ਪ੍ਰੀਤਮ ਪੰਧੇਰ ਨੂੰ ਸਮਰਪਿਤ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਡਾ ਗੁਲਜ਼ਾਰ ਪੰਧੇਰ, ਦਲਵੀਰ ਸਿੰਘ ਲੁਧਿਆਣਵੀ, ਜਨਮੇਜਾ ਜੌਹਲ ਅਤੇ ਪ੍ਰਿੰ: ਇੰਦਰਜੀਤਪਾਲ ਕੌਰ ਭਿੰਡਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।
ਸਭਾ ਵੱਲੋ ਦੋ ੰਮੰਟ ਦਾ ਮੌਨ ਧਾਰ ਕੇ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ ਦੇ ਅਕਾਲ ਚਲਾਣਾ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।
ਮੰਚ ਦੇ ਹਾਜ਼ਰ ਮੈਂਬਰਾਂ ਵੱਲੋਂ ਪ੍ਰੀਤਮ ਪੰਧੇਰ ਨੂੰ ਸ਼ਰਜਾਂਧਜੀ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਉਹ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸਨ; ਗ਼ਲਤ ਨੂੰ ਗ਼ਲਤ ਕਹਿਣਾ ਤੇ ਠੀਕ ਨੂੰ ਠੀਕ, ਹੋਰ ਸਿੱਖਣ ਦੀ ਜਗਿਆਸਾ ਭਾਵਨਾ, ਸਭ ਨੂੰ ਖਿੜੇ ਮੱਥੇ ਮਿਲਣਾ ਆਦਿ। ਹੋਰ ਤਾਂ ਹੋਰ ਜਦੋਂ ਕਿਸੇ ਨੂੰ ਟੋਕਦੇ ਸਨ, ਤਦ ਵੀ ਖਿੜੇ ਮੱਥੇ। ਉਨ੍ਹਾਂ ਦੀਆਂ ਰਚਨਾਵਾਂ ਸਮਾਜ ਨੂੰ ਸੇਧ ਦਿੰਦੀਆਂ ਰਹਿਣਗੀਆਂ।
ਮੰਚ ਵੱਲੋਂ ਇਕ ਹੋਰ ਅਹਿਮ ਫ਼ੈਸਲਾ ਲਿਆ ਗਿਆ ਕਿ ਸੀਨੀਅਰ ਮੀਤ ਪ੍ਰਧਾਨ ਡਾ. ਗੁਲਜ਼ਾਰ ਪੰਧੇਰ ਨੂੰ ਸਰਬਸੰਮਤੀ ਨਾਲ ਮੰਚ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ 'ਤੇ ਪ੍ਰਧਾਨ ਡਾ. ਪੰਧੇਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡਾ ਏਹੀ ਉਦੇਸ਼ ਹੋਵੇਗਾ ਕਿ ਪ੍ਰੀਤਮ ਪੰਧੇਰ ਜੀ ਜੋ ਪੂਰਨੇ ਪਾ ਗਏ ਹਨ, ਉਨ੍ਹਾਂ 'ਤੇ ਚਲਦੇ ਹੋਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜੀਅ ਭਰ ਕੇ ਸੇਵਾ ਕਰੀਏ।
ਰਚਨਾਵਾਂ ਦੇ ਦੌਰ ਵਿਚ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਹਰੀ ਕ੍ਰਿਸ਼ਨ ਮਾਇਰ, ਇੰਜ ਸੁਰਜਨ ਸਿੰਘ, ਪੰਮੀ ਹਬੀਬ ਅਮਰਜੀਤ ਸ਼ੇਰਪੁਰੀ, ਬਲਵਿੰਦਰ ਔਲਖ ਗਲੈਕਸੀ, ਬੁੱਧ ਸਿੰਘ ਨੀਲੋ, ਤਰਸੇਮ ਨੂਰ, ਦਲੀਪ ਅਵਧ, ਨਾਟਕਕਾਰ ਤਰਲੋਚਨ ਸਿੰਘ, ਭਗਵਾਨ ਢਿੱਲੋ, ਵਿਸ਼ਵਾ ਮਿੱਤਰ ਭੰਡਾਰੀ, ਤੇਜਿੰਦਰ ਪਾਲ ਸਿੰਘ ਗਲੱਗਣ, ਰਵਿੰਦਰ ਰਵੀ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ। ਉਸਾਰੂ ਸੁਝਾਅ ਵੀ ਦਿੱਤੇ ਗਏ।