ਲੋਕ ਸੰਗੀਤ ਸਮਾਗਮ ਆਯੋਜਿਤ (ਖ਼ਬਰਸਾਰ)


ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ (ਰਜਿ:) ਨੇ ਪਿਛਲੀ ਸ਼ਾਮ ਇਸ਼ਮੀਤ ਸਿੰਘ ਸੰਗੀਤ ਇੰਸਟੀਟਿਊਟ ਲੁਧਿਆਣਾ ਵਿਖੇ ਹਿੰਦ-ਪਾਕਿ ਸੰਗੀਤ ਸਮਾਗਮ  ਆਯੋਜਿਤ ਕੀਤਾ, ਜਿਸ ਦਾ ਮੰਤਵ ਸੀ ਸ਼ਾਂਤੀ ਤੇ ਸਦਭਾਵਨਾ। ਦੋਵਾਂ ਮੁਲਕਾਂ ਵਿਚੋਂ ੫-੫ ਗਾਇਕਾਂ ਨੇ ਹਿੱਸਾ ਲਿਆ। ਲੋਕ-ਗੀਤਾਂ ਦੀਆਂ ਸੁਰਾਂ ਨਾਲ ਭਰਿਆ ਇਹ ਸਮਾਗਮ ਬਹੁਤ ਹੀ ਸ਼ਾਨਦਾਰ ਰਿਹਾ।
ਸਭ ਤੋਂ ਪਹਿਲਾਂ ਕੇ ਦੀਪ ਨੇ 'ਇਹ ਮੇਰਾ ਪੰਜਾਬ' ਗੀਤ ਪੇਸ਼ ਕੀਤਾ, ਜਿਸ ਨਾਲ ਸਰੋਤੇ ਕੀਲੇ ਗਏ।  ਤਨਿਸ਼ਕ ਨੇ ਰਾਂਝਨਾਂ ਦੀ ਪੇਸ਼ਕਾਰੀ ਕੀਤੀ, ਜਿਸ ਨਾਲ ਸਰੋਤੇ ਮੰਤਰ-ਮੁਗਧ ਹੋ ਗਏ।  ਹੋਰ ਭਾਰਤੀ ਕਲਾਕਾਰ ਜਿਸ ਵਿਚ  ਰਛਪਾਲ, ਮਨਪ੍ਰੀਤ, ਮੁਨਿੰਦਰ ਤੇ ਗੁਰਸਿਮਰਨ ਸ਼ਾਮਿਲ ਸਨ, ਆਪਣੇ ਦਿਲਕਸ਼ ਗੀਤਾਂ ਨਾਲ ਸਮਾਗਮ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਬਣਾ ਦਿੱਤਾ। 
ਮੋਸਿਨ ਅਲੀ  ਤੇ ਇਸਰਾਰ ਅਲੀ ਫਰੀਦੀ ਨੇ ਸੰਗੀਤ ਸਮਾਗਮ ਨੁੰ ਚਾਰ ਚੰਨ ਲਗਾ ਦਿੱਤੇ। ਉਨ੍ਹਾਂ ਨੇ ਸੂਫ਼ੀ ਸੰਗੀਤ ਵੀ ਪੇਸ਼ ਕੀਤਾ ਅਤੇ ਪਾਕਿਸਤਾਨੀ ਪੰਜਾਬੀ ਲੋਕ ਗੀਤ ਵੀ ਸੁਣਾਏ।  ਉਨ੍ਹਾਂ ਦੀਆਂ ਹੇਕਾਂ ਤੇ ਤਾਨਾਂ ਨੇ ਸਰੋਤਿਆ ਦਾ ਮਨ ਮੋਹ ਲਿਆ।  ਸਮਾਗਮ ਦਾ ਮਾਹੌਲ ਇੰਨਾ ਸੰਗੀਤਮਈ ਹੋ ਗਿਆ ਸੀ ਕਿ ਲੋਕ ਸੰਗੀਤ ਦੀਆਂ ਸੁਰਾਂ ਵਿਚ ਗੁਆਚ ਗਏ।  ਸੰਗੀਤ ਸਮਾਗਮ ਦਾ ਮੰਚ ਸੰਚਾਲਨ ਕਰਦਿਆ ਡਾ ਕੁਲਵਿੰਦਰ ਕੌਰ ਮਿਨਹਾਸ ਅਤੇ ਸ੍ਰੀਮਤੀ ਦਵਿੰਦਰ ਸੈਣੀ ਨੇ ਬੜੇ ਕਲਾਮਈ ਢੰਗ ਨਾਲ ਕੀਤਾ।  


ਡਾ. ਸਤਿਆਨੰਦ ਸੇਵਕ ਨੇ ਅਕਾਦਮੀ ਦੀਆਂ ਸਰਗਮੀਆਂ ਤੇ ਚਾਨਣਾ ਪਾਇਆ, ਜਦਕਿ ਡਾ. ਚਰਨ ਕੰਵਲ ਸਿੰਘ ਨੇ ਇੰਸਟੀਚਿਊਟ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਪਾਕਿਸਤਾਨ ਤੋਂ ਆਏ ਡੈਲੀਗੇਸ਼ਨ ਦੇ ਮੁਖੀ ਜਨਾਬ ਸ਼ਫੀਕ ਬਟ ਨੇ ਸੁਰਗਵਾਸੀ ਇਸ਼ਮੀਤ ਸਿੰਘ ਨੂੰ ਭਰਪੂਰ ਸ਼ਰਧਾਂਜਲੀ ਦਿੱਤੀ ਅਤੇ ਪਾਕਿਸਤਾਨ ਵੱਲੋਂ ਸੰਗੀਤ ਰਾਹੀਂ ਅਮਨ ਦੇ ਸੁਨਹੇ ਦੀ ਮਹਾਨਤਾ ਦੱਸੀ। 
ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਨਿਰਦੇਸ਼ਕ ਸ੍ਰੀ ਨਰਿੰਦਰ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸੱਭਿਆਚਾਰ ਅਕਾਦਮੀ ਅਤੇ ਇਸ਼ਮੀਤ ਸਿੰਘ ਸੰਗੀਤ ਇੰਸਟੀਟਿਊਟ ਦੀ ਭਰਪੂਰ ਸ਼ਲਾਘਾ ਕੀਤੀ। ਇਹੋ ਜਿਹੇ ਹੋਰ ਉਸਾਰੂ ਪ੍ਰੋਗਰਾਮ ਕਰਵਾਉਣ ਲਈ ਕਿਹਾ।  
ਇਸ ਮੌਕੇ 'ਤੇ ਸ੍ਰੀਮਤੀ ਅੰਮ੍ਰਿਤਾ ਸੇਵਕ, ਡਾ ਗੁਲਜ਼ਾਰ ਪੰਧੇਰ, ਸਰਦਾਰ ਪੰਛੀ,  ਜੁਆਇੰਟ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਮਲਕੀਤ ਸਿੰਘ ਔਲਖ, ਗੁਰਸ਼ਰਨ ਸਿੰਘ ਨਰੂਲਾ, ਕੁਲਵਿੰਦਰ ਕਿਰਨ, ਮਨਜੀਤ ਮਹਿਰਮ, ਪਰਮਜੀਤ ਮਹਿਕ, ਪ੍ਰਗਟ ਸਿੰਘ ਇਕੋਲਾਹਾ ਆਦਿ ਵੀ ਹਾਜ਼ਿਰ ਸਨ।