ਬਚ ਗਏ ਨਸ਼ਿਆਂ ਤੋਂ (ਪਿਛਲ ਝਾਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਉਸ ਸਮੇਂ ਦੀ ਹੈ । ਜਦੋਂ  ਚੌਥੀ ਜਮਾਤ ਵਿੱਚ ਪੜ੍ਹਦੇ ਸੀ। ਇੱਕ ਸ਼ਾਮ ਨੂੰ ਖੇਡਦੇ ਹੋਏ , ਅਸੀ ਬੀੜੀਆ ਦੇ ਟੋਟੇ ਚੁੱਕ ਕੇ ਉਹਨਾਂ ਨੂੰ ਹੱਥਾਂ ਵਿੱਚ ਫੜਕੇ ਇਸ ਤਰ੍ਹਾਂ ਕਰਨ ਲੱਗ ਪਏ, ਜਿਸ ਤਰ੍ਹਾ ਬੀੜੀ ਪੀਣ ਵਾਲੇ ਕਰਦੇ ਹਨ, ਜਾਨੀ ਕਿ ਉਗਲਾਂ ਵਿੱਚ ਟੋਟਿਆ ਨੂੰ ਫੜਕੇ ਬੀੜੀ ਪੀਣ ਦੀ ਐਕਟਿੰਗ ਕਰਨ ਲੱਗ ਪਏ । ਕਿਉਂ ਕਿ ਅਸੀ ਆਪਣੇ ਤਾਇਆ ਜੀ ਨੂੰ ਅਕਸਰ ਬੀੜੀ ਪੀਦੇਂ ਦੇਖਦੇ ਸਾਂ। ਸਾਡੇ ਨਾਲ ਹੀ ਖੇਡਦੀ ਇੱਕ ਲੜਕੀ ਨੇ ਕਿਹਾ " ਕੱਲ ਨੂੰ ਮਾਸਟਰਾਂ ਨੂੰ ਦੱਸੂਗੀ ਕਿ ਮਾਸਟਰ ਜੀ ਇਹ ਤੇ ਕੋਰਾ ਬੀੜੀਆ ਪੀਦੇਂ ਹੁੰਦੇ ਨੇ" ਮੈਂ ਉਸ ਦੀ ਗੱਲ ਸੁਣ ਕੇ ਬਹੁਤ ਡਰ ਗਿਆ ਅਤੇ ਉਸ ਦੀਆ ਮਿੰਨਤਾਂ ਵੀ ਕੀਤੀਆ ਕਿ ਹਾੜੇ ! ਹਾੜੇ ……… ਭੈਣ ਬਣ ਕੇ ਮਾਸਟਰਾਂ ਨੂੰ ਨਾ ਦੱਸੀ ।ਪਰ ਉਹ ਨਾ ਮੰਨੀ, ਅਸੀ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
                      ਦੂਸਰੇ ਦਿਨ ਮੈਂ ਕੱਲ੍ਹ ਦੀ ਇਸ ਗੱਲ ਦੇ ਡਰ ਕਰਕੇ ਸਕੂਲ ਹੀ ਨਾ ਗਿਆ। ਗਰਮੀਆਂ ਦਾ ਮਹੀਨਾ ਸੀ । ਕੋਠੇ ਤੇ ਪਏ ਸੀ , ਬੇਬੇ ਨੇ ਕਾਫੀ ਹਾਕਾਂ ਮਾਰੀਆ ਵੀ ਅੱਜ ਸਕੂਲ ਨੀਂ ਜਾਣਾ । ਪਰ ਜਾਗਦਾ ਨਿਢਾਲ ਹੋ ਕੇ ਪਿਆ ਰਿਹਾ। ਬੇਬੇ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੱਤਾ। ਬੇਬੇ ਕਿਸੇ ਦੇ ਕਪਾਹ ਚੁੱਗਣ ਲਈ ਚਲੀ ਗਈ । ਮੈ ਉਸੇ ਤਰ੍ਹਾ ਹੀ ਪਿਆ ਰਿਹਾ । ਫੇਰ ਲਗਭਗ ਨੌ ਕੁ ਵਜੇ ਕਿਸੇ ਨੇ ਮੇਰਾ ਨਾਮ ਲੈ ਕੇ ਆਖ ਮਾਰੀ, ਨੈਬ ਉਏ ! ਨੈਬ ਉਏ…………… ਤੈਨੂੰ ਮਾਸਟਰਾਂ ਨੇ ਸਕੂਲ ਸੱਦਿਆ । ਮੈ ਉਹਨਾਂ ਦੀ ਕਿਸੇ ਵੀ ਅਵਾਜ ਦਾ ਉੱਤਰ ਨਾ ਦਿੱਤਾ । ਪਰ ਮੈਂ ਡਰ ਬਹੁਤ ਗਿਆ, ਕਿ ਕੱਲ੍ਹ ਵਾਲੀ ਗੱਲ ਮਾਸਟਰ ਜੀ ਨੂੰ ਪਤਾ ਲੱਗ ਗਈ ਹਊ, ਇਸ ਕਰਕੇ ਉਹਨਾਂ ਨੇ ਮੈਨੂੰ ਸੱਦਣ ਲਈ ਸੁਨੇਹਾ ਭੇਜਿਆ। ਮੈਂ ਪਿਆ ਹੀ ਸੋਚੀ ਗਿਆ ਅਤੇ ਪਤਾ ਨੀ ਉਹ ਕਦੋਂ ਹਾਕਾਂ – ਮਾਰ ਕੇ ਚਲੇ ਗਏ। 
                   ਘੰਟੇ ਕੁ  ਬਾਅਦ ਫੇਰ ਦੋ ਤਿੰਨ ਜਣੇ ਸੱਦਣ ਲਈ ਦੁਬਾਰਾ ਆ ਗਏ । ਇਸ ਵਾਰ ਜਦੋਂ ਮੈ ਉਹਨਾਂ ਦੀ ਹਾਕ ਦਾ ਜਵਾਬ ਨਾ ਦਿੱਤਾ ਤਾਂ ਉਹ ਕੋਠੇ ਉੱਪਰ ਆ ਗਏ । ਕਿਉਂ ਕਿ ਸਾਡੇ ਘਰ ਉਸ ਸਮੇਂ ਕੋਈ ਗੇਟ ਹੀ ਨਹੀਂ ਸੀ , ਸਿਰਫ ਬੇਬੇ ਗੇਟ ਅੱਗੇ ਕੋਈ ਮੰਜ਼ਾਂ ਜਾਂ ਇੱਕ ਦੋ ਟੰਬੇ ਖੜ੍ਹੇ ਕਰ ਦਿੰਦੀ ਤਾਂ ਕਿ ਕੋਈ ਕੁੱਤਾ ਅੰਦਰ ਨਾ ਆ ਸਕੇ ।ਇਸ ਕਰਕੇ ਉਹਨਾਂ ਨੂੰ ਉੱਪਰ ਆਉਣ ਵਿੱਚ ਕੋਈ ਦਿੱਕਤ ਨਾ ਆਈ, ਉਹਨਾਂ ਨੇ ਮੈਂਨੂੰ ਕਿਹਾ ਕਿ ਸਕੂਲ ਚੱਲ , ਮਾਸਟਰਾਂ ਨੇ ਤੈਨੂੰ ਸੱਦਿਆ ਹੈ। ਮੈਂ ਤਾਂ ਉਹਨਾਂ ਦੇ ਗਲ ਪੈ ਗਿਆ ਤੁਸੀ ਸਾਡੇ ਕੋਠੇ ਤੇ ਚੜ੍ਹੇ ਹੀ ਕਿਵੇ ? ਉਹ ਸਾਰੇ ਕਹਿਣ ਲੱਗੇ ਵੀ ਸਾਨੂੰ ਤਾਂ ਮਾਸਟਰਾਂ ਨੇ ਭੇਜਿਆ , ਮੈਂਨੂੰ ਨੀ ਪਤਾ ਸਾਡੇ ਕੋਠੇ ਤੋਂ  ਥੱਲੇ ਉਤਰੋ , ਉਹ ਥੱਲੇ ਉੱਤਰ ਗਏ , ਉਹ ਬੀਹੀ 'ਚ ਜਾ ਖੜੇ। ਮੈਂ ਥੱਲੇ ਨੂੰ ਲੱਤਾਂ ਲਮਕਾ ਕੇ ਬਨੇਰੇ ਤੇ ਬੈਠ ਗਿਆ । ਕਾਫੀ ਮਗਜ ਖਾਫ਼ਾਈ ਕਰਕੇ ਉਹ ਚਲੇ ਗਏ । ਮੈਂ ਕੋਠੇ ਤੋਂ ਥੱਲੇ ਉੱਤਰ ਕੇ ਛਾਬੇ ਵਿੱਚੋਂ ਦੋ ਰੋਟੀਆ ਚੁੱਕੀਆਂ ਅਤੇ ਬੇਬੇ ਦੀ ਮੇਰੇ ਲਈ ਬਣਾ ਕੇ ਰੱਖੀ ਹੋਈ ਚਾਹ ਨਾਲ ਹੀ ਖਾਣ ਲੱਗ ਪਿਆ।
                   ਮੈਂ ਰੋਟੀ ਖਾਹ ਕੇ ਹੱਟਿਆ ਹੀ ਸੀ । ਕਿ ਉਸ ਵਕਤ ਹੀ ਜਿਵੇਂ ਸਕੂਲ ਦੇ ਸਾਰੇ ਜੁਆਕ ਹੀ ਸਾਡੇ ਘਰ ਆ ਗਏ । ਉਹਨਾਂ ਵਿੱਚੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਚੰਦ ਅਤੇ ਦੇਵ ਨੇ ਕਿਹਾ " ਮਾਸਟਰਾਂ ਨੇ ਕਿਹਾ, ਕਿ ਜੇ ਤਾਂ ਸਿੱਧੀ ਤਰ੍ਹਾਂ ਆਉਦਾ ਹੈ, ਤਾਂ ਠੀਕ ਹੈ। ਨਹੀ ਤਾਂ ਸਾਰੇ ਜਣੇ ਉਹਨੂੰ ਚੁੱਕ ਕੇ ਘੜੀਸ ਕੇ ਲਿਆਉ" ਮੈਂ ਤਾਂ ਉਹਨਾਂ ਦੀ ਗੱਲ ਸੁਣਨ ਸਾਰ ਦੋ ਤਿੰਨ ਨੂੰ ਧੱਕਾ ਮਾਰ ਕੇ ਭਜ ਲਿਆ। ਉਹ ਵੀ ਸਾਰੇ ਮੇਰੇ ਪਿੱਛੇ ਭੱਜ ਲਏ । ਕੁੱਝ ਸਮੇਂ ਤੱਕ ਤਾਂ ਮੈਂ ਭੱਜਦਾ ਰਿਹਾ ਪਰ ਪਂੰਜਵੀਂ ਵਾਲੇ ਮੇਰੇ ਨਾਲੋ ਵੱਡੇ ਵੀ ਸੀ ਅਤੇ ਤਕੜੇ ਵੀ ਬਾਹਲੇ, ਮੈਂ ਊਈ ਮਾੜਚੂ ਜਿਹਾ ਸੀ । ਉਹਨਾਂ ਮੈਂਨੂੰ ਫੜ੍ਹ ਲਿਆ ਤੇ ਚੁੱਕ ਕੇ ਸਾਰੇ ਜਣੇ ਰੋਲਾ ਪਾਉਦੇ ਫੜ ਲਿਆ ………ਫੜ ਲਿਆ………ਫੜ ਲਿਆ …ਕਰਦੇ ਹੋਏ ਸਕੂਲ ਲੈ ਗਏ।
                    ਸਕੂਲ ਵਿੱਚ ਜਾਣ ਸਾਰ ਮਾਸਟਰ ਜੀ ਜੋ ਸਾਡੇ ਨਾਲ ਦੇ ਹੀ ਪਿੰਡ ਤੋਂ ਆਉਦੇਂ ਸਨ । ਕੁੱਝ ਨੀ ਪੁੱਛਿਆ ਵੱਸ ਮੇਰੇ ਜਿੱਥੇ ਪੈਦੀ ਆ ਪੈਣ ਦੇ …… ਜਿੱਥੇ ਪੈਦੀ ਆ ਪੈਣ ਦੇ… ਜਿੱਥੇ ਪੈਦੀ ਆ ਪੈਣ ਦੇ ……ਇੱਕ-ਦੋ ਮਿੰਟਾਂ ਵਿੱਚ ਹੀ  ਮੇਰੀਆਂ ਕੂਕਾਂ ਪਉਆ ਦਿੱਤੀਆਂ । ਮੈਂ ਕਿਹੀ ਜਾਵਾਂ ਮਾਸਟਰ ਜੀ ਮੈਂ ਨੀ ਬੀੜੀ ਪੀਤੀ , ਇਹ ਝੁਠ ਬੋਲਦੀ ਆ ……… ਮੈਂ ਨੀ ਬੀੜੀ ਪੀਤੀ। ਪਰ ਮਾਸਟਰ ਜੀ ਦੇ ਕੰਨ ਤੇ ਕੋਈ ਜੂਅ ਤੱਕ ਨਾ ਸਰਕੇ । ਮੇਰੀ ਚੰਗੀ ਆਉ – ਭੁਗਤ ਕਰਕੇ ਮੈਂਨੂੰ ਇੱਕ ਪਾਸੇ ਬਿਠਾ ਦਿੱਤਾ ਤੇ ਕਿਹਾ, "ਪੁੱਤ ਮੇਰਿਆ ! ਆ ਯਾਦ ਕਰ ਲਾ , ਨਹੀ ਹੋਰ ਪੈਣ ਗਈਆ" ਨਾਲੇ ਮੈਂ ਹੋਓਕੇ ਲੈ-ਲੈ ਰੋਈ ਜਾਵਾਂ ਨਾਲੇ ਪਹਾੜਾ ਪੜੀ ਜਾਵਾਂ। ਕੋਰਾ ਕਿਤਾਬ'ਚ ਮੂੰਹ ਦੇਈ ਪੜੀ ਜਾਵੇ, ਨਾਲੇ ਮੇਰੇ ਵੱਲ ਟੇਢੀ ਜਿਹਾ ਦੇਖ ਕੇ ਹੱਸੀ ਜਾਵੇ।ਮੈ ਪਹਾੜਾ ਯਾਦ ਕਰਕੇ ਸੁਣਾ ਦਿੱਤਾ।ਮੈਂ ਸੋਚੀ ਜਾਵਾਂ ਕੋਰੇ ਦੇ ਵੀ ਕੁੱਟ ਪਈ ਹੀ ਹੋਊ!@ ਮੇਰੇ ਥੋੜੀ ਜਿਆਦਾ ਪੈ ਗਈ ਹੋਊ। ਕਿਉਂ ਕਿ ਬੀੜੀ ਦੇ ਟੋਟੇ ਇਹਨੇ ਵੀ ਤਾਂ ਮੇਰੇ ਨਾਲ ਹੀ ਚੁੱਕੇ ਸਨ।ਪਰ ਉਸ ਦੇ ਕੁੱਟ ਨਹੀ ਪਈ ਸੀ ।ਕਿਉਂ ਕਿ ਉਸਨੇ ਇਸ ਗੱਲ ਨੂੰ ਮਨ ਤੇ ਨਹੀ ਲਾਇਆ ਸੀ ।ਉਹ ਦੂਜੇ ਦਿਨ ਜਿਸ ਦਿਨ ਦੀ ਇਹ ਘਟਨਾ ਹੈ ।ਉਹ ਸਕੂਲ ਚਲਿਆ ਗਿਆ ਸੀ। ਪਰ ਜਦੋਂ ਤੱਕ ਮੈਂਨੂੰ ਇਹਨਾਂ ਗੱਲਾਂ ਦੀ ਸਮਝ ਨਾ ਆਈ ਮੇਰੇ ਮਨ ਵਿੱਚ ਇਹ ਹੀ ਗੱਲ ਘਰ ਗਈ ਕਿ ਜੇ ਤੈਂ ਬੀੜੀ ਦੇ ਟੋਟੇ ਚੁੱਕ ਪੀਤੇ ਇਸੇ ਕਰਕੇ ਤੇਰੇ ਕੁੱਟ ਪਈ । ਇਸ ਕਰਕੇ ਮੈਂ ਮੁੜਕੇ ਅੱਜ ਤੱਕ ਬੀੜੀ-ਸਿਗਰਟ ,ਤਮਾਕੂ ਜਾਂ ਕਿਸੇ ਹੋਰ ਨਸ਼ੇ ਕਦੇ ਨਹੀ ਕੀਤਾ । 
ਜਦੋਂ ਮੈਂ ਪੰਜਵੀ ਜਮਾਤ ਪਾਸ ਕਰ ਲਈ ਤਾਂ ਮਾਸਟਰ ਜੀ ਨੇ ਮੇਰੀ ਬੇਬੇ  ਨੂੰ ਸਕੂਲ ਬੁਲਾਇਆ।ਕਿਉਂ ਕਿ ਪਿਤਾ ਜੀ ਦਾ ਮੇਰੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ ਮੈਂ ਉਸ ਸਮੇ ਸਿਰਫ ਡੇਢ ਸਾਲ ਦਾ ਸੀ ।ਪੰਜਾਂ ਭਰਾਵਾਂ ਅਤੇ ਇੱਕ ਭੈਣ , ਮੈਂ ਸਾਰਿਆ ਤੋਂ ਛੋਟਾ ਸੀ ਬਾਕੀ ਤਾਂ ਕੋਈ ਨਹੀ ਪੜ੍ਹਿਆ ਸੀ ਪਰ ਭੈਣ ਕਦੇ ਕਦੇ ਗਿੱਲਾ ਜਰੂਰ ਕਰਦੀ ਹੈ ਕਿ ਭਾਈ ਮੈਂ ਤਾਂ ਸਾਰਾ ਦਿਨ ਤੈਂਨੂੰ ਹੀ ਚੁੱਕੀ ਫਿਰੀ ਜਾਂਦੀ ਸੀ ਇਸ ਕਰਕੇ ਮੈ ਪੜ੍ਹ ਨਾ ਸਕੀ ।ਮਾਸਟਰ ਜੀ ਨੇ ਬੇਬੇ ਨੂੰ ਕਿਹਾ," ਕਰਤਾਰ ਕੁਰੇ ਤੇਰਾ ਮੁੰਡਾ ਪੜ੍ਹਨ ਵਾਲਾ ਹੈ। ਇਹਨੂੰ ਮਿਹਨਤ ਮਜਦੂਰੀ ਕਰਕੇ ਜਰੂਰ ਪੜਾਈ। ਇਹ ਪੜਨ ਵਾਲਾ ਹੈ"। ਮੇਰੀ ਬੇਬੇ ਨੇ ਕਦੇ ਮੈਨੂੰ ਕਿਤਾਬ ਵੱਲੋਂ ਕਦੇ ਫੀਸ ਵੱਲੋ ਕੋਈ ਵੀ ਮੁਸ਼ਕਿਲ ਨਹੀ ਸੀ ਆਉਣ ਦਿੱਤੀ ,ਮਿਹਨਤ ਮਜਦੂਰੀ ਕਰਕੇ ਉਹ ਮੇਰੀ ਹਰ ਜਰੂਰਤ ਦੀ ਲੋੜ ਪੂਰੀ ਕਰਦੀ ਸੀ । ਜਿਵੇਂ ਉਹਨੇਂ ਮਾਸਟਰ ਜੀ ਗੱਲ ਪੱਲੇ ਬੰਨ ਲਈ ਸੀ।  
             ਪਰ ਹੁਣ ਪੜ੍ਹ ਲਿਖ ਕੇ ਅਧਿਆਪਕ ਵੀ ਲੱਗ ਗਏ । ਪਰ ਜਦੋਂ ਮੈਂ ਕੋਰੇ ਦੀ ਹਾਲਤ ਦੇਖਦਾ ਹਾਂ ਤਾਂ ਮੈਨੂੰ ਮਾਸਟਰ ਜੀ ਦੀ ਕੁੱਟ ਯਾਦ ਆ ਜਾਂਦੀ ਹੈ। ਕਿ ਜੇਕਰ ਉਸ ਦਿਨ ਇਹਦੇ ਵੀ ਮੇਰੇ ਵਾਂਗੂ ਕੁੱਟ ਪੈ ਜਾਂਦੀ ਤਾਂ ਇਸ ਦੀ ਅੱਜ ਜੋ ਹਾਲਤ ਹੈ। ਸ਼ਾਇਦ ਇਹ ਨਾ ਹੁਂੰਦੀ ,ਜਾਂ ਮੇਰੀ ਹਾਲਤ ਵੀ ਇਹਦੇ ਵਰਗੀ ਹੁੰਦੀ।ਕਿਉਂ ਕਿ ਹੁਣ ਉਹ ਕੋਈ ਨਸ਼ਾ ਨਹੀ ਛੱਡਦਾ ਸੀ। ਬੀੜੀ ਤਾਂ ਉਹ ਬੂਝਣ ਨਹੀ ਦਿਂੰਦਾ।ਤਮਾਕੂ, ਸ਼ਰਾਬ ਜੋ ਮਰਜੀ ਮਿਲ ਜਾਵੇ ਛਕ ਦਿੰਦੇ ਹੈ। ਉਸ ਦੇ ਤਿੰਨ ਬਚੇ ਹਨ , aਹ ਆਪ ਛੇਵੀਂ ਤੋਂ ਅੱਗੇ ਪੜ੍ਹਿਆ ਨਹੀ।ਇੱਕ ਵਾਰ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਉੱਥੇ ਜ਼ਿਆਦਾ ਸ਼ਰਾਬ ਪੀ ਲਈ। ਉਸ ਤੋਂ ਬਾਅਦ ਸਕੂਟਰ ਮੱਲੋ ਜੋਰੀ ਚੁੱਕ ਕੇ ਪਿੰਡ ਨੂੰ ਆ ਰਿਹਾ ਸੀ। ਰਾਹ ਵਿੱਚ ਨਸ਼ੇ ਦੀ ਹਾਲਤ ਵਿੱਚ ਕਿਸੇ ਪੂਲੀ ਵਿੱਚ ਸਕੂਟਰ ਮਾਰ ਕੇ ਨਾਲੇ ਸਕੂਟਰ ਭੰਨ ਲਿਆ ਨਾਲੇ ਆਪਣਾ ਸਾਰਾ ਮੂੰਹ। ਮੂੰਹ ਦਾ ਅਪ੍ਰੇਸ਼ਨ ਹੋਇਆ ਲਭਗਭ ਮਹੀਨਾ ਹਸਪਤਾਲ ਰਿਹਾ। ਚਿਹਰਾ ਵੀ ਪਹਿਲਾਂ ਵਾਲਾ ਨਾ ਰਿਹਾ । ਪਰ ਨਸ਼ੇ ਦੀ ਲੱਤ ਫੇਰ ਵੀ ਨਾ ਗਈ।ਇੱਥੋਂ ਤੱਕ ਕਿ ਉਸ ਦਾ ਘਰ ਬਰਬਾਦ ਹੋ ਗਿਆ । ਸਾਰੇ ਲੋਕੀ ਤਾਂ ਇਹ ਕਹਿੰਦੇ ਹਨ ਕਿ ਉਸ ਦੀ ਘਰਵਾਲੀ ਨੇ ਆਪਣੇ ਗੁਆਢੀਂ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਕਰਕੇ ਉਸ ਦੀ ਘਰਵਾਲੀ ਨੂੰ ਜੇਲ੍ਹ ਵੀ ਜਾਣਾ ਪਿਆ ਉਸ ਦੇ ਤਿੰਨੋ ਬੱਚੇ ਰੁਲ ਗਏ। ਪਰ ਮੈਂ ਇਹ ਸਮਝਦਾ ਹਾਂ ਕਿ ਉਸ ਦਾ ਘਰ ਬਰਬਾਦ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਦਾ ਨਸ਼ੇ ਦਾ ਆਦੀ ਹੋਣ ਸੀ। ਉਹ ੩੦-੩੧ ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਚਲਿਆ ਗਿਆ। 
ਇਸੇ ਤਰ੍ਹਾਂ ਹੀ ਜਦੋਂ ਸਰਕਾਰੀ ਹਾਈ ਸਕੂਲ ਭੂਦਨ ਵਿਖੇ ਪੜ੍ਹਦੇ ਸੀ। ਉਸ ਸਮੇਂ ਸਾਡੀ ਜਮਾਤ ਵਿੱਚ ਇੱਕ ਨਿਰਭੈ ਸਿੰਘ ਨਾਮ ਦਾ ਲੜਕਾ ਸਾਡੇ ਨਾਲ ਪੜ੍ਹਦਾ ਸੀ।ਉਸ ਦੀ ਇੱਕ ਲੱਤ ਪੋਲੀਓ ਨਾਲ ਬਚਪਨ ਵਿੱਚ ਹੀ ਖਰਾਬ ਹੋ ਚੁੱਕੀ ਸੀ।ਜੇ ਇੰਝ ਕਹਿ ਲਿਆ ਜਾਵੇ ਕਿ ਉਹ ੬੦% ਹੈਂਡੀਕੈਪਟ ਦੇ ਕੋਟੇ ਵਿੱਚ ਆਉਂਦਾ ਸੀ ਅਤੇ ਐੱਸ.ਸੀ ਕੈਟਾਗਿਰੀ ਨਾਲ ਸਬੰਧ ਰਖਦਾ ਸੀ। ਉਸ ਨੂੰ ਗਾਉਣ ਦਾ ਸ਼ੋਕ ਸੀ। ਉਸ ਦੀ ਅਵਾਜ਼ ਦੇ ਨਾਲ –ਨਾਲ ਉਸ ਦੀ ਯਾਦ ਸਕਤੀ ਬੜੀ ਤੇਜ ਸੀ। ਉਹ ਜਿਸ ਕਿਸੇ ਗੀਤ ਨੂੰ ਇੱਕ ਦੋ ਵਾਰ ਸੁਣ ਲੈਂਦਾ ਉਸ ਨੂੰ ਯਾਦ ਹੋ ਜਾਂਦਾ। ਉਹ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਸੀ ੰਿਦੰਦਾ। ਫੇਰ ਸਾਨੂੰ ਪਤਾ ਲੱਗਿਆ ਕਿ ਉਹ ਬੀੜੀ ਸਿਗਰਟ ਪੀਣ ਲੱਗ ਗਿਆ। ਕਈ ਵਾਰ ਸਕੂਲ ਦੇ ਬਾਥਰੂਮ ਵਿੱਚ ਜਾ ਕੇ ਚੋੜ ਚੋੜ ਵਿੱਚ ਸਭ ਦੇ ਸਾਹਮਣੇ ਵੀ ਪੀ ਲੈਂਦਾ।ਕਈ ਵਾਰ ਉਸ ਦੇ ਅਧਿਆਪਕਾਂ ਕੋਲ ਸ਼ਕਾਇਤ ਵੀ ਹੋਈ। ਪਰ ਉਸ ਤੇ ਅਧਿਆਪਕਾਂ ਦੀ ਝਾੜ ਝੰਬ ਦਾ ਬਹੁਤਾ ਅਸਰ ਨਾ ਹੋਇਆ। ਫੇਰ ਪਤਾ ਲੱਗਿਆ ਕਿ ਉਹ ਕਈ ਵਾਰ ਸ਼ਾਮ ਨੂੰ ਠੇਕੇ ਤੇ ਜਾ ਕੇ ਉੱਥੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਗੀਤ ਸੁਣਾਉਂਦਾ ਅਤੇ ਕੋਈ ਉਸ ਨੂੰ ਸ਼ਰਾਬ ਦਾ ਪੈੱਗ ਲਵਾ ਦਿੰਦਾ। ਜਿਹੜਾ ਜ਼ਿਆਦਾ ਕਲਾ ਪ੍ਰੇਮੀ ਹੁੰਦਾ ਉਸ ਨੂੰ ਪੰਜ ਦਸ  ਰੁਪਈਏ ਵੀ ਦੇ ਦਿੰਦਾ।ਇਸ ਤਰ੍ਹਾਂ ਉਸ ਦੀ ਆਦਤ ਬਣਦੀ ਗਈ । ਫੇਰ ਜਦੋਂ ਅਸੀਂ ਨੌਵੀਂ –ਦਸਵੀਂ ਜਮਾਤ ਤੱਕ ਪਹੁੰਚੇ ਉਸ ਨੇ  ਪੜ੍ਹਾਈ ਵੱਲ ਬਿਲਕੁੱਲ ਹੀ ਧਿਆਨ ਦੇਣਾ ਬੰਦ ਕਰ ਦਿੱਤਾ ਅਤੇ ਦਸਵੀਂ ਜਮਾਤ ਵਿੱਚੋਂ ਫੇਲ੍ਹ ਹੋ ਗਿਆ ਅਤੇ ਨਸ਼ੇ ਦੀ ਲੱਤ ਉਸ ਨੂੰ ਲੱਗ ਗਈ। ਉਹ ਪਿੰਡ ਵਿੱਚ ਹੀ ਲੋਕਾਂ ਨਾਲ ਕੰਮ ਕਰਵਾਉਂਦਾ ਅਤੇ ਨਸ਼ਾ ਪੱਤਾ ਕਰ ਛਡਦਾ। ਉਸ ਦੀ ਜ਼ਿੰਦਗੀ ਦੇ ਕਾਲੇ ਪ੍ਰਛਾਵੇਂ ਦੇ ਦਿਨ ਸ਼ੁਰੂ ਹੋ ਗਏ। ਜੇਕਰ ਉਹ ਦਸਵੀਂ ਵੀ ਕਰ ਜਾਂਦਾ ਤਾਂ ਹੈਡੀਕੈਪਟ ਕੋਟੇ ਤਹਿਤ ਹੀ ਕਿਤੇ ਨਾ ਕਿਤੇ ਜਰੂਰ ਐਡਜੈੱਸਟ ਹੋ ਜਾਂਦਾ। ਪਰ ਨਸ਼ੇ ਦੀ ਲੱਤ ਨੇ ਉਸ ਦਾ ਜੀਵਨ ਹੀ ਬਰਬਾਦ ਕਰ ਦਿੱਤਾ। ਫੇਰ ਉਹ ਪਿੰਡ ਵਿੱਚ ਹੀ ਜਿਮੀਦਾਰਾਂ ਨਾਲ ਸੀਰੀ ਰਲਣ ਲੱਗ ਪਿਆ। ਪਰ ਨਸ਼ੇ ਦੀ ਆਦਤ ਵਧਦੀ ਗਈ। ਉਸ ਦਾ ਵਿਆਹ ਵੀ ਨਾ ਹੋਇਆ।ਮਾਤਾ ਪਿਤਾ ਇਸ ਦੁਨੀਆਂ ਤੋਂ ਚਲੇ ਗਏ। ਭੈਣ ਭਾਈਆਂ ਨੇ ਸਾਥ ਛੱਡ ਦਿੱਤਾ, ਛੱਡਣ ਵੀ ਕਿਉਂ ਨਾ ਕਿਉਂ ਕਿ ਜਦੋਂ ਸ਼ਰਾਬ ਨਾ ਧੁੱਤ ਹੋ ਕੇ ਆਉਣਾ ਅਤੇ ਘਰ ਵਿੱਚ ਕਲੇਸ਼ ਕਰਨਾ ਤਾਂ ਭਾਈ ਭਰਜਾਈਆਂ ਹੋਲੀ ਹੋਲ਼ੀ ਕਿਨਾਰਾ ਕਰਨ ਲੱਗੇ।
ਕੁੱਝ ਦਿਨ ਪਹਿਲਾ ਮੈਨੂੰ ਮੇਰੇ ਪਿੰਡ ਦੇ ਠੇਕੇ ਤੇ ਕਿਸੇ ਨੇ ਹਾਕ ਮਾਰੀ।ਮੈਂ ਅਕਸਰ ਹੀ ਸ਼ਾਮ ਨੂੰ ਸੈਰ ਕਰਨ ਲਈ ਜਾਂਦਾ ਹਾਂ।ਪਿੱਛੇ ਮੁੜ ਕੇ ਦੇਖਿਆ, ਇਹ ਨਿਰਭੈ ਸਿੰਘ ਸੀ। ਬੜੇ ਪਿਆਰ ਨਾਲ ਜੱਫੀ ਪਾ ਕੇ ਮਿਲਿਆ।ਪਰ ਜਦੋਂ ਉਸ ਨੇ ਜੱਫੀ ਛੱਡੀ ਥਾਂ ਮੈਂ ਉਸ ਦੇ ਅੱਖਾਂ ਵਿੱਚ ਹੰਝੂ ਦੇਖ ਹੈਰਾਨ ਰਹਿ ਗਿਆ। ਮੈਂ ਪੁੱਛਿਆ," ਨਿਰਭੈ ਸਿੰਹਾਂ, ਇਹ ਹੰਝੂ ਕਿਸ ਲਈ"। 
" ਕਹਿਣ ਲੱਗਾ, ਯਾਰ ! ਜੇ ਮੈਂ ਵੀ ਤੇਰੇ ਵਾਗੂੰ ਉਸ ਸਮੇਂ ਪੜ੍ਹਾਈ ਵੱਲ ਧਿਆਨ ਦਿੰਦਾ ਅਤੇ ਇਹ ਨਸ਼ਿਆਂ ਦੀ ਚੰਦਰੀ ਆਦਤ ਨਾ ਪਾਉਂਦਾ ਤਾਂ ਮੇਰਾ ਜੀਵਨ ਵੀ ਤੇਰੇ ਵਾਂਗ ਸਵਰਗ ਹੋਣਾ ਸੀ, ਕਿੱਥੇ ਚਲਦੀ ਹੈ ਅੱਜ-ਕੱਲ ਡਿਊਟੀ"।"ਮੈਂ ਧੁਰ ਅੰਦਰ ਤੱਕ ਉਸ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਪਸੀਜ ਗਿਆ।ਆਪਣੇ ਨੂੰ ਸੰਭਾਲਦੇ ਹੋਏ ਨੇ ਕਿਹਾ, " ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ"। 
" ਵੀਰੇ, ਤਸੀਂ ਬਹੁਤ ਬਹੁਤ ਵਧੀਆਂ ਰਹਿ ਗਏ, ਨਹੀਂ ਤਾਂ ਮੇਰੇ ਵਾਲ ਹਾਲ ਤੁਹਾਡਾ ਵੀ ਹੋਣਾ ਸੀ ਜਿਵੇਂ ਤੂੰ ਵੀ ਸਾਡੇ ਨਾਲ ਹੀ ਹੁੰਦਾ ਸੀ।ਬਾਕੀਆਂ ਵੀ ਕੋਈ ਬਹੁਤੀ ਤਰੱਕੀ ਨਹੀਂ ਕੀਤੀ। ਉਦੋਂ ਤਾਂ ਚਾਅ-ਚਾਅ'ਚ ਲੱਗ ਗਏ ਪਰ ਨਰਕ ਦੀ ਜ਼ਿੰਦਗੀ ਹੁਣ ਤੱਕ ਭੋਗ ਰਹੇ ਹਾਂ, ਨਾ ਘਰ ਦੇ ਰਹੇ ਨਾ ਘਾਟ ਦੇ। ਹੁਣ ਤਾਂ ਉਹ ਹਾਲ ਹੋਇਆ ਪਿਆ ਕਿ ਜਿੱਥੇ ਰੋਟੀ ਦਾ ਕੋਈ ਹੀਲਾ  ਵਸੀਲਾ ਬਣਦਾ ।ਉੱਥੇ ਹੀ ਡੇਰੇ ਲਾ ਲੈਨੇ ਆ"। ਉਸ ਦੀ ਇਹ ਸ਼ਬਦਾਵਲੀ ਮੈਨੂੰ ਧੁਰ ਅੰਦਰ ਤੱਕ ਹਿਲਾ ਗਈ ਕਿ ਜੇਕਰ ਇਹਨਾਂ ਨਸ਼ਿਆਂ ਦਾ ਡਰ ਉਸ ਸਮੇਂ ਇਸ ਦੇ ਕਿਸੇ ਨੇ ਚੰਗੀ ਤਰ੍ਹਾਂ ਦਿਮਾਗ ਵਿੱਚ ਬਿਠਾ ਦਿੱਤਾ ਹੁੰਦਾ ਤਾਂ ਅੱਜ ਇਸ ਦੀ ਇਹ ਹਾਲਤ ਨਹੀਂ ਸੀ ਹੋਣੀ।
ਭਾਵੇਂ ਮੇਰੀ ਪ੍ਰਾਇਮਰੀ ਸਕੂਲ ਦੀ ਕੁੱਟ ਦਾ ਕਾਰਨ ਬੀੜੀ ਦੇ ਟੋਟੇ ਨਹੀ ਸਨ।ਉਸ ਦਿਨ ਸਾਡੇ ਸਕੂਲ ਵਿੱਚ ਕੋਈ ਭੱਦਰ ਪੁਰਸ਼ ਆਉਣੇ ਸਨ।ਜਿਸ ਕਰਕੇ ਮੇਰੇ ਕੁੱਟ ਪਈ ਸੀ , ਕਿਉਂ ਇਹ ਗੱਲਾਂ ਬਾਅਦ ਵਿੱਚ ਸਮਝ ਆਈਆਂ ਕਿ ਸਕੂਲ਼ ਵਿੱਚ ਉਹ ਭੱਦਰ ਪੁਰਸ਼  ਚੈਕਿੰਗ ਵਾਸਤੇ ਆਉਣੇ ਸਨ। ਮੈਂ ਆਪਣੀ ਜਮਾਤ ਵਿੱਚ ਪੜ੍ਹਨ ਵਿੱਚ ਹੁਸ਼ਿਆਰ ਸੀ । ਇਸੇ ਕਰਕੇ ਮਾਸਟਰ ਜੀ ਮੈਂਨੂੰ ਵਾਰ ਵਾਰ ਬੁਲਾ ਰਹੇ ਸਨ।ਉਹ ਭੱਦਰ ਪੁਰਸ਼ ਨੇ ਮੈਥੋਂ ਜਦੋਂ ਪਹਾੜੇ ਸੁਣੇ ਤਾਂ ਉਹ ਬਹੁਤ ਖੁਸ਼ ਹੋਏ ਅਤੇ ਮੈਨੂੰ ਸ਼ਾਬਸ਼ ਦਿੱਤੀ।
                 ਉਸ ਤੋਂ ਬਾਅਦ ਜਦੋਂ ਮੈ ਕਾਲਜ ਪੜ੍ਹਦਾ ਸੀ ।ਉਹ ਮਾਸਟਰ ਜੀ ਬੀ.ਪੀ. ਓ. ਬਣ ਗਏ ਸਨ।ਉਹ ਮੈਨੂੰ ਕਈ ਵਾਰ ਮਿਲਦੇ, ਜਦੋਂ ਵੀ ਮਿਲਦੇ ਬੜੇ ਖੁਸ਼ ਹੁੰਦੇ ਤੇ ਬੇਬੇ ਵਾਰੇ ਜਰੂਰ ਪੁੱਛਦੇ। ਮੈਂ ਉਹਨਾਂ ਨਾਲ ਅਕਸਰ ਉਹ ਕੁੱਟ ਵਾਲੀ ਗੱਲ ਕਰਦਾ ਤਾਂ ਉਹ ਆਖ ਛੱਡਦੇ। ਕਾਕਾ,  ਮੈਨੂੰ ਤਾਂ ਤੁਹਾਡੀ ਇਹ ਬੀੜੀ –ਬੂੜੀ ਦੀ ਗੱਲ ਬਾਰੇ ਕੋਈ ਪਤਾ ਨਹੀ । ਪਰ ਪੁੱਤਰਾਂ ਨਸ਼ਾ ਤਾਂ ਕੋਈ ਵੀ ਚੰਗਾ ਨਹੀ , ਇਸ ਕਰਕੇ ਇਹਨਾਂ ਤੋਂ ਦੂਰੀ ਹੀ ਚੰਗੀ ਹੈ। 
                 ਜਦੋਂ ਹੁਣ ਕਦੇ ਵੀ ਇਸ ਤਰਾਂ ਦੀ ਗੱਲਾਂ ਯਾਦ ਆਉਦੀਆਂ ਹਨ। ਦਿਲ ਨੂੰ ਬੜਾ ਸਕੂਨ ਮਿਲਦਾ ਹੈ। ਕਿ ਭਾਵੇਂ ਮਾਸਟਰ ਜੀ ਕੁੱਟ ਕਾਰਨ ਜ਼ਿੰਦਗੀ ਨੂੰ ਇੱਕ ਚੰਗੀ ਸੇਧ ਮਿਲੀ ਅਤੇ ਇਹ ਨਸ਼ਿਆਂ ਦੀ ਗਲਤਾਨ ਤੋਂ ਬਚ ਗਏ ।ਭਾਵੇਂ ਅੱਜ ਕੱਲ੍ਹ ਬੱਚਿਆਂ ਨੂੰ ਪੜਾਉਂਦੇ ਹੋਏ ਉਹਨਾਂ ਕੁੱਟਣ ਦਾ ਅਧਿਆਪਕ ਨੂੰ ਕੋਈ ਹੱਕ ਨਹੀਂ ਪਰ ਜਦੋਂ ਇਹੋ ਜਿਹੀਆ ਗੱਲਾਂ ਬੱਚਿਆਂ ਨੂੰ ਸਣਾਉਂਦੇ ਹਾਂ ਤਾਂ ਉਹ ਵੀ ਹੈਰਾਨ ਹੋ ਜਾਂਦੇ ਹਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਪ੍ਰਾਪਤ ਕਰਦੇ ਹਨ। ਕਾਸ਼! ਜਿਸ ਤਰ੍ਹਾਂ ਮੇਰੇ ਤੇ ਅਸਰ ਹੋਇਆ ਸਭ ਤੇ ਹੋ ਜਾਵੇ  ਨਹੀਂ ਤਾਂ ਪਤਾ ਨਹੀਂ  ਕਿਸ ਤਰ੍ਹਾਂ ਦੀ ਗਲਤਾਨ ਵਿੱਚ ਜ਼ਿੰਦਗੀ ਜੀਅ ਰਹੇ ਹੁੰਦੇ।ਇੱਥੇ ਇੱਕ ਗੱਲ ਕਰਨੀ ਜਰੂਰ ਬਣਦੀ ਹੈ ਕਿ ਅਸੀਂ ਨਸ਼ਾ ਵਿਰੋਧੀ ਦਿਵਸ ਵੀ ਮਨਾਉਂਦੇ ਹਾਂ। ਸਰਕਾਰਾ ਅਤੇ ਸਮਾਜ ਸੇਵੀ ਜਥੇਬੰਦੀਆਂ ਨਸ਼ਾ ਛਡਾਊ ਕੈਂਪ ਵੀ ਲਗਾਉਦੀਆਂ ਹਨ।ਜੇਕਰ ਅਸੀਂ ਸਕੂਲਾਂ ਕਾਲਜ਼ਾ ਵਿੱਚ ਉਹਨਾਂ ਲੋਕਾਂ ਦੀਆਂ ਜੀਵਨੀਆਂ ਜਾਂ ਉਹਨਾਂ ਨੂੰ ਪੇਸ਼ ਕਰੀਏ ਜੋ ਇਸ ਦੀ ਲੱਤ ਨਾਲ ਬਰਬਾਦ ਹੋ ਗਏ ਹਨ ਜਾਂ ਉਹਨਾਂ ਦੇ ਪਰਿਵਾਰਾਂ ਦਾ ਪਿੱਛੇ ਕੀ ਹਾਲ ਹੈ । ਉਹਨਾਂ ਨੂੰ ਹਕੀਕਤ ਵਿੱਚ ਪੇਸ਼ ਕਰੀਏ ਤਾਂ ਹੋ ਸਕਦਾ ਹੈ ਕੁੱਝ ਸੁਧਾਰ ਹੋ ਸਕੇ। ਭਾਵੇਂ ਅੱਜ ਵਿਗਿਆਨ ਦਾ ਯੁੱਗ ਹੈ। ਮੀਡੀਏ ਦਾ ਇਸ ਵਿੱਚ ਬਹੁਤ ਰੋਲ ਹੈ । ਮੀਡੀਆ ਇਸ ਸਬੰਧੀ ਆਪਣਾ ਕੰਮ ਵੀ ਕਰ ਰਿਹਾ ਹੈ। ਬੁੱਧੀਜੀਵੀ ਇਸ ਸਬੰਧੀ ਆਪਣੇ ਆਰਟੀਕਲ ਵੀ ਲਿਖਦੇ ਹਨ ਪਰ ਅਜੇ ਵੀ ਕਿਤੇ ਕਮੀ ਹੈ ਕਿਉਂ ਕਿ ਇੱਕ ਦਿਹਾੜੀ ਕਰਨ ਵਾਲਾ ਆਦਮੀ ਨਾ ਤਾਂ ਅਖਬਾਰ ਪੜ੍ਹਦਾ ਨਾ ਉਹ ਟੀ.ਵੀ. ਤੇ ਖਬਰਾਂ ਸੁਣਦਾ। ਉਹ ਤਾਂ ਸ਼ਾਮ ਨੂੰ ਠੇਕੇ ਜਾਂਦਾ। ਘਰੇ ਭਾਵੇਂ ਬੱਚੇ ਭੁੱਖੇ ਬੈਠੇ ਹੋਣ ਉਸ ਨੂੰ ਸ਼ਰਾਬ ਜਾਂ ਕੋਈ ਹੋਰ ਨਸ਼ਾ ਜਰੂਰੌ ਚਾਹੀਦਾ। ਇਸ ਤਰ੍ਹਾਂ ਉਹ ਲੋਕ ਹਨ ਜੋ ਇਸ ਦੇ ਆਦੀ ਹਨ ਉਹ ਉਹਨਾਂ ਚਿਰ ਕੰਮ ਲਈ ਤਿਆਰ ਨਹੀਂ ਹੁੰਦੇ ਜਿਹਨਾਂ ਚਿਰ ਉਹ ਇਸ ਦਾ ਸੇਵਨ ਨਾ ਕਰ ਲੈਣ।ਇੱਥੇ ਇੱਕ ਹੋਰ ਵੀ ਵਿਚਾਰ ਕਰਨ ਯੋਗ ਗੱਲ ਹੈ ਕਿ ਜਦੋਂ ਸ਼ਾਮ ਨੂੰ ਜਾ ਸਵੇਰੇ ਆਪਣਾ ਪਿਤਾ ਜਾਂ ਕਿਸੇ ਨੂੰ ਵੀ ਬੱਚੇ ਨਸ਼ਾ ਕਰਦਾ ਦੇਖਦੇ ਹਨ ਉਹਨਾਂ ਨੂੰ ਇਸ ਵਾਰੇ ਕੁੱਝ ਵੀ ਪਤਾ ਨਹੀ ਪਰ ਕਿਸੇ ਨਾ ਕਿਸੇ ਅਚੇਤ ਰੂਪ ਵਿੱਚ ਉਹਨਾਂ ਤੇ ਇਸ ਦਾ ਪ੍ਰਭਾਵ ਜਰੂਰ ਪੈਂਦਾ ਹੈ।ਇਸ ਲਈ ਕਿਵੇਂ ਬਚਾਇਆ ਜਾਵੇ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਇਸ ਕਰਕੇ ਹਮੇਸ਼ਾ ਅੱਜ ਦੇ ਸਮੇਂ ਵਿੱਚ ਇਹਨਾਂ ਨਸ਼ਿਆਂ ਦੀ ਗਲਤਾਨ ਦਾ ਡਰ ਜਿਹਾ ਲੱਗਿਆ ਰਹਿੰਦਾ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਕੀ ਬਣੂ ? 

samsun escort canakkale escort erzurum escort Isparta escort cesme escort duzce escort kusadasi escort osmaniye escort