ਸਉਣ ਦੇ ਮਹੀਨੇ ਕੁੜੀਆਂ
(ਗੀਤ )
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਮੈਂ ਸੱਜਰੀ ਵਿਆਹੀ, ਮੇਰਾ ਸੱਜਰਾ ਸੰਧੂਰ ਨੀ।
ਮਾਹੀ ਮੇਰਾ ਤੁਰ ਗਿਆ, ਵਤਨਾਂ ਤੋਂ ਦੂਰ ਨੀ।
ਮੈਨੂੰ, ਛੇੜ - ਛੇੜ ਸਖ਼ੀਆਂ ਸਤਾਉਂਦੀਆਂ ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜਾ੍ਹਉਂਦੀਆਂ।
ਮੈਂ ਤੀਆਂ ਵਿਚ ਨੱਚਾਂ,ਨਾਲ ਨੱਚਣ ਸਹੇਲੀਆਂ।
ਤੱਕਣਾ ਹੈ ਮਾਹੀ ਦਿਆਂ, ਮੈਨੂੰ ਯਾਰਾਂ ਬੇਲੀਆਂ।
ਅੱਖਾਂ ਗਿੱਧੇ ਵਿਚ ਬੜਾ ਸਰਮਾਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਸਉਣ ਦੇ ਮਹੀਨੇ ਵਰ੍ਹੇ, ਮਿੱਠੀ- ਮਿੱਠੀ ਭੂਰ ਨੀ।
ਮੱਠਾ -ਮੱਠਾ ਇਸ਼ਕੇ ਦਾ ਚੜ੍ਹਿਆ ਸਰੁਰ ਨੀ।
ਛੇੜ - ਛੇੜ ਕੇ ਬੁਝਾਰਤਾਂ ਉਹ ਪਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਗਿੱਧੇ ਵਿਚ ਨੱਚੀ ਪਾਇਆ, ਝਾਂਜਰਾਂ ਨੇ ਸ਼ੋਰ ਨੀ।
ਸਈਉ ! ਬੁੱਤ ਮੇਰਾ ਏਥੇ, ਰੂਹ ਕਿਤੇ ਹੋਰ ਨੀ।
ਨੱਚ ਕੁੜੀਆਂ ਨੇ ਭੜਥੂ ਮਚਾਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।
ਮੇਰਾ ਲਾਲ ਪਰਾਂਦਾ ਅੱਜ, ਗਿੱਟਿਆਂ 'ਚ ਵਜਦਾ।
"ਸੁਹਲ" ਵਲ ਵੇਖ –ਵੇਖ, ਦਿਲ ਨਹੀਉਂ ਰੱਜਦਾ।
ਉਹ ਮੈਨੂੰ ਰਮਜਾਂ ਦੇ ਨਾਲ ਸਮਝਾਉਂਦੀਆਂ,
ਸਉਣ ਦੇ ਮਹੀਨੇ ਕੁੜੀਆਂ,
ਪੀਂਘ ਲੱਕ ਦੇ ਹੁਲਾਰੇ ਤੇ ਚੜ੍ਹਾਉਂਦੀਆਂ।