ਮੇਰੀ ਕਵਿਤਾ (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਾਜ ਤੇ ਮੋਹਨ ਚੰਗੇ ਦੋਸਤ ਹਨ। ਮੋਹਨ ਇੱਕ ਚੰਗਾ ਕਵੀ ਹੋਣ ਦੇ ਨਾਲ ਨਾਲ ਇੱਕ ਚੰਗਾ ਇਨਸਾਨ ਅਤੇ ਦੋਸਤ ਵੀ ਹੈ। ਜਦੋਂ ਵੀ ਮੋਹਨ ਕੋਈ ਕਵਿਤਾ ਲਿਖਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਰਾਜ ਨੂੰ ਸੁਣਾਉਂਦਾ ਹੈ। ਇਕ ਦਿਨ ਦੋਨੋ ਸਮੁੰਦਰ ਦੇ ਕਿਨਾਰੇ ਬੈਠੇ ਸਨ ਕਿ ਰਾਜ ਕਹਿਣ ਲੱਗਾ, "ਮੋਹਨ, ਤੂੰ ਕੀ ਸਾਰਾ ਦਿਨ ਆਸਮਾਨ ਵੱਲ ਸਿਰ ਚੁਕਕੇ ਦੇਖਦਾ ਰਹਿੰਦਾ ਏਂ? ਕੀ ਤੇਰਾ ਕੋਈ ਖਜਾਨਾ ਗੁਆਚ ਗਿਆ ਏ?" "ਮੈ ਆਪਣੀ ਕਵਿਤਾ ਢੂੰਡਦਾ ਰੰਿਹਦਾ ਹਾਂ"
'ਕਵਿਤਾ? ਕੀ ਉਹ ਆਸਮਾਨ ਵੱਲ ਉਡ ਗਈ ਏ?"
'ਨਹੀਂ ਯਾਰ। ਉਹ ਦੇਖ ਕਾਲੇ ਕਾਲੇ ਬੱਦਲਾਂ ਦੇ ਪਿੱਛੇ ਝਾਤੀਆਂ ਮਾਰਦਾ ਸੂਰਜ।"
"ਉਹ ਤਾਂ ਦਿਸ ਹੀ ਰਿਹਾ ਏ, ਪਰ ਤੇਰੀ ਕਵਿਤਾ ਕਿੱਥੇ ਏ?"
"ਇਹੀ ਤਾਂ ਕਵਿਤਾ ਏ। ਮੈਨੂੰ ਤਾਂ ਇੰਜ ਲੱਗ ਰਿਹਾ ਏ ਜਿਵੇਂ ਕੋਈ ਕਾਲੀ ਕਾਲੀ ਜ਼ੁਲਫਾਂ ਖਿਲਾਰੀ ਅਪੱਸਰਾ ਅੱਖ ਮਾਰ ਰਹੀ ਹੋਵੇ। ਉਸਦੀ ਤੱਕਣੀ ਤੇ ਫਿਰ ਉਸਦਾ ਬੱਦਲਾਂ ਪਿਛੇ ਛੁਪ ਜਾਣਾ ਹੀ ਤਾਂ ਕਵਿਤਾ ਏ। "
"ਸੁਣਾ ਫਿਰ ਕੋਈ ਕਵਿਤਾ ਦੀ ਲਾਈਨ।"
"ਅੱਛਾ ਸੁਣ। ਕਾਲੇ ਕਾਲੇ ਬੱਦਲਾਂ ਚੋਂ ਨਿਕਲੀ ਇੱਕ ਅਪੱਸਰਾ,  ਤ੍ਰਿਪ  ਤ੍ਰਿਪ ਕਰਦਾ ਹੁਸਣ ਉਸਦਾ ਦੇਖਕੇ ਦਿਲ ਤੜੱਪਿਆ……"
"ਰਹਿਣ ਦੇ ਰਾਜ। ਇਹ ਵੀ ਕੋਈ ਕਵਿਤਾ ਏ? ਐਵੇਂ ਖਿਆਲੀ ਪਲਾਵ ਨਾ ਪਕਾਇਆ ਕਰ। ਅੱਛਾ ਤੂੰ ਜਦੋਂ ਮੇਰੇ ਨਾਲ ਬੀਚ ਤੇ ਜਾਂਦਾ ਏਂ ਤਾਂ ਫਿਰ ਸਮੁੰਦਰ ਨੂੰ ਕਦੀ ਦੂਰ ਤੋਂ ਤੇ ਕਦੀ ਉਸਦੀ ਗਹਿਰਾਈ ਤੋਂ ਦੇਖਦਾ ਏ, ਕੀਂ ਉਹ ਵੀ ਤੇਰੀ ਕਵਿਤਾ ਏ?"
ਉਹ ਤਾਂ ਕਵਿਤਾ ਦਾ ਹੀ ਖਜਾਨਾ ਹੈ। ਸਮੁੰਦਰ ਦੀ ਤਹਿ 'ਚ ਹਜ਼ਾਰਾਂ ਜਹਾਜ਼, ਦੱਬੇ ਪਏ ਨੇ। ਪਤਾ ਨਹੀਂ ਉਨਾਂ੍ਹ ਜਹਾਜ਼ਾਂ'ਚ ਕਿੰਨੀਆਂ ਖੂਬਸੂਰਤ ਸੁੰਦਰੀਆਂ ਸਵਾਰ ਸਨ। ਇਹੀ ਤਾਂ ਸਾਮਾਨ ਹੁੰਦਾ ਹੈ ਕਵਿਤਾ ਲਿਖਣ ਦਾ।
ਸੁਣਿਆ ਏ ਕਿ ਬਹੁਤੇ ਕਵੀਆਂ ਦੇ ਲਿਖਣ ਦੀ ਪਰ੍ਰੇਣਾ ਅੱਧ ਟੁਟੀ ਮੁਹੱਬਤ ਹੁੰਦੀ ਹੈ। ਉਹ ਆਪਣੀ ਪਰੇਮਿਕਾ ਨੂੰ ਕਵਿਤਾਵਾਂ ਰਾਹੀਂ ਜ਼ਿੰਦਾ ਰੱਖਦੇ ਹਨ। ਕਈ ਕਵੀ ਕਬਰਾਂ ਫਰੋਲ ਫਰੋਲ ਕੇ ਪਤਾ ਨਹੀਂ ਹੀਰ ਰਾਂਝੇ ਨੂੰ ਲੱਭਦੇ ਰਹਿੰਦੇ ਨੇ। ਕਦੀ ਥਲਾਂ'ਚ ਫਿਰਦੇ ਨੇ। ਮੇਰੇ ਖਿਆਲ'ਚ ਨਾ ਤਾਂ ਕੋਈ ਹੀਰ ਸੀ ਤੇ ਨਾ ਹੀ ਕੋਈ ਰਾਂਝਾ ਸੀ। ਇਹ ਸਭ ਮਨ ਘੜਤ ਕਹਾਣੀਆਂ ਹਨ। ਕਿਉਂ ਤੁਸੀਂ ਕਵੀ ਲੋਕ ਹੀਰ ਸਿਆਲਾਂ ਦੇ ਕਿੱਸੱੇ ਲਿਖ ਲਿਖ ਕੇ ਉਸਨੂੰ ਲੱਭਦੇ ਲੱਭਦੇ ਰਹਿੰਦੇ ਹੋ। ਕਈ ਹਜ਼ਾਰਾਂ ਪਰੇਮੀ ਹੀਰ ਰਾਂਝੇ ਵਾਂਗੂ ਜਾਨਾ ਗੁਆ ਬੈਠੇ ਨੇ ਪਰ ਉਨਾਂ੍ਹ ਬਾਰੇ ਕੋਈ ਨਹੀਂ ਲਿਖਦਾ।  ਇਹ ਦੱਸ ਤੂੰ ਕਿਸ ਮਹੌਲ'ਚ ਚੰਗੀ ਕਵਿਤਾ ਲਿਖ ਸੱਕਦਾ ਏਂ?ਰਾਜ ਨੇ ਮੋਹਣ ਨੂੰ ਪੁਛਿਆ।
ਮੋਹਨ ਨੇ ਕੁਝ ਝੱਕਦੇ ਝਕਦੇ ਨੇ ਕਿਹਾ, "ੀeੱਕ ਦਿਨ ਮੈਂ ਕਵਿਤਾ ਲਿਖਣ ਲਈ ਬੀਚ ਤੇ ਚਲਾ ਗਿਆ। ਸਮੁੰਦਰ ਵੀ ਸ਼ਾਂਤ ਸੀ। ਪਾਣੀ ਦੀਆਂ ਲਹਿਰਾਂ ਹੌਲੀ ਹੌਲੀ ਕੁਝ ਗੁਣਗੁਣਾ ਰਹੀਆ ਚਨ।  ਹੌਲੀ  ਹੌਲੀ ਸੂਰਜ'ਚ ਲਾਲੀ ਆ ਗਈ। ਸਮੁੰਦਰ ਦਾ ਪਾਣੀ ਵੀ ਸੁਨਹਿਰੀ ਲੱਗਣ ਲੱਗਾ। ਦੂਰ ਇੱਕ ਮਛਿਆਰਾ ਇਕ ਬੋਟ'ਚ ਬੈਠਾ ਘਰ ਨੂੰ ਮੁੜ ਰਿਹਾ ਸੀ ਤੇ ਐਸ ਡੀ ਬਰਮਨ ਦਾ ਗਾਣਾ ਗਾ ਰਿਹਾ ਸੀ, "ਮਾਂਝੀ ਰੇ…"ਬਹੁਤ ਹੀ ਖੂਬਸੂਰਤ ਨਜ਼ਾਰਾ ਸੀ। ਮੈ ਛੇਤੀ ਛੇਤੀ ਆਪਣਾ ਪੈਨ ਤੇ ਡਾਇਰੀ ਚੁਕੀ ਤੇ ਕਵਿਤਾ ਲਿਖਣ ਲਗਿਆ। ਹਾਲੇ ਮੈਂ ਇੱਕੋ ਅੱਖਰ ਹੀ ਲਿਖਿਆ ਸੀ ਕਿ ਛੁਪਦੇ ਸੂਰਜ ਦੇ ਨਾਲ ਸਾ੍ਹਮਣੇ ਸੁਨਹਿਰੀ ਵਾਲ ਹਵਾ ਨਾਲ ਕਿਲਕਲੀਆਂ ਵਜਾਉਂਦੇ ਮੈਨੂੰ ਉੜਦੇ ਨਜ਼ਰ ਆਏ। ਮੈ ਸੋਚਿਆ ਬੱਦਲ ਘਰ ਨੂੰ ਜਾ ਰਹੇ ਨੇ। ਇੱਕ ਸੁਨਹਿਰੀ ਸਾਇਆ ਪਤਲਾ ਕੁਝ ਲੰਬਾ ਮੇਰੇ ਵੱਲ ਵਧਣ ਲੱਗਾ। ਮੈ ਉਸ ਵੱਲ ਬੜੀ ਗੌਰ ਨਾਲ ਟਿਕਟਕੀ ਲਗਾਕੇ ਦੇਖਣ ਲੱਗਾ। ਮੈ ਤਾਂ ਮੰਤਰ ਮੁਗਧ ਹੋ ਗਿਆ। ਉਹ ਪੈਲਾਂ ਪਾਈ ਤੁਰ ਰਹੀ ਸੀ। ਤਾਜ਼ੇ ਫੁਲਾਂ ਦੀ ਖੁਸ਼ਬੂ ਮੇਨੂੰ ਮਦਹੋਸ਼ ਕਰਨ ਲੱਗੀ, ਸ਼ਾਇਦ ਉਹੀ ਮੇਰੀ  ਕਵਿਤਾ ਸੀ। ਮੈ ਬਿਨਾ ਡਾਇਰੀ ਵੱਲ ਦੇਖੇ ਪੈਨ ਨਾਲ ਘਸੀਟੇ ਮਾਰਣ ਲੱਗਾ। ਅਚਾਨਕ ਉਹ ਸੁਨੈਹਰੀ ਸਾਇਆ ਮੇਰੇ ਕੋਲ ਆ ਕੇ ਰੁਕਿਆ ਤੰ ਉਹ ਬੋਲਣ ਲੱਗਾ।
" ਸਰਦਾਰ ਜੀ, ਕਿਉਂ ਟਿਕਟਕੀ ਲਗਾਕੇ ਮੈਨੂੰ ਨਿਹਾਰ ਰਹੇ A? ਮੇਰੀ ਪਿਕਚਰ ਉਤਾਰ ਲਵੋ, ਤੁਹਾਡੇ ਕੋਲ ਰਹੇਗੀ?
ਮੈ ਸੋਚਾਂ ਉਹ ਮੇਰੇ ਖਿਆਲਾਂ ਦੀ ਪਰੀ ਸੀ, ਪਰ ਯਾਰ, ਉਹ ਤਾਂ ਜ਼ਹਿਰ ਦੀ ਪੁੜੀ ਸੀ। ਮੈ ਛੇਤੀ ਛੇਤੀ ਆਪਣੀ ਡਾਇਰੀ ਤੇ ਪੈਨ ਚੁਕੇ ਤੇ ਕਾਰ'ਚ ਬੈਠਾ ਘਰ ਪਹੁੰਚਿਆ। ਮੇਰੈ ਘਰਵਾਲੀ ਮੇਰੀ ਹਾਲਤ ਦੇਖਕੇ ਡਰ ਗਈ, " ਕੀ ਹੋਇਅ ਏ ਮੋਹਨ ਜੀ?  ਲੱਗਦਾ ਕੋਈ ਭੂਤ ਦੇਖ ਲਿਆ ਏ ਅੱਜ ਤੁਸੀਂ।"
"ਨਹੀ, ਜਿਸ ਸਾਏ ਨੂੰ ਮੈ ਕਵਿਤਾ ਸਮਝਕੇ ਲਿਖਣ ਲੱਗਾ ਸੀ ਉਹ ਤਾਂ ਜੀਂਦੀ ਜਾਗਦੀ ਕੋਈ ਔਰਤ ਸੀ। ਉਸਦੇ ਬੋਲ ਸਨ ਕਿ ਬੰਬ ਦਾ ਗੋਲੇ ਸਨ।
"ਤੁਸੀਂ ਖਾਲੀ ਪੁਲਾਉ ਹੀ ਬਣਾਉਂਦੇ ਰਹਿੰਦੇ ਹੋ ਹਰ ਵੇਲੇ, ਕਦੀ ਜੀਊਂਦੀਆਂ ਜਾਗਦੀਆਂ ਤਸਵੀਰਾਂ ਵੱਲ ਦੇਖਕੇ ਵੀ ਲਿਖ ਲਿਆ ਕਰੋ। ਥੋਡੇ ਵਰਗੇ ਕਵੀਆਂ ਨਾਲ ਇੰਜ ਹੀ ਹੋਣਾ ਚਾਹੀਦਾ ਏ। ਕੀ ਘਰ ਬੈਠਕੇ ਨਹੀਂ ਲਿਖ ਸਕਦੇ। ਕੀ ਥੌਨੂੰ ਮੇਰੇ ਕੋਲੋਂ ਲਿਖਣ ਦੀ ਪਰ੍ਰੇਣਾ ਨਹੀਂ ਮਿਲਦੀ?" ਮੋਹਨ ਦੀ ਇਸ ਤਰਾਂ੍ਹ ਨਾਲ ਝੰਡ ਹੋਈ ਦੀ ਵਾਰਦਾਤ ਸੁਣ ਕੇ ਰਾਜ ਖੂਬ ਹਸਿਆ ਤੇ ਕਹਿਣ ਲੱਗਾ,
" ਚੰਗਾ ਮੋਹਨ, ਮੈ ਕੰਮ ਤੇ ਜਾਣਾ ਏ ਤੇਰੀ ਤੇ ਤੇਰੀਆਂ ਕਵਿਤਾਵਾਂ ਦੀ ਗਾਥਾ ਮੈ ਫਿਰ ਕਿਸੇ ਦਿਨ ਸੁਣਾਗਾ।"
"ਅੱਗਲੇ ਸੰਡੇ ਫਿਰ ਮਿਲਾਂਗੇ ਤੇ ਤੂੰ ਮੇਰੀਆਂ ਕਵਿਤਾਵਾਂ ਸੁਣੀ।"
ਜ਼ਰੂਰ, ਜ਼ਰੂਰ ਕਹਿਕੇ ਤੇ ਮੋਹਨ ਦੀ ਗੱਲ ਤੇ ਹੱਸਦਾ ਹੋਇਆ ਰਾਜ ਚਲਾ ਗਿਆ ਤੇ ਮੋਹਨ ਫਿਰ ਕਵਿਤਾ ਬਾਰੇ ਸੋਚਨ ਲੱਗਾ। ਪਰ ਉਹ ਕੁਝ ਵੀ ਲਿਖ ਨਹੀਂ ਸਕਿਆ। ਆਪਣੀ ਪਤਨੀ ਨੂੰ ਆਵਾਜ਼ ਦੇਕੇ ਕਹਿਣ ਲਗਾ, 
"ਆ ਜਾ, ਸੋਹਣੀਏ, ਆ ਜਾ ਹੀਰੀਏ, ਰਲਕੇ ਕਵਿਤਾ ਖਾਈਏ। ਬੜੀ ਭੁਖ ਲੱਗੀ ਏ।" ਉਸਦੀ ਪਤਨੀ ਸੋਚ ਰਹੀ ਸੀ ਕਿ ਵਾਕਿਆ ਹੀ ਇਹ ਕਵੀ ਕੁਝ ਪਾਗਲ ਹੁੰਦੇ ਹਨ।