ਨੇੜਿਓਂ ਤੱਕਿਆ ਯੌਰਪ - (ਕਿਸ਼ਤ 2) (ਸਫ਼ਰਨਾਮਾ )

ਮਧੂ ਸ਼ਰਮਾ (ਪ੍ਰੋ:)   

Email: madhu1952sharma@gmail.com
Cell: +91 98784 20336
Address: 36, Profs’ Colony, Tilak Nagar,
Amritsar India
ਮਧੂ ਸ਼ਰਮਾ (ਪ੍ਰੋ:) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਂਜ ਤਾਂ ਟੂਰ ਤੇ ਜਾਣ ਦਾ ਪ੍ਰੋਗਰਾਮ ਪੱਕਾ ਸੀ ਪਰ ਕਿਸੇ ਦੀ ਮਜਬੂਰੀ ਬਾਰੇ ਅੰਦਾਜਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਮੈਂਨੂੰ ਡਰ ਸੀ ਕਿ ਕਿਤੇ ਮੇਰੀ ਬਿਰਧ ਤੇ ਬੀਮਾਰ ਮੰਮੀ ਦੀ ਤਬੀਅਤ ਨਾ ਖਰਾਬ ਹੋ ਜਾਵੇ। ਕੋਈ ਜ਼ਰਰੀ ਕੰਮ ਨਾ ਪੈ ਜਾਵੇ। ਪਰ ਮੇਰੇ ਨਾਲੋਂ ਵਧ ਬਾਕੀਆਂ ਨੂੰ ਫ਼ਿਕਰ ਸੀ ਕਿਓਂਕਿ ਉਹ ਸੋਚਦੇ ਸਨ ਕਿ ਜਿਸ ਗੱਲ ਦਾ ਬਹੁਤਾ ਰੌਲਾ ਪੈ ਜਾਂਦਾ ਹੈ, ਪੂਰੀ ਨਹੀਂ ਹੁੰਦੀ। ਕਹਿਣ ਤੋਂ ਭਾਵ ਹਰ ਕਿਸੇ ਨੂੰ ਸ਼ੱਕ ਸੀ ਕਿ ਇਹ ਮੁਹਿੰਮ ਜਿੱਤੀ ਜਾਊ ਕਿ ਨਹੀਂ। ਜਿਵੇਂ ਸਿਕੰਦਰ ਨੇ ਦੁਨੀਆ ਫ਼ਤਿਹ ਕਰਨ ਬਾਰੇ ਸੋਚਿਆ ਹੋਵੇ। ਇਥੇ ਹੀ ਬੱਸ ਨਹੀਂ ਸਾਡੇ ਸ਼ੁਭ ਚਿੰਤਕ ਵੀ ਕਿਸੇ ਗਲੋਂ ਘੱਟ ਨਹੀਂ ਸਨ।  ਉਹ ਵੀ ਹਰ ਦੂਜੇ ਤੀਜੇ ਦਿਨ ਫ਼ੋਨ ਕਰ ਕੇ ਪੁੱਛ ਲੈਂਦੇ ਕਿ ਵੀਜ਼ਾ ਆਇਆ ਕਿ ਨਹੀਂ?  ਮਤਲਬ ਤਾਂ ਸਮਝ ਆ ਜਾਂਦਾ ਪਰ ਸੱਚ ਬੋਲਣਾ ਹੀ ਪੈਂਦਾ ਕਿ ਅਜੇ ਨਹੀਂ। ਪਰ ਉਨ੍ਹਾਂ ਨੂੰ ਸਾਡੇ ਉਪਰ ਇਤਬਾਰ ਨਾ ਆਉਂਦਾ। ਉਹ ਸੋਚਦੇ ਕਿ ਸ਼ਾਇਦ ਮੈਂ ਝੂਠ ਬੋਲ ਰਹੀ ਹਾਂ । ਪਰ ਦਿਲੋਂ ਸੋਚਦੇ ਯਾ ਅੱਲਾ ਇਹ ਸੱਚ ਹੀ ਹੋਵੇ। ਕਿਓਂਕਿ ਕਿਸੇ ਨਾ ਕਿਸੇ ਮਜਬੂਰੀ ਕਾਰਨ ਉਨ੍ਹਾਂ ਨੂੰ ਸੈਰ ਦਾ ਮੌਕਾ ਨਹੀਂ ਸੀ ਮਿਲਿਆ। ਬੜਾ ਹਉਕਾ ਜਿਹਾ ਲੈ ਕੇ ਕਹਿੰਦੇ ਕਿ ਕਦੀ ਅਸੀਂ ਵੀ ਯੌਰਪ ਜਾਵਾਂਗੇ, ਜਾਂ ਸਾਡੀ ਵੀ ਕਿਸਮਤ 'ਚ ਕਦੀ ਇੰਗਲੈਂਡ ਵੇਖਣਾ ਨਸੀਬ ਹੋਵੇਗਾ। ਕਦੇ ਕਦਾਈਂ ਤਾਂ ਥਹਿ ਸੋਟਾ ਹੀ ਮਾਰ ਦਿੰਦੇ, ਕਿੰਨੇ ਕਿਸਮਤ ਵਾਲੇ ਹੋ ਜੋ ਸਵਰਗਾਂ ਨੂੰ ਜਾ ਰਹੇ ਹੋ। ਦਿਲ ਕਰਦਾ ਕਹਿ ਦੇਵਾਂ ਜੇ ਤੁਹਾਡੇ ਕੋਲੋਂ ਸਾਡਾ ਬਾਹਰ ਬਦੇਸ਼ਾਂ 'ਚ ਘੁੰਮਣਾ ਨਹੀਂ ਜਰਿਆ ਜਾਂਦਾ ਤਾਂ ਘੱਟੋ ਘੱਟ ਸਾਨੂੰ ਸੁਰਗਾਂ ਨੂੰ ਤਾਂ ਨਾ ਤੋਰੋ। ਖੈæਰ ਸਮਾਜਕ ਮਰਿਆਦਾਵਾਂ ਕਹਿੰਦੀਆਂ, ਬੱਸ ਸੁਣੀ ਜਾਹ। ਕੁਝ ਬੋਲੇਂਗੀ ਤਾਂ ਚਾਰ ਹੋਰ ਸੁਣਨੀਆ ਪੈਣਗੀਆਂ। ਇਕ ਚੁੱਪ ਸੌ ਸੁਖ। ਲੈ ਚੁੱਪ ਰਹਿਣਾ ਵੀ ਕਿੱਥੇ ਬਰਦਾਸ਼ਤ ਹੁੰਦਾ ਹੈ।

ਇਕ ਦਿਨ ਸ਼ਮੀਂ ਸੈਰ ਕਰਦਿਆਂ ਆਪਣੀ ਗੁਆਂਢਣ ਨੂੰ  ਮੈਂ ਕਹਿ ਬੈਠੀ ਕਿ ਕੁਝ ਦਿਨਾਂ ਤਕ ਮੈਂ ਬਾਹਰ ਜਾਣਾ ਹੈ। ਦੱਸਣਾ ਜ਼ਰੂਰੀ ਸੀ ਕਿਓਂਕਿ ਜਦੋਂ ਵਾਪਸ ਆ ਕੇ ਦਸਦੀ ਤਾਂ ਇਹੀ ਸੁਣਨ ਨੂੰ ਮਿਲਣਾ ਸੀ, ਅਸੀਂ ਚੌਕੀਦਾਰ ਹਾਂ ਜੋ ਇਨ੍ਹਾਂ ਦੇ ਘਰ ਦੀ ਰਾਖੀ ਕਰੀਏ। ਹਾਲਾਂਕਿ ਚੌਕੀਦਾਰੀ ਵਾਲੀ ਕੋਈ ਗੱਲ ਨਹੀਂ। ਮੈਂ ਭਾਵੇਂ ਮਹੀਨੇ ਬਾਅਦ ਆ ਕੇ ਦਰਵਾਜ਼ਾ ਖੋਲ੍ਹਾਂ, ਕਿਸੇ ਨੂੰ ਬਿੜਕ ਤਕ ਨਹੀਂ ਲਗਦੀ। ਹੁਣ ਉਹਦੇ ਤੇ ਪਰਲੀ ਗੁਆਂਢਣ ਵੱਲੋਂ ਸੁਆਲਾਂ ਦਾ ਮੀਂਹ ਵਰ੍ਹ ਪਿਆ ਕਿੱਥੇ ਜਾ ਰਹੇ ਹੋ, ਕਿੰਨੇ ਦਿਨਾਂ ਲਈ ਜਾ ਰਹੇ, ਕੌਣ ਨਾਲ ਜਾ ਰਿਹਾ ਹੈ, ਟਿਕਟ ਕਿੰਨੇ ਦੀ ਹੈ ਤੇ ਨਾਲ ਕਿੰਨੇ ਪੈਸੇ ਲਿਜਾ ਰਹੇ ਹੋ ਆਦਿ। ਅਨੇਕਾਂ ਪ੍ਰਸ਼ਨਾਂ ਦਾ ਜਵਾਬ ਮੈਂ ਬੜੇ ਮਾਨ ਸਤਿਕਾਰ ਨਾਲ ਇਵੇਂ ਦਿੰਦੀ ਰਹੀ ਜਿਵੇਂ ਮੈਂ ਕਿਸੇ ਨੌਕਰੀ ਲਈ ਇੰਟਰਵਿਊ ਦੇ ਰਹੀ ਹੋਵਾਂ। ਉਨ੍ਹਾਂ ਦੇ ਸੁਆਲਾਂ ਦਾ ਜੁਆਬ ਦੇਂਦਿਆਂ ਮੈਂ ਸੋਚ ਰਹੀ ਸਾਂ ਏਨੇ ਸੁਆਲ ਤਾਂ ਮੈਂਨੂੰ ਯੂæ ਕੇæ ਦਾ ਵੀਜ਼ਾ ਲੈਣ ਗਿਆਂ ਵੀ ਨਹੀਂ ਪੁਛੇ ਗਏ। ਪਿਛਲੇ ਦੋ ਸੁਆਲਾਂ ਦੇ ਜਵਾਬ ਦੇਂਦਿਆਂ ਮੈਂ ਵੇਖਿਆ ਇਕ ਵਿਚ ਸ਼ਰਾਰਤ ਸੀ ਤੇ ਇਕ ਵਿਚ ਤਰਸ। ਬਹੁਤ ਚੰਗਾ ਕਰ ਰਹੇ ਹੋ। ਆਖਰ ਛੱਡ ਕੇ ਕੀਹਦੇ ਲਈ ਜਾਣਾ ਹੈ। ਏਨੇ ਨੂੰ ਸਾਡੀ ਗੱਲ ਸੁਣ ਪਾਰਕ ਦੇ ਪਰਲੇ ਪਾਸਿਓਂ ਮਿਸਿਜ਼ ਸੇਠ ਵੀ ਆ ਗਈ, ਜੋ ਦੂਰ ਬੈਠੀ ਸਾਡੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ। ਆਉਂਦਿਆਂ ਹੀ ਕਹਿਣ ਲੱਗੀ, ਉਂਜ ਤਾਂ ਮੇਰੇ ਭਰਾ ਨੇ ਬੜੀ ਵਾਰ ਕਿਹਾ ਹੈ ਭੈਣ ਜੀ ਕੁਝ ਸਮਾਂ ਮੇਰੇ ਕੋਲ ਇੰਗਲੈਂਡ ਆਓ। ਮੈਂ ਤੁਹਾਨੂੰ ਯੌਰਪ ਦੀ ਸੈਰ ਕਰਾਵਾਂਗਾ। ਇਕ ਵਾਰ ਆਓ ਤਾਂ ਸਹੀ ਸਾਡੇ ਕੋਲ। ਨਵੀਂ ਦੁਨੀਆਂ ਵੇਖੋ। ਦਿਲ ਤਾਂ ਬੜਾ ਕਰਦੇ ਪਰ ਪਹਿਲਾਂ ਬੁੱਕ ਪੈਸਿਆਂ ਦੀ ਲਾਵਾਂ ਤੇ ਫੇਰ ਜਾਵਾਂ। ਨਾਲ ਹੀ ਮੈਨੂੰ ਸੁਣਾAੁਂਦਿਆਂ ਹੋਇਆਂ ਕਹਿਣ ਲੱਗੀ। ਜੇ ਰੱਬ ਸੁਖ ਰੱਖੇ ਤਾਂ ਅਗਲੇ ਸਾਲ ਆਪਣੇ ਭਤੀਜੇ ਦੇ ਵਿਆਹ ਤੇ ਜ਼ਰੂਰ ਜਾਵਾਂਗੀ। ਮੈਂ ਸਾਰੀਆਂ ਗੱਲਾਂ ਬੜੇ ਮਜ਼ੇ ਨਾਲ ਸੁਣਦੀ ਰਹੀ। ਮੈਨੂੰ ਉਨ੍ਹਾਂ ਦੀ ਕੋਈ ਗੱਲ ਇਸ ਲਈ ਮਾੜੀ ਨਹੀਂ ਲਗਦੀ ਕਿਓਂਕਿ ਮੇਰੀਆਂ ਗੁਆਂਢਣਾਂ ਬਹੁਤ ਚੰਗੀਆਂ ਹਨ। ਵੇਲੇ ਕੁਵੇਲੇ ਕੰਮ ਆਉਂਦੀਆਂ ਹਨ। ਮੇਰਾ ਤੇ ਉਨ੍ਹਾਂ ਦਾ ਬੱਸ ਏਨਾ ਫ਼ਰਕ ਹੈ ਕਿ  ਮੈਂ ਕੱਲੀ ਕਾਰੀ ਹਾਂ ਤੇ ਉਹ ਪਰਿਵਾਰਕ ਜਿੰਮੇਵਾਰੀਆਂ ਨਿਭਾ ਰਹੀਆਂ ਹਨ। ਜਦੋਂ  ਇਕ ਨੇ ਕਿਹਾ ਕਿ ਏਨੇ ਪੈਸੇ ਖਰਚ ਕੇ ਦੋ ਚਾਰ ਸੋਹਣੀਆਂ ਬਿਲਡਿੰਗਾਂ ਹੀ ਵੇਖਣ ਜਾਣਾ ਹੈ, ਪਹਿਲਾਂ ਬੰਦਾ ਆਪਣਾ ਦੇਸ, ਫਿਰ ਪੰਜਾਬ ਤੇ ਗੁਰੂ ਕੀ ਨਗਰੀ ਤਾਂ ਵੇਖ ਲਏ। ਮੈਨੂੰ ਉਨ੍ਹਾਂ ਦੀ ਦਲੀਲ 'ਚ ਵਜ਼ਨ ਲੱਗਾ, ਹਾਂ ਬਈ ਕੀ ਪਿਆ ਏਨੀ ਖੱਜਲ ਖਰਾਬੀ ਵਿਚ। ਪਹਿਲਾਂ ਤਾਂ ਮਨ ਬਣ ਗਿਆ ਅੰਦਰ ਜਾ ਕੇ ਟਾਮਸ ਕੁੱਕ ਵਾਲਿਆਂ ਨੁੰ ਫੋਨ ਕਰ ਹੀ ਦੇਵਾਂ। ਨਾਲੇ ਮੇਰਾ ਕਿਹੜਾ ਘਰ ਦਾ ਅਰਾਮ ਛਡ ਕੇ ਕਿਤੇ ਜਾਣ ਨੂੰ ਜੀਅ ਕਰਦਾ ਹੈ। ਪਰ ਥੋੜ੍ਹੀ ਦੇਰ ਬਾਅਦ ਮੈਨੂੰ ਹੋਸ਼ ਆਈ ਕਿ ਇਹ ਤਾਂ ਮੈਨੂੰ ਪਟੜੀਓਂ ਲਾਹੁਣ ਦੀ ਮਿੱਠੀ ਮਿੱਠੀ ਸਾਜ਼ਿਸ਼ ਹੈ। ਫਿਰ ਮੈਂ ਆਪਣਾ ਮਨ ਪੱਕਾ ਕਰ ਕੇ ਹੌਲੀ ਜਿਹੀ ਮਿਸਿਜ਼ ਸ਼ਰਮਾ ਨੂੰ ਕਿਹਾ ਕਿ ਵੇਖੋ ਓਦਾਂ ਮੈਨੂੰ ਸਭ ਕਹਿੰਦੇ ਹਨ ਖਾਇਆ ਪੀਆ ਕਰੋ, ਐਸ਼ ਕਰਿਆ ਕਰੋ ਤੇ ਅਜ ਕਿੰਨੀਆਂ ਗੱਲਾਂ ਬਣਾ ਰਹੇ ਹਨ। ਲੋਕੀਂ ਇਹ ਨਹੀਂ ਸੋਚਦੇ ਕਿ ਉਹਨਾਂ ਬੱਚੇ ਪੜ੍ਹਾਏ, ਵਿਆਹੇ, ਕੰਮਾਂ 'ਚ ਲਗਾਏ, ਮਕਾਨ ਬਣਾਏ ਤੇ ਉਨ੍ਹਾਂ ਮਕਾਨਾਂ ਵਿਚ ਪੁੱਤ ਪੋਤਰਿਆਂ ਨਾਲ ਸੁਖੀ ਸੁਖੀ ਰਹਿ ਰਹੇ ਹਨ। ਮਿਸਿਜ਼ ਸ਼ਰਮਾ ਨੇ ਮੇਰੀ ਗੱਲ ਵਿਚ ਹਾਂ ਮਿਲਾਈ ਤੇ ਕਿਹਾ ਜਾਓ ਹੋ ਕੇ ਆਓ ਤੇ ਬਾਕੀਆਂ ਨੇ ਭੀ ਉਸ ਦੀ ਗੱਲ ਚ ਹੁੰਗਾਰਾ ਭਰ ਦਿੱਤਾ, ਹਾਂ, ਹਾਂ, ਜ਼ਰੂਰ ਜਾਓ। ਸਾਨੂੰ ਬੜੀ ਖੁਸ਼ੀ ਹੈ। ਬਾਕੀ ਤਾਂ ਐਂਵੇਂ ਟਾਈਮ ਪਾਸ ਹੋ ਰਿਹਾ ਸੀ। ਮੈਂ ਉਨ੍ਹਾਂ ਨੂੰ ਬਹੁਤ ਦੇਰ ਤੋਂ ਜਾਣਦੀ ਹਾਂ, ਹੁਣ ਜੋ ਉਹ ਕਹਿ ਰਹੀਆਂ ਸਨ ਸੱਚ ਕਹਿ ਰਹੀਆਂ ਸਨ। ਉਨ੍ਹਾਂ ਕੋਲੋਂ ਬੈਸਟ ਔਫ ਜਰਨੀ ਕਹਾ ਕੇ ਮੈਂ ਅੰਦਰ ਆ ਗਈ ਤੇ ਅਗਲੀ ਤਿਆਰੀ ਬਾਰੇ ਸੋਚਣ ਲੱਗੀ।

ਮੇਰਾ ਲੰਡਨ ਦਾ ਵੀਜ਼ਾ ਲੱਗ ਚੁੱਕਾ ਸੀ ਤੇ ਇਕ ਅੱਧੇ ਦਿਨ ਵਿੱਚ ਸ਼ੈਂਨਜ਼ਨ ਵੀਜ਼ਾ ਲੱਗ ਜਾਣ ਦੀ ਉਮੀਦ ਸੀ। ਥਾਮਸ ਕੁੱਕ ਵਾਲਿਆਂ ਦੇ ਟੈਲੀਫੋਨ ਆਉਂਦੇ ਰਹਿੰਦੇ ਸਨ। ਕਹਿੰਦੇ ਹਨ ਕਿ ਲੰਦਨ ਦਾ ਵੀਜ਼ਾ ਲੱਗਣਾ ਮੁਸ਼ਕਲ ਹੁੰਦਾ ਹੈ। ਬਾਕੀਆਂ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ। ਮੈਂ ਕੋਈ ਬਹੁਤੀ ਪਰੇਸ਼ਾਨੀ ਇਸ ਲਈ ਨਹੀਂ ਸੀ ਲਾਈ ਕਿਓਂਕਿ ਮੇਰੇ ਤੋਂ ਵਧ ਪਰੇਸ਼ਾਨੀ ਲਾਉਣ ਵਾਲੇ ਦਿੱਲੀ ਬੈਠੇ ਸਨ। ਦੂਜੇ ਆਪਣੀ ਕਿਤਾਬ ਦੀ ਛਪਵਾਈ ਤੇ ਫਿਰ ਉਸ ਦੀ ਘੁੰਡ ਚੁਕਾਈ ਵੱਲ ਮੇਰਾ ਵਧੇਰੇ ਧਿਆਨ ਸੀ। ਕਿਤਾਬ ਦੇ ਸਾਰੇ ਕੰਮਾਂ ਤੋਂ ਮਸ੍ਹਾਂ ਵਿਹਲੀ ਹੀ ਹੋਈ ਸਾਂ ਕਿ ਥਾਮਸ ਕੁੱਕ ਵਾਲਿਆਂ ਦਾ ਫ਼ੋਨ ਆ ਗਿਆ ਕਿ ਤੁਹਾਡੇ ਸਾਰੇ ਵੀਜ਼ੇ ਆ ਗਏ ਹਨ। ਬਾਕੀ ਰਹਿੰਦੇ ਪੈਸੇ ਦੋ ਦਿਨਾਂ ਦੇ ਅੰਦਰ ਜਮ੍ਹਾਂ ਕਰਵਾ ਕੇ ਆਪਣੇ ਪੇਪਰਜ਼ ਤੇ ਟੂਰ ਸੰਬੰਧੀ ਹੋਰ ਹਿਦਾਇਤਾਂ ਕੁਲੈਕਟ ਕਰ ਲਓ। ਬੱਸ ਇਸ ਫ਼ੋਨ ਨੇ ਮੈਨੂੰ ਚੇਤੰਨ ਕਰ ਦਿੱਤਾ ਬਈ ਹੁਣ ਤਾਂ ਜਾਣਾ ਹੀ ਪਊ। ਟੂਰ ਤੇ ਲਿਜਾਣ ਵਾਲੇ ਕਪੜੇ, ਬੂਟ, ਅਟੈਚੀ, ਛਤਰੀ ਆਦਿ ਕਿੰਨੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਕੋਈ ਬਹੁਤਾ ਮੁਸ਼ਕਲ ਤਾਂ ਨਹੀਂ ਸੀ ਪਰ ਜਦੋਂ ਦਿੱਲੀਓਂ ਦੀਦੀ ਦਾ ਫੋਨ ਆਇਆ ਕਿ ਕਿੰਨੀ ਤਿਆਰੀ ਹੋ ਗਈ, ਉਦੋਂ ਥੋੜ੍ਹੀ ਭਾਜੜ ਪੈ ਗਈ। ਕਿਓਂਕਿ ਜਦੋਂ ਮੈਂ ਕਿਹਾ ਅਜੇ ਸ਼ਰੂ ਕਰਨੀ ਹੈ ਤਾਂ ਦੀਦੀ ਦਾ ਗੁੱਸਾ ਦੇਖਣ ਵਾਲਾ ਸੀ। ਉਨ੍ਹਾਂ ਦੀ ਗੱਲ ਤੋਂ ਲੱਗਦਾ ਸੀ ਜੇ ਸਮੇਂ ਸਿਰ ਤਿਆਰੀ ਨਾ ਕੀਤੀ ਅਸੀਂ ਤੁਹਾਨੂੰ ਛੱਡ ਜਾਵਾਂਗੇ। ਉਹ ਘਰ ਰਹਿਣ ਵਾਲੀਆਂ ਔਰਤਾਂ ਘੁੰਮਣ ਦੇ ਨਾਂ ਤੇ ਜਾਂ ਵਿਆਹ ਸ਼ਾਦੀ ਲਈ ਕਈ ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰ ਦਿੰਦੀਆਂ ਹਨ ਤੇ ਮੈਨੂੰ ਨੌਕਰੀ ਕਰ ਕੇ ਮਿੰਟਾਂ ਚ ਤਿਆਰੀ ਵੀ ਕਰਨੀ ਆਉਂਦੀ ਹੈ।

ਸੋ 2 ਮਈ ਨੂੰ ਆਪਣਾ ਵੀ ਆਈ ਪੀ ਟੂਰਿਸਟਰ ਲੱਭਿਆ, ਕਿਓਂਕਿ ਲੰਬੇ ਸਫਰ ਲਈ ਮੈਨੂੰ ਇਹੀ ਟਿਕਾਊ ਜਾਪਦਾ ਹੈ। ਕੁਝ ਸਵੈਟਰ ਜੋ ਮੈਂ ਸਾਂਭ ਚੁੱਕੀ ਸਾਂ ਤੇ ਹੋਰ ਗਰਮ ਸਰਦ ਇੰਡੀਅਨ ਤੇ ਵੈਸਟਰਨ ਕਪੜੇ ਇਕੱਠੇ ਕੀਤੇ। ਆਖਰ ਟੂਰ ਤੇ ਜਾ ਰਹੇ ਸਾਂ ਉਹ ਵੀ ਯੌਰਪ ਦੇ ਟੂਰ ਤੇ। ਕਪੜਿਆਂ ਦੇ ਨਾਲ ਕਰੰਸੀ ਰੱਖਣੀ ਜ਼ਰੂਰੀ ਸੀ। ਸ਼ੁਕਰ ਹੈ ਇਸ ਦਾ ਇੰਤਜ਼æਾਮ ਮੈਂ ਚੰਡੀਗੜ੍ਹ ਤੋਂ ਹਂੀ ਕਰ ਲਿਆ ਸੀ। ਪੌਂਡ, ਯੂਰੋ ਤੇ ਸਵਿੱਸ ਫ਼੍ਰੈਂਕ ਸਭ ਕੁਝ ਮੇਰੇ ਕੋਲ ਸਨ ਜੋ ਮੈਂ ਅਟੈਚੀ ਬੰਦ ਕਰਨ ਸਮੇਂ ਸੰਭਾਲਣੇ ਸਨ। ਰੱਬ ਦਾ ਸ਼ੁਕਰ ਹੈ ਕਿ ਅਜੇ ਬਹੁਤੀਆਂ ਦਵਾਈਆਂ ਨਹੀਂ ਲੈਣੀਆਂ ਪੈਂਦੀਆਂ ਪਰ ਬਾਹਰ ਜਾਣ ਲੱਗਿਆਂ ਆਪਣੇ ਕੋਲ ਫਸਟ ਏਡ ਦੇ ਤੌਰ ਤੇ ਕੁਝ ਜ਼ਰੂਰ ਹੋਣਾ ਚਾਹੀਦਾ ਹੈ। ਸੋ ਮੈਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ। ਆਪਣੇ ਫੈਮਿਲੀ ਡਾਕਟਰ ਕੋਲੋਂ ਲੋੜੀਦੀਆਂ ਦਵਾਈਆਂ ਲੈ ਆਂਦੀਆਂ, ਮਤੇ ਚੇਤਾ ਹੀ ਭੁੱਲ ਜਾਵੇ। ਹੁਣ ਮੈਂ ਆਪਣੇ ਆਪ ਨੂੰ ਕਾਫੀ ਹੱਦ ਤਕ ਤਿਆਰ ਸਮਝ ਰਹੀ ਸਾਂ। ਕੁਝ ਤਿਆਰੀ ਬਿਲਕੁਲ ਮੌਕੇ ਤੇ ਹੀ ਹੁੰਦੀ ਹੈ, ਇਸ ਗੱਲ ਨੂੰ ਧਿਆਨ 'ਚ ਰਖਦਿਆਂ ਮੈਂ ਸੋਚਿਆ ਕਿ ਦਿੱਲੀ ਇਕ ਦਿਨ ਪਹਿਲਾਂ ਜਾਣਾ ਚੰਗਾ ਰਹੇਗਾ ਤਾਂ ਕਿ ਤਿਆਰੀ ਵਿੱਚ ਕੋਈ ਕਮੀ ਪੇਸ਼ੀ ਉਥੇ ਜਾ ਕੇ ਵੀ ਪੂਰੀ ਹੋ ਸਕਦੀ ਹੈ। ਇਸ ਲਈ 3 ਮਈ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ। ਅੰਮ੍ਰਿਤਸਰ ਤੋਂ ਦਿੱਲੀ ਬਿਨਾ ਰਿਜ਼ਰਵੇਸ਼ਨ ਦੇ ਵੀ ਜਾਇਆ ਜਾ ਸਕਦਾ ਹੈ ਬਸ਼ਰਤੇ ਸਮਾਨ ਘੱਟ ਹੋਵੇ। ਮੈਂ ਆਮ ਤੌਰ ਤੇ ਸੀਟ ਰਿਜ਼ਰਵ ਕਰਵਾ ਕੇ ਹੀ ਜਾਂਦੀ ਹੈ ਪਰ ਇਸ ਵਾਰ ਸਮਾਂ ਥੋੜ੍ਹਾ ਹੋਣ ਕਾਰਨ ਅਗਾਉਂ ਟਿਕਟ ਨਾ ਲੈ ਸਕੀ। ਮੈਨੁੰ ਕਿਸੇ ਸਲਾਹ ਦਿੱਤੀ ਕਿ ਥੌੜ੍ਹੀ ਦੇਰ ਪਹਿਲਾਂ ਜਾ ਕੇ ਸਟੇਸ਼ਨ ਤੇ ਖੜ੍ਹੇ ਟੀਟੀ ਕੋਲੋਂ ਵੀ ਪਹਿਲਾਂ ਟਿਕਟ ਬੁੱਕ ਕਰਵਾ ਲਈਦੀ ਹੈ। ਸਲਾਹ ਨੇਕ ਲੱਗੀ। ਅਜੇ ਮੈਂ ਘਰੋਂ ਕਿਵੇਂ ਜਾਣਾ ਹੈ ਸੋਚ ਹੀ ਰਹੀ ਸਾਂ ਕਿ ਮੇਰੇ ਗੁਆਂਢੀ ਕਾਜਲ ਤੇ ਭਰਤ ਆ ਗਏ। ਕਹਿਣ ਲੱਗੇ, ਆਂਟੀ ਟੈਕਸੀ ਮੰਗਵਾਉਣ ਦੀ ਕੋਈ ਲੋੜ ਨਹੀਂ ਅਸੀਂ ਤੁਹਾਨੂੰ ਡਰਾਪ ਕਰ ਆਵਾਂਗੇ। ਅੰਨ੍ਹਾ ਕੀ ਚਾਹਵੇ ਦੋ ਅੱਖਾਂ। ਰਿਕਸ਼ਾ ਜਾਂ ਆਟੋ ਘਰ ਲਿਆਉਣਾ ਪੈਣਾ ਸੀ। ਜੇ ਟੈਕਸੀ ਮੰਗਵਾਉਂਦੀ ,ਉਹ ਪਤਾ ਪੁੱਛਣ 'ਚ ਹੀ ਸਿਰ ਖਾ ਜਾਂਦੇ ਹਨ। ਨਾਲੇ ਜਦੋਂ ਅਜਿਹੇ ਲੋਕਾਂ ਦੇ ਸਾਮ੍ਹਣੇ ਘਰ ਨੂੰ ਜਿੰਦਾ ਮਾਰੋ ਥੋੜ੍ਹਾ ਚੋਰੀ ਚਕਾਰੀ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।

ਡੀਲਕਸ ਟਰੇਨ ਅੰਮ੍ਰਿਤਸਰ ਤੋਂ 8 ਵਜ ਕੇ 20 ਮਿੰਟ ਤੇ ਚਲਦੀ ਹੈ ਪਰ ਮੈਂ ਪੌਣੇ ਅਠ ਵਜੇ ਸਟੇਸ਼ਨ ਤੇ ਪਹੁੰਚ ਗਈ। ਆਖਰ ਟਿਕਟ ਵੀ ਲੈਣੀ ਸੀ ਤੇ ਸੀਟ ਵੀ ਰਿਜ਼ਰਵ ਕਰਵਾਉਣੀ ਸੀ। ਟਿਕਟ ਖਿੜਕੀ ਤੇ ਕੋਈ ਬਹੁਤੀ ਭੀੜ ਨਹੀਂ ਸੀ।ਬੜੀ ਅਸਾਨੀ ਨਾਲ ਟਿਕਟ ਮਿਲ ਗਈ। ਦਿਮਾਗ 'ਚ ਹੁਣ ਇਕੋ ਫਿਕਰ ਸੀ ਕਿ ਸੀਟ ਰਿਜ਼ਰਵ ਹੋ ਜਾਵੇ ਫਿਰ ਆਰਾਮ ਨਾਲ ਬੈਠ ਕੇ ਕੋਈ ਅਖਬਾਰ ਆਦਿ ਪੜ੍ਹਾਂਗੀ। ਕਾਹਲੀ ਕਾਹਲੀ ਸਟੇਸ਼ਨ ਮਾਸਟਰ ਦੇ ਕਮਰੇ ਨਾਲ ਲੱਗਦੇ ਸਟਾਲ ਵੱਲ ਤੁਰ ਪਈ ਕਿਓਂਕਿ ਮੈਂਨੂੰ ਕਿਸੇ ਦਸਿਆ ਸੀ ਕਿ ਟੀ ਟੀ ਆਮ ਤੌਰ ਤੇ ਉਥੇ ਖੜ੍ਹੇ ਹੁੰਦੇ ਹਨ। ਮੈਨੂੰ ਟੀ ਟੀ ਮਿਲ ਵੀ ਗਿਆ ,ਉਸਨੇ ਸੀਟ ਲਈ ਹਾਂ ਵੀ ਕਰ ਦਿੱਤੀ। ਬੜੀ ਖੁਸ਼ੀ ਹੋਈ ਕਿ ਅਜ ਤਾਂ ਸਾਰੇ ਕੰਮ ਆਪਣੇ ਆਪ ਹੀ ਬਣੀ ਜਾਂਦੇ ਹਨ।

ਜਦੋਂ ਉਸਨੂੰ ਮੈਂ ਪੁਛਿਆ ਕਿ ਟਰੇਨ ਕਦੋਂ ਲੱਗੇਗੀ। ਕਹਿਣ ਲੱਗਾ ਪਹਿਲਾਂ ਦਾਦਰ ਜਾਏਗੀ ਤੇ ਫਿਰ ਡਲਿਕਸ ਆਵੇਗੀ। ਮੈਂ ਸਾਰਾ ਹਿਸਾਬ ਲਾਇਆ ਕਿ ਇੰਜ ਤਾਂ ਟਰੇਨ ਸਾਢੇ ਅਠ ਤੋਂ ਪਹਿਲਾਂ ਨਹੀਂ ਲੱਗਣ ਲੱਗੀ। 8:20 ਤੇ ਜਦੋਂ ਇਸ ਟਰੇਨ ਨੇ ਸੀਟੀ ਮਾਰੀ ਤੇ ਟੀ ਟੀ ਕਹਿਣ ਲੱਗਾ ਕਿ ਐੱਸ 4 ਵਿਚ ਬੈਠ ਜਾਓ। ਮੈਂ ਛੱਛੋਪਨ ਵਿਚ ਪੈ ਗਈ ਕਿ ਚਲਦੀ ਟਰੇਨ ਵਿਚ  ਚੜ੍ਹਾਂ ਕਿ ਨਾ। ਆਖਿਰ ਮਨ ਨੇ ਸਮਝਾਇਆ ਜਿੱਥੇ ਇੰਨਾਂ ਹੋ ਗਿਆ, ਉਥੇ ਹੋਰ ਅੱਧਾ ਘੰਟਾ ਕੀ ਕਹਿੰਦਾ ਹੈ। ਇੰਤਜ਼ਾਰ ਦੀਆਂ ਘੜੀਆਂ ਬੜੀਆਂ ਲੰਮੀਆਂ ਹੁੰਦੀਆਂ ਹਨ। ਖੈਰ ਠੁਮਕ ਠੁਮਕ ਕੇ ਪੌਣੇ ਨੌਂ ਵਜੇ ਡੀਲਕਸ ਜੀ ਪਧਾਰੇ। ਫਿਰ ਉਹੀ ਸਿਲਸਿਲਾ ਟੀਟੀ ਕੋਲਂ ਸੀਟ ਦੀ ਇੰਕੁਆਰੀ। ਜਿੰਨੀ ਦੇਰ ਦੀ ਮੈਂ ਸਟੇਸ਼ਨ ਤੇ ਖੜ੍ਹੀ ਸਾਂ ਓਨੀ ਦੇਰ ਵਿਚ ਤਾਂ ਜਨਰਲ ਡੱਬੇ ਵਿਚ ਬੜੇ ਆਰਾਮ ਨਾਲ ਸਮਾਨ ਰਖ ਕੇ ਬੈਠਿਆ ਜਾ ਸਕਦਾ ਸੀ ਪਰ ਮਨ ਵਿਚ ਇਕੋ ਹੀ ਸੋਚ ਸੀ ਸ਼ਾਇਦ ਬਿਨਾਂ ਰਿਜ਼ਰਵ ਕਰਵਾਏ  ਨਹੀਂ ਜਾਇਆ ਜਾ ਸਕਦਾ। ਖੈਰ ਟੀ ਟੀ ਨੇ ਮੈਨੂੰ ਐਸ 2 ਦੀ ਸੀਟ ਨੰ:14 ਅਲਾਟ ਕਰ ਦਿੱਤੀ ਤੇ ਮੇਰੀ ਟਿਕਟ ਉਪਰ ਘੁੱਗੀ ਮਾਰ ਦਿੱਤੀ। ਮੈਂ ਆਪਣਾ ਸਮਾਨ ਟਿਕਾ ਅਰਾਮ ਨਾਲ ਬੈਠ ਗਈ ਤੇ ਥੋੜ੍ਹੀ ਦੇਰ ਬਾਅਦ ਪੜ੍ਹਨਾ ਸ਼ੁਰੂ ਕਰ ਦਿੱਤਾ। ਜੰਡਿਆਲਾ ਆਉਂਦੇ ਲਗ ਭਗ ਡੱਬੇ ਵਿਚ ਸਾਰੀਆਂ ਸਵਾਰੀਆਂ ਥਾਓਂ ਥਾਂਈਂ ਸੈੱਟ ਹੋ ਗਈਆਂ। ਕੋਈ ਬਹੁਤੀ ਭੀੜ ਵੀ ਨਹੀਂ ਸੀ। ਕਿਸੇ ਟੀ ਟੀ ਨੇ ਅਜੇ ਕੋਈ ਚੱਕਰ ਨਹੀਂ ਸੀ ਲਾਇਆ ਪਰ ਰੇਲਵੇ ਪੁਲਸ ਦੇ ਕਰਮੀ ਕਾਫੀ ਭੱਜ ਨੱਸ ਕਰ ਰਹੇ ਸਨ। ਸੋਚਿਆ ਕਿਸੇ ਵਿਦਾਊਟ ਟਿਕਟ ਨੂੰ ਫੜਨ ਵਿਚ ਸਰਗਰਮ ਹਨ। ਅਜੇ ਟਰੇਨ ਮਸਾਂ ਬਿਆਸ ਟੱਪੀ ਹੀ ਹੋਵੇਗੀ ਕਿ ਕੁਝ ਸਵਾਰੀਆਂ ਜਿੰਨਾਂ੍ਹ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਦੋ ਸਕੇ ਭਰਾ ਹਨ। ਉਨ੍ਹਾਂ ਵਿਚੋਂ ਇਕ ਪੁਲਸ ਵਿਚ ਹੈ ਤੇ ਦੂਜਾ ਖੇਤੀਬਾੜੀ ਕਰਦਾ ਹੋਵੇਗਾ। ਮੇਰਾ ਅੰਦਾਜ਼ ਸਹੀ ਨਿਕਲਿਆ। ਉਹ ਸਕੇ ਭਰਾ ਅੰਮ੍ਰਿਤਸਰ ਮੱਥਾ ਟੇਕ ਕੇ ਆਏ ਸਨ। ਰਾਤ ਹਰਿਮੰਦਰ ਸਾਹਿਬ ਰੁਕੇ, ਸਵੇਰੇ ਸ਼ਹੀਦਾਂ ਸਾਹਿਬ ਮੱਥਾ ਟੇਕ ਕੇ ਭੱਜ ਕੇ ਟਰੇਨ ਫੜ ਕੇ ਅੰਬਾਲੇ ਜਾ ਰਹੇ ਸਨ। ਸ਼ਾਂਤ ਬੈਠੇ ਡੱਬੇ ਵਿਚ ਬੱਚਿਆਂ ਦੀ ਕਾਂਵਾਂ ਰੌਲੀ ਸ਼ੁਰੂ ਹੋ ਗਈ। ਮੈਂ ਉਪਰਲੀ ਸੀਠ ਤੇ ਬਹਿਣਾ ਹੈ, ਨਹੀ ਂਮੈਂ ਵੀ ਉੱਤੇ ਹੀ ਬੈਠਣਾ ਹੈ। ਚਾਚਾ ਜੀ ਮੈਨੂੰ ਥੱਲੇ ਉਤਾਰੋ, ਤਾਇਆ ਜੀ ਮੈਂ ਥੱਲੇ ਨਹੀਂ ਬਹਿਣਾ ਭਾ ਮੇਰੀ ਗੇਮ ਛੇੜਦਾ ਹੈ। ਥੋੜ੍ਹੀ ਦੇਰ ਨੂੰ ਬੀ ਜੀ ਨੇ ਆ ਕੇ ਜਦੋਂ ਦਬਕਾ ਮਾਰਿਆ ਸਾਰੇ ਦੇ ਸਾਰੇ ਨਿਆਣੇ ਇਕ ਵਾਰ ਤਾਂ ਚੁੱਪ ਕਰ ਗਏ ਪਰ ਹੌਲੀ ਹੌਲੀ ਪਹਿਲਾਂ ਘੁਸਰ ਮੁਸਰ ਤੇ ਫਿਰ ਉਹੀ ਚੀਂ ਚੀਂ ਪੈਂ ਪੈਂ। ਪਤਾ ਹੀ ਨਾ ਲੱਗਾ ਕਿ ਕਦੋਂ ਗੱਡੀ ਫਿਲੌਰ ਟੱਪ ਗਈ। ਮੇਰੇ ਸਾਮਹਣੇ ਬੈਠੇ ਮੁੰਡੇ ਕੋਲੋਂ ਰੇਲਵੇ ਪੁਲਸ ਦੇ ਕਰਮੀ ਨੇ ਦੋ ਸੌ ਰੁਪਏ ਦੀ ਮੰਗ ਕੀਤੀ। ਉਹ ਕਹਿਣ ਲੱਗਾ ਜੀ 150 ਦੀ ਗੱਲ ਹੋਈ ਸੀ। ਮੁੰਡੇ ਨੇ ਉਸਦੇ ਹੱਥ ਡੇਢ ਸੌ ਫੜਾ ਦਿੱਤੇ ਤੇ ਉਸਨੇ ਵੀ ਬਿਜਲੀ ਦੀ ਫੁਰਤੀ ਨਾਲ ਪੈਸੇ ਕਿਹੜੀ ਜੇਬ੍ਹ ਵਿਚ ਪਾਏ ਕਿਸੇ ਨੂੰ ਪਤਾ ਹੀ ਨਾ ਲੱਗਾ।

ਪੁਲਸੀਏ ਦੇ ਜਾਣ ਮਗਰੋਂ ਬਾਕੀਆਂ ਨੂੰ ਸੁਣਾ ਕੇ ਕਹਿਣ ਲੱਗਾ, ਵੇਖੋ ਜੀ ਡੇਢ ਕਹਿ ਕੇ ਦੋ ਮੰਗਦੇ ਹਨ। ਮੈਂ ਉਸਨੂੰ ਪੁੱਛਿਆ ਕੀ ਗੱਲ ਕਾਕਾ ਤੂੰ ਸੀਟ ਬੁੱਕ ਨਹੀਂ ਕਰਵਾਈ। ਕਹਿਣ ਲੱਗਾ ਨਹੀਂ ਆਂਟੀ ਮੇਰੇ ਕੋਲ ਤਾਂ ਪਾਸ ਹੈ ਪਰ ਮੇਰੇ ਮੰਮੀ ਡੈਡੀ ਪਰਲੇ ਪਾਸੇ ਬੈਠੇ ਹਨ। ਉਹ ਹਰ ਹਫ਼ਤੇ ਡੇਰੇ ਆਉਂਦੇ ਹਨ। ਹਰ ਵਾਰੀ ਏਦਾਂ ਹੀ ਲੁਧਿਆਣੇ ਜਾਂਦੇ ਹਾਂ। ਕੋਈ ਪਹਿਲੀ ਵਾਰ ਥੋੜ੍ਹਾ ਜਾ ਰਹੇ ਹਾਂ। ਮੈਂ ਸੋਚਿਆ ਹਾਂ ਬਈ ਤੂੰ ਠੀਕ ਹੀ ਤਾਂ ਕਹਿ ਰਿਹਾ ਏਂ। ਏਨੇ 'ਚ ਤੇਰਾ ਵੀ ਭਲਾ ਤੇ ਉਹਦਾ ਵੀ। ਖਸਮਾਂ ਨੂੰ ਖਾਏ ਸਰਕਾਰ ਜਿਸ ਨੇ ਜਨਤਾ ਲਈ ਰੇਲ ਸ਼ੁਰੂ ਕੀਤੀ। ਅਜੇ ਮੈਂ ਸੋਚ ਹੀ ਰਹੀ ਸੀ ਕਿ ਟੀਟੀ ਨੇ ਤਾਂ ਮੈਨੂੰਂ ਵੀ ਕੋਈ ਸਰਕਾਰੀ ਰਸੀਦ ਨਹੀਂ ਦਿੱਤੀ, ਐਂਵੇਂ ਨਾ ਪੜ੍ਹੇ ਜਾਣ ਵਾਲੇ ਸਾਇਨਾਂ ਨਾਲ ਟਰਕਾ ਦਿੱਤਾ ਹੈ। ਜੇ ਕਿਸੇ ਪੁੱਛ ਲਿਆ ਬੜੀ ਪਰੇਸਾæਨੀ ਹੋਵੇਗੀ। ਮੈਂ ਸੋਚਿਆ ਕਿ ਹੁਣ ਜਦੋਂ ਟੀਟੀ ਆਵੇਗਾ ਮੈਂ ਉਸਨੂੰ ਰਸੀਦ ਲਈ ਕਹਾਂਗੀ। ਚੰਗੇ ਕਰਮਾਂ ਨੂੰ ਟੀਟੀ ਆ ਗਿਆ। ਟਿਕਟਾਂ ਦਿਖਾਉਣ ਤੋਂ ਬਾਅਦ ਮੈਂ ਉਸਨੂੰ ਪੱਕੀ ਰਸੀਦ ਦੇਣ ਲਈ ਕਿਹਾ। 'ਅੱਛਾ' ਕਹਿ ਕੇ ਉਹ ਹੋਰਨਾਂ ਦੀਆ ਟਿਕਟਾਂ ਦੇਖਣ ਲਗ ਪਿਆ। ਟਿਕਟਾਂ ਦੇਖਦਿਆਂ ਉਹ ਦੋ ਔਰਤਾਂ ਨੂੰ ਟਿਕਟ ਦਿਖਾਉਣ ਲਈ ਕਹਿ ਰਿਹਾ ਸੀ ਕਿ ਏਨੀ ਦੇਰ ਨੂੰ ਉਤਲੀ ਸੀਟ ਤੇ ਬੈਠੇ ਬੱਚਿਆਂ ਦੇ ਤਾਇਆ ਜੀ ਬੜੇ ਹੀ ਰੋਹਬ ਨਾਲ ਉਠੇ ਤੇ ਹੌਲੀ ਜਿਹੀ ਟੀ ਟੀ ਦੇ ਕੰਨ ਵਿਚ ਕਿਹਾ 'ਮੁਲਾਜ਼ਮ' ਤੇ ਆਪਣੀ ਸੀਟ ਤੇ ਪਰਤ ਆਏ। ਏਨੀ ਦੇਰ ਨੂੰ ਟੀਟੀ ਅਗਲੇ ਡੱਬੇ ਵਿਚ ਜਾ ਚੱਕਾ ਸੀ। ਜਦੋਂ ਉਹ ਕਾਫੀ ਦੇਰ ਨਾ ਮੁੜਿਆ ਮੈਂ ਸੋਚਿਆ ਮਨਾਂ ਸ਼ਾਂਤ ਹੋ ਕੇ ਬਹਿ ਜਾ। ਚੋਰਾਂ ਦੀ ਇਸ ਨਗਰੀ ਵਿਚ ਤੇਰਾ ਸਾਧ ਬਣਿਆ ਕੋਈ ਗੁਜ਼ਾਰਾ ਨਹੀਂ। ਸੋਚਦਿਆਂ ਸੋਚਦਿਆਂ ਮੇਰੀ ਕਦੋਂ ਅੱਖ ਲਗ ਗਈ, ਮੈਨੂੰ ਪਤਾ ਹੀ ਨਾ ਲੱਗਾ। ਕਦੋਂ ਅੰਬਾਲਾ, ਕੁਰਕਸ਼ੇਤਰ ਲੰਘ ਗਏ ਹੋਸ਼ ਨਾ ਰਹੀ। ਹੁਣ ਮੇਰੀ ਸੋਚ ਪੰਜਾਬ ਹਰਿਆਣਾ ਛੱਡ ਦਿੱਲੀ ਵੱਲ ਹੋ ਗਈ। ਕੌਣ ਲੈਣ ਆਏਗਾ। ਜੇ ਇਕੱਲੇ ਜਾਣਾ ਪਿਆ ਤਾਂ ਕਿਵੇਂ ਇੰਤਜ਼ਾਮ ਕਰਨਾ ਹੈ। ਟਰੇਨ ਭਾਵੇਂ ਲੇਟ ਤੁਰੀ ਸੀ ਪਰ ਉਸਨੇ ਲੇਟ ਕੱਢ ਦਿੱਤੀ। ਸਦਰ ਬਜ਼ਾਰ, ਸਬਜ਼ੀ ਮੰਡੀ ਪਹੁੰਚ ਕੇ ਟਰੇਨ ਬੜੀ ਹੌਲੀ ਹੋ ਜਾਂਦੀ ਹੈ। ਸਾਢੇ ਚਾਰ  ਦੀ ਬਜਾਏ ਪੰਜ ਵਜੇ ਵੀ ਜੇ ਪੁਚਾ ਦੇਵੇ ਤਾਂ ਸਮਝੀਦਾ ਹੈ ਕਿ ਟਰੇਨ ਰਾਇਟ ਟਾਇਮ ਹੈ। ਸੋ ਅਜ ਵੀ ਟਰੇਨ ਰਾਈਟ ਟਾਈਮ ਸੀ। ਕੁਲੀ ਨੂੰ ਸਮਾਨ ਚੁਕਵਾ ਅਜਮੇਰੀ ਗੇਟ ਵੱਲੋਂ ਮੈਂ ਸਟੇਸ਼ਨ ਤੋਂ ਬਾਹਰ ਨਿਕਲ ਕੇ ਆਪਣੇ ਭਤੀਜੇ ਦੀ ਕਾਰ 'ਚ ਬੈਠ ਸੁੱਖ ਦਾ ਸਾਹ ਲਿਆ।

……ਚਲਦਾ…...