ਡੈਲਟਾ -- ਹਰ ਮਹੀਨੇ ਦੇ ਤੀਜੇ ਮੰਗਲਵਾਰ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ, ਪੰਜਾਬੀ ਸਾਹਿਤ ਨੂੰ ਸਮਰਪਤ, ਮਨਾਈ ਜਾਂਦੀ ਕਾਵਿ-ਸ਼ਾਮ, ੨੧ ਜੁਲਾਈ ਨੂੰ ਧੂਮ ਧਾਮ ਨਾਲ ਮਨਾਈ ਗਈ। ਇਸ ਵਾਰ ਪੰਜਾਬੀ ਸਾਹਿਤ ਦੇ ਤਿੰਨ ਨਾਮਵਰ ਸ਼ਾਇਰਾਂ, ਗੁਰਦਰਸ਼ਨ ਬਾਦਲ, ਕਵਿੰਦਰ ਚਾਂਦ ਅਤੇ ਰਵਿੰਦਰ ਸਹਿਰਾ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ ਗਿਆ। ਉਹਨਾਂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਨਾਲ ਸਰੋਤਿਆਂ ਨਾਲ ਸਾਂਝ ਪੁਆਈ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਲੰਮੇ ਸਮੇਂ ਤੋਂ ਇਸ ਪ੍ਰੋਗਰਾਮ ਨਾਲ ਸਹਿਯੋਗ ਕਰਦੀਆਂ ਰਹਿਣ ਵਾਲੀਆਂ ਸਾਰੀਆਂ ਲੋਕਲ ਸਾਹਿਤ ਸਭਾਵਾਂ ਦਾ ਅਤੇ ਇਹ ਕਾਵਿ-ਸ਼ਾਮ ਪੰਜਾਬੀ ਸਾਹਿਤ ਨੂੰ ਦੇਣ ਲਈ ਮੈਕੀ ਲਾਇਬ੍ਰੇਰੀ ਡੈਲਟਾ ਦੇ ਪ੍ਰਬੰਧਕਾਂ ਦਾਧੰਨਵਾਦ ਕੀਤਾ। ਫਿਰ ਅੱਜ ਦੇ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦੇਣ ਮਗਰੋਂ ਮੋਹਨ ਗਿੱਲ ਨੇ ਨਾਮਵਰ ਗ਼ਜ਼ਲਗੋ ਗੁਰਦਰਸ਼ਨ ਬਾਦਲ ਨੂੰ ਸਟੇਜ 'ਤੇ ਆ ਕੇ ਆਪਣਾ ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ।
ਗੁਰਦਰਸ਼ਨ ਬਾਦਲ ਨੇ ਆਪਣੇ ਜੀਵਨ ਤੇ ਆਪਣੀ ਲੇਖਣ ਪਰਕ੍ਰਿਆ ਬਾਰੇ ਗੱਲ ਕਰਦਿਆ ਦੱਸਿਆ ਕਿ ਉਸ ਦੇ ਪਿਤਾ ਜੀ ਵੀ ਕਵੀ ਸਨ ਤੇ ਉਸ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਸੀ।ਹੁਣ ਤਕ ਵੱਖ ਵੱਖ ਕਾਵਿ ਵੰਨਗੀ ਦੀਆਂ ਤੇਰਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ ਹਨ। ਬਾਦਲ ਨੇ ਮਨੁੱਖੀ ਮਨ ਦੇ ਦਰਦ ਨੂੰ ਬਿਆਨ ਕਰਦੀ ਇਕ ਨਜ਼ਮ ਤੋਂ ਬਿਨਾਂ ਸੱਤ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਤੇ ਸਰੋਤਿਆਂ ਨੇ ਬਹੁਤ ਸਲਾਹੀਆਂ। ਵੰਨਗੀ ਲਈ ਕੁਝ ਸ਼ਿਅਰ;
'ਭਵਾਂ ਪਿੰਜਰੇ ਦਾ ਮੂੰਹ ਖੁੱਲ੍ਹੈ ਦੁਚਿੱਤੀ ਵਿਚ ਹੈ ਪੰਛੀ
ਉੱਡੇ ਕਿ ਨਾ ਸੋਚੇ ਕਿਤੇ ਇਹ ਵੀ ਨਾ ਘਰ ਜਾਵੇ।'
'ਪੇਕੇ, ਸਹੁਰੇ ਬੇਟੀ ਬੇਟੀ ਹੁੰਦੀ ਹੈ, ਬੇਟੀ ਇਕ ਚਹੇਤੀ ਹੈ ਦੋ ਮਾਵਾਂ ਦੀ।'
'ਤੇਰੇ ਦਸਤਖਤ ਜਾਂ ਕਿਰੇ ਦੋ ਕੁ ਹੰਝੂ, ਸਫਾ ਉਂਞ ਤਾ ਸਾਰਾ ਹੀ ਖਾਲੀ ਪਿਆ ਹੈ
ਤੇਰੇ ਮਨ ਦੀ ਵਿਥਿਆ ਇਨ੍ਹੇ ਖੋਲ੍ਹ ਦਿੱਤੀ, ਮੈਂ ਪੜ੍ਹਿਆ ਹੈ ਪੱਤਰ ਦੁਬਾਰਾ ਦੁਬਾਰਾ।'
'ਤੁਹਾਡੀ ਜ਼ੁਲਫ ਦੀ ਆਦਤ ਮੇਰੀ ਤਕਦੀਰ ਵਰਗੀ ਹੈ
ਸੰਵਰ ਜਾਵੇ ਉਲਝ ਜਾਵੇ, ਉਲਝ ਜਾਵੇ ਸੰਵਰ ਜਾਵੇ।'
ਜਰਨੈਲ ਸਿੰਘ ਆਰਟਿਸਟ ਨੇ, ਪੰਜਾਬ ਤੋਂ ਆ ਕੇ ਨਵੇਂ ਨਵੇਂ ਸਰੀ ਦੇ ਵਸਨੀਕ ਬਣੇ ਨਾਮਵਰ ਗ਼ਜ਼ਲਗੋ ਕਵਿੰਦਰ ਚਾਂਦ ਦੇ ਸਾਹਿਤਕ ਸਫਰ ਬਾਰੇਕੁਝ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਦੱਸਿਆ ਕਿ ਇਹਨਾਂ ਦੀਆਂ ਦੋ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਇਹਨਾਂ ਦਾ 'ਬੰਸਰੀ ਕਿਧਰ ਗਈ' ਗ਼ਜ਼ਲ ਸੰਗ੍ਰਹਿ ਬਹੁਤ ਹੀ ਮਸ਼ਹੂਰ ਹੋਇਆ ਹੈ। ਸੰਖੇਪ ਜਾਣਕਾਰੀ ਤੋਂ ਬਾਅਦ ਜਰਨੈਲ ਸਿੰਘ ਆਰਟਿਸਟ ਨੇ ਉਹਨਾਂ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਚਾਂਦ ਨੇ ਆਪਣੇ ਜੀਵਨ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਨਿਰੰਜਣ ਸਿੰਘ ਨੂਰ ਉਹਦੇ ਚਾਚਾ ਜੀ ਸਨ, ਇਸ ਕਰਕੇ ਕਵਿਤਾ ਉਸ ਨੂੰ ਗੁੜਤੀ ਵਜੋਂ ਹੀ ਮਿਲ ਗਈ ਸੀ। ਚਾਂਦ ਨੇ ਆਪਣੀਆਂ ਕੁਝ ਨਜ਼ਮਾਂ ਤੇ ਛੇ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਤੋਂ ਭਰਪੂਰ ਦਾਦ ਲਈ। ਵੰਨਗੀ ਲਈ ਕੁਝ ਸ਼ਿਅਰ;
'ਬੇਪਨਾਹ ਮਾਸੂਮੀਅਤ, ਪਾਕੀਜ਼ਗੀ ਕਿਧਰ ਗਈ
ਬਾਂਸ ਦੇ ਜੰਗਲ ਖੜ੍ਹੇ ਹਾਂ ਬੰਸਰੀ ਕਿਧਰ ਗਈ।'
'ਜਾਹ! ਆਪਣੇ ਖੂਨ ਦੇ ਇਲਜ਼ਾਮ ਤੋਂ ਤੈਨੂੰ ਬਰੀ ਕੀਤਾ
ਸ਼ਹਾਦਤ ਦੇਣ ਵਾਲੇ ਦਾ ਕੋਈ ਕਾਤਿਲ ਨਹੀਂ ਹੁੰਦਾ।'
'ਹਰ ਸੀਨਾ ਧੁਖਦਾ ਧੁਖਦਾ ਹੈ ਤੇ ਸੋਚਾਂ ਵਿਚ ਜਵਾਲਾ ਹੈ
ਇਕ ਚੀਜ਼ ਬਦਲਿਆਂ ਨਹੀਂ ਸਰਨਾ ਇਕ ਢਾਂਚਾ ਬਦਲਣ ਵਾਲਾ ਹੈ।'
'ਕਦੇ ਜੂਝੀ ਸੀ ਵੱਖਰੀ ਹੋਂਦ ਬਦਲੇ, ਇੱਜ਼ਤਾਂ ਬਦਲੇ
ਇਹ ਜੰਗਜੂ ਕੌੰਮ ਅੱਜ ਕੱਲ੍ਹ ਲੜ ਰਹੀ ਹੈ ਗੋਲਕਾਂ ਬਦਲ।ੇ'
ਉਸ ਤੋਂ ਬਾਅਦ ਜਰਨੈਲ ਸਿੰਘ ਸੇਖਾ ਨੇ ਸ਼ਾਇਰ ਰਵਿੰਦਰ ਸਹਿਰਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਸੰਖੇਪ ਜਿਹੀ ਫੇਰੀ 'ਤੇ ਵੈਨਕੂਵਰ ਆਏ ਸਨ ਤੇ ਸਵੇਰੇ ਸੱਤ ਵਜੇ ਹੀ ਵਾਪਸ ਅਮਰੀਕਾ ਚਲੇ ਜਾਣਾ ਹੈ, ਪ੍ਰਬੰਧਕਾਂ ਦੀ ਬੇਨਤੀ ਮੰਨਜ਼ੂਰ ਕਰਦਿਆਂ ਉਹ ਇਸ ਸਮੇਂ ਆਪਣੇ ਵਿਚ ਹਾਜ਼ਰ ਹਨ। ਇਹ ਇਕ ਅਜੇਹੇ ਸ਼ਾਇਰ ਹਨ ਜਿਨ੍ਹਾਂ ਦਾ ਬਹੁਤਾ ਜੀਵਨ ਸੰਘਰਸ਼ ਵਿਚ ਹੀ ਬੀਤਿਆ। ਇਹਨਾਂ ਸੰਘਰਸ਼ ਰਾਹੀਂ ਫਰਸ਼ ਤੋਂ ਉਠ ਅਰਸ਼ ਨੂੰ ਛੋਹਿਆ ਪਰ ਪੈਰ ਧਰਤ 'ਤੇ ਹੀ ਰੱਖੇ। ਇਨ੍ਹਾਂ ਦੀਆਂ ਚਾਰ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ ਤੇ ਸਾਰੀ ਸ਼ਾਇਰੀ ਇਕੋ ਪੁਸਤਕ 'ਕਾਗਦ ਕਲਮ ਕਿਤਾਬ' ਦੇ ਨਾਮ ਹੇਠ ਛਪ ਗਈ ਹੈ। ਅੱਜ ਕੱਲ੍ਹ ਇਹ ਪੰਜਾਬੀ ਦੇ ਮਸ਼ਹੂਰ ਸਾਹਿਤਕ ਮੈਗਜ਼ੀਨ 'ਹੁਣ' ਦੇ ਮੈਨੇਜਿੰਗ ਐਡੀਟਰ ਹਨ। ਇਹਨਾਂ ਨੂੰਤੁਹਾਡੇ ਰੂ ਬ ਰੂ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਸਟੇਜ ਆ ਕੇ ਰਵਿੰਦਰ ਸਹਿਰਾ ਨੇ ਦੱਸਿਆ ਕਿ ਵੈਨਕੂਵਰ ਸੁਹਣਾ ਇਲਾਕਾ ਹੋਣ ਕਰਕੇ ਉਹਦੇ ਇਧਰ ਕਈ ਚੱਕਰ ਲੱਗ ਗਏ ਹਨ ਅਤੇ ਇਧਰ ਬਾਰ ਬਾਰ ਆਉਣ ਨੂੰ ਜੀਅ ਕਰਦਾ ਹੈ। ਸੱਚ ਮੁਚ ਹੀ ਬ੍ਰਿਟਿਸ਼ ਕੁਲੰਬੀਆ ਬਹੁਤ ਬਿਉਟੀਫੁਲ ਹੈ। ਇਥੋਂ ਦੇ ਸਾਹਿਤਕਾਰਾਂ ਕਰਕੇ ਇਹ ਹੋਰ ਵੀ ਵਿਉਟੀਫੁਲ ਬਣ ਗਿਆ ਹੈ। ਫਿਰ ਸਾਹਿਰਾ ਨੇ ਆਪਣੇ ਬਾਰੇ ਗੱਲ ਕਰਦਿਆ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ ਸੀ। ਕਾਲਜ ਵਿਚ ਪੜ੍ਹਦਿਆਂ ਹੀ ਵਿਦਿਆਰਥੀਆਂ ਦੇ ਸੰਘਰਸ਼ ਵਿਚ ਕੁਦ ਪਿਆ। ਕੁਝ ਸਮਾਂ ਸਟੂਡੈਂਟ ਯੂਨੀਅਨ ਪੰਜਾਬ ਦਾ ਪ੍ਰਧਾਨ ਰਿਹਾ। ਸੰਨ ੭੫ ਵਿਚ ਲੱਗੀ ਐਮਰਜੈਂਸੀ ਸਮੇਂ ਜੇਲ੍ਹ ਯਾਤਰਾ ਵੀ ਕੀਤੀ। ਕਾਲਜ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਸਮੇਂ ਦੀ ਸਰਕਾਰ ਨੇ ਉਹਨਾਂ ੫੨ ਵਿਦਿਆਰਥੀਆਂ ਵਿਚ ਨਾਮ ਪਾ ਦਿੱਤਾ, ਜਿਨ੍ਹਾਂ ਨੂੰ ਕਿਸੇ ਵੀ ਕਾਲਜ ਵਿਚ ਦਾਖਲਾ ਦੇਣ ਤੋਂ ਮਨਾਹ ਕੀਤਾ ਗਿਆ ਸੀ। ਫਿਰ ਵੀ ਪ੍ਰੋ. ਨਿਰੰਜਣ ਸਿੰਘ ਢੇਸੀ ਦੀ ਹਿੰਮਤ ਨਾਲ ਦਾਖਲਾ ਮਿਲ ਹੀ ਗਿਆ ਤੇ ਪੜ੍ਹਾਈ ਮੁਕੰਮਲ ਹੋਈ। ਪਿੰਡ ਵਿਚ ਨੌਜਵਾਨ ਸਭਾ ਬਣਾ ਕੇ ਪਿੰਡ ਦੀ ਤਰੱਕੀ ਵਿਚ ਯੋਗਦਾਨ ਪਾਇਆ। ਕਾਲਜ ਵਿਚ ਪੜ੍ਹਦੇ ਸਮੇਂ ਹੀ ਪਿੰਡ ਦਾ ਨਿਰਵਿਰੋਧ ਸਰਪੰਚ ਚੁਣਿਆ ਗਿਆ। ਸਭ ਤੋਂ ਛੋਟੀ ਉਮਰ ਦਾ ਸਰਪੰਚ ਬਣਨ ਦਾ ਮਾਣ ਪ੍ਰਾਪਤ ਹੋਇਆ। ਆਪਣੇ ਬਾਰੇ ਸੰਖੇਪ ਜਾਣਕਾਰੀ ਦੇਣ ਮਗਰੋਂ ਸਹਿਰਾ ਨੇ ਆਪਣੀਆਂ ਕੁਝ ਚੋਣਵੀਆਂ ਨਜ਼ਮਾਂ ਸੁਣਾ ਕੇ ਸਰੋਤਿਆਂ ਕੋਲੋਂ ਵਾਹ ਵਾਹ ਖੱਟੀ।
ਇਸ ਕਾਵਿ ਮਹਿਫਲ ਦੀ ਸ਼ਾਨ ਵਧਾਉਣ ਵਾਲਿਆ ਵਿਚਨਾਮਵਰ ਸ਼ਕਸੀਅਤਾਂ ਸਨ; ਪੰਜਾਬ ਤੋਂ ਕੇਨੇਡਾ ਫੇਰੀ 'ਤੇ ਆਏ ਪ੍ਰੋ. ਨਿਰੰਜਣ ਸਿੰਘ ਢੇਸੀ, ਬਸੰਤ ਮੋਟਰਜ਼ ਦੇ ਬਲਦੇਵ ਸਿੰਘ ਬਾਠ, ਡਾ. ਸਾਧੂ ਸਿੰਘ, ਸਾਧੂ ਬਿਨਿੰਗ, ਪ੍ਰੋ. ਪਿਰਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਅਮਰਜੀਤ ਕੌਰ ਸ਼ਾਂਤ, ਸੁਰਿੰਦਰ ਕੌਰ ਸਹੋਤਾ, ਸ਼ਾਇਰ ਜਸਵਿੰਦਰ, ਨਛੱਤਰ ਸਿੰਘ ਬਰਾੜ, ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਚਰਨ ਸਿੰਘ ਵਿਰਦੀ, ਗੁਰਚਰਨ ਟੱਲੇਵਾਲੀਆ, ਪਰਮਜੀਤ ਸਿੰਘ ਸੇਖੋਂ ਤੇ ਕਈ ਹੋਰ। ਚੇਤਨਾ ਪ੍ਰਕਾਸ਼ਣ ਲੁਧਿਆਣਾ ਵਾਲੇ ਸਤੀਸ਼ ਗੁਲਾਟੀ, ਜਿਨ੍ਹਾਂ ਨੇ ੮੯ ਐਵਨਿਊ, ਸਕਾਟ ਰੋਡ ਸਰੀ ਵਿਚ ਪੁਸਤਕ ਮੇਲਾ ਲਾਇਆ ਹੋਇਆ ਹੈ, ਵੀ ਇਸ ਕਾਵਿ ਮਹਿਫਲ ਵਿਚ ਹਾਜ਼ਰ ਸਨ। ਅਖੀਰ ਵਿਚ ਲਾਇਬ੍ਰੇਰੀ ਵੱਲੋਂ ਤਿੰਨਾਂ ਸ਼ਾਇਰਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ ।