ਫੁੱਲ ,ਕਲੀਆਂ,ਪੱਤ ,ਕੱਚੇ ਫਲ ਝੜੇ ।
ਨਾ ਸੁਣਾ ਵਾ ਚੰਦਰੀ ਦੇ ਸੋਹਲੜੇ ।
ਬਰਫ ਕਹਿ ਪਰਚਾਰਿਆ ਸੀ ਡਾਢਿਆਂ,
ਸਿਰ ਮੇਰੇ ਤੇ ਪੈ ਰਹੇ ਸੀ ਜੋ ਗੜੇ।
ਸਿਰ ਕਟਾਇਆ ਤੇ ਸ਼ਹੀਦੀ ਪਾ ਗਏ,
ਦੁਸ਼ਮਣਾ ਸਾਹਵੇ ਨ ਕੀਤੇ ਹੱਥ ਖੜੇ।
ਅਪਣਾ ਪੱਲੂ ਉਸ ਬਚਾਇਆ ਦਾਗ ਤੋਂ,
ਦੋਸ਼ ਸਭ ਬੇਦੋਸ਼ਿਆਂ ਦੇ ਸਿਰ ਮੜੇ ।
ਘੁੱਟ ਰੱਖੀਂ ਦਿਲ ਚ ਦਿਲ ਦੀ ਪੀੜ ਨੂੰ,
ਨਾ ਕਿਸ ਦੇ ਕੋਲ ਫੋਲੀਂ ਦੁੱਖੜੇ।
ਕੀ ਪਤਾ ਸੀ ਦਿਲ ਦੇ ਕਾਲੇ ਹੋਣਗੇ ,
ਚੰਨ ਵਰਗੇ ਸੀ ਜਿਨਾ੍ਹਂ ਦੇ ਮੁੱਖੜੇ।
ਪ੍ਰੀਤ ਐਸੀ ਚੀਜ਼ ਹੈ ਐ ਪੀ੍ਰਤ ਜੀ,
ਇਹ ਝੁਕਾ ਦਿੰਦੀ ਹੈ ਸਿਰ ਆਕੜੇ ।