤੇ ਬੈਠ ਗਈਆਂ।

ਮਨਪ੍ਰੀਤ ਸੂਰਜ ਦੇ ਕਿੰਡਰਗਾਰਟਨ ਵੇਲੇ ਸਕੂਲ 'ਚ ਇੱਕ ਦਿਨ ਸਾਰੀ ਜਮਾਤ ਲਈ ਕੁੱਕੀਆਂ ਬਣਾ ਕੇ ਲੈ ਗਈ ਸੀ। ਬੱਚੇ ਬਹੁਤ ਖੁਸ਼ ਹੋਏ ਸਨ। ਫਿਰ ਉਹ ਮਹੀਨੇ-ਖੰਡ ਬਾਅਦ ਕੁੱਕੀਆਂ ਬਣਾ ਕੇ ਲੈ ਜਾਂਦੀ। ਇਹ ਸਿਲਸਲਾ ਉਦੋਂ ਤੱਕ ਚੱਲਦਾ ਰਿਹਾ ਸੀ ਜਦ ਤੱਕ ਸੂਰਜ ਹਾਈ ਸਕੂਲ 'ਚ ਨਹੀਂ ਸੀ ਚਲਾ ਗਿਆ। ਕਦੇ-ਕਦੇ ਉਹ ਬੱਚਿਆਂ ਲਈ ਲਾਇਬ੍ਰੇਰੀ ਦੀਆਂ ਕਿਤਾਬਾਂ ਪਾਉਣ ਲਈ ਛੋਟੇ-ਛੋਟੇ ਬੈਗ ਸਿਓਂ ਕੇ ਦੇ ਦਿੰਦੀ। ਸਕੂਲ ਦੇ ਅਧਿਆਪਕਾਂ ਨਾਲ ਮਨਪ੍ਰੀਤ ਦੀ ਐਨੀ ਨੇੜਤਾ ਹੋ ਗਈ ਸੀ ਕਿ ਸੂਰਜ ਭਾਵੇਂ  ਉਸ ਸਕੂਲ 'ਚ  ਨਹੀਂ ਸੀ ਜਾਂਦਾ ਪਰ ਅਧਿਆਪਕ ਹੁਣ ਤੱਕ ਬੈਗ ਸਿਉਣ ਲਈ ਮਨਪ੍ਰੀਤ ਨੂੰ ਸੁਨੇਹਾ ਭੇਜ ਦਿੰਦੇ।

ਪੋਡੀਅਮ ਪਿੱਛੇ ਖੜ੍ਹਾ ਸਟੇਜ ਸੈਕਟਰੀ ਦੱਸ ਰਿਹਾ ਸੀ __  "ਅੱਜ ਦਾ ਇੱਕਠਾ ਹੋਇਆ ਸਾਰਾ ਫੰਡ ਸੂਰਜ ਫਾਊਂਡੇਸ਼ਨ ਵੱਲੋਂ ਇੰਡੀਆ ਵਿੱਚ ਬੇਸਹਾਰਾ ਬੱਚਿਆਂ ਦੇ ਰਹਿਣ-ਸਹਿਣ ਅਤੇ ਸਕੂਲ ਲਈ ਥਾਂ ਖ੍ਰੀਦਣ ਲਈ ਵਰਤਿਆ ਜਾਵੇਗਾ।___ ਅਸੀਂ ਚਾਹੁੰਦੇ ਹਾਂ ਕਿ ਭੰਗੜੇ ਦੀਆਂ ਆਈਟਮਾਂ ਅਤੇ ਕੁਝ ਮਹਿਮਾਨਾਂ ਦੇ ਭਾਸ਼ਣਾਂ ਦੌਰਾਨ ਹਾਲ ਵਿੱਚ ਮੁਕੰਮਲ ਸ਼ਾਂਤੀ ਹੋਵੇ। ਉਸ ਤੋਂ ਬਾਅਦ ਸਾਰਾ ਸਮਾਂ ਖਾਣ-ਪੀਣ, ਨੱਚਣ-ਟੱਪਣ ਅਤੇ ਗੱਪਾਂ ਮਾਰਨ ਲਈ ਹੋਵੇਗਾ।"

ਮਨਪ੍ਰੀਤ ਦੀ ਨਿਗ੍ਹਾ ਸੂਰਜ ਦੀ ਫੋਟੋ ਨਾਲ ਪਏ ਢੋਲ ਉੱਪਰ ਟਿਕੀ ਹੋਈ ਸੀ। ਇਹ ਢੋਲ ਸੂਰਜ ਨੂੰ ਉਸ ਦੇ ਚੌਧਵੇਂ ਜਨਮ-ਦਿਨ 'ਤੇ ਜੀਤ ਨੇ ਲਿਆ ਕੇ ਦਿੱਤਾ ਸੀ। ਜੀਤ ਨੇ ਇਹ ਇੰਡੀਆ ਤੋਂ ਸਪੈਸ਼ਲ ਤੌਰ 'ਤੇ ਮੰਗਵਾਇਆ ਸੀ। ਜਿਸ ਚਾਅ ਨਾਲ ਜੀਤ ਨੇ ਢੋਲ ਸੂਰਜ ਨੂੰ ਦਿੱਤਾ ਸੀ, ਉਸੇ ਤਰ੍ਹਾਂ ਦਾ ਚਾਅ ਸੂਰਜ ਨੂੰ ਹੋਇਆ ਸੀ ਜਦ ਉਸ ਨੇ ਆਪਣਾ ਢੋਲ ਵੇਖਿਆ ਸੀ। ਢੋਲ ਤਾਂ ਉਹ ਸੱਤ ਸਾਲ ਦੀ ਉਮਰ 'ਚ ਹੀ ਵਜਾਉਣ ਲੱਗ ਪਿਆ ਸੀ ਪਰ ਇਹ ਉਸ ਦਾ ਪੂਰੇ ਸਾਈਜ਼ ਦਾ ਪਹਿਲਾ ਢੋਲ ਸੀ। ਜਿਸ ਦਿਨ ਦਾ ਸੂਰਜ ਨੂੰ ਇਹ ਢੋਲ ਮਿਲਿਆ ਸੀ, ਉਹ ਸਕੂਲ ਤੋਂ ਆ ਕੇ ਬੇਸਮੈਂਟ 'ਚ ਚਲਿਆ ਜਾਂਦਾ ਅਤੇ ਢੋਲ ਵਜਾਉਂਦਾ। ਪਹਿਲਾਂ ਜੀਤ ਤੇ ਸੂਰਜ ਵੀਕਐਂਡ 'ਤੇ ਹੀ ਕਮਿਊਨਿਟੀ ਸੈਂਟਰ 'ਚ ਜਾ ਕੇ ਢੋਲ ਵਜਾਉਂਦੇ ਸਨ। ਉਹ ਬਾਕੀ ਭੰਗੜਾ ਟੀਮ ਨਾਲੋਂ ਪਹਿਲਾਂ ਪਹੁੰਚ ਜਾਂਦੇ ਅਤੇ ਪ੍ਰੈਕਟਿਸ ਕਰਦੇ ਰਹਿੰਦੇ।

ਮਨਪ੍ਰੀਤ ਦੇ ਚੇਤੇ 'ਚ ਉਹ ਦਿਨ ਘੁੰਮਿਆ, ਜਿਸ ਦਿਨ ਉਹ ਕੰਮ ਤੋਂ ਹੀ ਕਿਸੇ ਗੱਲੋਂ ਗੁੱਸੇ ਦੇ ਮੂਡ 'ਚ ਘਰ ਪਹੁੰਚੀ ਸੀ। ਉਸ ਦੇ ਤੌਰ ਵੇਖ ਸੂਰਜ ਬੋਲਿਆ ਸੀ, "ਮੰਮ ਆਓ ਤੁਹਾਨੂੰ ਢੋਲ ਵਜਾਉਣਾ ਸਿਖਾਵਾਂ, ਫੇਰ ਵੇਖਿਓ ਤੁਹਾਡਾ ਗੁੱਸਾ ਕਿੱਧਰ ਜਾਂਦਾ। ਸਭ ਕੁਝ ਭੁੱਲ ਜਾਓਂਗੇ।"

ਅੱਗੋਂ ਮਨਪ੍ਰੀਤ ਉਸ 'ਤੇ ਹੀ ਵਰ੍ਹ ਗਈ ਸੀ, "ਥੋਨੂੰ ਪਿਓ-ਪੁੱਤਾਂ ਨੂੰ ਢੋਲ ਤੋਂ ਬਿਨਾਂ ਵੀ ਕਿਸੇ ਗੱਲ ਦਾ ਫਿਕਰ ਹੁੰਦੈ? ਪਹਿਲਾਂ ਵੀਕਐਂਡ ਤੇ ਨਿਕਲ ਜਾਂਦੇ ਸੀ ਦੋਹੇਂ, ਹੁਣ ਵੀਕਡੇਜ਼ 'ਚ ਵੀ ਲੱਗ ਜਾਨੇ ਆਂ। ਮੰਮ ਕਰਦੀ ਰਹੇ ਸਾਰਾ ਕੁਝ ਇੱਕਲੀ।" ਇਹ ਸੁਣ ਕੇ ਸੂਰਜ ਚੁੱਪ ਕਰਕੇ ਆਪਣੇ ਕਮਰੇ ਵਿੱਚ ਵੜ ਗਿਆ। ਰਾਤ ਨੂੰ ਰੋਟੀ ਤੋਂ ਬਆਦ ਉਹ ਭਾਂਡੇ ਧੋਣ ਲੱਗ ਪਿਆ ਸੀ। ਮਨਪ੍ਰੀਤ ਦਾ ਗੁੱਸਾ ਢਲੇ ਤੋਂ ਉਹ ਬੋਲਿਆ, "ਆਈ ਐਮ ਸੌਰੀ ਮੰਮ। ਮੇਰਾ ਕਦੇ ਇੱਧਰ ਧਿਆਨ ਹੀ ਨਹੀਂ ਗਿਆ ਕਿ ਮੈਂ ਤੇ ਡੈਡ ਤੁਹਾਡੇ ਨਾਲ ਬਿਲਕੁਲ ਵੀ ਟਾਈਮ ਸਪੈਂਡ ਨਹੀਂ ਕਰਦੇ। ਯੂ ਨੋ ਵੱਟ ਮੰਮ, ਹੇਅਰ ਇਜ਼ ਆ ਡੀਲ -ਮੈਂ ਤੇ ਡੈਡ ਤੁਹਾਡੇ ਨਾਲ ਘਰ ਦਾ ਕੰਮ ਕਰਵਾਇਆ ਕਰਾਂਗੇ ਤੇ ਤੁਸੀਂ ਸਾਡੇ ਨਾਲ ਭੰਗੜੇ ਦੀ ਟੀਮ ਜੁਆਇਨ ਕਰਿਓ। ਫੇਰ ਆਪਾਂ ਸਾਰੇ ਬਹੁਤ ਟਾਈਮ ਇੱਕਠੇ ਰਿਹਾ ਕਰਾਂਗੇ।"

ਮਨਪ੍ਰੀਤ ਨੇ ਡੀਲ ਸਵੀਕਾਰ ਕਰਦਿਆਂ ਕਿਹਾ, "ਚੱਲ ਮੈਨੂੰ ਭੰਗੜਾ ਪਾਉਣਾ ਸਿਖਾ ਦਿਓ।" "ਭੰਗੜਾ ਤਾਂ ਤੂੰ ਪਾ ਹੀ ਲੈਨੀ ਐਂ, ਇਹ ਤਾਂ ਪੰਜਾਬੀਆਂ ਦੇ ਖੂਨ 'ਚ ਹੀ ਹੈ। ਤੈਨੂੰ ਢੋਲ ਵਜਾਉਣਾ ਸਿਖਾਵਾਂਗੇ, ਜੇ ਢੋਲ ਵਾਲਾ ਹੋਵੇਗਾ ਤਾਂ ਉਹ ਕਿਤੇ ਵੀ ਭੰਗੜੇ ਦੀ ਟੀਮ ਬਣਾ ਸਕਦੈ, ਨਾਲੇ ਢੋਲ ਵਜਾਉਣਾ ਤਾਂ ਇੱਕ ਕਿਸਮ ਦੀ ਮੈਡੀਟੇਸ਼ਨ ਹੈ, ਢੋਲ ਭੰਗੜੇ ਦਾ ਮੁੱਢ ਹੈ," ਜੀਤ ਦਾ ਤਰਕ ਸੀ।

ਜੀਤ ਤੇ ਸੂਰਜ ਮਨਪ੍ਰੀਤ ਨੂੰ ਢੋਲ ਵਜਾਉਣਾ ਸਿਖਾਉਣ ਲੱਗੇ। ਪਹਿਲਾਂ-ਪਹਿਲਾਂ ਤਾਂ ਉਹ ਗਲ਼ ਪਿਆ ਹੀ ਵਜਾਉਂਦੀ ਸੀ ਪਰ ਬਾਅਦ ਵਿੱਚ ਉਸ ਨੂੰ ਇਸ ਕੰਮ ਵਿੱਚੋਂ ਆਨੰਦ ਆਉਣ ਲੱਗ ਪਿਆ। ਉਨ੍ਹਾਂ ਦੇ ਗ੍ਰੁੱਪ ਵਿੱਚ ਕੁੜੀਆਂ ਦੀ ਇੱਕ ਭੰਗੜਾ ਟੀਮ ਵੀ ਬਣ ਗਈ। ਉਹ ਤਿੰਨੇ ਢੋਲ ਵਜਾਉਂਦੇ। ਮਨਪ੍ਰੀਤ ਕੁੜੀਆਂ ਦੀ ਟੀਮ ਲਈ, ਸੂਰਜ ਬੱਚਿਆਂ ਦੀ ਟੀਮ ਲਈ ਅਤੇ ਜੀਤ ਮੁੰਡਿਆਂ ਦੀ ਟੀਮ ਲਈ। ਸਾਰਾ ਕੁਝ ਵਧੀਆ ਚੱਲ ਰਿਹਾ ਸੀ।

ਸਟੇਜ ਤੋਂ ਸੈਕਟਰੀ ਦੇ ਬੋਲ ਮਨਪ੍ਰੀਤ ਦੇ ਕੰਨੀਂ ਪਏ। ਉਹ ਆਖ ਰਿਹਾ ਸੀ, "ਇਸ ਵਾਰ ਮੁੰਡਿਆਂ ਅਤੇ ਬੱਚਿਆਂ ਦੀਆਂ ਭੰਗੜੇ ਦੀਆਂ ਟੀਮਾਂ ਹੀ ਤੁਹਾਡੇ ਸਾਹਮਣੇ ਪੇਸ਼ ਹੋਣਗੀਆਂ। ਉਮੀਦ ਹੈ ਇਸ ਸਦਮੇ 'ਚੋਂ ਨਿਕਲ ਕੇ ਅਗਲੇ ਸਾਲ ਤੱਕ ਸਾਡੇ ਭੈਣ ਜੀ ਮਨਪ੍ਰੀਤ ਕੁੜੀਆਂ ਦੀ ਟੀਮ ਵੀ ਤਿਆਰ ਕਰ ਲੈਣਗੇ-----
'ਮੈਂ ਕਿੱਥੋਂ ਤਿਆਰ ਕਰ ਲਊਂ ਹੁਣ? ਸਾਰਾ ਕੁਝ ਸੂਰਜ ਨਾਲ ਹੀ ਸੀ, ਹੁਣ ਤਾਂ ਜਿਵੇਂ ਨਾਚ-ਗਾਣੇ ਨੂੰ ਵੱਢੀ ਰੂਹ ਨਹੀਂ ਕਰਦੀ।' ਮਨਪ੍ਰੀਤ ਨੇ ਇੱਕ ਲੰਮਾ ਹਾਉਕਾ ਲਿਆ ਅਤੇ ਜੀਤ ਵੱਲ ਵੇਖਿਆ। ਸਟੇਜ ਦੇ ਮੂਹਰੇ ਭੰਗੜੇ ਵਾਸਤੇ ਰੱਖੀ ਥਾਂ 'ਚ ਖੜ੍ਹੇ ਜੀਤ ਨੇ ਢੋਲ ਉੱਪਰ ਡਗਾ ਲਾਇਆ। ਭੰਗੜਾ ਟੀਮ ਤਿਆਰ-ਬਰ-ਤਿਆਰ ਖੜ੍ਹੀ  ਸੀ। ਢੋਲ ਵੱਜਣ ਲੱਗਾ, ਭੰਗੜਾ ਸ਼ੁਰੂ ਹੋ ਗਿਆ। ਢੋਲ ਦੀ ਆਵਾਜ਼ ਮਨਪ੍ਰੀਤ ਨੂੰ ਕੰਨ ਪਾੜਵੀਂ ਮਹਿਸੂਸ ਹੋਈ। ਉਸ ਨੂੰ ਲੱਗਾ ਜਿਵੇਂ ਢੋਲ ਰੁਦਨ ਕਰ ਰਿਹਾ ਹੋਵੇ। ਹਾਲ ਵਿੱਚ ਤਾੜੀਆਂ ਵੱਜੀਆਂ।'ਇਹਨਾਂ ਲੋਕਾਂ ਨੂੰ ਕਾਹਦੀ ਖੁਸ਼ੀ ਚੜ੍ਹੀ ਹੋਈ ਹੈ?' ਉਸ ਸੋਚਿਆ। ਫਿਰ ਢੋਲ ਵਜਾ ਰਹੇ ਜੀਤ ਵੱਲ ਉਸ ਦੀ ਨਿਗ੍ਹਾ ਗਈ। ਉਹ ਮਸਤ ਹੋਇਆ ਢੋਲ ਵਜਾ ਰਿਹਾ ਸੀ।'ਕਿਤੇ ਇਸ ਦਾ ਦਿਮਾਗ ਤਾਂ ਨਹੀਂ ਹਿੱਲ ਗਿਆ'। ਉਸ ਨੂੰ ਗੁਆਂਢਣ ਆਂਟੀ ਦਾ ਕਿਹਾ ਯਾਦ ਆਇਆ।

ਹਾਲੇ ਸੂਰਜ ਪੂਰੇ ਹੋਏ ਨੂੰ ਮਹੀਨਾ ਵੀ ਨਹੀਂ ਸੀ ਹੋਇਆ ਕਿ ਜੀਤ ਬੇਸਮੈਂਟ 'ਚ ਜਾ ਕੇ ਢੋਲ ਵਜਾਉਣ ਲੱਗਾ ਸੀ। ਜਦ ਉਹ ਬਹੁਤ ਦੇਰ ਢੋਲ ਵਜਾਉਂਦਾ ਰਿਹਾ ਸੀ ਤਾਂ ਮਨਪ੍ਰੀਤ ਦਾ ਚਿੱਤ ਕਾਹਲਾ ਪੈਣ ਲੱਗਿਆ। ਜੀਤ ਨੂੰ ਰੋਕਣ ਲਈ ਜਦ ਉਹ ਬੇਸਮੈਂਟ 'ਚ ਗਈ ਤਾਂ ਉਸ ਵੱਲ ਵੇਖ ਕੇ ਮਨਪ੍ਰੀਤ ਦਾ ਮਨ ਕੁਰਲਾ ਉੱਠਿਆ। ਸਾਰਿਆਂ ਨੂੰ ਹੌਸਲੇ 'ਚ ਰਹਿਣ ਲਈ ਪ੍ਰੇਰਨ ਵਾਲੇ ਜੀਤ ਦੀਆਂ ਅੱਖਾਂ 'ਚੋਂ ਪਰਲ-ਪਰਲ ਹੰਝੂ ਕਿਰ ਰਹੇ ਸਨ। ਮਨਪ੍ਰੀਤ ਨੇ ਉਸ ਨੂੰ ਪਿੱਛੋਂ ਜਾ ਕੇ ਬਾਹਾਂ 'ਚ ਭਰ ਲਿਆ। ਪਰ ਉਹ ਉਦੋਂ ਤੱਕ ਢੋਲ ਵਜਾਉਂਦਾ ਰਿਹਾ ਸੀ, ਜਦ ਤੱਕ ਮਨਪ੍ਰੀਤ ਨੇ ਉਸ ਦੇ ਹੱਥੋਂ ਡਗਾ ਅਤੇ ਤੀਲੀ ਨਹੀਂ ਸੀ ਫੜ ਲਏ। ਉਸ ਦਿਨ ਤੋਂ ਬਾਅਦ ਮਨਪ੍ਰੀਤ ਨੇ ਕਦੇ ਜੀਤ ਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਵੇਖੇ। ਪਰ ਮਨਪ੍ਰੀਤ ਦੀਆਂ ਆਪਣੀਆਂ ਅੱਖਾਂ 'ਚੋਂ ਇਹ ਮੁੱਕਣ 'ਚ ਨਹੀਂ ਸੀ ਆ ਰਹੇ। ਜੀਤ ਉਸ ਨੂੰ ਆਖਦਾ, "ਜਦ ਸੂਰਜ ਦੀ ਯਾਦ ਤੜਫਾਉਣ ਲੱਗੇ ਤਾਂ ਢੋਲ ਵਜਾਉਣ ਲੱਗ ਜਾਇਆ ਕਰ, ਮੇਰੇ ਵਾਂਗ। ਜਦ ਮੈਂ ਢੋਲ ਵਜਾਉਨੈ ਤਾਂ ਲੱਗਦੈ ਜਿਵੇਂ ਸੂਰਜ ਨਾਲ ਗੱਲਾਂ ਕਰ ਰਿਹਾ ਹੋਵਾਂ।"

ਤੇ ਹਰ ਸ਼ਾਮ ਉਹ ਸੂਰਜ ਨਾਲ ਇਸੇ ਤਰ੍ਹਾਂ ਗੱਲਾਂ ਕਰਦਾ। ਇਹ ਸ਼ਾਮ ਦਾ ਉਹ ਵੇਲਾ ਹੁੰਦਾ, ਜਦੋਂ ਉਹ ਸੂਰਜ ਨਾਲ ਪੰਜਾ ਲੜਾਉਂਦਾ ਹੁੰਦਾ ਸੀ। ਪਹਿਲੇ ਕਈ ਦਿਨ ਤਾਂ ਉਹ ਇਸ ਵੇਲੇ ਐਵੇਂ ਹੀ ਇੱਕ ਕਮਰੇ 'ਚੋਂ ਦੂਜੇ ਕਮਰੇ 'ਚ ਤੁਰਿਆ ਫਿਰਦਾ। ਫਿਰ ਇੱਕ ਦਿਨ ਜਾ ਕੇ ਢੋਲ ਵਜਾਉਣ ਲੱਗ ਪਿਆ ਸੀ। ਦੂਜੇ ਦਿਨ ਮਨਪ੍ਰੀਤ ਨੂੰ ਮਿਲੀ ਗਵਾਂਢਣ ਆਂਟੀ ਕਹਿੰਦੀ, "ਕੁੜੇ ਹਾਲੇ ਤਾਂ ਮੁੰਡੇ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਇਹ ਢੋਲ ਵਜਾਉਣ ਲੱਗ ਪਿਐ। ਕਿਤੇ ਏਹਦਾ ਦਿਮਾਗ ਤਾਂ ਨਹੀਂ ਹਿੱਲ ਗਿਆ"?

ਮਨਪ੍ਰੀਤ ਨੇ ਆਪਣੀ ਨਿਗ੍ਹਾ ਢੋਲ ਵਜਾ ਰਹੇ ਜੀਤ 'ਤੇ ਗੱਡੀ ਹੋਈ ਸੀ। ਉਸ ਨੇ ਧਿਆਨ ਨਾਲ ਜੀਤ ਦੀਆਂ ਮੀਚੀਆਂ ਅੱਖਾਂ ਵੱਲ ਵੇਖਿਆ। ਉੱਥੇ ਕੋਈ ਤਰਲ ਨਹੀਂ ਸੀ। ਮਨਪ੍ਰੀਤ ਦਾ ਮਨ ਹੌਲੀ-ਹੌਲੀ ਸ਼ਾਂਤ ਹੋਣ ਲੱਗਾ ਜਿਵੇਂ ਉਹ ਜੀਤ ਰਾਹੀਂ ਸੂਰਜ ਨਾਲ ਗੱਲਾਂ ਕਰ ਰਹੀ ਹੋਵੇ। ਉਸ ਨੇ ਭੰਗੜਾ ਪਾਉਂਦੇ ਸੂਰਜ ਦੀ ਤਸਵੀਰ ਵੱਲ ਵੇਖਿਆ। ਤਸਵੀਰ ਤੋਂ ਹੁੰਦੀ ਹੋਈ ਉਸ ਦੀ ਨਿਗ੍ਹਾ ਭੰਗੜਾ ਪਾ ਰਹੇ ਮੁੰਡਿਆਂ 'ਤੇ ਚਲੀ ਗਈ। ਇੱਕ ਮੁੰਡੇ ਦੀ ਪਿੱਠ 'ਤੇ ਉਸ ਦੀ ਨਿਗ੍ਹਾ ਅਟਕ ਗਈ, ਜਿਵੇਂ ਉਹ ਸੂਰਜ ਹੋਵੇ। ਉਹੀ ਕੱਦ-ਕਾਠ। ਮੁੰਡੇ ਨੇ ਛਾਲ ਮਾਰ ਕੇ ਆਪਣੇ ਸਾਥੀ ਦੇ ਲੱਕ ਨੂੰ ਕੈਚੀਂ ਪਾ ਲਈ ਅਤੇ ਭੰਗੜਾ ਪਾਉਣ ਲੱਗਾ। ਹਾਲ ਵਿੱਚ ਫਿਰ ਤਾੜੀਆਂ ਗੂੰਜੀਆਂ। ਮਨਪ੍ਰੀਤ ਨੇ  ਹੱਥਾਂ 'ਚ ਹਰਕਤ ਮਹਿਸੂਸ ਕੀਤੀ। ਪਰ ਉਸ ਤੋਂ ਤਾੜੀ ਨਾ ਵੱਜੀ। ਭੰਗੜਾ ਟੀਮ ਹਾਲ ਦੇ ਇੱਕ ਪਾਸੇ ਵੱਲ ਵਧਣ ਲੱਗੀ, ਜਿਸ ਪਾਸੇ ਬਾਹਰ ਨਿਕਲਣ ਦਾ ਰਸਤਾ ਸੀ। ਦੂਸਰੇ ਪਾਸਿਓਂ ਛੋਟੇ-ਛੋਟੇ ਬੱਚੇ ਕੁਰਤੇ-ਚਾਦਰਿਆਂ 'ਚ ਸਜੇ ਸਟੇਜ ਵੱਲ ਵਧਣ ਲੱਗੇ। ਢੋਲ ਬੰਦ ਹੋ ਗਿਆ ਅਤੇ ਉੱਚੀ ਆਵਾਜ਼ ਵਿੱਚ ਗੀਤ ਵੱਜਣ ਲੱਗਾ___ 'ਢੋਲਾ ਵੇ ਢੋਲਾ, ਸੁਣ ਢੋਲਾ, ਆਜਾ ਦੋਨੋ ਨੱਚੀਏ ਸੁਣ ਢੋਲਾ----

ਮਨਪ੍ਰੀਤ ਨੇ ਸੂਰਜ ਦੀ ਤਸਵੀਰ ਵੱਲ ਵੇਖਿਆ ਤੇ ਫੇਰ ਢੋਲ ਵੱਲ। ਉਸ ਦੇ ਚੇਤਿਆਂ 'ਚ ਪੰਜ ਕੁ ਸਾਲ ਦਾ ਸੂਰਜ ਭੰਗੜਾ ਪਾਉਣ ਲੱਗਾ। ਇਹੀ ਗੀਤ ਵੱਜ ਰਿਹਾ ਸੀ ਅਤੇ ਸੂਰਜ ਢੋਲ ਵੱਲ ਹੱਥ ਕਰ-ਕਰ ਨੱਚ ਅਤੇ ਗਾ ਰਿਹਾ ਸੀ। ਮੋਹਿਤ ਹੋਈ ਮਨਪ੍ਰੀਤ ਉਸ ਵੱਲ ਵੇਖਦੀ ਮੰਦ-ਮੰਦ ਮੁਸਕਰਾਉਂਦੀ ਰਹੀ। ਗੀਤ ਮੁੱਕੇ ਤੋਂ ਉਹ ਬੋਲੀ, "ਵੇ ਕਮਲਿਆ ਇਹ 'ਢੋਲ' ਘਰਵਾਲੇ ਨੂੰ ਕਹਿੰਦੇ ਆ, ਤੂੰ ਢੋਲ ਵੱਲ ਇਸ਼ਾਰੇ ਕਰੀ ਜਾਨੈਂ।" ਇਸੇ ਗੱਲ ਨੂੰ ਲੈ ਕੇ ਉਹ ਸੂਰਜ ਨੂੰ ਹੁਣ ਤੱਕ ਛੇੜਦੀ ਆਖਦੀ ਸੀ, "ਸੂਰਜ ਤੇਰਾ ਢੋਲ ਤੇਰੇ ਨਾਲ ਨੱਚਣ ਲੱਗੈ ਹਾਲੇ ਕਿ ਨਹੀਂ?" ਤੇ ਸੂਰਜ 'ਮੰਅਅਮ' ਆਖ ਸ਼ਰਮਾ ਜਾਂਦਾ।

ਮਨਪ੍ਰੀਤ ਨੇ ਇੱਕ ਲੰਮਾ ਹਾਉਕਾ ਲਿਆ ਅਤੇ ਭੰਗੜਾ ਪਾ ਰਹੇ ਬੱਚਿਆਂ ਵੱਲ ਵੇਖਣ ਲੱਗੀ।

ਹਾਲ ਵਿੱਚ ਭੰਗੜੇ ਤੋਂ ਬਾਅਦ ਭਾਸ਼ਣ ਸ਼ੁਰੂ ਹੋ ਗਏ ਸਨ। ਸਟੇਜ 'ਤੇ ਖੜ੍ਹੀ ਨੀਨਾ ਬੋਲ ਰਹੀ ਸੀ, "ਸਭ ਤੋਂ ਪਹਿਲਾਂ ਮੈਂ ਸੌਰੀ ਮੰਗਦੀ ਆਂ ਕਿ ਮੇਰੀ ਸਪੀਚ ਇੰਗਲਿਸ਼ 'ਚ ਹੋਵੇਗੀ---

ਨੀਨਾ ਆਖ ਰਹੀ ਸੀ, "ਦੋ ਕੁ ਸਾਲ ਪਹਿਲਾਂ ਜਦ ਸੂਰਜ ਇੰਡੀਆ ਗਿਆ ਸੀ, ਉਹ ਉਸ ਦੀ ਆਪਣੀ ਸੁਰਤ 'ਚ ਪਹਿਲੀ ਫੇਰੀ ਸੀ ਇੰਡੀਆ ਦੀ। ਉਹ ਵਾਪਸ ਆ ਕੇ ਅਕਸਰ ਉੱਥੋਂ ਦੇ ਛੋਟੇ-ਛੋਟੇ ਬੱਚਿਆਂ ਦਾ ਜ਼ਿਕਰ ਕਰਦਾ, ਜਿਹੜੇ ਲੋਕਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਬਾਰੇ ਗੱਲ ਕਰਦਾ ਸੂਰਜ ਉਦਾਸ ਹੋ ਜਾਂਦਾ। ਉਹ ਉਨ੍ਹਾਂ ਲਈ ਕੁਝ ਕਰਨਾ ਚਾਹੁੰਦਾ ਸੀ।  ਜਿਹੜਾ ਕੰਮ ਸੂਰਜ ਪਿਛਲੇ ਸਾਲ ਸ਼ੁਰੂ ਕਰ ਗਿਆ ਸੀ ਹੁਣ ਅਸੀਂ ਕਰਨਾ ਹੈ-- -

ਮਨਪ੍ਰੀਤ ਨੂੰ ਯਾਦ ਸੀ ਕਿ ਸੂਰਜ ਇੰਡੀਆ ਤੋਂ ਆ ਕੇ ਜਦ ਵੀ ਟੀæਵੀæ ਉੱਪਰ  ਤੀਜੀ ਦੁਨੀਆ ਦੀ ਭੁੱਖ-ਮਰੀ ਬਾਰੇ ਵਿਖਾਈਆਂ ਜਾਂਦੀਆਂ ਡਾਕੂਮੈਂਟਰੀ ਫਿਲਮਾਂ ਵੇਖਦਾ ਤਾਂ ਉਦਾਸ ਹੋ ਜਾਂਦਾ। ਫਿਰ ਆਖਦਾ, "ਮੰਮ ਜਦ ਮੈਂ ਜੌਬ 'ਤੇ ਲੱਗ ਗਿਆ ਨਾ, ਕਿਸੇ ਪੂਅਰ ਕੰਟਰੀ ਦੇ ਬੱਚੇ ਨੂੰ ਅਡਾਪਟ ਕਰ ਲੈਣੈ।"

ਤਾੜੀਆਂ ਦੀ ਆਵਾਜ਼ ਨੇ ਮਨਪ੍ਰੀਤ ਦਾ ਧਿਆਨ ਸਟੇਜ ਵੱਲ ਕਰਵਾਇਆ। ਨੀਨਾ ਸਟੇਜ ਤੋਂ ਉੱਤਰ ਰਹੀ ਸੀ। ਕੋਈ ਹੋਰ ਸਟੇਜ ਵੱਲ ਵਧ ਰਿਹਾ ਸੀ। ਮਨਪ੍ਰੀਤ ਦੀ ਨਿਗ੍ਹਾ ਸੂਰਜ ਦੇ ਅਧਿਆਪਕ ਰੌਡ ਮਨਰੋ 'ਤੇ ਪਈ ਅਤੇ ਉੱਥੇ ਹੀ ਅਟਕ ਗਈ।

"ਤਾਂ ਤੂੰ ਉਹ ਗੌਰਵਮਈ ਮਾਂ ਹੈਂ!" ਮਨਪ੍ਰੀਤ ਨਾਲ ਹੱਥ ਮਿਲਾਉਂਦੇ ਹੋਏ ਉਸ ਕਿਹਾ ਸੀ। ਜਦ ਸੂਰਜ ਦੀ ਬੀਮਾਰੀ ਦਾ ਪਤਾ ਲੱਗ ਚੁੱਕਾ ਸੀ ਤਾਂ ਮਨਪ੍ਰੀਤ ਇਹ ਦੱਸਣ ਲਈ ਸਕੂਲ ਗਈ ਸੀ ਕਿ ਸੂਰਜ ਦੀ ਇੱਛਾ ਹੈ ਕਿ ਉਹ ਗ੍ਰੈਜੂਏਟ ਹੋਵੇਗਾ। ਇਹ ਸੁਣ ਕੇ ਰੌਡ ਮਨਰੋ ਬੋਲਿਆ ਸੀ, "ਮੈਨੂੰ ਇਸ ਬਾਰੇ ਸੂਰਜ ਦੇ ਦੋਸਤਾਂ ਤੋਂ ਪਤਾ ਲੱਗ ਚੁੱਕਾ ਹੈ। ਤੂੰ ਇੱਕ ਬਹੁਤ ਹੋਣਹਾਰ ਪੁੱਤਰ ਨੂੰ ਜਨਮ ਦਿੱਤਾ ਹੈ। ਕੀ ਉਸ ਨੂੰ ਪਤਾ ਹੈ ਕਿ ਉਸ ਕੋਲ ਬਹੁਤ ਸਮਾਂ ਨਹੀਂ ਹੈ?"

"ਹਾਂ, ਅਸੀਂ ਦੱਸ ਦਿੱਤਾ ਹੈ ਕਿ ਵੱਧ ਤੋਂ ਵੱਧ ਸਾਲ," ਮਨਪ੍ਰੀਤ ਦਾ ਗਲ ਭਰ ਆਇਆ ਅਤੇ ਅੱਖਾਂ ਤਰ ਹੋ ਗਈਆਂ ਸਨ।

"ਬਹਾਦਰ ਬਣ, ਤੈਨੂੰ ਤਾਂ ਸਗੋਂ ਗਰਵ ਹੋਣਾ ਚਾਹੀਦਾ ਹੈ," ਰੌਡ ਮਨਰੋ ਦੇ ਬੋਲ ਕੰਨਾਂ 'ਚ ਲਈ  ਭਰੀਆਂ ਅੱਖਾਂ ਨਾਲ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦ ਘਰ ਪਹੁੰਚ ਕੇ ਉਹ ਬੈੱਡ 'ਤੇ ਚੌਫਾਲ ਜਾ ਡਿੱਗੀ ਸੀ ਅਤੇ ਭੁੱਬੀਂ ਰੋਈ ਸੀ। ਹਟਕੋਰੇ ਲੈਂਦੀ ਉਹ ਮੁੜ-ਮੁੜ ਆਖਦੀ, "ਕਿਵੇਂ ਬਹਾਦਰ ਬਣਾਂ?--- ਕਾਹਦੇ ਆਸਰੇ ਚਿੱਤ ਕਰੜਾ ਰੱਖਾਂ?--- ਜੀਹਦੇ ਵੱਲ ਵੇਖ-ਵੇਖ ਜਿਉਂਦੀ ਹਾਂ, ਜੇ ਉਸ ਹੀ ਨੀ ਰਹਿਣਾ, ਫੇਰ ਕਿਵੇਂ ਟਿਕਾਣੇ ਰਹਿ ਜੂ ਚਿੱਤ।----ਹਾਏ ਨੀ ਮਾਂ ਕਿਉਂ ਜੰਮਿਆ ਸੀ ਇਹ ਦਿਨ ਦੇਖਣ ਨੂੰ।" ਜਿਵੇਂ ਮਹੀਨੇ ਭਰ ਦਾ ਡੱਕਿਆ ਰੋਣ ਉਸ ਨੇ ਕੱਢ ਕੇ ਹਟਣਾ ਹੋਵੇ। ਜੀਤ ਆਖਦਾ ਸੀ ਕਿ ਸੂਰਜ ਸਾਹਮਣੇ ਦਿਲ ਛੋਟਾ ਨਹੀਂ ਕਰਨਾ। ਪਰ ਮਨਪ੍ਰੀਤ ਦਾ ਤਾਂ ਸੂਰਜ ਤੋਂ ਇੱਕ ਪਲ ਲਈ ਵੀ ਪਾਸੇ ਹੋਣ ਨੂੰ ਜੀਅ ਨਹੀਂ ਸੀ ਕਰਦਾ।

ਡੇਢ ਮਹੀਨਾ ਪਹਿਲਾਂ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਸੂਰਜ ਨੇ ਪੇਟ ਵਿੱਚ ਦਰਦ ਮਹਿਸੂਸ ਕੀਤਾ ਅਤੇ ਉਲਟੀਆਂ ਕਰਨ ਲੱਗਾ ਸੀ। ਇੱਕ ਅੱਧਾ ਦਿਨ ਤਾਂ ਉਨ੍ਹਾਂ ਗਰੈਵਲ ਵਗੈਰਾ ਲੈ ਕੇ ਹੀ ਸਾਰ ਛੱਡਿਆ ਪਰ ਜਦ ਉਲਟੀਆਂ ਨਾ ਹਟੀਆਂ ਤਾਂ ਡਾਕਟਰ ਕੋਲ ਗਏ ਸਨ। ਡਾਕਟਰ ਨੇ ਵੀ ਬਹੁਤੀ ਗੌਰ ਨਹੀਂ ਸੀ ਕੀਤੀ; ਕਹਿੰਦਾ ਕਿ ਸਟੌਮਿਕ ਫਲੂ ਹੈ ਇੱਕ ਅੱਧੇ ਦਿਨ 'ਚ ਠੀਕ ਹੋ ਜਾਊ। ਪਰ ਇੱਕ-ਅੱਧੇ ਦਿਨ 'ਚ ਵੀ ਜਦ ਕੋਈ ਫ਼ਰਕ ਨਹੀਂ ਸੀ ਪਿਆ ਤਾਂ ਡਾਕਟਰ ਨੇ ਐਕਸਰੇ ਲਈ ਭੇਜ ਦਿੱਤਾ। ਜਦ ਰੀਪੋਰਟ ਆਈ ਡਾਕਟਰ ਕਹਿੰਦਾ ਕਿ ਕੁਝ ਪੱਕਾ ਨਹੀਂ ਆਖ ਸਕਦਾ, ਹੋਰ ਟੈਸਟ ਕਰਵਾ ਲਈਏ। ਜਦ ਟੈਸਟਾਂ ਦੀ ਰੀਪੋਰਟ ਆਈ ਤਾਂ ਜਿਵੇਂ ਉਨ੍ਹਾਂ ਦੀ ਦੁਨੀਆ ਹੀ ਹਿੱਲ ਗਈ ਹੋਵੇ। 'ਪੇਟ 'ਚ ਕੈਂਸਰ ਸੀ'। ਪਰ ਡਾਕਟਰ ਨੇ ਧਰਵਾਸ ਦਿੱਤਾ ਸੀ ਕਿ ਅਪ੍ਰੇਸ਼ਨ ਨਾਲ ਬਾਹਰ ਵੀ ਕੱਢਿਆ ਜਾ ਸਕਦਾ ਹੈ। ਤੇ ਜਦ ਡਾਕਟਰਾਂ ਨੇ ਅਪ੍ਰੇਸ਼ਨ ਲਈ ਸੂਰਜ ਦੇ ਪੇਟ ਦੀ ਚੀਰ-ਫਾੜ ਕੀਤੀ ਤਾਂ ਉਨ੍ਹਾਂ ਅਪ੍ਰੇਸ਼ਨ ਲਈ ਚੀਰੇ ਪੇਟ ਨੂੰ ਬਿਨ੍ਹਾਂ ਅਪ੍ਰੇਸ਼ਨ ਕੀਤੇ ਹੀ ਸਿਓਂ ਦਿੱਤਾ। ਕੈਂਸਰ ਸਾਰੇ ਪੇਟ ਵਿੱਚ ਫੈਲ ਚੁੱਕਾ ਸੀ। ਡਾਕਟਰਾਂ ਆਖ ਦਿੱਤਾ ਕਿ ਵੱਧ ਤੋਂ ਵੱਧ ਸਾਲ। ਇਹ ਸੁਣ ਮਨਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਜੀਤ ਦਾ ਸਹਾਰਾ ਲਿਆ। ਜੀਤ ਨੇ ਉਸ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ। ਉਸ ਕਾਫੀ ਦੇਰ ਮਨਪ੍ਰੀਤ ਨੂੰ ਆਪਣੇ ਨਾਲ ਲਾਈ ਰੱਖਿਆ, ਜਿਵੇਂ  ਉਹ ਮਨਪ੍ਰੀਤ ਨੂੰ ਸਹਾਰਾ ਦੇ ਨਹੀਂ ਸੀ ਰਿਹਾ ਸਗੋਂ, ਉਸ ਦਾ ਸਹਾਰਾ ਲੈ ਰਿਹਾ ਹੋਵੇ। ਫਿਰ ਉਹ ਉੱਥੇ ਹੀ ਬੈਠ ਗਏ ਜਿਵੇਂ ਉਨ੍ਹਾਂ ਦੀਆਂ ਲੱਤਾਂ ਉਨ੍ਹਾਂ ਦਾ ਭਾਰ ਝੱਲਣੋਂ ਅਸਮਰੱਥ ਹੋ ਗਈਆਂ ਹੋਣ। ਹੌਲੀ-ਹੌਲੀ ਉੱਠ ਕੇ ਜੀਤ ਨੇ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ। ਉਹ ਆਪਣੀ ਘਰਵਾਲੀ ਦੇ ਨਾਲ ਝੱਟ ਉੱਥੇ ਪਹੁੰਚ ਗਿਆ। ਉਹ ਜੀਤ ਅਤੇ ਮਨਪ੍ਰੀਤ ਨੂੰ ਲੈ ਕੇ ਘਰ ਵੱਲ ਚੱਲ ਪਏ। ਕਾਰ ਵਿੱਚ ਸੋਗੀ ਚੁੱਪ ਪੱਸਰੀ ਹੋਈ ਸੀ। ਜਿਵੇਂ ਕਿਸੇ ਕੋਲ ਕੁਝ ਕਹਿਣ ਲਈ ਬਚਿਆ ਹੀ ਨਾ ਹੋਵੇ। ਕਦੇ-ਕਦੇ ਜੀਤ ਦਾ ਭਰਾ ਉਸ ਵੱਲ ਵੇਖਦਾ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਮੂੰਹੋਂ ਕੁਝ ਨਾ ਬੋਲਦਾ। ਜੀਤ ਦੀ ਭਰਜਾਈ ਨੇ ਮਨਪ੍ਰੀਤ ਨੂੰ ਆਪਣੇ ਨਾਲ ਘੁੱਟਿਆ ਹੋਇਆ ਸੀ। ਇਹ ਚੁੱਪ ਉਦੋਂ ਟੁੱਟੀ ਜਦ ਉਹ ਘਰ ਪਹੁੰਚ ਗਏ। ਜੀਤ ਨੇ ਆਪਣੇ ਭਰਾ ਦੇ ਮੋਢੇ ਲੱਗ ਧਾਹ ਮਾਰੀ, "ਵੀਰ, ਖਤਮ ਹੋ ਗਿਆ ਸਭ ਕੁਝ।" ਭਰਾ ਨੇ ਜੀਤ ਨੂੰ ਆਪਣੇ ਨਾਲ ਘੁੱਟ ਲਿਆ ਅਤੇ ਕੁਝ ਪਲ ਉਸੇ ਤਰ੍ਹਾਂ ਆਪਣੇ ਨਾਲ ਲਾਈ ਰੱਖਿਆ। ਫਿਰ ਉਸ ਦਾ ਮੋਢਾ ਥਾਪੜਦਾ ਬੋਲਿਆ, " ਦਿਲ ਨਾ ਛੱਡ। ਡਾਕਟਰਾਂ ਦਾ ਅਨੁਮਾਨ ਹੀ ਹੈ। ਲੋਕ ਕੈਂਸਰ ਨਾਲ ਪੰਜਾਹ-ਪੰਜਾਹ ਸਾਲ ਜਿਉਂਦੇ ਰਹਿੰਦੇ ਆ।"

"ਝੂਠੀਆਂ ਤਸੱਲੀਆਂ ਨਾ ਦੇ ਵੀਰ," ਜੀਤ ਨੇ ਵਿਲਕਦੇ ਹੋਏ ਕਿਹਾ।

ਮਨਪ੍ਰੀਤ ਤੋਂ ਰੋਂਦਾ ਹੋਇਆ ਜੀਤ ਸਹਾਰਿਆ ਨਾ ਗਿਆ। ਉਸ ਸਿਸਕਦੇ ਹੋਏ ਕਿਹਾ, "ਆਪਾਂ ਅਮਰੀਕਾ ਜਾਂ ਕਿਤੇ ਹੋਰ ਲੈ ਜਾਵਾਂਗੇ, ਐਹੋ ਜੀ ਵੀ ਕੀ ਗੱਲ ਐ, ਕਿਤੇ ਤਾਂ ਇਲਾਜ ਹੁੰਦਾ ਹੀ ਹੋਊ? ਚੱਲੋ ਜੀਤ ਆਪਾਂ ਗੁਰਦੁਆਰੇ ਚਲਦੇ ਹਾਂ। ਅਰਦਾਸ ਕਰਾਂਗੇ," ਮਨਪ੍ਰੀਤ ਇੱਕੋ ਸਾਹ ਬੋਲ ਗਈ।

"ਅਰਦਾਸ ਕਰਨ ਨਾਲ ਸੂਰਜ ਦੇ ਅੰਦਰੋਂ ਕੈਂਸਰ ਕਿਵੇਂ ਖਤਮ ਹੋ ਜਾਊ? ਇਸ ਦਾ ਕੋਈ ਇਲਾਜ ਨਹੀਂ ਹੈ, ਮਨਪ੍ਰੀਤ," ਜੀਤ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਗਈ।

ਭਰਾ ਨੇ ਜੀਤ ਨੂੰ ਆਪਣੇ ਨਾਲ ਘੁੱਟਦਿਆਂ ਕਿਹਾ,"ਜੀਤ, ਤੂੰ ਹੀ ਸਾਰਿਆਂ ਨੂੰ ਸੰਭਾਲਣੈਂ। ਜੇ ਤੂੰ ਆਪ ਹੀ ਦਿਲ ਛੱਡ ਗਿਆ ਤਾਂ ਮਨਪ੍ਰੀਤ ਤੇ ਸੂਰਜ ਦਾ ਕੌਣ ਖਿਆਲ ਰੱਖੇਗਾ? ਹਿੰਮਤ ਕਰ, ਸੂਰਜ ਜਿੰਨਾਂ ਚਿਰ ਸਾਡੇ ਕੋਲ ਹੈ, ਉਸ ਨੂੰ ਖੁਸ਼ੀਆਂ ਦੇਈਏ।"

ਜਦ ਉਨ੍ਹਾਂ ਦਾ ਰੋਣਾ ਟਾਵੇਂ-ਟਾਵੇਂ ਹਾਉਕਿਆਂ 'ਚ ਬਦਲਿਆ ਤਾਂ ਕੰਬਦੀ ਆਵਾਜ਼ 'ਚ ਮਨਪ੍ਰੀਤ ਬੋਲੀ, "ਸੂਰਜ ਨੂੰ ਕਿਵੇਂ ਦੱਸਾਂਗੇ?"

ਜੀਤ ਨੇ ਉਸ ਵੱਲ ਵੇਖਿਆ ਜਿਵੇਂ ਉਸ ਨੂੰ ਆਪ ਨਾ ਸਮਝ ਆ ਰਹੀ ਹੋਵੇ ਕਿ ਕੀ ਕੀਤਾ ਜਾਵੇ। ਫਿਰ ਆਪਣੇ ਭਰਾ ਨੂੰ ਪੁੱਛਣ ਲੱਗਾ, "ਕਿਓਂ ਵੀਰ, ਸੂਰਜ ਨੂੰ ਦੱਸੀਏ ਕਿ ਨਾ?"

"ਤੁਸੀਂ ਆਪਣੇ-ਆਪ ਨੂੰ ਸੰਭਾਲੋ ਪਹਿਲਾਂ, ਫੇਰ ਹੌਲੀ-ਹੌਲੀ ਉਸ ਨੂੰ ਦੱਸ ਦੇਵਾਂਗੇ। ਦੱਸਣਾ ਹੀ ਠੀਕ ਰਹੂ," ਭਰਾ ਨੇ ਕਿਹਾ।

ਦੂਸਰੇ ਦਿਨ ਹਸਪਤਾਲ ਜਾਣ ਤੋਂ ਪਹਿਲਾਂ ਜੀਤ ਬੋਲਿਆ, "ਆਪਾਂ ਸੂਰਜ ਸਾਹਮਣੇ ਉਦਾਸ ਨਹੀਂ ਹੋਣਾ।" ਮਨਪ੍ਰੀਤ ਨੇ ਆਪਣੀ ਜੇਠਾਣੀ ਨਾਲ ਗੁਰਦਵਾਰੇ ਜਾ ਕੇ ਸੂਰਜ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੀ ਅਰਦਾਸ ਕਰਵਾਈ ਅਤੇ ਆਪਣੀ ਉਦਾਸੀ ਲੁਕਾਉਣ ਦਾ ਯਤਨ ਕਰਦੀ ਸੂਰਜ ਕੋਲ ਵਾਪਿਸ ਆ ਗਈ। ਉਸ ਦਾ ਬੁਝਿਆ ਮਨ ਉਸ ਦੇ ਚੇਹਰੇ ਦਾ ਸਾਥ ਨਾ ਦਿੰਦਾ। ਉਹ ਦੋ ਕੁ ਦਿਨ ਆਪਣੇ-ਆਪ ਨੂੰ ਘੁੱਟੀ-ਵੱਟੀ ਸੂਰਜ ਦੇ ਆਲੇ-ਦੁਆਲੇ ਇਸੇ ਤਰ੍ਹਾਂ ਭਾਉਂਦੀ ਰਹਿੰਦੀ। ਸੂਰਜ ਨਾਲ ਅੱਖ ਮਿਲਾਉਣ ਤੋਂ ਕਤਰਾਉਂਦੀ। ਉਸ ਨੂੰ ਇਸ ਤਰ੍ਹਾਂ ਫਿਰਦੀ ਵੇਖ ਸੂਰਜ ਬੋਲਿਆ, "ਮੰਮ ਤੂੰ ਤਾਂ ਇਓਂ ਸੈਡ ਹੋਈ ਫਿਰਦੀ ਆਂ ਜਿਵੇਂ ਮੈਂ ਇੱਥੇ ਪਏ ਰਹਿਣਾ ਹੈ। ਡੌਂਟ ਵਰੀ ਆਈ 'ਲ ਬੀ ਔਰਾਈਟ।" ਆਪਣੀਆਂ ਭਰੀਆਂ ਅੱਖਾਂ ਸੂਰਜ ਤੋਂ ਛੁਪਾਉਣ ਦਾ ਯਤਨ ਕਰਦੀ ਉਹ ਵਾਸ਼ਰੂਮ ਵਿੱਚ ਵੜ ਗਈ।

"ਹਾਂ, ਐਵੇਂ ਹੀ ਸੈਡ ਹੋਈ ਫਿਰਦੀ ਐ," ਜੀਤ ਨੇ ਹਾਮੀ ਭਰੀ। ਪਰ ਅਗਲੇ ਦਿਨ ਉਸ ਨੇ ਬਹੁਤ ਹੀ ਸਹਿਜ ਹੋ ਕੇ ਸੂਰਜ ਨੂੰ ਪੁੱਛਿਆ, "ਸੂਰਜ ਠੀਕ ਹੋ ਕੇ ਤੇਰੀ ਕੀ ਇੱਛਾ ਹੈ? ਕਿੱਥੇ ਜਾਣਾ ਚਾਹੇਂਗਾ? ਹਵਾਈ, ਲਾਸ ਵੇਗਸ ਜਾਂ ਕਿਤੇ ਹੋਰ?" ਸੁਣ ਕੇ ਮਨਪ੍ਰੀਤ ਦੇ ਅੰਦਰ ਇੱਕ ਚੀਸ ਉੱਠੀ ਅਤੇ ਉਸ ਨੇ  ਆਪਣਾ ਮੂੰਹ ਦੂਜੇ ਪਾਸੇ ਕਰ ਲਿਆ।

"ਸਕੂਲ। ਆਈ ਹੈਵ ਟੂ ਕੈਚਅੱਪ ਔਨ ਆਲ ਮਾਈ ਹੋਮਵਰਕ," ਸੂਰਜ ਨੇ ਜਵਾਬ ਦਿੱਤਾ।

"ਮੇਰਾ ਮਤਲਬ ਸਕੂਲ ਤੋਂ ਬਿਨਾਂ, ਜੇ ਮੈਂ ਤੈਨੂੰ ਕਹਾਂ ਕਿ ਸਕੂਲ ਨੂੰ ਰਹਿਣ ਦੇ ਸਾਲ ਭਰ ਮੌਜ-ਮਸਤੀ ਕਰ। ਦੈਨ, ਵੱਟ ਵੁੱਡ ਯੂ ਲਾਈਕ ਟੂ ਡੂ?"

"ਬੱਟ, ਵਾਏ ਡੈਡ? ਟੈੱਲ ਮੀ ਫਰੈਂਕਲੀ ਵੱਟਸ ਦਾ ਮੈਟਰ?" ਸੂਰਜ ਭਾਣੇ ਅਪ੍ਰੇਸ਼ਨ ਹੋ ਚੁੱਕਿਆ ਸੀ। ਉਸ ਨੂੰ ਸਮਝ ਨਾ ਲੱਗੀ ਕਿ ਜੀਤ ਕਿਓਂ ਬੁਝਾਰਤਾਂ ਜਿਹੀਆਂ ਪਾ ਰਿਹਾ ਸੀ। "ਮੈਂ ਤਾਂ ਐਵੇਂ ਹੀ ਕਿਹਾ ਸੀ ਕਿ ਤੂੰ ਬੀਮਾਰੀ ਕਾਰਣ ਐਨਾ ਔਖਾ ਹੋਇਐਂ। ਕੁਝ ਦੇਰ ਰੀਲੈਕਸ ਕਰ ਲੈ," ਆਖ ਜੀਤ ਚੁੱਪ ਕਰ ਗਿਆ। ਪਰ ਅਗਲੇ ਦਿਨ ਸਵੇਰੇ ਜਦ ਜੀਤ ਦਾ ਭਰਾ ਸੂਰਜ ਦਾ ਪਤਾ ਲੈਣ ਆਇਆ ਤਾਂ ਜੀਤ ਨੇ ਸੂਰਜ ਦਾ ਹੱਥ ਆਪਣੇ ਹੱਥਾਂ 'ਚ ਲੈ ਲਿਆ ਅਤੇ ਦਿਲ ਕਰੜਾ ਕਰਕੇ ਬੋਲਿਆ, "ਯੂਅਰ ਕੈਂਸਰ ਇਜ਼ ਟਰਮੀਨਲ।"

ਜੀਤ ਦਾ ਭਰਾ ਸੂਰਜ ਦੇ ਨੇੜੇ ਹੋ ਕੇ ਬੈਠਦਾ ਬੋਲਿਆ, "ਡੌਂਟ ਵਰੀ ਸੂਰਜ, ਅਸੀਂ ਸਾਰੇ ਤੇਰੇ ਨਾਲ ਹਾਂ। ਕੁਝ ਨਹੀਂ ਹੋਣ ਦਿੰਦੇ ਤੈਨੂੰ।"

ਸੂਰਜ ਨੇ ਉਸ ਵੱਲ ਵੇਖਿਆ ਅਤੇ ਚੁੱਪ ਕਰ ਗਿਆ। ਜੀਤ ਅਤੇ ਉਸ ਦਾ ਭਰਾ ਬਹੁਤ ਦੇਰ ਸੂਰਜ ਨੂੰ ਦਿਲਾਸੇ ਦਿੰਦੇ ਰਹੇ। ਉਹ ਚੁੱਪ-ਚਾਪ ਸੁਣਦਾ ਰਿਹਾ। ਸਾਰਾ ਦਿਨ ਹੀ ਕੁਝ ਨਾ ਬੋਲਿਆ। ਅੱਖਾਂ ਟੱਡੀ ਕਮਰੇ ਦੀ ਛੱਤ ਵੱਲ ਵੇਖਦਾ ਰਿਹਾ ਜਿਵੇਂ ਕੁਝ ਸੋਚ ਰਿਹਾ ਹੋਵੇ।

ਉਸ ਨੂੰ ਇਸ ਤਰ੍ਹਾਂ ਪਏ ਨੂੰ ਵੇਖ ਮਨਪ੍ਰੀਤ ਨੇ ਹਾਉਕਾ ਲੈ ਕੇ ਕਿਹਾ, "ਜੀਤ, ਕਿਓਂ ਦੱਸਿਆ ਸੀ ਐਵੇਂ? ਵੇਖ ਕਿਵੇਂ ਚੁੱਪ ਵੱਟ ਗਿਐ।"

"ਇੱਕ ਦਿਨ ਤਾਂ ਉਸ ਨੂੰ ਪਤਾ ਲੱਗਣਾ ਹੀ ਸੀ, ਮੈਂ ਬਹੁਤੀ ਦੇਰ ਉਸ ਨੂੰ ਭੁਲੇਖੇ 'ਚ ਨਹੀਂ ਸੀ ਰੱਖਣਾ ਚਾਹੁੰਦਾ। ਤੂੰ ਚਿੰਤਾ ਨਾ ਕਰ, ਉਹ ਸੰਭਲ ਜਾਵੇਗਾ," ਜੀਤ ਨੇ ਹੌਸਲਾ ਦਿੱਤਾ। ਰਾਤ ਤੱਕ ਸੱਚ ਹੀ ਸੂਰਜ ਸੰਭਲ ਕੇ ਜੀਤ ਨੂੰ ਪੁੱਛਣ ਲੱਗਾ, "ਹਾਓ ਲੌਂਗ ਕੈਨ ਆਈ ਐਕਸਪੈਕਟ ਟੂ ਲਿਵ?" ਸੁਣ ਕੇ ਮਨਪ੍ਰੀਤ ਦਾ ਅੰਦਰ ਕੁਰਲਾ ਉਠਿੱਆ। ਉਸ ਦੀ ਧਾਹ ਨਿਕਲਣ ਲੱਗੀ ਪਰ ਜੀਤ ਨੇ ਆਪਣਾ ਇੱਕ ਹੱਥ ਮਨਪ੍ਰੀਤ ਦੇ ਮੋਢੇ 'ਤੇ ਫੇਰਿਆ ਅਤੇ ਦੂਜੇ ਹੱਥ ਨਾਲ ਸੂਰਜ ਦਾ ਹੱਥ ਘੁੱਟਦੇ ਹੋਏ ਬੋਲਿਆ, "ਬਹੁਤ ਐ, ਡੌਂਟ ਵਰੀ, ਡਾਕਟਰ ਤਾਂ ਐਵੇਂ ਅਨੁਮਾਨ ਜੇਹੇ ਲਾਉਂਦੇ ਹੁੰਦੇ ਆ।"

"ਕਿੰਨਾਂ ਚਿਰ ਕਿਹੈ ਡੌਕਟਰ ਨੇ," ਸੂਰਜ ਨੇ ਆਵਾਜ਼ 'ਤੇ ਜ਼ੋਰ ਦੇ ਕੇ ਕਿਹਾ।

"ਸਾਲ," ਆਖਦੇ ਜੀਤ ਨੇ ਸੂਰਜ ਦੇ ਕੇਸਾਂ 'ਚ ਹੱਥ ਫੇਰਿਆ।

ਉਹ ਕੁਝ ਦੇਰ ਜੀਤ ਵੱਲ ਵੇਖਦਾ ਰਿਹਾ। ਫਿਰ ਬੋਲਿਆ, "ਓ ਗੁੱਡ, ਮੇਰੇ ਕੋਲ ਸਾਲ ਹੈ, ਗ੍ਰੈਜੂਏਟ ਹੋਣ ਲਈ ਤਾਂ ਸਿਰਫ ਦੋ ਮਹੀਨੇ ਹੀ ਹੋਰ ਚਾਹੀਦੇ ਹਨ। ਆਈ ਵਾਂਟ ਟੂ  ਗ੍ਰੈਜੂਏਟ।"

ਹਸਪਤਾਲ ਤੋਂ ਆ ਕੇ ਸੂਰਜ ਸਕੂਲ ਜਾਣ ਲੱਗ ਪਿਆ ਸੀ। ਕਦੇ-ਕਦੇ ਉਲਟੀਆਂ ਲੱਗ ਜਾਂਦੀਆਂ ਤਾਂ ਡਾਕਟਰਾਂ ਨੇ ਦਵਾਈਆਂ ਦੇ ਰੱਖੀਆਂ ਸਨ। ਜੇ ਹਾਲਤ ਜ਼ਿਆਦਾ ਵਿਗੜਦੀ ਤਾਂ  ਹਸਪਤਾਲ ਜਾ ਆਉਂਦੇ। ਜਦ ਵੀ ਵਕਤ ਮਿਲਦਾ ਸੂਰਜ ਕਿਤਾਬਾਂ 'ਚ ਰੁੱਝ ਜਾਂਦਾ। ਕਿਤਾਬਾਂ 'ਚ ਰੁੱਝੇ ਨੂੰ ਜਦ ਮਨਪ੍ਰੀਤ ਆਖਦੀ, "ਸੂਰਜ ਵੇਖ ਤੇਰੀ ਸੇਹਤ ਇਜਾਜ਼ਤ ਨਹੀਂ ਦਿੰਦੀ, ਤੂੰ ਆਰਾਮ ਕਰ।"

"ਮੈਂ ਟੌਪ 'ਤੇ ਰਹਿ ਕੇ ਹੀ ਗ੍ਰੈਜੂਏਟ ਹੋਣਾ ਹੈ," ਸੂਰਜ ਦਾ ਜਵਾਬ ਹੁੰਦਾ। ਪ੍ਰੋਵੈਨਸ਼ੀਅਲ ਇਮਤਿਹਾਨਾਂ ਦੇ ਦੌਰਾਨ ਹੀ ਉਸ ਦੀ ਸੇਹਤ ਫਿਰ ਵਿਗੜਨੀ ਸ਼ੁਰੂ ਹੋ ਗਈ ਸੀ। ਪਰ ਉਸ ਨੇ ਇਮਤਿਹਾਨ ਦਿੱਤੇ ਸਨ। ਇਮਤਿਹਾਨਾਂ ਤੋਂ ਬਾਅਦ ਉਸ ਨੂੰ ਫਿਰ ਹਸਪਤਾਲ ਦਾਖਿਲ ਹੋਣਾ ਪਿਆ ਸੀ। ਉਲਟੀਆਂ ਦਵਾਈਆਂ ਨਾਲ ਵੀ ਨਹੀਂ ਸੀ ਰੁਕਦੀਆਂ। ਉੱਥੇ ਆ ਕੇ ਹੀ  ਰੌਡ ਮਨਰੋ ਨੇ ਖਬਰ ਸੁਣਉਂਦਿਆਂ ਕਿਹਾ ਸੀ, "ਸੂਰਜ, ਤੂੰ ਆਪਣਾ ਨਿਸ਼ਾਨਾ ਪੂਰਾ ਕਰ ਲਿਆ ਹੈ।"

"ਟੌਪ 'ਤੇ ਰਹਿ ਕੇ?" ਸੂਰਜ ਦਾ ਪ੍ਰਸ਼ਨ ਸੀ।

"ਜਿਹੜੀ ਹਾਲਤ 'ਚ ਤੂੰ ਇਮਤਿਹਾਨ ਲਿਖੇ ਸਨ, ਉਹ ਕਿਸੇ ਵੀ ਪਹਿਲੇ ਸਥਾਨ ਤੋਂ ਕਿਤੇ ਉੱਪਰ ਸਨ।" ਸੁਣ ਕੇ ਸੂਰਜ ਚੁੱਪ ਕਰ ਗਿਆ।

"ਖੁਸ਼ ਹੋ, ਇਹ ਬਹੁਤ ਵੱਡੀ ਖੁਸ਼ੀ ਹੈ," ਆਖ ਰੌਡ ਮਨਰੋ ਇੱਕ ਪੈਕਟ ਸੂਰਜ ਵੱਲ ਵਧਾ ਕੇ ਬੋਲਿਆ, "ਤੇਰੇ ਵਰਗੇ ਹੀ ਇੱਕ ਬਹਾਦਰ ਲੜਕੇ ਦੀ ਦਾਸਤਾਨ।"

"ਧੰਨਵਾਦ ਮਿਸਟਰ ਮਨਰੋ," ਆਖ ਸੂਰਜ ਨੇ ਪੈਕਟ ਖੋਲ੍ਹਿਆ ਅਤੇ 'ਟੈਰੀ ਫੌਕਸ" ਸਿਰਲੇਖ ਵਾਲੀ ਕਿਤਾਬ ਨੂੰ ਵੇਖ ਫੇਰ ਬੋਲਿਆ, "ਬਹੁਤ-ਬਹੁਤ ਧੰਨਵਾਦ।"

ਮਾਈਕ ਅੱਗੇ ਖੜ੍ਹਾ ਰੌਡ ਮਨਰੋ ਬੋਲ ਰਿਹਾ ਸੀ----- ਸੂਰਜ ਟੈਰੀ ਫੌਕਸ ਤੋਂ ਬਹੁਤ ਪ੍ਰਭਾਵਿਤ ਸੀ। ਜਿਹੜੇ ਲੋਕ ਪਿਛਲੇ ਸਾਲ ਸੂਰਜ ਵੱਲੋਂ ਵਜਾਏ ਢੋਲ ਦੌਰਾਨ ਇੱਥੇ ਹਾਜ਼ਰ ਸਨ, ਉਨ੍ਹਾਂ ਨੂੰ ਪਤਾ ਹੈ ਕਿ ਉਸ ਵੇਲੇ ਸੂਰਜ ਦੀ ਸਰੀਰਕ ਹਾਲਤ ਇਹ ਸੀ ਕਿ ਉਸ ਨੂੰ ਵਾਸ਼ਰੂਮ ਤੱਕ ਵੀ ਸਹਾਰਾ ਦੇ ਕੇ ਲਿਜਾਣਾ ਪੈਂਦਾ ਸੀ ਪਰ ਉਸ ਨੇ ਬਹੁਤ ਦ੍ਰਿੜ੍ਹਤਾ ਨਾਲ ਢੋਲ ਵਜਾਇਆ ਸੀ-ਉਸ ਦਿਨ ਤੋਂ ਵੀਹ ਦਿਨ ਬਾਅਦ ਸੂਰਜ ਸਾਡੇ ਵਿੱਚੋਂ ਅਠਾਰਾਂ ਸਾਲ ਦੀ ਉਮਰ ਵਿੱਚ ਤੁਰ ਗਿਆ ਸੀ ਪਰ ਸਾਡੇ ਲਈ ਇੱਕ ਕੰਮ ਸ਼ੁਰੂ ਕਰ ਗਿਆ ਹੈ, ਜਿਸ ਨੂੰ ਅਸੀਂ ਕਰਦੇ ਰਹਿਣਾ ਹੈ। ਧੰਨਵਾਦ," ਆਖ ਰੌਡ ਮਨਰੋ ਸਟੇਜ ਤੋਂ ਥੱਲੇ ਉੱਤਰ ਗਿਆ। ਅਤੇ ਹੋਰ ਬੁਲਾਰੇ ਬੋਲਣ ਲੱਗੇ।

ਮਨਪ੍ਰੀਤ ਨੂੰ ਯਾਦ ਆਇਆ ਕਿ ਟੈਰੀ ਫੌਕਸ ਦੀ ਜੀਵਨੀ ਪੜ੍ਹ ਕੇ ਸੂਰਜ ਨੇ ਕਿਤਾਬ ਆਪਣੀ ਹਿੱਕ 'ਤੇ ਰੱਖ ਲਈ ਸੀ ਅਤੇ ਬੋਲਿਆ ਸੀ, "ਗ੍ਰੇਟ ਗਾਏ।"

"ਹਾਂ, ਗ੍ਰੇਟ ਤਾਂ ਸੀਗਾ ਹੀ," ਆਖ ਕੇ ਮਨਪ੍ਰੀਤ ਨੇ ਕਿਤਾਬ ਸੂਰਜ ਤੋਂ ਫੜ ਲਈ। ਮਨਪ੍ਰੀਤ ਦੀ ਨਿਗ੍ਹਾ ਕਿਤਾਬ ਦੀ ਜਿਲਦ ਉੱਪਰ ਹੀ ਅਟਕ ਗਈ, ਜਿਸ ਉੱਪਰ ਟੈਰੀ ਫੌਕਸ ਦੀ ਤਸਵੀਰ ਸੀ ਅਤੇ ਨਾਲ ਲਿਖਿਆ ਹੋਇਆ ਸੀ, 'ਕੈਂਸਰ ਦਾ ਇਲਾਜ ਲੱਭਣ ਲਈ ਸਾਰੇ ਕਨੇਡਾ 'ਚੋਂ ਫੰਡ ਇੱਕਠਾ ਕਰਨ ਵਾਸਤੇ ਇੱਕ ਲੱਤ ਨਾਲ ਇੱਕ ਸੌ ਤਰਤਾਲੀ ਦਿਨਾਂ 'ਚ ਪੰਜ ਹਜ਼ਾਰ ਤਿੰਨ ਸੌ ਤਿਹੱਤਰ ਕਿਲੋਮੀਟਰ ਦੌੜਣ ਵਾਲੇ ਇੱਕ ਬਹਾਦਰ ਲੜਕੇ ਦੀ ਦਾਸਤਾਨ, ਜਿਹੜਾ ਇਸ ਦੁਨੀਆ ਵਿੱਚ ਸਿਰਫ ਬਾਈ ਸਾਲ ਰਿਹਾ।' ਕਿਤਾਬ ਨਿਹਾਰਦੀ ਮਨਪ੍ਰੀਤ ਦੇ ਅੰਦਰੋਂ ਹਾਉਕਾ ਨਿਕਲਿਆ ਅਤੇ ਉਸ ਨੇ ਸੋਚਿਆ, 'ਓਹਦੀ ਮਾਂ ਕਿਵੇਂ ਜਿਉਂਦੀ ਹੋਵੇਗੀ ਆਪਣੇ ਜਵਾਨ ਪੁੱਤ ਦੀ ਮੌਤ ਤੋਂ ਬਆਦ?' ਮਨਪ੍ਰੀਤ ਦੀਆਂ ਅੱਖਾਂ ਭਿੱਜਣ ਲੱਗੀਆਂ। ਕਮਰੇ ਅੰਦਰ ਆਏ ਜੀਤ ਦੀ ਪੈੜ-ਚਾਲ ਸੁਣ ਕੇ ਉਸ ਨੇ ਅੱਖਾਂ ਪੂੰਝ ਲਈਆਂ ਅਤੇ ਸੂਰਜ ਵੱਲ ਵੇਖਿਆ। ਉਹ ਅੱਖਾਂ ਮੀਚੀ ਪਿਆ ਸੀ।"ਕਿਓਂ ਬਈ ਸ਼ੇਰਾ, ਸੁੱਤਾ ਪਿਐਂ?" ਜੀਤ ਬੋਲਿਆ।

"ਨਹੀਂ, ਮੈਂ ਕੁਝ ਥਿੰਕ ਕਰਦੈਂ," ਸੂਰਜ ਨੇ ਅੱਖਾਂ ਖੋਹਲਦੇ ਨੇ ਕਿਹਾ।

"ਕੀ ਬਈ, ਸਾਨੂੰ ਵੀ ਦੱਸ," ਜੀਤ ਉਸ ਦੇ ਸਾਹਮਣੇ ਕੁਰਸੀ 'ਤੇ ਬੈਠਦਾ ਬੋਲਿਆ।

ਸੂਰਜ ਆਪਣੇ ਦਿਲ ਦੀ ਗੱਲ ਦੱਸਣ ਲੱਗਾ। ਸੁਣ ਕੇ ਮਨਪ੍ਰੀਤ ਬੋਲੀ, "ਸੂਰਜ, ਤੂੰ ਆਪਣੀ ਸੇਹਤ ਦਾ ਧਿਆਨ ਰੱਖ।" ਪਰ ਸੂਰਜ ਦੀਆਂ ਅੱਖਾਂ ਦੀ ਚਮਕ ਵੇਖ ਕੇ ਜੀਤ ਨੇ ਕਿਹਾ, "ਆਪਾਂ ਡਾਕਟਰਾਂ ਤੋਂ ਪੁੱਛ ਕੇ ਵੇਖਾਂਗੇ।"

"ਡੌਕਟਰਸ ਨੂੰ ਕੀ ਪੁੱਛਣੈਂ? ਆਈ ਕੈਨ ਹੈਂਡਲ ਇੱਟ," ਸੂਰਜ ਦੀ ਆਵਾਜ਼ 'ਚ ਉਤਸ਼ਾਹ ਸੀ।

ਫਿਰ ਡਾਕਟਰਾਂ ਦੀ ਸਲਾਹ ਨਾਲ ਉਨ੍ਹਾਂ ਪੰਦਰਾਂ ਦਿਨਾਂ 'ਚ ਹੀ ਫੰਡ ਰੇਜ਼ਿੰਗ ਡਿਨਰ ਦਾ ਪ੍ਰਬੰਧ ਕਰ ਲਿਆ ਸੀ। ਸੂਰਜ ਦੇ ਅਧਿਆਪਕ ਰੌਡ ਮਨਰੋ ਨੇ ਪ੍ਰੋਗਰਾਮ ਸ਼ੁਰੂ ਕਰਦਿਆਂ ਆਪਣੇ ਭਾਸ਼ਣ 'ਚ ਕਿਹਾ ਸੀ, "ਸੂਰਜ ਮੇਰੇ ਸਕੂਲ ਦਾ ਮਾਣ ਹੈ। ਸਕੂਲ ਦੇ ਹਰ ਲੋਕ-ਭਲਾਈ ਪ੍ਰੋਗਰਾਮ ਵਿੱਚ ਇਸ ਨੇ ਸਭ ਤੋਂ ਅੱਗੇ ਹੋ ਕੇ ਫੰਡ ਇੱਕਠਾ ਕੀਤਾ ਹੈ। ਉਸ ਦੇ ਇਸੇ ਸੁਭਾਅ ਕਰਕੇ ਹੀ ਅੱਜ ਫੰਡ ਇੱਕਠਾ ਕਰਨ ਲਈ ਇਸ ਡਿਨਰ ਦਾ ਪ੍ਰਬੰਧ ਹੋਇਆ ਹੈ। ਸੂਰਜ ਨੇ ਮਸ਼ਹੂਰ ਹੋਣ ਲਈ ਇਸ ਡਿਨਰ ਦਾ ਪ੍ਰਬੰਧ ਨਹੀਂ ਕਰਵਾਇਆ। ਉਹ ਇੰਡੀਆ 'ਚ ਮੰਗ ਕੇ ਗੁਜ਼ਾਰਾ ਕਰਨ ਵਾਲੇ ਬੇਸਹਾਰਾ ਬੱਚਿਆਂ ਲਈ ਕੁਝ ਕਰਨਾ ਚਾਹੁੰਦਾ ਹੈ। ਟੈਰੀ ਫੌਕਸ ਬਾਰੇ ਪੜ੍ਹ ਕੇ ਉਸ ਨੇ ਸੋਚਿਆ ਕਿ ਉਹ ਢੋਲ ਰਾਹੀਂ ਉਨ੍ਹਾਂ ਬੱਚਿਆਂ ਲਈ ਇੱਕ ਅਜੇਹੀ ਥਾਂ ਬਣਾਉਨ ਲਈ ਫੰਡ ਇੱਕਠਾ ਕਰਨ ਦੀ ਸ਼ੁਰੂਆਤ ਕਰ ਸਕਦਾ ਹੈ, ਜਿੱਥੇ ਰਹਿ ਕੇ ਉਹ ਪੜ੍ਹ ਸਕਣ। ਸੂਰਜ ਨੇ ਇਸ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਅਸੀਂ ਜਾਰੀ ਰੱਖਣਾ ਹੈ। ਇਹੀ ਸੂਰਜ ਦੀ ਇੱਛਾ ਹੈ।"

ਰੌਡ ਮਨਰੋ ਦੇ ਸ਼ਬਦ ਕੰਨੀ ਪੈਂਦਿਆਂ ਹੀ ਮਨਪ੍ਰੀਤ ਦੀਆਂ ਅੱਖਾਂ ਅੱਗੇ ਸੈਕਿੰਡ ਗ੍ਰੇਡ ਵੇਲੇ ਦਾ ਸੂਰਜ ਘੁੰਮ ਗਿਆ ਸੀ, ਜਿਸ ਨੇ ਆਪਣੇ ਪਿੱਗੀ ਬੈਂਕ ਵਿੱਚ ਨੈਨਟਿੰਡੋ ਲੈਣ ਲਈ ਜੋੜੇ ਸਾਰੇ ਪੈਸੇ ਸਕੂਲ ਵੱਲੋਂ ਘੱਟ ਕਿਸਮਤ ਵਾਲੇ ਬੱਚਿਆਂ ਲਈ ਇੱਕਠੇ ਕੀਤੇ ਜਾ ਰਹੇ ਫੰਡ ਲਈ ਦੇ ਦਿੱਤੇ ਸਨ।

'ਆ ਜਾ ਫਿਰ ਸ਼ੇਰਾ' ਜਦ ਜੀਤ ਦਾ ਗੜ੍ਹਕਾ ਮਨਪ੍ਰੀਤ ਨੇ ਸੁਣਿਆ, ਉਸ ਦਾ ਧਿਆਨ ਪਰਤਿਆ ਸੀ। ਉਸ ਨੇ ਸੂਰਜ ਨੂੰ ਸਹਾਰਾ ਦੇ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸੂਰਜ ਨੇ ਉਸ ਦੀਆਂ ਬਾਹਾਂ ਪਾਸੇ ਕਰ ਦਿੱਤੀਆਂ ਅਤੇ ਸਟੇਜ ਵੱਲ ਵਧਣ ਲੱਗਾ। ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਟੈਂਡ Aੁੱਪਰ ਰੱਖੇ ਢੋਲ ਦੇ ਪਿੱਛੇ ਖੜ੍ਹੇ ਸੂਰਜ ਨੇ ਡਗਾ ਅਤੇ ਤੀਲੀ  ਚੁੱਕੇ ਅਤੇ ਦੋਹਾਂ ਬਾਹਾਂ ਨੂੰ ਫੈਲਾਇਆ ਜਿਵੇਂ ਆਪਣੇ ਸੱਜੇ-ਖੱਬੇ ਖੜ੍ਹੇ ਦੋਹਾਂ ਦੋਸਤਾਂ ਨੂੰ ਕਿਹਾ ਹੋਵੇ, 'ਹੋ ਜੋ ਪਾਸੇ, ਮੈਂ ਨੀ ਡਿੱਗਦਾ'। ਸੂਰਜ ਨੇ ਡਗਾ ਲਾਇਆ ਅਤੇ ਪੂਰੇ ਦੋ ਮਿੰਟ ਢੋਲ ਵਜਾਉਂਦਾ ਰਿਹਾ। ਜਦ ਢੋਲ 'ਤੇ ਉਸ ਦੀ ਥਾਪ ਧੀਮੀ ਪੈਣ ਲੱਗੀ ਉਸ ਦੇ ਖੱਬੇ-ਸੱਜੇ ਖੜ੍ਹੇ ਦੋਸਤਾਂ ਨੇ ਉਸ ਨੂੰ ਪਕੜ ਲਿਆ। ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸੂਰਜ ਨੂੰ ਹਸਪਤਾਲ ਵੱਲ ਵਾਪਿਸ ਲੈ ਜਾਇਆ ਜਾ ਚੁੱਕਾ ਸੀ ਅਤੇ ਹਾਲ ਵਿੱਚ ਲੋਕ ਦਿਲ ਖੋਲ੍ਹ ਕੇ ਦਾਨ ਦੇ ਰਹੇ ਸਨ।

ਪਰ ਉਹ ਤਾਂ ਪਿਛਲੇ ਸਾਲ ਦੀ ਗੱਲ ਸੀ, ਜਦ ਸੂਰਜ ਉਨ੍ਹਾਂ ਦੇ ਨਾਲ ਸੀ। ਹੁਣ ਤਾਂ ਕੇਵਲ ਸੂਰਜ ਦੀ ਫੋਟੋ ਸੀ ਅਤੇ ਸੂਰਜ ਵਾਲੀ ਥਾਂ ਗਲ ਵਿੱਚ ਢੋਲ ਪਾਈ ਜੀਤ ਖੜ੍ਹਾ ਸੀ। "ਹੁਣ ਢੋਲ ਨਾਲ ਜੀਤ ਤੁਹਾਡੇ ਸਨਮੁਖ ਹੈ," ਸਟੇਜ ਸੈਕਟਰੀ ਦੇ ਬੋਲ ਮਨਪ੍ਰੀਤ ਦੇ ਕੰਨੀਂ ਪਏ। "ਜੀਤ ਨੇ ਪਿਛਲੇ ਸਾਲ ਦੌਰਾਨ ਬਹੁਤ ਮੇਹਨਤ ਕੀਤੀ ਹੈ। ਇਸ ਵਾਰ ਇਸ ਨੂੰ ਬੱਚਿਆਂ ਦੀ ਟੀਮ ਵੀ ਤਿਆਰ ਕਰਨੀ ਪਈ ਜਿਹੜੀ, ਪਹਿਲਾਂ ਸੂਰਜ ਤਿਆਰ ਕਰਦਾ ਸੀ," ਸਟੇਜ ਸੈਕਟਰੀ ਬੋਲ ਰਿਹਾ ਸੀ।

ਮਨਪ੍ਰੀਤ ਨੇ ਸੂਰਜ ਦੀ ਫੋਟੋ ਵੱਲ ਵੇਖਿਆ ਉਸ ਨੂੰ ਲੱਗਾ ਜਿਵੇਂ ਸੂਰਜ ਉਸ ਨੂੰ ਕੁਝ ਆਖ ਰਿਹਾ ਹੋਵੇ। ਫਿਰ ਉਸ ਨੂੰ ਜੀਤ ਦੇ ਬੋਲ ਚੇਤੇ ਆਏ। ਉਸ ਕਿਹਾ ਸੀ, "ਮਨਪ੍ਰੀਤ, ਦੱਸ ਮੈਂ ਤੈਨੂੰ ਸੰਭਾਲਾਂ ਜਾਂ ਸੂਰਜ ਨਾਲ ਕੀਤਾ ਪ੍ਰੌਮੈਸ ਪੂਰਾ ਕਰਾਂ।  ਸੂਰਜ ਦੀ ਇੱਛਾ ਸੀ ਕਿ ਭੰਗੜੇ ਦੀਆਂ ਟੀਮਾਂ ਤਿਆਰ ਕਰਦਾ ਰਹਾਂ। ਪਰ ਜਦੋਂ ਮੈਂ ਘਰ ਨਹੀਂ ਹੁੰਦਾ ਤਾਂ ਤੇਰੀ ਚਿੰਤਾ ਖਾਂਦੀ ਰਹਿੰਦੀ ਹੈ ਕਿ ਕੀ ਪਤਾ ਕਿਵੇਂ ਹੋਵਂੇਗੀ। ਨਾ ਤੂੰ ਆਪਣੇ-ਆਪ ਕੁਝ ਖਾਵੇਂ-ਪੀਵੇਂ, ਨਾ ਕਿੱਧਰੇ ਜਾਵੇਂ। ਐਂ ਕਿਵੇਂ ਜਿੰæਦਗੀ ਚੱਲੂ?"

"ਕਾਹਦੇ ਪਿੱਛੇ ਜਿਉਣੈ ਹੁਣ?" ਮਨਪ੍ਰੀਤ ਦੀ ਆਵਾਜ਼ 'ਚ ਅੰਤਾਂ ਦਾ ਦਰਦ ਸੀ।

"ਸੂਰਜ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਲਈ,"

"ਮੇਰਾ ਨੀ ਜੀਅ ਕਰਦਾ ਕੁਝ ਕਰਨ ਨੂੰ," ਮਨਪ੍ਰੀਤ ਨੇ ਮਰੀ ਜਿਹੀ ਆਵਾਜ਼ 'ਚ ਕਿਹਾ।

ਮਨਪ੍ਰੀਤ ਦੇ ਕੰਨਾਂ ਨਾਲ ਢੋਲ ਦੀ ਆਵਾਜ਼ ਟਕਰਾਈ। ਹਾਲ ਵਿਚਲੀਆਂ ਰੋਸ਼ਨੀਆਂ ਮੱਧਮ ਹੋ ਗਈਆਂ। ਜੀਤ ਉੱਪਰ ਰੋਸ਼ਨੀ ਪੈ ਰਹੀ ਸੀ। ਉਹ ਅੱਖਾਂ ਮੀਚ ਢੋਲ ਵਜਾ ਰਿਹਾ ਸੀ। ਮਨਪ੍ਰੀਤ ਨੇ ਸੂਰਜ ਦੀ ਤਸਵੀਰ ਵੱਲ ਵੇਖਿਆ। ਉਸ ਨੂੰ ਲੱਗਾ ਜਿਵੇਂ ਸੂਰਜ ਆਖ ਰਿਹਾ ਹੋਵੇ, 'ਮੰਮ ਮੈਂ ਤੇਰਾ ਵੀ ਤਾਂ ਪੁੱਤ ਹਾਂ, ਕੀ ਸਾਰਾ ਕੰਮ ਡੈਡੀ ਦੇ ਹੀ ਉੱਪਰ ਸੁੱਟੇਂਗੀ? ਕੁਝ ਤੂੰ ਵੀ ਕਰੇਂਗੀ?' ਮਨਪ੍ਰੀਤ ਨੇ  ਆਪਣੀ ਨਜ਼ਰ ਸੂਰਜ ਦੀ ਤਸਵੀਰ ਤੋਂ ਪਾਸੇ ਕਰ ਲਈ। ਪਰ ਉਹ ਬਹੁਤੀ ਦੇਰ ਨਿਗ੍ਹਾ ਪਾਸੇ ਨਾ ਰੱਖ ਸਕੀ ਅਤੇ ਫਿਰ ਤਸਵੀਰ ਵੱਲ ਵੇਖਣ ਲੱਗੀ। ਇਸ ਵਾਰ ਉਸ ਨੂੰ ਲੱਗਾ ਜਿਵੇਂ ਸੂਰਜ ਉਸ ਵੱਲੋਂ  ਨਜ਼ਰਾਂ ਫੇਰ ਕੇ ਢੋਲ ਵਜਾ ਰਹੇ ਆਪਣੇ ਡੈਡੀ ਵੱਲ ਵੇਖ ਰਿਹਾ ਹੋਵੇ। ਮਨਪ੍ਰੀਤ ਤੋਂ ਇਹ ਬਰਦਾਸ਼ਤ ਨਾ ਹੋਇਆ। ਉਹ ਹੌਲੀ-ਹੌਲੀ ਉੱਠੀ ਅਤੇ ਉਸ ਨੇ ਸੂਰਜ ਦੀ ਤਸਵੀਰ ਕੋਲ ਪਿਆ ਢੋਲ ਚੁੱਕਿਆ, ਸੂਰਜ ਦੀ ਤਸਵੀਰ ਵੱਲ ਵੇਖਿਆ ਅਤੇ ਜੀਤ ਦੀ ਤਾਲ ਨਾਲ ਤਾਲ ਮਿਲਾਉਣ ਲੱਗੀ। ਢੋਲ ਵਜਾ ਰਹੀ ਮਨਪ੍ਰੀਤ ਦਾ ਚੇਹਰਾ ਦਗਣ ਲੱਗਾ, ਜਿਵੇਂ ਬੈਨਰ  ਤੋਂ ਉਦੇ ਹੋ ਰਹੇ ਸੂਰਜ ਦਾ ਚਿੱਤਰ ਸਟੇਜ 'ਤੇ ਖੜ੍ਹੀ ਮਨਪ੍ਰੀਤ ਦੇ ਸਿਰ 'ਤੇ ਆ ਟਿਕਿਆ ਹੋਵੇ।

samsun escort canakkale escort erzurum escort Isparta escort cesme escort duzce escort kusadasi escort osmaniye escort