ਜਰਨੈਲ ਸਿੰਘ ਸੇਖਾ ਤੇ ਦਵਿੰਦਰ ਕੌਰ ਜੌਹਲ ਨੇ ਸਾਂਝੇ ਕੀਤੇ ਲਿਖਣ ਅਨੁਭਵ (ਖ਼ਬਰਸਾਰ)


ਵੈਨਕੂਵਰ -- 'ਮੈਂ ਸਹਿਜ ਮਤੇ ਲਿਖਦਾ ਹਾਂ!' ਇਹਨਾਂ ਲਫਜ਼ਾਂ ਨਾਲ ਉਘੇ ਕੈਨੇਡੀਅਨ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅਪਣੇ ਲਿਖਣ ਕਾਰਜ ਬਾਰੇ ਜਾਰਜ ਮੈਕੀ ਲਾਇਬਰੇਰੀ ਵਿਚ ਇਕਤਰ ਹੋਏ ਲੇਖਕਾਂ , ਬੁਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨਾਲ ਜਾਣਕਾਰੀ ਸਾਂਝੀ ਕੀਤੀ।ਚਿਤਰਕਾਰ ਜਰਨੈਲ ਸਿੰਘ ਨੇ ਸਰੋਤਿਆਂ ਨਾਲ ਉਹਨਾਂ ਦੀ ਜਾਣ ਪਛਾਣ ਕਰਵਾaਂਦਿਆਂ ਦਸਿਆ ਕਿ ਉਹਨਾਂ ਦੇ ਨਾਵਲਾਂ ਵਿਚ ਕੈਨੇਡੀਅਨ ਜੀਵਨ ਦੀਆਂ ਵੱਖ ਵੱਖ ਝਲਕਾਂ ਪੇਸ਼ ਹੁੰਦੀਆਂ ਹਨ ਅਤੇ ਉਹਨਾਂ ਦੀ ਸਵੈ ਜੀਵਨੀ ਮੂਲਕ ਪੁਸਤਕ 'ਚੇਤਿਆਂ ਦੀ ਚਿਲਮਨ' ਵਿਚ ਪੁਰਾਤਨ ਪੰਜਾਬ ਦੇ ਜੀਵਨ ਦੀਆਂ ਝਲਕੀਆਂ ਦਰਸ਼ਕ ਦੇਖਦਾ ਹੈ, ਨਾਲ ਹੀ ਉਹਨਾਂ ਨੇ ਸੇਖਾ ਸਾਹਬ ਨੂੰ ਮਿਲੇ ਬਲਰਾਜ ਸਾਹਨੀ ਪੁਰਸਕਾਰ ਤੇ ਕੈਲਗਰੀ ਲਿਖਾਰੀ ਸਭਾ ਵਲੋਂ ਮਿਲੇ ਸਨਮਾਨ ਤੇ ਹੋਰ ਅਨੇਕ ਮਾਨ ਸਨਮਾਨਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿਤੀ।ਉਹਨਾਂ ਅਪਣੇ ਮੁੱਢਲੇ ਜੀਵਨ ਬਾਰੇ ਦੱਸਿਆ ਕਿ ਬਹੁਤ ਸਾਧਾਰਨ ਪਰਿਵਾਰ ਵਿਚ ਜਨਮ ਲੈ ਕੇ ਉਹਨਾਂ ਨੇ ਸਖਤ ਮਿਹਨਤ ਕਰਕੇ ਪੜ੍ਹਾਈ ਕੀਤੀ ਅਤੇ ਅਧਿਆਪਨ ਕਾਰਜ ਸਮੇਂ ਹੀ ਨਾਲ ਨਾਲ ਉਚ ਪੜਾਈ ਪੂਰੀ ਕੀਤੀ।ਬਚਨਪਨ ਵਿਚ ਗੁਰਦਵਾਰਿਆਂ ਵਿਚ ਅਪਣੇ ਕਵੀਸ਼ਰ ਚਾਚੇ ਤੋਂ ਤੁਕਬੰਦੀ ਦੀ ਪ੍ਰੇਰਨਾ ਲੈ ਕੇ ਸ਼ੁਰੂਆਤੀ ਦੌਰ ਵਿਚ ਕਵਿਤਾਵਾਂ ਰਚੀਆਂ। ਉਸ ਸਮੇਂ ਦੇ ਪ੍ਰਸਿਧ ਨਾਵਲਕਾਰ ਜਸਵੰਤ ਸਿੰਘ ਕੰਵਲ ਹੋਰਾਂ ਨੇ ਵੀ ਉਹਨਾਂ ਨੂੰ ਪ੍ਰੇਰਨਾ ਤੇ ਉਤਸ਼ਾਹ ਦਿਤਾ।ਕੈਨੇਡਾ ਆ ਕੇ ਉਹਨਾਂ ਨੇ ਬੇਰੀ ਫਾਰਮਾਂ ਦੇ ਅਨੁਭਵਾਂ ਨੂੰ ਕਲਮ ਬੱਧ ਕੀਤਾ ਜਿਹੜੇ 'ਦੁਨੀਆ ਕੈਸੀ ਹੋਈ' ਨਾਵਲੀ ਰੂਪ ਵਿਚ ਛਪੇ।ਇਹ ਨਾਵਲ ਗੁਰੂ ਨਾਨਕ ਯੂਨੀਵਰਸਿਟੀ ਕੋਰਸ ਵਿਚ ਵੀ ਲੱਗਾ ਹੈ ਅਤੇ ਇਸ ਉਪਰ ਅੇਮ ਫਿਲ ਖੋਜ ਕਾਰਜ ਹੋ ਚੁੱਕਾ ਹੈ।ਉਹਨਾਂ ਦੱਸਿਆ ਕਿ ਹਰ ਨਾਵਲ ਲਿਖਣ ਸਮੇਂ ਉਹ ਸਮੇਂ ਸਥਾਨ ਤੇ ਭੂਗੋਲਿਕ, ਸਮਾਜਕ ਵਰਤਾਰੇ ਬਾਰੇ ਕਾਫੀ ਖੋਜਬੀਨ ਕਰਦੇ ਹਨ।ਭਗੌੜਾ ਲਿਖਣ ਸਮੇਂ ਚੈਕਸਲੋਵਾਕੀਆ ਬਾਰੇ ਇੰਟਰਨੈਟ ਤੋਂ ਇਕੱਤਰ ਕੀਤੀ ਜਾਣਕਾਰੀ ਬਹੁਤ ਸਹਾਈ ਹੋਈ।ਨਾਵਲ ਲਿਖਣ ਬਾਰੇ ਉਹਨਾਂ ਦੱਸਿਆ ਕਿ ਮੈਂ ਸਹਿਜ ਭਾ ਲ਼ਿਖਦਾ ਹਾਂ ਅਤੇ ਲਿਖਣ ਸਮੇਂ ਇਕ ਕਾਂਡ ਜਾਂ ਚੈਪਟਰ ਤੇ ਹੀ ਮੇਰਾ ਸਾਰਾ ਧਿਆਨ ਤੇ ਫੋਕਸ ਹੁੰਦਾ ਹੈ। ਉਹਨਾਂ ਹਰ ਨਾਵਲ ਦੇ ਲਿਖਣ ਸਮੇਂ ਬਾਰੇ ਖੁਲਾਸਾ ਕੀਤਾ ਕਿ ਕਿਸੇ ਨੂੰ ੫ ਸਾਲ ਲਗੇ ਅਤੇ ਕਿਸੇ ਨੂੰ ੭ ਸਾਲ।ਉਹਨਾਂ ਨੇ ਅਪਣੇ ਲਿਖੇ ਕੁਝ ਇਨਸ਼ਾਇਏ ਜਿਹਨਾਂ ਵਿਚ ਪੁਰਾਤਨ ਨੀਤੀ ਕਥਾਵਾਂ ਨੂੰ ਵਿੰਅਗਮਈ ਢੰਗ ਨਾਲ ਅਜੋਕੇ ਮਾਹੌਲ ਵਿਚ ਕਿਵੇਂ ਉਲਟ ਰੂਪ ਵਿਚ ਪੇਸ਼ ਕੀਤਾ ਹੈ, ਉਹ ਵੀ ਸਰੋਤਿਆਂ ਨਾਲ ਸਾਂਝੇ ਕੀਤੇ ਜਿਹਨਾਂ ਨੂੰ ਭਰਪੂਰ ਸਲਾਹੁਤਾ ਮਿਲੀ।

ਹਰ ਮਹੀਨੇ ਦੇ ਤੀਜੇ ਮੰਗਲਵਾਰ ਲਾਇਬਰੇਰੀ ਵਿਚ ਆਯੋਜਿਤ ਕੀਤੀ ਜਾਂਦੀ ਕਾਵਿ ਸ਼ਾਮ ਵਿਚ ਨਾਵਲਕਾਰ ਜਰਨੈਲ ਸਿੰਘ ਸੇਖਾ ਨਾਲ ਦੂਜੀ ਸ਼ਾਇਰਾ ਦਵਿੰਦਰ ਕੌਰ ਜੌਹਲ ਸ਼ਾਮਲ ਸੀ।ਪ੍ਰੋਗਰਾਮ ਦੇ ਅਰੰਭ ਵਿਚ ਮੋਹਨ ਗਿੱਲ ਨੇ ਜੀ ਆਇਆਂ ਕਹਿੰਦਿਆਂ ਪ੍ਰੋੜ ਸ਼ਾਇਰਾ ਦਵਿੰਦਰ ਕੌਰ ਜੌਹਲ ਬਾਰੇ ਜਾਣਕਾਰੀ ਦਿੱਤੀ ਕਿ ਉਹਨਾਂ ਦੀਆਂ ੬ ਕਾਵਿ ਪੁਸਤਕਾਂ ਛਪ ਚੁੱਕੀਆਂ ਹਨ। ਸ੍ਰੀਮਤੀ ਜੌਹਲ ਨੇ ਦੱਸਿਆ ਕਿ ਪਹਿਲੀ ਪੁਸਤਕ 'ਕਾਠ ਦੀਆਂ ਗੁੱਡੀਆਂ' ਸੀ ਜੋ ਕਿ ਉਹਨਾਂ ਦੀ ਪੀੜ੍ਹੀ ਦੀਆਂ ਭਾਰਤੀ ਔਰਤਾਂ ਦੀ ਸਮਾਜਕ ਸਥਿਤੀ ਨੂੰ ਬਿਆਨ ਕਰਦੀ ਹੈ ਜਦੋਂ ਕਿ ਔਰਤ ਇਕ ਕਾਠ ਦੀ ਗੁੱਡੀ ਵਾਂਗ ਸੀ, ਜਿਸਦਾ ਅਪਣਾ ਕੋਈ ਵਜੂਦ ਨਹੀਂ ਸੀ ਤੇ ਜਿਵੇਂ ਮਰਦ ਪ੍ਰਧਾਨ ਸਮਾਜ ਚਾਹੁੰਦਾ, ਉਸ ਤਰਾਂ ਹੀ ਉਸ ਦੀ ਇੱਛਾ ਮੁਤਾਬਕ ਜੀਵਨ ਚਲਦਾ ਸੀ। ਉਹਨਾਂ ਨਾਰੀ ਵੇਦਨਾ ਪ੍ਰਗਟਾਉਂਦੀਆਂ ਅਨੇਕ ਕਵਿਤਾਵਾਂ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਨਾਲ ਹੀ ਉਹਨਾਂ ਹਲਕੇ ਫੁਲਕੇ ਅੰਦਾਜ਼ ਵਿਚ 'ਹੋਮੋ ਤੇ ਸਕਿਮ ਮਿਲਕ' ਤੇ 'ਚਾਹ ਤੇ ਲੱਸੀ ਦੀ ਲੜਾਈ' ਦੇ ਕਿੱਸੇ ਕਾਵ ਰੂਪ ਵਿਚ ਦਰਸ਼ਕਾਂ ਨੂੰ ਸੁਣਾਏ ਜੋ ਇਸ ਸ਼ਾਮ ਨੂੰ ਮਨੋਰੰਜਕ ਭਰਪੂਰ ਰੰਗ ਦੇ ਗਏ। ਅੰਤ ਵਿਚ ਇਸ ਯਾਦਗਾਰੀ ਸ਼ਾਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਦੇ ਸਰੀ ਵਿਚ ਚਲ ਰਹੇ ਪੁਸਤਕ ਮੇਲੇ ਦੇ ਆਯੋਜਕ ਸਤੀਸ਼ ਗੁਲਾਟੀ ਤੇ ਸ਼੍ਰੀਮਤੀ ਡਿੰਪਲ ਗੁਲਾਟੀ ਨੇ ਵੀ ਅਪਣੀਆਂ ਗਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਜਿਹਨਾਂ ਦਾ ਭਰਪੂਰ ਅਨੰਦ ਮਾਣਿਆ। ਇਸ ਯਾਦਗਾਰੀ ਸ਼ਾਮ ਵਿਚ ਪ੍ਰਸਿਧ ਗਜ਼ਲਗੋ ਕ੍ਰਿਸ਼ਨ ਭਨੋਟ,ਕਵਿੰਦਰ ਚਾਂਦ, ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਗੁਰਚਰਨ ਟੱਲੇਵਾਲੀਆ, ਬਖਸ਼ਿੰਦਰ, ਬਰਜਿੰਦਰ ਤੇ ਜਗਦੇਵ ਢਿਲੋਂ, ਡਾ ਗੁਰਮਿੰਦਰ ਸਿੱਧੂ ਤੇ ਡਾ. ਬਲਦੇਵ ਸਿੰਘ ਖਹਿਰਾ, ਡਾ. ਸਰਵਣ ਸਿੰਘ ਤੇ ਸਰਬਜੀਤ ਕੌਰ ਰੰਧਾਵਾ, ਰੁਪਿੰਦਰ ਰੂਪੀ, ਚਮਕੌਰ ਸਿੰਘ ਸੇਖੋਂ,ਸ਼ਿੰਗਾਰਾ ਸਿੰਘ ਸੰਘੇੜਾ,ਗੁਰਦਰਸ਼ਨ ਬਾਦਲ, ਤੇ ਹੋਰ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ।