ਨੇੜਿਓਂ ਤੱਕਿਆ ਯੌਰਪ - (ਕਿਸ਼ਤ-1) (ਸਫ਼ਰਨਾਮਾ )

ਮਧੂ ਸ਼ਰਮਾ (ਪ੍ਰੋ:)   

Email: madhu1952sharma@gmail.com
Cell: +91 98784 20336
Address: 36, Profs’ Colony, Tilak Nagar,
Amritsar India
ਮਧੂ ਸ਼ਰਮਾ (ਪ੍ਰੋ:) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਯੌਰਪ ਤੋਂਂ ਆਇਆਂ ਮੈਨੂੰ ਇਕ ਹਫ਼ਤਾ ਹੋ ਗਿਆ ਹੈ ਪਰ ਲਗਦਾ ਹੈ ਜਿਵੇਂ ਮੈਂ ਅਜੇ ਵੀ ਇਟਲੀ, ਫਰਾਂਸ, ਜਰਮਨੀ ਘੁੰਮ ਰਹੀ ਹੋਵਾਂ। ਅਜ ਤੋਂ ਚਾਰ ਮਹੀਨੇ ਪਹਿਲਾਂ ਜਦੋਂ ਮੈਂ ਦਿੱਲੀ ਗਈ, ਅਚਾਨਕ ਮੇਰੀ ਨਨਾਣ ਕਹਿਣ ਲਗੀ ਕਿ ਜੇ ਯੋਰਪ ਜਾਣ ਦਾ ਪਰੋਗਰਾਮ ਬਣਿਆ ਤਾਂ ਕੀ ਮੈਂ ਜਾਣ ਲਈ ਤਿਆਰ ਹਾਂ? ਮੈਂ ਹੈਰਾਨ ਸਾਂ ਕਿ ਇਸ ਵਾਰ ਕੀ ਖਾਸ ਗਲ ਹੈ ਕਿ ਮੈਨੂੰ ਵੀ ਪੁੱਛਿਆ ਜਾ ਰਿਹਾ ਹੈ ਕਿਓਂਕਿ ਇਸ ਤੋਂ ਪਹਿਲਾਂ ਵੀ ਦੀਦੀ ਦਾ ਕਈਆਂ ਥਾਂਵਾਂ ਤੇ ਘੁੰਮਣ ਘੁੰਮਾਉਣ ਦਾ ਬੜੀ ਵਾਰ ਪਰੋਗਰਾਮ ਬਣਿਆ ਸੀ ਪਰ ਮੈਨੂੰ ਕਦੇ ਨਹੀਂ ਪੁਛਿਆ ਗਿਆ। ਕਦੇ ਚਾਰ ਧਾਮ ਯਾਤਰਾ, ਕਦੇ ਗੰਗੋਤਰੀ ਤੇ ਕਦੇ ਯਮਨੋਤਰੀ, ਕਦੇ ਗੰਗਾਸਾਗਰ ਤੇ ਕਦੇ ਕੰਨਿਆਕੁਮਾਰੀ। ਕਦੇ ਪਟਨਾ ਸਾਹਿਬ ਤੇ ਕਦੇ ਹਜ਼ੂਰ ਸਾਹਿਬ। ਮਥੁਰਾ ਬਿੰਦਰਾਬਨ, ਦਵਾਰਕਾ, ਜਗਨਨਾਥ ਪੁਰੀ, ਹਰਿਦੁਆਰ ਆਦਿ, ਦੀਦੀ ਪਤਾ ਨਹੀਂ ਕਿੰਨੀ ਵਾਰ ਹੋ ਕੇ ਆਏ ਹੋਣਗੇ। ਮੈਨੂੰ ਅਜ ਤਕ ਕਦੇ ਨਹੀਂ ਪੁੱਛਿਆ ਗਿਆ। ਇਸ ਤੋਂ ਇਲਾਵਾ ਦੀਦੀ ਬੜੀ ਵਾਰੀ ਅਮਰੀਕਾ ਹੋ ਕੇ ਆਏ ਹਨ। ਬੇਟਾ ਏਅਰ ਇੰਡੀਆ ਵਿੱਚ ਪਾਇਲਟ ਹੋਣ ਕਾਰਨ ਸਿੰਘਾਪੁਰ, ਬੈਂਕਾਕ , ਲੰਡਨ, ਆਸਟਰੇਲੀਆ ਆਦਿ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਘੁੰਮੇ ਹੋਏ ਹਨ। ਪਰ ਅਜ ਤਕ ਕਿਸੇ ਦੇਸ਼ ਵਿਦੇਸ਼ ਦੀ ਯਾਤਰਾ ਲਈ ਮੈਨੂੰ ਪੁੱਛਿਆ ਨਹੀਂ ਸੀ ਗਿਆ। ਬੜੀ ਹੈਰਾਨੀ ਹੋਈ ਮੈਨੂੰ ਤੇ ਮੇਰੇ ਦਿਓਰ ਦਰਾਣੀ ਨੂੰ ਵੀ। ਖੈਰ ਮੈਂ 'ਹਾਂ' ਕਰ ਦਿਤੀ। ਆਖਿਰ ਅਸਲੀਅਤ ਸਮਝ ਆ ਹੀ ਗਈ, ਕਿ ਜਿੰਨਾ ਵੱਡਾ ਗਰੁੱਪ ਹੋਵੇਗਾ, ਓਨਾ ਵਧ ਕਨਸੈਸ਼ਨ ਹੋਵੇਗਾ। ਦੂਜੇ ਅਸੀਂ ਜਿੰਨੀ ਜਲਦੀ 'ਹਾਂ' ਕਰਾਂਗੇ ਓਨਾ ਹੀ ਅਡਵਾਂਸ ਬੁਕਿੰਗਜ਼ ਕਾਰਨ ਸਾਨੂੰ ਰਿਆਇਤ ਮਿਲੇਗੀ। 'ਹਾਂ' ਕਰਨ ਤੋਂ  ਬਾਅਦ ਮੈਂ ਦੀਦੀ ਨੂੰ ਕਹਿ ਦਿੱਤਾ ਕਿ ਇਸ ਵਕਤ ਤਾਂ ਮੇਰੇ ਕੋਲ ਪੈਸੇ ਨਹੀਂ ਹਨ। ਤੁਸੀਂ ਅਡਵਾਂਸ ਜਮ੍ਹਾਂ ਕਰਵਾ ਦਿਓ। ਪੈਸੇ ਮੈਂ ਤੁਹਾਨੂੰ ਅੰਮ੍ਰਿਤਸਰ ਤੋਂ ਭੇਜ ਦੇਵਾਂਗੀ, ਜਿਹੜੇ ਮੈਂ ਟੂਰ ਖਤਮ ਹੋਣ ਤੋਂ ਬਾਅਦ ਦਿੱਤੇ।

ਅੰਮ੍ਰਿਤਸਰ ਪਹੁੰਚਿਆਂ ਅਜੇ ਦੋ ਚਾਰ ਦਿਨ ਹੀ ਹੋਏ ਹੋਣਗੇ ਕਿ ਥਾਮਸ ਕੁੱਕ ਵਾਲਿਆਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ। ਮੈਂ ਸੋਚਿਆ ਕਿ ਕਿਹੜੀ ਮੁਸੀਬਤ ਨੂੰ ਮੁੱਲ ਲੈ ਲਿਆ। ਇਕ ਰਿਟਾਇਰਡ ਸਿੰਗਲ ਵੁਮਨ ਲਈ ਤਿੰਨ ਲੱਖ ਮਹਿਣਾ ਰੱਖਦੇ ਹਨ। ਪੰਜਾਹ ਹਜ਼ਾਰ ਅਡਵਾਂਸ ਫੜਾ ਕੇ ਹੁਣ ਗਲ ਪਿਆ ਢੋਲ ਤਾਂ ਵਜਾਉਣਾ ਹੀ ਪੈਣਾ ਸੀ। ਅਡਵਾਂਸ ਵਾਪਸ ਮੁੜਨ ਦੇ ਚਾਂਸਿਜ਼ ਨਿੱਲ, ਦੀਦੀ ਵੱਲੋਂ ਨਰਾਜ਼ਗੀ ਤੇ ਬਾਕੀ ਪਰਿਵਾਰ ਵੱਲੋਂ ਮਜ਼ਾਕ। ਆਖਰ ਸਭ ਕੁਝ ਧਿਆਨ 'ਚ ਰੱਖਦਿਆਂ ਇਕ ਤਾਂ ਮੈਂ ਕੌੜਾ ਘੁੱਟ ਕਰਨ ਦਾ ਮਨ ਬਣਾ ਲਿਆ ਤੇ ਦੂਜੇ ਮੈਂ ਸੋਚਿਆ ਜੇ ਜਾਣਾ ਹੀ ਹੈ ਤਾਂ ਸੋਚ ਕਿਓਂ ਨਾ ਬਦਲੀ ਜਾਵੇ। ਸੋਚ ਕੀ ਬਦਲੀ ਕਿ ਟੂਰ ਬਾਰੇ ਸਾਰੀ ਦੀ ਸਾਰੀ ਪ੍ਰਕਿਰਿਆ ਹੀ ਬਦਲ ਗਈ। ਜਿੱਥੇ ਮੈਂ ਟੂਰ ਉਪਰ ਹੋਣ ਵਾਲੇ ਖਰਚੇ ਤੇ ਵਿਦੇਸ਼ ਵਿਚ ਹੋਣ ਵਾਲੀ ਪਰੇਸ਼ਾਨੀ ਤੋਂ ਘਬਰਾ ਰਹੀ ਸਾਂ, ਓਥੇ ਹੁਣ ਮੈਂ ਵੱਖ ਵੱਖ ਦੇਸ਼ਾਂ ਦੇ ਸੁਪਣੇ ਲੈਣੇ ਸ਼ੁਰੂ ਕਰ ਦਿੱਤੇ। ਮੇਰੇ ਨਾਲ ਵੀ ਉਹੀ ਹੋਇਆ ਜਿਸਨੂੰ ਕਹਿੰਦੇ ਹਨ: ਨਾਂਹ ਨਾਂਹ ਕਰਤੇ ਪਿਆਰ  ਉਨ੍ਹੀਂ ਸੇ ਕਰ ਬੈਠੇ; ਕਰਨਾ ਥਾ ਇਨਕਾਰ ਮਗਰ ਇਕਰਾਰ ਉਨ੍ਹੀਂ ਸੇ ਕਰ ਬੈਠੇ। ਹੁਣ ਸੋਚ ਦੇ ਘੋੜੇ ਬਚਪਨ ਵਿਚ ਲਏ ਵਿਦੇਸ਼ ਦੇ ਸੁਪਨਿਆਂ, ਮਿੱਤਰਾਂ ਵੱਲੋਂ ਮਸਾਲੇ ਲਾ ਲਾ ਸੁਣਾਏ ਕਿੱਸੇ ਅਤੇ ਹੋਰ ਅਨੇਕਾਂ ਗੱਲਾਂ ਦੁਆਲੇ ਘੁੰਮਣ ਲੱਗੇ।

ਜਦੋਂ ਅਸੀਂ ਛੋਟੇ ਹੁੰਦਿਆਂ ਦਰਬਾਰ ਸਾਹਿਬ ਜਾਂਦੇ ਤਾਂ ਕਈ ਗੋਰੇ ਚਿੱਟੇ ਅੰਗਰੇਜ਼ ਜਿਨ੍ਹਾਂ ਆਮ ਤੌਰ ਤੇ ਮਹਿੰਗੀਆਂ ਨਿੱਕਰਾਂ ਪਾਈਆਂ ਹੁੰਦੀਆਂ ਤੇ ਉਨ੍ਹਾਂ ਨਾਲ ਸਕਰਟਾਂ ਪਾਈ ਮੇਮਾਂ ਸਿਰਾਂ ਤੇ ਰੇਸ਼ਮੀ ਸਕਾਰਫ਼ ਅਤੇ ਪੈਰਾਂ ਵਿਚ ਧੜ ਧੜ ਕਰਦੇ ਚਿੱਟੇ ਰੰਗ ਦੇ ਕੱਪੜੇ ਦੇ ਬੂਟ (ਫ਼ਲੀਟਸ) ਪਾਈ ਪਰਿਕਰਮਾ ਵਿਚ ਘੁੰਮਦੇ ਦਿਸ ਪੈਂਦੇ। ਪੇਪਰਾਂ 'ਚ ਪਾਸ ਹੋਣ ਲਈ ਮੱਥਾ ਟੇਕਣ ਆਏ ਬੱਚਿਆਂ ਲਈ ਉਹ ਖਿੱਚ ਦਾ ਕਾਰਨ ਹੁੰਦੇ। ਆਖਿਰ ਇਹ ਲੋਕ ਕੌਣ ਹਨ ਤੇ ਕਿਥੋਂ ਆਏ ਹਨ। ਸਾਡੇ ਨਾਲ ਹੀ ਕਈ ਵੱਡੇ ਵੀ ਉਨ੍ਹਾਂ ਨੂੰ ਬੜੀ ਰੀਝ ਨਾਲ ਤੱਕਦੇ ਤੇ ਸੋਚਦੇ ਵੇਖੋ ਸੱਤ ਸਮੁੰਦਰ ਪਾਰ ਤੋਂ ਆਏ ਹਨ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ। ਹੌਲੀ ਹੌਲੀ ਸੱਠਵੇਂ ਦਹਾਕੇ ਦੇ ਸ਼ੁਰੂ ਵਿਚ ਹਿੱਪੀ ਦਿਸਣੇ ਸ਼ੁਰੂ ਹੋ ਗਏ। ਜਿਓਂ ਜਿਓਂ ਅਸੀਂ ਵਡੇ ਹੁੰਦੇ ਗਏ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ, ਸੈਲਾਨੀਆਂ ਦੀ ਗਿਣਤੀ, ਮੰਤਵ, ਵਿਵਹਾਰ, ਪੋਸ਼ਾਕ ਵਿਚ ਆਈਆਂ ਅਨੇਕਾਂ ਤਬਦੀਲੀਆਂ ਨੇ ਮੇਰੇ ਅੰਦਰ ਇਨ੍ਹਾਂ ਇਕ ਜਿਗਿਆਸਾ ਪੈਦਾ ਕੀਤੀ ਕਿ ਦੇਖਿਆ ਜਾਵੇ  ਇਹ ਲੋਕ ਕਿੱਥੋਂ ਆਉਂਦੇ ਹਨ, ਕਿਵੇਂ ਰਹਿੰਦੇ ਹਨ ਅਤੇ ਇਨ੍ਹਾਂ ਦੇ ਤੀਰਥ ਕਿੱਦਾਂ ਦੇ ਹਨ।

ਅੰਮ੍ਰਿਤਸਰ ਦੀ ਜੰਮਪਲ ਹੋਣ ਕਾਰਨ ਅਤੇ ਸਾਰੀ ਉਮਰ ਇਸੇ ਸ਼ਹਿਰ ਵਿਚ ਲੰਘਾਉਣ ਕਾਰਨ ਮੇਰੀ ਹਰ ਖਾਹਿਸ਼ ਇਸਦੇ ਅੰਦਰ ਜਾਂ ਬਾਹਰ ਝਾਕਣ ਦੀ ਰਹਿੰਦੀ ਹੈ। ਸੋ ਯੋਰਪ ਦਾ ਖਿਆਲ ਆਉਂਦਿਆਂ ਹੀ ਸਭ ਤੋਂ ਪਹਿਲਾਂ ਮੈਨੂੰ ਉਹ ਦਿਨ ਯਾਦ ਆਏ ਜਦੋਂ ਗੁਆਂਢੀਆਂ ਦੇ ਬਿੱਲੂ ਨੂੰ 1954 ਵਿਚ ਸਵਾ ਮਹੀਨੇ ਦਾ ਹੋਣ ਤੇ ਮੱਥਾ ਟਿਕਾਉਣ ਗਏ। ਮੈਂ ਆਪਣੀ ਦਾਦੀ ਦੀ ਉਂਗਲ ਫੜੀ ਕਦੀ ਮੱਥਾ ਟੇਕਦੀ ਦਾਦੀ ਨੂੰ ਦੇਖਦੀ ਤੇ ਕਦੀ ਬਾਹਰ ਖੜ੍ਹੀ ਮੇਮ ਨੂੰ। ਬਸ ਉਸ ਦਿਨ ਤੋਂ ਗੋਰਿਆਂ ਦੇ ਦੇਸ਼ ਦੇਖਣ ਦੀ ਮੇਰੀ ਇੱਛਾ ਪੈਦਾ ਹੋਈ ਤੇ ਹੋਰ ਕਈ ਗਲਾਂ ਨੇ ਮੇਰੀ ਇੱਛਾ ਨੂੰ ਜਾਰੀ ਰੱਖਿਆ।

                                         ਜਦੋਂ ਨੌਵੀਂ ਜਮਾਤ ਵਿਚ ਹੋਈ ਤਾਂ ਇਕ ਦਿਨ ਦਰਬਾਰ ਸਾਹਿਬ ਮੱਥਾ ਟੇਕਣ ਗਈ। ਉਥੇ ਇਕ ਅੰਗਰੇਜ਼ ਟੂਰਿਸਟ ਨਾਲ ਮੇਰਾ ਟਾਕਰਾ ਹੋ ਗਿਆ। ਦਰਸ਼ਨੀ ਡਿਓੜ੍ਹੀ ਤੋਂ ਬਾਹਰ ਸਧਾਰਨ ਜਿਹੇ ਦਿਸਣ ਵਾਲੇ ਟੂਰਿਸਟ ਜਿਸਦੇ ਹੱਥ ਵਿਚ ਕੈਮਰਾ ਤੇ ਇਕ ਡਾਇਰੀ ਨੁਮਾ ਕਿਤਾਬ ਤੇ ਕੁਝ ਨਕਸ਼ੇ ਸਨ, ਨੇ ਮੈਨੂੰ ਇਕ ਅਜੀਬ ਸੁਆਲ ਪੁਛਿਆ ਜਿਸ ਦਾ ਸਹੀ ਉੱਤਰ ਨਾ ਉਦੋਂ ਮੇਰੇ ਕੋਲ ਸੀ ਨਾ ਅਜ। ਕੋਸ਼ਿਸ਼ ਨਹੀਂ ਸੀ ਕੀਤੀ ਹੁਣ ਤਕ। ਹਾਂ ਪ੍ਰਸ਼ਨ ਦੇ ਉਤਰ ਮਿਲਣ ਦੀ ਸੰਭਾਵਨਾ ਜ਼ਰੂਰ ਵਧ ਗਈ ਹੈ, ਪਾਠਕਾਂ ਦੇ ਉੱਤਰ ਜਾਂ ਗੂਗਲ ਸਦਕਾ। ਅੰਗਰੇਜ਼ (ਜਿਸ ਤਰ੍ਹਾਂ ਭਾਰਤ ਵਿਚ ਹਰ ਗੋਰਾ ਅੰਗਰੇਜ਼ ਹੀ ਹੈ ਭਾਵੇਂ ਉਹ ਬ੍ਰਿਟਿਸ਼ ਹੋਵੇ, ਭਾਵੇਂ ਜਰਮਨ ਤੇ ਭਾਵੇਂ ਫ਼ਰੈਂਚ) ਦੇ ਹਰ ਸਵਾਲ ਦਾ ਜਵਾਬ ਮੈਂ ਖੁਸ਼ੀ ਖੁਸ਼ੀ ਦੇਂਦੀ ਰਹੀ। ਆਖਰ ਉਨ੍ਹਾਂ ਸਮਿਆਂ ਵਿਚ ਇੰਗਲਿਸ਼ ;ਚ ਗੱਲ ਕਰਨਾ ਉਹ ਵੀ ਇਕ ਅੰਗਰੇਜ਼ ਨਾਲ ਬੜੀ ਮਾਨ ਦੀ ਗੱਲ ਸੀ। ਮੈਂ ਖੁਸ਼ੀ ਦੇ ਸਤਵੇਂ ਅਸਮਾਨ ਵਿਚ ਪਹੁੰਚਣ ਹੀ ਲੱਗੀ ਸਾਂ ਕਿ ਉਸ ਨੇ ਪੁੱਛ ਲਿਆ "ਹੂ ਇਜ਼ ਦ ਮੌਂਕ" ? ਪ੍ਰਸ਼ਨ ਤਾਂ ਸਮਝ ਲਗ ਗਿਆ ਪਰ ਕੋਈ ਉਤਰ ਨਾ ਦੇ ਸਕੀ। ਸੌਰੀ ਕਹਿ ਕੇ ਪਿੱਛਾ ਛੁੱਟਿਆ ਤੇ ਯਾਤਰਾ ਦੇ ਸਬੰਧ ਵਿਚ ਇਕ ਗੱਲ ਸਮਝ ਆ ਗਈ ਕਿ ਐਂਵੇਂ ਸਾਦੇ ਜਿਹੇ ਦਿਸਣ ਵਾਲੇ ਗੋਰੇ ਟੂਰਿਸਟ ਪੂਰੇ ਘੂਣੇ ਹੁੰਦੇ ਹਨ। ਜਿੱਥੇ ਜਾਂਦੇ ਹਨ, ਪੂਰੀ ਛਾਣਬੀਣ ਕਰਦੇ ਹਨ। ਸਰੋਵਰ ਚੋਂ ਜਲ ਲੈ ਕੇ ਜਦੋਂ ਮੈਂ ਵਾਪਸ ਆ ਰਹੀ ਸਾਂ, ਮੈਂ ਵੇਖਿਆ ਕਿ ਉਹ ਅੰਗਰੇਜ਼ ਹੁਣ ਦਰਬਾਰ ਸਾਹਿਬ ਦੀਆਂ ਵਖ ਵਖ ਐਂਗਲਜ਼ ਤੋਂ ਫ਼ੋਟੋਆਂ ਲੈ ਰਿਹਾ ਸੀ। ਬਾਹਰ ਨਿਕਲਦਿਆਂ ਮੈਂ ਸੋਚ ਰਹੀ ਸਾਂ ਕਦੀ ਜਿੰæਦਗੀ 'ਚ ਮੌਕਾ ਲੱਗਾ ਮੈਂ ਵੀ ਇਸ ਯਾਤਰੂ ਵਾਂਗ ਵਧ ਤੋਂ ਵਧ ਜਾਨਣ ਦੀ ਕੋਸ਼ਿਸ਼ ਕਰਾਂਗੀ। ਰਹਿੰਦੀ ਕਸਰ ਮੇਰੀ ਇੰਗਲਿਸ਼ ਦੀ ਲੈਕਚਰਾਰ ਨੇ ਪੂਰੀ ਕਰ ਦਿੱਤੀ।

                 ਇਕ ਦਿਨ ਮਿਸਿਜ਼ ਮੋਹਨਜੀਤ ਚਿਮਨੀ ਅੰਗਰੇਜ਼ੀ ਦਾ ਲੈਸਨ "ਦ  ਹੌਬੀਜ਼" ਪੜ੍ਹਾਉਣ ਤੋਂ ਪਹਿਲਾਂ ਜਮਾਤ ਵਿਚ ਸਾਰੀਆਂ ਕੁੜੀਆਂ ਨੂੰ ਪੁਛਣ ਲੱਗੀ ਕਿ ਉਨ੍ਹਾਂ ਦੀ ਕੀ ਕੀ ਹੌਬੀ ਹੈ। ਸਾਰਿਆਂ ਨੇ ਆਪਣੇ ਆਪਣੇ ਅਨੁਸਾਰ ਜਵਾਬ ਦਿੱਤੇ। ਕਈਆਂ ਨੇ ਮੈਡਮ ਦੀਆਂ ਨਜ਼ਰਾਂ ਵਿਚ ਚੰਗੇ ਬਣਨ ਲਈ ਬੜੇ ਸੰਜੀਦਾ ਕਿਸਮ ਦੇ ਉੱਤਰ ਵੀ ਦਿੱਤੇ। ਮੈਂ ਸਾਫ਼ ਸਪਸ਼ਟ ਕਹਿ ਦਿੱਤਾ ਕਿ ਮੇਰੀ ਹੌਬੀ ਘੁੰਮਣਾ ਹੈ। ਘੁੰਮਣ ਤੋਂ ਮੇਰਾ ਭਾਵ ਮਟਰਗਸ਼ਤੀ ਸੀ। ਸਹੇਲੀਆਂ ਨਾਲ ਛੋਟੀ ਮੋਟੀ ਸ਼ਾਪਿੰਗ ਤੇ ਜਾਣਾ, ਘਰਦਿਆਂ ਨਾਲ ਫਿਲਮ ਦੇਖਣਾ ਤੇ ਚਾਚੇ ਤਾਇਆਂ ਦੇ ਬੱਚਿਆਂ ਨਾਲ ਸਾਇਕਲ ਉਪਰ ਸ਼ਹਿਰ ਦਾ ਟੂਰ। ਮੈਡਮ ਪੁੱਛਦੀ ਤਾਂ ਮੈਂ ਘੁੰਮਣ ਦਾ ਅਰਥ ਸਪਸ਼ਟ ਕਰ ਦਿੰਦੀ। ਮੈਡਮ ਨੇ ਪੁਛਿਆ ਨਹੀਂ, ਮੈਂ ਦਸਿਆ ਨਹੀਂ। ਪਾਠ ਖਤਮ ਹੋ ਗਿਆ। ਪ੍ਰਸ਼ਨ ਉੱਤਰ ਯਾਦ ਕਰ ਕੇ ਸੁਣ ਸੁਣਾ ਦਿੱਤੇ ਗਏ। ਸਾਰੀ ਗੱਲ ਹੋਈ ਬੀਤੀ ਹੋ ਗਈ। ਪਰ ਮੈਡਮ ਵੱਲੋਂ ਅਜੇ ਗੱਲ ਖਤਮ ਨਹੀਂ ਸੀ ਹੋਈ। ਜਿਸ ਦਿਨ ਸਾਰੀਆਂ ਕੁੜੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਨੋਟ ਕਰ ਰਹੀਆਂ ਸਨ, ਮੇਰੀ ਮੈਡਮ ਨੇ ਮੇਰੇ ਕੋਲ ਆ ਕੇ ਮੈਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਪਹਿਲਾਂ ਤਾਂ ਮੈਂ ਡਰ ਗਈ ਕਿ ਮੇਰੇ ਕੋਲੋਂ ਪਤਾ ਨਹੀਂ ਕੀ ਭੁੱਲ ਹੋ ਗਈ ਪਰ ਮੈਡਮ ਦੇ ਹੱਥ ਵਿਚ ਫੜੇ ਲਿਫ਼ਾਫੇ ਨੇ ਮੇਰਾ ਹੌਸਲਾ ਵਧਾ ਦਿੱਤਾ। ਲਿਫ਼ਾਫ਼ਾ ਮੇਰੇ ਹੱਥ ਵਿਚ ਦੇਂਦਿਆਂ ਮੈਡਮ ਨੇ ਮੈਨੂੰ ਕਿਹਾ ਕਿ ਇਹ ਫ਼ੋਟੋਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਘੁੰਮੀਆਂ ਜਾਣ ਵਾਲੀਆਂ ਥਾਂਵਾਂ ਦੀਆਂ ਹਨ ਤੇ ਆਹ ਵਡੇ ਹੋ ਕੇ ਆਪਣੀ ਕਮਾਈ ਕਰ ਕੇ ਦੇਖਣ ਵਾਲੀਆਂ। ਗਰਮੀਆਂ ਦੀਆਂ ਛੁੱਟੀਆਂ ਵਾਲੀਆਂ ਚੋਂ ਕਪੂਰਥਲਾ ਰਿਆਸਤ ਦੀ ਮਸਜਿਦ, ਸ਼ਾਲਾਮਾਰ ਬਾਗ਼, ਮਹਿਲ, ਕਈ ਮੰਦਰ ਦੇਖ ਲਏ। ਇਸ ਤਰ੍ਹਾਂ ਕਾਲਜ ਵਿਚ ਪੜ੍ਹਦਿਆਂ ਪੰਜਾਬ ਦੇ ਵਡੇ ਵਡੇ ਸਾਰੇ ਸ਼ਹਿਰ ਤੇ ਵਿਆਹ ਤੋਂ ਬਾਅਦ ਅਤੇ ਨੌਕਰੀ ਦੌਰਾਨ ਪੂਰਾ ਭਾਰਤ ਛਾਣ ਮਾਰਿਆ। 201 2 ਵਿਚ ਟਰਾਂਟੋ ਸ਼ਹਿਰ ਦੀ ਖੁਲ੍ਹ ਕੇ ਸੈਰ ਕੀਤੀ। ਜੋ ਜ਼ਿਹਨ ਵਿਚ ਅਜੇ ਵੀ ਕਲ੍ਹ ਵਾਂਗ  ਤਾਜ਼ਾ ਹੈ। ਪਿਛਲੇ ਦਿਨੀਂ ਲੱਗੇ ਯੌਰਪ ਟੂਰ ਦੇ ਪਹਿਲੇ ਦਿਨ ਲੰਡਨ ਦੇ ਨਜ਼ਾਰੇ ਤੱਕਦਿਆਂ ਮੈਡਮ ਵੱਲੋਂ ਗਿਆਰ੍ਹਵੀਂ ਜਮਾਤ ਵਿਚ ਮਿਲੀਆਂ ਤਸਵੀਰਾਂ ਚ੍ਹਾਲੀ ਸਾਲ ਪੁਰਾਣੀਆ ਤਸਵੀਰਾਂ ਮੁੜ੍ਹ ਯਾਦ ਆ ਗਈਆਂ।

----ਚਲਦਾ­­­­­­------