ਇਹ ਗੱਲ ਕੋਈ ਉਨੀ ਸੌ ਬਾਨਵੇਂ ਦੀ ਹੋਵੇਗੀ ਜਦ ਜਰਨੈਲ ਸਿੰਘ ਕਨੇਡਾ ਆਇਆ ਸੀ। ਜਰਨੈਲ ਸਿੰਗ ਸਧਾਰਨ ਕਿਸਾਨ ਸੀ। ਉਸ ਨੇ ਆਪਣੇ ਬੱਚਿਆਂ ਨੂੰ ਔਕੇ ਹੋ ਕੇ ਵੀ ਪੜ੍ਹਾਇਆ। ਉਸ ਦਾ ਇੱਕ ਪੁੱਤ ਚੰਗੀ ਪੜਾਈ ਕਰਕੇ ਕਨੇਡਾ ਪਹੁੰਚ ਗਿਆ ਸੀ। ਉਸ ਨੇ ਆਪਣੇ ਮਾਪਿਆਂ ਨੂੰ ਕਨੇਡਾ ਆਉਣ ਲਈ ਅਪਲਾਈ ਕੀਤਾ। ਥੋੜੇ ਮਹੀਨਿਆਂ ਵਿੱਚ ਹੀ ਜਰਲੈਲ ਸਿੰਘ ਨੂੰ ਕਨੇਡਾ ਦਾ ਵੀਜ਼ਾ ਮਿਲ ਗਿਆ। ਹੁਣ ਪਿੱਛੇ ਰਹਿੰਦੇ ਉਹਦੇ ਪੁੱਤ ਚਤੁਰ ਸਿੰਘ ਨੂੰ ਜੋ ਸਰਕਾਰੀ ਨੌਕਰੀ ਕਰਦਾ ਸੀ,ਕਨੇਡਾ ਆਉਣ ਦੀ ਚਿਤਮਣੀ ਲੱਗ ਗਈ। ਉਸ ਨੂੰ ਜੁਗਾੜ ਫਿੱਟ ਕਰਨ ਦਾ ਬੜਾ ਢੰਗ ਸੀ। ਕਿਸੇ ਨਾ ਕਿਸੇ ਤਰ੍ਹਾਂ ਇਧਰ ਉਧਰ ਦੀ ਕਰਕੇ ਛੋਟੇ ਭਰਾ ਦੀ ਸਹਾਇਤਾ ਨਾਲ ਉਹ ਵੀ ਅਮਰੀਕਾ ਵਿੱਚ ਦੀ ਹੁੰਦਾ ਹੋਇਆ ਕਨੇਡਾ ਪਹੁੰਚ ਗਿਆ। ਉਸ ਨੇ ਹਮੇਸ਼ਾ ਕੰਮ ਕਾਰ ਵਿੱਚ ਵੀ ਲਹਿਰਾਂ ਗਿਣ ਕੇ ਹੀ ਪੈਸਾ ਟਕਾ ਬਣਾਇਆ।
ਕਹਿੰਦੇ ਹਨ ," ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ।" ਪਰ ਉਹ ਕਾਠ ਦੀ ਹਾਂਡੀ ਚੜ੍ਹਾਣ ਦਾ ਜੁਗਾੜ ਹਰ ਮੋੜ ਤੇ ਲਾ ਲੈਂਦਾ।
ਥੋੜੇ ਸਮੇਂ ਪਿੱਛੋਂ ਜਰਨੈਲ ਸਿੰਘ ਦੀ ਘਰ ਵਾਲੀ ਸਾਥ ਛੱਡ ਗਈ। ਹੁਣ ਜਰਨੈਲ ਸਿੰਘ ਨੂੰ ਇਕੱਲਤਾ ਮਹਿਸੂਸ ਹੋਣ ਲੱਗੀ। ਵੱਡਾ ਪੁੱਤ ਚਤਰ ਸਿੰਘ ਕਿਨਾਰਾ ਕਰ ਗਿਆ। ਬਾਪ ਨੂੰ ਸੰਭਾਲਣਾ ਉਸ ਲਈ ਦੋਜ਼ਖ ਜਾਪਣ ਲੱਗਾ। ਇੱਕ ਤਾਂ ਉਹ ਕੁੱਝ ਢਿਲਾ ਰਹਿੰਦਾ ਸੀ ਦੂਸਰਾ ਉਸ ਦੀ ਹਾਲ ਪੈਨਸ਼ਨ ਨਹੀਂ ਲੱਗੀ ਸੀ। ਸੋ ਬਾਪ ਨੂੰ ਸੰਭਾਲਣ ਵਿੱਚ ਉਸ ਨੂੰ ਕੋਈ ਲਾਹਾ ਨਹੀਂ ਦਿਸਦਾ ਸੀ। ਚਤਰ ਸਿੰਘ ਨੇ ਸਾਰੀ ਉਮਰ ਉਹ ਖੇਡ ਨਹੀਂ ਖੇਡੀ ਸੀ ਜਿਸ ਤੋਂ ਉਸ ਨੂੰ ਲਾਹਾ ਨਾ ਮਿਲਦਾ ਹੋਵੇ। ਉਸ ਨੂੰ ਰਿਸ਼ਤੇ ਦੀ ਪ੍ਰਵਾਹ ਨਹੀਂ ਸੀ ਉਸ ਨੂੰ ਤਾਂ ਕਿਸੇ ਲਾਹੇ ਨਾਲ ਮਤਲਬ ਸੀ। ਜਰਨੈਲ ਸਿੰਘ ਛੋਟੇ ਪੁੱਤਰ ਸੁਖਵੰਤ ਸਿੰਘ ਨਾਲ ਰਹਿਣ ਲਗਾ। ਜਿੰਨ੍ਹਾ ਚਤਰ ਸਿੰਘ ਖਚਰਾ ਸੀ ਸੁਖਵੰਤ ਸਿੰਘ ਉਨਾਂ ਸਾਊ ਸੀ।
ਪਿੱਛੇ ਪੈਲੀ ਦੇ ਪੈਸੇ ਟਕੇ ਦਾ ਸਾਰਾ ਲੈਣ ਦੇਣ ਚਤਰ ਸਿੰਘ ਹੀ ਕਰਕੇ ਆਉਂਦਾ ਸੀ। ਸੁਖਵੰਤ ਨੇ ਕਦੀ ਲੋੜ ਮਹਿਸੂਸ ਨਹੀਂ ਕੀਤੀ ਸੀ ਕਿ ਕੋਈ ਹਿਸਾਬ ਕਿਤਾਬ ਪੁੱਛੇ। ਜੇ ਬਾਪ ਕਹਿੰਦਾ ਵੀ ਤਾਂ ਸੁਖਵੰਤ ਆਈ ਗਈ ਕਰ ਦਿੰਦਾ ਕਿAਂਕਿ ਸੁਖਵੰਤ ਦਾ ਕੰਮ ਕਾਰ ਇੱਥੇ ਚੰਗਾ ਸੀ ਦੂਸਰਾ ਉਹ ਝਗੜੇ ਝਾਂਜੇ ਤੋਂ ਹਮੇਸ਼ਾ ਬਚਦਾ ਸੀ। ਚਤਰ ਸਿੰਘ ਉਸ ਨੂੰ ਕੁੱਝ ਦੁਆਲ ਨਹੀਂ ਸੀ। ਹਰ ਬਾਤ ਦਾ ਬਤੰਗੜ ਬਣਾ ਕੇ ਕਈ ਦਿਨ ਖਹਿੜਾ ਨਹੀਂ ਛੱਡਦਾ ਸੀ। ਆਮਦਨ ਨਾਲੋਂ ਉਹ ਖਰਚ ਵਧੇਰੇ ਦੱਸ ਦਿੰਦਾ। ਕਦੀ ਘਰ ਦੀ ਮੁਰੰਮਤ ਕਦੀ ਪੈਲੀ ਕਰਾਹੀ ਕਦੀ ਬੋਰ ਕੀਤਾ ਆਦਿ ਆਦਿ । ਸੱਭ ਕੁੱਝ ਇਉਂ ਦੱਸਦਾ ਕਿ ਸੁਖਵੰਤ ਨੂੰ ਦੇਣਦਾਰ ਬਣਾ ਦਿੰਦਾ । ਪਰ ਪਿਉ ਉਸ ਦੀਆਂ ਆਦਤਾਂ ਨੂੰ ਜਾਣਦਾ ਸੀ। ਉਹ ਬਹੁਤ ਵਾਰ ਸੁਖਵੰਤ ਨੂੰ ਕਹਿੰਦਾ ਪੁੱਤ ਮੈਂ ਇਸ ਨੂੰ ਜਾਣਦਾ ਹਾਂ ਤੈਨੂੰ ਵੇਚ ਕੇ ਖਾ ਜਾਊ। ਪਰ ਸੁਖਵੰਤ ਕਲੇਸ਼ ਦੇ ਡਰੋਂ ਚੁੱਪ ਰਹਿਣਾ ਹੀ ਮੁਨਾਸਬ ਸਮਝਦਾ ਸੀ।
"ਕਈ ਵਾਰ ਆਪਣੇ ਹੱਕ ਦੇ ਲਈ ਸਮੇਂ ਤੋਂ ਘੇਸਲ ਵੱਟਣਾ ਚਿਰ ਪਾ ਕੇ ਅਜਿਹਾ ਦੁਖਦਾਈ ਬਣਦਾ ਹੈ ਕਿ ਫਿਰ ਸਮਾਂ ਬਹੁਤ ਪਿੱਛੇ ਰਹਿ ਜਾਦਾ ਹੈ। ਜੋ ਸਮੱਸਿਆ ਅੱਜ ਘਰ ਬੈਠ ਕੇ ਹੱਲ ਹੋ ਸਕਦੀ ਹੈ ਫਿਰ ਅਦਾਲਤਾਂ ਵਿੱਚ ਵੀ ਹੱਲ ਨਹੀਂ ਹੁੰਦੀ। ਕਈ ਵਾਰ ਉਹ ਸਮੱਸਿਆ ਜੀਵਨ ਭਰ ਲਈ ਬਹੁਤ ਕਸ਼ਟ ਦਾਇਕ ਹੋ ਜਾਂਦੀ ਹੈ।"
ਕਈ ਸਾਲਾਂ ਪਿੱਛੋਂ ਜਰਨੈਲ ਸਿੰਘ ਆਪ ਇੰਡੀਆ ਆਪਣੇ ਪਿੰਡ ਚਲਾ ਗਿਆ। ਕੁੱਝ ਤਾਂ ਆਪਣੇ ਸ਼ਰੀਕੇ ਕਬੀਲੇ ਨੂੰ ਮਿਲਣ ਦੀ ਤਾਂਘ ਸੀ ਦੂਸਰਾ ਉਸ ਨੂੰ ਡਰ ਸੀ ਕਿ ਚਤਰ ਸਿੰਘ ਹੇਠਾ ਉੱਤਾ ਕਰਕੇ ਪੈਲੀ ਨਾ ਹਥਿਆ ਲਵੇ। ਜਾਣ ਤੋਂ ਪਹਿਲਾਂ ਉਸ ਨੇ ਚਤਰ ਸਿੰਘ ਨੂੰ ਪਿੰਡ ਜਾਣ ਦੀ ਭਿਣਕ ਨਾ ਲੱਗਣ ਦਿੱਤੀ।
ਕੁੱਝ ਦਿਨਾਂ ਬਾਅਦ ਜਦ ਚਤਰ ਸਿੰਘ ਨੂੰ ਬਾਪ ਦੇ ਪਿੰਡ ਜਾਣ ਦਾ ਪਤਾ ਲੱਗਾ ਤਾਂ ਉਸ ਨੂੰ ਪਿੱਸੂ ਪੈ ਗਏ ਕਿ ਬਾਪ ਜ਼ਮੀਨ ਦਾ ਠੇਕਾ ਨਾ ਲੈ ਲਏ। ਸ਼ਤਰੰਜ ਦਾ ਖਿਡਾਰੀ ਕੁੱਝ ਦਿਨਾਂ ਪਿੱਛੋਂ ਜਹਾਜ਼ ਦੀ ਟਿਕਟ ਲੈ ਕੇ ਪਿੰਡ ਜਾ ਵੱਜਿਆ। ਜਾਂਦਿਆਂ ਹੀ ਪਹਿਲੇ ਦਿਨ ਤਾਂ ਉਹ ਪਿੰਡ ਵਿੱਚ ਇਧਰ ਉਧਰ ਮਿਲਦਾ ਰਿਹਾ। ਪਿੰਡ ਦੇ ਸ਼ਰੀਕੇ ਕਬੀਲੇ ਦੀ ਸਾਰ ਲੈਂਦਾ ਰਿਹਾ ਜਿਥੇ ਘਰਾਂ ਵਿੱਚ ਵਿੱਥ ਦੇਖਦਾ ਉਥੇ ਫਾਲ ਲਾ ਦਿੰਦਾ। ਇਸ ਨਾਲ ਆਪਣਾ ਪੱਖ ਬਣਾਉਣ ਦੀ ਚਾਲ ਚੱਲਦਾ ਰਿਹਾ। ਪਿੰਡ ਦੇ ਲੋਕ ਵੀ ਸਮਝਦੇ ਸਨ ਕਿ ਇਹ ਪਿੰਡ ਵਿੱਚ ਕੋਈ ਪੁਆੜਾ ਖੜਾ ਕਰ ਕੇ ਜਾਏਗਾ। ਸਾਰੀ ਸਥਿਤੀ ਨੂੰ ਭਾਪ ਕੇ ਇੱਕ ਦੋ ਦਿਨ ਬਾਅਦ, ਜਿਨ੍ਹਾ ਕੋਲ ਪੈਲੀ ਠੇਕੇ ਤੇ ਹੁੰਦੀ ਸੀ ਕਹਿਣ ਲੱਗਾ ਕਿ ਅਗਲੇ ਸਾਲ ਦੇ ਠੇਕੈ ਦੇ ਪੈਸੇ ਦਾ ਪ੍ਰਬੰਧ ਕਰ ਦਿਉ।
ਪੈਲੀ ਵਾਹਕ ਤੇਜਾ ਸਿਹੁੰ ਨੇ ਕਿਹਾ," ਪੈਸੇ ਬਾਈ ਜੀ ਨੂੰ ਦੇ ਦਿੱਤੇ ਹਨ। ਉਹ ਕਹਿੰਦਾ ਸੀ ਕਿ ਮੈਨੂੰ ਲੋੜ ਹੈ"
ਚਤਰ ਸਿੰਘ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਪਹਿਲਾਂ ਤਾਂ ਠੇਕੇ ਵਾਲਿਆ ਨਾਲ ਹੇਠਾਂ ਉੱਤੇ ਹੋਇਆ,"ਤੁਹਾਨੂੰ ਕਿਸ ਨੇ ਕਿਹਾ ਸੀ ਪੈਸੇ ਬਾਪੂ ਨੂੰ ਦਿਉ। ਜਦੋਂ ਮੈਂ ਹਰ ਸਾਲ ਠੇਕਾ ਲੈ ਕੇ ਜਾਂਦਾ ਹਾਂ। "।
ਤੇਜਾ ਸਿਹੁੰ ਨੇ ਕਿਹਾ," ਕੋਈ ਗੱਲ ਨਹੀਂ ਬਾਈ ਜੀ ਨੂੰ ਦੇ ਦਿੱਤੇ ਤਾਂ ਕੀ ਹੋਇਆ। ਘਰ ਦੀ ਗੱਲ ਹੈ।" ਅੱਗੇ ਉਸ ਨੇ ਹੱਸਦਿਆਂ ਕਿਹਾ," ਪੈਲੀ ਦਾ ਮਾਲਕ ਤਾਂ ਹਾਲ ਬਾਈ ਜੀ ਹੀ ਹੈ।"
ਚਤਰ ਸਿੰਘ ਅੱਗੋਂ ਖਰਵਾ ਬੋਲਿਆ," ਤੇਰਾ ਇਸ ਨਾਲ ਕੀ ਮਤਲਬ ਕੌਣ ਮਾਲਕ ਹੈ ਕੌਣ ਨਹੀਂ ਅੱਗੇ ਤੁਹਾਨੂੰ ਠੇਕੇ ਤੇ ਮੈਂ ਹੀ ਦੇ ਕੇ ਜਾਂਦਾ ਹਾਂ। ਸੋ ਠੇਕਾ ਲੈਣ ਦਾ ਹੱਕ ਮੇਰਾ ਹੈ। ਅੱਗੇ ਤੋਂ ਜੇ ਮੈਨੂੰ ਠੇਕਾ ਦੇਣਾ ਹੈ ਤਾਂ ਪੈਲੀ ਵਾਹੁਣੀ ਹੈ ਨਹੀਂ ਤਾਂ ਮੈਂ ਕਿਸੇ ਹੋਰ ਨੂੰ ਠੇਕੇ ਤੇ ਦੇਵਾਂਗਾ। ਮੈਂ ਕਿਸੇ ਨਾਲ ਗੱਲ ਵੀ ਕਰ ਲਈ ਹੈ। ਦੇਖਾਂਗਾ ਮੈਨੂੰ ਕਿਵੇਂ ਬਾਪ ਰੋਕਦੇ। ਇਹ ਗੱਲ ਕਰਕੇ ਉਨ੍ਹਾਂ ਤੇ ਦਬਾ ਬਣਾਉਣਾ ਚਾਹਿਆ। ਬਾਕੀ ਗੱਲ ਮੈਂ ਤੁਹਾਡੇ ਨਾਲ ਕੱਲ ਨੂੰ ਕਰਾਂਗਾ।" ਇਹ ਕਹਿ ਕੇ ਉੱਥੌਂ ਚਲਾ ਗਿਆ।
ਹੁਣ ਉਹ ਸੱਪ ਵਾਂਗ ਵਿੱਸ ਘੋਲਦਾ ਫਿਰਦਾ ਸੀ। ਉਸ ਨੂੰ ਚੈਨ ਨਹੀਂ ਆਉਣੀ ਸੀ ਜਿੰਨਾ ਚਿਰ ਆਪਣੇ ਬਾਪ ਤੋਂ ਠੇਕੇ ਦੇ ਪੈਸੇ ਨਾ ਲੈ ਲਏ ਅਤੇ ਅੱਗੇ ਤੋਂ ਉਸ ਨੂੰ ਠੇਕਾ ਲੈਣ ਤੋਂ ਵਰਜਤ ਨਾ ਕਰ ਦੇਵੇ। ਜਰਨੈਲ ਸਿੰਘ ਆਂਡ ਗੁਆਂਡ ਆਪਣੇ ਸਕਿਆਂ ਦੇ ਘਰ ਮੁਕੰਦ ਸਿੰਘ ਕੋਲ ਬੈਠਾ ਸੀ। ਚਤੁਰ ਸਿੰਘ ਪੁਛਦਾ ਪੁਛਾਉਂਦਾ ਬਾਪ ਕੋਲ ਚਲਾ ਗਿਆ। ਉਹ ਇਹ ਸਸ਼੍ਰਿਟਾਚਾਰ ਵੀ ਭੁੱਲ ਗਿਆ ਕਿ ਬਾਪ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ ਜਾ ਪੈਰ ਛੁਹਣੇ ਹਨ।
ਜਾਂਦਿਆਂ ਹੀ ਕਹਿੰਦਾ," ਤੈਨੂੰ ਕਿਸ ਨੇ ਕਿਹਾ ਸੀ ਕਿ ਆ ਕੇ ਜ਼ਮੀਨ ਦਾ ਠੇਕਾ ਲਈਂ।"
ਜਰਨੈਲ ਸਿੰਘ ਕਹਿੰਦਾ," ਕੋਈ ਗੱਲ ਨਹੀਂ ਅੱਗੇ ਹਰ ਸਾਲ ਤੂੰ ਹੀ ਜ਼ਮੀਨ ਦਾ ਠੇਕਾ ਲੈ ਕੇ ਜਾਂਦਾ ਹੈਂ। ਇਸ ਸਾਲ ਮੈਂ ਲੈ ਲਿਆ ਤਾਂ ਕੀ ਹੋਇਆ। ਮੈਨੂੰ ਇਥੇ ਪੈਸੇ ਦੀ ਜਰੂਰਤ ਪੈ ਸਕਦੀ ਹੈ।"
" ਦੋ ਚਾਰ ਸੌ ਰੱਖ ਕੇ ਬਾਕੀ ਮੈਂਨੂੰ ਦੇ ਦਿਹ।" ,ਚਤਰ ਸਿੰਗ ਨੇ ਖਰਵੀ ਅਵਾਜ਼ ਵਿੱਚ ਕਿਹਾ।
"ਇਨ੍ਹਾਂ ਪੈਸਿਆਂ ਵਿੱਚੋਂ ਤਾਂ ਮੈਂ ਤੈਨੂੰ ਦੁਆਨੀ ਨਹੀਂ ਦਿੰਦਾ ਸਗੋਂ ਜੇ ਇਉਂ ਹੀ ਹੈ ਤਾਂ ਪਿਛਲੇ ਸਾਲਾਂ ਦਾ ਠੇਕੇ ਦਾ ਹਿਸਾਬ ਤੂੰ ਦਿਹ।" ਜਰਨੈਲ ਸਿੰਘ ਨੇ ਤਲਖ ਹੁੰਦਿਆਂ ਕਿਹਾ।" ਸ਼ਰੀਕ ਦੇ ਘਰ ਬੈਠਿਆਾਂ ਜਰਨੈਲ ਸਿੰਘ ਨੇ ਬੇਇਜ਼ਤੀ ਮਹਿਸੂਸ ਕੀਤੀ।
ਇਹ ਸੁਣ ਕੇ ਚਤਰ ਸਿੰਘ ਨੇ ਵਿਹੁ ਘੋਲਦਿਆਂ ਕਿਹਾ" ਪਤਾ ਨਹੀਂ ਇਸ ਨੇ ਕਦੋਂ ਮਰਨਾ ਹੈ ਕਦੋਂ ਖਹਿੜਾ ਛੁੱਟਣਾ ਹੈ ਇਸ ਤੋਂ।" "
ਜਦੋਂ ਬੰਦਾ ਲਾਲਚ ਵਿੱਚ ਗਲ ਗਲ ਤੱਕ ਖੁਭ ਜਾਵੇ ਤਾਂ ਉਸ ਨੂੰ ਸੱਭ ਰਿਸਤੇ ਸੜੇ ਹੋਏ ਲੱਗਦੇ ਹਨ। ਉਨ੍ਹਾਂ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਉਸ ਲਈ ਉਹੀ ਰਿਸ਼ਤਾ ਪਵਿੱਤਰ ਹੁੰਦਾ ਹੈ ਜਿਸ ਵਿਚੋਂ ਉਸ ਦੀ ਪੈਸੇ ਦੀ ਹਵਸ ਪੂਰੀ ਹੋਵੇ। ਇਸ ਲਾਭ ਲਈ ਤਾਂ ਉਹ ਲੋਕਾਂ ਦੀਆਂ ਪੈਰਾਂ ਦੀਆਂ ਤਲੀਆਂ ਚੱਟਣ ਤੱਕ ਜਾਂਦਾ ਹੈ। ਉਸ ਨੂੰ ਆਲੇ ਦੁਆਲੇ ਦੇ ਲੋਕਾਂ ਦੀ ਸ਼ਰਮਿੰਦਗੀ ਨਹੀਂ ਹੁੰਦੀ"
"ਮੈਂ ਆਪਣਾ ਖਾਦਾ ਹਾਂ ਤੂੰ ਤਾਂ ਕਦੋਂ ਦਾ ਪੱਲਾ ਝਾੜਿਆ ਹੈ। ਮੈਂ ਤੁਹਾਡੇ ਲਈ ਕੀ ਨਹੀਂ ਕੀਤਾ। ਆਪਣੇ ਵਿਤੋਂ ਵੱਧ ਕੇ ਤੁਹਾਡੀ ਪਾਲਣਾ ਕੀਤੀ ਹੈ। ਤੂੰ ਉਹ ਸੱਭ ਕੁੱਝ ਭੁੱਲ ਗਿਆ ਹੈਂ। ਤੂੰ ਤਾਂ ਮੈਨੂੰ ਕੀ ਦੇਣਾ ਸੀ। ਤੂੰ ਮੈਨੂੰ ਆਪਣੇ ਘਰ ਜਾਣਾ ਵੀ ਵਰਜਿਤ ਕਰ ਦਿੱਤਾ। ਹੁਣ ਲਾਲਚ ਵੱਸ ਮੇਰੀ ਮੌਤ ਵੀ ਜਲਦੀ ਭਾਲਦਾ ਹੈਂ । ਕੋਈ ਨਹੀਂ ਮਰਨਾਂ ਤਾਂ ਸਾਰਿਆਂ ਨੇ ਹੈ।" ਇਹ ਕਹਿੰਦਿਆ ਜਰਨੈਲ ਸਿੰਘ ਦਾ ਗੱਚ ਭਰ ਆਇਆ। ਚਤਰ ਸਿੰਘ ਲੋਹਾ ਲਾਖਾ ਹੁੰਦਾ ਬੁੜ ਬੁੜ ਕਰਦਾ ਉਥੋਂ ਤੁਰ ਆਇਆ।
"ਵੇਖਿਆ ਮੁਕੰਦ ਸਿਆਂ ਇਸ ਦੀ ਕਰਤੂਤ। " ਜਰਨੈਲ ਸਿੰਘ ਨੇ ਮੁਕੰਦ ਸਿਹੁੰ ਨੂੰ ਸੰਬੋਧਨ ਹੁੰਦਿਆਂ ਕਿਹਾ।
ਮੁਕੰਦ ਸਿੰਘ ਕਹਿੰਦਾ" ਬਾਈ ਜੀ!ਇਸ ਕੋਲ ਕੀ ਨਹੀਂ। ਐਥੇ ਆ ਕੇ ਬੜੀਆਂ ਵੱਡੀਆਂ ਗੱਲਾਂ ਕਰਦਾ ਹੁੰਦੈ। ਬਈ! ਮੇਰੇ ਮੁੰਡੇ ਬਹੁਤ ਚੰਗੇ ਕੰਮਾਂ ਤੇ ਲੱਗੇ ਹਨ। ਮੇਰੇ ਆਪਦੇ ਕੋਲ ਵੀ ਬਹੁਤ ਪੈਸੇ ਹਨ। ਪਲਾਟ ਹਨ ਹੋਰ ਬਹੁਤ ਸ਼ਹਿਰੀ ਜਾਇਦਾਦ ਹੈ। ਬਾਪ ਸਾਡਾ ਉਥੇ ਮੌਜ ਕਰਦਾ ਹੈ। ਪਰ ਆਹ ਤਾਂ ਇਹਨੇ ਹੱਦ ਕਰਤੀ। ਕੀ ਫਾਇਦਾ ਪੈਸੇ ਦਾ ਜੇ ਬਾਪ ਨਾਲ ਇਹ ਸਲੂਕ ਹੈ। ਬਾਈ ਜੀ! ਬਾਬੇ ਨਾਨਕ ਜੀ ਨੇ ਠੀਕ ਹੀ ਕਿਹਾ ਹੈ "ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ।"
ਪਿਛਲੀ ਵਾਰ ਜਦ ਇਹ ਆਇਆ ਸੀ ਉਦੋਂ ਪਿੰਡ ਦੀ ਸਮਸ਼ਾਨ ਵਿੱਚ ਸ਼ੈਡ ਬਣਾਉਣ ਦਾ ਕੰਮ ਚੱਲਦਾ ਸੀ ਮੈਂ ਇਸ ਨੂੰ ਕਿਹਾ," ਤੂੰ ਕੁੱਝ ਮਦਦ ਕਰ ਪਿੰਡ ਦੀ ਡੀਵੈਪਮੈਂਟ ਦਾ ਕੰਮ ਹੈ । ਲੋਕ ਸ਼ਾਬਾਸ਼ ਦੇਣਗੇ।"
ਮੈਨੂੰ ਅੱਗੋਂ ਕਹਿੰਦਾ ਅਸੀਂ ਕਿਹੜਾਂ ਇੱਥੇ ਮਰਨਾ ਹੈ। ਕਰਨ ਉਹ ਜਿੰਨਾਂ ਨੂੰ ਲੋੜ ਹੈ।" ਮੈਂ ਚੁੱਪ ਕਰ ਗਿਆ
" ਕੀ ਦੱਸਾਂ ਮੁਕੰਦ ਸਿਆਂ" ਝੱਗਾ ਚੱਕੀਏ ਤਾਂ ਆਪਦਾ ਢਿੱਡ ਨੰਗਾ ਹੁੰਦਾ ਹੈ। ਉੱਥੇ ਵੀ ਮੈਨੂੰ ਇੱਕ ਦਿਨ ਧੱਕੇ ਮਾਰ ਕੇ ਗਿਆ। ਕਹਿੰਦਾ ਅੱਧੀ ਪੈਨਸ਼ਨ ਮੈਨੂੰ ਦਿਆ ਕਰ। ਤੂੰ ਹੀ ਦੱਸ ਜੋ ਮੈਨੂੰ ਸੰਭਾਲਦਾ ਹੈ ਮੇਰੀ ਸੇਵਾ ਕਰਦਾ ਹੈ ਮੈਂ ਉਸ ਨੂੰ ਦਿਆਂ ਕਿ ਜੋ ਮੈਨੂੰ ਘਰ ਨਹੀਂ ਵੜਣ ਦਿੰਦਾ ਉਸ ਨੂੰ ਦਿਆ ਕਰਾਂ। ਬਾਕੀ ਦੂਸਰਾ ਤਾਂ ਇਹਦੇ ਮੂਹਰੇ ਬੋਲਦਾ ਨਹੀਂ ਉਸ ਨੂੰ ਤਾਂ ਵਾਰੇ ਨਹੀਂ ਆਉਣ ਦਿੰਦਾ। ਮੈਂ ਇਹਨੂੰ ਬਹੁਤ ਵਾਰ ਕਹਿੰਦਾ ਹਾਂ ਕਿ ਤੂੰ ਇੱਕ ਮੋਟਰ ਜਿਹੜੀ ਮਰਜ਼ੀ ਰੱਖ ਲੈ। ਇੱਕ ਛੋਟੇ ਨੂੰ ਛੱਡ ਦਿਹ। ਕਿਸੇ ਗੱਲ ਤੇ ਨਹੀਂ ਆਉਂਦਾ। ਵੰਡਣ ਦਾ ਨਾਂ ਨਹੀਂ ਲੈਂਦਾ ਇਸ ਨੂੰ ਪਤਾ ਹੈ ਕਿ ਸਾਰੀ ਆਮਦਨ ਇਹੀ ਲੈਂਦਾ ਹੈ।ਜੇ ਵੰਡ ਕਰ ਲਈ ਤਾਂ ਪੈਲੀ ਦੀ ਆਮਦਨ ਅਧੀ ਰਹਿ ਜਾਏਗੀ। ਮੈਨੂੰ ਡਰ ਹੈ ਕਿ ਮੇਰੇ ਮਰਨ ਪਿੱਛੋਂ ਇਸ ਨੇ ਸੁਖਵੰਤ ਨੂੰ ਕੁੱਝ ਨਹੀਂ ਦੇਣਾ। ਕੋਠੀ ਵੀ ਨੱਪ ਜਾਏਗਾḔ। ਤੈਨੂੰ ਪਤਾ ਹੀ ਹੈ ਇਸ ਨੇ ਐਥੇ ਕੀ ਗੁਲ ਖਿੜਾਏ ਸੀ। ਇਸ ਦੀਆਂ ਕੀ ਕੀ ਗੱਲਾਂ ਦੱਸਾਂ। ਮੈਨੂੰ ਤਾਂ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ। ਪੁੱਤ ਦੀ ਨਿੰਦਿਆ ਕਰਨੀ ਬੜੀ ਔਖੀ ਹੈ। ਪਰ ਕੀ ਕਰਾਂ ਤੂੰ ਦੇਖ ਹੀ ਲਿਆ ਹੈ। ਜਿਧਰ ਵੀ ਜਾਂਦਾ ਹੈ ਅੱਗਾਂ ਲਾਈ ਫਿਰਦਾ ਹੈ। ਹੈ ਤਾਂ ਪੁੱਤ ਪਰ ਕੀ ਕਰੀਏ ਲੋਕ ਤਾਂ ਕਰਤੂਤਾਂ ਤੋਂ ਜਾਣਦੇ ਹਨ। ਆਹ ਗੱਲ ਆਖ ਕੇ ਮੈਨੂੰ ਸੜਕਣ ਲਾ ਦਿਤੀ। ਮਰਨ ਲੱਗਿਆਂ ਵੀ ਇਹ ਬੋਲ ਮੇਰੇ ਨਾਲ ਜਾਣਗੇ। ਅੱਛਾ ਹੁਣ ਮੈਂ ਚੱਲਦਾ ਹਾਂ। ਫਿਰ ਕਿਤੇ ਢਿੱਡ ਫਰੋਲੂਗਾ। ਗੱਲਾਂ ਬਹੁਤ ਕਰਨ ਵਾਲੀਆਂ ਹਨ। ਮੇਰਾ ਖਿਆਲ ਰੱਖਣਾ। ਜਰਨੈਲ ਸਿੰਘ ਮੰਜੇ ਤੋਂ ਮੁਸ਼ਕਿਲ ਨਾਲ ਉੱਠ ਕੇ ਬੈਠਕ ਤੋਂ ਬਾਹਰ ਗਲੀ ਵਿੱਚ ਤੁਰ ਗਿਆ। ਹੁਣ ਵੀ ਜਰਨੈਲ ਸਿੰਘ ਦੇ ਕੰਨਾਂ ਵਿੱਚ ਬੋਲ ਗੂੰਜ ਰਹੇ ਸਨ"ਤੂੰ ਕਦੋਂ ਮਰਨਾ ਹੈ" ।