ਖ਼ਬਰਸਾਰ

 •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
 •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
 •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
 • ਮਹਾਂਰਾਣੀ ਜਿੰਦਾਂ - ਕਿਸ਼ਤ 4 (ਕਿੱਸਾ ਕਾਵਿ)

  ਅਵਤਾਰ ਸਿੰਘ 'ਪ੍ਰੇਮ'   

  Email: rkheyer@yahoo.com
  Cell: +1 919 467 5206
  Address: 766 Samantha St. Mountain House
  California United States 95391
  ਅਵਤਾਰ ਸਿੰਘ 'ਪ੍ਰੇਮ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਭਾਗ ਚੌਥਾ

  27

  ਜਿੱਥੇ ਜੰਮਿਆ, ਖੇਡਿਆ ਹੱਸਿਆ ਮੈਂ,
  ਗੋਰੇ ਜਾਣ ਨਹੀਂ ਦਿੰਦੇ ਪੰਜਾਬ ਮੇਰੇ।
  ਮਾਂ! ਚਿਰਾਂ ਤੋਂ ਪਏ ਉਡੀਕਦੇ ਨੇ,
  ਸੋਹਣੇਂ ਬਾਗ਼ਾਂ ਦੇ ਫੁੱਲ ਗ਼ੁਲਾਬ ਮੇਰੇ।
  ਮੈਨੂੰ ਰੋ ਰੋ ਕੇ ਪਏ ਸੱਦਦੇ ਨੇ,
  ਸਤਲੁਜ, ਰਾਵੀ ਤੇ ਜਿਹਲਮ, ਚਨਾਬ ਮੇਰੇ।
  ਮਾਤਾ ਕੈਦੀ ਹਾਂ ਜ਼ਾਲਮ ਫਰੰਗੀਆਂ ਦਾ,
  ਸੁਣੇਂ ਕੋਈ ਨਾਂ ਉੱਤਰ ਜਵਾਬ ਮੇਰੇ।

  ਹੁਕਮ ਲਾਟ ਦਾ ਦਿੱਤਾ ਸਿਪਾਹੀਆਂ ਨੇ, 
  ਮਾਂ ਪੁੱਤ ਦੋਵੇਂ ਬੇੜੇ ਚੜ੍ਹਨ ਲੱਗੇ।
  ਦਰਸ਼ਨ ਆਖਰੀ ਭਾਰਤ ਦੇ ਕਰਨ ਖਾਤਿਰ, 
  ਹੰਝੂ ਆ ਆ ਕੇ ਅੱਖੀਂ ਅੜਨ ਲੱਗੇ।

  28

  ਯਾਦ ਕਰਦੀ ਪੰਜਾਬ ਨੂੰ ਰੋ ਪੈਂਦੀ,
  ਔਖੀ ਸੌਖੀ ਉਹ ਦਿਨ ਗੁਜ਼ਾਰਦੀ ਰਹੀ।
  ਯਾਦ ਉਹਨੂੰ ਪੰਜਾਬ ਦੀ ਸੀ ਪਿਆਰੀ,
  ਮੋਤੀ-ਹੰਝੂਆਂ ਨਾਲ਼ ਸ਼ਿੰਗਾਰਦੀ ਰਹੀ।
  ਬਹਿ ਕੇ ਕੋਲ਼ ਦਲੀਪ ਦੇ ਸੁਬ੍ਹਾ ਸ਼ਾਮੀਂ,
  ਸਿੱਖੀ ਜਜ਼ਬੇ ਨੂੰ ਉਹਦੇ ਉਭਾਰਦੀ ਰਹੀ।
  ਯਾਦ ਆ ਰਣਜੀਤ ਦੀ,ਦਿਲ ਰੁਕਦਾ,
  ਤੱਕ ਤੱਕ ਦਲੀਪ ਨੂੰ ਠਾਰਦੀ ਰਹੀ।

  ਜਰਿਆ ਗਿਆ ਨਾਂ ਜ਼ਾਲਮ ਫਰੰਗੀਆਂ ਤੋਂ, 
  ਪੁੱਤਰ ਸੋਹਣੇ ਦਲੀਪ ਨੂੰ ਦੂਰ ਕੀਤਾ।
  ਦਿਨ ਕੱਟਦੀ ਸੀ ਜੀਹਦੇ ਆਸਰੇ 'ਤੇ, 
  ਦੂਰ ਅੱਖੀਆਂਂ ਤੋਂ ਅੱਖਾਂ ਦਾ ਨੂਰ ਕੀਤਾ।

  ਅੰਤ ਵੇਲਾ

  29

  ਔਖਾ ਹੋ ਗਿਆ ਹੁਣ ਤਾਂ ਉੱਠਣਾਂ ਵੀ,
  ਬੁਰਾ ਹੋ ਗਿਆ ਈ ਹੁਣ ਤੇ ਹਾਲ ਮੇਰਾ।
  ਮਾਂ ਪੁੱਤਰ ਪ੍ਰਦੇਸ ਵਿੱਚ ਹਾਂ ਕੱਲੇ,
  ਹੁਣ ਤਾਂ ਆ ਪਹੁੰਚਾ ਇੱਥੇ ਕਾਲ਼ ਮੇਰਾ।
  ਆਖਿਰ ਵੇਖ ਲਾਂ ਮੁੱਖੜਾ ਦਲੀਪ ਦਾ ਮੈਂ,
               ਨੀਂ ਗੋਮਤੀ! ਕਿੱਥੇ ਹੈ ਲਾਲ ਮੇਰਾ ?
  ਮੇਰੇ ਜਿਗ਼ਰ ਦਾ ਟੋਟਾ ਦਲੀਪ ਪੁੱਤਰ,
  ਸ਼ਾਮੋਂ ਸੱਦ ਲੈ! ਕਿੱਥੇ ਹੈ ਬਾਲ ਮੇਰਾ?

  ਮੇਰੇ ਪੰਜੇ ਦਰਿਆ ਉਡੀਕਦੇ ਹਨ, 
  ਜਿੰਨ੍ਹਾਂ ਨਾਲ਼ ਪ੍ਰੀਤ ਹੈ ਪਾਕ ਮੇਰੀ।
  ਮੈਂ ਤਾਂ ਚੱਲੀ ਹਾਂ ਕਹਿਣਾਂ ਦਲੀਪ ਨੂੰ ਤੂੰ, 
  'ਪ੍ਰੇਮ' ਲੈ ਚੱਲੋ ਐਥੋਂ ਖ਼ਾਕ ਮੇਰੀ।

  30

  ਪਤਾ ਲੱਗਾ ਦਲੀਪ ਨੂੰ ਮਾਂ ਮੋਈ,
  ਉਹਦੀ ਰੂਹ ਉਡਾਰੀਆਂ ਲਾ ਚੁੱਕੀ।
  ਕਰਦੀ ਰਹੀ ਉਮੀਦ ਦਲੀਪ ਦੀ ਸੀ,
  ਚਲੀ ਗਈ ਉਹ ਆਸ ਮੁਕਾ ਚੁੱਕੀ।
  ਅੱਖਾਂ ਤੱਕਦੀਆਂ ਰਹੀਆਂ ਦਹਿਲੀਜ਼ ਵੱਲੀਂ,
  ਗਿਣ ਗਿਣ ਉਹ ਸਵਾਸ ਸੁਕਾ ਚੁੱਕੀ।
  ਹਉਕੇ ਧੁੱਖਦੇ ਹੰਝੂ ਵਿਰਲਾਪ ਕਰਦੇ,
                 ਗ਼ਮ ਨੂੰ ਛਾਤੀ ਦੇ ਵਿੱਚ ਲੁਕਾ ਚੁੱਕੀ।

  ਮਾਂ!ਮਾਂ!ਕਹਿ ਕੇ ਛਾਤੀ ਨਾਲ਼ ਲੱਗਾ, 
  ਮੇਰਾ ਰਿਹਾ ਨਹੀਂ ਕੋਈ ਜਹਾਨ ਅੰਦਰ। 
  ਸਿੱਖੀ ਧਰਮ ਧਾਰੂੰ ਮਾਂ ਖੁਸ਼ ਹੋਊ, 
  ਮੇਰੇ ਜਲ ਗਏ ਸਾਰੇ ਅਰਮਾਨ ਅੰਦਰ।

  ---ਚਲਦਾ---