ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ (ਪੁਸਤਕ ਪੜਚੋਲ )

ਸਰਬਜੋਤ ਕੌਰ (ਡਾ.)   

Email: sarabjotkaur@ymail.com
Address: 171-C ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਸਰਬਜੋਤ ਕੌਰ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ਦਾ ਨਾਂ  :  ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ 
ਲੇਖਿਕਾ  :  ਡਾ. ਕੁਲਵਿੰਦਰ ਕੌਰ ਮਿਨਹਾਸ
ਪੰਨੇ  :  ੨੦੦
ਕੀਮਤ  ੨੫੦ ਰੁਪਏ
ਪਬਲਿਸ਼ਰ  :  ਲਾਹੌਰ ਬੁੱਕ ਸ਼ਾਪ, ਲੁਧਿਆਣਾ ।

ਮਨੁੱਖ ਦੇ ਅਧਿਐਨ ਦਾ ਮੁੱਖ ਵਿਸ਼ਾ ਮਨੁੱਖ ਹੀ ਹੈ। ਉਹ ਮਨੁੱਖ ਨੂੰ ਵੀ ਪੜ੍ਹਦਾ ਹੈ ਤੇ ਮਨੁੱਖ ਬਾਰੇ ਵੀ ਪੜ੍ਹਦਾ ਹੈ। ਪਰ ਮਨੁੱਖ ਕੇਵਲ ਅਧਿਐਨ ਹੀ ਨਹੀਂ ਕਰਦਾ ਸਗੋਂ ਉਹ ਜੋ ਵੀ ਪੜ੍ਹਦਾ ਹੈ, ਜੋ ਵੀ ਗ੍ਰਹਿਣ ਕਰਦਾ ਹੈ, ਉਸ ਨੂੰ ਸੰਸਾਰ ਵਿਚ ਵੰਡਣਾ ਵੀ ਚਾਹੁੰਦਾ ਹੈ। ਵਿਸ਼ੇਸ਼ ਕਰਕੇ ਉਸ ਨੂੰ, ਜਿਸ ਤੋਂ ਉਹਨੇ ਕੁਝ ਖ਼ਾਸ ਸਿੱਖਆ ਹੁੰਦਾ ਹੈ। ਪਰੰਤੂ ਐਸਾ ਹੁੰਦਾ ਉਦੋਂ ਹੀ ਹੈ ਜਦੋਂ ਸਿਖਿਆ ਪ੍ਰਾਪਤ ਕਰਨ ਵਾਲਾ ਆਪਣੇ ਵਿਚ ਕੋਈ ਕ੍ਰਾਂਤੀਕਾਰੀ ਤਬਦੀਲੀ ਮਹਿਸੂਸ ਕਰੇ। ਇਕ ਪਾਸੇ ਰਚਨਾ ਹੁੰਦੀ ਹੈ ਤੇ ਦੂਜੇ ਪਾਸੇ ਰਚਨਾ ਤੋਂ ਸਿਖਿਆ ਪ੍ਰਾਪਤ ਕਰਨ ਵਾਲਾ ਪਾਠਕ। ਰਚਨਾ ਵਿਚ ਰਚੈਤਾ ਦੀ ਝਲਕ ਮਹਿਸੂਸ ਕਰਕੇ ਪਾਠਕ ਰਚੈਤਾ ਦਾ ਪ੍ਰਸੰਸ਼ਕ ਬਣ ਜਾਂਦਾ ਹੈ। ਫਿਰ ਉਹ ਰਚਨਾ ਦੇ ਨਾਲ ਨਾਲ ਰਚੈਤਾ ਨੂੰ ਵੀ ਮਨ ਵਿਚ ਵਸਾ ਲੈਂਦਾ ਹੈ ਅਤੇ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਆਪਣੇ ਪੱਥ ਪ੍ਰਦਰਸ਼ਕ ਬਾਰੇ ਦਸਣਾ ਚਾਹੁੰਦਾ ਹੈ ।
ਕੁਝ ਅਜਿਹਾ ਹੀ ਹੋਇਆ ਹੈ 'ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ' ਦੀ ਰਚੈਤਾ ਡਾ. ਕੁਲਵਿੰਦਰ ਕੌਰ ਮਿਨਹਾਸ ਨਾਲ। ਡਾਕਟਰ ਸਾਹਿਬਾ ਨੇ ਛੋਟੀ ਉਮਰ ਤੋਂ ਹੀ ਗੁਰਬਾਣੀ ਪੜ੍ਹਣ, ਗੁਰਬਾਣੀ ਦਾ ਉਤਾਰਾ ਕਰਨ, ਗੁਰਬਾਣੀ ਨੂੰ ਸੁੰਦਰ ਲਿਖਾਈ ਵਿਚ ਲਿਖਣ ਦਾ ਅਭਿਆਸ ਕੀਤਾ। ਗੁਰਬਾਣੀ ਦੁਆਰਾ ਦਰਸਾਏ ਆਦਰਸ਼ਾਂ ਨੇ ਆਪ ਨੂੰ ਪ੍ਰਭਾਵਿਤ ਕੀਤਾ ਅਤੇ ਆਪ ਇਸ ਦੇ ਰਚੈਤਾ ਬਾਰੇ ਪੜ੍ਹਣ ਲਈ ਪ੍ਰੇਰਿਤ ਹੋਏ। ਸਮਾਂ ਮਿਲਦਿਆਂ ਹੀ ਆਪ ਨੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਬਾਰੇ ਗੰਭੀਰ ਅਧਿਐਨ ਕੀਤਾ। ਇਤਿਹਾਸ ਪੜ੍ਹਿਆ, ਪੜ੍ਹੇ ਨੂੰ ਵਿਚਾਰਿਆ ਤੇ ਜ਼ਿੰਦਗੀ ਵਿਚ ਢਾਲਣ ਦਾ ਯਤਨ ਕੀਤਾ। ਆਪ ਦੀਆਂ ਬਹੁਤੀਆਂ ਰਚਨਾਵਾਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਰਗ, ਜਿਸ ਵਿਚ ਨੈਤਿਕਤਾ ਦਾ ਇਕ ਵਿਸ਼ੇਸ਼ ਮਹੱਤਵ ਹੈ, ਦਾ ਸੰਦੇਸ਼ ਦੇਂਦੀਆਂ ਹਨ। ਨੈਤਿਕਤਾ ਜਦੋਂ ਸਮਾਜਕ ਧਰਾਤਲ ਤੇ ਕੰਮ ਕਰਦੀ ਹੈ ਤਾਂ ਉਹ ਅਧਿਆਤਮਕਤਾ ਹੀ ਹੁੰਦੀ ਹੈ। 'ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ' ਦੇ ਸਾਰੇ ਲੇਖ ਕਿਸੇ ਨਾ ਕਿਸੇ ਰੂਪ ਵਿਚ ਨੈਤਿਕਤਾ ਨਾਲ ਜੁੜੇ ਹੋਣ ਕਰਕੇ ਸੁਭਾਅ ਵਿਚ ਅਧਿਆਤਮਕ ਹਨ।
ਪੁਸਤਕ ਵਿਚ ਕੁਲ ਸਤਾਰਾਂ ਲੇਖ ਹਨ। ਸਾਰੇ ਲੇਖਾਂ ਵਿਚ ਦਸਮ ਪਿਤਾ ਦੀ ਸ਼ਖ਼ਸੀਅਤ ਦੇ ਕਿਸੇ ਨਾ ਕਿਸੇ ਪਹਿਲੂ ਨੂੰ ਉਭਾਰਿਆ ਗਿਆ ਹੈ। ਪਰ ਜਿਵੇਂ ਕਿ ਪੁਸਤਕ ਦਾ ਨਾਮ ਹੀ ਦਸਦਾ ਹੈ ਲੇਖਿਕਾ ਨੂੰ ਜ਼ਿੰਦਗੀ ਦੇ ਹਰ ਪੜਾਅ ਤੇ ਗੁਰੁ ਸਾਹਿਬ ਆਪਣੇ ਅੰਗ ਸੰਗ ਪ੍ਰਤੀਤ ਹੁੰਦੇ ਹਨ, ਇਸ ਲਈ ਪੁਸਤਕ ਦਾ ਹਰ ਲੇਖ ਗੁਰੂ ਸਹਿਬ ਦੇ ਜੀਵਨ ਬ੍ਰਿਤਾਂਤ ਦੇ ਨਾਲ ਨਾਲ ਲੇਖਿਕਾ ਦੇ ਜੀਵਨ ਦੇ ਵਿਸ਼ੇਸ਼ ਪੱਖ ਵੀ ਪੇਸ਼ ਕਰ ਜਾਂਦਾ ਹੈ। ਆਪਣੇ ਵਿਅਕਤਿਤਵ ਦਾ ਪ੍ਰਗਟਾਵਾ ਕਰਨ ਨਾਲ ਲੇਖਿਕਾ ਸਹਿਜੇ ਹੀ ਪਾਠਕ ਨਾਲ ਨੇੜਤਾ ਬਣਾ ਲੈਂਦੀ ਹੈ ਅਤੇ ਪਾਠਕ ਲੇਖਿਕਾ ਦੁਆਰਾ ਦੱਸੀ ਗਈ ਹਰ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ  ਉਸ ਦੇ ਨਾਲ ਤੁਰਿਆ ਜਾਂਦਾ ਹੈ। ਪੁਸਤਕ ਦਾ ਹਰ ਲੇਖ ਜਾਂ ਤਾਂ ਗੁਰੂ ਸਾਹਿਬ ਦੇ ਜੀਵਨ ਦੇ ਕਿਸੇ ਪਹਿਲੂ ਤੋਂ ਸ਼ੁਰੂ ਹੁੰਦਾ ਹੈ ਜਾਂ ਫਿਰ ਲੇਖਿਕਾ ਦੇ ਆਪਣੇ ਜੀਵਨ ਦੀ ਕਿਸੇ ਘਟਨਾ ਨਾਲ। ਲੇਖ 'ਵਿਦਿਆ ਦੇ ਚਾਨਣ ਮੁਨਾਰੇ' ਵਿਚ ਗੁਰੂ ਸਾਹਿਬ ਦੇ ਵਿਦਿਆ ਨਾਲ ਪ੍ਰੇਮ, ਵਿਦਿਆ ਦੇ ਮਹੱਤਵ ਨੂੰ ਸਮਝਦਿਆਂ ਦੂਰੋਂ ਦੂਰੋਂ ਵਿਦਵਾਨਾਂ ਨੂੰ ਆਨੰਦਪੁਰ ਆਉਣ ਦਾ ਸੱਦਾ ਦੇਣ ਅਤੇ ਹਰ ਉੱਚੀ ਨੀਵੀਂ ਜ਼ਾਤ ਦੇ ਮਨੁੱਖ ਨੂੰ ਵਿਦਿਆ ਪ੍ਰਾਪਤੀ ਦਾ ਅਧਿਕਾਰ ਦੇਣ ਦੀ ਗੱਲ ਕਰਦਿਆਂ ਲੇਖਿਕਾ ਦੀਆਂ ਅੱਖਾਂ ਅੱਗੇ ਅੱਜ ਦੇ ਵਿਦਿਅਕ ਅਦਾਰਿਆਂ ਵਿਚ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਅਤੇ ਮੈਂਨਜਮੈਂਟ ਰਾਹੀਂ ਅਧਿਆਪਕਾਂ ਦੇ ਸ਼ੋਸ਼ਣ ਦੀ ਉਭਰਦੀ ਤਸਵੀਰ ਅਣਜਾਣੇ ਹੀ ਆਪਣੇ ਯੁੱਗ ਦੀ ਛਾਪ ਛੱਡ ਜਾਂਦੀ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਹੁੰਦੀਆਂ ਵਧੀਕੀਆਂ ਤੋਂ ਕੌਣ ਜਾਣੂ ਨਹੀਂ? ਲੇਖਿਕਾ ਕਿਉਂ ਕਿ ਆਪ ਵੀ ਅਧਿਆਪਕ ਅਤੇ ਪ੍ਰਿੰਸੀਪਲ ਰਹੀ ਹੈ, ਇਸ ਲਈ ਇਸ ਸਾਰੇ ਦਾ ਉਸ ਨੂੰ ਨਿਜੀ ਤਜਰਬਾ ਹੈ। ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਣ ਲਈ ਮਜਬੂਰ ਕਰਨਾ, ਰਿਸ਼ਵਤ ਲੈ ਕੇ ਨੰਬਰ ਲਗਾਉਣਾ ਤੇ ਮੈਂਨਜਮੈਂਟ ਦਾ ਜ਼ਿਆਦਾ ਕੰਮ ਲੈ ਕੇ ਘਟ ਤਨਖ਼ਾਹ ਦੇਣਾ ਅੱਜ ਦੇ ਵਿਦਿਅਕ ਅਦਾਰਿਆਂ ਦੀ ਇਕ ਕੁਹਜੀ ਤਸਵੀਰ ਹੈ। ਪੁਸਤਕ ਵਿਚ ਜਿਥੇ ਇਸ ਸਭ ਦਾ ਬਾਖ਼ੂਬੀ ਚਿਤਰਣ ਕੀਤਾ ਗਿਆ ਹੈ ਉਥੇ ਲੇਖਿਕਾ ਦਾ ਇਹਨਾਂ ਬੀਮਾਰੀਆਂ ਖ਼ਿਲਾਫ਼ ਲੜਨਾ, ਉਸ ਦੇ ਚਰਿਤਰ ਦੇ ਖ਼ੂਬਸੂਰਤ ਪੱਖ ਨੂੰ ਪੇਸ਼ ਕਰਦਾ ਹੈ। ਉਹ ਰਿਸ਼ਵਤ ਦੇਣ ਵਾਲੇ ਮਾਪਿਆਂ ਨੂੰ ਸਮਝਾਉਂਦੀ ਤੇ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਲਈ ਮੈਂਨਜਮੈਂਟ ਨਾਲ ਆਢਾ ਲਾਉਂਦੀ ਹੈ। ਆਪਣੀ ਨੌਕਰੀ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਮੈਨਜਮੈਂਟ ਨੂੰ ਇਕ ਲੰਮੀ ਚੌੜੀ ਚਿੱਠੀ ਲਿਖ ਕੇ ਉਨ੍ਹਾਂ ਦੀਆਂ ਤਰੁੱਟੀਆਂ ਵਲ ਧਿਆਨ ਦਿਵਾਉਂਦੀ ਹੈ। ਆਪ ਕੰਡਿਆਲੇ ਰਾਹਾਂ ਤੇ ਚਲ ਕੇ ਵੀ ਦੂਜਿਆਂ ਲਈ ਫੁੱਲ ਬਖੇਰਦੀ ਹੈ। ਜ਼ਫ਼ਰਨਾਮੇ ਦਾ ਸਿੱਧਾ ਪ੍ਰਭਾਵ ਕਬੂਲਦੇ ਹੋਏ ਪੁਸਤਕ ਦੇ ਪੰਨਾ ੧੦੩ ਉਪਰ ਲਿਖਦੀ ਹੈ : 
ਬਹੁਤ ਸਾਰੇ ਪ੍ਰਾਈਵੇਟ ਤੇ ਐਫ਼ਲੀਏਟਿਡ ਸਕੂਲਾਂ ਦੀਆਂ ਕਮੇਟੀਆਂ ਔਰੰਗਜ਼ੇਬ ਤੋਂ ਘੱਟ ਨਹੀਂ ਹਨ, 
ਦੂਸਰਿਆਂ ਦੇ ਹੱਕ ਮਾਰ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾ ਕੇ ਜਿਥੇ ਆਪਣੀਆਂ ਤਿਜੌਰੀਆਂ ਭਰਦੀਆਂ ਹਨ 
ਉਥੇ ਚਾਰ ਦਿਨ ਦੀ ਝੂਠੀ ਖ਼ੁਸ਼ੀ ਵੀ ਪ੍ਰਾਪਤ ਕਰਦੀਆਂ ਹਨ। ਇਸ ਪ੍ਰਕਾਰ ਦੇ ਲੋਕ ਇਹ ਨਹੀਂ ਸੋਚਦੇ 
ਕਿ ਜਿੰਨੇ ਮਰਜ਼ੀ ਲੱਖਾਂ, ਅਰਬਾਂ, ਕਰੋੜਾਂ ਜੋੜੀ ਜਾਈਏ, ਜਾਂਦੇ ਵਕਤ ਤਾਂ ਖ਼ਾਲੀ ਹੱਥ ਹੀ ਜਾਣਾ
ਪੈਂਦਾ ਹੈ।
ਇਸੇ ਤਰ੍ਹਾਂ 'ਰਣਜੀਤ ਨਗਾਰਾ-ਚੜ੍ਹਦੀ ਕਲਾ ਦਾ ਪ੍ਰਤੀਕ' ਵਿਚ ਉਹਨੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਨੂੰ ਇਕ ਰੂਪ ਦਸਦੇ ਹੋਏ ਦੋਹਾਂ ਦੁਆਰਾ ਜ਼ੁਲਮ ਦੇ ਖ਼ਿਲਾਫ਼ ਉਠਾਈ ਆਵਾਜ਼ ਤੇ ਗੁਲਾਮੀ ਦਾ ਚੂਲਾ ਲਾਹੁਣ ਦੀ ਗੱਲ ਕੀਤੀ ਹੈ। ਜੇ ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਦੱਸਿਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮੇ ਰਾਹੀਂ ਫਿਟਕਾਰਾਂ ਪਾਈਆਂ। ਔਰੰਗਜ਼ੇਬ ਦੇ ਗੱਦੀ ਤੇ ਬੈਠਣ ਤੋਂ ਬਾਅਦ ਜਦੋਂ ਜ਼ੁਲਮ ਦੀ ਅੱਤ ਹੋਣ ਲੱਗੀ ਤਾਂ ਮਸੰਦਾਂ ਦੇ ਸਿੱਖੇ ਸਿਖਾਏ ਕੁਝ ਸਿੱਖਾਂ ਨੇ ਮਾਤਾ ਗੁਜਰੀ ਜੀ ਕੋਲ ਬੇਨਤੀ ਕੀਤੀ ਕਿ ਗੁਰੂ ਜੀ ਨੂੰ ਜੰਗ ਕਰਨ ਤੋਂ ਰੋਕਿਆ ਜਾਏ। ਜਦੋਂ ਮਾਤਾ ਗੁਜਰੀ ਜੀ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਫ਼ੁਰਮਾਇਆ :
ਮਾਂ, ਇਨ੍ਹਾਂ ਮਸੰਦਾਂ ਦੀ ਆਤਮਾ ਪੂਜਾ ਧਾਨ ਖਾ ਕੇ ਮਲੀਨ ਹੋ ਗਈ ਹੈ। ਇਹ ਆਲਸੀ ਤੇ ਵਿਹਲੜ ਹੋ
ਗਏ ਹਨ। ਔਰੰਗਜ਼ੇਬ ਚਾਹੁੰਦਾ ਹੈ ਕਿ ਲੋਕ ਅਧੀਨਗੀ ਭਾਵ ਵਿਚ ਵਿਚ ਵਿਚਰਨ, ਸਿਰ ਨਿਵਾ ਕੇ ਟੁਰਨ।
ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਜੋ ਸਦਾ ਸਿਰ ਉੱਚਾ ਕਰਕੇ ਟੁਰਨਗੇ। ਉਹ ਘੋੜਿਆਂ 'ਤੇ ਚੜ੍ਹਨ ਦੀ ਮਨਾਹੀ
ਕਰ ਰਿਹਾ ਹੈ ਮੈਂ ਸ਼ਾਹ ਸਵਾਰ ਬਣਾਵਾਂਗਾ। ਉਹ ਮੰਦਰਾਂ ਤਕ ਸੰਖ ਵਜਾਉਣ ਤੋਂ ਰੋਕ ਰਿਹਾ ਹੈ, ਮੈਂ ਰਣਜੀਤ
ਨਗਾਰਾ ਵਜਾਵਾਂਗਾ।
ਤੇ ਗੁਰੂ ਸਾਹਿਬ ਨੇ ਜੋ ਕਿਹਾ, ਉਹ ਕਰ ਵਿਖਾਇਆ। ਗੁਰੂ ਸਾਹਿਬ ਜਦੋਂ ਵੀ ਦਰਬਾਰ ਲਗਾਉਣ ਲਈ ਜਾਂਦੇ ਤਾਂ ਰਣਜੀਤ ਨਗਾਰਾ ਵਜਦਾ। ਦਰਬਾਰ ਲਗਾ ਕੇ ਵਾਪਸ ਆਉਂਦੇ ਤਾਂ ਰਣਜੀਤ ਨਗਾਰਾ ਵਜਦਾ। ਲੇਖਿਕਾ ਨੂੰ ਰਣਜੀਤ ਨਗਾਰਾ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਪ੍ਰੇਰਦਾ ਲਗਦਾ ਹੈ। ਆਤਮ ਬਲ ਬਖ਼ਸ਼ਦਾ ਲਗਦਾ ਹੈ। ਗੁਲਾਮੀ ਭਰਿਆ ਜੀਵਨ ਜੀਣ ਤੋਂ ਹੋੜਦਾ ਲਗਦਾ ਹੈ। ਇਸੇ ਲਈ ਜਦੋਂ ਸੰਨ ੧੯੮੪ ਵਿਚ ਸੰਤ ਹਰਚੰਦ ਸਿੰਘ ਲੋਂਗੋਵਾਲ ਵੱਲੋਂ 'ਧਰਮ ਯੁੱਧ ਮੋਰਚਾ' ਲਗਾਇਆ ਗਿਆ ਤਾਂ ਲੇਖਿਕਾ ਨੇ 'ਅਵਰ ਵਾਸਨਾ ਨਾਹਿ ਮੋਹਿ ਧਰਮ ਜੁਧਿ ਕੈ ਚਾਇ' ਦੇ ਆਦਰਸ਼ ਤੇ ਚਲਦਿਆਂ ਛੋਟੀ ਉਮਰ ਵਿਚ ਜੇਲ੍ਹ ਯਾਤਰਾ ਕੀਤੀ। ਜੇਲ੍ਹ ਦੀਆਂ ਤਕਲੀਫ਼ਾਂ ਝਲਦਿਆਂ ਦਸ਼ਮੇਸ਼ ਪਿਤਾ ਨੂੰ ਅੰਗ ਸੰਗ ਸਮਝਿਆ ਤੇ ਖਿੜੇ ਮੱਥੇ ਤਕਲੀਫ਼ਾਂ ਸਹੀਆਂ। ਸਮੁੱਚਾ ਲੇਖ ਜਿਥੇ ਗੁਰੂ ਸਾਹਿਬ ਦੁਆਰਾ ਜ਼ੁਲਮ ਦਾ ਡੱਟ ਕੇ ਸਾਹਮਣਾ ਕਰਨ ਦਾ ਆਦਰਸ਼ ਪੇਸ਼ ਕਰਦਾ ਹੈ ਉਥੇ ਲੇਖਿਕਾ ਦੁਆਰਾ ਉਸ ਆਦਰਸ਼ ਤੇ ਚਲਣ ਦੀ ਤਸਵੀਰ ਵੀ ਪੇਸ਼ ਕਰਦਾ ਹੈ।  
ਇਸੇ ਤਰ੍ਹਾਂ ਪੁਸਤਕ ਦੇ ਬਾਕੀ ਲੇਖਾਂ ਵਿਚ ਵੀ ਲੇਖਿਕਾ ਆਪਣੇ ਜੀਵਨ ਵਿਚ ਆਏ ਉਤਰਾਅ-ਚੜ੍ਹਾਅ ਦਾ ਜ਼ਿਕਰ ਕਰਦੀ ਹੈ ਤੇ ਜੇ ਕਦੀ ਉਹ ਡੋਲਦੀ ਵੀ ਹੈ (ਖਾਸ ਕਰ ਆਪਣੇ ਦਾਦੀ ਜੀ ਅਤੇ ਪਿਤਾ ਜੀ ਦੇ ਚਲਾਣੇ ਵੇਲੇ) ਤਾਂ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਉਸ ਨੂੰ ਹਿੰਮਤ ਬਖ਼ਸ਼ ਕੇ ਸਾਬਤ ਕਦਮੀਂ ਜ਼ਿੰਦਗੀ ਜੀਊਣ ਦੀ ਪ੍ਰੇਰਨਾ ਦੇਂਦੇ ਹਨ। ਪੁਸਤਕ ਦਾ ਹਰ ਲੇਖ, ਚਾਹੇ ਉਹ ਬੰਦਾ ਬਹਾਦਰ ਬਾਰੇ ਹੈ, ਚਾਹੇ ਛੋਟੇ ਸਾਹਿਬਜ਼ਾਦਿਆਂ ਬਾਰੇ ਤੇ ਚਾਹੇ ਚਾਲੀ ਮੁਕਤਿਆਂ ਬਾਰੇ, ਲੇਖਿਕਾ ਦੀ ਦਸਮ ਪਿਤਾ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ। ਲੇਖਿਕਾ ਦੇ ਵਿਅਕਤਿਤਵ ਉਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਛਾਪ ਸਪਸ਼ਟ ਨਜ਼ਰ ਆਉਂਦੀ ਹੈ। ਲੇਖਿਕਾ ਦਾ ਝੁੱਗੀਆਂ ਝੌਂਪੜੀਆਂ ਵਿਚ ਜਾ ਕੇ ਉਨ੍ਹਾਂ ਦਾ ਦਰਦ ਵੰਡਾਉਣਾ, ਬੱਚਿਆਂ ਨੂੰ ਕੁਲਫ਼ੀ ਲੈ ਕੇ ਦੇਣਾ ਆਦਿ ਸਿੱਖੀ ਦੇ ਮਾਨਵਤਾਵਾਦੀ ਅਸੂਲਾਂ ਦੀ ਪਾਲਣਾ ਹੀ ਤਾਂ ਹੈ। ਉਸ ਨੂੰ ਉਨ੍ਹਾਂ ਝੁੱਗੀਆਂ ਵਿਚ ਜ਼ਿੰਦਗੀ ਧੜਕਦੀ ਨਜ਼ਰ ਆਉਂਦੀ ਹੈ ਜਿਥੇ ਕੁੱਤਾ, ਬਿੱਲੀ, ਗਾਂ, ਤੋਤਾ,ਰੁੱਖ ਸਭ ਬੜੇ ਅਰਾਮ ਨਾਲ ਇਕੱਠੇ ਰਹਿ ਰਹੇ ਹਨ। ਉਥੇ ਸਫ਼ਾਈ ਨਹੀਂ ਪਰ ਸਭ ਦੇ ਇਕੱਠਿਆਂ ਰਹਿਣ ਦੀ ਖ਼ੁਸ਼ਬੂ ਫੈਲੀ ਹੋਈ ਹੈ। ਜੋ ਥਾਂ ਹੋਰਨਾਂ ਨੂੰ ਚੋਰ ਉੱਚਕਿਆਂ ਤੇ ਗੰਦਗੀ ਫੈਲਾਉਣ ਵਾਲਿਆਂ ਦੀ ਲਗਦੀ ਹੈ ਉਹ ਲੇਖਿਕਾ ਲਈ ਰੂਹ ਨੂੰ ਪ੍ਰਸੰਨ ਕਰਨ ਵਾਲੀ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਮਾਨਵੀ ਅਜ਼ਾਦੀ ਤੇ ਬਰਾਬਰੀ ਦੇ ਹੱਕਾਂ ਦਾ ਜੋ ਸੰਦੇਸ਼ ਦਿੱਤਾ, ਲੇਖਿਕਾ ਉਸ ਨੂੰ ਜੀਊਂਦੀ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦੇ ਘਰ ਉਸ ਦਾ ਆਉਣ ਜਾਣ ਸੀ ਤੇ ਸਭ ਦੇ ਘਰੋਂ ਉਸ ਨੂੰ ਸਤਿਕਾਰ ਪ੍ਰਾਪਤ ਹੋਇਆ। ਇਕ ਹਿੰਦੂ ਗਰੀਬ ਯਤੀਮ ਸਹੇਲੀ ਉਸ ਨੂੰ ਘਰ ਲਿਜਾ ਕੇ ਰੋਟੀ ਖੁਆਉਂਦੀ ਹੈ। ਇਕ ਬੰਗਾਲਣ ਸਹੇਲੀ ਉਸ ਨੂੰ ਅਤਿ ਦਾ ਪਿਆਰ ਕਰਦੀ ਅਤੇ ਮਾਪਿਆਂ ਨੂੰ ਮਿਲਾਉਣ ਦੀ ਇੱਛੁਕ ਹੈ। ਲੇਖਿਕਾ ਇਸ ਸਾਰੇ ਪਿਛੇ ਅੰਮ੍ਰਿਤ ਦੀ ਕਰਾਮਾਤ ਤੇ ਗੁਰੂ ਸਾਹਿਬ ਦਾ ਹੱਥ ਆਪਣੇ ਸਿਰ ਤੇ ਮਹਿਸੂਸ ਕਰਦੀ ਹੈ। ਅੰਮ੍ਰਿਤ ਛਕਣ ਵੇਲੇ ਮਹਿਸੂਸ ਕੀਤੀ ਗੁਰੂ ਸਾਹਿਬ ਦੀ ਹੋਂਦ ਉਸ ਨੂੰ ਹਰ ਪਲ ਮਹਿਸੂਸ ਹੁੰਦੀ ਹੈ। ਲੇਖਿਕਾ ਦੇ ਆਪਣੇ ਸ਼ਬਦਾਂ ਵਿਚ:
ਮੈਂ ਆਪਣੇ ਖਾਨਦਾਨ ਵਿਚ ਅੰਮ੍ਰਿਤ ਛਕਣ ਵਾਲੀ ਪਹਿਲੀ ਲੜਕੀ ਸੀ ਜਿਸ ਨੇ ਗੁਰੂ ਸਾਹਿਬ ਦੇ ਜੀਵਨ 
ਤੋਂ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਿਆ। ਜਦੋਂ ਪੰਜ ਪਿਆਰੇ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਉਨ੍ਹਾਂ ਵਿਚੋਂ  
ਉਸ ਵੇਲੇ ਮੈਂ ਪ੍ਰਤੱਖ ਕਲਗੀਧਰ ਪਿਤਾ ਦੇ ਦਰਸ਼ਨ ਕਰ ਰਹੀ ਸੀ। ਮੇਰਾ ਮਸਤਕ ਵਾਰ ਵਾਰ ਉਨ੍ਹਾਂ ਅੱਗੇ 
ਝੁੱਕ ਰਿਹਾ ਸੀ। ਮੇਰਾ ਰੋਮ ਰੋਮ ਉਨ੍ਹਾਂ ਦਾ ਸ਼ੁਕਰਗੁਜ਼ਾਰ ਸੀ ਜੋ ਉਨ੍ਹਾਂ ਵਿਚੋਂ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੀ।
ਕੁਝ ਲੇਖਾਂ ਵਿਚ ਲੇਖਿਕਾ ਇਕ ਸਫ਼ਰਨਾਮਾ ਲੇਖਕ ਦੇ ਰੂਪ ਵਿਚ ਵੀ ਸਾਹਮਣੇ ਆਉਂਦੀ ਹੈ। ਪਹਿਲੇ ਹੀ ਲੇਖ 'ਆਨੰਦ ਸਚਖੰਡ ਦਾ' ਵਿਚ ਉਸਦਾ ਆਪਣੀ ਹਜ਼ੂਰ ਸਾਹਿਬ ਦੀ ਯਾਤਰਾ ਦਾ ਮਿਤੀਆਂ, ਸਮਾਂ, ਵਾਤਾਵਰਣ ਚਿਤਰਣ, ਅੰਮ੍ਰਿਤ ਵੇਲੇ ਸਚਖੰਡ ਵਿਚ ਅਰਦਾਸ ਵੇਲੇ ਦਾ ਨਜ਼ਾਰਾ, ਗਾਗਰੀਆ ਹਰਦਿਆਲ ਸਿੰਘ ਦਾ ਗੋਦਾਵਰੀ ਤੋਂ ਸੰਗਤ ਸਮੇਤ ਅੰਗੀਠਾ ਸਾਹਿਬ ਨੂੰ ਇਸ਼ਨਾਨ ਕਰਵਾਉਣ ਲਈ ਜਲ ਲਿਆਉਣ ਦਾ ਦ੍ਰਿਸ਼ ਆਦਿ ਦਾ ਵਰਣਨ ਪਾਠਕ ਨੂੰ ਨਾਲ ਲੈ ਤੁਰਦਾ ਹੈ। ਪੁਸਤਕ ਵਿਚ ਥਾਂ ਪਰ ਥਾਂ ਪੇਸ਼ ਦ੍ਰਿਸ਼ ਚਿਤਰਣ ਪੁਸਤਕ ਨੂੰ ਸਜੀਵਤਾ ਬਖ਼ਸ਼ਦਾ ਹੈ। ਵਿਸ਼ੇਸ਼ਤਾ ਇਹ ਹੈ ਕਿ ਇਸ ਸਾਰੇ ਚਿਤਰਣ ਵਿਚ ਗੁਰੂ ਸਾਹਿਬ ਸਿੱਧੇ ਅਸਿੱਧੇ ਰੂਪ ਵਿਚ ਹਾਜ਼ਰ ਹਨ ਅਤੇ ਥਾਂ ਪਰ ਥਾਂ ਗੁਰਬਾਣੀ ਦੇ ਹਵਾਲਿਆਂ ਨਾਲ ਸਿੱਖ ਆਦਰਸ਼ਾਂ ਦੀ ਵਿਆਖਿਆ ਕੀਤੀ ਗਈ ਹੈ। 
ਹੱਥਲੀ ਪੁਸਤਕ ਦੇ ਸਿਰਲੇਖ ਦੇ ਦੋ ਹਿੱਸੇ ਹਨ – ਇਕ ਦਸ਼ਮੇਸ਼ ਪਿਤਾ ਤੇ ਦੂਜਾ ਮੇਰੇ ਅੰਗ ਸੰਗ। ਲੇਖਿਕਾ ਦੋਹਾਂ ਨੂੰ ਨਿਭਾਉਣ ਵਿਚ ਸਫ਼ਲ ਰਹੀ ਹੈ। ਪੁਸਤਕ ਜਿਥੇ ਲੇਖਿਕਾ ਦੇ ਜੀਵਨ ਦੇ ਵਿਭਿੰਨ ਪਹਿਲੂ ਅਤੇ ਉਨ੍ਹਾਂ ਉਤੇ ਗੁਰੂ ਸਾਹਿਬ ਦੀ ਛਾਪ ਪੇਸ਼ ਕਰਦੀ ਹੈ ਉਥੇ ਦਸਮ ਪਿਤਾ ਦੇ ਮਹਾਨ ਵਿਅਕਤਿਤਵ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਮਹਾਨ ਕਾਰਜਾਂ ਨੂੰ ਵੀ ਉਭਾਰਦੀ ਹੈ। ਪਾਠਕ ਇਸ ਪੁਸਤਕ ਵਿਚੋਂ ਗੁਰੂ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਭਰਪੂਰ ਜਾਣਕਾਰੀ ਹਾਸਲ ਕਰਦਾ ਹੈ। ਰਣਜੀਤ ਨਗਾਰੇ ਦੀ ਸਥਾਪਤੀ, ਅੰਮ੍ਰਿਤ ਸੰਚਾਰ, ਪੰਜ ਕਕਾਰ, ਸਰਬੰਸ ਵਾਰਨਾ, ਸਾਹਿਤ ਰਚਨਾ, ਸਾਹਿਤਕਾਰਾਂ ਦਾ ਸਤਿਕਾਰ, ਚਮਕੌਰ ਦੇ ਯੁੱਧ ਪਿਛੋਂ ਮਾਛੀਵਾੜੇ ਦੇ ਜੰਗਲਾਂ ਦੀਆਂ ਤਕਲੀਫ਼ਾਂ, ਚਾਲੀ ਮੁਕਤੇ, ਬੰਦਾ ਬਹਾਦਰ, ਮਾਤਾ ਗੁਜਰੀ ਆਦਿ ਦਾ ਵਿਸਥਾਰ ਪੂਰਵਕ ਵਰਨਣ ਇਸ ਪੁਸਤਕ ਨੂੰ ਇਤਿਹਾਸ ਦੀ ਪੁਸਤਕ ਬਣਾ ਦੇਂਦਾ ਹੈ। ਪਰ ਇਹ ਕੇਵਲ ਇਤਿਹਾਸ ਨਹੀਂ ਸਗੋਂ ਇਸ ਤੋਂ ਵੱਧ ਵੀ ਕੁਝ ਹੈ ਕਿਉਂ ਕਿ ਇਤਿਹਾਸ ਵਿਚ ਘਟਨਾਵਾਂ ਦਾ ਕੇਵਲ ਬਿਆਨ ਹੀ ਹੁੰਦਾ ਹੈ ਪਰ ਇਸ ਪੁਸਤਕ ਵਿਚ ਘਟਨਾਵਾਂ ਪਿਛੇ ਕੰਮ ਕਰ ਰਹੀ ਵਿਚਾਰਧਾਰਾ ਦੇ ਵਰਨਣ ਦੇ ਨਾਲ ਨਾਲ ਉਸ ਵਿਚਾਰਧਾਰਾ ਦੇ ਪ੍ਰਭਾਵ ਅਤੇ ਉਸ ਪ੍ਰਭਾਵ ਸਦਕਾ ਇਤਿਹਾਸ ਵਿਚ ਆਈਆਂ ਤਬਦੀਲੀਆਂ ਦਾ ਵੀ ਜ਼ਿਕਰ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਦਲਣਾ ਤੇ ਉਸ ਦੀ ਆਮਦ ਨਾਲ ਪੰਜਾਬ ਦੇ ਇਤਿਹਾਸ ਵਿਚ ਜ਼ਬਰਦਸਤ ਮੋੜ ਆਉਣਾ, ਗੁਰੂ ਸਾਹਿਬ ਦੀ ਵਿਲੱਖਣ ਵਿਚਾਰਧਾਰਾ ਦਾ ਹੀ ਨਤੀਜਾ ਸੀ। ਲੇਖਿਕਾ ਇਸ ਸਭ ਦਾ ਜ਼ਿਕਰ ਸ਼ਰਧਾ, ਤਰਕ ਤੇ ਹਵਾਲਿਆਂ ਸਹਿਤ ਪੇਸ਼ ਕਰਦੀ ਹੈ। 'ਕਾਇਆ ਕਲਪ ਕੀਤੀ' ਸਿਰਲੇਖ ਹੇਠ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਦ੍ਰਿਸ਼ ਚਿਤਰਦਿਆਂ ਉਹ  ਮੁਸਲਮਾਨ ਇਤਿਹਾਸਕਾਰ ਗੁਲਾਮ ਹੁਸੈਨ ਖਾਂ ਦੇ ਹਵਾਲੇ ਨਾਲ ਲਿਖਦੀ ਹੈ:
ਪਰ ਅਨੋਖੀ ਗੱਲ ਇਹ ਹੈ ਕਿ ਇਹ ਲੋਕ ਕਤਲ ਸਮੇਂ ਨਾ ਕੇਵਲ ਪੱਕੇ ਤੇ ਅਡੋਲ ਰਹੇ, 
ਸਗੋਂ ਮਰਨ ਲਈ ਪਹਿਲ ਬਾਰੇ ਆਪੋ ਵਿਚ ਝਗੜਦੇ ਸਨ, ਹਰ ਕੋਈ ਕਹਿੰਦਾ ਸੀ ਕਿ
ਪਹਿਲਾਂ ਮੇਰੀ ਵਾਰੀ ਹੈ, ਹਰੇਕ ਜਲਾਦ ਨੂੰ ਮਨਾਉਣ ਤੇ ਪ੍ਰੇਰਨ ਦੇ ਯਤਨ ਕਰਦਾ ਸੀ ਕਿ 
ਮੈਨੂੰ ਵਾਰੀ ਪਹਿਲਾਂ ਦੇਵੀਂ।
ਵਿਸ਼ੇ ਪ੍ਰਤੀ ਪੂਰੀ ਈਮਾਨਦਾਰੀ ਤੇ ਨਿਆਇ ਸੰਗਤ ਰੁਚੀ ਹੋਣ ਕਰਕੇ 'ਅੰਮ੍ਰਿਤ ਦੀ ਦਾਤ' ਲੇਖ ਵਿਚ ਪੰਜਾਂ ਕਕਾਰਾਂ ਅਤੇ ਅੰਮ੍ਰਿਤ ਦੇ ਡੂੰਘੇ ਅਰਥਾਂ ਦੇ ਨਾਲ ਨਾਲ ਗੁਰੂ ਸਾਹਿਬ ਦੁਆਰਾ ਅੰਮ੍ਰਿਤ ਛਕਾਉਣ ਲਈ ਵਿਸਾਖ ਮਹੀਨੇ ਦਾ ਹੀ ਚੁਣਿਆ ਜਾਣਾ ਲੇਖਿਕਾ ਦੀ ਸੋਚ ਨੂੰ ਟੁੰਬਦਾ ਹੈ ਤੇ ਉਹ ਇਤਿਹਾਸ, ਤਾਰਾ ਵਿਗਿਆਨ (ਐਸਟਰੋਨੋਮੀ) ਹਿੰਦੂ ਵਿਸਵਾਸ਼ ਅਤੇ ਵਿਦਵਾਨਾਂ ਦੇ ਹਵਾਲੇ ਆਪਣੀਆਂ ਟਿੱਪਣੀਆਂ ਸਹਿਤ ਦੇਂਦੀ ਹੈ। ਪੰਜਾਂ ਕਕਾਰਾਂ ਦੀ ਮਹੱਤਤਾ ਦਰਸਾਉਂਦੀ ਉਹ ਲਿਖਦੀ ਹੈ :
ਡਿਕਸ਼ਨਰੀ ਆਫ਼  ਸਿੰਬਲ (ਜਿਸ ਨੂੰ ਸ਼ਾਇਦ ਗਲਤੀ ਨਾਲ ਸਿੰਬਲ ਆਫ਼ ਡਿਕਸ਼ਨਰੀ ਲਿਖਿਆ ਗਿਆ ਹੈ) ਵਿਚ ਕੇਸਾਂ ਨੂੰ ਜਿੱਤ ਨਾਲ ਜੋੜਦਿਆਂ 'ਲਿੰਕਡ ਵਿਦ ਵਿਲ ਟੂ ਸਕਸੈੱਸ  ਕਿਹਾ ਗਿਆ ਹੈ।….. ਕ੍ਰਿਪਾਨ ਸਵੈਮਾਨ ਤੇ ਉਚੇਰੀ ਆਤਮਕ ਅਵਸਥਾ ਦਾ ਨਾਂ ਹੈ।……ਕੜਾ ਗੋਲ ਹੋਣ ਕਾਰਨ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਇਕ ਸਿੱਖ ਵਿਸ਼ਵ-ਵਾਸੀ  ਹੈ…… ਆਦਿ। ਇਸੇ ਤਰ੍ਹਾਂ ਪੰਜ ਪਿਆਰਿਆਂ, ਪੰਜ ਤਖਤਾਂ, ਪੰਜ ਗੁਣਾਂ, ਪੰਜ ਵਿਕਾਰਾਂ ਆਦਿ ਦੀ ਗੱਲ ਕਰਨ ਲਈ ਉਹ ਸਿਮ੍ਰਤੀਆਂ ਆਦਿ ਦੇ ਹਵਾਲੇ ਨਾਲ ਭੂਮਿਕਾ ਬੰਨ੍ਹਦੀ ਹੈ।
ਪੁਸਤਕ ਦੀ ਸਮਾਪਤੀ 'ਗੁਰੂ ਮਾਨਿਓ ਗ੍ਰੰਥ' ਨਾਮੀ ਲੇਖ ਨਾਲ ਕੀਤੀ ਗਈ ਹੈ। ਇਸ ਲੇਖ ਦਾ ਅਖੀਰ ਵਿਚ ਦਰਜ ਕੀਤਾ ਜਾਣਾ ਇਸ ਗੱਲ ਦਾ ਸੂਚਕ ਹੈ ਕਿ ਦਸ਼ਮੇਸ਼ ਪਿਤਾ ਦੀ ਸਾਰੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਉਨ੍ਹਾਂ ਨੇ ਇਸ ਗ੍ਰੰਥ ਨੂੰ ਗੁਰਿਆਈ ਬਖ਼ਸ਼ ਕੇ ਸਾਡੇ ਉਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਲੇਖ ਦੇ ਅੰਤ ਵਿਚ ਦਰਜ ਲੇਖਿਕਾ ਦੇ ਇਹ ਸ਼ਬਦ ਪੁਸਤਕ ਦੇ ਸਮੁੱਚੇ ਵਿਸ਼ੇ ਨੂੰ ਪ੍ਰਗਟਾ ਜਾਂਦੇ ਹਨ:
ਵਾਹਿਗੁਰੂ ਵਾਹਿਗੁਰੂ ਕਰਦਿਆਂ ਜਦੋਂ ਆਪਣੀ ਨਿਗਾਹ ਉਪਰ ਚੁੱਕੀ ਤਾਂ ਮੈਨੂੰ 
ਇੰਝ ਲੱਗਿਆ ਕਿ ਦਸ਼ਮੇਸ਼ ਪਿਤਾ ਆਪਣਾ ਨੀਲਾ ਘੋੜਾ ਸਰਪਟ ਦੌੜਾਈ ਆ ਰਹੇ
ਹਨ। ਹੁਣ ਥੋੜ੍ਹੀ ਦੂਰੀ ਤੇ ਆਪਣਾ ਘੋੜਾ ਖੜਾ ਕਰ ਲਿਆ ਹੈ। ਘੋੜੇ ਤੋਂ ਥੱਲੇ
ਉਤਰਦਿਆਂ ਮੇਰੇ ਵਲ ਵੇਖ ਕੇ ਮੁਸਕਰਾ ਰਹੇ ਹਨ ਤੇ ਮੇਰੇ ਕੋਲ ਆ ਕੇ ਮੈਨੂੰ ਕਹਿੰਦੇ 
ਹਨ, "ਮੈਂ ਸਦਾ ਤੇਰੇ ਅੰਗ ਸੰਗ ਹਾਂ।" ਗੁਰੂ ਜੀ ਦੇ ਮੁਖਾਰਬਿੰਦ ਵਿਚੋਂ ਇਹ ਸੁਣ ਕੇ ਮੈਂ 
ਝੂਮ ਉਠਦੀ ਹਾਂ ਤੇ ਖ਼ੁਸ਼ੀ ਵਿਚ ਗੁਰਬਾਣੀ ਦੀ ਇਹ ਤੁੱਕ ਗਾਉਂਦੀ ਹਾਂ:
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥
ਸਿਮਰਿ ਸਿਮਰਿ ਤਿਸੁ ਸਦਾ ਸਮਾਲੇ॥
ਪੁਸਤਕ ਦੇ ਆਰੰਭ ਤੋਂ ਲੈ ਕੇ ਅੰਤ ਤਕ ਲੇਖਿਕਾ ਦੇ ਖਿਆਲਾਂ, ਵਿਚਾਰਾਂ, ਜੀਵਨ, ਇਥੋਂ ਤਕ ਕਿ ਸੁਪਨਿਆਂ ਵਿਚ ਵੀ ਦਸਮ ਪਿਤਾ ਸਮਾਏ ਹੋਏ ਹਨ। ਕਈ ਆਲੌਕਿਕ ਨਜ਼ਾਰੇ ਉਸ ਨੂੰ ਸੁੱਤਿਆਂ ਜਾਗਦਿਆਂ ਨਜ਼ਰ ਆਉਂਦੇ ਹਨ। ਕਈ ਆਲੌਕਿਕ ਪੁਰਸ਼ਾਂ ਨਾਲ ਉਸ ਦਾ ਮੇਲ ਹੁੰਦਾ ਹੈ। ਕਈ ਗੁਰਮੁਖਾਂ ਦੀਆਂ ਭਵਿੱਖਬਾਣੀਆਂ ਉਸ ਨੂੰ ਸੱਚੀਆਂ ਹੁੰਦੀਆਂ ਨਜ਼ਰ ਆਉਂਦੀਆਂ ਹਨ। ਹੋ ਸਕਦਾ ਹੈ ਕਿ ਕੁਝ ਪਾਠਕਾਂ ਨੂੰ ਇਹ ਸਭ ਗੱਲਾਂ ਅਜੀਬ ਤੇ ਅਵਿਸਵਾਸ਼ਯੋਗ ਜਾਪਣ ਪਰ ਅੰਦਰਲੀ ਗੱਲ ਕੇਵਲ ਅੰਦਰਲਾ ਹੀ ਜਾਣ ਸਕਦਾ ਹੈ। 'ਜਿਨਿ ਇਹ ਚਾਖੀ ਸੋਈ ਜਾਣੈ' ਵਾਲੀ ਗੱਲ ਹੈ। ਹਾਂ, ਇਕ ਗੱਲ ਗਰੁਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਨਹੀਂ ਲਗਦੀ ਜਦੋਂ ਉਹ ਰਾਤ ਦੇ ਵੱਖ ਵੱਖ ਪਹਿਰਾਂ ਅਨੁਸਾਰ ਦੇਖੇ ਸੁਪਨਿਆਂ ਬਾਰੇ ਦਸਦੀ ਹੈ:
੧. ਰਾਤ ਦੇ ਬਾਰਾਂ ਵਜੇ ਤੋਂ ਪਹਿਲਾਂ ਦੇਖਿਆ ਗਿਆ ਸੁਪਨਾ ਕੋਈ ਅਰਥ ਨਹੀਂ ਰਖਦਾ।
੨. ਬਾਰਾਂ ਵਜੇ ਤੋਂ ਇਕ ਵਜੇ ਤਕ-ਇਸ ਤਰ੍ਹਾਂ ਦੇ ਸੁਪਨਿਆਂ ਦਾ ਫ਼ਲ ਤਿੰਨ ਸਾਲ ਦੇ ਅੰਦਰ ਪ੍ਰਾਪਤ ਹੁੰਦਾ ਹੈ।
੩. ਇਕ ਤੋਂ ਦੋ ਵਜੇ ਤਕ-ਇਨ੍ਹਾਂ ਦਾ ਫ਼ਲ ਇਕ ਸਾਲ ਦੇ ਵਿਚ ਮਿਲਦਾ ਹੈ।………ਵਗੈਰਾ ਵਗੈਰਾ।
ਹੋ ਸਕਦਾ ਕੁਝ ਜੋਤਸ਼ੀ ਜਾਂ ਸਾਧ ਅਜਿਹੀਆਂ ਗੱਲਾਂ ਦਸਦੇ ਹੋਣ ਪਰ ਗੁਰਮਤਿ ਅਜਿਹੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਰੱਖਦੀ। ਗੁਰਬਾਣੀ ਸੁਪਨਿਆਂ ਦੀ ਗੱਲ ਜ਼ਰੂਰ ਕਰਦੀ ਹੈ: 'ਸੁਪਨੇ ਆਇਆ ਭੀ ਗਇਆ ਮੈ ਜਲਿ ਭਰਿਆ ਰੋਇ॥' ਭਾਈ ਵੀਰ ਸਿੰਘ ਵੀ 'ਸੁਪਨੇ ਵਿਚ ਤੁਸੀਂ ਮਿਲੈ ਅਸਾਨੂੰ' ਦੀ ਗੱਲ ਕਰਦੇ ਹਨ ਪਰ ਦਿਨ ਰਾਤ ਜਾਂ ਪਹਿਲੇ ਦੂਜੇ ਪਹਿਰ ਦੇ ਸੁਪਨੇ ਦੀ ਗੱਲ ਕਿਤੇ ਨਹੀਂ ਮਿਲਦੀ। ਅੰਤਿਕਾ ਵਿਚ ਦਰਜ ਦਸ਼ਮੇਸ਼ ਪਿਤਾ ਦਾ ਪੰਜਾਬ ਦੇ ਸਿੱਖਾਂ ਦੇ ਨਾਮ ਖ਼ਤ ਅਤੇ ਕਪਾਲ ਮੋਚਨ ਦਾ ਇਤਿਹਾਸ ਪਾਠਕਾਂ ਦਾ ਧਿਆਨ ਖਿਚਦੇ ਅਤੇ ਜਾਣਕਾਰੀ ਵਿਚ ਵਾਧਾ ਕਰਦੇ ਹਨ। 
ਸਮੁੱਚੇ ਤੌਰ ਤੇ ਇਹ ਪੁਸਤਕ ਇਕ ਗੰਭੀਰ ਸਾਹਿਤਕ ਰਚਨਾ ਹੈ ਜੋ ਵਿਸ਼ਾਲ ਤੇ ਨਿਜੀ ਭਾਵਾਤਮਕ ਅਨੁਭਵ ਨੂੰ ਆਪਣੀ ਨਵੇਕਲੀ ਪ੍ਰਗਟਾਉ ਵਿਧੀ ਵਿਚ ਮੂਰਤੀਮਾਨ ਕਰਦੀ ਹੈ। ਇਹੀ ਉਸ ਦੀ ਵਿਸ਼ੇਸ਼ਤਾ ਹੈ ਤੇ ਇਹੋ ਉਸ ਨੂੰ ਬਾਕੀ ਲੇਖਕਾਂ ਨਾਲੋਂ ਨਿਖੇੜਦੀ ਹੈ। ਵਿਚਾਰਾਂ ਉਤੇ ਜਜ਼ਬਾਤਾਂ ਦੀ ਪੁੱਠ ਚੜ੍ਹੀ ਹੋਈ ਹੈ। ਵਿਸ਼ਾਲ ਅਧਿਐਨ, ਭਾਸ਼ਾ ਉਪਰ ਅਧਿਕਾਰ, ਆਮ ਅਤੇ ਸਾਹਿਤਕ ਸ਼ਬਦਾਵਲੀ ਦੀ ਚੇਤਨਾ, ਸਹੀ, ਸਾਰਥਕ ਅਤੇ ਅਲੰਕਾਰਕ ਸ਼ਬਦਾਵਲੀ ਦੀ ਵਰਤੋਂ ਇਸ ਪੁਸਤਕ ਦੇ ਕੁਝ ਹੋਰ ਧਿਆਨਗੋਚਰੇ ਪੱਖ ਹਨ। ਸਰਵਰਕ ਪੁਸਤਕ ਦੀ ਦਿੱਖ ਅਤੇ ਫੋਟੋਆਂ ਇਸ ਦੀ ਕੀਮਤ ਵਿਚ ਵਾਧਾ ਕਰਦੀਆਂ ਹਨ। ਪੁਸਤਕ ਪੜ੍ਹਨਯੋਗ (ਮੁਸਟ ਰeaਦ ਬੋਕ) ਤੇ ਲੇਖਿਕਾ ਦੀ ਮਿਹਨਤ ਸ਼ਲਾਘਾਯੋਗ ਹੈ। ਮੈਂ ਡਾਕਟਰ ਸਾਹਿਬਾ ਨੂੰ ਇਸ ਪੁਸਤਕ ਦੇ ਪਾਠਕਾਂ ਦੇ ਹੱਥਾਂ ਵਿਚ ਅਪੜਣ ਤੇ ਮੁਬਾਰਕਬਾਦ ਦੇਂਦੀ ਹਾਂ।

samsun escort canakkale escort erzurum escort Isparta escort cesme escort duzce escort kusadasi escort osmaniye escort