ਹਾੜ ਦੀ ਤਪਸ਼ ਨੇ ਤਪਾਏ ਪਏ ਸੀ,
ਬੰਦੇ ਪਸ਼ੂ ਪੰਛੀ ਸਭ ਮੁਰਝਾਏ ਪਏ ਸੀ,
ਫੁੱਲ ਬੂਟੇ ਕਮਲਾਏ ਪਏ ਸੀ
ਹਰ ਕੋਈ ਗਰਮੀ-ਗਰਮੀ ਕਰਦਾ,
ਸਾਵਣ ਆ ਗਿਆ ਜੀ, ਮੀਂਹ ਜੋਰ ਦਾ ਵਰਦਾ।
ਠੰਡੀਆਂ ਚਲ ਪਈਆਂ ਹਵਾਵਾਂ ਨੇ
ਗਾਉਂਦੇ ਗੀਤ ਚਿੜੀਆਂ ਕਾਵਾਂ ਨੇ
ਖੀਰ-ਪੂੜੇ ਬਣਾਏ ਮਾਵਾਂ ਨੇ,
ਜੀਅ ਸਭ ਦਾ ਖਾਣ ਨੂੰ ਕਰਦਾ,
ਸਾਵਣ ਆ ਗਿਆ ਜੀ........................
ਕੁੜੀਆਂ ਪੇਕੇ ਆਈਆਂ ਨੇ
ਪਿੱਪਲੀ ਪੀਘਾਂ ਪਾਈਆਂ ਨੇ
ਤੀਆਂ ਤ੍ਰਿਜਣ ਲਾਈਆਂ ਨੇ,
ਹਰ ਕੋਈ ਦੇਖਣ ਨੂੰ ਖੜਦਾ,
ਸਾਵਣ ਆ ਗਿਆ ਜੀ................................
ਖੇਤਾਂ ਵਿੱਚ ਹੋ ਗਈ ਹਰਿਆਲੀ
ਕਿਸਾਨ ਦੇ ਚਿਹਰੇ ਆ ਗਈ ਲਾਲੀ
ਖੁਸ਼ ਹੋਇਆ ਬਾਗ ਦਾ ਮਾਲੀ,
ਸ਼ੁਕਰ ਰੱਬ ਦਾ ਕਰਦਾ,
ਸਾਵਣ ਆ ਗਿਆ ਜੀ...... . ...................
ਮਸਤੀ ਵਿੱਚ ਮੋਰ ਪੈਲਾ ਪਾਉਂਦੇ ਨੇ
ਨਿੱਕੇ ਬੱਚੇ ਮੀਂਹ ਵਿੱਚ ਨਹਾਉਂਦੇ ਨੇ
ਗੀਤ ਸਾਉਣ ਦੇ ਗਾਉਂਦੇ ਨੇ,
ਸੀਨਾਂ ਜਾਵੇ ਠਰਦਾ,
ਸਾਵਣ ਆ ਗਿਆ ਜੀ..........................
ਪੱਕੇ ਘਰਾਂ ਵਾਲਾ ਮੌਜਾਂ ਮਨਾਵੇ
ਕੁੱਲੀ ਵਾਲਾ ਫਿਕਰਾਂ ਚੋ ਪੈ ਜਾਵੇ
ਕੱਚਾ ਕੋਠਾ ਚੋਅ ਨਾ ਜਾਵੇ,
ਮੱਲ੍ਹੀ ਫਿਕਰ ਪਿਆ ਹੈ ਘਰਦਾ,
ਸਾਵਣ ਆ ਗਿਆ ਜੀ, ਮੀਂਹ ਜੋਰ ਦਾ ਵਰਦਾ।