ਮਸਜਿਦ ਹਰਿਮੰਦਰ ਢਾਹੁਣ ਵਾਲੇ
ਹੋ ਗਏ ਨੇ ਫੇਰ ਇਕੱਠੇ
ਜਨਤਾ ਨੂੰ ਗੁਮਰਾਉਣ ਵਾਲੇ।
ਮੂੰਹ ਵਿਚ ਸਿਪਲੇ ਬੋਲ ਧਰਨਗੇ
ਕੱਛ ਵਿਚ ਬੰਬ ਬੰਦੂਕ ਛਿਪਾ ਕੇ
ਚਰਚ ਵੱਲ ਹੁਣ ਕੂਚ ਕਰਨਗੇ
ਮੋਰਚੇ ਸਾਂਭ ਲਓ।
ਗੁਰਜ ਤ੍ਰਿਸ਼ੂਲ ਕਿਰਪਾਨ ਮਸ਼ਾਲਾਂ
ਧਰਮਾਂ ਦੇ ਨਾਂ ਸ਼ਾਂਤੀ ਮਾਰਚ
ਸਦਭਾਵਨਾ ਸਿੰਬਲ ਕਬੂਤਰ ਉਡਾ ਕੇ
ਜਾਗਰੂਕਤਾ ਫੈਲਾਉਣ ਬਹਾਨੇ
ਚਵਾਤੀਆਂ ਲਗਾਉਣਗੇ
ਤਬਾਹੀ ਮਚਾਉਣਗੇ
ਦੰਗੇ ਭੜਕਾਉਣਗੇ
ਭਰਾਵਾਂ ਨੂੰ ਲੜਾਉਣਗੇ
ਮੋਰਚੇ ਸਾਂਭ ਲਓ।
ਇਕੋ ਥੈਲੇ ਦੇ ਚੱਟੇ ਵੱਟੇ
ਕਾਲੇ ਪੀਲੇ ਸਫ਼ੈਦ ਨੀਲੇ
ਨਿੱਤ ਦਿਨ ਰੰਗ ਬਦਲਦੇ ਬਸਤਰ
ਝੰਡੀਆਂ ਵਾਲੀਆਂ ਲੰਮੀਆਂ ਲਿੰਮੋ
ਵੰਡਣ ਹੈਰੋਇਨ ਸਮੈਕ ਨਸ਼ੀਲੀ ਪੁੜੀਆਂ
ਵਾਰਨਗੇ ਤੁਹਾਡੇ ਸਿਰ ਉੱਤੋਂ
ਨਕਲੀ ਨੋਟਾਂ ਦੀਆਂ ਥੱਦੀਆਂ
ਜਿੱਤਣ ਲਈ ਤੁਹਾਡਾ ਵਿਸ਼ਵਾਸ
ਮੋਰਚੇ ਸਾਂਭ ਲਓ।
ਇੱਕ ਰੁਪਏ ਕਿੱਲੋ ਚੌਲ਼ ਆਟਾ
ਬੁਢਾਪਾ ਪੈਨਸ਼ਨ, ਕੰਨਿਆ ਦਾਨ ਸ਼ਗਨ
ਮਿਲੇਗਾ æææ ਫਾਈਲਾਂ ਵਿਚ।
ਦਿਲਲੁਭਾਊ ਆਕਰਸ਼ਿਕ ਨਾਅਰੇ
ਢਾਹ ਦੇਣੇ ਝੁੱਗੀਆਂ ਕੱਚੇ ਢਾਰੇ
ਨਾ ਗ਼ਰੀਬ ਨਾ ਗ਼ੁਰਬਤ ਰਹਿਣੀ
ਫਾਕੇ ਕੱਟਣ ਮਿਹਨਤਕਸ਼ ਵਿਚਾਰੇ।
ਮੋਰਚੇ ਸਾਂਭ ਲਓ।
ਬੁੱਕਲ ਵਿਚ ਤੇਜ਼ਾਬ-ਬੋਤਲ ਪਿਸਟਲ
ਨੀਵੇਂ ਚੱਲਦੇ ਮੁਸਕਰਾਉਂਦੇ
ਸ਼ਰਾਬ ਸ਼ਬਾਬ ਦੇ ਜਮਾਂਦਰੂ ਵੱਜਰੀ
ਮੌਕਾ ਤਾੜਨ ਸ਼ਿਕਾਰੀ ਵਾਂਗ
ਸ਼ਹਿ ਮਾਰ ਕੇ ਝਪਟ ਪੈਣ ਲਈ
ਕੁੜੀਆਂ ਚਿੜੀਆਂ ਕੂੰਜਾਂ ਦੀ ਡਾਰ ਤੇ
ਮੋਰਚੇ ਸਾਂਭ ਲਓ।
ਜਿਸਮ ਜ਼ਮੀਰਾਂ ਦੇ ਸੌਦਾਗਰ
ਮੰਡੀਆਂ ਵੱਲ ਨੂੰ ਕੂਚ ਕਰਨਗੇ
ਸੋਨੇ ਦੇ ਉਹ ਮਿਰਗ ਫੜਨਗੇ
ਸਵਿੱਤਰੀ ਸੀਤਾ ਸਤ ਹਰਨਗੇ
ਅਬਲਾ ਬਾਜ਼ਾਰੀਂ ਪਤ ਰੁਲੇਗੀ
ਲੀਡਰਾਂ ਦੀ ਔਕਾਤ ਤੁਲੇਗੀ
ਸਿਆਸਤ ਦੀ ਬਿੱਡ ਖੁੱਲ੍ਹੇਗੀ
ਮੋਰਚੇ ਸਾਂਭ ਲਓ।
ਦਸ ਰੁਪਏ ਬੁੱਕ ਪਾਣੀ ਦਾ
ਪੰਦਰਾਂ ਰੁਪਏ ਯੂਨਿਟ ਬਿਜਲੀ
ਸੌ ਰੁਪਏ ਕਿੱਲੋ ਰੇਤਾ ਬਜਰੀ
ਮਹਿੰਗਾਈ ਬੇਕਾਰੀ ਭ੍ਰਿਸ਼ਟਾਚਾਰੀ
ਨਵੇਂ ਭਵਨਾਂ ਦਾ ਨਿਰਮਾਣ
ਮੇਰਾ ਭਾਰਤ ਦੇਸ਼ ਮਹਾਨ
ਮੋਰਚੇ ਸਾਂਭ ਲਓ।
ਹਵਾਵਾਂ ਦੇ ਜ਼ਖੀਰੇ ਭਰਨਗੇ
ਧੁੱਪਾਂ ਛਾਵਾਂ ਕੈਦ ਕਰਨਗੇ
ਚਾਨਣ ਤੇ ਉਹ ਟੈਕਸ ਲਾਉਣਗੇ
ਮਜ਼ਦੂਰਾਂ ਦੀ ਰੱਤ ਨੁਹਾਉਣਗੇ
ਭੁੱਖੇ ਢਿੱਡਾਂ ਦੇ ਢੋਲ ਵਜਾਉਣਗੇ
ਪਰਜਾ ਦੇ ਸੇਵਕ ਕਹਾਉਣਗੇ
ਮੋਰਚੇ ਸਾਂਭ ਲਓ।