ਗੁਰਭਜਨ ਗਿੱਲ ਦੀ 'ਗੁਲਨਾਰ' (ਪੁਸਤਕ ਪੜਚੋਲ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ: ਗੁਲਨਾਰ
ਲੇਖਕ: ਗੁਰਭਜਨ ਗਿੱਲ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਪਟਿਆਲਾ।

ਮੁੱਲ: 150/- ਰੁਪਏ, ਸਫ਼ੇ: 148




"ਗੁਲਨਾਰ" ਦੇ ਗੁਲਦਸਤੇ ਵਿਚ ੧੩੮ ਗ਼ਜ਼ਲਾਂ ਹਨ, ਜੋ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀ ਬਾਤ ਪਾਉਂਦੀਆਂ ਨੇ। ਕਿਧਰੇ ਪੰਜ-ਆਬ, ਕਿਧਰੇ ਸੰਧਲੀਆਂ ਪੌਣਾਂ; ਕਿਧਰੇ ਜ਼ਹਿਰੀ ਨੀਰ, ਕਿਧਰੇ ਜ਼ਹਿਰੀ ਪੌਣ। ਕਿਧਰੇ ਰਿਸ਼ਤਿਆਂ 'ਚ ਗੰਢ ਪੀਚਦੀ, ਕਿਧਰੇ ਰੇਤ ਵਾਂਗ ਖਿੱਲਰੇ-ਖਿੱਲਰੇ। ਤੇ ਹੋਰ ਵੀ ਬਹੁਤ ਕੁਝ, ਜਿਨ੍ਹਾਂ 'ਚੋਂ ਪੰਜਾਬੀਆਂ ਦੀ ਖ਼ੁਸ਼ਬੂ ਆਉਂਦੀ ਏ। ਗੱਲ ਕੀ, ਗਿੱਲ ਭਾਅ ਜੀ, ਬਾਕੀਆਂ ਨਾਲੋਂ ਹੱਟ ਕੇ ਲਿਖਦੇ ਨੇ; ਉਨ੍ਹਾਂ ਦੀ ਸ਼ਾਇਰੀ ਬਹੁਤ ਹੀ ਗਹਿਰ-ਗੰਭੀਰ ਹੁੰਦੀ ਹੈ, ਮਨ ਨੂੰ ਟਿਕਾਣੇ ਲਗਾ ਕੇ ਪੜ੍ਹਨ ਵਾਲੀ ਹੁੰਦੀ ਹੈ। ਵੱਡੇ-ਵੱਡੇ ਮਸਲੇ ਜਗਾਉਂਂਦੀ ਹੀ ਨਹੀਂ, ਸਗੋਂ ਉਨ੍ਹਾਂਂ ਦੇ ਹੱਲ ਵੀ ਲੱਭਦੀ ਹੈ। ਉਨ੍ਹਾਂ ਦੀ ਬੋਲਣੀ ਵੀ ਇਸ ਤਰਾਂ ਹੈ ਜਿਉਂ ਸ਼ਿਅਰੋ-ਸ਼ਾਇਰੀ ਕਰ ਰਹੇ ਹੋਣ; ਮਿਸ਼ਰੀ ਨਾਲੋਂ ਮਿੱਠੀਆਂ ਗੱਲਾਂ ਕਰਦੇ ਨੇ। ਹੋਰ ਤਾਂ ਹੋਰ, ਸਾਰੀ ਸ਼ਾਇਰੀ ਹੀ ਪੰਜਾਬੀ ਸਮਾਜ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੈ। ਆਓ ਦੇਖਦੇ ਹਾਂ, ਉਨ੍ਹਾਂ ਦੇ ਕੁਝ ਸ਼ਿਅਰ:
ਰਿਸ਼ਤਿਆਂ ਵਿਚ ਗੁਲਕੰਦ ਘੋਲਦੀ ਮਾਂ ਬੋਲੀ। 
ਦਿਲ ਦੇ ਗੁੱਝੇ ਭੇਤ ਖੋਲ੍ਹਦੀ ਮਾਂ ਬੋਲੀ। -(ਪੰਨਾ ੯੧)
 ਤਾਅਨੇ, ਮਿਹਣੇ, ਤੋਹਮਤਾਂ, 
ਪਰਬਤ ਨਾਲੋਂ ਭਾਰੀਆਂ।   -(ਪੰਨਾ ੯੦)

ਲੋਕਾਂ ਦੀ ਕਚਹਿਰੀ ਜਿਹੜੇ ਫ਼ੇਲ ਹੋ ਗਏ,
ਓਹੀ ਸਾਨੂੰ ਹੁਕਮ ਸੁਣਾਉਣ ਵਾਲੇ ਨੇ।   -(ਪੰਨਾ ੨੬) 

ਸੱਚ ਨਿਗੂਣਾ ਹੁੰਦਾ ਹੀ ਨਾ, ਇਹ ਤਾਕਤ ਹੈ ਬੜੀ ਅਮੋਲ,
ਸਦੀਆਂ ਤੋਂ ਹੀ ਜਾਬਰ ਨ੍ਹੇਰਾ, ਚਾਨਣ ਹੁੰਦੇ ਢਹਿੰਦਾ ਹੈ।  -(ਪੰਨਾ ੪੫)

ਚਿੜੀਆਂ ਦੀ ਥਾਂ ਕਾਵਾਂ ਦੇ ਹੁਣ ਕਬਜ਼ੇ ਹੋ ਗਏ ਬਿਰਖਾਂ ਤੇ, 
ਸਾਨੂੰ ਕਹਿੰਦੇ ਉੱਡ ਪੁੱਡ ਜਾਉ, ਖੰਭ ਕੁਤਰ ਕੇ ਚਾਵਾਂ ਦੇ। - (ਪੰਨਾ ੪੪)

ਸਾਡੀ ਧਰਤੀ ਪਲੀਤ, ਸਾਡੇ ਪਾਣੀਆਂ 'ਚ ਮੌਤ, 
ਪੈਂਦੇ ਘਰ ਘਰ ਵੈਣ, ਵਗੇ ਜ਼ਹਿਰ ਭਿੱਜੀ ਪੌਣ।  -(ਪੰਨਾ ੧੧੨)

ਵੈਰੀ ਨਾਗ ਚਸ਼ਮੇ 'ਚੋਂ ਵਹਿਣ ਪਈਆਂ ਸੱਤੇ ਸੁਰਾਂ,
ਆਸ ਪਾਸ ਵੱਸਦੇ ਸਾਜ਼ਿੰਦੇ ਨਾ ਉਦਾਸੇ ਹੋਣ।  -(ਪੰਨਾ ੧੩੨)

'ਗੁਲਨਾਰ' ਵਿਚ ਗਿੱਲ ਭਾਅ ਜੀ ਦੀਆਂ ਵਿਲੱਖਣ ਗ਼ਜ਼ਲਾਂ ਦੇ ਨਾਲ-ਨਾਲ ਦਸ ਮਹਾਨ ਹਸਤੀਆਂ ਦੇ ਵਿਚਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਭਾਅ ਜੀ ਦੀ ਸ਼ਿਅਰੋ-ਸ਼ਾਇਰੀ ਦੀ ਗੱਲ ਕੀਤੀ ਹੈ। ਸਮਾਜ ਵਿਚ ਲੱਤਾਂ ਪਸਾਰੀ ਬੈਠੀਆਂ ਕੁਸੰਗਤੀਆਂ ਦੀ ਥੇਹ 'ਤੇ ਗਿਆਨ ਦਾ ਦੀਵਾ ਬਾਲ਼ਣਾ ਗਿੱਲ ਭਾਅ ਜੀ ਦੀ ਸ਼ਾਇਰੀ ਦਾ ਮੁੱਖ ਉਦੇਸ਼ ਹੈ। ਮੈਨੂੰ ਉਮੀਦ ਹੀ ਨਹੀਂ, ਬਲਕਿ ਪੂਰਨ ਯਕੀਨ ਹੈ ਕਿ 'ਗੁਲਨਾਰ' ਵੀ ਪਾਠਕਾਂ ਦੇ ਹੱਥਾਂ, ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣੇਗੀ ਕਿਉਂਕਿ ਇਹ ਭਖਦੇ ਮਸਲਿਆਂ ਦੀ ਬਾਤ ਪਾਉਂਦੀ ਹੈ। ਲੇਖਕ ਨੂੰ ਲੱਖ ਮੁਬਾਰਕ ਹੋਵੇ!