ਸੌ ਸਾਲ ਜੀਓ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਈ ਲੋਕਾਂ ਨੂੰ ਸੋ ਸਾਲ ਜਿਉਣ ਦਾ ਕਥਨ ਬਹੁਤ ਅਜੀਬ ਅਤੇ ਬੇਯਕੀਨਾ ਲੱਗਦਾ ਹੈ ਕਿਉਂਕਿ ਮਨੁੱਖ ਦਾ ਜੰਮਣਾ ਅਤੇ ਮਰਨਾ ਪ੍ਰਮਾਤਮਾ ਦੇ ਹੱਥ ਹੈ। ਸਾਡੇ ਜਿੰਨੇ ਸਵਾਸ ਪ੍ਰਮਾਤਮਾ ਨੇ ਲਿਖੇ ਹਨ ਉਸਤੋਂ ਅਸੀਂ ਇਕ ਸਵਾਸ ਵੀ ਵੱਧ ਨਹੀਂ ਲੈ ਸਕਦੇ। ਭਾਵ ਇਹ ਕਿ ਸਾਡਾ ਜਨਮ ਮਰਨ ਸਭ ਪ੍ਰਮਾਤਮਾ ਦੇ ਹੱਥ ਹੈ। ਸਾਡੇ ਹੱਥ ਕੁਝ ਵੀ ਨਹੀਂ।ਫਿਰ ਅਸੀ ਸੋ ਸਾਲ ਜਿਉਣ ਦਾ ਭਰਮ ਕਿਵੇਂ ਪਾਲ ਸਕਦੇ ਹਾਂ? ਅਸੀਂ ਸੋ ਸਾਲ ਕਿਵੇਂ ਜਿaੁਂ ਸਕਦੇ ਹਾਂ? ਧਾਰਮਿਕ ਲੋਕਾਂ ਦਾ ਇਹ ਕਥਨ ਹੈ ਕਿ ਦੁਨੀਆਂ ਵਿਚ ਜੋ ਕੁਝ ਵੀ ਹੁੰਦਾ ਹੈ, ਚੰਗਾ ਜਾਂ ਮਾੜਾ, ਸਭ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ। ਮਨੁੱਖ ਦਾ ਆਪਣੇ ਹੱਥ ਵਿਚ ਕੁਝ ਵੀ ਨਹੀਂ। ਮਨੁੱਖ ਰੱਬ ਦੇ ਹੱਥਾਂ ਦੀ ਕੱਠਪੁਤਲੀ ਹੈ। ਜਿਵੇਂ ਉਹ ਨਚਾਏ, ਮਨੁੱਖ ਨੱਚਦਾ ਹੈ। ਜੇ ਇਹ ਗੱਲ ਹੈ ਤਾਂ ਫਿਰ ਚੰਗੇ ਮਾੜੇ ਕੰਮਾਂ ਵਿਚ ਵੀ ਬੰਦੇ ਦਾ ਕੋਈ ਹੱਥ ਨਹੀਂ। ਫਿਰ ਬੰਦੇ ਨੂੰ ਉਸਦੇ ਕੰਮਾਂ ਲਈ ਕਿਉਂ ਸਵਰਗਾਂ ਜਾਂ ਨਰਕਾਂ ਵਿਚ ਸੁੱਟਿਆ ਜਾਂਦਾ ਹੈ? ਜੇ ਰੱਬ ਨੇ ਆਪਣੀ ਮਰਜ਼ੀ ਨਾਲ ਹੀ ਸਭ ਕੁਝ ਕਰਨਾ ਹੁੰਦਾ ਤਾਂ ਪ੍ਰਾਣੀ ਨੂੰ ਜਨਮ ਦੇ ਕੇ ਇਸ ਧਰਤੀ ਤੇ ਭੇਜਣ ਦੀ ਕੀ ਜ਼ਰੂਰਤ ਸੀ? ਰੱਬ ਉਥੇ ਬੈਠਾ ਹੀ ਬੰਦੇ ਨੂੰ ਨਚਾਈ ਜਾਂਦਾ ਭਾਵ ਆਪਣੀ ਇੱਛਾ ਨਾਲ ਬੰਦੇ ਤੋਂ ਕੰਮ ਲਈ ਜਾਂਦਾ।ਇਸ ਲਈ ਉਪਰੋਕਤ ਤਰਕ ਕੁਝ ਠੀਕ ਨਹੀਂ ਲੱਗਦਾ।ਮਨੁੱਖ ਆਪਣੇ ਚੰਗੇ ਮਾੜੇ ਕੰਮਾਂ ਦਾ ਆਪ ਜ਼ਿੰਮੇਵਾਰ ਹੈ। ਇਸ ਦਾ ਮਤਲਬ ਇਹ ਹੈ ਕਿ ਮਨੁੱਖ ਨੂੰ ਆਪਣੀ ਮਰਜ਼ੀ ਨਾਲ ਕੁਝ ਕਰਨ ਦੀ ਵੀ ਛੂਟ ਹੈ। ਮਨੁੱਖ ਆਪਣੇ ਚੰਗੇ, ਮਾੜੇ ਕੰਮਾ ਦੀ ਜ਼ਿੰੇਮਵਾਰੀ ਤੋਂ ਉਹ ਭੱਜ ਨਹੀਂ ਸਕਦਾ। ਜੇ ਇਹ ਗੱਲ ਠੀਕ ਲੱਗਦੀ ਹੈ ਤਾਂ ਮਨੁੱਖ ਆਪਣੀ ਮਰਜ਼ੀ ਨਾਲ ਕੁਝ ਹੱਦ ਤੱਕ ਆਪਣੀ ਉਮਰ ਵੀ ਵਧਾ ਸਕਦਾ ਹੈ।ਰੱਬ ਕੋਈ ਤਾਨਾਅ ਸ਼ਾਹ ਨਹੀਂ। ਜੇ ਉਹ ਤਾਨਾਅ ਸ਼ਾਹ ਹੁੰਦਾ ਤਾਂ ਨਾਸਤਿਕਾਂ ਦੀਆਂ ਬਾਗੀ ਸੁਰਾਂ ਨੂੰ ਉਸੇ ਸਮੇਂ ਕੁਚਲ ਦਿੰਦਾ। ਜਿਹੜੇ ਰੱਬ ਨੂੰ ਗਾਲ੍ਹਾਂ ਕੱਢਦੇ ਹਨ , ਰੱਬ ਤਾਂ ਉਨ੍ਹਾਂ ਨੂੰ ਵੀ ਰੋਟੀ ਦਿੰਦਾ ਹੈ। ਰੱਬ ਇਕ ਬਹੁਤ ਹੀ ਉੱਚੀ ਹਸਤੀ ਹੈ ਜਿਸਦਾ ਹਿਰਦਾ ਵੀ ਬਹੁਤ ਵਿਸ਼ਾਲ ਹੈ। 
ਮਨੁੱਖ ਨੇ ਜੋ ਸਕੂਟਰ, ਮੋਟਰਸਾਈਕਲ, ਕਾਰ, ਹਵਾਈ ਜਹਾਜ਼, ਰਾਕਟ, ਫ੍ਰਿਜ, ਟੈਲੀਵੀਜ਼ਨ, ਇੰਟਰਨੈਟ ਅਤੇ ਮੋਬਾਇਲ ਆਦਿ ਦੇ ਅਵਿਸ਼ਕਾਰ ਕੀਤੇ ਹਨ ਉਹ ਉਸ ਨੇ ਆਪਣੇ ਸੁੱਖ ਲਈ ਕੀਤੇ ਹਨ। ਰੱਬ ਨੂੰ ਇਨ੍ਹਾਂ ਵਸਤੂਆਂ ਦੀ ਕੋਈ ਜ਼ਰੂਰਤ ਨਹੀਂ। ਜਦ ਅਸੀਂ ਮੰਦਰ, ਗੁਰਦਵਾਰੇ, ਮਸਜਿਦ ਜਾਂ ਚਰਚ ਵਿਚ ਪ੍ਰਮਾਤਮਾ ਦੇ ਧਿਆਨ ਵਿਚਿ ਬੈਠੇ ਹੁੰਦੇ ਹਾਂ ਤਾਂ ਕਈ ਵਾਰੀ ਇਕ ਦਮ ਸਾਡੇ ਮੋਬਾਇਲ ਦੀ ਘੰਟੀ ਵੱਜ ਉਠਦੀ ਹੈ। ਸਾਡੀ ਬਿਰਤੀ ਟੁਟਦੀ ਹੈ। ਦੂਜੇ ਬੰਦੇ ਵੀ ਤੰਗ ਹੁੰਦੇ ਹਨ। ਪ੍ਰਮਾਤਮਾ ਦੀ ਵੀ ਬੇ-ਅੱਦਬੀ ਹੁੰਦੀ ਹੈ। ਜੇ ਉਸ ਨੇ ਸਾਨੂੰ ਕੱਠਪੁਤਲੀ ਹੀ ਬਣਾ ਕੇ ਰੱਖਣਾ ਹੁੰਦਾ ਤਾਂ ਮਨੁੱਖ ਨੂੰ ਉਹ ਇਹ ਸਭ ਵਸਤੂਆਂ ਨਾ ਬਣਾਉਣ ਦਿੰਦਾ।ਇਸ ਦਾ ਮਤਲਬ ਹੈ ਕਿ ਰੱਬ ਦੀ ਰਜ਼ਾ ਵਿਚ ਰਹਿੰਦੇ ਹੋਏ ਵੀ ਅਸੀਂ ਕੁਝ ਕਰਮ ਆਪਣੀ ਮਰਜ਼ੀ ਨਾਲ ਕਰ ਸਕਦੇ ਹਾਂ। ਜੇ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਤਾਂ ਆਪਣੀ ਇੱਛਾ ਅਨੁਸਾਰ ਅਸੀਂ ਸੋ ਸਾਲ ਜੀਅ ਵੀ ਸਕਦੇ ਹਾਂ।
ਜੇ ਕਿਸੇ ਜਾਂ ਕਿਸੇ ਭਿਆਨਕ ਬਿਮਾਰੀ ਨਾਲ ਬੰਦੇ ਦੀ ਮੋਤ ਨਾ ਹੋਵੇ ਤਾਂ ਬੰਦਾ ਜ਼ਰੂਰ ਆਪਣੀ ਇੱਛਾ ਸ਼ਕਤੀ ਨਾਲ ਸੋ ਸਾਲ ਜਾਂ ਇਸ ਤੋਂ ਵੀ ਵੱਧ ਜਿਉਂ ਸਕਦਾ ਹੈ। ਸਰੀਰ ਨੂੰ ਨਰੋਇਆ, ਮਨ ਨੂੰ ਖੁਸ਼ ਅਤੇ ਸੁਭਾਅ ਵਿਚ ਕੁਝ ਨਰਮੀ ਅਤੇ ਸੰਤੁਲਨ ਰੱਖ ਕੇ ਤੁਹਾਡੀ ਉਮਰ ਵਧ ਸਕਦੀ ਹੈ। ਬਿਮਾਰੀਆਂ ਤੁਹਾਡੇ ਤੋਂ ਦੂਰ ਭੱਜਣਗੀਆਂ। ਤੁਹਾਡੇ ਘਰ ਦਾ ਵਾਤਾਵਰਨ ਸੋਹਣਾ ਹੋਵੇਗਾ। ਸਾਰੇ ਤੁਹਾਡੀ ਇੱਜ਼ਤ ਕਰਨਗੇ। ਤੁਹਾਡੀ ਰਾਏ ਦੀ ਸਾਰੇ ਕਦਰ ਕਰਨਗੇ।ਤੁਸੀਂ ਜ਼ਿੰਦਗੀ ਤੋਂ ਸੰਤੁਸ਼ਟ ਹੋਵੋਗੇ ਤਾਂ ਆਪੇ ਹੀ ਤੁਹਾਡੀ ਉਮਰ ਲੰਬੀ ਹੋਵੇਗੀ। ਤੁਸੀਂ ਹਮੇਸ਼ਾਂ ਪ੍ਰਮਾਤਮਾ ਦੇ ਸ਼ੁਕਰ ਗੁਜ਼ਾਰ ਰਹੋ।ਉਸ ਦੇ ਸੱਦੇ ਲਈ ਸਦਾ ਤਿਆਰ ਬਰ ਤਿਆਰ ਰਹੋ ਪਰ ਹਮੇਸ਼ਾਂ ਆਪਣੇ ਸਾਹਮਣੇ ਕਿਸੇ ਕੰਮ ਨੂੰ ਕਰਨ ਦਾ ਟੀਚਾ ਰੱਖੋ।ਬੰਦਾ ਉਮੀਦ ਦੇ ਸਹਾਰੇ ਹੀ ਜਿਉਂਦਾ ਹੈ।
ਆਪਣੀ ਉਮਰ ਵਧਾਉਣ ਦੇ ਕੁਝ ਛੋਟੇ ਛੋਟੇ ਨੁਕਤੇ ਹਨ ਜਿੰਨ੍ਹਾਂ ਤੇ ਅਮਲ ਕਰਨ ਨਾਲ ਸਾਡੀ ਉਮਰ ਵਧ ਸਕਦੀ ਹੈ। ਇਹ ਨੁਕਤੇ ਅਸੀਂ ਸਾਰੇ ਹੀ ਜਾਣਦੇ ਹਾਂ ਪਰ ਅਸੀਂ ਇੰਨ੍ਹਾਂ ਨੂੰ ਕਾਫੀ ਹੱਦ ਤੱਕ ਅੱਖੋਂ ਉਹਲੇ ਕਰ ਦਿੰਦੇ ਹਾਂ। ਜੇ ਅਸੀਂ ਸੋ ਸਾਲ ਜਿਉਂਣਾ ਚਾਹੁੰਦੇ ਹਾਂ ਤਾਂ ਇਸ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ। ਸੋ ਸਾਲ ਜਿਉਣ ਦਾ ਸਾਡਾ ਇਰਾਦਾ ਦ੍ਰਿੜ ਹੋਣਾ ਚਾਹੀਦਾ ਹੈ। ਇਸ ਖਾਹਸ਼ ਨੂੰ ਪੂਰਾ ਕਰਨ ਲਈ ਯਤਨ ਵੀ ਕਰਨੇ ਚਾਹੀਦੇ ਹਨ।ਇਹ ਨਹੀਂ ਕਿ ਇਕ ਵਾਰੀ ਮਨ ਵਿਚ ਸੋਚ ਲਿਆ ਅਤੇ ਫਿਰ ਵਿਸਾਰ ਦਿੱਤਾ।"ਸਾਵਧਾਨੀ ਹਟੀ, ਦੁਰਘਟਨਾ ਘਟੀ।" ਸਾਡਾ ਹਰ ਕੰਮ, ਹਰ ਬੋਲ ਅਤੇ ਹਰ ਵਿਚਾਰ ਸੋ ਸਾਲ ਜਿਉਣ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਇਸ ਤੋਂ ਸਾਡਾ ਧਿਆਨ ਜ਼ਰਾ ਵੀ ਹੱਟਿਆ ਤਾਂ ਸਮਝ ਲਉ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਹੋ ਗਏ।
ਤੁਹਾਡੀ ਸੋ ਸਾਲ ਜਿਉਣ ਦੀ ਇੱਛਾ ਤੁਹਡੀ ਗੱਲ ਬਾਤ, ਰਹਿਣੀ ਬਹਿਣੀ ਅਤੇ ਵਿਉਹਾਰ ਵਿਚੋਂ ਝਲਕਣੀ ਚਾਹੀਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਰੀਰ ਜ਼ਿਆਦਾ ਦੇਰ ਚੱਲੇ ਤਾਂ ਇਸ ਦੀ ਸੰਭਾਲ ਕਰ ਕੇ ਇਸ ਨੂੰ ਨਰੋਇਆ ਰੱਖਣਾ ਵੀ ਤੁਹਾਡਾ ਫਰਜ਼ ਹੈ। ਸਰੀਰ ਦੀ ਸਫਾਈ ਦਾ ਪੂਰਾ ਧਿਆਨ ਰੱਖੋ ਰੋਜ਼ਾਨਾ ਸੈਰ ਅਤੇ ਵਰਜਿਸ਼ ਕਰੋ। ਢਿਲੇ ਢਾਲੇ ਬਣ ਕੇ ਹਰ ਸਮੇਂ ਘਰ ਹੀ ਨਾ ਬੈਠੇ ਰਹੋ। ਸਾਫ ਸੁਥਰੇ ਪ੍ਰੈਸ ਕੀਤੇ ਕੱਪੜੇ ਪਾ ਕੇ ਸਮਾਜ ਵਿਚ ਵਿਚਰੋ। ਕਿਸੇ ਦੀ ਨਿੰਦਾ ਚੁਗਲੀ ਨਾ ਕਰੋ। ਘੱਟ ਬੋਲੋ, ਜ਼ਿਆਦਾ ਸੁਣੋ। ਉਸ ਸਮੇਂ ਹੀ ਬੋਲੋ ਜਦ ਤੁਹਾਨੂੰ ਲੱਗੇ ਕਿ ਤੁਹਾਡੇ ਸ਼ਬਦਾਂ ਵਿਚ ਤੁਹਾਡੀ ਚੁੱਪ ਤੋਂ ਜ਼ਿਆਦਾ ਅਸਰ ਹੈ। ਹਰ ਇਕ ਅੱਗੇ ਆਪਣੇ ਹੀ ਰੌਣੇ ਨਾ ਰੌਦੇ ਰਹੋ। ਸਾਦਾ ਭੋਜਨ ਕਰੋ। ਜ਼ਿਆਦਾ ਮਿਰਚ ਮਸਾਲੇ, ਖੱਟੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰੋ। ਜ਼ਰੂਰਤ ਤੋਂ ਵੱਧ ਭੋਜਨ ਨਾ ਕਰੋ। ਭੁੱਖ ਤੋਂ ਬਿਨਾ ਕੋਈ ਚੀਜ਼ ਖਾਣੀ ਜ਼ਹਿਰ ਹੈ। ਨਸ਼ਿਆਂ ਤੋਂ ਬਚੋ। ਨਸ਼ੇ ਸਰੀਰ ਨੂੰ ਗਾਲ ਦਿੰਦੇ ਹਨ। ਪੁਰਾਣੇ ਵਿਚਾਰਾਂ ਨਾਲ ਹੀ ਨਾ ਬੱਝੇ ਰਹੋ। ਨਵੇਂ ਵਿਚਾਰਾਂ ਦੇ ਧਾਰਨੀ ਬਣੋ। ਨਵੀਂ ਪੀੜ੍ਹੀ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੋ।ਕਦੀ ਵਿਹਲੇ ਨਾ ਬੈਠੋ। ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹੋ। ਪਰਿਵਾਰ ਅਤੇ ਸਮਾਜ ਵਿਚ ਆਪਣੀ ਉਪਯੋਗਤਾ ਸਾਬਤ ਕਰੋ। ਸਦਾ ਤੰਦਰੁਸਤ ਰਹੋ। ਹਮੇਸ਼ਾਂ ਅੱਜ ਵਿਚ ਜੀਓ। ਬੀਤੇ ਕੱਲ ਦਾ ਅਫਸੋਸ ਅਤੇ ਆਉਣ ਵਾਲੇ ਕੱਲ ਦੀ ਚਿੰਤ ਾਦੋ ਐਸੀਆਂ ਚੀਜ਼ਾਂ ਹਨ ਜੋ ਸਾਡੀ ਅੱਜ ਦੀ ਖੂਬਸੂਰਤੀ ਨੂੰ ਨਿਗਲ ਜਾਂਦੀਆਂ ਹਨ। ਆਪਣੀ ਸ਼ਖਸੀਅਤ ਆਕਰਸ਼ਕ ਬਣਾ ਕੇ ਰੱਖੋ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਖ਼ੁਸ਼ ਰੱਖੋ। ਆਪ ਮਹਿਕੋ ਅਤੇ ਦੁਨੀਆਂ ਨੂੰ ਮਹਿਕਾਓ। ਤੁਸੀਂ ਜਿੱਥੇ ਹਾਜ਼ਰ ਹੋਵੋ ਉੱਥੇ ਮਹਿਫਿਲ ਵਿਚ ਜਾਨ ਪੈ ਜਾਵੇ। ਫਿਰ ਜੇ ਤੁਹਾਡਾ ਨੰਬਰ ਪਹਿਲਾਂ ਲੱਗ ਵੀ ਜਾਵੇ ਤਾਂ ਵੀ ਮੋਤ ਨੂੰ ਖਿੜ੍ਹੇ ਮੱਥੇ ਸਵੀਕਾਰ ਕਰੋ। ਤੁਸੀਂ ਜਿਨੀਂ ਜ਼ਿੰਦਗੀ ਖ਼ੁਸ਼ੀ ਨਾਲ, ਖਿੜ੍ਹੇ ਮੱਥੇ ਅਤੇ ਚੜ੍ਹਦੀਕਲਾ ਵਿਚ ਬਿਤਾ ਲਈ ਸਮਝੋ ਸੋ ਸਾਲ ਦੀ ਜ਼ਿੰਦਗੀ ਤੋਂ ਵੀ ਵੱਧ ਅਨੰਦ ਮਾਣ ਲਿਆ।
ਜ਼ਿੰਦਗੀ ਕੇਵਲ ਸਾਹ ਲੈਣਾ ਹੀ ਨਹੀਂ।ਜੇ ਕੋਈ ਸੋ ਸਾਲ ਦੀ ਉਮਰ ਤੱਕ ਬੇਹੋਸ਼ੀ ਵਿਚ ਹੀ ਹਸਪਤਾਲ ਪਿਆ ਰਹੇ ਤੇ ਉਸ ਬਾਰੇ ਕਿਹਾ ਜਾਏ ਕਿ ਇਸ ਨੇ ਸੋ ਸਾਲ ਜੀਅ ਲਿਆ ਹੈ ਤਾਂ ਕੀ ਇਹ ਠੀਕ ਹੋਵੇਗਾ? ਇਸੇ ਤਰ੍ਹਾਂ ਜੇ ਕੋਈ ਬੰਦਾ ਬਿਮਾਰੀ ਨਾਲ ਕਈ ਸਾਲ ਮੰਜੇ ਤੇ ਪਿਆ ਰਹੇ ਅਤੇ ਆਪਣਾ ਨਿੱਤ ਕਰਮ ਵੀ ਨਾ ਕਰ ਸੱਕੇ, ਉਸਦਾ ਮਲ ਮੂਤਰ ਵੀ ਦੂਜਿਆਂ ਨੂੰ ਹੀ ਸਾਂਭਣਾ ਪਵੇ ਤਾਂ ਐਸੇ ਬੰਦੇ ਦੇ ਜਿਉਨ ਨੂੰ ਜਿਉਣਾ ਨਹੀਂ ਕਿਹਾ ਜਾ ਸਕਦਾ। ਉਸ ਨੇ ਤਾਂ ਇਸ ਧਰਤੀ ਉੱਤੇ ਜ਼ਿੰਉਂਦੇ ਜੀਅ ਹੀ ਨਰਕ ਭੋਗਿਆ ਹੈ। ਐਸੀ ਜ਼ਿੰਦਗੀ ਜਿਉਣ ਨਾਲੋਂ ਤਾਂ ਮੋਤ ਹੀ ਚੰਗੀ ਹੈ। ਤੁਹਾਡੇ ਅੰਦਰ ਜੀਵਨ ਦੀ ਚੰਗਿਆੜੀ ਭੱਖਦੀ ਹੋਈ ਹੋਣੀ ਚਾਹੀਦੀ ਹੈ। ਜ਼ਿੰਦਗੀ ਉਹੀ ਹੈ ਜੋ ਤੁਸੀਂ ਖੁਸ਼ੀ ਨਾਲ ਜੀਵੀ। ਰੋ ਰੋ ਕੇ, ਹਉਕੇ ਭਰ ਕੇ ਜਾਂ ਬਿਸਤਰ ਤੇ ਪੈ ਕੇ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ। ਤੁਹਾਡੀ ਖ਼ੁਸ਼ੀ ਤੁਹਾਡੇ ਚਿਹਰੇ ਤੋਂ ਝਲਕਣੀ ਚਾਹੀਦੀ ਹੈ। ਸੋ ਸਾਲ ਜਿਉਣ ਦਾ ਅਰਥ ਹੈ ਪ੍ਰਸੰਨ ਲੰਮੀ ਉਮਰ। ਜ਼ਿੰਦਗੀ ਜਿaਣ ਦਾ ਦਾ ਮਤਲਬ ਹੈ ਜ਼ਿੰਦਗੀ ਨੂੰ ਮਾਣਨਾ। ਦੁੱਖਾਂ ਭਰੀ ਲੰਮੀ ਜ਼ਿੰਦਗੀ ਤੋਂ ਸੁੱਖਾਂ ਭਰੀ ਥੋੜ੍ਹੀ ਜਹੀ ਜ਼ਿੰਦਗੀ ਹੀ ਚੰਗੀ ਹੈ। ਜੇ ਕਿਸੇ ਪੇੜ ਦੀ ਉਮਰ ਹਜ਼ਾਰ ਸਾਲ ਹੋਵੇ, ਉਸ ਦੀ ਨਾ ਛਾਂ ਹੋਵੇ ਨਾ ਹੀ ਫੁੱਲ ਫਲ, ਉਹ ਤਾਂ  ਕਿਸੇ ਕੰਮ ਦਾ ਨਹੀਂ। ਮਨੁੱਖ ਅਤੇ ਪੰਛੀਆਂ ਨੂੰ ਉਸ ਦਾ ਕੋਈ ਲਾਭ ਨਹੀਂ ਤਾਂ ਉਸ ਨਾਲੋਂ ਛੋਟੇ ਜਹੇ ਫੁੱਲ ਦੀ ਜ਼ਿੰਦਗੀ ਚੰਗੀ ਹੈ ਭਾਵੇਂ ਉਹ ਇਕ ਦਿਨ ਦੀ ਹੀ ਕਿਉਂ ਨਾ ਹੋਵੇ ਉਹ ਆਪਣੀ ਖੁਸ਼ਬੂ ਅਤੇ ਸੁੰਦਰਤਾ ਨਾਲ ਕੁਦਰਤ ਦੀ ਸੁੰਦਰਤਾ ਵਿਚ ਵਾਧਾ ਤਾਂ ਕਰਦਾ ਹੈ।
ਹਾਂਡੀ ਜਦ ਉਬਲੇਗੀ ਤਾਂ ਪਹਿਲਾਂ ਆਪਣੇ ਹੀ ਕੰਡੇ ਸਾੜ੍ਹੇਗੀ। ਲਾਲਚੀ, ਈਰਖਾਲੂ ਅਤੇ ਕ੍ਰੋਧੀ ਮਨੁੱਖ ਜਦ ਗੁੱਸੇ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਰਹਿੰਦੀ ਕਿ ਉਹ ਕੀ ਬੋਲ ਰਹੇ ਹਨ ਅਤੇ ਕੀ ਕਰ ਰਹੇ ਹਨ।ਉਨ੍ਹਾਂ ਦਾ ਸਾਹ ਬਹੁਤ ਤੇਜ਼ ਚੱਲਣ ਲੱਗ ਪੈਂਦਾ ਹੈ। ਉਨ੍ਹਾਂ ਦੇ ਸਵਾਸ ਜਲਦੀ ਖਰਚ ਹੁੰਦੇ ਹਨ। ਗੁੱਸਾ ਚੰਡਾਲ ਹੁੰਦਾ ਹੈ। ਅਜਿਹੇ ਬੰਦੇ ਦੇ ਖੂਨ ਦਾ ਦਬਾਅ ਵਧ ਜਾਂਦਾ ਹੈ। ਉਹ ਥਰ ਥਰ ਕੰਬਣ ਲੱਗ ਜਾਂਦਾ ਹੈ। ਉਸ ਦਾ ਆਪਣੇ ਆਪ ਤੇ ਕੋਈ ਕਾਬੂ ਨਹੀਂ ਰਹਿੰਦਾ। ਕਈ ਵਾਰੀ ਕ੍ਰੋਧ ਵਿਚ ਹੀ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਉਸ ਦੇ ਮੁਕਾਬਲੇ ਜੋ ਬੰਦਾ ਸਹਿਜ ਵਿਚ ਹੁੰਦਾ ਹੈ ਉਸ ਦਾ ਆਪਣੇ ਆਪ ਤੇ ਕਾਬੂ ਹੁੰਦਾ ਹੈ। ਉਹ ਆਪਣੀ ਉਮਰ ਕੁਦਰਤੀ ਹੀ ਵਧਾ ਲੈਂਦਾ ਹੈ। ਪੁਰਾਣੇ ਸਮੇਂ ਵਿਚ ਜੋਗੀ ਅਤੇ ਸਨਿਆਸੀ ਸਹਿਜ ਵਿਚ ਰਹਿ ਕੇ ਅਤੇ ਸਮਾਧੀ ਲਾ ਕੇ ਆਪਣੀ ਉਮਰ ਕਈ ਕਈ ਸਾਲ ਵਧਾ ਲੈਂਦੇ ਸਨ। ਕਈ ਬੰਦੇ ਆਪਣੀ ਇੱਛਾ ਸ਼ਕਤੀ ਦੇ ਸਹਾਰੇ ਅਨਹੋਣੀਆਂ ਕਰ ਕੇ ਵੀ ਦਿਖਾ ਦਿੰਦੇ ਹਨ। ਸਾਰੇ ਧਾਰਮਿਕ ਲੋਕ ਮੰਨਦੇ ਹਨ ਕਿ ਰੱਬ ਸਦਾ ਆਪਣੇ ਭਗਤਾਂ ਦੀ ਗੱਲ ਮੰਨਦਾ ਹੈ। ਉਹ ਭਗਤਾਂ ਤੋਂ ਬਾਹਰ ਨਹੀਂ ਜਾ ਸਕਦਾ। ਇਸੇ ਲਈ ਸ਼ਾਇਰ ਇਕਬਾਲ ਨੇ ਲਿਖਿਆ ਹੈ:
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਸੇ ਪਹਿਲੇ,
ਖੁਦਾ ਬੰਦੇ ਸੇ ਪੂਛੇ 
ਯਹ ਬਤਾ ਤੇਰੀ ਰਜ਼ਾ ਕਿਆ ਹੈ।

ਸਾਡੀਆ ਪੁਰਾਤਨ ਸਾਖੀਆਂ ਵਿਚ ਇਹ ਜਿਕਰ ਆਉਂਦਾ ਹੈ ਕਿ ਕਿਵੇਂ ਇਕ ਪਤੀ ਵਰਤਾ ਔਰਤ ਸਵਿਤਰੀ ਨੇ ਯਮਰਾਜ ਤੋਂ ਆਪਣੇ ਪਤੀ (ਸਤਿਆਵਾਨ ਜਿਸ ਦੀ ਮੋਤ ਹੋ ਗਈ ਸੀ) ਦੇ ਪ੍ਰਾਨ ਵਾਪਸ ਲੈ ਆਉਂਦੇ ਸਨ। ਜਿਹੜਾ ਵੀ ਕੰਮ ਕਰਨਾ ਹੈ ਉਹ ਪ੍ਰਮਾਤਮਾ ਦੀ ਓਟ ਆਸਰਾ ਲੈ ਕਿ ਕਰੋ। ਇਸ ਨਾਲ ਤੁਹਾਡੀ ਇੱਛਾ ਸ਼ਕਤੀ ਵਧੇਗੀ। ਤੁਹਾਨੂੰ ਭਰੋਸਾ ਹੋਵੇਗਾ ਕਿ ਤੁਹਾਡੇ ਅਰੰਭੇ ਕੰਮ ਵਿਚ ਦੁਨੀਆਂ ਦੀ ਸਭ ਤੋਂ ਤਾਕਤਵਰ ਸ਼ਕਤੀ ਤੁਹਾਡੇ ਨਾਲ ਹੈ। ਇਸ ਲਈ ਤੁਹਾਡੀ ਜਿੱਤ ਹੋਣੀ ਹੀ ਹੋਣੀ ਹੈ। ਇੱਛਾ ਸ਼ਕਤੀ ਵਿਚ ਬਹੁਤ ਤਾਕਤ ਹੈ। ਇਸ ਨਾਲ ਬੰਦਾ ਹੱਦੋਂ ਬਾਹਰ ਜਾ ਕੇ ਵੀ ਕਈ ਕਾਰਨਾਮੇ ਕਰ ਦਿਖਾਉਂਦਾ ਹੈ। ਜੇ ਬੰਦੇ ਦੇ ਮਨ ਵਿਚ ਇੱਛਾ ਸ਼ਕਤੀ ਨਾ ਹੋਵੇ ਤਾਂ ਸੰਭਵ ਕੰਮ ਵੀ ਨੇਪਰੇ ਨਹੀਂ ਚੜ੍ਹਦਾ। ਜੇ ਕੋਈ ਬੰਦਾ ਬਿਮਾਰ ਪੈ ਜਾਂਦਾ ਹੈ ਤਾਂ ਜੇ ਉਸ ਵਿਚ ਠੀਕ ਹੋਣ ਦੀ ਜਾਂ ਜਿੰਦਾ ਰਹਿਣ ਦੀ ਇੱਛਾ ਹੀ ਨਹੀਂ ਰਹਿੰਦੀ ਤਾਂ ਮਹਿੰਗੀਆਂ ਤੋਂ ਮਹਿੰਗੀਆਂ ਦੁਵਾਈਆਂ ਅਤੇ ਸਿਆਣੇ ਤੋਂ ਸਿਆਣੇ ਡਾਕਟਰ ਵੀ ਉਸ ਨੂੰ ਤੰਦਰੁਸਤ ਨਹੀਂ ਕਰ ਸਕਦੇ। ਇਸ ਦੇ ਉਲਟ ਜੇ ਕੋਰੀ ਚੰਗਾ ਭਲਾ ਬੰਦਾ ਕਿਸੇ ਕੰਮ ਤੋਂ ਬਚਣ ਲਈ ਬਿਮਾਰੀ ਦਾ ਬਹਾਨਾ ਕਰ ਕੇ ਮੰਜੇ ਤੇ ਪਿਆ ਰਹੇ ਤਾਂ ਕੁਝ ਦਿਨਾ ਬਾਅਦ ਉਹ ਸੱਚੀ ਹੀ ਬਿਮਾਰ ਹੋ ਜਾਵੇਗਾ। ਜੇ ਅਜਿਹੀ ਸਥਿਤੀ ਨੂੰ ਜ਼ਿਆਦਾ ਦੇਰ ਲਟਕਨ ਦਿੱਤਾ ਜਾਵੇ ਤਾਂ ਉਹ ਬੰਦਾ ਇਕ ਦਿਨ ਰੱਬ ਨੂੰ ਪਿਆਰਾ ਹੋ ਜਾਵੇਗਾ।ਇੱਛਾ ਸ਼ਕਤੀ ਨਾਲ ਮਨੁੱਖ ਆਪਣੀ ਉਮਰ ਲੰਬੀ ਕਰ ਸਕਦਾ ਹੈ। ਉਹ ਲਿਖੇ ਹੋਏ ਸਵਾਸਾਂ ਦੀ ਪੂੰਜੀ ਨੂੰ ਹੀ ਜ਼ਿਆਦਾ ਸਮਾਂ ਚਲਾ ਸਕਦਾ ਹੈ। ਮੰਨ ਲਉ ਕੋਈ ਬੰਦਾ ਨਵੀਂ ਕਮੀਜ਼ ਲੈਂਦਾ ਹੈ। ਉਸ ਨੁੰ ਥਾਪਿਆਂ ਨਾਲ ਕੁੱਟ ਕੱਟ ਕੇ ਤਿੰਨ ਮਹੀਨੇ ਵਿਚ ਹੀ ਪਾਟ ਕੇ ਪਰੇ ਸੁੱਟਦਾ ਹੈ। ਦੂਜਾ ਬੰਦਾ ਉਹੀ ਕਮੀਜ਼ ਲੈਂਦਾ ਹੈ। ਉਸ ਨੂੰ ਸੰਭਾਲ ਕੇ ਵਰਤਦਾ ਹੈ ਅਤੇ ਪੰਜ ਸਾਲ ਤੱਕ ਚਲਾ ਲੈਂਦਾ ਹੈ। ਕਮੀਜ਼ ਤਾਂ ਉਹ ਹੀ ਹੈ। ਇਹ ਸਾਡੇ ਉੱਤੇ ਹੈ ਕਿ ਅਸੀਂ ਉਸ ਨੂੰ ਕਿਵੇਂ ਹੰਢਾਉਂਦੇ ਹਾਂ। ਸਾਡਾ ਸਰੀਰ ਵੀ ਪ੍ਰਮਾਤਮਾ ਦਾ ਦਿੱਤਾ ਹੋਇਆ ਕੱਪੜਾ ਹੀ ਹੈ। ਇਸ ਦੀ ਜਿਤਨੀ ਸੰਭਾਲ ਕਰਾਂਗੇ ਉਤਨਾ ਹੀ ਜ਼ਿਆਦਾ ਚੱਲੇਗਾ। ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਮਨੁੱਖ ੫੦੦੦੦/- ਰੁਪਏ ਨਾਲ ਕੇਵਲ ਇਕ ਮਹੀਨਾ ਹੀ ਗੁਜ਼ਾਰਾ ਕਰਦਾ ਹੈ। ਦੂਜਾ ਮਨੁੱਖ ਇਤਨੀ ਹੀ ਰਕਮ ਨੂੰ ਜੁਗਤ ਨਾਲ ਵਰਤ ਕੇ ਸਾਲ ਭਰ ਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦਾ ਹੈ।ਆਪਣੇ ਸੁਆਸਾਂ ਦੀ ਪੂੰਜੀ ਨੂੰ ਬੜੇ ਧਿਆਨ ਨਾਲ ਖਰਚਣਾ ਚਾਹੀਦਾ ਹੈ। ਤੁਸੀਂ ਹੌਸਲੇ ਵਿਚ ਰਹੋ।ਸੋ ਸਾਲ ਜਿਉਣ ਦੀ ਇੱਛਾ ਸ਼ਕਤੀ ਮਨ ਵਿਚ ਰੱਖੋ। ਸਹਿਜ ਵਿਚ ਜੀਓ। ਸਹਿਜ ਨਾਲ ਤੁਹਾਡੇ ਸੁਆਸਾਂ ਦੀ ਪੂੰਜੀ ਜ਼ਿਆਦਾ ਦੇਰ ਚੱਲੇਗੀ।

ਸੋ ਸਾਲ ਜਿਉਣ ਦੀ ਇੱਛਾ ਰੱਖਣਾ ਕੋਈ ਰੱਬ ਦੀ ਸ਼ਕਤੀ ਨੂੰ ਵੰਗਾਰਨਾ ਨਹੀਂ। ਇਹ ਇਕ ਤਰ੍ਹਾਂ ਪ੍ਰਮਾਤਮਾ ਦੀ ਦਿੱਤੀ ਨਿਆਮਤ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਸੁਚੱਜੀ ਵਰਤੋਂ ਕਰਨਾ ਹੈ। ਤੁਹਾਡਾ ਸਰੀਰ ਨਰੋਇਆ ਹੈ, ਤੁਹਾਡੇ ਸਭਾਅ ਵਿਚ ਠਰੰਮਾ ਹੈ ਅਤੇ ਜੁਬਾਨ ਮਿੱਠੀ ਹੈ, ਮਨ ਵਿਚ ਕੋਈ ਦਵੇਸ਼ ਭਾਵਨਾ ਨਹੀਂ, ਤੁਸੀਂ ਹਰ ਸਮੇਂ ਦੂਸਰੇ ਦੀ ਮਦਦ ਲਈ ਤਿਆਰ ਰਹਿੰਦੇ ਹੋ। ਸਹਿਜ ਨਾਲ ਜ਼ਿੰਦਗੀ ਜਿਉਂਦੇ ਹੋ ਤਾਂ ਸਾਰੇ ਪਾਸੇ ਖ਼ੁਸ਼ੀ ਦਾ ਮਹੋਲ ਬਣਦਾ ਹੈ।ਇਸ ਨਾਲ ਕੁਦਰਤ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਤੁਹਾਡੀ ਸੋ ਸਾਲ ਜਿਉਣ ਦੀ ਇੱਛਾ ਨੂੰ ਪੂਰਨ ਕਰਨ ਵਿਚ ਪ੍ਰਮਾਤਮਾ ਵੀ ਪੂਰਾ ਸਹਿਯੋਗ ਦਿੰਦਾ ਹੈ।ਜੇ ਇੱਛਾ ਪੂਰਕ ਤੁਹਾਡਾ ਦਾਤਾ ਤੁਹਾਡੇ ਨਾਲ ਹੈ, ਫਿਰ ਤਾਂ ਕੋਈ ਅੱੜਚਨ ਨਹੀਂ। ਤਹਾਨੂੰ ਸੋ ਸਾਲ ਜਿਉਣ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ।