ਕੌਣ ਐਨੀਆਂ ਪੀੜਾਂ ਸਾਂਭੇ
ਦੇਵੀਂ ਬੂਹੇ ਮੇਰੇ ਵੀ ਦਸਤਕ
ਜਦੋਂ ਕਦੇ ਤੂੰ ਆਇਆ ਵਾਂਢੇ
ਸ਼ੀਸ਼ਾ ਕਰਤਾ ਘਰ ਮੈਂ ਸਾਰਾ
ਮਾਰ ਮਾਰ ਕੇ ਵਿਹੜੇ ਮਾਂਜੇ
ਤੇਰੇ ਹੱਥ 'ਤੇ ਰੱਖ ਦੇਣੇ ਮੈਂ
ਪੀੜ ਪੰਜੇਬਾਂ,ਦਰਦ ਪਰਾਂਦੇ
ਲੀਕ ਮੱਥੇ ਦੀ ਘਸ ਗਈ ਮੇਰੀ
ਪੂਜ ਪੂਜ ਕੇ ਮੜੀਆਂ,ਨਾਂਗੇ
ਹੀਰ ਦਾ ਖਾਲੀ ਛੰਨਾ ਰੋਵੇ
ਖਾ ਕੇ ਚੂਰੀ ਮੁੱਕਰੇ ਰਾਂਝੇ
ਇੱਕ ਮੰਜ਼ਿਲ ਕਿੱਥੋਂ ਹੋਣੀ ਸੀ
ਹੁਣ ਤਾਂ ਰਾਹ ਵੀ ਰਹੇ ਨਾ ਸਾਂਝੇ
ਮਨ ਮੇਰਾ ਲੱਭ ਯਾਦ ਤੇਰੀ ਦੀ
'ਕੱਲੀ 'ਕੱਲੀ ਟਾਹਣੀ ਛਾਂਗੇ
ਦਿਲ ਮੇਰਾ ਹੈ ਪਿੱਤਲ ਬਣਿਆ
ਹੁਣ ਮੇਰੇ ਜਜ਼ਬਾਤ ਨੇ ਤਾਂਬੇ
ਲੈ ਜਾਵੀਂ ਕਦੇ ਆਉਂਦੇ ਜਾਂਦੇ
ਕੌਣ ਐਨੀਆਂ ਪੀੜਾਂ ਸਾਂਭੇ