ਵੱਡੀਆਂ ਨਿਆਮਤਾਂ-ਵੱਡੇ ਗੁਣ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਦਰਤ ਨੇ ਸਾਨੂੰ ਕਈ ਅਜਿਹੀਆਂ ਨਿਆਮਤਾਂ ਦਿੱਤੀਆਂ ਹਨ ਜਿੰਨਾਂ ਨੂੰ ਅਸੀਂ ਛੋਟੀਆਂ ਛੋਟੀਆਂ ਸਮਝ ਜਾਂ ਫਾਲਤੂ ਸਮਝ ਕੇ ਅਣਗੋਲਿਆਂ ਕਰ ਦਿੰਦੇ ਹਾਂ ਜਾਂ ਇਨੰਾ ਨੂੰ ਅਸੀ ਨਾਂਹ ਪੱਖੀ ਗਿਣਦੇ ਹਾਂ। ਅਸੀਂ ਸੋਚਦੇ ਹਾਂ ਜਿ ਇਹ ਸਾਡੇ ਵਿਚ ਨਾ ਹੋਣ ਤਾਂ ਚੰਗਾ ਹੈ ਜਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੰਨਾਂ ਤੋਂ ਉਲੱਟ ਗੁਣਾਂ ਨੂੰ ਅਪਣਾ ਕੇ ਸਾਡੀ ਯੋਗਤਾ ਅਤੇ ਸ਼ਖਸੀਅਤ ਵਧੇਗੀ। ਅਸੀਂ ਚਾਹੁੰਦੇ ਹਾਂ ਜੇ ਇਹ ਆਦਤਾਂ ਸਾਡੇ ਵਿਚ ਨਾ ਹੋਣ ਤਾਂ ਚੰਗਾ ਹੈ।
ਸਭ ਤੋਂ ਪਹਿਲੀ ਆਦਤ ਹੈ ਰੌਣ ਦੀ। ਰੌਂਂਦਾ ਹੋਇਆ ਚਿਹਰਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਸ ਨਾਲ ਬੰਦੇ ਦੀ ਸੂਰਤ ਹੀ ਵਿਗੜ ਜਾਂਦੀ ਹੈ। ਜੇ ਬੰਦਾ ਆਪਣੇ ਕਿਸੇ ਦੁੱਖ ਕਾਰਨ ਸੱਚਾ ਵੀ ਰੋ ਰਿਹਾ ਹੋਵੇ ਤਾਂ ਵੀ ਕਈ ਲੋਕੀ ਕਹਿੰਦੇ ਹਨ ਕਿ ਇਹ ਨਾਟਕ ਕਰ ਰਿਹਾ ਹੈ।ਰੌਂਦੇ ਬੰਦੇ ਨੂੰ ਮਾਂ ਤੋਂ ਸਿਵਾ ਕੋਈ ਵੀ ਪਿਆਰ ਨਹੀਂ ਕਰ ਸਕਦਾ। ਜਦ ਕੋਈ ਸੱਕਾ ਸਨੇਹੀ ਵਿੱਛੜ ਜਾਂਦਾ ਹੈ ਜਾਂ ਦਿਲ ਅਤੇ ਸਰੀਰ ਦਾ ਦਰਦ ਹੱਦੋਂ ਵਧ ਜਾਂਦਾ ਹੈ ਤਾਂ ਬੰਦੇ ਦਾ ਆਪਣੇ ਆਪ ਰੋਣਾ ਨਿਕਲ ਜਾਂਦਾ ਹੈ। ਦੂਸਰੇ ਦਾ ਰੋਣਾ ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ। ਇਸ ਲਈ ਜ਼ਿੰਦਗੀ ਵਿਚ ਰੋਣ ਨੂੰ ਨਿਰਾਰਥੱਕ ਗਿਣਿਆ ਜਾਂਦਾ ਹੈ। ਇਸ ਦੇ ਉਲਟ ਅੱਜ ਕੱਲ ਹਾਸੇ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਡਾਕਟਰ ਕੋਲ ਜਾਵੋ ਉਹ ਕਹਿੰਦਾ ਹੈ ਖੁਸ਼ ਰਿਹਾ ਕਰੋ। ਖੁਸ਼ੀ ਕੋਈ ਬਜ਼ਾਰੋਂ ਮੁੱਲ ਮਿਲਣ ਵਾਲੀ ਚੀਜ਼ ਨਹੀਂ ਜੋ ਬਜ਼ਾਰ ਗਏ ਅਤੇ ਪੈਸੇ ਦੇ ਕੇ ਚੀਜ਼ ਖ੍ਰੀਦ ਲਿਆਉਂਦੀ। ਜਦ ਅੰਦਰ ਦੁੱਖ ਹੋਵੇ ਤਾਂ ਬੰਦੇ ਦਾ ਖੁਸ਼ ਹੋਣਾ ਜਾਂ ਹੱਸਣਾ ਮੁਸ਼ਕਲ ਹੈ। ਯੋਗਾ ਵਾਲੇ ਤਾਂ ਕਹਿੰਦੇ ਹਨ , ਜੇ ਅਸਲੀ ਹਾਸਾ ਨਾ ਵੀ ਆਵੇ ਤਾਂ ਵੀ ਨਕਲੀ ਹਾਸਾ ਹੀ ਹੱਸੋ। ਇਸ ਦਾ ਤਾਂ ਕੋਈ ਮੁੱਲ ਨਹੀਂ ਲੱਗਦਾ। ਇਸ ਨਾਲ ਸਰੀਰ ਦੀਆਂ ਸਾਰਆਂ ਨਾੜੀਆਂ ਵਿਚ ਖੂਨ ਦਾ ਦੋਰਾ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਸਿਹਤ ਠੀਕ ਰਹਿੰਦੀ ਹੈ। ਤੁਹਾਡੇ ਨੇੜੇ ਕੋਈ ਬਿਮਾਰੀ ਨਹੀਂ ਲੱਗਦੀ। ਇਸੇ ਲਈ ਯੋਗਾ ਵਾਲੇ ਸਵੇਰੇ ਪਾਰਕਾਂ ਵਿਚ ਇਕੱਠੇ ਹੋ ਕੇ ਲੋਕਾਂ ਨੂੰ ਨਕਲੀ ਹਾਸਾ ਹਸਾਉਂਦੇ ਹਨ।
ਰੋਣਾ  ਕੁਦਰਤ ਦਾ ਦਿੱਤਾ ਹੋਇਆ ਇਕ ਵਰਦਾਨ ਹੈ। ਦੁਨੀਆਂ ਦਾ ਕੋਈ ਵੀ ਮਨੁੱਖ ਐਸਾ ਨਹੀਂ ਜੋ ਕਦੀ ਕਿਸੇ ਨਾ ਕਿਸੇ ਕਾਰਨ ਨਾ ਰੋਇਆ ਹੋਵੇ। ਇਸ ਲਈ ਰੋਣ ਦੇ ਗੁਣ ਨੂੰ ਜ਼ਿੰਦਗੀ ਵਿਚੋਂ ਕੱਢਿਆ ਨਹੀਂ ਜਾ ਸਕਦਾ। ਜਦ ਬੱਚਾ ਪੈਦਾ ਹੁੰਦਾ ਹੈ ਤਾਂ ਰੌਂਦਾ ਹੋਇਆ ਪੈਦਾ ਹੁੰਦਾ ਹੈ। ਜੇ ਬੱਚਾ ਰੋਵੇ ਨਾ ਤਾਂ ਡਾਕਟਰਾਂ ਨੂੰ ਫਿਕਰ ਪੈ ਜਾਂਦਾ ਹੈ ਕਿ ਬੱਚਾ ਨਾਰਮਲ ਨਹੀਂ। ਉਹ ਉਸਨੂੰ ਰੁਵਾਉਣ ਦੀ ਕੋਸ਼ਿਸ਼ ਕਰਦੇ ਹਨ। ਜਦ ਤੱਕ ਬੱਚਾ ਬੋਲ ਨਹੀਂ ਸੱਕਦਾ ਉਹ ਆਪਣੀ ਭੁੱਖ, ਪਿਆਸ ਜਾਂ ਟੱਟੀ ਪਿਸ਼ਾਬ ਬਾਰੇ ਰੋ ਕੇ ਹੀ ਆਪਣੀ ਮਾਂ ਦਾ ਧਿਆਨ ਆਪਣੇ ਵਲ ਖਿੱਚਦਾ ਹੈ। ਜੇ ਬੱਚਾ ਬਿਮਾਰ ਹੋ ਜਾਵੇ ਜਾਂ ਉਸਨੂੰ ਕੋਈ ਸੱਟ ਲੱਗ ਜਾਵੇ ਥਾਂ ਵੀ ਉਹ ਆਪਣਾ ਦੁੱਖ ਰੋ ਕੇ ਹੀ ਦੱਸਦਾ ਹੈ। ਮੰਨ ਲਉ ਛੋਟਾ ਬੱਚਾ ਮੰਜੇ ਤੋਂ ਹੀ ਥੱਲੇ ਡਿੱਗ ਪਵੇ ਤੇ ਉਸ ਦੇ ਸਰੀਰ ਦੇ ਕਿਸੇ ਹਿੱਸੇ ਵਿਚੋਂ ਖੂਨ ਆ ਜਾਵੇ ਪਰ ਉਹ ਆਪਣੀ ਗੱਲ ਰੋ ਕੇ ਨਾਂ ਦੱਸ ਸੱਕੇ ਤਾਂ ਕੀ ਹੋਵੇਗਾ? ਮਾਂ ਪਿਉ ਨੂੰ ਬੱਚੇ ਦੇ ਦਰਦ ਦਾ ਪਤਾ ਹੀ ਨਹੀਂ ਲੱਗੇਗਾ ਤੇ ਖੂਨ ਲਗਾਤਾਰ ਵਗਣ ਨਾਲ ਬੱਚਾ ਮਰ ਜਾਵੇਗਾ। ਇਹ ਹੈ ਰੌਣ ਦਾ ਸਭ ਤੋਂ ਵੱਡਾ ਗੁਣ ਅਤੇ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਓ। ਜੇ ਮਨੁੱਖ ਦਾ ਦਰਦ ਹੱਦ ਤੋਂ ਜ਼ਿਆਦਾ ਵਧ ਜਾਵੇ ਤਾਂ ਉਸ ਨੂੰ ਰੋ ਲੈਣਾ ਚਾਹੀਦਾ ਹੈ। ਨਹੀਂ ਤੇ ਗਮ ਦਾ ਗੁਬਾਰ ਦਿਮਾਗ ਨੂੰ ਚੜ੍ਹ ਜਾਵੇਗਾ। ਇਸ ਨਾਲ ਬੰਦਾ ਪਾਗਲ ਵੀ ਹੋ ਸੱਕਦਾ ਹੈ। 
ਭੁੱਲਣ ਦੀ ਆਦਤ ਇਕ ਐਸੀ ਆਦਤ ਹੈ ਜੋ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ। ਹਰ ਕੋਈ ਚਾਹੁਂਦਾ ਹੈ ਕਿ ਮੈਂ ਬਹੁਤ ਹੁਸ਼ਿਆਰ ਹੋਵਾਂ। ਮੈਨੂੰ ਹਰ ਗੱਲ ਯਾਦ ਰਹੇ। ਮੇਰੀ ਨਜ਼ਰ ਬਹੁਤ ਤੇਜ਼ ਹੋਵੇ। ਜਿਸ ਨੂੰ ਵੀ ਮੈਂ ਦੇਖਾਂ ਝੱਟ ਪਹਿਚਾਨ ਲਵਾਂ। ਇਸ ਤਰ੍ਹਾਂ ਮੈਂ ਬਹੁਤ ਸਿਆਣਾ ਗਿਣਿਆ ਜਾਵਾਂਗਾ। ਪੜ੍ਹਾਈ ਵਿਚ ਮੈਂ ਸਭ ਤੋਂ ਅੱਗੇ ਨਿਕਲ ਜਾਵਾਂਗਾ। ਫਿਰ ਮੈਂ ਸਭ ਤੋਂ ਵੱਡਾ ਅਫਸਰ ਬਣ ਜਾਵਾਂਗਾ। ਉਨ੍ਹਾਂ ਦੇ ਇਹ ਵਿਚਾਰ ਕਾਫੀ ਹੱਦ ਤੱਕ ਠੀਕ ਅਤੇ ਦਲੀਲ ਭਰਪੂਰ ਵੀ ਹਨ।ਫਿਰ ਵੀ ਜੇ ਗੌਰ ਨਾਲ ਦੇਖੀਏ ਤਾਂ ਭੁਲੱਣ ਦੇ ਕੁਝ ਗੁਣ ਵੀ ਹਨ ਅਤੇ ਤੇਜ਼ ਯਾਦਾਸ਼ਤ ਦੇ ਕੁਝ ਨੁਕਸਾਨ ਵੀ ਹਨ।ਮੰਨ ਲਉ ਕਿਸੇ ਬੰਦੇ ਨੇ ਤੁਹਾਡੇ ਪੈਸੇ ਮਾਰੇ ਹਨ ਜਾਂ ਉਸ ਨੇ ਤੁਹਾਡੇ ਨਾਲ ਚੰਗਾ ਵਰਤਾਉ ਨਹੀਂ ਕੀਤਾ। ਤੁਹਾਡਾ ਮਨ ਉਸ ਤੋਂ ਖੱਟਾ ਹੋ ਗਿਆ। ਤੁਸੀਂ ਉਸ ਨਾਲ ਬੋਲ-ਚਾਲ ਛੱਡ ਦਿੱਤਾ। ਫਿਰ ਉਹ ਤੁਹਾਡੇ ਤੋਂ ਵਿੱਛੜ ਗਿਆ। ਕੁਝ ਸਮਾਂ ਪਾ ਕੇ ਉਹ ਤੁਹਾਡੀ ਜ਼ਿੰਦਗੀ ਵਿਚ ਫਿਰ ਆਇਆ।ਜੇ ਤੁਹਾਡੀ ਯਾਦਾਸ਼ਤ ਤੇਜ਼ ਹੈ ਤਾਂ ਤੁਸੀਂ ਉਸ ਨੂੰ ਇਕ ਦਮ ਪਹਿਚਾਨ ਲਵੋਗੇ। ਤੁਹਾਡਾ ਉਸ ਤੋਂ ਮਨ ਖੱਟਾ ਹੀ ਰਹੇਗਾ। ਤੁਸੀਂ ਉਸ ਨਾਲ ਕਦੀ ਦੁਬਾਰਾ ਸਬੰਧ ਨਹੀਂ ਰੱਖ ਸਕੋਗੇ। ਇਸ ਦੇ ਉਲੱਟ ਜੇ ਤੁਹਾਡੀ ਭੁੱਲਣ ਦੀ ਆਦਤ ਹੈ ਤਾਂ ਤੁਸੀਂ ਉਸ ਨੂੰ ਨਹੀਂ ਪਹਿਚਾਨ ਸਕੋਗੇ। ਉਸ ਨਾਲ ਇਕ ਨਵੇਂ ਸਿਰੇ ਤੋਂ ਰਿਸ਼ਤਾ ਕਾਇਮ ਕਰੋਗੇ। ਹੋ ਸਕਦਾ ਹੈ ਹੁਣ ਉਹ ਸੁਧਰ ਗਿਆ ਹੋਵੇ ਅਤੇ ਜ਼ਿੰਦਗੀ ਭਰ ਤੁਹਾਡੇ ਉਸ ਨਾਲ ਸਦ ਭਾਵਨਾ ਵਾਲੇ ਸਬੰਧ ਕਾਇਮ ਰਹਿਣ।ਭੁਲੱਣ ਦੀ ਆਦਤ ਬੁਢਾਪੇ ਵਿਚ ਕੁਝ ਵਧ ਜਾਂਦੀ ਹੈ ਪਰ ਬਜ਼ੁਰਗ ਅੱਧ ਪਚੱਧ ਯਾਦਾਸ਼ਤ ਨਾਲ ਹੀ ਆਪਣਾ ਕੰਮ ਸਾਰ ਲੈਂਦੇ ਹਨ।ਹਾਂ ਜੇ ਬੰਦੇ ਦੀ ਸਾਰੀ ਯਾਦਾਸ਼ਤ ਚਲੀ ਜਾਵੇ ਤਾਂ ਉਸ ਨੂੰ ਜ਼ਿੰਦਗੀ ਵਿਚ ਕੁਝ ਮੁਸ਼ਕਲ ਜ਼ਰੂਰ ਆਉਂਦੀ ਹੈ। ਜਿੰਨ੍ਹਾਂ ਮਨੁੱਖਾਂ ਵਿਚ ਭੁੱਲਣ ਦਾ ਗੁਣ ਹੈ ਉਹ ਆਪਣੇ ਦੁੱਖਾਂ, ਕਲੇਸ਼ਾਂ, ਕਸ਼ਟਾਂ, ਮੁਸੀਬਤਾਂ ਅਤੇ ਅਸਫਲਤਾਵਾਂ ਦੀਆਂ ਪੂਰਾਣੀਆਂ ਅਤੇ ਕੌੜੀਆਂ ਯਾਦਾਂ ਨੂੰ ਜਲਦੀ ਭੁੱਲ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ਨੂੰ ਉਹ ਇਕ ਨਵੇਂ ਸਿਰੇ ਤੋਂ ਹੱਸ ਕੇ ਇਕ ਨਵੇਂ ਜੋਸ਼ ਨਾਲ ਮਿਲਦੇ ਹਨ। ਇਸ ਦੇ ਉਲੱਟ ਜਿਨਾਂ ਵਿਚ ਭੁੱਲਣ ਦੀ ਸ਼ਕਤੀ ਨਹੀਂ ਭਾਵ ਜਿਨ੍ਹਾਂ ਦੀ ਯਾਦਾਸ਼ਤ ਤੇਜ਼ ਹੈ ਉਹ ਇਨਾਂ ਕੌੜੀਆਂ ਯਾਦਾਂ ਨੂੰ ਨਹੀਂ ਭੁੱਲ ਸਕਦੇ। ਉਹ ਆਪਣੇ ਜ਼ਖਮ ਸਦਾ ਹਰੇ ਹੀ ਰੱਖਦੇ ਹਨ। ਇਹ ਬੰਧਨ ਹਨ ਜੋ ਸਾਨੂੰ ਪਿੱਛੇ ਖਿੱਚਦੇ ਹਨ ਅਤੇ ਅੱਗੇ ਵਦਣ ਤੋਂ ਰੋਕਦੇ ਹਨ। ਜਿੰਨਾਂ ਜਲਦੀ ਤੁਸੀਂ ਇਨਾਂ ਬੰਦਨਾਂ ਨੂੰ ਤੌੜੋਗੇ ਉਨਾਂ ਜਲਦੀ ਅੱਗੇ ਵਧੋਗੇ। ਨਹੀਂ ਤਾਂ ਇਹ ਕੌੜੀਆਂ ਯਾਦਾਂ ਤੁਹਾਨੂੰ ਸਦਾ ਸਤਾਉਂਦੀਆਂ ਰਹਿਣਗੀਆਂ ਅਤੇ ਤੁਹਾਡੇ ਪੈਰਾਂ ਦੀਆਂ ਬੇੜੀਆਂ ਬਣ ਕੇ ਰਹਿ ਜਾਣਗੀਆ। ਤੁਹਾਨੂੰ ਹਮੇਸ਼ਾਂ ਲਈ ਦੁਖੀ ਕਰਦੀਆਂ ਰਹਿਣਗੀਆਂ। ਜੋ ਲੋਕ ਆਪਣੇ ਜ਼ਖਮਾਂ ਨੂੰ ਹਰਾ ਰੱਖਦੇ ਹਨ ਉਹ ਸਦਾ ਕ੍ਰੋਧ ਵਿਚ ਰਹਿੰਦੇ ਹਨ। ਬਦਲੇ ਦਾ ਭੂਤ ਹਰ ਸਮੇਂ ਉਨ੍ਹਾਂ ਤੇ ਛਾਇਆ ਰਹਿੰਦਾ ਹੈ। ਉਹ ਦੂਸਰੇ ਨੂੰ ਤਾਂ ਦੁਖੀ ਕਰਦੇ ਹੀ ਹਨ ਅੰਤ ਆਪ ਵੀ ਤਬਾਹ ਹੋ ਜਾਂਦੇ ਹਨ।
ਸਾਰੀ ਦੁਨੀਆਂ ਪੇਟ ਦੀ ਖਾਤਰ ਹੀ ਭੱਜੀ ਫਿਰਦੀ ਹੈ। ਕਹਿੰਦੇ ਹਨ ਕਿ ਪੇਟ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜੇ ਬੰਦੇ ਦੇ ਪੇਟ ਨਾ ਹੋਵੇ ਭਾਵ ਉਸ ਨੂੰ ਭੁੱਖ ਨਾ ਲੱਗੇ  ਤਾਂ ਬੰਦਾ ਕਿੰਨਾਂ ਸੋਖਾ ਹੋ ਜਾਵੇ? ਪੇਟ ਇਕ ਐਸੀ ਚੀਜ਼ ਹੈ ਜੋ ਬੰਦੇ ਨਾਲ ਹੀ ਨਹੀਂ ਸਗੋਂ ਸਾਰੇ ਜੀਵਾਂ ਨਾਲ ਲੱਗਾ ਹੋਇਆ ਹੈ। ਇਥੋਂ ਤੱਕ ਕਿ ਸਾਰੇ ਪੇੜ ਪੌਧਿਆਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ। ਉਨ੍ਹਾਂ ਨੂੰ ਵੀ ਪਾਣੀ, ਖਾਦ ਅਤੇ ਗੋਡੀ ਦੀ ਜ਼ਰੂਰਤ ਪੈਂਦੀ ਹੈ। ਜੇ ਇਹ ਚੀਜ਼ਾਂ ਨਾ ਮਿਲਨ ਤਾਂ ਸਭ ਪੇੜ ਪੌਧੇ ਕੁਝ ਦਿਨਾਂ ਵਿਚ ਹੀ ਮੁਰਝਾ ਕੇ ਸੁੱਕ ਜਾਣਗੇ। ਪੇਟ ਇਕ ਐਸਾ ਖੂਹ ਹੈ ਜੋ ਸਵੇਰ ਨੂੰ ਭਰੋ ਤਾਂ ਰਾਤ ਨੂੰ ਖਾਲੀ ਹੋ ਜਾਂਦਾ ਹੈ। ਰਾਤੀ ਭਰੋ ਤਾਂ ਸਵੇਰੇ ਖਾਲੀ। ਫਿਰ ਨਵੇਂ ਸਿਰੇ ਤੋਂ ਪੇਟ ਭਰਨ ਦਾ ਸਿਲਸਿਲਾ। ਇਹ ਖੂਹ ਕਦੀ ਨਹੀਂ ਭਰਦਾ। ਰੋਟੀ ਨਾ ਮਿਲੇ ਤਾਂ ਬੰਦਾ ਕਈ ਉਪਰਾਲੇ ਕਰਦਾ ਹੈ। ਜੇ ਕਿਸੇ ਮਨੁੱਖ ਜਾਂ ਜਾਨਵਰ ਨੂੰ ਗੁਲਾਮ ਬਣਾਉਣਾ ਹੋਵੇ ਤਾਂ ਪਹਿਲਾਂ ਉਸਦਾ ਭੋਜਨ ਬੰਦ ਕਰ ਦਿੱਤਾ ਜਾਂਦਾ ਹੈ। ਪੇਟ ਦੀ ਅੱਗ ਬੁਝਾਉਣ ਲਈ ਸ਼ੇਰ ਵੀ ਰਿੰਗ ਮਾਸਟਰ ਦੇ ਇਸ਼ਾਰੇ ਤੇ ਚੱਲਣ ਲਈ ਮਜ਼ਬੂਰ ਹੋ ਜਾਂਦਾ ਹੈ। ਜਦ ਦੋ ਫੌਜਾਂ ਦੀ ਲੜਾਈ ਹੋਵੇ ਤਾਂ ਵੀ ਹਮਲਾਵਰ ਫੌਜ ਕੋਸ਼ਿਸ਼ ਕਰਦੀ ਹੈ ਕਿ ਦੂਸਰੀ ਫੋਜ ਦੇ ਖਾਣੇ ਦੀ ਸਪਲਾਈ ਲਾਈਨ ਬੰਦ ਕਰ ਦਿੱਤੀ ਜਾਵੇ। ਭੁੱਖੇ ਫੋਜੀ ਕਿੰਨੇ ਕੁ ਦਿਨ ਲੜ ਸੱਕਣਗੇ? ਅੰਤ ਹਥਿਆਰ ਸੁੱਟ ਦੇਣਗੇ ਅਤੇ ਈਨ ਮੰਨ ਲੈਣਗੇ। ਇਸੇ ਲਈ ਕਹਿੰਦੇ ਹਨ ਕਿ, "ਦੀਵਾਨਾ ਆਦਮੀ ਕੋ ਬਣਾਤੀ ਹੈਂ ਰੋਟੀਆਂ। ਠੋਕ੍ਹਰੇਂ ਦਰ ਦਰ ਕੀ ਖਿਲਾਤੀ ਹੈਂ ਰੋਟੀਆਂ"। ਦੁਨੀਆਂ ਦੇ ਦੁੱਖਾਂ ਕਲੇਸ਼ਾਂ ਤੋਂ ਤੰਗ ਆ ਕੇ ਕਈ ਲੋਕ ਸਾਧੂ ਬਣ ਜਾਂਦੇ ਹਨ। ਉਹ ਸਾਰੀ ਦੁਨੀਆਂ ਨੂੰ ਛੱਡ ਸਕਦੇ ਹਨ ਪਰ ਰੋਟੀ ਨੂੰ ਨਹੀਂ ਛੱਡ ਸਕਦੇ। ਰੋਟੀ ਕਾਰਨ ਉਨ੍ਹਾਂ ਨੂੰ ਫਿਰ ਗ੍ਰਹਿਥੀਆਂ ਦੇ ਦਰ ਉੱਤੇ ਹੀ ਆਉਣਾ ਪੈਂਦਾ ਹੈ।ਭੁੱਖਿਆਂ ਤਾਂ ਪ੍ਰਮਾਤਮਾ ਦੀ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਕਿਸੇ ਨੇ ਠੀਕ ਹੀ ਕਿਹਾ ਹੈ, "ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ ਜਾਂ "ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ"।
ਭੁੱਖ ਨੂੰ ਬੰਦੇ ਦੀ ਸਭ ਤੋਂ ਵੱਡੀ ਕਮਜੋਰੀ ਮੰਨਿਆ ਗਿਆ ਹੈ। ਜੇ ਬੰਦੇ ਨੂੰ ਭੁੱਖ ਨਾ ਲੱਗੇ ਤਾਂ ਉਸ ਬਹੁਤ ਸੌਖਾ ਹੋ ਜਾਵੇ।ਇਸ ਲਈ ਭੁੱਖ ਨੂੰ ਇਕ ਨਾਂਹ ਪੱਖੀ ਵਰਤਾਰਾ ਗਿਣਿਆ ਜਾਂਦਾ ਹੈ ਪਰ ਭੁੱਖ ਨਾਂਹ ਪੱਖੀ ਵਰਤਾਰਾ ਨਹੀਂ। ਭੁੱਖ ਲੱਗਣਾ ਅਤੇ ਰੋਟੀ ਖਾਣੀ ਉਤਨੀ ਹੀ ਜ਼ਰੂਰੀ ਹੈ ਜਿਤਨੀ ਮਨੁੱਖ ਲਈ ਜ਼ਿੰਦਗੀ। ਸਰੀਰ ਨੂੰ ਨਰੋਇਆ ਅਤੇ ਤਰੋ ਤਾਜ਼ਾ ਰੱਖਣ ਲਈ ਭੋਜਨ ਬਹੁਤ ਜ਼ਰੂਰੀ ਹੈ।ਭੋਜਨ ਕਰ ਕੇ ਮਨੱਖ ਨੂੰ ਸ਼ਕਤੀ ਮਿਲਦੀ ਹੈ ਅਤੇ ਉਹ ਕੋਈ ਕੰਮ ਕਰਨ ਦੇ ਕਾਬਲ ਹੁੰਦਾ ਹੈ। ਜੇ ਭੁੱਖ ਨਾ ਲੱਗੇ ਤਾਂ ਬੰਦਾ ਕੋਈ ਕੰਮ ਹੀ ਨਾ ਕਰੇ। ਉਸ ਨੂੰ ਕਿਸੇ ਦੀ ਕੋਈ ਗਰਜ਼ ਹੀ ਨਾ ਰਹੇ। ਸਾਰਾ ਦਿਨ ਬੇਜਾਨ ਪੱਥਰ ਬਣਿਆ ਪਿਆ ਰਿਹਾ ਕਰੇ। ਜ਼ਰਾ ਸੋਚੋ ਜੇ ਸਾਰੇ ਜੀਵ ਭੋਜਨ ਨਾ ਕਰਨ ਤਾਂ ਦੁਨੀਆ ਕਿਹੋ ਜਹੀ ਹੋਵੇਗੀ? ਬੇਜਾਨ ਅਤੇ ਬੇਰਸ। ਦੁਨੀਆਂ ਦੀ ਸਾਰੀ ਤਰੱਕੀ ਰੁਕ ਜਾਵੇਗੀ। ਇਹ ਸੁਪਨਮਈ ਸੰਸਾਰ ਕਿਧਰੇ ਨਜ਼ਰ ਨਹੀਂ ਆਵੇਗਾ। ਇਸੇ ਲਈ ਕਹਿੰਦੇ ਹਨ,"ਪਹਿਲਾਂ ਪੇਟ ਪੂਜਾ, ਫਿਰ ਕੰਮ ਦੂਜਾ"। ਜੇ ਕਿਸੇ ਭੁਖੇ ਨੂੰ ਪੁੱਛੋ ਕਿ ਦੋ ਅਤੇ ਦੋ ਕਿੰਨੇ ਹੁੰਦੇ ਹਨ ਉਹ ਕਹੇਗਾ ਚਾਰ ਰੋਟੀਆਂ। ਉਸ ਨੂੰ ਚੰਦਰਮਾ ਵੀ ਰੋਟੀ ਦੀ ਤਰ੍ਹਾਂ ਗੋਲ ਦਿਸਦਾ ਹੈ। ਗੁਰੂ ਸਾਹਿਬ ਨੇ ਮਨੁੱਖ ਦੀ ਭੁੱਖ ਦੀ ਜ਼ਰੂਰਤ ਨੂੰ ਸਮਝਦੇ ਹੋਏ ਲੰਗਰ ਦੀ ਪ੍ਰਥਾ ਚਲਾਈ ਤਾਂ ਕਿ ਕੋਈ ਪ੍ਰਾਣੀ ਭੁੱਖ ਨਾਲ ਨਾ ਮਰੇ। ਵੈਸੇ ਰੱਬ ਨੇ ਜਿਸ ਜੀਵ ਨੂੰ ਪੈਦਾ ਕੀਤਾ ਹੈ, ਉਸ ਨਾਲ ਪੇਟ ਵੀ ਲਾਇਆ ਹੈ ਅਤੇ ਉਸ ਦਾ ਪੇਟ ਭਰਨ ਲਈ ਭੋਜਨ ਦਾ ਵੀ ਪ੍ਰਬੰਧ ਕੀਤਾ ਹੈ ਪਰ ਇਕ ਉਹਲਾ ਰੱਖਿਆ ਹੈ ਤਾਂ ਕਿ ਜੀਵ ਉਸ ਭੋਜਨ ਨੂੰ ਪ੍ਰਾਪਤ ਕਰਨ ਲਈ ਕੋਈ ਕੰਮ ਕਰੇ। ਸੋ ਭੁੱਖ ਲੱਗਣਾ ਇਕ ਬਹੁਤ ਵੱਡਾ ਗੁਣ ਹੈ। ਜਿਸ ਦੀ ਭੁੱਖ ਮਰ ਗਈ ਸਮਝੋ ਉਹ ਸਰੀਰਕ ਤੋਰ ਤੇ ਠੀਕ ਨਹੀਂ। ਜੇ ਲੰਬੇ ਸਮੇਂ ਤੱਕ ਭੁੱਖ ਨਾ ਲੱਗੇ ਤਾਂ ਸਮਝੋ ਉਹ ਬੰਦਾ ਆਪਣੀ ਮੌਤ ਦੇ ਨੇੜੇ ਜਾ ਰਿਹਾ ਹੈ।
ਮਨੁੱਖ ਨੂੰ ਨੀਂਦ ਦਾ ਆਉਣਾ ਵੀ ਬਹੁਤ ਜ਼ਰੂਰੀ ਹੈ। ਕਈ ਲੋਕ ਨੀਂਦ ਨੂੰ ਮਾੜੀ ਗਿਣਦੇ ਹਨ। ਉਨ੍ਹਾਂ 'ਤੇ ਹਰ ਸਮੇਂ ਕੰਮ ਕਰਨ ਦਾ ਅਤੇ ਜਿਆਦਾ ਪੈਸਾ ਕਮਾਉਣ ਦਾ ਭੂਤ ਸਵਾਰ ਰਹਿੰਦਾ ਹੈ। ਉਹ ਸੋਚਦੇ ਹਨ ਕਿ ਜੇ ਅਸੀਂ ਰਾਤੀ ਵੀ ਕੰਮ ਕਰਦੇ ਰਹੀਏ ਤਾਂ ਬਹੁਤ ਪੈਸੇ ਕਮਾ ਸਕਾਂਗੇ। ਅਸੀਂ ਜਲਦੀ ਅਮੀਰ ਹੋ ਜਾਵਾਂਗੇ ਪਰ ਇਹ ਗੱਲ ਗਲਤ ਹੈ। ਕੋਈ ਬੰਦਾ ਲਗਾਤਾਰ ਬਿਨਾਂ ਸੁਤਿਆਂ ਜਿਆਦਾ ਦਿਨ ਨਿਰੋਗ ਨਹੀਂ ਰਹਿ ਸਕਦਾ ਅਤੇ ਕੰਮ ਨਹੀਂ ਕਰ ਸਕਦਾ। ਸਾਰਾ ਦਿਨ ਕੰਮ ਕਰਕੇ ਬੰਦਾ ਥੱਕ ਜਾਂਦਾ ਹੈ। ਸਰੀਰ ਨੂੰ ਨਰੋਏ ਰੱਖਣ ਲਈ ਅਤੇ ਦੂਬਾਰਾ ਕੰਮ ਤੇ ਲਾਉਣ ਲਈ ਅਰਾਮ ਦੀ ਸਖਤ ਜ਼ਰੂਰਤ ਹੈ।ਜੇ ਬੰਦੇ ਨੂੰ ਬਹੁਤ ਦਰਦ ਹੋਵੇ ਜਾਂ ਉਸ ਦਾ ਓਪਰੇਸ਼ਨ ਕਰਨਾ ਪਵੇ ਤਾਂ ਡਾਕਟਰ ਮਰੀਜ਼ ਨੂੰ ਬੇਹੋਸ਼ੀ ਦਾ ਟੀਕਾ ਲਾ ਦਿੰਦੇ ਹਨ ਤਾਂ ਕਿ ਉਸ ਨੂੰ ਦਰਦ ਮਹਿਸੂਸ ਨਾ ਹੋਵੇ। ਇਹ ਵੀ ਇਕ ਤਰ੍ਹਾਂ ਦੀ ਗੈਰ ਕੁਦਰਤੀ ਨੀਂਦ ਹੀ ਹੈ।ਨੀਂਦ ਮਾਂ ਦੀ ਤਰ੍ਹਾਂ ਪ੍ਰਾਣੀ ਨੂੰ ਆਪਣੀ ਗੋਦ ਵਿਚ ਸੁਆ ਕੇ ਇਕ ਮਿੱਠੀ ਲੋਰੀ ਦਿੰਦੀ ਹੈ। ਜਿਵੇਂ, ਸਮਾਧੀ ਮਨ ਦਾ ਵਿਸ਼ਰਾਮ ਹੈ, ਉਵੇਂ ਹੀ ਨੀਂਦ ਤਨ ਦਾ ਵਿਸ਼ਰਾਮ ਹੈ। ਪ੍ਰਾਣੀ ਦੀ ਸਾਰੀ ਥਕਾਵਟ ਉਤਰ ਜਾਂਦੀ ਹੈ। ਨੀਂਦ ਵਿਚ ਬੰਦੇ ਦੇ ਸੈਲਾਂ ਦੀ ਟੁੱਟ ਭੱਜ ਦੀ ਮੁਰੰਮਤ ਹੁੰਦੀ ਹੈ। ਦਿਨ ਦੀਆਂ ਕੌੜੀਆਂ ਯਾਦਾਂ ਤੋਂ ਛੁਟਕਾਰਾ ਮਿਲਦਾ ਹੈ। ਉਹ ਅਗਲੇ ਦਿਨ ਤਰੋਤਾਜ਼ਾ ਹੋ ਕਿ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਲੜਾਈ ਲੜਣ ਲਈ ਤਿਆਰ ਹੋ ਜਾਂਦਾ ਹੈ। ਸਾਨੂੰ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ, "ਹੈ ਸੱਚੇ ਪਾਤਸ਼ਾਹ ਤੇਰਾ ਧੰਵਾਦ ਹੈ ਕਿ ਤੂੰ ਸਾਨੂੰ ਇਸ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਇਕ ਹੋਰ ਮੌਕਾ ਦਿੱਤਾ ਹੈ"।
ਪੁਲਿਸ ਨੇ ਜੇ ਕਿਸੇ ਅਪਰਾਧੀ ਤੋਂ ਕੋਈ ਭੇਦ ਖੁਲਵਾਣਾ ਹੋਵੇ ਤਾਂ ਉਹ ਵੀ ਮੁਜਰਮ ਨੂੰ ਕਈ ਕਈ ਦਿਨ ਭੁੱਖਿਆਂ ਅਤੇ ਉਨੀਂਦਾ ਰੱਖਦੀ ਹੈ। ਉਹ ਭੁੱਖ ਅਤ ਨੀਂਦ ਜ਼ਿਆਦਾ ਸਮਾਂ ਬਰਦਾਸ਼ਤ ਨਹੀਂ ਕਰ ਸਕਦਾ। ਅੰਤ ਉਸਨੂੰ ਆਪਣੀ ਜ਼ੁਬਾਨ ਖੋਲ੍ਹਣੀ ਹੀ ਪੈਂਦੀ ਹੈ। ਨੀਂਦ ਬੰਦੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਜ਼ਿਆਦਾ ਦਿਨ ਉਨੀਂਦਰਾ ਬਰਦਾਸ਼ਤ ਨਹੀਂ ਕੀਤਾ ਜਾ ਸੱਕਦਾ ਇਸੇ ਲਈ ਕਹਿੰਦੇ ਹਨ, ਨੀਂਦ ਤਾਂ ਸੂਲੀ ਤੇ ਵੀ ਆ ਜਾਂਦੀ ਹੈ।
ਨੀਂਦ ਰੱਬ ਦਾ ਇਕ ਵਰਦਾਨ ਹੈ। ਨੀਂਦ ਦੇ ਕਈ ਹੋਰ ਫਾਇਦੇ ਵੀ ਹਨ। ਨੀਂਦ ਵਿਚ ਵੀ ਬੰਦੇ ਦਾ ਦਿਮਾਗ ਅਚੇਤਨ ਤੋਰ ਤੇ ਚਲਦਾ ਰਹਿੰਦਾ ਹੈ ਅਤੇ ਉਹ ਆਪਣੀਆਂ ਕਈ ਮੁਸ਼ਕਲਾਂ ਦਾ ਹੱਲ ਨੀਂਦ ਵਿਚ ਹੀ ਕੱਢ ਲੈਂਦਾ ਹੈ। ਸਾਂਇੰਸਦਾਨਾ ਨੇ ਨੀਂਦ ਵਿਚ ਹੀ ਕਈ ਖੋਜਾਂ ਕੀਤੀਆਂ ਹਨ ਅਤੇ ਕਈ ਬਿਮਾਰੀਆਂ ਦਾ ਇਲਾਜ ਲੱਭਿਆ ਹੈ। ਸ਼ਾਹਿਤਕਾਰਾਂ ਨੂੰ ਵੀ ਨੀਂਦ ਵਿਚ ਕਈ ਫੁਰਨੇ ਫੁਰਦੇ ਹਨ ਉਹ ਲੋਕਾਂ ਦੀ ਨੀਂਦ ਦਾ ਫਾਇਦਾ ਉਠਾ ਕੇ ਰਾਤ ਦੇ ਸ਼ਾਂਤ ਵਾਤਾਵਰਨ ਵਿਚ ਆਪਣੀਆਂ ਉੱਤਮ ਰਚਨਾਵਾਂ ਲਿਖਦੇ ਹਨ।
ਜਿਹੜਾ ਬੰਦਾ ਰਾਤ ਨੂੰ ਨੀਂਦ ਪੂਰੀ ਨਾ ਕਰ ਸੱਕੇ ਸਮਜੋ ਉਸ ਦੀ ਰਾਤ ਵਿਅਰਥ ਗਈ। ਉਸ ਦਾ ਅਗਲਾ ਦਿਨ ਵੀ ਵਿਅਰਥ ਹੀ ਜਾਵੇਗਾ ਕਿਉਂਕਿ ਸਾਰਾ ਦਿਨ ਉਸ ਦਾ ਸਰੀਰ ਟੁੱਟਦਾ ਰਹੇਗਾ ਅਤੇ ਉਹ ਪੂਰੀ ਤਰਾਂ ਕੰਮ ਨਹੀਂ ਕਰ ਸਕੇਗਾ।। ਸਰੀਰਕ ਥਕਾਵਟ ਅਤੇ ਛੋਟੀ ਮੋਟੀ ਬਿਮਾਰੀ ਗੁਣ ਹੀ ਹਨ। ਇਸ ਦਾ ਮਤਲਬ ਹੁੰਦਾ ਹੈ ਕਿ ਹੁਣ ਸਰੀਰ ਨੂੰ ਅਰਾਮ ਦੀ ਜ਼ਰੂਰਤ ਹੈ ਜੇ ਇਸ ਨੂੰ ਅਰਾਮ ਦੇ ਕੇ ਤੰਦਰੁਸਤ ਨਾ ਕੀਤਾ ਜਾਵੇ ਤਾਂ ਇਹ ਹੋਰ ਕੰਮ ਨਹੀਂ ਕਰ ਸੱਕੇਗਾ।
ਅਸੀ ਜੋ ਭੋਜਨ ਕਰਦੇ ਹਾਂ ਇਸ ਦੇ ਪਚਨ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਅਸੀਂ ਤੰਦਰੁਸਤ ਰਹਿੰਦੇ ਹਾਂ। ਭੋਜਨ ਪਚਨ ਤੋਂ ਬਾਅਦ ਸਰੀਰ ਅੰਦਰ ਜਿਹੜਾ ਫਾਲਤੂ ਪਦਾਰਥ ਬਚ ਜਾਂਦਾ ਹੈ ਉਹ ਟੱਟੀ ਅਤੇ ਪਿਸ਼ਾਬ ਦੇ ਰੂਪ ਵਿਚ ਬਾਹਰ ਨਿਕਲ ਜਾਂਦਾ ਹੈ। ਅਸੀ ਟੱਟੀ ਅਤੇ ਪਿਸ਼ਾਬ ਦਾ ਨਾਮ ਕੁਝ ਘਿਰਨਾ ਦੇ ਰੂਪ ਵਿਚ ਲੈਂਦੇ ਹਾਂ। ਇਸ ਨੂੰ ਘਟੀਆ ਵਰਤਾਰਾ ਸਮਝਦੇ ਹਾਂ।ਇਸ ਲਈ ਇਨ੍ਹਾਂ ਦੇ ਨਾਮ ਨੂੰ ਵੀ ਬਦਲ ਕੇ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਪੰਜਾਬੀ ਛੱਡ ਕੇ ਅੰਗਰੇਜ਼ੀ ਵਿਚ ਕਹਿੰਦੇ ਹਾਂ-ਲੈਟਰੀਨ ਜਾਣਾ ਹੈ। ਪਿਸ਼ਾਬ ਕਰਨਾ ਹੋਵੇ ਤਾਂ ਅਸੀਂ ਕਹਿੰਦੇ ਹਾਂ—ਟੋਇਲਟ ਜਾਣਾ ਹੈ ਜਾਂ ਇਕ ਨੰਬਰ ਜਾਣਾ ਹੈ। ਔਰਤਾਂ ਕਹਿੰਦੀਆਂ ਹਨ—ਵਾਸ਼ਰੂਮ ਜਾਣਾ ਹੈ। ਬੱਚੇ ਤੋਂ ਵੀ ਪੁੱਛਣਾ ਹੋਵੇ ਤਾਂ ਅਸੀਂ ਪੁੱਛਦੇ ਹਾਂ—ਪੋਪੋ ਆਈ ਹੈ ? ਜਾਂ ਸ਼ੂਸ਼ੂ ਆਇਆ ਹੈ ? ਭਾਵ ਅਸੀ ਟੱਟੀ ਪਿਸ਼ਾਬ ਨੂੰ ਇਕ ਗੰਦੀ ਅਤੇ ਘਟੀਆ ਚੀਜ਼ ਸਮਝਕੇ ਉਸ ਦਾ ਨਾਮ ਲੈਣ ਤੋਂ ਵੀ ਕਤਰਾਉਂਦੇ ਹਾਂ। ਜਿਤਨਾ ਰੋਟੀ ਖਾਣਾ ਅਤੇ ਪਾਣੀ ਪੀਣਾ ਜ਼ਰੂਰੀ ਹੈ ਉਤਨਾ ਟੱਟੀ ਪਿਸ਼ਾਬ ਦਾ ਠੀਕ ਤਰ੍ਹਾਂ ਆਉਣਾ ਵੀ ਜ਼ਰੂਰੀ ਹੈ। ਮਲ ਅਤੇ ਪਿਸ਼ਾਬ ਦਾ ਠੀਕ ਢੰਗ ਨਾਲ ਖਾਰਜ਼ ਹੋਣਾ ਤੰਦਰੁਸਤੀ ਦੀ ਨਿਸ਼ਾਨੀ ਹੈ। ਜੇ ਇਹ ਨਿਕਾਸ ਨਾ ਹੋਵੇ ਤਾਂ ਬੰਦਾ ਬਿਮਾਰ ਪੈ ਜਾਂਦਾ ਹੈ। ਜ਼ਿਆਦਾ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ। ਪੇਟ ਹਰ ਸਮੇਂ ਠੀਕ ਰਹਿਣਾ ਚਾਹੀਦਾ ਹੈ। ਜੇ ਕਬਜ਼ੀ ਹੋ ਜਾਵੇ ਤਾਂ ਪੇਟ ਵਿਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਦਾ ਭਾਵ ਇਹ ਹੈ ਕਿ ਪੇਟ ਅੰਦਰ ਅਪਚ ਪਦਾਰਥ ਜਮਾ ਹੋ ਗਿਆ ਹੈ। ਉਹ ਸੜ ਕੇ ਗੈਸ ਬਣ ਰਿਹਾ ਹੈ। ਇਹ ਗੈਸ ਦਿਮਾਗ ਨੂੰ ਚੜ੍ਹਦੀ ਹੈ ਤੇ ਬੰਦੇ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਹ ਪਾਗਲ ਵੀ ਹੋ ਸਕਦਾ ਹੈ। ਉਸ ਦੀ ਭੁੱਖ ਵੀ ਮਰ ਜਾਂਦੀ ਹੈ। ਇਸੇ ਤਰ੍ਹਾਂ ਜੇ ਪਿਸ਼ਾਬ ਰੁਕ ਜਾਵੇ ਤਾਂ ਵੀ ਬੰਦੇ ਲਈ ਮੁਸੀਬਤ ਬਣ ਜਾਂਦੀ ਹੈ। ਜੇ ਪਿਸ਼ਾਬ ਬਾਰ ਬਾਰ ਆਵੇ ਤਾਂ ਵੀ ਬੰਦਾ ਬਹੁਤ ਤੰਗ ਹੁੰਦਾ ਹੈ।ਡਾਕਟਰ ਦੁਵਾਈਆਂ ਨਾਲ ਜਾਂ ਨਕਲੀ ਤਰੀਕਿਆਂ ਨਾਲ ਸਰੀਰ ਦਾ ਇਹ ਗੰਦ ਬਾਹਰ ਕੱਢਦੇ ਹਨ ਤਾਂ ਕਿਧਰੇ ਜਾ ਕੇ ਬੰਦੇ ਨੂੰ ਚੈਨ ਆਉਂਦਾ ਹੈ। ਪਹਿਲੇ ਜਦ ਕੋਈ ਮਰੀਜ਼ ਹਕੀਮ ਕੋਲ ਆਪਣੀ ਕਿਸੇ ਬਿਮਾਰੀ ਦੇ ਇਲਾਜ ਲਈ ਜਾਂਦਾ ਸੀ ਤਾਂ ਹਕੀਮ ਪਹਿਲਾਂ ਪੁੱਛਦਾ ਸੀ। ਸਵੇਰੇ ਟੱਟੀ ਠੀਕ ਆਈ ? ਕਿੰਨੀ ਕੁ ਆਈ ? ਦਿਨ ਵਿਚ ਕਿੰਨੀ ਵਾਰੀ ਜਾਂਦੇ ਹੋ ? ਫਿਰ ਉਹ ਬਿਮਾਰੀ ਸਮਝ ਕੇ ਪੇਟ ਨੂੰ ਸੈਟ ਕਰਨ ਲਈ ਦੁਆਈ ਦਿੰਦਾ ਸੀ।ਪੇਟ ਨੂੰ ਠੀਕ ਰੱਖਣ ਲਈ ਸਧਾਰਨ ਖਾਣਾ ਖਾਓ। ਜਿਆਦਾ ਮਸਾਲੇ ਵਾਲੀਆਂ ਅਤੇ ਤਲੀਆਂ ਹੋਈਆਂ ਚੀਜ਼ਾ ਤੋਂ ਪ੍ਰਹੇਜ਼ ਕਰੋ।
ਇੱਥੇ ਇਕ ਹੋਰ ਕਥਾ ਵੀ ਮਸ਼ਹੂਰ ਹੈ, "ਇਕ ਵਾਰੀ ਇਕ ਰਾਜੇ ਨੂੰ ਪਿਆਸ ਲੱਗੀ। ਨੌਕਰ ਉਸ ਲਈ ਪਾਣੀ ਦਾ ਪਿਆਲਾ ਲੈ ਆਇਆ। ਰਾਜਾ ਪਾਣੀ ਮੁੰਹ ਨੂੰ ਲਾਣ ਹੀ ਲੱਗਾ ਸੀ ਕਿ ਵਜ਼ੀਰ ਨੇ ਟੋਕ ਦਿੱਤਾ। ਉਸਨੇ ਪੁੱਛਿਆ—ਮਹਾਰਾਜ ਇਹ ਦੱਸੋ ਕਿ ਜੇ ਤੁਹਾਨੂੰ ਬਹੁਤ ਪਿਆਸ ਲੱਗੀ ਹੋਵੇ ਪਰ ਇਹ ਪਾਣੀ ਕਿਧਰੋਂ ਨਾ ਮਿਲੇ। ਤੁਸੀਂ ਪਿਆਸ ਨਾਲ ਵਿਆਕੁਲ ਹੋ ਕੇ ਤੜਫਨ ਲੱਗੋ ਤਾਂ ਉਸ ਸਮੇਂ ਤੁਸੀਂ ਕੀ ਕਰੋਗੇ ? ਰਾਜੇ ਨੇ ਉੱਤਰ ਦਿੱਤਾ—ਮੈਂ ਪਾਣੀ ਦਾ ਪਿਆਲਾ ਪਿਲਾਉਣ ਵਾਲੇ ਨੂੰ ਆਪਣਾ ਅੱਧਾ ਰਾਜ ਦੇ ਦਿਆਂਗਾ। ਰਾਜੇ ਨੇ ਪਾਣੀ ਦਾ ਪਿਆਲਾ ਪੀ ਲਿਆ। ਵਜੀਰ ਨੇ ਫਿਰ ਸਵਾਲ ਕੀਤਾ—ਮਹਾਰਾਜ ਜੋ ਤੁਸੀਂ ਪਾਣੀ ਪੀਤਾ ਹੈ ਜੇ ਇਹ ਤੁਹਾਡੇ ਅੰਦਰ ਜਾ ਕੇ ਰੁਕ ਜਾਵੇ ਤਾਂ ਤੁਸੀਂ ਕੀ ਕਰੋਗੇ? ਤੁਹਾਨੂੰ ਪਿਸ਼ਾਬ ਦੀ ਜ਼ੋਰਦਾਰ ਤਲਬ ਲੱਗੇ ਪਰ ਕਿਸੇ ਕਾਰਨ ਪਿਸ਼ਾਬ ਬਾਹਰ ਨਾ ਆਵੇ, ਤੁਸੀਂ ਤੜਫਦੇ ਰਹੋ। ਫਿਰ ਜੇ ਕੋਈ ਤੁਹਾਡੇ ਇਸ ਦੁੱਖ ਦਾ ਇਲਾਜ ਕਰ ਦੇਵੇ ਤਾਂ ਤੁਸੀਂ ਉਸ ਨੂੰ ਕੀ ਇਨਾਮ ਦਿਉਗੇ? ਰਾਜੇ ਨੇ ਕਿਹਾ ਮੈਂ ਉਸ ਨੂੰ ਆਪਣਾ ਅੱਧਾ ਰਾਜ ਦੇ ਦਿਆਂਗਾ। ਇਸ ਤੇ ਵਜੀਰ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਪਾਣੀ ਦੇ ਇਕ ਪਿਆਲੇ ਦੀ ਕੀਮਤ ਤੁਹਾਡਾ ਪੂਰਾ ਰਾਜ ਹੈ।ਫਿਰ ਮਾਣ ਕਾਹਦਾ"? ਸਾਨੂੰ ਕੁਦਰਤ ਦੀਆਂ ਨਿਆਮਤਾਂ ਦੀ ਕਦਰ ਕਰਨੀ ਚਾਹੀਦੀ ਹੈ
ਗਰੀਬੀ ਨੂੰ ਸਭ ਤੋਂ ਵੱਡੀ ਲਾਹਣਤ ਗਿਣਿਆ ਗਿਆ ਹੈ।ਗਰੀਬ ਆਦਮੀ ਦਾ ਕੋਈ ਮਿਤੱਰ ਨਹੀਂ ਹੁੰਦਾ। ਗਰੀਬ ਦੇ ਦੁੱਖ ਵੇਲੇ ਕੋਈ ਨੇੜੇ ਨਹੀਂ ਲੱਗਦਾ। ਉਸ ਪਾਸ ਜ਼ਿੰਦਗੀ ਦੇ ਗੁਜ਼ਰਾਨ ਦੇ ਸਾਧਨ ਵੀ ਬਹੁਤ ਸੀਮਤ ਹੁੰਦੇ ਹਨ। ਉਸ ਦੀ ਦਾਲ ਰੋਟੀ ਮੁਸ਼ਕਲ ਨਾਲ ਹੀ ਚਲਦੀ ਹੈ। ਦੂਜੇ ਪਾਸੇ ਧਨਵਾਨ ਦੇ ਸਭ ਮਿੱਤਰ ਹੁੰਦੇ ਹਨ। ਉਸ ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਅਸਾਨੀ ਨਾਲ ਪੂਰੀਆਂ ਹੁੰਦੀਆ ਹਨ। ਸਭ ਬੰਦੇ ਮੁਸ਼ਕਲ ਸਮੇਂ ਉਸ ਨਾਲ ਖੜ੍ਹਦੇ ਹਨ। ਉਸ ਦੇ ਪੈਸੇ ਦਾ ਦਬਦਬਾ ਇਨਾਂ ਹੁੰਦਾ ਹੈ ਕਿ ਉਹ ਲੋਕਾਂ ਤੇ ਛਾਇਆ ਰਹਿੰਦਾ ਹੈ। ਇਸ ਸਭ ਦੇ ਬਾਵਜੂਦ ਅਮੀਰੀ ਦੇ ਕੁਝ ਨੁਕਸਾਨ ਵੀ ਹਨ ਅਤੇ ਗਰੀਬੀ ਦੇ ਕੁਝ ਫਾਇਦੇ ਵੀ ਹਨ। ਜ਼ਰੂਰਤ ਤੋਂ ਜ਼ਿਆਦਾ ਮਨੁੱਖ ਕੋਲ ਕੋਈ ਚੀਜ਼ ਹੋਵੇ ਉਹ ਦੁੱਖਾਂ ਦਾ ਕਾਰਨ ਹੀ ਬਣਦੀ ਹੈ।ਅਮੀਰ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਸ ਕੋਲ ਧਨ ਬਹੁਤ ਹੁੰਦਾ ਹੈ। ਉਸ ਨੂੰ ਹਰ ਸਮੇਂ ਇਸ ਨੂੰ ਸੰਭਾਲਣ ਦਾ ਹੀ ਫਿਕਰ ਲੱਗਾ ਰਹਿੰਦਾ ਹੈ। ਸਭ ਤੋਂ ਪਹਿਲਾਂ ਉਸ ਨੂੰ ਇਨਕਮ ਟੈਕਸ ਦਾ ਹੀ ਡਰ ਹੁੰਦਾ ਹੈ। ਫਿਰ ਉਸ ਨੂੰ ਧਨ ਸਾਂਭਣ ਦੀ ਚਿੰਤਾ ਹੁੰਦੀ ਹੈ। ਕਿਧਰੇ ਕੋਈ ਮੇਰਾ ਧਨ ਲੁੱਟ ਕੇ ਹੀ ਨਾ ਲੈ ਜਾਏ ? ਇਸ ਚਿੰਤਾ ਕਾਰਨ ਉਸ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਉਹ ਰਾਤੀ ਹੜ ਬੜਾ ਕੇ ਉੱਠਦਾ ਹੈ। ਚਿੰਤਾ ਨੂੰ ਘੱਟ ਕਰਨ ਲਈ ਉਹ ਨਸ਼ੇ ਅਤੇ ਅਯਾਸ਼ੀ ਕਰਨ ਲੱਗ ਪੈਂਦਾ ਹੈ।ਉਹ ਨਸ਼ੇ ਨਾਲ ਆਪਣੇ ਆਪ ਨੂੰ ਕੋਈ ਭਿਆਨਕ ਬਿਮਾਰੀ ਲਾ ਲੈਂਦਾ ਹੈ। ਸਭ ਤੋਂ ਜਿਆਦਾ ਦੁਆਈਆਂ ਅਮੀਰ ਬੰਦੇ ਹੀ ਖਾਂਦੇ ਹਨ।ਉਨ੍ਹਾਂ ਦੇ ਟੱਬਰ ਵਿਚ ਵੀ ਕਲੇਸ਼ ਰਹਿੰਦਾ ਹੈ। ਸਭ ਤੋਂ ਜਿਆਦਾ ਤਲਾਕ ਉੱਚੀ ਸੁਸਾਇਟੀ ਦੇ ਲੋਕਾਂ ਵਿਚ ਹੀ ਹੁੰਦੇ ਹਨ। ਉਨ੍ਹਾਂ ਦੇ ਬੱਚੇ ਵੀ ਵਿਗੜ ਜਾਂਦੇ ਹਨ। ਉਹ ਜੂਵੇ ਅਤੇ ਹੋਰ ਭੈੜੀਆਂ ਆਦਤਾਂ ਵਿਚ ਫਸ ਜਾਂਦੇ ਹਨ। ਮਾਂ ਬਾਪ ਦੇ ਧਨ ਨੂੰ ਉਹ ਅਯਾਸ਼ੀ ਵਿਚ ਰੌਹੜਦੇ ਹਨ। ਉਹ ਆਲਸੀ ਹੋ ਜਾਂਦੇ ਹਨ। ਉਨ੍ਹਾਂ ਵਿਚ ਕੰਮ ਕਰਨ ਦੀ ਆਦਤ ਨਹੀਂ ਰਹਿੰਦੀ। ਇਸ ਲਈ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਹ ਤਰੱਕੀ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹ ਰਸਾਤਲ ਦੇ ਰਸਤੇ ਪੈ ਜਾਂਦੇ ਹਨ।
ਇਹ ਠੀਕ ਹੈ ਕਿ ਬਹੁਤ ਜਿਆਦਾ ਗਰੀਬੀ ਵੀ ਮਾੜੀ ਹੈ ਪਰ ਜੇ ਬੰਦੇ ਦੀ ਹੱਕ ਹਲਾਲ ਦੀ ਕਮਾਈ ਨਾਲ ਉਸਦਾ ਕੁੱਲੀ, ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਠੀਕ ਚਲਦਾ ਰਹੇ ਤਾਂ ਚੰਗਾ ਹੈ। ਅਜਿਹਾ ਬੰਦਾ ਮਿਹਨਤੀ ਹੁੰਦਾ ਹੈ ਕਿਉਂਕਿ ਖਾਲੀ ਘੜਾ ਹੀ ਭਰਦਾ ਹੈ। ਉਹ ਹੋਰ ਉਨਤੀ ਅਤੇ ਆਪਣੇ ਪਰਿਵਾਰ ਵਿਚ ਖੁਸ਼ਹਾਲੀ ਲਿਆਉਣ ਲਈ ਉਹ aੱਦਮ ਕਰਦਾ ਹੈ। ਉਹ ਹਮੇਸ਼ਾਂ ਸਕਾਰਾਤਮਕ ਕੰਮ ਵਿਚ ਰੁੱਝਾ ਰਹਿੰਦਾ ਹੈ। ਕਦੀ ਵਿਹਲਾ ਨਹੀਂ ਬੈਠਦਾ। ਅਜਿਹੇ ਪਰਿਵਾਰਾਂ ਵਿਚ ਪਿਆਰ ਅਤੇ ਇਤਫਾਕ ਜਿਆਦਾ ਹੁੰਦਾ ਹੈ। ਉਨ੍ਹਾਂ ਦੇ ਬੱਚੇ ਮਾਂ ਬਾਪ ਦੀ ਇਜੱਤ ਕਰਦੇ ਹਨ। ਉਨ੍ਹਾਂ ਦਾ ਚਾਲ ਚੱਲਣ ਠੀਕ ਰਹਿੰਦਾ ਹੈ। ਕੰਮ ਵਿਚ ਰੁੱਝੇ ਹੋਣ ਕਰਕੇ ਉਨ੍ਹਾਂ ਪਾਸ ਵਿਗੜਨ ਦਾ ਸਮਾਂ ਹੀ ਨਹੀਂ ਹੁੰਦਾ। ਉਨ੍ਹਾਂ ਵਿਚ ਅੱਗੇ ਵਧਨ ਦੀ ਲਗਨ ਹੁੰਦੀ ਹੈ। ਇਸ ਲਈ ਉਹ ਸਿਆਣੇ ਨਿਕਲਦੇ ਹਨ। ਇਸੇ ਲਈ ਬਹੁਤੇ ਸ਼ਾਹਕਾਰ ਗਰੀਬ ਬੱਚੇ ਹੀ ਬਣਾਉਂਦੇ ਹਨ। ਉਹ ਹੀ ਨਵੀਂਆਂ ਨਵੀਂਆਂ ਖੋਜਾਂ ਕਰਦੇ ਹਨ। ਉਹ ਦੇਸ਼ ਦੇ ਨਿਰਮਾਤਾ ਹੁੰਦੇ ਹਨ। ਗਰੀਬੀ ਉਨ੍ਹਾਂ ਲਈ ਵਰਦਾਨ ਹੁੰਦੀ ਹੈ।ਇਥੇ ਪ੍ਰਮਾਤਮਤਾ ਦਾ ਸ਼ੁਕਰਾਨਾ ਕਰ ਕੇ  ਇਹ ਅਰਦਾਸ ਕਰਨੀ ਚਾਹੀਦੀ ਹੈ, " ਹੇ ਸੱਚੇ ਪਾਤਸ਼ਾਹ ਇੰਨਾਂ ਘੱਟ ਨਾ ਦਈਂ ਕਿ ਰੁਲ ਜਾਵਾਂ ਮੈਂ, ਇੰਨਾਂ ਵੱਧ ਵੀ ਨਾ ਦਈਂ ਕਿ ਤੈਨੂੰ ਭੁਲ ਜਾਵਾਂ ਮੈਂ"।
ਸਾਨੂੰ ਕੁਦਰਤ ਦੀਆਂ ਇਨ੍ਹਾਂ ਨਿਆਮਤਾਂ ਵਿਚ ਤਵਾਜਨ ਬਣਾ ਕੇ ਚਲਣਾ ਚਾਹੀਦਾ ਹੈ। ਇਹ ਛੋਟੀਆਂ ਛੋਟੀਆਂ ਗੱਲਾਂ ਨਿਰਾਰਥੱਕ ਨਹੀਂ ਹਨ ਸਗੋਂ ਕੁਦਰਤ ਦੇ ਵਰਦਾਨ ਹਨ। ਇਹ ਬਹੁਤ ਵੱਡੀਆਂ ਨਿਆਮਤਾਂ ਹਨ ਜਿਨ੍ਹਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਇਹ ਸਰੀਰ ਦੀ ਤੰਦਰੁਸਤੀ ਅਤੇ ਜ਼ਿੰਦਗੀ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਜ਼ਿੰਦਗੀ ਦੇ ਰੋਂ ਨੂੰ ਠੀਕ ਚਲਾਉਣ ਵਿਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਨਿਆਮਤਾਂ ਸਾਨੂੰ ਮਰਿਆਦਾ ਵਿਚ ਰਹਿਣਾ ਸਿਖਾਉਂਦੀਆਂ ਹਨ।

samsun escort canakkale escort erzurum escort Isparta escort cesme escort duzce escort kusadasi escort osmaniye escort