ਸੱਚ ਨੂੰ ਸੱਚ ਕਹਿਣ ਦੀ ਹਿੰਮਤ
(ਲੇਖ )
ਪਿੰਡ ਭਾਰਤ ਦੇਸ਼ ਦੀ ਸ਼ਾਨ ਹਨ।ਇਸ ਸਬੰਧੀ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਜੇਕਰ ਕਿਸੇ ਭਾਰਤ ਦੇ ਅਸਲ ਵਿੱਚ ਦਰਸ਼ਨ ਕਰਨੇ ਹੋਣ ਤਾਂ ਉਹ ਕਿਸੇ ਪਿੰਡ ਦੇ ਦਰਸ਼ਨ ਕਰ ਲਵੇ ਅਤੇ ਉਸ ਨੂੰ ਭਾਰਤ ਬਾਰੇ ਜਾਣਕਾਰੀ ਮਿਲ ਜਾਵੇਗੀ। ਅੱਜ ਪੰਜਾਬ ਵਿੱਚ ਜ਼ਿਆਦਾ ਅਬਾਦੀ ਪਿੰਡਾਂ ਵਿੱਚ ਹੈ ਪਰ ਸਮੇਂ ਅਨੁਸਾਰ ਲੋਕ ਹੁਣ ਸ਼ਹਿਰਾਂ ਵੱਲ ਜਾਣ ਨੂੰ ਤਰਜੀਹ ਦੇ ਰਹੇ ਹਨ। ਇਸ ਪਿੱਛੇ ਬਹੁਤ ਸਾਰੇ ਕਾਰਨ ਹਨ।
ਜਦੋਂ ਡੀ.ਡੀ. ਪੰਜਾਬੀ ਤੇ ਕਈ ਵਾਰ ਇਹ ਧੁਨ ਵਜਦੀ ਹੈ ਕਿ ' ਮੇਰੇ ਪਿੰਡਾਂ ਵਿੱਚ ਰੱਬ ਵਸਦਾ' ਤਾਂ ਪਿੰਡਾਂ ਵਿੱਚ ਰਹਿਣ ਵਾਲਿਆ ਨੂੰ ਇਹ ਸੁਣ ਕੇ ਖੁਸ਼ੀ ਦੀ ਲਹਿਰ ਜਿਹੀ ਦੌੜ ਜਾਂਦੀ ਅਤੇ ਸ਼ੀਨਾ ਚੋੜਾ ਹੋ ਜਾਂਦਾ ਹੈ।ਕਹਿੰਦੇ ਨੇ ਇੱਕ ਸਮਾਂ ਸੀ ਜਦੋਂ ਅਦਾਲਤ ਦਾ ਜੱਜ ਕਿਸੇ ਸਿੱਖ-ਸਰਦਾਰ ਵਿਅਕਤੀ ਦੀ ਗਵਾਹੀ ਸੁਣ ਕੇ ਕੇਸ਼ ਦਾ ਫੈਸਲਾ ਕਰ ਦਿੰਦਾ ਸੀ ਕਿ ਇਹ ਸਿੱਖ-ਸਰਦਾਰ ਕਦੇ ਵੀ ਝੂਠ ਨਹੀਂ ਬੋਲਦੇ।ਕਿਉਂ ਕਿ ਪੰਜਾਬ ਦੇ ਪਿੰਡਾਂ ਵਿੱਚ ਜ਼ਿਆਦਾਤਰ ਅਬਾਦੀ ਸਿੱਖ-ਸਰਦਾਰਾਂ ਦੀ ਹੈ।ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਕਿ ਪਿਛਲੇ ਸਮਿਆਂ ਵਿੱਚ ਪਿੰਡਾਂ ਦੇ ਬੁਜਰਗ ਲੋਕ ਪਿੰਡ ਦੇ ਮਸਲਿਆਂ ਨੂੰ ਪਿੰਡ ਵਿੱਚ ਹੀ ਹੱਲ ਕਰਨ ਨੁੰ ਤਰਜੀਹ ਦਿੰਦੇ ਸੀ।ਕਸੂਰਵਾਰ ਨੂੰ ਕਸੂਰਵਾਰ ਕਹਿਣ ਵਿੱਚ ਕੋਈ ਅਨਾਕਾਨੀ ਨਹੀਂ ਸਨ ਕਰਦੇ ਅਤੇ ਲੋੜ ਪੈਣ ਤੇ ਜੁਰਮਾਨਾ- ਡੰਨ ਵੀ ਲਾਉਦੇ ਸਨ। ਇਸ ਕਰਕੇ ਪਿੰਡਾਂ ਜ਼ਿਆਦਤਰ ਸੁੱਖ ਸ਼ਾਤੀ ਬਣੀ ਰਹਿੰਦੀ ਸੀ। ਲੋਕ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਹੋਏ ਕਿਰਤ ਕਰਦੇ ਸਨ। ਪਰ ਅੱਜ ਪੰਜਾਬ ਦੇ ਪਿੰਡਾਂ ਦੇ ਹਲਾਤ ਬਦਲ ਰਹੇ ਹਨ। ਲੋਕ ਸ਼ਹਿਰਾਂ ਵੱਲ ਨੂੰ ਭੱਜ ਰਹੇ ਹਨ।ਜੇ ਕਿਸੇ ਨੂੰ ਇਹ ਲਿਆ ਪੁੱਛਿਆ ਜਾਵੇ ਕਿ ਵੀ ਤੁਸੀਂ ਸ਼ਹਿਰ ਕਿਉਂ ਜਾ ਰਹੇ ਹੋ ਤਾਂ ਜਵਾਬ ਹੁੰਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਲਈ ਜਾ ਰਹੇ ਹਾਂ।ਸ਼ਹਿਰਾਂ ਦੇ ਲਗਭਗ ਹਰ ਸਕੂਲ਼ ਦੀ ਵੈਨ ਪਿੰਡਾਂ ਵਿੱਚ ਆਉਂਦੀ ਹੈ।ਹੈਰਾਨੀ ਉਦੋਂ ਹੁੰਦੀ ਹੈ ਕਿ ਬਈ ਇਹਨਾਂ ਦੇ ਬੱਚੇ ਤਾਂ ਅਜੇ ਛੋਟੇ ਹਨ ਅਤੇ ਜਿਸ ਸ਼ਹਿਰ ਵੱਲ ਇਹ ਜਾ ਰਹੇ ਹਨ।ਇੱਥੇ ਇਹ ਵੀ ਵਰਣਨ ਯੋਗ ਹੈ ਕਿ ਕਈ ਲੋਕ ਕੋਈ ਵਿਕਸਤ ਸ਼ਹਿਰਾਂ ਵੱਲ ਨਹੀਂ ਜਾ ਰਹੇ ਉਹ ਤਾਂ ਸਿਰਫ ਪਿੰਡ ਨੂੰ ਛੱਡਣਾ ਚਾਹੁੰਦੇ ਹਨ ਭਾਵੇਂ ਸ਼ਹਿਰ ਪਿੰਡ ਤੋਂ ਪੰਜ –ਚਾਰ ਕਿਲੋਮੀਟਰ ਹੀ ਦੂਰ ਹੋਵੇ।ਹੁਣ ਸਮਝ ਆਉਣ ਲੱਗੀ ਹੈ ਕਿ ਬੱਚਿਆਂ ਦੀ ਪੜ੍ਹਾਈ ਇਸ ਦਾ ਕਾਰਨ ਨਹੀਂ। ਇਸ ਦੇ ਕਾਰਨ ਕੁੱਝ ਹੋਰ ਹਨ।
ਕਹਿੰਦੇ ਹਨ ਕਿ ਕਿਸੇ ਦੀ ਜਾਨ ਬਚਾਉਣ ਲਈ ਜਾਂ ਭਲੇ ਲਈ ਬੋਲਿਆ ਝੂਠ, ਝੂਠ ਨਹੀਂ ਹੁੰਦਾ। ਪਰ ਅੱਜ ਉਲਟ ਹੋ ਰਿਹਾ ਹੈ ਕਿਸੇ ਨੂੰ ਫਸਾਉਣ ਜਾਂ ਤੰਗ ਪ੍ਰੇਸ਼ਾਨ ਕਰਨ ਲਈ ਲੋਕ ਝੂਠ ਬੋਲਣ ਵਿੱਚ ਕੋਈ ਗੁਰੇਜ਼ ਨਹੀਂ ਕਰਦੇ। ਜਿਹਨਾਂ ਪਿੰਡਾਂ ਦੇ ਲੋਕਾਂ ਨੂੰ ਸੱਚੇ-ਸੁੱਚੇ ਸਮਝਿਆ ਜਾਂਦਾ ਸੀ। ਉਹ ਵੀ ਹੁਣ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ।ਉਹ ਵੀ ਹੁਣ ਸੌੜੀ ਰਾਜਨੀਤੀ ਦੇ ਸ਼ਿਕਾਰ ਹੋ ਰਹੇ ਹਨ।ਇਸ ਸਬੰਧੀ ਮੈਂ ਇੱਕ ਦੋ ਘਟਨਾਵਾਂ ਦਾ ਵਰਣਨ ਕਰਨਾ ਚਾਹਾਂਗਾ ਕੇ ਕਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਵਿੱਚੋਂ ਸਚਾਈ ਖ਼ਤਮ ਹੁੰਦੀ ਜਾ ਰਹੀ ਹੈ।ਪਿੰਡਾਂ ਦੇ ਲੋਕ ਵੀ ਆਪਣੇ ਵੋਟ ਬੈਂਕ ਨੂੰ ਵਧਾਉਣ ਅਤੇ ਰਾਜਨੀਤਿਕ ਲੀਡਰਾਂ ਵਾਂਗ ਕਿਸ ਤਰ੍ਹਾਂ ਪਿੰਡ ਦੇ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ।
ਮੈਂ ਇੱਕ ਪਿੰਡ ਦੇ ਰਹਿਣ ਵਾਲਾ ਹਾਂ। ੨੦੧੦ ਵਿੱਚ ਇੱਕ ਹੱਡ ਬੀਤੀ ਦਾ ਵਰਣਨ ਕਰਨ ਲੱਗਾ ਹਾਂ।ਮੈਂ ਆਪਣੇ ਮਾਤਾ ਜੀ ਦਾ ਅੱਖਾਂ ਦਾ ਅਪ੍ਰੇਸ਼ਨ ਕਰਵਾਇਆ। ਉਹਨਾਂ ਨੂੰ ਹਫਤੇ ਦਸ ਦਿਨ ਬਾਅਦ ਡਾਕਟਰ ਸਾਹਿਬ ਕੋਲ ਲਿਜਾਣਾ ਪੈਂਦਾ ਸੀ।ਪਹਿਲਾਂ ਪਹਿਲਾਂ ਮੈਂ ਉਹਨਾਂ ਨੂੰ ਕਿਰਾਏ ਤੇ ਕਾਰ ਵਿੱਚ ਲਿਜਾਂਦਾ ਰਿਹਾ , ਫੇਰ ਮੈਂ ਸੋਚਿਆ ਕਿ ਕਈ ਚੱਕਰ ਲੱਗਣਗੇ ਇਸ ਕਰਕੇ ਮੈਂ ਘਰੇ ਸਲਾਹ ਕਰਕੇ ਆਪਣੀ ਹੀ ਕਾਰ ਖਰੀਦ ਲਈ।ਹੁਣ ਜਦੋਂ ਕਦੇ ਲੋੜ ਹੁੰਦੀ ਮੈਂ ਕਾਰ ਤੇ ਸਕੂਲ ਵੀ ਚਲਿਆ ਜਾਂਦਾ ਅਤੇ ਮਾਤਾ ਜੀ ਦਾ ਇਲਾਜ ਵੀ ਚਲਦਾ ਰਿਹਾ।ਪਿੰਡ ਵਾਲਿਆਂ ਨੂੰ ਸ਼ਾਇਦ ਮੇਰਾ ਕਾਰ ਖਰੀਦਣਾ ਪਸੰਦ ਨਾ ਆਇਆ।ਉਹਨਾਂ ਨੇ ਤਾਂ ਮੇਰੇ ਘਰ ਦੇ ਮੂਹਰੇ ਦਸ ਕੁ ਫੁੱਟ ਲੰਬੀ ਤੇ ਪੰਜ ਕੁ ਫੁੱਟ ਪਈ ਸਾਂਝੀ ਜਗ੍ਹਾ ਤੇ ਕੰਧ ਕਰਨ ਦਾ ਮਸਲਾ ਖੜ੍ਹਾ ਕਰ ਲਿਆ।ਕਿਉਂ ਕਿ ਮੇਰਾ ਘਰ ਇੱਕ ਤੰਗ ਗਲ਼ੀ ਵਿੱਚ ਹੈ ਜਿੱਥੇ ਸਿਰਫ ਛੋਟੀ ਕਾਰ ਹੀ ਪੂਰੀ ਪੂਰੀ ਜਾਂਦੀ ਹੈ। ਅੱਗੇ ਜਾ ਕੇ ਇਹ ਗਲ਼ੀ ਬੰਦ ਹੋ ਜਾਂਦੀ ਹੈ। ਮੈਂ ਇਸ ਖਾਲੀ ਪਈ ਜਗ੍ਹਾ ਵਿੱਚ ਥੋੜ੍ਹੀ ਜਿਹੀ ਕਾਰ ਪਿੱਛੇ ਕਰਕੇ ਆਪਣੇ ਘਰ ਦੇ ਅੰਦਰ ਕਰ ਲੈਂਦਾ ਅਤੇ ਬਾਹਰ ਕੱਢ ਲੈਂਦਾ ਸੀ।ਪਤਾ ਨੀਂ ਕਿਵੇਂ ਉਹਨਾਂ ਲੋਕਾਂ ਮੇਰੇ ਹੀ ਭਾਈਚਾਰੇ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ।ਉਹਨਾਂ ਨੇ ਤਾਂ ਉੱਥੇ ਇੱਟਾਂ ਲਿਆ ਸੁੱਟੀਆਂ ਅਤੇ ਮੇਰੇ ਭਾਈਚਾਰੇ ਦਾ ਜੋ ਅਸੀ ਸਰਬਸੰਮਤੀ ਨਾਲ ਪੰਚ ਚੁਣਿਆ ਸੀ। ਉਹ ਉੱਥੇ ਆ ਬੈਠਾ।
ਮੈਂ ਉਸ ਨੂੰ ਪੁੱਛਿਆ, " ਵੀਰ ਜੀ ਇਥੇ ਕੀ ਬਣਾ ਰਹੇ ਹੋ ?" ਉਸ ਨੇ ਬੜੇ ਹੀ ਕੜਾਕੇ 'ਚ ਜੁਆਬ ਦਿੱਤਾ, " ਇੱਥੇ ਕੰਧ ਕਰ ਰਹੇ ਹਾਂ"।
"ਪਰ ਕਿਉਂ ? ਜੇ ਤੁਸੀਂ ਇੱਥੇ ਕੰਧ ਕਰ ਦਿੱਤੀ। ਮੇਰੀ ਕਾਰ ਨੀਂ ਅੰਦਰ ਵੜਨੀ। ਤੁਹਾਨੂੰ ਪਤਾ ਹੀ ਹੈ ਕਿ ਮੇਰੇ ਕੋਲ ਜਗ੍ਹਾ ਤੰਗ ਹੈ।ਤੁਸੀਂ ਮੈਂਨੂੰ ਇਹ ਜਗ੍ਹਾ ਵਾਸਤੇ ਜੋ ਮਰਜ਼ੀ ਵਾਜਬ ਸੇਵਾ ਲਗਾ ਦਿਉ। ਮੈਂ ਕਰਨ ਲਈ ਤਿਆਰ ਹਾਂ। ਪਰ ਤੁਸੀਂ ਇੰਝ ਨਾ ਕਰੋ"। ਮੈਂ ਉਹਨਾਂ ਨੂੰ ਬਹੁਤ ਤਰਲੇ ਪਾਏ ।ਸਾਡੀ ਵਰਤਾਲਾਪ ਸੁਣ ਕੇ ਹੋਰ ਵੀ ਲੋਕ ਪਹੁੰਚ ਗਏ ਸਨ।
ਉਸ ਅਤੇ ਇੱਕ ਹੋਰ ਪੰਚ ਨੇ ਦੋ ਟੁੱਕ ਜਵਾਬ ਦਿੱਤਾ, " ਤੇਰੀ ਕਾਰ ਹੀ ਤਾਂ ਅੰਦਰ ਵੜਨੋ ਬੰਦ ਕਰਨੀ ਐ"।
ਮੈਂ ਪਿੰਡ ਵਿੱਚ ਹੋਰ ਕਾਫੀ ਲੋਕਾਂ ਕੋਲ ਗਿਆ। ਮਸਲਾ ਪਿੰਡ ਵਿੱਚ ਨਾ ਸੁਲਝਿਆ। ਮੈਂ ਵੀ ਭਾਂਪ ਗਿਆ ਕਿ ਇਹ ਲੋਕ ਮੇਰੇ ਨਾਲ ਲੜਾਈ ਕਰਨਾ ਚਾਹੁੰਦੇ ਹਨ।ਕਿਉਂ ਕਿ ਇਹ ਚਾਹੁੰਦੇ ਹਨ ਕਿ ਇਹ ਸਰਕਾਰੀ ਮੁਲਾਜ਼ਮ ਹੈ ਇਸ ਨੂੰ ਕਿਵੇਂ ਨਾ ਕਿਵੇਂ ਉਲਝਾ ਲਉ।ਇਸ ਲਈ ਮਾਮਲਾ ਪੁਲਿਸ ਕੋਲ ਪਹੁੰਚ ਗਿਆ।ਪੁਲਿਸ ਸਟੇਸ਼ਨ ਵਿੱਚ ਇਹ ਫੈਸਲਾ ਹੋਇਆ ਕਿ ਦੋਹਾਂ ਧਿਰਾਂ ਦੀ ਸੱਤ ਇਕਵੰਜਾ ਬਣਾ ਕੇ ਜਮਾਨਤਾਂ ਕਰ ਦਿੱਤੀਆਂ।ਮੈਂ ਇਸ ਕਾਨੂੰਨੀ ਦਾਅ ਪੇਚ ਵਿੱਚ ਪੈਣਾ ਨਹੀਂ ਚਾਹੁੰਦਾ ਸੀ। ਪਰ ਮੈਂ ਆਪਣੇ ਇੱਕ ਵਕੀਲ ਦੋਸਤ ਨਾਲ ਸਲਾਹ ਕੀਤੀ ਉਸ ਨੇ ਮੈਂਨੂੰ ਸਾਰੀ ਗੱਲ ਸਮਝਾਈ। ਕਿ ਲੜਾਈ ਝਗੜੇ ਤੋਂ ਬਚਣ ਦਾ ਇਹੀ ਸਰਲ ਤਰੀਕਾ ਹੈ।
ਜਦੋਂ ਜਮਾਨਤਾਂ ਦੇ ਕਾਗ਼ਜ ਪੱਤਰ ਪੁਲਿਸ ਵਾਲੇ ਤਿਆਰ ਕਰ ਰਹੇ ਸਨ।ਉਹਨਾਂ ਵਾਲੇ ਪਾਸੇ ਬੰਦੇ ਜ਼ਿਆਦਾ ਸਨ। ਮੇਰੇ ਵਾਲੇ ਪਾਸੇ ਘੱਟ, ਇੱਕ ਪਿੰਡ ਦਾ ਸਿਆਣਾ ਬੰਦਾ । ਉੱਠ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ, " ਦੇਖ ਬਈ, ਮੁੰਡਿਆ ਕਿਉਂ ਐਵੇਂ ਗੱਲ ਵਧਾਈ ਜਾਨੈ ਓ।ਐਵੇਂ ਛੇ ਮਹੀਨੇ ਕਚਿਹਰੀਆਂ ਦੇ ਚੱਕਰ ਕੱਟਦੇ ਫਿਰੋਗੇ। ਤੁਸੀਂ ਸਮਝੋਤਾ ਕਰ ਲਵੋ"।
ਮੈਨੂੰ ਉਸ ਦੀ ਗੱਲ ਸਿਆਣੀ ਲੱਗੀ। ਮੈਂ ਕਿਹਾ, " ਵੀਰ ਠੀਕ ਐ,ਪਰ ਮੈਨੂੰ ਇੱਕ ਗੱਲ ਦੱਸੋ। ਤੁਸੀਂ ਸਭ ਦੇ ਸਾਂਝੇ ਬੰਦੇ ਹੋ ।ਤੁਸੀਂ ਸਾਡੇ ਕੋਲ ਵੀ ਆਉਂਦੇ ਜਾਂਦੇ ਹੋ।ਇਹਨਾਂ ਕੋਲ ਵੀ ੇ ਆਉਂਦੇ ਜਾਂਦੇ ਹੋ। ਮੈਂ ਜਾਂ ਮੇਰੇ ਪਰਿਵਾਰ ਨੇ ਕਦੇ ਤੁਹਾਡੇ ਕੋਲ ਕਿਸੇ ਦੀ ਨਿੰਦਿਆ ਚੁਗਲੀ ਜਾਂ ਕਿਸੇ ਨੂੰ ਮਾੜਾ ਚੰਗਾ ਕਿਹਾ ਹੋਵੇ।ਫੇਰ ਕੀ ਇਹ ਜ਼ਾਇਜ ਹੈ ਜੋ ਇਹ ਉੱਥੇ ਕੰਧ ਕਰ ਰਹੇ ਹਨ।ਫੇਰ ਤੁਸੀਂ ਇਹਨਾਂ ਨੂੰ ਰੋਕਦੇ ਕਿਉਂ ਨਹੀਂ । ਇਹ ਮਾਮਲਾ ਪਿੰਡ ਵਿੱਚ ਵੀ ਸੁਲਝ ਸਕਦਾ ਸੀ।ਵੀਰ ਜੀ ਤੁਸੀਂ ਇਹ ਹੁਣ ਵੀ ਪੁਲਿਸ ਸਾਹਮਣੇ ਕਹਿ ਦਿਉ ਕਿ ਇਸ ਵਿਅਕਤੀ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਤੁਹਾਡੇ ਇੰਨੀ ਕੁ ਗੱਲ ਕਹਿਣ ਨਾਲ ਸਾਰਾ ਮਾਮਲਾ ਸੁਲਝ ਜਾਣਾ"।
ਉਸ ਨੇ ਜੁਆਬ ਦਿੱਤਾ, " ਤੁਸੀਂ ਤਾਂ ਕਿਸੇ ਨਾਲ ਕੋਈ ਵਾਧਾ ਨਹੀਂ ਕਰਦੇ।ਇਹ ਵੀ ਸਹੀ ਹੈ ਕਿ ਇਹ ਸਭ ਜਾਣ ਬੁੱਝ ਕੇ ਹੋ ਰਿਹਾ ਹੈ। ਪਰ ਮੈਂ ਇਹ ਪੁਲਿਸ ਅੱਗੇ ਕਹਿ ਨਹੀਂ ਸਕਦਾ"।
ਮੇਰੇ ਮੂੰਹੋ ਉਸ ਨੂੰ ਫਿਟਕਾਰ ਨਿਕਲੀ ਕੇ ਜੇ ਤੁਸੀਂ ਸੱਚੀ ਗੱਲ ਕਹਿ ਹੀ ਨਹੀਂ ਸਕਦੇ ਫੇਰ ਇੱਕ ਦੂਜੇ ਨਾਲ ਟੋਲੇ ਬਣਾ ਕੇ ਕਿਉਂ ਤੁਰਦੇ ਹੋ।ਉਸ ਦੀ ਇੰਨੀ ਕੁ ਗੱਲ ਨਾ ਕਹਿਣ ਕਰਕੇ ਛੇ ਮਹੀਨੇ ਕਚਿਹਰੀਆਂ ਦੇ ਚੱਕਰ ਕੱਟਦੇ ਰਹੇ।ਜੇਕਰ ਪਿੰਡ ਦੀ ਪੰਚਾਇਤ ਜਾਂ ਪੰਤਵੰਤੇ ਸੱਜਣ ਸੱਚ ਨੂੰ ਸੱਚ ਆਖ ੰਿਦੰਦੇ।ਜੋ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਝਿੜਕ ਦਿੰਦੇ ਤਾਂ ਸ਼ਾਇਦ ਮਸਲਾ ਇੰਝ ਨਾ ਬਣਦਾ।
ਇਹ ਘਟਨਾਂ ਨੇ ਮੇਰੇ ਮਨ ਨੂੰ ਝਿਜੋੜ ਕੇ ਰੱਖ ਦਿੱਤਾ।ਮੈਂ ਆਪਣੇ ਨੇੜੇ ਸ਼ਹਿਰ ਧੂਰੀ ਵਿਖੇ ਪਲਾਟ ਖਰੀਦ ਲਿਆ।ਇਹ ਸੋਚ ਕੇ ਛੱਡੋ ਪਿੰਡ ਵਿੱਚ ਰਹਿਣਾ ਹੀ ਨਹੀਂ। ਜਿੱਥੇ ਬਿਨਾਂ ਵਜ੍ਹਾ ਮੁੱਲ ਦੀ ਲੜਾਈ ਲੈਣ ਵਾਲਾ ਕੰਮ ਹੈ। ਪਰ ਫੇਰ ਸੋਚਿਆ ਕਿ ਇਹ ਕੋਈ ਹੱਲ ਨਹੀਂ।ਇਸ ਲਈ ਸਾਨੂੰ ਪਿੰਡਾਂ ਲਈ ਕੁੱਝ ਕਰਨਾ ਚਾਹੀਦਾ ਹੈ।
ਇੱਕ ਦਿਨ ਡੀ.ਐੱਸ.ਪੀ. ਮਨਜੀਤ ਸਿੰਘ ਬਰਾੜ ਦਿੜਬਾ ਤੋਂ ਮੇਰੇ ਇਲਾਕੇ ਵਿੱਚ ਆਏ। ਉਹਨਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਰ ਬੰਦਿਆਂ ਨੂੰ ਸੰਬੋਧਨ ਕੀਤਾ। ਉਸ ਸਮੇਂ ਉਹਨਾਂ ਪੰਡਾਲ ਵਿੱਚ ਬੈਠੇ ਵਿਅਕਤੀ ਨੂੰ ਵੀ ਬੋਲਣ ਲਈ ਕਿਹਾ। ਇੱਕ ਰਿਟਾਇਰਡ ਐਕਸ਼ੀਅਨ ਸਾਹਿਬ ਬੋਲੇ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਰਿਟਾਇਰਮੈਂਟ ਤੋਂ ਪਿੰਡ ਵਿੱਚ ਆ ਕੇ ਰਹਿਣ ਲੱਗਾਂ ਹਾਂ ਤੇ ਮੈਂ ਆਪਣੀ ਕੋਠੀ ਪਿੰਡ ਬਣਾ ਲਈ ਹੈ।
ਉਹਨਾਂ ਦੀ ਸਪੀਚ ਤੋਂ ਬਾਅਦ ਡੀ.ਐਸ.ਪੀ. ਸਾਹਿਬ ਨੇ ਸਾਰਿਆ ਨੂੰ ਸੰਬੋਧਤ ਹੁੰਦੇ ਕਿਹਾ, " ਦੇਖੋ ਬਈ, ਇਹ ਬਹੁਤ ਚੰਗੀ ਗੱਲ ਹੈ ਕੇ ਕੋਈ ਪੜ੍ਹਿਆ ਲਿਖਿਆ ਤੇ ਤਜਰਬੇਕਾਰ ਵਿਅਕਤੀ ਪਿੰਡ ਵਿੱਚ ਆ ਕੇ ਰਹਿ ਰਿਹਾ ਹੈ। ਹੁਣ ਇਹ ਤੁਹਾਡੀ ਸਭ ਦੀ ਜੁੰਮੇਵਾਰੀ ਬਣਦੀ ਹੈ ਕਿ ਇਸ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ। ਕਿਉਂ ਕਿ ਪਿੰਡਾਂ ਵਿੱਚੋ ਪੜ੍ਹੇ ਲਿਖੇ ਅਤੇ ਸਿਆਣੇ ਲੋਕਾਂ ਨੂੰ ਭਜਾਉਣ ਵਿੱਚ ਸਾਡਾ ਹੀ ਹੱਥ ਹੈ।ਇੱਕ ਇਹ ਕਿ ਅੱਜ ਕੱਲ੍ਹ ਲੋਕ ਖਾਸ ਕਰਕੇ ਪਿੰਡਾਂ ਦੇ ਲੋਕ ਸੱਚੀ ਗੱਲ ਕਹਿਣ ਤੋਂ ਪਾਸਾ ਵੱਟਣ ਲੱਗ ਗਏ ਹਨ। ਇਸ ਨਾਲ ਜਿੱਥੇ ਕਰਾਈਮ ਵਧਦਾ ਹੈ। ਉੱਥੇ ਦਿਨੋ ਦਿਨ ਪੰਜਾਬ ਮਾਰੂ ਨਸ਼ਿਆਂ ਦੀ ਲਪੇਟ ਵਿੱਚ ਵੀ ਆ ਰਿਹਾ ਹੈ।ਕਿਉਂ ਕਿ ਜਦੋਂ ਅਸੀਂ ਕਿਸੇ ਨਸ਼ਾ ਵੇਚਣ ਵਾਲੇ ਨੂੰ ਫੜਦੇ ਹਾਂ। ਉਸ ਵਿਰੁੱਧ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਹੁੰਦਾ। ਇਸ ਕਰਕੇ ਉਹ ਛੁੱਟ ਜਾਂਦਾ ਹੈ ਅਤੇ ਉਹ ਆਪਣੇ ਕਾਰੋਬਾਰ ਵਿੱਚ ਦੁਬਾਰਾ ਫੇਰ ਲੱਗ ਜਾਂਦਾ ਹੈ। ਇਸ ਲਈ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਕਦੇ ਵੀ ਸੱਚੀ ਗੱਲ ਕਹਿਣ ਤੋਂ ਨਾ ਡਰੋ।ਇਸ ਨਾਲ ਹੀ ਪੰਜਾਬ ਤੇ ਪੰਜਾਬ ਦੇ ਪਿੰਡਾਂ ਦਾ, ਲੋਕਾਂ ਦਾ ਭਲਾ ਹੋ ਸਕਦਾ ਹੈ"।
ਮੈਂ ਆਪਣੀ ੨੯ ਸਾਲਾ ਧਰਮ ਪਤਨੀ ਐੱਮ.ਏ.ਈ.ਟੀ.ਟੀ. ਐੱਮ.ਐੱਸ.ਸੀ.ਆਈ.ਟੀ. ਨੂੰ ੨੦੧੩ ਵਿੱਚ ਸਰਪੰਚੀ ਦੀ ਚੌਣ ਲੜਾਈ ਅਤੇ ਜਿੱਤ ਹਾਸਿਲ ਕੀਤੀ।ਇਸ ਲਈ ਮੈਨੂੰ ਅਤੇ ਮੇਰੀ ਪਤਨੀ ਨੂੰ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ ਕਿ ਤੁਸੀਂ ਨੌਕਰੀ ਵਾਲੇ ਹੋ ਤੁਹਾਡੀ ਪਤਨੀ ਚੰਗੀ ਪੜ੍ਹੀ ਲਿਖੀ ਹੈ। ਤੁਹਾਨੂੰ ਕੀ ਲੋੜ ਹੈ ਇਸ ਪੰਗੇ ਵਿੱਚ ਪੈਣ ਦੀ, ਪਰ ਮੈਂ ਅਤੇ ਮੇਰੀ ਪਤਨੀ ਨੇ ਸਿਰਫ ਇਹ ਸੋਚ ਕੇ ਇਹ ਫੈਸਲਾ ਲਿਆ। ਕਿ ਚਲੋ ਜੇ ਬਹੁਤਾ ਨਹੀਂ ਘੱਟੋ ਘੱਟ ਕਸੂਰਵਾਰ ਨੂੰ ਕਸੂਰਵਾਰ ਕਹਿ ਕੇ ਪਿੰਡ ਦੇ ਲੋਕਾਂ ਦੀ ਥਾਣੇ-ਅਦਾਲਤਾਂ ਵਿੱਚ ਹੁੰਦੀ ਪੈਸੇ ਅਤੇ ਸਮੇਂ ਦੀ ਬਰਬਾਦੀ ਨੂੰ ਤਾਂ ਬਚਾਇਆ ਜਾ ਹੀ ਸਕਦਾ ਹੈ ਅਤੇ ਅਲੋਪ ਹੁੰਦੀ ਜਾ ਰਹੀ ਸੱਚ ਨੂੰ ਸੱਚ ਕਹਿਣ ਦੀ ਪਿਰਤ ਨੂੰ ਜਿਉਂਦਾ ਰੱਖਿਆ ਜਾ ਸਕੇ, ਹੋ ਸਕਦਾ ਇਸ ਨਾਲ ਪਿੰਡ ਦੀ ਖੁਰਦੀ ਸਾਖ ਨੂੰ ਕੁੱਝ ਹੱਦ ਤੱਕ ਸੰਭਾਲਿਆ ਜਾ ਸਕੇ।ਜੇ ਪਿੰਡਾਂ ਦੀਆਂ ਪੰਚਾਇਤਾਂ, ਪੰਤਵੰਤੇ ਸੱਜਣ ਪਾਰਟੀਬਾਜ਼ੀ ਅਤੇ ਜਾਤ- ਪਾਤ ਤੋਂ ਉੱਪਰ ਉੱਠ ਕੇ ਸੱਚਾਈ ਦਾ ਰਾਹ ਅਪਣਾ ਲੈਣ ਤਾਂ ਪਿੰਡਾਂ ਦਾ ਅਤੇ ਵਸਦੇ ਲੋਕਾਂ ਦਾ ਭਲਾ ਹੋ ਸਕਦਾ ਹੈ ਇਸ ਲਈ ਪੜ੍ਹੇ ਲਿਖੇ ਅਤੇ ਸੇਵਾ ਮੁਕਤ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਫੇਰ ਇਹ ਕਥਨ ਵੀ ਸੱਚ ਹੋ ਸਕਦਾ ਹੈ ਕਿ ਮੇਰੇ ਪਿੰਡਾਂ ਵਿੱਚ ਰੱਬ ਵਸਦਾ ਹੈ।