ਮੈਂ ਦੋਇਮ ਦਰਜੇ ਦਾ ਸ਼ਹਿਰੀ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਨਕਲੀ ਲੋਕਤੰਤਰ ਅੰਦਰ, 
ਮੈਂ ਦੋਇਮ ਦਰਜੇ ਦਾ ਸ਼ਹਿਰੀ |
ਹੱਕ ਆਪਣੇ ਦੀ ਗਲ ਜੇ ਆਖਾਂ, 
ਲੱਗਾਂ ਨਾਗ ਕੋਈ ਜ਼ਹਿਰੀ |

ਕਾਲੇਪਾਣੀ ਜਵਾਨੀਆਂ ਗਾਲੀਆਂ,
ਰੱਸਿਆਂ 'ਤੇ ਹੱਸ ਚੜ੍ਹਿਆ |
ਮੇਰੀ ਹੀ ਲਾਸ਼ਾਂ ਦੀ ਨੀਂਹ 'ਤੇ,
ਮੁਲਕ ਅਜ਼ਾਦ ਇਹ ਖੜ੍ਹਿਆ |

ਮੁਲਕ ਵਲ ਆਂਦੀ ਹਰ ਗੋਲੀ ਨੂੰ,
ਸੀਨਾ ਡਾਹ ਮੈਂ ਜਰਿਆ |
ਅਣਪਛਾਤੀ ਮੇਰੀ ਲਾਸ਼ ਲਈ,
ਖੱਫ਼ਣ ਪਰ ਨਾ ਸਰਿਆ |

ਧੀ ਭੈਣਾਂ ਘਰ ਜਿਹਦੀਆਂ ਮੋੜੀਆਂ,
ਵਿਕਦੀਆਂ ਗਜ਼ਨੀ ਦੀਆਂ ਮੰਡੀਆਂ |
ਮੇਰੀ ਪਿੱਠ ਉਸ ਖੋਭ ਕੇ ਖੰਜਰ,
ਕੀਤੀਆਂ ਮਾਵਾਂ ਭੈਣਾਂ ਰੰਡੀਆਂ |

ਗਿਣਤੀ ਦੀ ਸਿਆਸਤ ਅੰਦਰ,
ਮੈਂ ਘੱਟ ਗਿਣਤੀ ਵਿੱਚ ਆਇਆ |
ਮੇਰੀ ਕੁਰਬਾਨੀ ਨੂੰ ਇਸੇ ਲਈ ਤਾਂ,
ਵਿੱਚ ਪੈਰਾਂ ਦੇ ਰੋਲ ਭੁਲਾਇਆ |

ਘਰ ਵੜ੍ਹ ਕੇ ਤੋਪਾਂ ਡਾਹੀਆਂ,
ਉਹ ਜੋਰੀ ਦਾਨ ਪਿਆ ਮੰਗੇ |
ਤ੍ਰੀਮਤ, ਬੱਚੇ ਨਾ ਬੁੱਢੇ ਛੱਡੇ,
ਹੱਥ ਸਭ ਦੇ ਲਹੂ ਵਿੱਚ ਰੰਗੇ |

ਬਿਰਖ ਗਿਰੇ 'ਤੇ ਧਰਤੀ ਕੰਬੇ,
ਜ਼ਿੰਦਗੀ ਖਾਤੇ ਕਿਸੇ ਨਾ ਆਵੇ |
ਬਲਦੇ ਟਾਇਰ ਗਲਾਂ 'ਚ ਪਾ ਕੇ,
ਗਲੀ ਬਜ਼ਾਰਾਂ ਮੌਤ ਨਚਾਵੇ |

ਪਿਆਸ ਨਹੀਂ ਸੀ ਮੁੱਕੀ ਹਾਲ੍ਹੇ,
ਜਬਰ ਦਾ ਨੰਗਾ ਖੇਡ ਰਚਾਇਆ |
ਕਿੰਨੀ ਹੀ ਮਾਵਾਂ ਦੇ ਤਾਰਿਆਂ,
ਚੱਕ-ਚੱਕ ਕੇ ਘਰੋਂ ਮੁਕਾਇਆ |

ਥਾਣੇ ਤਸ਼ਦੱਦਗਾਹਾਂ ਬਣ ਗਏ,
ਜਿੱਥੇ ਅੰਗ-ਅੰਗ ਮੇਰੇ ਕੱਟੇ |
ਬਣ ਦਰਿੰਦਾ ਨਰੂੜ ਕੇ ਮੈਨੂੰ,
ਮੇਰੀ ਪੱਤ ਅੱਖਾਂ ਅੱਗੇ ਲੁੱਟੇ |

ਮੇਰੀ ਲੋਥ ਇੱਕ ਹਿੰਦਸਾ ਬਣ ਗਈ,
ਕਿਸੇ ਨੂੰ ਤਗਮਾ ਜਾ ਦਿਵਾਇਆ |
ਮੇਰੀ ਜਿਉਂਦੀ ਚਿਤਾ ‘ਤੇ ਚੜ੍ਹ ਕੇ,
ਕਿਸੇ ਦਿੱਲੀ ਤਖ਼ਤ ਹੱਥਿਆਇਆ |

ਆਪਣੀ ਹੀ ਮੈਂ ਲਾਸ਼ ਦਾ ਬੋਝਾ,
ਹੁਣ ਕਿਸ-ਕਿਸ ਦਰ ਤੱਕ ਢੋਵਾਂ |
ਹੱਕ ਮੰਗਿਆਂ 'ਤੇ ਜੁੜ੍ਹਨ ਫਾਂਸੀਆਂ,
ਆਖਰ ਰੋਵਾਂ ਤਾਂ ਕਿੱਥੇ ਰੋਵਾਂ ?

ਇਨਸਾਫ਼ ਉਡੀਕਦਾ ਪੱਥਰ ਹੋਇਆ,
ਦੁਸ਼ਮਣ ਬਣੀ ਹਰ ਕਚਹਿਰੀ |
ਇਸ ਨਕਲੀ ਲੋਕਤੰਤਰ ਅੰਦਰ, 
ਮੈਂ ਦੋਇਮ ਦਰਜੇ ਦਾ ਸ਼ਹਿਰੀ |