ਕੰਜੂਸ ਧੰਨ ਧੰਨ ਕਹਿਣ ਦੇ ਕਾਬਿਲ ਹਨ (ਵਿਅੰਗ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਅਤਿ ਦੀ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ,ਕੋਈ ਕਿੰਨਾ ਵੀ ਖੱਬੀਖਾਨ ਹੈ ਅੱਜਕੱਲ ਦੇ ਜਮਾਨੇ ਵਿਚ ਕੰਜੂਸੀ ਕਰਨਾ ਉਹਦੀ ਮਜ਼ਬੂਰੀ ਹੋ ਗਈ ਹੈ। ਬਿਨਾਂ ਕੰਜੂਸੀ ਕੀਤਿਆਂ ਹੁਣ ਗੁਜ਼ਾਰਾ ਨਹੀਂ ਹੋ ਸਕਦਾ। ਹਰ ਇਕ ਮਰਦ ਔਰਤ ਜਦੋਂ ਵੀ ਘਰੇਲੂ ਸਮਾਨ ਲਈ ਬਾਜ਼ਾਰ ਜਾਂਦੇ ਹਨ ਤਾਂ ਲਿਸਟ ਤੇ 2-3 ਵਾਰ ਨਿਗਾਹ ਮਾਰਦੇ ਹਨ ਕੇ ਕਿਤੇ ਕੋਈ ਫਾਲਤੂ ਸਮਾਨ ਤਾਂ ਨਹੀਂ ਲਿਖਿਆ ਗਿਆ ਜਿਸ ਬਿਨਾਂ ਘਰ ਵਿਚ ਕੰਮ ਚਲ ਸਕਦਾ ਹੋਵੇ ਪਰ ਲਿਸਟ ਵਿਚ ਲਿਖਿਆ ਗਿਆ ਹੋਵੇ,ਕਹਿਣ ਤੋਂ ਭਾਵ ਹਰ ਵਿਅਕਤੀ ਫੂਕ ਫੂਕ ਕੇ ਪੈਰ ਧਰ ਰਿਹਾ ਹੈ।ਜੇਕਰ ਕੋਈ ਕਿਸੇ ਨੂੰ ਕਹਿ ਦੇਵੇ ਕੇ ਤੂੰ ਕੰਜੂਸ ਮੱਖੀ ਚੂਸ ਹੈਂ ਤਾਂ ਉਸਦਾ ਮਰਨ ਹੋ ਜਾਂਦਾ ਹੈ,ਪਰ ਇਹ ਗੱਲ ਸੱਚ ਹੁੰਦੀ ਹੈ ਭਾਵੇਂ ਕੌੜੀ ਲੱਗੇ। ਕੁਝ ਪੜੇ ਲਿਖੇ ਸਿਆਣੇ ਬੰਦਿਆਂ ਨੂੰ ਮਹਿਸੂਸ ਹੋਇਆ ਕਿ ਸਾਨੂੰ ਲੋਕ ਐਂਵੇਂ ਹੀ ਕੰਜੂਸ ਆਖ ਕੇ ਬਦਨਾਮ ਕਰ ਰਹੇ ਹਨ,ਸਾਡਾ ਮਜ਼ਾਕ ਉਡਾਉਂਦੇ ਹਨ,ਸਾਨੂੰ ਘਟੀਆ ਦੱਸਦੇ ਹਨ। ਅਸੀਂ ਦੇਸ਼,ਕੌਮ ਤੇ ਲੋਕਾਂ ਦੀ ਸੱਚੀ ਸੇਵਾ ਕਰਦੇ ਹਾਂ,ਚਾਰ ਪੈਸੇ ਬਚਾਉਂਦੇ ਹਾਂ। ਸਾਡਾ ਸਗੋਂ ਬੱਚਤ ਖਾਤਿਰ ਸਨਮਾਨ ਹੋਣਾ ਚਾਹੀਦਾ ਹੈ,ਪਰ ਲੋਕ ਸਾਨੂੰ ਹੀ ਗਲਤ ਕਹਿ ਰਹੇ ਹਨ। ਅਸੀਂ ਆਪਣੀ ਯੂਨੀਅਨ ਬਣਾ ਕੇ ਆਪਣੇ ਕੀਤੇ ਹੋਏ ਨੇਕ ਕੰਮ ਭਾਵ ਕੀਤੀ ਹੋਈ ਬਚਤ ਲੋਕਾਂ ਸਾਹਮਣੇ ਰੱਖਾਂਗੇ ਅਤੇ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਵੀ ਦਵਾਂਗੇ।
       ਇਸੇ ਲਈ ਮਹਾਂ ਕੰਜੂਸਾਂ ਨੇ ਹੌਲੀ ਹੌਲੀ ਇਕੱਠ ਕਰਕੇ ਆਪਣੀ ਯੂਨੀਅਨ ਬਣਾ ਲਈ,ਸਭ ਤੋਂ ਮਹਾਂ ਕੰਜੂਸ ਨੂੰ ਪ੍ਧਾਨ,ਵੱਡੇ ਕੰਜੂਸ ਨੂੰ ਜਨਰਲ ਸਕੱਤਰ ਅਤੇ ਇਸੇ ਤਰਾਂ ਬਾਕੀ ਅਹੁਦੇ ਵੀ ਕੰਜੂਸੀ ਦੇ ਹਿਸਾਬ ਨਾਲ ਵੰਡ ਦਿੱਤੇ। ਯੂਨੀਅਨ ਦਾ ਮੁੱਖ ਏਜੰਡਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਕੰਜੂਸਾਂ ਨੂੰ ਯੂਨੀਅਨ ਦੇ ਵਿਚ ਭਰਤੀ ਕਰਨਾ ਤੇ ਕੰਜੂਸੀ ਦੇ ਗੁਰ ਦੱਸਣਾ ਅਤੇ ਮਜਿਉਰਿਟੀ ਕਾਇਮ ਰੱਖਣੀ। ਕੰਜੂਸੀ ਕਾਇਮ ਰੱਖਣੀ ਤੇ ਸਾਲ ਦੇ ਬਾਦ ਜੋਂ ਸਭ ਤੋਂ ਵੱਧ ਕੰਜੂਸ ਹੋਵੇ ਉਹਨੂੰ ਸਨਮਾਨਿਤ ਕਰਨਾ। ਪ੍ਧਾਨ ਜੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਕਿ ਲਛਮੀ ਦੇਵੀ ਤਾਂ ਹੀ ਸਾਡੀ ਬਰਾਦਰੀ ਕੋਲ ਰਹਿ ਕੇ ਖੁਸ਼ ਹੁੰਦੀ ਹੈ ਅਸੀਂ ਉਸਨੂੰ ਪੂਰਾ ਸਤਿਕਾਰ ਤੇੇ ਸੁਖ ਦਿੰਦੇ ਹਾਂ। ਖੁੱਲੇ ਖਰਚ ਵਾਲੇ ਇਨਸਾਨ ਜਾਂ ਵਪਾਰੀ ਤਾਂ ਲਛਮੀ ਦੇਵੀ ਦਾ ਨਿਰਾਦਰ ਕਰਦੇ ਹਨ ਕਿਤੇ ਵੀ ਵਿਚਾਰੀ ਨੂੰ ਆਰਾਮ ਹੀ ਨਹੀਂ ਕਰਨ ਦਿੰਦੇ। ਕਈ ਵਾਰ ਤਾਂ ਵਿਚਾਰੀ ਲਛਮੀ ਆਪਣਾ ਬੋਰੀਆ ਬਿਸਤਰ ਬੰਨ ਕੇ ਕਿਸੇ ਵਪਾਰੀ ਵੱਲੋਂ ਦੂਜੇ ਵੱਲ ਨੂੰ ਤਿਆਰ ਹੀ ਹੁੰਦੀ ਹੈ ਕਿ ਝੱਟ ਮੋਬਾਇਲ ਤੀਜੇ ਘਰ ਜਾਣ ਦਾ ਹੁਕਮ ਹੋ ਜਾਂਦਾ ਹੈ।ਇਸੇ ਤਰਾਂ ਤੁਰੀ ਫਿਰਦੀ ਲ਼ੱਛਮੀ ਥੱਕ ਹਾਰ ਜਾਂਦੀ ਹੈ ਸਾਹੋ ਸਾਹੀ ਹੋ ਜਾਂਦੀ ਹੈ। ਬਹੁਤ ਵਾਰ ਵੇਖਿਆ ਹੈ ਕਿ ਘੁੰਮ ਘੁੰਮਾ ਕੇ ਸਾਰੀ ਦਿਹਾੜੀ ਮਗਰੋਂ ਵੀ ਵਿਚਾਰੀ ਨੂੰ ਉਸੇ ਸੁਆਮੀ ਦੇ ਘਰ  ਹੀ ਆਉਣਾ ਪੈਂਦਾ ਹੈ ਜਿਥੋਂ ਸਵੇਰੇ ਚੱਲੀ ਹੋਵੇ। ਪਰ ਇਸ ਦੇ ਉਲਟ ਕੰਜੂਸ ਆਦਮੀ ਟਰੰਕ ਵਿਚ ਅਲਮਾਰੀ ਵਿਚ ਜਾਂ ਬੈਂਕ ਵਿਚ ਜਿਥੇ ਕਿਤੇ ਵੀ ਇਕ ਵਾਰ ਲਛਮੀ ਨੂੰ ਧੂਫ ਬੱਤੀ ਦੇ ਕੇ ਰੱਖ ਦਿੰਦਾ ਹੈ,ਉਹਨੂੰ ਕਾਫੀ ਸਮਾਂ ਹਿਲਾਉਂਦਾ ਤੱਕ ਨਹੀਂ ਸਗੋਂ ਹਰ ਰੋਜ਼ ਉਹਦੀ ਆਰਤੀ ਪੂਜਾ ਕਰਦਾ ਹੈ।ਕੰਜੂਸ ਆਦਮੀ ਦੇ ਧੀਆਂ ਪੁੱਤਰ ਬਥੇਰਾ ਕਹਿਣਗੇ ਆਹ ਚੀਜ਼ ਲਿਆਉਣੀ ਹੈ ਔਹ ਚੀਜ਼ ਲਿਆਉਣੀ ਹੈ ਉਹਦਾ ਆਵਦਾ ਵੀ ਭਾਵੇਂ ਦਿਲ ਕਰਦਾ ਹੋਵੇ ਕੇ ਇਸ ਚੀਜ਼ ਦੀ ਘਰ ਵਿਚ ਅਤਿਅੰਤ ਜਰੂਰਤ ਹੈ ਪਰ ਉਹ ਲਛਮੀ ਦੀ ਕਦਰ ਕਰਦਾ ਹੋਇਆ ਹਮੇਸ਼ਾਂ ਜੇਬ ਘੁੱਟ ਕੇ ਰੱਖਦਾ ਹੈ ਕੇ ਮਤੇ ਲੱਛਮੀ ਨੂੰ ਬਾਹਰਲੀ ਹਵਾ ਨਾ ਲੱਗ ਜਾਏ। ਇਉਂ ਇਕ ਕੰਜੂਸ ਖੁੱਲੇ ਖਰਚ ਕਰਨ ਵਾਲੇ ਪੰਜਾਹਾਂ ਤੋਂ ਵੱਧ ਬਚਤ ਕਰਦਾ ਹੈ। ਵਰਨਾ ਖੁੱਲੇ ਦਿਲ ਵਾਲੇ ਤਾਂ ਦਿਵਾਲਾ ਕੱਢ ਦੇਣ। ਹੁਣ ਭਾਵੇਂ ਪਹਿਲਾਂ ਵਾਲੀਆਂ ਕੰਜੂਸੀਆਂ ਤਾਂ ਨਹੀਂ ਰਹੀਆਂ ਫਿਰ ਵੀ ਸਾਡਾ ਯੋਗਦਾਨ ਸਲਾਹੁਣਯੋਗ ਹੈ ਕਿਸੇ ਵੀ ਤਰਾਂ ਘੱਟ ਨਹੀਂ ਹੈ। ਸਾਇੰਸ ਦੀ ਤਰੱਕੀ ਕਰਕੇ ਕੰਜੂਸੀ ਦੇ ਨਵੇਂ ਨਵੇਂ ਢੰਗ ਨਿਕਲ ਆਏ ਹਨ। ਨਵੀਂ ਕਿਸਮ ਦੇ ਕੰਜੂਸ ਵਿਆਹ ਸ਼ਾਦੀਆਂ ਜਾਂ ਪਾਰਟੀਆਂ ਵਿਚ ਰੱਜ ਕੇ ਦਾਰੂ ਪਿਆਲਾ ਪੀ ਲੈਣਗੇ,ਪਰ ਪੱਲੇ ਤੋਂ ਪੈਸਾ ਵੀ ਖਰਚ ਨਹੀਂ ਕਰਨਾ,ਦੂਜੇ ਘਰ ਜਾ ਕੇ ਫੋਨ ਦਾ ਡਾਇਲ ਸਦਾ ਹੀ ਘੁੰਮਦਾ ਰੱਖਣਗੇ,ਆਪਣੇ ਘਰੋਂ ਲੋਕਲ ਕਾਲ ਵੀ ਨਹੀਂ ਕਰਨੀ,ਪੈਟਰੋਲ ਦੀ ਕੰਜੂਸੀ ਲਈ ਲਿਫਟ ਮੰਗਣੀ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਹੈ। ਬਸ ਵਿਚ ਅਖਬਾਰ ਤਾਂ ਹਰ ਕੋਈ ਲੈ ਲੈਂਦਾ ਹੈ ਫਿਰ ਪੈਸੇ ਕਿਉਂ ਖਰਚ ਕਰਨੇ ਮੰਗ ਕਿ ਪੜ ਲਵਾਂਗੇ,ਜੇ ਅਸੀਂ ਨਿਗਾਹ ਮਾਰੀਏ ਤਾਂ ਹਰ ਪਾਸੇ ਆਦਮੀ ਕੰਜੂਸ ਬਣ ਰਿਹਾ ਹੈ।ਤੀਵੀਆਂ ਤਾਂ ਹੋਰ ਵੀ ਮੱਖੀ ਚੂਸ ਹਨ ਇਸ ਲਈ ਸਾਡੀ ਏਕਤਾ ਜਿੰਦਾਬਾਦ। ਪ੍ਧਾਨ ਜੀ ਦਾ ਭਾਸ਼ਣ ਸੁਣ ਕੇ ਸਾਰੇ ਹੀ ਕੰਜੂਸ ਬਾਗੋਬਾਗ ਹੋ ਗਏ ਤੇ ਖੂਬ ਸਲਾਹੁਤਾ ਕੀਤੀ ਤੇ ਤਾੜੀਆਂ ਦੀ ਗੜਗੜਾਹਟ ਵੀ ਹੋਈ। ਉਨਾਂ ਨੂੰ ਗਿਆਨ ਹੋ ਗਿਆ ਕੇ ਬੇਸ਼ੱਕ ਸਾਡੇ ਕੁਝ ਕੁ ਉਪਰ ਹੀ ਕੰਜੂਸੀ ਦਾ ਲੇਬਲ ਲੱਗਾ ਹੈ ਪਰ ਅੱਜਕੱਲ ਤਾਂ ਹਰ ਇਕ ਕੰਜੂਸ ਹੈ।ਹੁਣ ਸਾਨੂੰ ਝਿਜਕਣ ਲੁਕਣ ਦੀ ਜਾਂ ਦੁਖੀ ਹੋਣ ਦੀ ਕੋਈ ਲੋੜ ਨਹੀਂ ਹੈ। ਜਦੋਂ ਵਾਰੀ ਸਕੱਤਰ ਸਾਹਿਬ ਦੀ ਆਈ ਤਾਂ ਉਨਾਂ ਵੀ ਇਸੇ ਗੱਲ ਤੇ ਜ਼ੋਰ ਦਿੱਤਾ ਕੇ ਅੱਜ ਦੇ ਸਮੇਂ ਦੀ ਮੁੱਖ ਮੰਗ ਇਹੀ ਹੈ ਕਿ ਕੰਜੂਸ ਬਣੋ ਤੇ ਲੋਕਾਂ ਨੂੰ ਵੀ ਬਣਾਉ ਤੇ ਆਪਣਾ ਏਕਾ ਜਿੰਦਾਬਾਦ। ਸਾਨੂੰ ਆਪਣੇ ਵੱਡ-ਵਡੇਰਿਆਂ ਅਤੇ ਕੀਤੇ ਹੋਏ ਕੰਜੂਸੀ ਵਾਲੇ ਕੰਮਾਂ ਤੇ ਫਖਰ ਹੈ। ਉਨਾਂ ਨੇ ਚਮੜੀ ਜਾਏ ਪਰ ਦਮੜੀ ਨਾ ਜਾਏ ਮਹਾਂਵਾਕ ਤੇ ਜ਼ੋਰ ਦਿੱਤਾ ਤੇ ਇਸ ਸਿਧਾਂਤ  ਤੇ ਡਟ ਕੇ ਪਹਿਰਾ ਦੇਣ ਲਈ ਸਭ ਨੂੰ ਪੇ੍ਰਿਆ। ਉਨਾਂ ਦੱਸਿਆ ਸਾਡਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਰੌਚਕ ਵੀ,ਕਈ ਫਿਲਮਾਂ,ਕਹਾਣੀਆਂ ਚੁਟਕਲੇ ਕਹਾਵਤਾਂ ਅਤੇ ਬੋਲੀਆਂ ਕੰਜੂਸਾਂ ਬਾਰੇ ਪਰਚੱਲਿਤ ਹਨ। ਸਾਡੇ ਬਿਨਾਂ ਸਮਾਜ ਸੁੰਨਾ,ਖੁਸ਼ਕ ਤੇ ਬੋਝਲ ਹੈ।ਅਸੀਂ ਸਮਾਜ ਦਾ ਨਰੋਆ,ਜੁਗਾੜੀ ਤੇ ਲਾਭਦਾਇਕ ਅੰਗ ਹਾਂ। ਹਰ ਸਮਾਜ ਹਰ ਧੁਰੇ ਵਿਚ ਅਸੀਂ ਮੌਜੂਦ ਹਾਂ। ਤੀਵੀਆਂ ਸਾਡੀਆਂ ਪੱਕੀਆਂ ਮੈਂਬਰ ਹਨ। ਅਖੀਰ ਵਿਚ ਸਕੱਤਰ ਸਾਹਿਬ ਨੇ ਸਾਰਿਆਂ ਤੋਂ ਹੱਥ ਖੜੇ ਕਰਵਾ ਕੇ ਅੱਗੇ ਤੋਂ ਹੋਰ ਕੰਜੂਸੀ ਦਾ ਪ੍ਣ ਲਿਆ ਕੇ ਮੈਂਬਰਾਂ ਨੇ ਆਪੋ ਆਪਣੇ ਨਾਲ ਕੜੀ ਦੇ ਤੌਰ ਤੇ 5-5 ਮੈਂਬਰ ਹੋਰ ਜੋੜਨੇ ਹਨ ਤੇ ਮੀਟਿੰਗ ਦੀ ਸਮਾਪਤੀ ਕੀਤੀ। ਮੀਟਿੰਗ ਦੀ ਸਮਾਪਤੀ ਤੋਂ ਮਗਰੋਂ ਸਭ ਨੂੰ ਚਾਹ ਦਾ ਕੱਪ ਪੇਸ਼ ਕਰਨਾ ਸੀ ਪਰ ਇਸ ਤੋਂ ਸਾਰੇ ਹੀ ਪਿੱਛੇ ਹਟਣ ਲੱਗ ਪਏ,ਪਰ ਵਿਚੋਂ ਇਕ ਕੰਜੂਸ ਥੋੜਾ ਦਿਲ ਕਰੜਾ ਕਰਕੇ ਚਾਹ ਦੀ ਤਿਆਰੀ ਕਰਨ ਲੱਗਾ।ਸ਼ਰਮੋ ਸ਼ਰਮੀ ਹੋਰਾਂ ਨੇ ਵੀ ਪਾਸਿਉਂ ਤੋਂ ਡੱਕੇ,ਸੱਕ ਸੁੱਕੇ ਗੋਹੇ ਆਦਿ ਇਕੱਠੇ ਕਰਨੇ ਸ਼ੁਰੂ ਕੀਤੇ ਤਾਂਕਿ ਚਾਹ ਨੂੰ ਉਬਾਲਾ ਦਿੱਤਾ ਜਾ ਸਕੇ,ਪੰਜ ਰੁਪੈ ਦੀ ਖੰਡ,ਪੰਜ ਦੀ ਚਾਹ ਪੱਤੀ ਪੰਜ ਰੁਪੈ ਦੇ ਦੁੱਧ ਨਾਲ ਫਿੱਕੀ ਫਕੋਈ ਚਾਹ ਦਾ ਪਤੀਲਾ ਤਿਆਰ ਹੋ ਗਿਆ। ਕੰਜੂਸੀ ਨਾਲ 2-2 ਘੁੱਟਾਂ ਚਾਹ ਵਰਤਾਈ ਗਈ। ਮੂੰਹ ਵਿੰਗਾ ਟੇਢੇ ਕਰਦੇ ਕਰਦੇ ਬਹੁਤ ਵਧੀਆ ਸਵਾਦ ਹੈ ਸਾਰੇ ਦੋ ਦੋ ਵਾਰ ਚਾਹ ਪੀ ਗਏ। ਪਰ ਸਾਰੇ ਕੰਜੂਸ ਇਕ ਥਾਂ ਇਕੱਠੇ ਹੋ ਕੇ ਬਹੁਤ ਖੁਸ਼ ਹੋਏ। ਹੁਣ ਉਹ ਸਾਰੇ ਬਹੁਤ ਹੀ ਖੁਸ਼ ਸਨ ਕਿਉਂਕਿ ਇਸ ਮੀਟਿੰਗ ਨਾਲ ਉਹ ਹਿੱਕ ਤਾਣ ਕੇ ਤੁਰਨ ਜੋਗੇ ਹੋ ਗਏ ਸਨ। ਸਾਰੇ ਹੀ ਚੜਦੀ ਕਲਾ ਦੇ ਪ੍ਰਤੀਕ ਹੋ ਰਹੇ ਸਨ। ਅਗਲੀ ਮੀਟਿੰਗ ਦੀ ਤਾਰੀਖ ਉਦੋਂ ਹੀ ਤਹਿ ਹੋਵੇਗੀ ਜਦੋਂ ਕੋਈ ਪੰਦਰਾਂ ਰੁਪੈ ਖਰਚ ਕੇ 50 ਕੁ ਕੰਜੂਸਾਂ ਲਈ ਚਾਹ ਦਾ ਇੰਤਜਾਮ ਕਰੇਗਾ। ਅਜੇ ਤੱਕ ਕੋਈ ਐਸਾ ਦਾਨੀ ਨਹੀਂ ਲੱਭਾ ਜੋ 15 ਰੁਪੈ ਦੀ ਮਦਦ ਕਰਕੇ ਸਾਰੀ ਯੂਨੀਅਨ ਨੂੰ ਚਾਹ ਪਿਆ ਸਕੇ। ਵੈਸੇ ਯੂਨੀਅਨ ਕਾਇਮ ਹੈ। ਸਭਨਾਂ ਮੈਂਬਰਾਂ ਨੇ ਆਪਣੇ ਨਾਲ 2-2 ਤੇ 3-3 ਮੈਂਬਰ ਹੋਰ ਵੀ ਬਣਾ ਲਏ ਹਨ। ਉਨਾਂ ਦੀ ਮੈਂਬਰਸ਼ਿਪ ਸਲਿਪ ਅਗਲੀ ਮੀਟਿੰਗ ਵਿਚ ਦਿੱਤੀ ਜਾਵੇਗੀ। ਉਮੀਦ ਹੈ ਅਗਲੀ ਮੀਟਿੰਗ ਹੋਰ 2-4 ਦਿਨਾਂ ਵਿਚ ਰੱਖ ਲਈ ਜਾਵੇਗੀ ਜਿਸ ਵਿਚ ਹੋਰ ਵੀ ਅਹਿਮ ਫੈਸਲੇ ਲਏ ਜਾਣਗੇ। ਪ੍ਧਾਨ ਜੀ ਨੇ ਸਭਨਾਂ ਆਇਆਂ ਹੋਇਆਂ ਕੰਜੂਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਦੀ ਬਾਬਤ ਦੱਸਿਆ ਕਿ ਸਭਨਾਂ ਨੂੰ ਪੈ੍ਸ  ਰਾਂਹੀ ਅਗਲੀ ਮੀਟਿੰਗ ਦੀ ਤਾਰੀਖ ਦੱਸੀ ਜਾਵੇਗੀ।ਅੱਜ ਦੀ ਮੀਟਿੰਗ ਕਾਮਯਾਬ ਰਹੀ ਹੈ। ਕੰਜੂਸ ਯੂਨੀਅਨ ਜਿੰਦਾਬਾਦ...