ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਦੁੱਖ-ਸੁੱਖ ਦੀ ਥਾਂ (ਬਾਲ ਕਹਾਣੀ) (ਕਹਾਣੀ)

  ਅਮਰਜੀਤ ਕੌਰ ਹਿਰਦੇ   

  Email: hirdey2009@gmail.com
  Cell: +91 94649 58236
  Address: ਡੀ 506, ਆਈਵਰੀ ਟਾਵਰ ਸੈਕਟਰ 70, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ
  India
  ਅਮਰਜੀਤ ਕੌਰ ਹਿਰਦੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇਕ ਵਾਰੀ ਦੀ ਗੱਲ ਹੈ ਕਿ ਕਿਸੇ ਸ਼ਹਿਰ ਦੇ ਇਕ ਮੁਹੱਲੇ ਵਿਚ ਕੁੱਝ ਕੁ ਘਰਾਂ ਨੂੰ ਛੱਡ ਕੇ ਨਿਰੇ ਮਕਾਨ ਹੀ ਮਕਾਨ ਸਨ। ਸੀਮਿੰਟ ਰੇਤਾ ਤੇ ਬੱਜਰੀ ਦੇ ਵੱਡੇ ਪਹਾੜ ਖੜ੍ਹੇ ਕੀਤੇ ਹੋਏ ਸਨ। ਗ਼ਲੀਆਂ ਪੱਕੀਆਂ ਸਨ। ਉਸਦੇ ਨਾਲ-ਨਾਲ ਵੀ ਲੋਕਾਂ ਨੇ ਆਪਣੇ ਖ਼ਰਚੇ ਤੇ ਘਰਾਂ ਤੋਂ ਸੜਕ ਤੱਕ ਫ਼ਰਸ਼ ਲਗਾਏ ਹੋਏ ਸਨ ਤਾਂ ਕਿ ਪਾਣੀ ਨੀਹਾਂ ਵਿਚ ਨਾ ਜਾਵੇ। ਤਕਰੀਬਨ ਸਾਰੇ ਮਕਾਨ ਬਿਲਡਰਾਂ ਦੇ ਹੀ ਬਣੇ ਸਨ। ਡੀਲਰਾਂ ਅਤੇ ਬਿਲਡਰਾਂ ਵੱਲੋਂ ਵਾਸਤੂ ਸ਼ਾਸਤਰ ਦਾ ਪ੍ਰਚਾਰ ਬੜੇ ਜ਼ੋਰ ਨਾਲ ਕੀਤਾ ਜਾਂਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਗ਼ਲੀਆਂ ਵੀ ਸਾਫ਼-ਸੁਥਰੀਆਂ ਰਹਿੰਦੀਆਂ ਹਨ। ਘਾਹ ਵੀ ਨਹੀਂ ਉੱਗਦਾ। ਕੀੜੇ-ਪਤੰਗੇ ਦਾ ਡਰ ਵੀ ਨਹੀਂ ਰਹਿੰਦਾ। ਘਟੀਆ ਮਟੀਰੀਅਲ ਲੱਗੇ ਹੋਏ ਮਕਾਨਾਂ ਨੂੰ ਬਚਾਉਣ ਲਈ ਲੋਕਾਂ ਕੋਲ ਸਿਰਫ਼ ਇੱਕੋ-ਇਕ ਤਰੀਕਾ ਸੀ ਕਿ ਮਕਾਨ ਦੇ ਆਸੇ-ਪਾਸੇ ਤੋਂ ਪਾਣੀ ਦੀ ਬੂੰਦ ਵੀ ਮਕਾਨ ਦੀਆਂ ਨੀਂਹਾਂ ਵਿਚ ਨਾ ਜਾਵੇ। 
        ਚੌੜੀ ਗ਼ਲੀ ਹੋਣ ਦਾ ਕਾਰਨ ਇਹ ਸੀ ਕਿ ਉੱਪਰੋਂ ਹਾਈ ਵੋਲਟੇਜ਼ ਤਾਰਾਂ ਲੰਘਦੀਆਂ ਹੋਣ ਕਾਰਨ ਵੱਡੇ ਦਰੱਖ਼ਤ ਲਗਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਜੇ ਕਿਸੇ ਦੇ ਘਰ ਦੇ ਅੱਗੇ ਲੱਗੇ ਹੋਏ ਦਰੱਖ਼ਤ ਜ਼ਰਾ ਉਚੇਰੇ ਹੋ ਜਾਂਦੇ ਤਾਂ ਬਿਜ਼ਲੀ ਮਹਿਕਮੇ ਵਾਲੇ ਕਰਿੰਦੇ ਆ ਕੇ ਘਰਾਂ ਦੇ ਅੱਗੇ ਲੱਗੇ ਬੂਟਿਆਂ ਨੂੰ ਬੜੀ ਬੇਦਰਦੀ ਨਾਲ ਬੇਤਰਤੀਬੇ ਜਿਹੇ ਵੱਢ ਕੇ ਅਹੁ ਜਾਂਦੇ। ਕੁਦਰਤ ਦੇ ਪ੍ਰੇਮੀ ਲੋਕ ਜਦੋਂ ਬਾਹਰ ਨਿਕਲ ਕੇ ਆਪਣੇ ਛੋਟੀ ਜਿਹੀ ਬਗ਼ੀਚੀ ਦੀ ਦੁਰਗਤ ਹੋਈ ਦੇਖਦੇ ਤਾਂ ਵਿਚਾਰੇ ਸਰਕਾਰੀ ਬੰਦਿਆਂ ਦੀ ਵਧੀਕੀ ਨੂੰ ਪਾਣੀ ਵਾਂਗੂੰ ਪੀਣ ਲਈ ਮਜ਼ਬੂਰ ਹੋ ਜਾਂਦੇ।
        ਉੱਥੇ ਹੀ ਇਕ ਨੁੱਕਰ ਵਾਲੇ ਘਰ ਦੇ ਦੋਂਵੇਂ ਪਾਸੇ ਸੰਘਣੇ ਅਸ਼ੋਕੇ ਦੇ ਦਰੱਖ਼ਤ ਲੱਗੇ ਹੋਏ ਸਨ। ਮਕਾਨ ਦੇ ਨਾਲ ਛੋਟੀ ਜਿਹੀ ਕਿਆਰੀ ਦੇ ਬਾਹਰਵਾਰ ਬਾੜੀ ਵੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਅਨਾਰ, ਲੀਚੀ,ਪਪੀਤਾ ਤੇ ਹੋਰ ਵੀ ਕਈ ਦਰੱਖ਼ਤ ਉਸ ਘਰ ਦੀ ਮਾਲਕਣ ਨੇ ਆਪਣੇ ਹੱਥੀਂ ਉਗਾਏ ਸਨ। ਘਰ ਦਾ ਆਲਾ ਦੁਆਲਾ ਹਰਿਆਵਲ ਨਾਲ ਮਹਿਕਿਆ ਹੁੰਦਾ। ਹਰ ਐਤਵਾਰ ਮਾਲੀ ਆਉਂਦਾ ਤੇ ਉਸ ਘਰ ਦੀ ਬਗ਼ੀਚੀ ਦੀ ਦੇਖਭਾਲ ਕਰਦਾ। ਮਾਲਕਣ ਆਪ ਕੋਲ ਖੜ੍ਹ ਕੇ ਸਾਰਾ ਕੰਮ ਕਰਾਉਂਦੀ। ਸਵੇਰੇ ਉੱਠ ਕੇ ਉਹ ਸੈਰ ਕਰਨ ਜਾਂਦੀ ਤੇ ਵਾਪਸ ਆ ਕੇ ਮਕਾਨ ਦੇ ਦੋਂਵੇ ਪਾਸੇ ਗੇੜਾ ਕੱਢਦੀ। ਅਸ਼ੋਕੇ ਦੇ ਬੂਟੇ ਤਾਂ ਹੁਣ ਬਨੇਰਿਆਂ ਨੂੰ ਛੋਹਣ ਲੱਗ ਪਏ ਸਨ। ਹਰ ਆਉਣ-ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚਦੇ। ਪੰਛੀ ਵੀ ਉਹਨਾਂ ਬੂਟਿਆਂ ਉੱਤੇ ਖਿੱਚੇ ਚਲੇ ਆਉਂਦੇ। ਚਿੜੀਆਂ ਸਵੇਰੇ ਹੀ ਅੰਮ੍ਰਿਤ ਵੇਲੇ ਤੋਂ ਚਹਿਕਣ ਲੱਗ ਜਾਂਦੀਆਂ। ਘਰ ਵਾਲਿਆਂ ਨੂੰ ਹੁਣ ਮੋਬਾਇਲ ਤੇ ਅਲਾਰਮ ਲਗਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਚਿੜੀਆਂ ਦੇ ਚਹਿਕਣ ਦੀ ਮਿੱਠੀ-ਮਿੱਠੀ ਅਵਾਜ਼ ਖਿੜਕੀ ਵਿੱਚੋਂ ਅੰਦਰ ਜਾਂਦੀ ਤਾਂ ਘਰਦੀ ਮਾਲਕਣ ਉੱਠ ਪੈਂਦੀ। ਚਿੜੀਆਂ ਦੁਪਹਿਰ ਨੂੰ ਅਰਾਮ ਕਰਨ ਲਈ ਵੀ ਉੱਥੇ ਆ ਬੈਠਦੀਆਂ ਤੇ ਆਪਣਾ ਦੁੱਖ-ਸੁੱਖ ਫੋਲਦੀਆਂ। ਉਹਨਾਂ ਬੂਟਿਆਂ ਉੱਤੇ ਹੀ ਇਕ ਜੋੜਾ ਕਿਰਲਿਆਂ ਦਾ ਰਹਿੰਦਾ ਸੀ। ਉਹਨਾਂ ਚਿੜੀਆਂ ਦੀ ਉਹਨਾਂ ਨਾਲ ਦੋਸਤੀ ਹੋ ਗਈ। ਉਹ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਵੀ ਆਪਸ ਵਿਚ ਗੱਲਾਂ ਕਰਦੇ। ਜੇਕਰ ਇਹਨਾਂ ਦੋ-ਚਾਰ ਘਰਾਂ ਨੇ ਏਨੇ ਕੁ ਬੂਟੇ ਨਾ ਲਵਾਏ ਹੋਣ ਤਾਂ ਸਾਡਾ ਕੀ ਹਾਲ ਹੋਵੇ ਭਲਾ ਅਸੀਂ ਕਿੱਥੇ ਰਹੀਏ। ਕਿਰਲਾ ਕਹਿੰਦਾ ਕਿ, "ਇਹ ਬੂਟੇ ਸਾਨੂੰ ਠੰਢੀ ਹਵਾ ਤੇ ਛਾਂ ਵੀ ਦਿੰਦੇ ਹਨ। ਸੁਖ ਦਾ ਸਾਹ ਆ ਜਾਂਦਾ ਹੈ ਜਦੋਂ ਇਹਨਾਂ ਬੂਟਿਆਂ ਤੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।" ਚਿੜੀਆਂ ਕਹਿੰਦੀਆਂ ਹਨ ਕਿ ਸਾਰੇ ਲੋਕ ਇਸ ਘਰ ਦੇ ਲੋਕਾਂ ਵਾਂਗੂੰ ਕਿਉਂ ਨਹੀਂ ਸੋਚਦੇ। ਸਾਰੇ ਲੋਕ ਰੁੱਖਾਂ ਨੂੰ ਪਿਆਰ ਕਿਉਂ ਨਹੀਂ ਕਰਦੇ"। ਤੁਸੀਂ ਪਹਿਲਾਂ ਕਿੱਥੇ ਰਹਿੰਦੀਆਂ ਸੀ। ਹੁਣ ਈ ਥੋੜ੍ਹੇ ਦਿਨਾਂ ਤੋਂ ਤੁਹਾਨੂੰ ਦੇਖਿਆ ਏ ਏਥੇ ਤਾਂ।" ਕੀ ਦੱਸੀਏ ਨਾਲ ਦੀ ਗ਼ਲੀ ਵਿਚ ਇਕ ਬੜੀ ਵੱਡੀ ਤੇ ਸੰਘਣੀ ਟਾਹਲੀ ਸੀ। ਉਸ ਦੇ ਇਕ ਟਹਿਣੇ ਉੱਤੇ  ਸਾਡਾ ਬਹੁਤ ਸੋਹਣਾ ਇਕ ਘਰ ਸੀ। ਜਿਸ ਵਿਚ ਸਾਡੇ ਬੱਚੇ ਵੀ ਸਨ। ਅਜੇ ਵਿਚਾਰੇ ਉੱਡਣ ਜੋਗੇ ਨਹੀਂ ਸਨ। ਇਕ ਦਿਨ ਜਦੋਂ ਅਸੀਂ ਬਾਹਰੋਂ ਆਈਆਂ ਤਾਂ ਟਾਹਲੀ ਮੁੱਢੋਂ ਹੀ ਵੱਢ ਕੇ ਸੁੱਟੀ ਪਈ ਸੀ। ਸਾਡਾ ਘਰ ਬਿਖਰ ਚੁੱਕਿਆ ਸੀ। ਸਾਡੇ ਬੱਚੇ ਜ਼ਮੀਨ ਤੇ ਪਏ ਤੜਫ਼ ਰਹੇ ਸਨ। ਪਰ, ਅਸੀਂ ਕੁੱਝ ਨਹੀਂ ਕਰ ਸਕੀਆਂ। ਹੁਣ ਓਥੇ ਤਾਂ ਮਕਾਨ ਉਸਰ ਰਿਹਾ ਹੈ। ਭਲਾ ਉਹਨਾਂ ਨੂੰ ਕੋਈ ਪੁੱਛੇ ਕਿ ਉਹ ਟਾਹਲੀ ਪਲਾਟ ਤੋਂ ਬਿਲਕੁਲ ਬਾਹਰ ਸੀ। ਭਲਾ ਤੁਹਾਨੂੰ ਕੀ ਕਹਿੰਦੀ ਸੀ। ਸਾਫ਼-ਸਫ਼ਾਈ ਦੇ ਸ਼ੌਕੀਨ ਇਹਨਾਂ ਲੋਕਾਂ ਨੂੰ ਭਲਾ ਕੌਣ ਸਮਝਾਏ ਕਿ ਕੁਦਰਤ ਬਨਸਪਤੀ ਵਿਚ ਹੀ ਵੱਸਦੀ ਹੈ। ਇਸ ਨਾਲ ਹੀ ਧਰਤੀ ਤੇ ਖੇੜਾ ਹੈ। ਆਲਮੀ ਤਪਸ਼ ਦੇ ਨਾਲ ਹੀ ਵਿਗਿਆਨੀ ਕਹਿੰਦੇ ਨੇ ਕਿ ਆਲਮੀ ਠੰਘ ਵੀ ਪਿਆ ਕਰੇਗੀ। ਬਰਫ਼ਾਂ ਵਧੇਰੇ ਪੈਣਗੀਆਂ। ਗਰਮੀ ਵੀ ਵਧੇਰੇ ਪਿਆ ਕਰੇਗੀ। ਦਰੱਖ਼ਤਾਂ ਬਿਨਾਂ ਲੋਕ ਆਲਮੀ ਤਪਸ਼ ਨਾਲ ਝੁਲਸ ਜਾਣਗੇ। ਏਨੀ ਅੱਗ ਵਰ੍ਹੇਗੀ ਕਿ ਸਭ ਕੁੱਝ ਪਿਘਲ ਜਾਵੇਗਾ। ਬਰਫ਼ਾਂ ਵੀ ਪਿਘਲਣਗੀਆਂ। ਦਰਿਆਵਾਂ ਵਿਚ ਪਾਣੀ ਵਧ ਜਾਵੇਗਾ। ਹੜ੍ਹ ਆਉਣਗੇ। ਸਮੁੰਦਰ ਵਿਚ ਵੀ ਪਾਣੀ ਵਧ ਜਾਵੇਗਾ। ਜਿਸ ਨਾਲ ਆਸ-ਪਾਸ ਦੀ ਧਰਤੀ ਸਮੁੰਦਰ ਆਪਣੀ ਪਨਾਹ ਵਿਚ ਲੈ ਲਵੇਗਾ। ਮਾਲਕਣ ਇਕ ਦਿਨ ਇਕ ਲੇਖ ਪੜ੍ਹ ਕੇ ਆਪਣੇ ਪਤੀ ਨੂੰ ਸੁਣਾ ਰਹੀ ਸੀ ਮੈਂ ਵੀ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਰਹੀ ਸੀ ਕਿ ਸਭ ਤੋਂ ਪਹਿਲਾਂ ਭੂਟਾਨ ਦੇਸ਼ ਪਾਣੀ ਵਿਚ ਸਮਾ ਜਾਵੇਗਾ। ਨੀਵੀਂ ਧਰਤੀ ਡੁੱਬਣੀ ਸ਼ੁਰੂ ਹੋ ਜਾਵੇਗੀ। ਹਵਾਵਾਂ ਜ਼ਹਿਰੀਲੀਆਂ ਹੋ ਜਾਣਗੀਆਂ। ਮਹਾਂਮਾਰੀਆਂ ਫੈਲਣਗੀਆਂ। ਜਨ-ਜੀਵਨ ਲਈ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ। ਸੁਣਿਐ ਜ੍ਹਿਨਾਂ ਗ੍ਰਹਿਆਂ ਤੇ ਬਨਸਪਤੀ, ਪੌਣ ਤੇ ਪਾਣੀ ਨਹੀਂ ਉੱਥੇ ਜੀਵਨ ਸੰਭਵ ਹੀ ਨਹੀਂ ਹੁੰਦਾ।  ਪੜ੍ਹ-ਲਿਖ ਕੇ ਵੀ ਲੋਕ ਏਨੀ ਕੁ ਗੱਲ ਪਤਾ ਨਹੀਂ ਕਿਉਂ ਨਹੀਂ ਸਮਝਦੇ। ਇਹਨਾਂ ਸੰਵੇਦਨਹੀਨ ਮਨੁੱਖਾਂ ਨਾਲੋਂ ਤਾਂ ਸਾਡੀ ਜਾਨਵਰਾਂ ਦੀ ਦੁਨੀਆਂ ਹੀ ਵਧੀਆ ਹੈ।
      ਮੈਂ ਅਜੇ ਪਰਸੋਂ ਹੀ ਪਰਲੀ ਬਰਾਬਰ ਵਾਲੀ ਗ਼ਲੀ ਵਿਚੋਂ ਲੰਘੀ ਸੀ ਤਾਂ ਕੀ ਵੇਖਦੀ ਹਾਂ ਕਿ ਨਿੱਕੇ-ਨਿੱਕੇ ਅਮਰੂਦ ਅਤੇ ਫੁੱਲਾਂ ਨਾਲ ਭਰਿਆ ਬੂਟਾ ਵੱਢ ਕੇ ਨਾਲ ਦੇ ਖਾਲੀ ਪਲਾਟ ਵਿਚ ਸੁੱਟਿਆ ਪਿਆ ਸੀ। ਮੈਂ ਤਾਂ ਸੋਚਿਆ ਸੀ ਕਿ ਚਲੋ ਅਮਰੂਦ ਪੱਕਣ ਤੇ ਭੋਰਾ ਸਾਨੂੰ ਖਾਣ ਨੂੰ ਮਿਲ ਜਾਣਗੇ ਤੇ ਤੁਹਾਨੂੰ ਲਿਆ ਕੇ ਚਖਾਵਾਂ ਗੇ ਪਰ ਦੇਖ ਕੇ ਬੜਾ ਦੁੱਖ ਹੋਇਆ ਕਿ ਘਰ ਨੂੰ ਕਲ਼ੀ ਕਰਨ ਵਾਸਤੇ ਵਿਚਾਰਾ ਅਮਰੂਦ ਮੁੱਢੋਂ ਹੀ ਵੱਢ ਸੁੱਟਿਆ। ਕੀ ਹੋਇਆ ਹੈ ਇਹਨਾਂ ਲੋਕਾਂ ਦੀ ਅਕਲ ਨੂੰ? ਫ਼ਲ ਤੇ ਆਇਆ ਬੂਟਾ ਭਲਾ ਕੌਣ ਵੱਢਦਾ ਹੁੰਦਾ ਏ। ਬਸ ਹੁਣ ਇਸ ਧਰਤੀ ਦਾ ਤਾਂ ਰੱਬ ਹੀ ਰਾਖਾ ਹੈ। 
      ਇਸ ਘਰ ਦੀ ਮਾਲਕਣ ਬੂਟਿਆਂ ਨੂੰ ਕਿੰਨਾ ਪਿਆਰ ਕਰਦੀ ਹੈ ਇਸਤੋਂ ਬਾਕੀ ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਕੁੱਝ ਸਿੱਖਣਾ ਚਾਹੀਦਾ ਹੈ। ਪਰ, ਨਹੀਂ ਸਗੋਂ ਕਈ ਤਾਂ ਘਰ ਦੀ ਸੁੰਦਰਤਾ ਦੇਖ ਕੇ ਸੜਦੇ ਹੀ ਲੰਘਦੇ ਹਨ। ਉਹ ਨੁੱਕਰ ਵਾਲੀ ਮੈਡਮ ਨੇ ਤਾਂ ਇਹਨਾਂ ਦੀ ਰੀਸ ਨਾਲ ਤਿੰਨ ਅਸੋਕੇ ਤੇ ਇਕ ਅੰਬ ਦਾ ਬੂਟਾ ਲਾਇਆ ਏ। ਉਸ ਦਿਨ ਮਾਲਕਣ ਨੂੰ ਕਹਿ ਰਹੀ ਸੀ ਕਿ ਸਾਡਾ ਅਮਰਪਾਲੀ ਦਾ ਬੂਟਾ ੩੫੦ ਰੁਪਏ ਦਾ ਆਇਆ ਏ। ਕਿੰਨੀ ਮਹਿੰਗਾਈ ਹੋ ਗਈ ਏ ਤੌਬਾ-ਤੌਬਾ। ਉਸ ਮੈਡਮ ਨੂੰ ਮਾਲਕਣ ਕਹਿ ਰਹੀ ਸੀ ਕਿ ਮੈਨੂੰ ਤਾਂ ਇੰਜ ਲੱਗਦਾ ਏ ਕਿ ਮੇਰੇ ਤਾਂ ਇਹ ਦੁੱਖਾਂ-ਸੁੱਖਾਂ ਦੇ ਸਾਥੀ ਨੇ। ਮੈਂ ਤਾਂ ਆਪਣਾ ਦੁੱਖ-ਸੁੱਖ ਇਹਨਾਂ ਨਾਲ ਹੀ ਕਰ ਲੈਂਦੀ ਹਾਂ। ਕਿਰਲੇ ਨੇ ਕਿਹਾ ਤਾਂ ਉਹਦੀ ਘਰ ਵਾਲੀ ਬੋਲੀ ਸਾਡੀ ਮਾਲਕਣ ਅੱਜਕਲ ਬੜੀ ਦੁਖੀ ਹੋਈ ਪਈ ਏ। ਜੀ ਤੁਸੀਂ ਹੀ ਇਸ ਦਾ ਹੱਲ ਦੱਸੋ, ਮੇਰੇ ਕੋਲੋਂ ਤਾਂ ਦੱਸਿਆ ਵੀ ਨਹੀਂ ਜਾਣਾ। ਇਕ ਸਾਹਨ ਰੋਜ਼ ਗ਼ਲੀ ਵਿੱਚੋਂ ਦੀ ਲੰਘਦਾ ਸਾਰੇ ਬੂਟਿਆਂ ਨੂੰ ਸਿੰਗ ਮਾਰਦਾ ਲੰਘਦਾ ਹੈ। ਸਾਡੇ ਤਾਂ ਭਾਅ ਦੀ ਬਣ ਜਾਂਦੀ ਹੈ ਜਦੋਂ ਉਹ ਆ ਕੇ ਅਸ਼ੋਕਿਆਂ ਨੂੰ ਥੱਲੇ ਹੀ ਸੁੱਟ ਦਿੰਦਾ ਹੈ। ਵਿਚਾਰੀ ਰੋਜ਼ ਹੀ ਬੰਨਵਾਉਂਦੀ ਥੱਕ ਜਾਂਦੀ ਹੈ। ਆਪਾਂ ਸਾਰੇ ਰਲ ਕੇ ਸਾਹਨ ਨੂੰ ਬੇਨਤੀ ਕਰੀਏ ਕਿ ਉਹ ਇੰਜ ਨਾ ਕਰਿਆ ਕਰੇ। ਕੀ ਪਤਾ ਲੱਗਦਾ ਹੈ ਉਹਦੇ ਦਿਮਾਗ ਵਿਚ ਕੁੱਝ ਪੈ ਹੀ ਜਾਵੇ।" ਉਹ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਸਾਹਨ ਨੇ ਆ ਕੇ ਗ਼ਲੀ ਵਿਚ ਬੜ੍ਹਕ ਮਾਰੀ ਪਹਿਲਾਂ ਤਾਂ ਉਹ ਸਾਰੇ ਡਰ ਗਏ। ਪਰ ਜਦੋਂ ਉਹ ਬੂਟਿਆਂ ਵੱਲ ਨੂੰ ਆਇਆ ਤਾਂ ਚਿੜੀ ਨੇ ਹਿੰਮਤ ਕਰਕੇ ਅੱਗੇ ਵੱਧ ਕੇ ਉਹਨੂੰ ਜੀ ਆਇਆਂ ਆਖਿਆ ਤੇ ਉਹਦੇ ਸਿੰਗਾਂ ਉੱਤੇ ਬਹਿ ਗਈ। ਸਾਹਨ ਨੇ ਉਹਦਾ ਪਿਆਰ ਤੇ ਅਪਣੱਤ ਵੇਖ ਕੇ ਅੱਗੋਂ ਸਿਰ ਨਾ ਮਾਰਿਆ ਤਾਂ ਦੂਜੀ ਚਿੜੀ ਵੀ ਉਹਦੇ ਸਿੰਗਾਂ ਉੱਤੇ ਆ ਬੈਠੀ। ਸਾਹਨ ਨੂੰ ਬੜਾ ਆਰਾਮ ਜਿਹਾ ਮਿਲਿਆ। ਚਿੜੀਆਂ ਨੇ ਕਿਹਾ ਕਿ ਤੁਹਾਡੇ ਲਈ ਇਹ ਕੰਮ ਚੰਗਾ ਨਹੀਂ ਹੈ। ਸਾਡੀ ਮਾਲਕਣ ਨੇ ਏਨੀ ਮਿਹਨਤ ਨਾਲ ਇਹ ਥੋੜ੍ਹੀ-ਬਹੁਤ ਹਰਿਆਲੀ ਕੀਤੀ ਹੈ ਤੇ ਤੁਸੀਂ ਆ ਕੇ ਬੂਟਿਆਂ ਨੂੰ ਥੱਲੇ ਸੁੱਟ ਜਾਂਦੇ ਹੋ। ਸਾਹਨ ਨੇ ਬੜ੍ਹੀ ਠੰਢੀ ਸਾਹ ਭਰੀ ਤੇ ਕਹਿਣ ਲੱਗਾ ਕਿ "ਮੈਂ ਕੋਈ ਇਹਨਾਂ ਬੂਟਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਮੇਰੇ ਸਿੰਗਾਂ ਵਿਚ ਬੜੀ ਖ਼ੁਰਕ ਹੁੰਦੀ ਏ ਮੈਂ ਤਾਂ ਖਾਰਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਇਹਨਾਂ ਨਾਲ ਤੇ ਕੁੱਝ ਬਣਦਾ ਹੀ ਨਹੀਂ।" ਫਿਰ ਤੂੰ ਕਿਉਂ ਐਂਵੇ ਕਰਦਾ ਏਂ। ਨੁਕਸਾਨ ਤਾਂ ਹੁੰਦਾ ਹੀ ਹੈ ਨਾ। ਇਹ ਬੂਟੇ ਤਾਂ ਫਿਰ ਸਿੱਧੇ ਹੀ ਨਹੀਂ ਹੁੰਦੇ।" ਕਿਰਲਿਆਂ ਨੇ ਵੀ ਹਿੰਮਤ ਕੀਤੀ ਤੇ ਕਿਹਾ। ਉਹ ਬੂਟੇ ਵੀ ਤਾਂ ਤੂੰ ਖਾ ਜਾਂਦਾ ਏ। ਵਿਚਾਰੀ ਸਾਡੀ ਮਾਲਕਣ ਤਾਂ ਤੇਰੇ ਕਰਕੇ ਬੜੀ ਦੁਖੀ ਰਹਿੰਦੀ ਹੈ।" ਨਹੀਂ ਉਜੰ ਮੈਨੂੰ ਗੁੱਸਾ ਤਾਂ ਚੜ੍ਹਦਾ ਈ ਐ, ਜਦੋਂ ਮੈਨੂੰ ਤਾਂ ਕੁਝ ਖਾਣ ਨੂੰ ਲੱਭਦਾ ਨਹੀਂ ਤੇ ਫਿਰ ਮੈਨੂੰ ਇਹ ਜੋ ਐਨੀ ਹਰਿਆਲੀ ਖੜ੍ਹੀ ਹੈ ਉਸ ਤੇ ਗੁੱਸਾ ਆਉਂਦਾ ਹੈ ਕਿ ਉਹ ਮੇਰੇ ਕਿਸੇ ਕੰਮ ਦੀ ਨਹੀਂ ਤੇ ਨਾਂ ਹੀ ਮੈਨੂੰ ਕੋਈ ਛਾਂ ਮਿਲਦੀ ਹੈ ਕਿਤੇ ਬੈਠਣ ਲਈ। ਜਿਹੜੇ ਕੋਈ ਮਾੜੇ-ਮੋਟੇ ਕਿਤੇ ਵੱਡੇ ਰੁੱਖ਼ ਸਨ ਲੋਕਾਂ ਪੁੱਟ ਸੁੱਟੇ ਨੇ ਦੱਸੋਂ ਮੈਂ ਕੀ ਖਾਂਵਾਂ ਤੇ ਕਿੱਥੇ ਝੱਟ ਬੈਠ ਕੇ ਆਰਾਮ ਕਰਾਂ।" ਗੱਲ ਤਾਂ ਤੇਰੀ ਠੀਕ ਹੈ। ਤੇਰੀ ਕਹਾਣੀ ਵੀ ਤਾਂ ਬੜੀ ਦਰਦ ਭਰੀ ਹੈ। ਪਰ, ਤੇਰੇ ਇਸ ਤਰ੍ਹਾਂ ਕਰਨ ਨਾਲ ਤਾਂ ਸਾਡਾ ਘਰ-ਬਾਰ ਫਿਰ ਉੱਜੜ ਜਾਵੇਗਾ। ਕਿਸੇ ਨੂੰ ਦੁੱਖ ਦੇਣਾ ਚੰਗੀ ਗੱਲ ਨਹੀਂ। ਇਹ ਮਨੁੱਖ ਤਾਂ ਹੁਣ ਇਹ ਗੱਲ ਨਹੀਂ ਸਮਝਦੇ। ਕਮ-ਸੇ-ਕਮ ਸਾਨੂੰ ਤਾਂ ਇਕ ਦੂਜੇ ਦਾ ਭਲਾ ਸੋਚਣਾ ਹੀ ਚਾਹੀਦਾ ਹੈ। ਚਿੜੀਆਂ ਨੇ ਕਿਹਾ ਤਾਂ ਸਾਹਨ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਉਹ ਅੱਗੋਂ ਤੋਂ ਕੋਈ ਨੁਕਸਾਨ ਨਹੀਂ ਕਰੇਗਾ। ਜੇ ਤੁਸੀਂ ਮੈਨੂੰ ਆਪਣਾ ਦੋਸਤ ਬਣਾ ਲਿਆ ਹੈ ਤਾਂ ਮੇਰੀ ਵੀ ਦੁੱਖ-ਸੁਖ ਦੀ ਥਾਂ ਤਾਂ ਬਣ ਹੀ ਗਈ ਹੈ। ਮੈਂ ਤੁਹਾਨੂੰ ਮਿਲਣ ਜ਼ਰੂਰ ਆਇਆ ਕਰਾਂਗਾ। ਚੰਗਾ ਮੈਂ ਚਲਦਾ ਹਾਂ ਮੈਨੂੰ ਬਹੁਤ ਭੁੱਖ ਵੀ ਲੱਗੀ ਹੈ ਅਤੇ ਪਿਆਸ ਵੀ। ਸ਼ਾਇਦ ਇਸ ਸ਼ਹਿਰ ਵਿਚ ਕਿਤੋਂ ਪਾਣੀ ਦੀ ਘੁੱਟ ਮਿਲ ਜਾਵੇ ਤੇ ਮੈਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਾਂ।