ਅੱਖੀਂ ਵੇਖਿਆ ਦੁਬਈ - (ਆਖਰੀ ਕਿਸ਼ਤ) (ਸਫ਼ਰਨਾਮਾ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ 9 ਸਤੰਬਰ ਦਿਨ ਮੰਗਲਵਾਰ ਹੈ। ਅੱਜ ਸਾਡਾ ਸਿਟੀ ਦਾ ਟੂਰ ਸੀ। ਸਾਡੇ ਨਾਲ ਸਾਡਾ ਗਾਈਡ ਸੀ। ਦੁਪਹਿਰ ਦਾ ਖਾਣਾ ਇੱਕ ਰੈਸਟੋਰੈਂਟ ਵਿੱਚ ਸੀ। ਇੱਕ ਵੈਨ ਰਾਂਹੀ ਅਸੀਂ ਸਾਡੇ 2:30 ਵਜੇ ਦੇ ਕਰੀਬ  ਦੁਬਈ ਮੈਰੀਨਾ ਪਹੁੰਚ ਗਏ। ਇਹ ਉਹੀ ਸਥਾਨ ਸੀ ਜਿੱਥੇ ਅਸੀਂ ਕਰੂਜ ਦਾ ਆਨੰਦ ਲਿਆ ਸੀ। ਪਰ ਦਿਨ ਵਿੱਚ ਸਮੁੰਦਰ ਅਤੇ ਖੂਬਸੂਰਤ ਇਮਾਰਤਾਂ ਨੂੰ ਦੇਖਣ ਦਾ ਵੱਖਰਾ ਹੀ ਨਜ਼ਾਰਾ ਸੀ। ਸਮੁੰਦਰ ਵਿੱਚ ਤੈਰਦੇ ਕਰੂਜ਼ ਅਤੇ ਕਿਸ਼ਤੀਆਂ ਮਨ ਨੂੰ ਮੋਹਦੀਆਂ ਸਨ। ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਸੀ। ਦਿਲ ਭਰ ਕੇ ਆਸ-ਪਾਸ ਦੇ ਨਜ਼ਾਰਿਆਂ ਨੂੰ ਕੈਮਰੇ ਵਿੱਚ ਕੈਦ ਕੀਤਾ। ਹੁਣ ਅਸੀਂ ਆਪਣੀ ਅਗਲੀ ਮੰਜਿਲ ਵੱਲ ਵਧਣਾ ਸੀ। ਇੱਥੋਂ ਸਵਾਰ ਹੋ ਕੇ ਅੱਗੇ ਚੱਲ ਪਏ ਜਾਂਦੇ ਹੋਏ ਗਾਈਡ ਆਸ ਪਾਸ ਦੀਆਂ ਖਾਸ-ਖਾਸ ਇਮਾਰਤਾਂ ਬਾਰੇ ਨਾਲੋ-ਨਾਲ ਦੱਸ ਰਿਹਾ ਸੀ। ਰਸਤੇ ਵਿੱਚ ਦੁਬਈ ਮਿਊਜੀਅਮ ਵੀ ਆਇਆ। ਹੁਣ ਅਸੀਂ ਇੱਕ ਸੁਰੰਗ ਵਿੱਚੋਂ ਦੀ ਨਿਕਲਣ ਲੱਗੇ। ਇਹ ਸੁਰੰਗ ਬਰ ਦੁਬਈ ਅਤੇ ਦੇਹਰਾ ਦੁਬਈ ਨੂੰ ਆਪਸ ਵਿੱਚ ਜੋੜਨ ਲਈ ਸਮੁੰਦਰ ਦੇ ਵਿੱਚ ਬਣਾਈ ਹੋਈ ਹੈ। ਸੁਰੰਗ ਵਿੱਚ ਲਾਈਟਾਂ ਅਤੇ ਸਫ਼ਾਈ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਸੀ। ਇਸ ਨੂੰ ਪਾਰ ਕਰਦੇ ਹੀ ਅਸੀਂ ਦੇਹਰਾ ਦੁਬਈ ਏਰੀਏ ਵਿੱਚ ਪਹੁੰਚ ਗਏ। ਇਸ ਏਰੀਏ ਦੇ ਵਿੱਚ ਸਪਾਈਸ ਸੂਕ ਮਾਰਕੀਟ ਸੀ ਜਿਸ ਵਿੱਚ ਮਸਾਲਿਆਂ ਦੀ ਬਹੁਤ ਵੱਡੀ ਮੰਡੀ ਸੀ ਅਤੇ ਨਾਲ ਹੀ ਗੋਲਡ ਸੂਕ ਮਾਰਕੀਟ ਜੋ ਦੁਨੀਆਂ ਦੀ ਸਭ ਤੋਂ ਵੱਡੀ ਸੋਨੇ ਦੀ ਮੰਡੀ ਹੈ, ਵਿੱਚ ਪਹੁੰਚ ਗਏ। ਸੋਨੇ ਦੇ ਸ਼ੋ ਰੂਮ ਦੇਖ ਕੇ ਹੈਰਾਨੀ ਹੁੰਦੀ ਹੈ। ਇੱਥੇ ਆਪਣੇ ਪਿੱਤਲ ਦੇ ਭਾਂਡਿਆਂ ਦੀਆਂ ਵੱਡੀਆਂ-2 ਦੁਕਾਨਾਂ ਵੀ ਉਹਨਾਂ ਮੂਹਰੇ ਛੋਟੀਆਂ-2 ਲੱਗਦੀਆਂ ਹਨ। ਇੰਨੀ ਵੱਡੀ ਮਾਰਕੀਟ ਮੈਂ ਪਹਿਲੀ ਵਾਰ ਦੇਖੀ ਸੀ। ਇੱਕ ਸ਼ੋ ਰੂਮ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਸੋਨੇ ਦੀ ਰਿੰਗ ਜਿਸ ਦਾ ਅਕਾਰ 5 ਫੁੱਟ ਦੇ ਕਰੀਬ ਹੋਵੇਗਾ, ਵੀ ਵੇਖੀ। ਸੋਨੇ ਦੇ ਕੱਪੜੇ, ਸੋਨੇ ਦੇ ਸਿਹਰੇ, ਕਲਗੀਆਂ ਅਤੇ ਦੁਨੀਆਂ ਭਰ ਦੀ ਹਰ ਚੀਜ਼ ਨੂੰ ਸੋਨੇ ਨਾਲ ਬਣਾਇਆ ਹੋਇਆ ਸੀ। ਇਸ ਨੂੰ ਸੋਨੇ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। 
ਸਾਡੇ ਸਾਥੀਆਂ ਨੇ ਵੀ ਸੋਨੇ ਦੀ ਖਰੀਦਦਾਰੀ ਕੀਤੀ। ਇੱਥੇ ਹਰ ਵਪਾਰ ਵਿੱਚ ਪੂਰੀ ਸੁLੱਧਤਾ ਹੈ। ਅਗਰ ਸੋਨਾ 24 ਕੈਰਟ ਹੈ ਤਾਂ 24 ਕੈਰਟ ਹੀ ਹੋਵੇਗਾ ਕੋਈ ਹੇਰਾਫੇਰੀ ਨਹੀਂ। ਇੰਡੀਆ ਨਾਲੋਂ ਥੋੜਾ ਸਸਤਾ ਹੈ। ਪਰ ਲੇਬਰ ਥੋੜੀ ਜਿਆਦਾ ਹੈ। ਕਰ ਕਰਾ ਕੇ ਫਰਕ ਥੋੜਾ ਹੀ ਰਹਿ ਜਾਂਦਾ ਹੈ। ਸਾਡੇ ਸਾਥੀਆਂ ਨੇ ਆਰਡਰ ਦੇ ਕੇ ਪੇਮੈਂਟ ਕਰ ਦਿੱਤੀ। ਦੁਕਾਨਦਾਰ ਨੇ ਮਾਲ ਸ਼ਾਮ ਤੱਕ ਹੋਟਲ ਵਿੱਚ ਪਹੁੰਚਾਉਣ ਦਾ ਵਾਅਦਾ ਕੀਤਾ। ਇੰਨੀ ਵੱਡੀ ਮਾਰਕੀਟ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਸੀ। ਪੂਰੀ ਬੇਫਿਕਰੀ ਨਾਲ ਸਭ ਕੁਝ ਚੱਲ ਰਿਹਾ ਸੀ। ਇੱਥੇ ਚਾਹੇ ਦੁਕਾਨਦਾਰ ਆਪਣਾ ਸ਼ੋ ਰੂਮ ਖੁੱਲਾ ਛੱਡ ਕੇ ਚਲਾ ਜਾਵੇ ਫਿਰ ਵੀ ਚੋਰੀ ਦਾ ਕੋਈ ਡਰ ਨਹੀਂ ਹੈ। ਇਸੇ ਮਾਰਕੀਟ ਦੇ ਨਜ਼ਦੀਕ ਮਸ਼ਹੂਰ ਹੋਟਲ ਹੈਯਾਤ ਰੀਜੈਂਸੀ ਵੀ ਹੈ। ਇੱਥੋਂ ਅਸੀਂ ਫਿਰ ਅੱਗੇ ਵੱਧਦੇ ਗਏ। ਰਸਤੇ ਵਿੱਚ ਜਾਂਦੇ ਹੋਏ ਗਾਈਡ ਨੇ ਇੱਕ ਮਸਜਿਦ ਦਿਖਾਈ, ਉੱਤਰ ਕੇ ਕੁਝ ਫੋਟੋ ਗ੍ਰਾਫ ਖਿੱਚੇ। ਇਹ ਦੁਬਈ ਦੀ ਮਸ਼ਹੂਰ ਮਸਜਿਦ ਹੈ। ਜਿਸ ਦੀ ਫੋਟੋ ਦੁਬਈ ਦੀ ਕਰੰਸੀ ਦਿਰਾਮ ਉੱਪਰ ਛਪੀ ਹੁੰਦੀ ਹੈ। ਫਿਰ ਅਸੀਂ ਜੁਮੇਰਾ ਰੋਡ ਤੋਂ ਹੁੰਦੇ ਹੋਏ ਸ਼ਾਮ 5 ਵਜੇ ਦੇ ਕਰੀਬ ਜੁਮੇਰਾ ਪਬਲਿਕ ਬੀਚ ਉੱਪਰ ਪਹੁੰਚ ਗਏ। 


ਬੁਰਜ ਅਲ ਅਰਬ
ਜੁਮੇਰਾ ਬੀਚ ਦਾ ਦ੍ਰਿਸ਼ ਬਹੁਤ ਹੀ ਖੂਬਸੂਰਤ ਸੀ। ਥੋੜੀ ਰੌਣਕ ਵੀ ਸੀ। ਸਮੁੰਦਰ ਦਾ ਕਿਨਾਰਾ ਹੋਣ ਕਾਰਨ ਹਵਾ ਵਿੱਚ ਨਮੀ ਦੀ ਮਾਤਰਾ ਬਹੁਤ ਜਿਆਦਾ ਸੀ। ਸੈਲਾਨੀ ਸਮੁੰਦਰ ਵਿੱਚ ਨਹਾਉਣ ਦਾ ਮਜ਼ਾ ਲੈ ਰਹੇ ਸਨ। ਹਰੇ ਰੰਗ ਦਾ ਸਮੁੰਦਰ ਦਾ ਪਾਣੀ ਲਹਿਰਾਂ ਦੇ ਰੂਪ ਵਿੱਚ ਕਿਨਾਰੇ ਨਾਲ ਖੇਡਾਂ ਕਰ ਰਿਹਾ ਸੀ। ਗੋਰੇ ਰੇਤੇ ਉੱਪਰ ਲੇਟ ਕੇ ਆਨੰਦ ਲੈ ਰਹੇ ਸਨ। ਇਸੇ ਬੀਚ ਉੱਪਰ ਸਮੁੰਦਰ ਕਿਨਾਰੇ ਮੈਨ ਮੇਡ ਛੋਟੇ-2 ਆਈਲੈਂਡ ਬਣਾ ਕੇ ਉਸ ਉੱਪਰ ਉੱਚੀਆਂ-2 ਇਮਾਰਤਾਂ, ਹੋਟਲ ਬਣੇ ਹੋਏ ਹਨ। ਸਭ ਤੋਂ ਮਸ਼ਹੂਰ ਇਮਾਰਤ ਬੁਰਜ ਅਲ ਅਰਬ ਹੈ। ਜੋ ਕਿ ਬਹੁਤ ਹੀ ਖੂਬਸੂਰਤ ਹੋਟਲ ਹੈ। ਇਹ 7 ਸਟਾਰ ਹੋਟਲ ਦੁਨੀਆਂ ਦਾ ਤੀਜਾ ਸਭ ਤੋਂ ਉੱਚਾ ਹੋਟਲ ਹੈ। ਜਿਸ ਦੀ ਉਚਾਈ 920 ਫੁੱਟ ਹੈ। ਇਸ ਵਿੱਚ 202 ਬੈਡਰੂਮ ਸੂਟਸ ਹਨ। ਇਸ ਵਿੱਚ ਰੌਇਲ ਸੂਟ ਦਾ ਇੱਕ ਰਾਤ ਦਾ ਕਿਰਾਇਆ 18716 ਯੂ.ਐਸ. ਡਾਲਰ ਹੈ ਜੋ ਕਿ ਭਾਰਤੀ ਕਰੰਸੀ ਵਿੱਚ 11,40,000 ਰੁਪਏ ਦੇ ਕਰੀਬ ਹੈ। ਇਸ ਦੀਆਂ 28 ਮੰਜਿਲਾਂ ਹਨ। ਇਸ ਦੇ ਸਭ ਤੋਂ ਉੱਪਰ ਹੈਲੀਪੈਡ ਬਣਿਆ ਹੋਇਆ ਹੈ। ਇਮਾਰਤਾਂ ਦੀ ਡਿਜਾਇਨਿੰਗ ਵੱਖ-ਵੱਖ ਤਰਾਂ੍ਹ ਦੀ ਹੈ। ਕੋਈ ਵਿੰਗੀ, ਟੇਡੀ ਅਤੇ ਟਵਿਸਟ ਕੀਤੀ ਹੋਈ ਹੈ। ਇੰਜਨੀਅਰਿੰਗ ਦੇ ਕਮਾਲ ਦੇਖਦੇ ਹੋਏ ਬਹੁਤ ਹੈਰਾਨੀ ਹੁੰਦੀ ਹੈ। ਇਸੇ ਤਰਾਂ੍ਹ ਭਵਿੱਖ ਵਿੱਚ ਵੀ ਹੈਰਾਨੀ ਜਨਕ ਇਮਾਰਤਾਂ ਨੂੰ ਬਣਾਉਣ ਦੀ ਯੋਜਨਾ ਚੱਲ ਰਹੀ ਹੈ।
ਜੁਮੈਰਾ ਬੀਚ ਤੋਂ ਚੱਲ ਕੇ ਹੁਣ ਸਾਡੀ ਮੰਜਿਲ ਦੁਨੀਆਂ ਦੇ ਬਹੁ-ਚਰਚਿਤ ਮੈਨ ਮੇਡ ਆਈਲੈਂਡ ਜੋ ਇੱਕ ਖਜੂਰ ਦੀ ਸ਼ੇਪ ਵਿੱਚ ਬਣਾਇਆ ਹੋਇਆ ਹੈ। ਉਸ ਨੂੰ ਦੇਖਣ ਲਈ ਮਨ ਬੇਚੈਨ ਹੋ ਰਿਹਾ ਸੀ। ਜਿਸ ਬਾਰੇ ਮੈਨੂੰ ਪਹਿਲਾਂ ਵੀ ਜਾਣਕਾਰੀ ਸੀ। ਬੀਚ ਦੇ ਨਾਲ-2 ਜਾਂਦੀ ਖੁੱਲੀ ਸੜਕ ਦੇ ਆਸ-ਪਾਸ ਖੂਬਸੂਰਤ ਇਮਾਰਤਾਂ ਨੂੰ ਦੇਖਦੇ ਹੋਏ ਅਸੀਂ ਮੋੜ ਮੁੜ ਗਏ। ਹੁਣ ਅਸੀਂ ਪਾਮ ਜੁਮੇਰਾ ਵਿੱਚ ਦਾਖਲ ਹੋ ਗਏ। ਸਾਨੂੰ ਬਿਲਕੁਲ ਵੀ ਪਤਾ ਨਹੀਂ ਚੱਲਿਆ ਕਿ ਅਸੀਂ ਸਮੁੰਦਰ ਵਿੱਚ ਬਣੀ ਸੜਕ ਉੱਪਰ ਜਾ ਰਹੇ ਹਾਂ। ਸੜਕਾਂ ਬਹੁਤ ਹੀ ਖੁੱਲੀਆਂ ਅਤੇ ਆਸ ਪਾਸ ਬਹੁਮੰਜਲੀ ਵੱਡੀਆਂ-ਵੱਡੀਆਂ ਇਮਾਰਤਾਂ ਸਨ। ਸਿੱਧੀ ਸੜਕ ਦੇ ਦੋਨੋਂ ਪਾਸੇ ਛੇ-ਛੇ ਪੱਤੀਆਂ ਦੇ ਸ਼ੇਪ ਵਿੱਚ ਆਈਲੈਂਡ ਬਣਾ ਕੇ ਉਹਨਾਂ ਉੱਪਰ ਵੱਡੇ-ਵੱਡੇ ਲਗਜ਼ਰੀ ਬੰਗਲੇ, ਹੋਟਲ, ਵਿਲਾਜ, ਅਪਾਰਟਮੈਂਟ, ਰੈਸਟੋਰੈਂਟ ਅਤੇ ਹੋਰ ਮਨੋਰੰਜਨ ਲਈ ਖੇਡ ਪਾਰਕ, ਪਾਣੀ ਵਾਲੀਆਂ ਖੇਡਾਂ ਅਤੇ ਹੋਰ ਬਹੁਤ ਕੁਝ ਬਣਾਇਆ ਹੋਇਆ ਹੈ। ਇਸੇ ਪਾਮ ਉੱਪਰ ਫਿਲਮ ਸਟਾਰ ਸ਼ਾਹਰੁਖ ਖਾਨ ਦਾ ਵੀ ਬੰਗਲਾ ਾਂ-93 ਦੇ ਨਾਮ ਉੱਪਰ ਹੈ। ਪਾਮ ਦਾ ਪੂਰਾ ਦ੍ਰਿਸ਼ ਅਸਮਾਨ ਵਿੱਚੋਂ ਦੇਖਿਆ ਹੀ ਗੱਲ ਬਣਦੀ ਹੈ ਜਾਂ ਮੋਨੋ ਰੇਲ ਨੂੰ ਸਮੁੰਦਰ ਵਿੱਚ ਉਚੇ ਪਿੱਲਰ ਬਣਾ ਕੇ ਉਸ ਉੱਪਰ ਚਲਾਇਆ ਗਿਆ ਹੈ। ਇਸ ਦਾ ਆਖਰੀ ਸਟੇਸ਼ਨ ਐਂਟਲਾਟਿਸ ਹੋਟਲ ਤੱਕ ਹੈ। ਐਂਟਲਾਟਿਸ ਹੋਟਲ ਪਾਮ ਦੇ ਉੱਪਰ ਇੱਕ ਰਿੰਗ ਰੋਡ ਬਣਾ ਕੇ ਉਸ ਉੱਪਰ ਬਣਾਇਆ ਹੋਇਆ ਹੈ ਇਸ ਸੜਕ ਉੱਪਰ ਪਹੁੰਚਣ ਲਈ ਦੋ ਹੀ ਰਾਸਤੇ ਹਨ। ਇੱਕ ਮੋਨੋ ਰੇਲ ਜੋ ਸਮੁੰਦਰ ਵਿੱਚ ਦੀ ਪਿੱਲਰਾਂ ਉੱਪਰ ਚੱਲਦੀ ਹੈ। ਦੂਸਰਾ ਸਮੁੰਦਰ ਦੇ ਵਿੱਚ ਦੀ ਸੁਰੰਗ ਬਣਾ ਕੇ ਹੋਟਲ ਤੱਕ ਪਹੁੰਚਿਆ ਜਾ ਸਕਦਾ ਹੈ। ਦੋਨੋਂ ਰਸਤਿਆਂ ਦੇ ਵੱਖਰੇ-2 ਅਨੁਭਵ ਹਨ। ਅਸੀਂ ਆਪਣੀ ਵੈਨ ਰਾਂਹੀ ਅੱਗੇ ਵੱਧਦੇ ਹੋਏ ਬਹੁਤ ਹੀ ਖੂਬਸੂਰਤ ਸੁਰੰਗ ਵਿੱਚ ਦਾਖਲ ਹੋ ਗਏ। ਇਹ ਰਸਤਾ ਵੀ ਕਾਫੀ ਲੰਬਾ ਹੈ। ਕੁਝ ਦੇਰ ਬਾਅਦ ਅਸੀਂ ਸੜਕ ਉੱਪਰ ਪਹੁੰਚ ਗਏ।
ਸਾਡੇ ਖੱਬੇ ਹੱਥ ਸਮੁੰਦਰ ਠਾਠਾਂ ਮਾਰ ਰਿਹਾ ਸੀ। ਸੱਜੇ ਹੱਥ ਖੂਬਸੂਰਤ ਇਮਾਰਤਾਂ ਸਨ। ਸੜਕ ਉਪੱਰ ਗੋਲਾਈ ਵਿੱਚ ਘੁੰਮਦੇ ਹੋਏ ਅਸੀਂ ਹੋਟਲ ਐਂਟਲਾਟਿਸ ਦੇ ਸਾਹਮਣੇ ਪਹੁੰਚ ਗਏ। ਦੋ ਉੱਚੀਆਂ-2 ਇਮਾਰਤਾਂ ਨੂੰ ਉੱਪਰੋਂ ਪੁਲ ਬਣਾ ਕੇ ਦਰਵਾਜੇ ਦੀ ਸ਼ਕਲ ਵਿੱਚ ਜੋੜਿਆ ਹੋਇਆ ਹੈ। ਸਮਾਂ ਸ਼ਾਮ ਦੇ 6 ਕੁ ਵਜੇ ਦੇ ਕਰੀਬ ਹੋਵੇਗਾ। ਸੂਰਜ ਆਪਣੀ ਮੰਜਿਲ ਵੱਲ ਵੱਧਦਾ ਹੋਇਆ ਸਮੁੰਦਰ ਓਹਲੇ ਹੋਣ ਜਾ ਰਿਹਾ ਸੀ। ਆਸ ਪਾਸ ਦੇ ਨਜ਼ਾਰੇ ਦਿਲ ਖਿੱਚਵੇਂ ਸਨ। ਮਨ ਬਹੁਤ ਖੁਸ਼ ਸੀ। ਕੁਝ ਤਸਵੀਰਾਂ ਨੂੰ ਕੈਮਰੇ ਵਿੱਚ ਵੀ ਕੈਦ ਕੀਤਾ।

ਹੋਟਲ ਪਾਮ ਅਟਲਾਂਟਿਸ ਦਾ ਬਾਹਰੀ ਦ੍ਰਿਸ਼
ਹੋਟਲ ਐਂਟਲਾਟਿਸ ਦੇ ਦੋਨੋਂ ਪਾਸੇ ਸਮੁੰਦਰ ਹੈ। ਇਸ ਹੋਟਲ ਦੀਆਂ 23 ਮੰਜਿਲਾਂ ਹਨ ਜਿਸ ਦੀ ਉਚਾਈ 93 ਮੀਟਰ (305 ਫੁੱਟ) ਹੈ। ਇਸ ਵਿੱਚ 1539 ਕਮਰੇ, ਸੂਟਸ, ਸੁਪਰ ਸੂਟਸ, ਰੌਇਲ ਬਰਿਜ਼, ਗ੍ਰੈਡ ਐਂਟਲਾਟਿਸ, ਅੰਡਰ ਵਾਟਰ ਹੋਟਲ, ਰੈਸਟੋਰੈਂਟ ਅਤੇ ਪ੍ਰੇਜੀਡੈਂਟਲ ਸੂਟਸ ਹਨ। 20000 ਸਕੇਅਰ ਫੁੱਟ ਏਰੀਆ ਸੌਪਿੰਗ ਲਈ ਹੈ। ਮਸਾਜ ਕੇਂਦਰ ਅਤੇ ਦੁਨੀਆਂ ਦੀ ਹਰ ਸੁੱਖ ਸੁਵਿਧਾ ਹੈ। ਓਪਨ ਵਿੱਚ ਰਿਜੋਰਟ ਅੰਦਰ ਬੀਚ ਉੱਪਰ 700 ਸੱਨ ਬੈਡ ਲੱਗੇ ਹੋਏ ਹਨ।
ਸੂਰਜ ਦੇ ਪਾਣੀ ਓਹਲੇ ਛੁਪਣ ਵੇਲੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖਣ ਦਾ ਅਦਭੁਤ ਨਜ਼ਾਰਾ ਸੀ। ਹੁਣ ਸਾਡੀ ਵਾਪਸੀ ਦਾ ਸਮਾਂ ਹੋ ਗਿਆ ਸੀ। ਗਾਈਡ ਨੇ ਦੁਬਈ ਬਾਰੇ ਬਹੁਤ ਜਾਣਕਾਰੀ ਦਿੱਤੀ। ਗੱਡੀ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸੀ। ਸਾਡੀ ਸੜਕ ਦੇ ਨਾਲ-ਨਾਲ ਪਿੱਲਰਾਂ ਉੱਪਰ ਮੋਨੋ ਰੇਲ ਵੀ ਆ ਰਹੀ ਸੀ। ਬਹੁਤ ਦਿਲ ਕਰ ਰਿਹਾ ਸੀ ਮੋਨੋ ਰੇਲ ਵਿੱਚ ਸਫਰ ਕਰਨ ਲਈ। ਹੁਣ ਹਨੇਰਾ ਹੋ ਚੁੱਕਿਆ ਸੀ। ਦੁਬਈ ਲਾਈਟਾਂ ਵਿੱਚ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ। ਬੁਰਜ ਖਲੀਫਾ ਦੀਆਂ ਲਾਈਟਾਂ ਵੀ ਟਿਮਟਮਾਉਣ ਲੱਗੀਆਂ। ਉੱਚੀਆਂ-2 ਇਮਾਰਤਾਂ ਦੀ ਖੂਬਸੂਰਤੀ ਨੂੰ ਕੈਮਰੇ ਵਿੱਚ ਕੈਦ ਕਰਦੇ ਰਹੇ ਤਾਂ ਜੋ ਇਹਨਾਂ ਯਾਦਾਂ ਨੂੰ ਵੇਖ ਕੇ ਆਪਣੇ ਇਸ ਯਾਦਗਾਰੀ ਅਨੁਭਵ ਦਾ ਆਨੰਦ ਮਾਣਦੇ ਰਹੀਏ।
ਅਸੀਂ ਸਾਰੇ 7:30 ਵਜੇ ਦੇ ਕਰੀਬ ਆਪਣੇ ਹੋਟਲ ਪਹੁੰਚ ਗਏ। ਸਮਾਨ ਸਾਰਾ ਪੈਕ ਕਰਕੇ ਇੱਕ ਰੂਮ ਵਿੱਚ ਸੈਟ ਕਰ ਗਏ ਸੀ। ਸਾਡੇ ਵਾਪਸ ਆਉਣ ਤੋਂ ਪਹਿਲਾਂ ਹੀ ਸਾਡਾ ਗੋਲਡ ਸੂਕ ਦਾ ਵਪਾਰੀ ਸਾਡਾ ਸਮਾਨ ਲੈ ਕੇ ਸਾਡਾ ਇੰਤਜਾਰ ਕਰ ਰਿਹਾ ਸੀ।
ਹੋਟਲ ਦੇ ਕਾਉਂਟਰ ਤੋਂ ਸਾਰਿਆਂ ਨੇ ਆਪਣੇ ਆਪਣੇ ਪਾਸਪੋਰਟ ਅਤੇ ਵੀਜਾ ਪੇਪਰ ਲਏ। ਦੁਬਈ ਟੂਰ ਪ੍ਰਬੰਧਕ, ਗਾਈਡ, ਗੱਡੀ ਦੇ ਡਰਾਇਵਰ ਸਭ ਦਾ ਧੰਨਵਾਦ ਕਰਕੇ 8 ਵਜੇ ਦੇ ਕਰੀਬ ਉਥੋਂ ਚੱਲ ਪਏ ਕਿਉL ਕਿ ਅੱਜ 9 ਸਤੰਬਰ 2014 ਨੂੰ ਰਾਤ 10:55 ਮਿੰਟ ਤੇ ਦਿੱਲੀ ਲਈ ਵਾਪਸੀ ਉਡਾਣ ਸੀ। ਦੁਬਈ ਨੂੰ ਛੱਡ ਕੇ ਆਉਣ ਨੂੰ ਦਿਲ ਨਹੀਂ ਸੀ ਕਰਦਾ ਪਰੰਤੂ ਫਿਰ ਇੱਕ ਨਵੀਂ ਉਮੀਦ ਆਪਣੇ ਪਰਿਵਾਰ ਨਾਲ ਆਉਣ ਦੀ ਸੋਚ ਕੇ ਦੁਬਈ ਨੂੰ ਅਲਵਿਦਾ ਕਹਿੰਦੇ ਹੋਏ ਏਅਰ ਪੋਰਟ ਪਹੁੰਚ ਗਏ।
ਸਾਰੀਆਂ ਕਾਰਵਾਈਆਂ ਪੂਰੀਆਂ ਕਰਦੇ ਹੋਏ ਏਅਰਪੋਰਟ ਅੰਦਰ ਦਾਖਲ ਹੋ ਗਏ। ਸਭ ਨੇ ਕੁਝ ਨਾ ਕੁਝ ਖਰੀਦਦਾਰੀ ਕੀਤੀ। ਸਾਡਾ ਟੂਰ ਪ੍ਰਬੰਧਕ ਅਮਨ ਜੁਨੇਜਾ ਆਪਣੀ 5 ਲੀਟਰ ਦੀ ਬੋਟਲ ਟਰਾਲੀ ਉੱਪਰ ਰੱਖੀ ਆ ਰਿਹਾ ਸੀ। ਬੱਚਿਆਂ ਲਈ ਚਾਕਲੇਟ ਵਗੈਰਾ ਵੀ ਲਏ। ਫਲਾਈਟ ਦੀ ਅਨਾਉਂਸਮੈਂਟ ਹੋਈ। ਸਾਰੇ ਜਹਾਜ ਵਿੱਚ ਦਾਖਲ ਹੋਏ। ਜੈਟ ਏਅਰਵੇਜ ਦਾ ਉਹੀ ਜਹਾਜ ਉਹੀ ਸਟਾਫ ਸਮੇਤ ਸਾਰਿਆਂ ਨੇ ਰਾਤ ਨੂੰ 10:55 ਮਿੰਟ ਤੇ ਦੁਬਈ ਦੇ ਏਅਰ ਪੋਰਟ ਤੋਂ ਉਡਾਣ ਭਰੀ। ਦੁਬਈ ਦੀਆਂ ਚਾਰ ਦਿਨਾਂ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਅਸੀਂ ਸਵੇਰੇ 3:55 ਮਿੰਟ ਤੇ ਦਿੱਲੀ ਲੈਂਡ ਕਰ ਗਏ। ਏਅਰ ਪੋਰਟ ਤੋਂ ਵਿਹਲੇ ਹੋ ਕੇ ਬਾਹਰ ਆ ਗਏ। ਸਾਡੀ ਗੱਡੀ ਸਾਡਾ ਇੰਤਜਾਰ ਕਰ ਰਹੀ ਸੀ। ਵਾਪਸੀ ਵੇਲੇ ਸਾਰਿਆਂ ਨੂੰ ਆਪਣੀ ਆਪਣੀ ਮੰਜਿਲ ਤੇ ਪਹੁੰਚਾਉਂਦੇ ਹੋਏ ਆਖੀਰ ਵਿੱਚ ਅਸੀਂ ਆਪਣੇ ਸ਼ਹਿਰ ਅਹਿਮਦਗੜ੍ਹ ਪਹੁੰਚ ਗਏ। 

ਸਮਾਪਤ