ਪੰਜਾਬ ਵਿਚ ਕੀ ਖਟਿਆ ਕੀ ਗਵਾਇਆ (ਕਿਸ਼ਤ-2) (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਢਹਿੰਦੀ ਉਮਰ ਦੇ ਸਨਮੁਖ 'ਕੰਢੀ ਉਤੇ ਰੁੱਖੜਾ ਅੱਜ ਡਿੱਗਾ ਕਿ ਕੱਲ' ਦੇ ਸੱਚ ਨੂੰ ਮੰਨਦਿਆਂ ਜੱਟ ਜਿਗਰੇ ਨਾਲ ਵਡਾ ਸਾਰਾ ਹੌਸਲਾ ਕਰ ਕੇ ਘੜੀ ਦੀਆਂ ਸੂਈਆਂ ਬਦਲਦਾ ਜਦ ਮੈਂ 28 ਨਵੰਬਰ, 2014 ਨੂੰ ਨਵੀਂ ਦਿੱਲੀ ਹਵਾਈ ਅਡੇ ਤੋਂ ਬਾਹਰ ਆਇਆ ਤਾਂ ਰਾਤ ਦੇ ਤਿੰਨ ਵੱਜੇ ਸਨ। ਅਗੇ ਮੈਨੂੰ ਵਡੇ ਭਰਾ ਦਾ ਸਤਿਕਾਰ ਦੇਣ ਵਾਲਾ ਮੇਰਾ ਮੂੰਹ ਬੋਲਿਆ ਛੋਟਾ ਭਰਾ ਭੁਪਿੰਦਰ ਸਿੰਘ ਚੀਮਾ, ਉਹਦਾ ਰਾਈਟ ਹੈਂਡ ਕਾਕੂ ਸਾਹੀ ਅਤੇ ਪਟਿਆਲਾ ਤੋਂ ਮੇਰਾ ਭਤੀਜਾ ਸੁਖ ਮੇਰੀ ਉਡੀਕ ਕਰ ਰਹੇ ਸਨ। ਉਹਨਾਂ ਹਥੋ ਹਥੀ ਮੇਰਾ ਸਾਮਾਨ ਆਪਣੀ ਕਾਰ ਵਿਚ ਰੱਖ ਕੇ ਪੁਛਿਆ ਕਿ ਦੱਸੋ ਚਲੀਏ ਮੋਹਾਲੀ ਨੂੰ। ਮੈਂ ਬਹੁਤ ਥਕਿਆ ਹੋਇਆ ਸਾਂ ਤੇ ਆਪਣੇ ਪਿਆਰੇ ਦੇਸ਼ ਦੀ  ਧਰਤੀ ਤੇ ਪੈਰ ਰਖਦਿਆਂ ਹੀ ਮਨ ਭਰ ਗਿਆ ਸੀ। ਮੈਂ ਇਹ ਕਹਿ ਕੇ ਚੱਲਣ ਦਾ ਇਸ਼ਾਰਾ ਕਰ ਦਿਤਾ ਕਿ ਰਸਤ ਵਿਚੇ ਕਿਸੇ ਢਾਬੇ ਤੇ ਕਾਰ ਰੋਕ ਕੇ ਚਾਹ ਦਾ ਕੱਪ ਪੀਵਾਂਗੇ। ਮੁਲਕ ਜਾਂ ਸ਼ਹਿਰ ਕੋਈ ਵੀ ਹੋਵੇ, ਭੁਪਿੰਦਰ ਸਿੰਘ ਚੀਮਾ ਦੇ ਦਿਮਾਗ ਵਿਚ ਪਹਿਲਾਂ ਹੀ ਉਹਦਾ ਨਕਸ਼ਾ ਬਣਿਆ ਹੋਇਆ ਹੁੰਦਾ ਹੈ ਕਿਉਂਕਿ ਕਿਸੇ ਵੇਲੇ ਉਹ ਜਰਮਨ ਤੋਂ ਅਫਗਾਨਿਸਤਾਨ ਤਕ ਪੂਰੇ ਸਿੱਖੀ ਸਰੂਪ ਵਿਚ ਆਪਣੀ ਬੱਸ ਚਲਾਇਆ ਕਰਦਾ ਸੀ। ਅਨੇਕਾਂ ਮੁਲਕਾਂ ਦੇ ਰਾਹ ਖਹਿੜੇ ਉਸ ਦੀਆਂ ਤਲੀਆਂ ਤੇ ਹਨ। ਫਾਰਸੀ ਉਸ ਨੂੰ ਪੰਜਾਬੀ ਵਾਂਗ ਆਉਂਦੀ ਹੈ ਅਤੇ ਹੋਰ ਕਈ ਦੇਸ਼ਾਂ ਦੀਆਂ ਬੋਲੀਆਂ ਵੀ। ਜੇ ਉਹ ਕਹਿ ਦੇਵੇ ਕਿ ਇਸ ਵੇਲੇ ਫਰੈਂਕਫੋਰਟ ਵਿਚ ਬਾਰਿਸ਼ ਹੋ ਰਹੀ ਹੈ ਤਾਂ ਉਸ ਦੀ ਅਗਾਊਂ ਭਵਿਖ ਬਾਣੀ ਕਦੀ ਧੋਖਾ ਨਹੀਂ ਖਾਂਦੀ।

ਮੈਨੂੰ ਦਿੱਲੀ ਦੀਆਂ ਸੜਕਾਂ ਦਾ ਜਾਲ ਅਤੇ ਜੁਗਰਾਫੀਆ ਕਦੇ ਵੀ ਪਸੰਦ ਨਹੀਂ ਆਇਆ। ਜੇ ਪੰਜਾਬ ਵਿਚੋਂ ਦਿੱਲੀ ਏਅਰਪੋਰਟ ਨੂੰ ਜਾਓ ਤਾਂ ਏਅਰਪੋਰਟ ਦੇ ਸਾਈਨ ਏਅਰਪੋਰਟ ਦੇ ਲਾਗੇ ਜਾ ਕੇ ਦਿਸਦੇ ਹਨ, ਰਸਤੇ ਵਿਚ ਕਿਧਰੇ ਨਹੀਂ। ਇਸ ਲਈ ਭੁਪਿੰਦਰ ਸਿੰਘ ਚੀਮਾ ਵਰਗਾ ਹਰ ਫਨ ਮੌਲਾ ਹੀ ਤੁਹਾਨੂੰ ਠੀਕ ਸਮੇਂ ਏਰਪੋਰਟ ਤੇ ਪੁਚਾ ਸਕਦਾ ਹੈ ਨਹੀਂ ਤਾਂ ਰਾਹ ਪੁਛ ਪੁਛ ਕੇ ਪੁਜਣਾ ਬੜਾ ਜ਼ੌਖਮ ਭਰਿਆ ਕੰਮ ਹੈ। ਐਕਸਪਰਟ ਚੀਮੇ ਨੇ ਆਪਣੀ ਇਕ ਘੰਟੇ ਦੀ ਉਸਤਾਦੀ ਨਾਲ ਦਿੱਲੀ ਸ਼ਹਿਰ ਦੀ ਘੁੰਮਣ ਘੇਰੀ ਵਿਚੋਂ ਕਾਰ ਕਢ ਕੇ ਪਾਣੀਪਤ ਨੂੰ ਜਾਂਦੀ ਸੜਕ ਤੇ ਸਿੱਧੀ ਕਰ ਦਿਤੀ ਅਤੇ ਇਹ ਵੀ ਕਹਿ ਦਿਤਾ ਕਿ ਸਾਨੂੰ ਅੰਬਾਲਾ ਟਪਦਿਆਂ ਸੂਰਜ ਚੜ੍ਹ ਜਾਵੇਗਾ ਅਤੇ ਅਸੀਂ ਠੀਕ ਸਾਢੇ ਸੱਤ ਵਜੇ ਮੋਹਾਲੀ ਮੇਰੀ ਕੋਠੀ ਪਹੁੰਚ ਕੇ ਸੀਮਾ ਦੇ ਹਥਾਂ ਦੀ ਬਣੀ ਚਾਹ ਹੀ ਪੀਵਾਂਗੇ। ਮੇਰੇ ਕੋਲ ਦੋ ਸਕਾਚ ਦੀਆਂ ਬੋਤਲਾਂ ਸਨ ਜੋ ਮੈਂ ਦਿੱਲੀ ਏਅਪੋਰਟ ਤੋਂ ਖਰੀਦੀਆਂ ਸਨ। ਮੈਂ ਆਫਰ ਦਿਤੀ ਕਿ ਜੇ ਪੀਣੀ ਚਾਹੋ ਤਾਂ ਹਾਜ਼ਰ ਹੈ। ਚੀਮਾ ਸਾਹਿਬ ਨੇ ਸਿਆਣਪ ਦਾ ਪੱਲਾ ਨਾ ਛਡਦਿਆਂ ਫੌਰਨ ਕਹਿ ਦਿਤਾ ਕਿ ਸ਼ਰਾਬ ਪੀ ਕੇ ਗਡੀ ਚਲਾਉਣ ਦਾ ਕਦੇ ਰਿਸਕ ਨਹੀਂ ਲੈਣਾ ਚਾਹੀਦਾ। ਮੈਂ ਐਗਜ਼ੈਕਟਿਵ ਕਲਾਸ ਵਿਚ ਸਫਰ ਕਰਦਿਆਂ ਹਵਾਈ ਰਸਤੇ ਮੁਫਤ ਮਿਲਦੀ ਮਹਿੰਗੀ ਸਕਾਚ ਦੀ ਘੁਟ ਵੀ ਨਹੀਂ ਭਰੀ ਸੀ ਅਤੇ ਨਾ ਹੀ ਕੁਝ ਖਾਧਾ ਸੀ। ਡਾਕਟਰ ਰਣਵੀਰ ਸ਼ਾਰਦਾ ਦੀ ਸਖਤ ਹਦਾਇਤ ਸੀ ਕਿ ਹਵਾਈ ਜਹਾਜ਼ ਵਿਚ ਮੁਫਤ ਦੀ ਸ਼ਰਾਬ ਬਿਲਕੁਲ ਨਹੀਂ ਪੀਣੀ ਅਤੇ ਨਾ ਕੁਝ ਖਾਣਾ, ਪੇਟ ਨੂੰ ਹਲਕਾ ਰਖਣ ਦੀ ਕੋਸ਼ਿਸ਼ ਕਰਨੀ ਹੈ।

ਦਿੱਲੀ ਤੋਂ ਅਗੇ ਰਾਤ ਹੋਣ ਕਾਰਨ ਟਰੈਫਿਕ ਦਾ ਜ਼ੋਰ ਘੱਟ ਸੀ ਪਰ ਫਿਰ ਵੀ ਸੜਕ ਕਿਤੇ ਖਾਲੀ ਨਹੀਂ ਸੀ ਕਿ ਭੱਜ ਕੇ ਸੜਕ ਪਾਰ ਕਰ ਲਈ ਜਾਵੇ। ਕਾਰ ਦੇ ਸ਼ੀਸ਼ੇ ਬੰਦ ਹੋਣ ਦੇ ਬਾਵਜੂਦ ਦੋਵੇਂ ਪਾਸੇ ਸ਼ੂਕਦੀਆਂ ਗੱਡੀਆਂ ਦਾ ਸ਼ੋਰ ਕੰਨਾਂ ਵਿਚ ਵੱਜ ਰਿਜਾ ਸੀ। ਹੁਣ ਭਾਵੇਂ ਮੈਂ ਆਪਣੇ ਪਿਤਾ ਪੁਰਖੀ ਦੇਸ਼ ਭਾਰਤ ਦੀ ਧਰਤੀ ਤੇ ਵਿਚਰ ਚੁਕਾ ਸਾਂ ਪਰ ਵਿਚ ਵਿਚ 33 ਸਾਲ ਤੋਂ ਕੈਨੇਡਾ ਰਹਿਣ ਕਾਰਨ ਓਥੋਂ ਦੀ ਯਾਦ ਵੀ ਉਭਰ ਕੇ ਸਾਹਮਣੇ ਆ ਖਲੋਂਦੀ ਸੀ ਤੇ ਖਾਹ ਮੁਖਾਹ ਕੈਨੇਡਾ ਤੇ ਭਾਰਤ ਦੇ ਫਰਕ ਨੂੰ ਸੋਚਾਂ ਅਗੇ ਲਿਆ ਖੜ੍ਹਾ ਕਰਦੀ ਸੀ। ਦੋਹਾਂ ਦੇਸ਼ਾਂ ਦਾ ਮੁਕਾਬਲਾ ਕਰਨਾ ਮੂਰਖਤਾ ਹੈ ਪਰ ਫਿਰ ਵੀ ਅਸੀਂ ਇਹ ਮੁਕਾਬਲਾ ਕਰਨੋਂ ਨਹੀਂ ਹਟਦੇ ਅਤੇ ਨਾ ਕਦੀ ਹਟਾਂਗੇ। ਬਗੈਰ ਕਿਤੇ ਰੁਕਿਆਂ ਜਦ ਅਸੀਂ ਅੰਬਾਲਾ ਟੱਪ ਰਹੇ ਸਾਂ ਤਾਂ ਆਖਰੀ ਸਾਹ ਲੈਂਦਾ ਰਾਤ ਦਾ ਹਨੇਰਾ ਤੇ ਪਾਸਾ ਪਲਟਦੀ ਸਵੇਰ ਦੀ ਲੋਅ ਦੱਸ ਰਹੀ ਸੀ ਕਿ ਸੂਰਜ ਚੜ੍ਹਨ ਤੇ  ਹੁਣ ਜ਼ਿਆਦਾ ਸਮਾਂ ਨਹੀਂ ਲਗੇਗਾ। ਮੈਂ ਸੀਮਾ ਨੂੰ ਫੋਨ ਕਰ ਦਿਤਾ ਕਿ ਅਸੀਂ ਠੀਕ ਸਾਢੇ ਸੱਤ ਵਜੇ ਕੋਠੀ ਦੇ ਗੇਟ ਅਗੇ ਹੋਵਾਂਗੇ ਅਤੇ ਖੁਲ੍ਹੇ ਡਰਾਇੰਗ ਰੂਮ ਵਿਚ ਬੈਠ ਕੇ ਚਾਹ ਪੀਵਾਂਗੇ। ਇਹ ਸਭ ਕੁਝ ਓਸ ਵੇਲੇ ਸੱਚ ਹੋ ਗਿਆ ਜਦ ਬਨੂੜ ਤੋਂ ਲਾਂਡਰਾਂ ਰਾਹੀਂ ਕਾਰ ਸਿਧੀ ਕਰ ਕੇ ਚੀਮਾ ਸਾਹਿਬ ਨੇ ਠੀਕ ਸਮੇਂ ਕਾਰ ਕੋਠੀ ਦੇ ਗੇਟ ਅਗੇ ਖੜ੍ਹੀ ਕਰ ਦਿਤੀ। ਮੇਰੀ ਕੇਅਰਟਕਰ ਸੀਮਾ ਦੀਆਂ ਅੱਖਾਂ ਵਿਚ ਖੁਸ਼ੀ ਦੇ ਅਥਰੂ ਸਨ ਜੋ ਮੇਰੇ ਆਉਣ ਨਾਲ ਭਰਿਆ ਭਰਿਆ ਘਰ ਵੇਖ ਕੇ ਹੋਰ ਵੀ ਅਰਥ ਭਰਪੂਰ ਬਣ ਗਏ। ਮੈਂ ਆਪਣਾ ਕੋਟ ਤੇ ਪੈਂਟ ਜਿਨ੍ਹਾਂ ਨੇ ਮੈਨੂੰ ਪਿਛਲੇ 24 ਘੰਟਿਆਂ ਤੋਂ ਵਧ ਆਪਣੇ ਵਿਚ ਕੈਦ ਕਰ ਰਖਿਆ ਸੀ, ਲਾਹ ਕੇ ਅਲਮਾਰੀ ਦੇ ਕਿੱਲਾਂ ਉਤੇ ਟੰਗ ਦਿਤੇ। ਇਹ ਵੀ ਭੁੱਲ ਗਿਆ ਕਿ ਮੇਰੀ ਪੈਂਟ ਦੀ ਪਿਛਲੀ ਜੇਬ ਵਿਚ ਪਏ ਪਰਸ ਵਿਚ 29 ਹਜ਼ਾਰ ਇੰਡੀਅਨ ਕਰੰਸੀ ਅਤ ਡੇਢ ਹਜ਼ਾਰ ਡਾਲਰ ਵੀ ਮੌਜੂਦ ਸਨ। ਮੈਂ ਐਨਾ ਥਕਿਆ ਹੋਇਆ ਸਾਂ ਅਤੇ ਉਨੀਂਦਰੇ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਸੀ। ਚੀਮੇ ਹੁਰੀਂ ਚਾਹ ਦਾ ਕੱਪ ਪੀ ਕੇ ਬਸੀ ਪਠਾਣਾਂ ਨੂੰ ਚਲੇ ਗਏ ਅਤੇ ਮੈਂ ਡਰਾਇੰਗ ਰੂਮ ਵਿਚ ਵਿਛੇ ਦੀਵਾਨ ਤੇ ਹੀ ਢਹਿ ਢੇਰੀ ਹੋ ਗਿਆ। ਸੀਮਾ ਨੇ ਮੇਰੇ ਉਤੇ ਕੰਬਲ ਦੇ ਦਿਤਾ। ਹਮੇਸ਼ਾ ਸੀਮਾ ਮੇਰਾ ਪਰਸ ਅਤੇ ਨਕਦੀ ਤੇ ਕੋਠੀ ਦਾ ਕਿਰਇਆ ਆਦਿ ਦਾ ਸਾਰਾ ਹਿਸਾਬ ਆਪਣੇ ਕੰਟਰੋਲ ਵਿਚ ਰਖਦੀ ਹੈ ਅਤੇ ਘਰ ਦੇ ਖਰਚ ਦਾ ਸਾਰਾ ਵੇਰਵਾ ਵੀ ਉਹਦੇ ਕੋਲ ਹੀ ਹੁੰਦਾ ਹੈ ਅਤੇ ਮੈਂ ਉਸ ਨੂੰ  ਖਜ਼ਾਨਾ ਮੰਤਰੀ ਦਾ ਅਹੁਦਾ ਵੀ ਦਿਤਾ ਹੋਇਆ ਹੈ। ਉਸ ਨੂੰ ਮੇਰੀ ਛੋਟੀ ਤੋਂ ਛੋਟੀ ਲੋੜ ਦਾ ਲੋੜੋਂ ਵਧ ਪਤਾ ਹੁੰਦਾ ਹੈ ਅਤੇ ਐਨ ਸਮੇਂ ਸਿਰ ਦਵਾਈਆਂ ਤੇ ਪਾਣੀ ਦਾ ਗਲਾਸ ਲੈ ਕੇ ਸਿਰਹਾਣੇ ਆ ਖਲੋਂਦੀ ਹੈ। ਉਹ ਐਨੀ ਚੰਗੀ ਹੈ ਕਿ ਉਹਦੀ ਚੰਗਿਆਈ ਦੀ ਕੀਮਤ ਕਿਸੇ ਤਰ੍ਹਾਂ ਵੀ ਦਿਤੀ ਨਹੀਂ ਜਾ ਸਕਦੀ। ਕਾਂਗੜੇ ਦੇ ਪਹਾੜਾਂ ਵਿਚ ਰਹਿਣ ਵਾਲੀ ਮੋਹਾਲੀ ਆਣ ਵੱਸੀ ਉਹ ਸ਼ਾਇਦ  ਇਕੋ ਇਕ ਔਰਤ ਹੈ ਜੋ ਬਹੁਤ ਸੰਤੁਸ਼ਟ ਹੈ ਅਤੇ ਜਿਸ ਨੂੰ ਗਰੀਬ ਹੁੰਦਿਆ ਹੋਇਆਂ ਵੀ ਨਾ ਕੋਈ ਲਾਲਚ ਹੈ ਅਤੇ ਨਾ ਕੋਈ ਗਿਲਾ ਹੈ। ਸਬਰ ਸੰਤੋਖ ਦਾ ਵਾਸਾ ਉਹਦੇ ਧੁਰ ਹਿਰਦੇ ਵਿਚ ਵਸਿਆ ਹੋਇਆ ਹੈ।
 
ਮੈਂ ਸਫਰ ਦੀ ਥਕਾਵਟ ਨਾਲ ਘੂਕ ਸੁੱਤਾ ਹੋਇਆ ਸਾਂ। ਮੈਨੂੰ ਸੀਮਾ ਨੇ ਦਸਿਆ ਸੀ ਕਿ ਉਹ ਇਕ ਵਿਆਹ ਤੇ ਜਾ ਰਹੀ ਹੈ ਜਿਥੇ ਜਾਣਾ ਉਹਦਾ ਜਾਣਾ ਬਹੁਤ ਜ਼ਰੂਰੀ ਸੀ। ਇਹ ਗੱਲ ਮੈਂ ਅਧ ਪਚਧ ਹੀ ਸੁਣੀ ਸੀ ਤੇ ਉਹ ਮੇਰੇ ਸੁਤਿਆਂ ਹੀ ਚਲੀ ਗਈ ਅਤੇ ਆਪਣੇ ਘਰ ਵਾਲੇ ਰਾਜੀਵ ਤੇ ਮੇਰੇ ਭਤੀਜੇ ਨੂੰ ਮੇਰੀ ਦੇਖ ਭਾਲ ਲਈ ਛਡ ਗਈ। ਉਬਲੇ ਪਾਣੀ ਦੀਆਂ ਠੰਢੀਆਂ ਕੀਤੀਆਂ ਪਾਣੀ ਦੀਆਂ ਬੋਤਲਾਂ ਫਰਿਜ ਵਿਚ ਰੱਖ ਗਈ। ਮੈਂ ਜਿੰਨਾ ਚਿਰ ਇੰਡੀਆ ਰਹਿੰਦਾ ਹਾਂ, ਉਬਾਲ ਕੇ ਠੰਢਾ ਕੀਤਾ ਪਾਣੀ ਹੀ ਪੀਂਦਾ ਹਾਂ। ਕਈ ਲੋਕ ਓਥੋਂ ਦਾ ਪਾਣੀ ਪੀ ਕੇ ਬੀਮਾਰ ਹੋ ਜਾਂਦੇ ਹਨ। ਸਿਆਣੇ ਐਨ ਆਰ ਆਈ ਪੀਣ ਵਾਲੇ ਪਾਣੀ ਦਾ ਬੜਾ ਖਿਆਲ ਰਖਦੇ ਹਨ। ਮੇਰੇ ਭਤੀਜੇ ਸੁਖ ਨੇ ਫੋਨ ਕਰ ਦਿਤਾ ਸੀ ਅਤੇ ਮੇਰੇ ਸੁਤਿਆਂ ਹੀ ਪਟਿਆਲੇ ਤੋਂ ਮੇਰੇ ਛੋਟੇ ਭਰਾ ਦੀ ਘਰਵਾਲੀ ਮੇਰੀ ਭਰਜਾਈ ਤੇ ਉਹਦੀ ਕੁੜੀ ਜਿਸ ਨੇ ਨਰਸਿੰਗ ਕੀਤੀ ਹੋਈ ਹੈ, ਮਿਲਣ ਤੇ ਚਾਹ ਪਾਣੀ ਤੇ ਰੋਟੀ ਬਨਾਉਣ ਲਈ ਆ ਗਈਆਂ। ਮੇਰੇ ਦੋਵੇਂ ਸੂਟ ਕੇਸ ਅਤੇ ਦਸ ਕਿੱਲੋ ਵਾਲਾ ਹੈਂਡ ਬੈਗ ਅਜੇ ਖੋਲ੍ਹਣ ਵਾਲੇ ਪਏ ਸਨ ਜਿਨ੍ਹਾਂ ਨੂੰ ਮੇਰੀਆਂ ਬੇਟੀਆਂ ਅਤੇ ਘਰਵਾਲੀ ਨੇ ਗਿਫਟ ਦੇਣ ਵਾਲੇ ਕਪੜਿਆਂ ਤੇ ਸਾਮਾਨ ਨਾਲ ਤੁੰਨ ਤੁੰਨ ਕੇ ਭਰਿਆ ਹੋਇਆ ਸੀ। ਏਅਰਪੋਰਟ ਦਿੱਲੀ ਤੇ ਉਤਰਣ ਵੇਲੇ ਮੇਰੀ ਵੀਲ ਚੇਅਰ ਚਲਾਉਣ ਵਾਲੇ ਨੇ ਬੜੀ ਮੁਸ਼ਕਲ ਨਾਲ ਦੋਵੇਂ ਸੂਟ ਕੇਸ ਅਤੇ ਹੈਂਡ ਬੈਗ ਖਿਚ ਕੇ ਬਾਹਰ ਲਿਆਂਦੇ ਸਨ ਤੇ ਮੈਂ ਉਸ ਨੂੰ ਉਹਦੀ ਖਿਦਮਤ ਬਦਲੇ 300 ਰੁਪੈ ਦੇ ਦਿਤੇ ਸਨ ਜਿਨ੍ਹਾਂ ਨੂੰ ਲੈ ਕੇ ਉਹ ਖੁਸ਼ ਸੀ। ਇੰਡੀਆ ਪਹੁੰਚ ਕੇ ਨਾਲ ਲਿਆਂਦੀ 29 ਹਜ਼ਾਰ ਰੁਪੈ ਭਾਰਤੀ ਕਰੰਸੀ ਵਿਚੋਂ ਮੈਂ ਸਿਰਫ ਇਹ ਤਿੰਨ ਸੌ ਰੁਪੈ ਹੀ ਖਰਚੇ ਸਨ। ਬਾਕੀ 29 ਹਜ਼ਾਰ ਰੁਪੈ ਅਤੇ ਡੇਢ ਹਜ਼ਾਰ ਡਾਲਰਜ਼ ਮੇਰੀ ਪੈਂਟ ਦੀ ਪਿਛਲੀ ਜੇਬ ਵਿਚਲੇ ਪਰਸ ਵਿਚ ਸਨ। ਪੈਂਟ ਮੇਰੇ ਬੈਡ ਰੂਮ ਵਿਚ ਇਕ ਕਿੱਲ ਨਾਲ ਲਟਕੀ ਹੋਈ ਸੀ ਅਤੇ ਮੈਂ ਸਫਰ ਦੀ ਥਕਾਵਟ ਅਤੇ ਉਨੀਂਦਰੇ ਨਾਲ ਸੁੱਤਾ ਪਿਆ ਘੁਰਾੜੇ ਮਾਰ ਰਿਹਾ ਸਾਂ।

ਪੰਜਾਬ ਆ ਕੇ ਸਭ ਤੋਂ ਜ਼ਿਆਦਾ ਫਿਕਰ ਜਾਨ ਬਚਾਉਣ ਭਾਵ ਸਿਕਿਓਰਟੀ ਦਾ ਹੁੰਦਾ ਹੈ। ਲੰਮੇ ਸਮੇਂ ਤੋਂ ਮੇਰੀ ਕੋਠੀ ਵਿਚ ਰਹਿੰਦੇ ਮੇਰੇ ਦੋਵੇਂ ਸਰਵੈਂਟ ਸੀਮਾ ਤੇ ਉਹਦਾ ਪਤੀ ਰਾਜੀਵ ਹੁਣ ਮੇਰੇ ਨੌਕਰ ਨਹੀਂ ਧੀ ਪੁਤਰ ਹਨ। ਸੀਮਾ ਨੂੰ ਮੈਂ ਬੇਟੀ ਕਹਿੰਦਾ ਹਾਂ ਅਤੇ ਰਾਜੀਵ ਨੂੰ ਬੇਟਾ। ਉਹਨਾਂ ਦੇ ਬੇਟੇ ਅਤੇ ਬੇਟੀ ਦਾ ਪੜ੍ਹਾਈ ਦਾ ਖਰਚਾ ਦੇਂਦਾ ਹਾਂ। ਮੇਰਾ ਸਾਰਾ ਪਰਵਾਰ ਸੀਮਾ ਤੇ ਜਾਨ ਦਿੰਦੇ ਹਨ। ਜਦ ਮੇਰੀ ਬੇਟੀ ਨਿਕੀ ਇੰਡੀਆ ਆਉਂਦੀ ਹੈ ਤਾਂ ਫਾਈਵ ਸਟਾਰ ਹੋਟਲ ਵਿਚ ਠਹਿਰਦੀ ਹੈ। ਟੈਕਸੀ ਲੈ ਕੇ ਕੋਠੀ ਦੇ ਗੇਟ ਅਗੇ ਆ ਕੇ ਗਿਫਟ, ਕਪੜੇ ਤੇ ਪੰਜ ਹਾਂ ਦਸ ਹਜ਼ਾਰ ਰੁਪੈ ਸੀਮਾ ਨੂੰ ਫੜਾ ਕੇ ਮੁੜ ਜਾਂਦੀ ਹੈ ਅਤੇ ਕੋਠੀ ਦੇ ਅੰਦਰ ਨਹੀਂ ਜਾਂਦੀ। ਸੀਮਾ ਅਤੇ ਉਸਦੇ ਘਰ ਵਾਲੇ ਰਾਜੀਵ ਦੇ ਹੁੰਦਿਆਂ ਮੈਨੂੰ ਬਾਹਰੋਂ ਸਿਕਿਓਰਟੀ ਮੰਗਵਾਣ ਦੀ ਲੋੜ ਨਹੀਂ ਪੈਂਦੀ ਜਦ ਕਿ ਡੀ ਐਸ ਪੀ ਲਖਵਿੰਦਰ ਜੋ ਅਜ ਕੱਲ ਨਵਾਂ ਸ਼ਹਿਰ ਲਗਾ ਹੋਇਆ ਹੈ, ਵੱਲੋਂ ਅਕਸਰ ਗੱਡੀ ਤੇ ਸਿਕਿਓਰਟੀ ਦਾ ਪਕਾ ਪ੍ਰਬੰਧ ਕੀਤਾ ਹੋਇਆ ਹੁੰਦਾ ਹੈ। ਸਾਰੀ ਕੋਠੀ ਦੀ ਚਾਰ ਦੀਵਾਰੀ ਤੇ ਕੰਡਿਆਲੀ ਤਾਰ ਲਗੀ ਹੋਈ ਹੈ ਅਤੇ ਠੀਕ ਰਾਤ ਦੇ ਦਸ ਵਜੇ ਲੋਹੇ ਦੇ ਵਡੇ ਗੇਟ ਨੂੰ ਤਾਲਾ ਲਗ ਜਾਂਦਾ ਹੈ ਜੋ ਸਵੇਰੇ ਦੁਧ ਅਤੇ ਅਖਬਾਰ ਵਾਲੇ ਦੇ ਆਉਣ ਤੋਂ ਪਹਿਲਾਂ ਨਹੀਂ ਖੁਲ੍ਹਦਾ। ਕਿਰਾਏਦਾਰ ਵੀ ਇਸ ਬੰਦਸ਼ ਦੇ ਅੰਦਰ ਹੀ ਆ ਜਾ ਸਕਦੇ ਹਨ।

ਪਰਵਾਰ ਦੇ ਫੈਸਲੇ ਅਨੁਸਾਰ ਮੈਂ ਇੰਡੀਆ ਕੋਠੀ ਵੇਚਣ ਆਇਆ ਸਾਂ। ਢਾਈ ਸਾਲ ਪਹਿਲਾਂ ਕੋਠੀ ਦਾ ਸਵਾ ਤਿੰਨ ਕਰੋੜ ਮਿਲਦਾ ਸੀ ਤੇ ਇਸ ਲਾਲਚ ਵਿਚ ਨਾ ਵੇਚੀ ਕਿ ਕੀਮਤਾਂ ਵਧ ਜਾਣਗੀਆਂ ਪਰ ਹੋਇਆ ਇਸ ਦੇ ਉਲਟ। ਪੰਜਾਬ ਵਿਚ ਪਰਾਪਰਟੀ ਦੀਆਂ ਕੀਮਤਾਂ ਐਨੀਆਂ ਡਾਊਨ ਹੋ ਗਈਆਂ ਕਿ ਹੁਣ ਇਹ ਕੋਠੀ ਕੋਈ ਦੋ ਕਰੋੜ ਵਿਚ ਵੀ ਲੈਣ ਲਈ ਤਿਆਰ ਨਹੀਂ ਸੀ। ਸਲੰਪ ਐਨਾ ਜ਼ਿਆਦਾ ਸੀ ਕਿ ਪੰਜਾਬ ਵਿਚ ਸਾਰੀ ਪਰਾਪਰਟੀ ਮਾਰਕੀਟ ਡੱਲ ਹੋਈ ਪਈ ਸੀ ਅਤੇ ਚਾਲਾਕ ਤੋਂ ਚਾਲਾਕ ਪਰਾਪਰਟੀ ਡੀਲਰਜ਼ ਵੀ ਹਥ ਤੇ ਹਥ ਧਰ ਕੇ ਬੈਠੇ ਸਨ ਪਰ  ਸ਼ਿਕਾਰ ਦੀ ਤਲਾਸ਼ ਵਿਚ ਉਹਨਾਂ ਦੇ ਜਾਲ ਵਿਛੇ ਹੋਏ ਸਨ। ਇਹਨਾਂ ਨਹਾਇਤ ਚਾਲਾਕ ਪਰਾਪਰਟੀ ਡੀਲਰਜ਼ ਦਾ ਮੁਖ ਨਿਸ਼ਾਨਾ ਐਨ ਆਰ ਆਈ ਹੀ ਹਨ ਜਿਨ੍ਹਾਂ ਕੋਲ ਪਰਾਪਰਟੀ ਵੇਚਣ ਲਈ ਸਮਾਂ ਘੱਟ ਹੁੰਦਾ ਹੈ ਅਤੇ ਪਰਾਪਰਟੀ ਵੇਚਣ ਦੇ ਦਾਅ ਪੇਚਾਂ ਤੋਂ ਅਨਜਾਣ ਹੁੰਦੇ ਹਨ। ਕੁਝ ਆਪਣੇ ਤੇ ਕੁਝ ਪਰਾਏ ਉਹਨਾਂ ਨੂੰ ਲੁਟਣ ਮਾਰਨ ਦੀਆਂ ਸਕੀਮਾਂ ਘੜ ਰਹੇ ਹੁੰਦੇ ਹਨ। ਮਿਠੀਆਂ ਤੇ ਚੋਪੜੀਆਂ ਗੱਲਾਂ ਨਾਲ  ਇਹ ਪਰਾਪਰਟੀ ਵੇਚਣ ਆਏ ਲੋਕਾਂ ਅਗੇ ਆਪਣਾ ਜਾਲ ਇਸ ਤਰ੍ਹਾਂ ਵਿਛਾਉਂਦੇ ਹਨ ਕਿ ਵੇਚਣ ਵਾਲਾ ਭਾਵੇਂ ਕਿੰਨਾ ਵੀ ਤਿੱਖਾ ਕਿਉਂ ਨਾ ਹੋਵੇ, ਇਹਨਾਂ ਦੇ ਜਾਲ ਵਿਚ ਫਸ ਹੀ ਜਾਂਦਾ ਹੈ। ਅਸਟੇਟ ਆਫਸ, ਪੂਡਾ, ਤਹਿਸੀਲਦਾਰ, ਐਸ ਡੀ ਐਮ ਆਦਿ ਦੇ ਦਫਤਰਾਂ ਵਿਚ ਇਹਨਾਂ ਦੇ ਬੜੇ ਮਜ਼ਬੂਤ ਸੈੱਲ ਹਨ ਅਤੇ ਉਹਨਾਂ ਸੈੱਲਾਂ ਨੂੰ ਵਰਤਣ ਵਿਚ ਇਹ ਬਹੁਤ ਮਾਹਰ ਤੇ ਉਸਤਾਦ ਹਨ। ਮੈਨੂੰ ਇਹਨਾਂ ਚਾਲਾਕ ਅਤੇ ਬਦਮਾਸ਼ ਜਾਂ ਲੈਂਡ ਮਾਫੀਆ ਜਾਂ ਪਰਾਪਟੀ ਡੀਲਰਾਂ ਬਾਰੇ ਬਾਰੇ ਭਾਵੇਂ ਕਾਫੀ ਗਿਆਨ ਸੀ, ਪਰ ਮੈਂ ਇਹਨਾਂ ਦੇ ਜਾਲ ਵਿਚ ਕਿਵੇਂ ਫਸਿਆ ਜਾਂ ਨਿਕਲਿਆ। ਇਹਨਾਂ ਨੇ ਮੇਰਾ ਜੀਣਾ ਹਰਾਮ ਕਰ ਦਿਤਾ ਤੇ ਮੈਨੂੰ ਪਾਗਲ ਬਣਾ ਦਿਤਾ। ਇਸ ਦਾ ਪੂਰਾ ਵੇਰਵਾ ਅਗਲੀਆਂ ਕਿਸ਼ਤਾਂ ਵਿਚ ਐਨ ਆਰ ਆਈਜ਼ ਅਗੇ ਪੇਸ਼ ਕੀਤਾ ਜਾਵੇਗਾ ਕਿ ਜਦ ਉਹ ਭਾਰਤ ਆਪਣੀਆਂ ਪਰਾਪਟੀਜ਼ ਵੇਚਣ ਜਾਂਦੇ ਹਨ ਤਾਂ ਕਿਵੇਂ ਸਾਵਧਾਨੀ ਤੋਂ ਕੰਮ ਲੈਣਾ ਹੈ। ਮੇਰੇ ਮੋਹਾਲੀ ਪਹੁੰਚਣ ਦੇ ਦੋ ਦਿਨਾਂ ਬਾਅਦ ਹੀ ਸਾਰੀ ਮੋਹਾਲੀ ਵਿਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਕੈਨੇਡਾ ਤੋਂ ਇਕ ਐਨ ਆਰ ਆਈ ਆਪਣੀ ਕੋਠੀ ਵੇਚਣ ਲਈ ਆਇਆ ਹੈ। 

---ਚਲਦਾ---