ਗਦਰ ਸਤਾਬਦੀ ਨੂੰ ਸਪਰਪਿਤ ਸੈਮੀਨਾਰ (ਖ਼ਬਰਸਾਰ)


ਦਸੂਹਾ -- ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਰਜਿ: ਵੱਲੋ ਸਾਹਿਤ ਸਭਾ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੋਮੈਨ ਦੇ ਸਹਿਯੋਗ ਨਾਲ ਗ਼ਦਰ ਪਾਰਟੀ ਦੇ ਸੌਵੇ ਵਰ੍ਹੇ ਨੂੰ ਸਪਰਪਿੱਤ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਾਲਜ ਕੰਪਲੈਕਸ ਵਿਖੇ ਕੀਤਾ ਗਿਆ । ਇਸ ਦੀ ਪ੍ਰਧਾਨਗੀ ਪ੍ਰਿਸੀਪਲ ਮੈਡਮ ਨਰਿੰਦਰ ਕੌਰ ਘੁੰਮਣ , ਡਾ ਸੁਰਜੀਤ ਕੌਰ ਬਾਜਵਾ , ਸਾਹਿਤ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਇੰਦਰਜੀਤ ਕਾਜਲ ਦੇ ਭਾਵਪੂਰਤ ਗੀਤ ਨਾਲ ਕੀਤੀ ਗਈ । ਉਪਰੰਤ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਸੈਮੀਨਾਰ ਅੰਦਰ ਛੋਹੇ ਜਾਣ ਵਾਲੇ ਗ਼ਦਰ ਲਹਿਰ ਦੇ ਵਿਸ਼ੇ ਦੀ ਭੂਮਿਕਾ ਵੱਜੋ ਬੀਤੀ ਸਦੀ ਦੇ ਸ਼ੁਰੂ ਵਿਚਲੇ ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ ਜਿਹਨਾਂ ਕਰਕੇ ਆਰਥਿਕ ਪੱਖੋ ਕੰਗਾਲ ਹੋਈ ਕਿਸਾਨੀ ਨੁੰ ਵਿਦੇਸ਼ਾ ਵਿੱਚ ਪੁੱਜ ਕੇ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਕਮਰਕੱਸੇ ਕਰਨੇ ਪਏ । ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ ਵਰਿਆਮ ਸਿੰਘ ਸੰਧੂ ਜੋ ਦੇਸ਼ ਭਗਤ ਯਾਦਗਾਰੀ ਕਮੇਟੀ ਵੱਲੋ ਉਚੇਚੇ ਤੌਰ ਤੇ ਹਾਜ਼ਰ ਸਨ ਨੇ ਗ਼ਦਰ ਲਹਿਰ ਦੀ ਸਥਾਪਤੀ ਤੋ ਲੈ ਕੇ ਲਹਿਰ ਦੇ ਦੁੱਖਦਾਈ ਅੰਤ ਤੱਕ ਵਾਪਰੀਆਂ ਚੋਣਵੀਆਂ ਘਟਨਾਵਾਂ ਦਾ ਵਰਨਣ ਕਰਦਿਆਂ ਗ਼ਦਰੀ ਸੂਰਵੀਰਾਂ ਨੂੰ ਝੱਲਣੇ ਪਏ ਜ਼ਾਲਮਾਨਾ ਤਸ਼ਦੱਦਾਂ ਦੀ ਤਫ਼ਸੀਲ ਕਾਲਜ ਦੇ ਵਿਦਿਆਰਥੀਆਂ ਨਾਲ ਖਚਾ ਖਚ ਭਰੇ ਹਾਲ ਨਾਲ ਸਾਂਝੀ ਕੀਤੀ । ਉਹਨਾਂ ਵਿਦਿਆਰਥੀਆਂ ਨੂੰ ਆਪਣੇ ਸੁਨਿਹਰੀ ਵਿਰਸੇ ਨਾਲ ਜੁੜ ਕੇ ਆਪਣੇ ਭਵਿੱਖ ਦੀ ਦਿਸ਼ਾ ਨਿਰਦਾਰਿਤ ਕਰਨ ਦੀ ਸਲਾਹ ਵੀ ਦਿੱਤੀ । ਇਸ ਸਮੇ ਸਭਾ ਦੇ ਸੀਨੀਅਰ ਮੈਬਰ ਪ੍ਰੋ ਬਲਦੇਵ ਸਿੰਘ ਬੱਲੀ ਨੇ ਆਪਣੇ ਵਿਚਾਰ ਵੀ ਰੱਖੇ । ਇਸ ਸੈਮੀਨਾਰ ਦੀ ਮੁੱਖ ਪ੍ਰਬੰਧਕ ਡਾ ਰੁਪਿੰਦਰ ਕੌਰ ਗਿੱਲ ਅਤੇ ਡਾ ਰੁਪਿੰਦਰ ਕੌਰ ਰੰਧਾਵਾ ਵੱਲੋ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਮੈਬਰਾਂ ਦੇ ਸਹਿਯੋਗ ਨਾਲ ਪ੍ਰੋ ਵਰਿਆਮ ਸਿੰਘ ਸੰਧੂ ਨੂੰ ਕਾਲਜ ਵੱਲੋ ਸਨਮਾਨ ਚਿੰਨ ਵੀ ਦਿੱਤਾ । ਇਸ ਸੈਮੀਨਾਰ ਵਿੱਚ ਸੁਰਿੰਦਰ ਸਿੰਘ ਨੇਕੀ,ਮਾਸਟਰ ਕਰਨੈਲ ਸਿੰਘ ਨੇਮਨਾਮਾ,ਸੁਖਦੇਵ ਕੌਰ ਚਮਕ,ਗੁਰਇਕਬਾਲ ਸਿੰਘ ਬੋਦਲ,ਦਿਲਪ੍ਰੀਤ ਕਾਹਲੋ, ਜਗਜੀਤ ਸਿੰਘ ਬਲੱਗਣ , ਮੁਹਿੰਦਰ ਸਿੰਘ ਇੰਸਪੈਕਟਰ ਤੋ ਇਲਾਵਾ ਸਕੂਲ ਦੀਆਂ ਭਾਰੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ ।

Photo