ਪ੍ਰੋ ਨਿਰੰਜਨ ਸਿੰਘ ਢੇਸੀ ਨਾਲ਼ ਵਿਸ਼ੇਸ਼ ਮੀਟਿੰਗ
(ਖ਼ਬਰਸਾਰ)
ਟਰੌਂਟੋ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰੌਂਟੋ' ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਅਤੇ ਪੰਜਾਬੀ ਡਿਪਾਰਟਮੈਂਟ ਦੇ ਰਹਿ ਚੁੱਕੇ ਮੁਖੀ ਪ੍ਰੋ ਨਿਰੰਜਨ ਸਿੰਘ ਢੇਸੀ ਨਾਲ਼ 2 ਅਗਸਤ ਨੂੰ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਪ੍ਰੋ ਢੇਸੀ ਨੇ ਆਪਣੇ ਨਿੱਜੀ ਜੀਵਨ ਤੋਂ ਲੈ ਕੇ ਸਿਆਸੀ ਵਿਚਾਰਧਾਰਾ ਅਤੇ ਸਿਆਸੀ ਮਾਹੌਲ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਦਹਾਕਿਆਂ ਤੋਂ ਤਾਲਿਬਾਨੀ ਸੋਚ ਦਾ ਬੋਲਬਾਲਾ ਹੈ ਜਦਕਿ ਪੰਜਾਬ ਸਮੱਸਿਆ ਨੂੰ ਸਮਝਣ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ।

ਜਰਨੈਲ ਸਿੰਘ ਕਹਾਣੀਕਾਰ ਵੱਲੋਂ ਜੀ ਆਇਆਂ ਕਹੇ ਜਾਣ ਤੋਂ ਬਾਅਦ ਜਿੱਥੇ ਆਪਣੇ ਨਿੱਜੀ ਜੀਵਨ ਬਾਰੇ ਗੱਲਬਾਤ ਕਰਦਿਆਂ ਪ੍ਰੋ . ਢੇਸੀ ਨੇ ਆਪਣੇ ਦਰਦ ਭਰੇ ਜੀਵਨ ਦਾ ਬਿਰਤਾਂਤ ਸਾਂਝਾ ਕੀਤਾ ਓਥੇ ਨਕਸਲਬਾੜੀ ਲਹਿਰ ਤੋਂ ਲੈ ਕੇ ਖਾਲਿਸਤਾਨੀ ਲਹਿਰ ਤੱਕ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਪੰਜਾਬ ਚਾਲ਼ੀ ਸਾਲ ਪਿੱਛੇ ਪੈ ਗਿਆ ਹੈ ਅਤੇ ਅੱਜ ਵੀ ਖਾਲਿਸਤਾਨੀ ਦੌਰ ਦੇ ਕਾਲ਼ੇ ਕਾਰਨਾਮਿਆਂ ਦਾ ਨਤੀਜਾ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੌਰ ਦਾ ਦੁਖਾਂਤ ਇਹ ਹੈ ਕਿ ਉਸ ਸਮੇਂ ਦਸਵੀਂ ਫੇਲ੍ਹ ਵਿਦਿਆਰਥੀ ਵੀ ਅਸਾਲਟਾਂ ਦੇ ਆਸਰੇ ਬੀ.ਐੱਸ਼ਸੀ. ਤੇ ਐੱਮ.ਐੱਸ਼ਸੀ. ਕਰ ਰਹੇ ਸਨ ਜਦਕਿ ਉਨ੍ਹਾਂ ਨੂੰ ਏ+ਬੀ ਸੁਕੇਅਰ ਦਾ ਮਤਲਬ ਵੀ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਆਪਣੀ ਧੌਂਸ ਜਾਂ ਸਿਫ਼ਾਰਸ਼ ਦੇ ਜ਼ੋਰ 'ਤੇ ਨੌਕਰੀਆਂ 'ਤੇ ਲੱਗੇ ਉਹ ਲੋਕ 40 ਸਾਲ ਬਾਅਦ ਰਿਟਾਇਰ ਹੋਣਗੇ ਤੇ ਨਤੀਜੇ ਵਜੋਂ ਪੰਜਾਬ ਚਾਲੀ ਸਾਲ ਤੱਕ ਅਨਪੜ੍ਹ ਲੀਡਰਸ਼ਿਪ ਦੇ ਵੱਸ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਦੀ ਲੱਚਰ ਗਾਇਕੀ ਅਤੇ ਪੰਜਾਬੀਆਂ ਦਾ ਨਸ਼ਿਆਂ ਵਿੱਚ ਵਹਿ ਜਾਣਾ ਖਾਲਿਸਤਾਨੀ ਦੌਰ ਦੀ ਤਾਨਾਸ਼ਾਹੀ ਦਾ ਨਤੀਜਾ ਹੀ ਹੈ ਕਿਉਂਕਿ ਉਸ ਸਮੇਂ ਦੌਰਾਨ ਹੰਢਾਈ ਨਿਰਾਸ਼ਤਾ ਅਤੇ ਧੱਕੇਸ਼ਾਹੀ ਦੇ ਵਿਰੋਧ ਵਿੱਚ ਹੀ ਇਹ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਲਿਬਾਨੀ ਦੌਰ ਅੱਜ ਵੀ ਜਾਰੀ ਹੈ ਜਿਸ ਅਧੀਨ ਨਾ ਸਿਰਫ ਵਿਰੋਧੀ ਵਿਚਾਰਧਾਰਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਗੋਂ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਵੀ ਡੋਬਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲੇ ਦਾ ਹੱਲ ਲੱਭਣ ਲਈ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।
ਕੁਲਵਿੰਦਰ ਖਹਿਰਾ ਨੇ ਪਾਸ਼ ਵਰਗੇ ਕਵੀ ਬਾਰੇ ਕੀਤੀਆਂ ਜਾ ਰਹੀਆਂ ਦੂਸ਼ਣਬਾਜ਼ੀਆਂ ਦੀ ਗੱਲ ਬਾਰੇ ਜਦੋਂ ਉਨ੍ਹਾਂ ਦੇ ਵਿਚਾਰ ਪੁੱਛੇ ਤਾਂ ਪ੍ਰੋ. ਢੇਸੀ ਹੁਰਾਂ ਕਿਹਾ ਕਿ ਇਹ ਲੋਕ ਤਾਂ ਅੱਜ ਗ਼ਦਰੀ ਬਾਬਿਆਂ ਨੂੰ ਵੀ ਖਾਲਿਸਤਾਨੀ ਕਹੀ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਬੌਣੇ ਲੋਕਾ ਦਾ ਕੰਮ ਬੌਣੀਆਂ ਗੱਲਾਂ ਕਰਨਾ ਹੁੰਦਾ ਹੈ ਅਤੇ ਸਿਆਣਪ ਇਸੇ ਗੱਲ ਵਿੱਚ ਹੈ ਕਿ ਉਨ੍ਹਾਂ ਦਾ ਨੋਟਿਸ ਨਾ ਲਿਆ ਜਾਵੇ।
ਵਰਿਆਮ ਸਿੰਘ ਸੰਧੂ ਹੁਰਾਂ ਨੇ ਕਿਹਾ ਕਿ ਅੱਜ ਜਿਹੜਾ ਅਜਮੇਰ ਸਿੰਘ ਕੈਨੇਡਾ ਦੇ ਦੌਰਿਆਂ ਦੌਰਾਨ ਪਾਸ਼ ਨੂੰ ਭੰਡ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਵਰਿਆਮ ਸਿੰਘ ਸੰਧੂ ਸਿਆਸਤ ਨੂੰ ਸਮਝ ਹੀ ਨਹੀਂ ਰਿਹਾ, ਉਹੀ ਅਜਮੇਰ ਸਿੰਘ ਕਦੀ ਪਾਸ਼ ਦਾ ਨਜ਼ਦੀਕੀ ਵੀ ਰਿਹਾ ਹੈ ਅਤੇ ਉਹੀ ਅਜਮੇਰ ਜਦੋਂ ਵੀ ਮੇਰੀ ਕੋਈ ਨਵੀਂ ਛਪੀ ਕਹਾਣੀ ਪੜ੍ਹਦਾ ਸੀ ਤਾਂ ਮੈਨੂੰ ਵਧਾਈ ਦੇਣ ਲਈ ਸੁਰਸਿੰਘ ਭੱਜਾ ਆਉਂਦਾ ਸੀ।
ਸਿਰਫ ਇੱਕ ਦਿਨ ਦੇ ਨੋਟਿਸ 'ਤੇ ਉਲੀਕੀ ਗਈ ਇਸ ਮੀਟਿੰਗ ਨੂੰ ਕਾਮਯਾਬ ਕਰਨ ਵਿੱਚ ਜਿੱਥੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਅਹਿਮ ਹਿੱਸਾ ਪਾਇਆ, ਉੱਥੇ ਗੁਰਦਾਸ ਮਿਨਹਾਸ ਨੇ ਹਮੇਸ਼ਾਂ ਦੀ ਤਰ੍ਹਾਂ ਚਾਹ ਪਾਣੀ ਦਾ ਪ੍ਰਬੰਧ ਬਾਖ਼ੂਬੀ ਨਿਭਾਇਆ। ਕੁਲਵਿੰਦਰ ਖਹਿਰਾ ਨੇ ਵੀਡੀਓ ਨਾਲ ਅਤੇ ਰਾਜਪਾਲ ਸਿੰਘ ਬੋਪਾਰਾਏ ਅਤੇ ਪ੍ਰਤੀਕ ਨੇ ਆਪਣੇ ਕੈਮਰੇ ਨਾਲ ਫੋਟੋਗ੍ਰਾਫ਼ੀ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਿਆ। ਇਸ ਮੀਟਿੰਗ ਵਿੱਚ ਬੁਲਾਰਿਆਂ ਤੋਂ ਇਲਾਵਾ 'ਨਵਾਂ ਜ਼ਮਾਨਾ' ਦੇ ਸਾਬਕਾ ਐਡੀਟਰ ਸੁਰਜਨ ਜ਼ਿਰਵੀ, ਗੁਰਜਿੰਦਰ ਸੰਘੇੜਾ, ਮਨਮੋਹਣ ਗੁਲਾਟੀ, ਸੰਪੂਰਨ ਸਿੰਘ ਚਾਨੀਆਂ, ਡਾ. ਬਲਜਿੰਦਰ ਸੇਖੋਂ, ਜਗੀਰ ਸਿੰਘ ਕਾਹਲੋਂ, ਵਕੀ.ਲ ਕਲੇਰ, ਸੁਦਾਗਰ ਬਰਾੜ, ਹਰਿੰਦਰ ਹੁੰਦਲ, ਸਲਮਾਨ ਨਾਜ਼, ਕੁਲਜੀਤ ਸਿੰਘ, ਪਿਆਰਾ ਸਿੰਘ ਕੁੱਦੋਵਾਲ਼, ਆਦਿ ਸ਼ਾਮਲ ਸਨ।
ਬ੍ਰਜਿੰਦਰ ਗੁਲਾਟੀ