ਨਾ ਰੁਕਦੇ ਵੇਖ ਕੇ ਸੜਦਾ, ਬਚਾਉਂਦੇ ਨਾ ਕਦੇ ਵੇਖੇ I
ਉਹ ਜਿਹੜੇ ਵੇਚਦੇ ਅੱਗਾਂ , ਬੁਝਾਉਂਦੇ ਨਾ ਕਦੇ ਵੇਖੇ I
ਉਖਾੜਨ ਉਹ ਜੜੋਂ ਬੂਟੇ, ਤੇ ਕਰਦੇ ਕਤਲ ਛਾਵਾਂ ਨੂੰ,
ਜਿਨ੍ਹਾ ਨੇ ਸੋਚਿਆ ਨਾ ਕੱਲ, ਲਗਾਉਂਦੇ ਨਾ ਕਦੇ ਵੇਖੇ I
ਜਿਨ੍ਹਾ ਨੂੰ ਕੀਲਿਆ ਘਰ ਨੇ ,ਮੁਸਾਫ਼ਿਰ ਬਣਨ ਨਾ ਦਿੱਤਾ,
ਉਹ ਗੁਰੂਆਂ ਵਾਂਗ ਕਦਮਾਂ ਨੂੰ, ਵਧਾਉਂਦੇ ਨਾ ਕਦੇ ਵੇਖੇ I
ਵਫ਼ਾਵਾਂ ਦੇ ਘੜੇ ਵਿਚ ਬਸ, ਟਿਕੇ ਇਕਰਾਰ ਦਾ ਪਾਣੀ,
ਜਿਨ੍ਹਾ ਤੋਂ ਤਿੜਕ ਜਾਵੇ ਉਹ, ਪੁਗਾਉਂਦੇ ਨਾ ਕਦੇ ਵੇਖੇ I
ਦਿਲਾਂ ਵਿਚ ਪਾਲਦੇ ਨਫਰਤ,ਨਾ ਕਰਦੇ ਕਦਰ ਰਿਸ਼ਤੇ ਦੀ,
ਮੁਕੱਦਸ਼ ਰਿਸ਼ਤਿਆਂ ਨੂੰ ਵੀ , ਨਿਭਾਉਂਦੇ ਨਾ ਕਦੇ ਵੇਖੇ I
ਘਰਾਂ ਨੂੰ ਪਾੜ ਕੇ ਰਖਦੇ, ਤੇ ਪਾਉਂਦੇ ਰੋਜ ਉਹ ਵੰਡਾਂ,
ਉਹ ਲੜਦੇ ਵੀ ਭਰਾਵਾਂ ਨੂੰ,ਮਨਾਉਂਦੇ ਨਾ ਕਦੇ ਵੇਖੇ I
ਜਗਾਉਂਦੇ ਦੀਪ ਕਬਰਾਂ ਤੇ, ਵਿਖਾਵੇ ਦੇ ਲਈ ਬਸ ਜੋ,
ਹਨੇਰੇ ਰਾਹ ਤੇ ਉਹ ਦੀਵੇ, ਜਗਾਉਂਦੇ ਨਾ ਕਦੇ ਵੇਖੇ I
ਸਜਾ ਕੇ ਤਿਲਕ ਮੱਥੇ ਤੇ, ਜੋ ਕਰਦੇ ਹਵਸ਼ ਦੀ ਪੂਜਾ,
ਉਨ੍ਹਾਂ ਨੂੰ ਅਰਸ਼ ਤੋ ਡਿੱਗਿਆਂ , ਉਠਾਉਂਦੇ ਨਾ ਕਦੇ ਵੇਖੇ I
ਕਿ ਰਹਿਣਾ ਕੈਦ ਪਿੰਜਰੇ ਵਿਚ, ਜਿਨ੍ਹਾ ਨੇ ਸੋਚਿਆ ਸੋਹਲ ,
ਉਹ ਨੈਣੀਂ ਖਾਬ ਅੰਬਰਾਂ ਦੇ, ਸਜਾਉਂਦੇ ਨਾ ਕਦੇ ਵੇਖੇ I