ਐ ਖੁਦਕੁਸ਼ੀ ਕਰਦੇ ਦੋਸਤ
(ਕਵਿਤਾ)
ਨਹੀਂ ਨਹੀਂ
ਮੈਂ ਤੈਨੂੰ ਰੋਕ ਨੀ ਰਿਹਾ ,
ਸਿਰਫ ਟੋਕ ਰਿਹਾ ਹਾਂ ..
ਯਕੀਨਨ
ਤੇਰੇ ਇਸ ਫੈਸਲੇ ਦੇ
ਕੁਝ ਜਾਇਜ਼ ਕਾਰਨ ਰਹੇ ਹੋਣੇ ,
ਹੋ ਸਕਦਾ ਵਕ਼ਤ ਦਾ
ਅੰਨੇਵਾਹ ਵਹੀਕਲ
ਤੇਰੇ ਚਾਵਾਂ ਨੂੰ
ਫੇਟ ਮਾਰ ਗਿਆ ਹੋਵੇ ,
ਇਹ ਵੀ ਸੰਭਵ ਹੈ
ਕਿਸੇ ਬੇਲੋੜੇ ਸਹਿਮ ਨੇ
ਤੇਰੀ ਸੰਘੀ ਘੁੱਟ ਰੱਖੀ ਹੋਵੇ
ਜਾਂ ਫੇਰ ਤੈਨੂੰ ਕਿਤੇ
ਸੰਸਾ ਤਾਂ ਨਹੀਂ ਰਹਿ ਗਿਆ
ਭੀੜ ਦਾ ਮਹਿਜ਼ ਹਿੱਸਾ ਮਾਤਰ
ਬਣਕੇ ਰਹਿ ਜਾਣ ਦਾ ..
ਪਰ
ਕੀ ਤੂੰ ਕੁਝ ਵਕ਼ਤ ਲਈ
ਆਪਣੀ ਮੌਤ ਮੁਲਤਵੀ ਕਰ ਸਕਨਾ ??
ਪਰਸੋ ਤੱਕ, ਅੱਜ ਤੱਕ ਜਾਂ ਕੱਲ ਤੱਕ
ਜੇ ਬਹੁਤ ਕਾਹਲੀ ਚ ਹੈਂ
ਤਾਂ ਮਹਿਜ਼ ਅਗਲੇ ਪਲ ਤੱਕ ..
ਕਿਧਰੇ ਤੈਨੂੰ ਮਰਕੇ ਵੀ ਜਿੰਦਾ ਨਾ ਹੋਣਾ ਪਵੇ ...
ਆਪਣੀ ਫੈਸਲੇ ਤੇ ਸ਼ਰਮਿੰਦਾ ਨਾ ਹੋਣਾ ਪਵੇ ...
ਸੋ ਚੰਗਾ ਹੈ ਕਿ ਪਰਖ ਲੈ
ਸੋਚ ਲੈ ਵਿਚਾਰ ਲੈ ...
ਸ਼ੀਸ਼ੇ ਮੁਹਰੇ ਖੜਕੇ ਖੁਦ ਨੂੰ ਨਿਹਾਰ ਲੈ
ਤੈਨੂੰ ਯਕੀਨ ਹੈ ,
ਕੀ ਤੂੰ ਵਾਕਿਆ ਈ ਜ਼ਿੰਦਾ ਹੈਂ ..
ਕੀ ਹੋ ਚੁੱਕਿਆ ਏਂ ਤੂੰ ਮੌਤ ਦੇ ਕਾਬਿਲ
ਕੀ ਪੂਰੀਆਂ ਕਰ ਲਈਆਂ ਤੂੰ ਮੁਰਦਾ ਹੋ ਜਾਣ ਦੀਆਂ ਸਾਰੀਆਂ ਸ਼ਰਤਾਂ
ਕੀ ਪੀ ਚੁੱਕਿਆਂ ਏ ਤੂੰ ਜਿੰਦਗੀ ਨੂੰ ਆਖਰੀ ਘੁੱਟ ਤੱਕ ..????
ਤੈਨੂੰ ਪਤਾ ਕਿ ਮਰਨ ਲਈ
ਜੀਣਾ ਬੜਾ ਹੈ ਲਾਜ਼ਮੀ ..
----------------------------------------------