ਕਵੀ ਸੁਰਜੀਤ ਕਾਉਕੇਂ ਨਾਲ ਰੂਬਰੂ
(ਖ਼ਬਰਸਾਰ)
ਜਗਰਾਓਂ -- ਲੋਕ ਲਿਖਾਰੀ ਸਭਾ ਜਗਰਾਓਂ ਤੇ ਬਿਜਲੀ ਬੋਰਡ ਲੇਖਕ ਸਭਾ ਵਲੋਂ ਇਥੇ ਪੰਜਾਬੀ ਬਾਗ ਵਿਖੇ ਪ੍ਰਵਾਸੀ ਕਵੀ ਸੁਰਜੀਤ ਕਾਓੁਂਕੇ ਨਾਲ ਰੂਬਰੂ ਤੇ ਸਮਕਾਲ ਦਾ ਹਰੰਚਦ ਸਿੰਘ ਬਾਗੜੀ ਵਿਸ਼ੇਸ ਅੰਕ ਲੋਕ ਅਰਪਤ ਕੀਤਾ ਗਿਆ। ਸਮਕਾਲ ਦੇ ਮੁੱਖ ਸੰਪਾਦਕ ਭੁਪਿੰਦਰ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੇਖਕਾਂ ਨੇ ਸ਼ਿਰਕਤ ਕੀਤੀ। ਜਨਰਲ ਸਕੱਤਰ ਹਾਕਮ ਸਿੰਘ ਗਾਲਿਬ ਨੇ ਸਭਾ ਦੀਆਂ ਕਾਰਗੁਜਾਰੀਆਂ ਦੀ ਰੀਪੋਰਟ ਪੇਸ਼ ਕੀਤੀ । ਅਵਤਾਰ ਜਗਰਾਓਂ ਨੇ ਸੁਰਜੀਤ ਕਾਓੁਂਕੇ ਨਾਲ ਗੁਜਾਰੇ ਪਲਾਂ ਦੇ ਅਹਿਸਾਸ ਸਾਂਝੇ ਕੀਤੇ ।

ਸੁਰਜੀਤ ਕਾਓੁਂਕੇ ਨੇ ਆਪਣੀ ਸੰਘਰਸ਼ ਮਈ ਜਿੰਦਗੀ ਦਾ ਬੜੀ ਸ਼ਿੱਦਤ ਨਾਲ ਵਰਨਣ ਕਰਦਿਆਂ ਆਪਣੇ ਸਾਹਿਤਕ ਸਫਰ ਦਾ ਵਖਿਆਣ ਪੇਸ਼ ਕੀਤਾ ਕਿ ਜਿੰਦਗੀ ਦੇ ਸ਼ੰਘਰਸ ਨੇ ਉਸ ਨੂੰ ਕਲਮ ਫੜਾਈ ਜੋ ਕਿ ਅੱਜ ਤਕ ਵੀ ਉਹ ਇਕ ਸੇਧ ਵਿਚ ਲੋਕ ਹਿੱਤਾਂ ਲਈ ਲਿਖਣ ਲਈ ਵਰਤ ਰਿਹਾ ਹੈ । ਵਿਦੇਸ਼ਾ ਵਿਚ ਜਾ ਕੇ ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਤੇ ਪਹਿਰਾ ਦਿੱਤਾ ਹੈ । ਉਨਾਂ੍ਹ ਪਰਿਵਾਸ ਦੇ ਜੀਵਨ , ਭੂੰ ਹੇਰਵੇ ਦਾ ਜ਼ਿਕਰ ਕਰਦਿਆਂ ਕਿਹਾ ਅਸੀਂ ਆਪਣੀ ਮਰਜੀ ਨਾਲ ਚੰਗੇਰੀਆਂ ਜੀਵਨ ਹਾਲਤਾਂ ਲਈ ਇਥੇ ਆਏ ਸੀ। ਨਾਂ ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟ ਸਕੇ ਹਾਂ ਤੇ ਨਾਂ ਹੀ ਵਿਦੇਸ਼ੀ ਸਭਿਆਚਾਰ ਨੂੰ ਸਵੀਕਾਰ ਕਰ ਸਕੇ ਹਾਂ, ਇਹੀ ਦੁਖਾਂਤ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਪੰਜਾਬ ਵਿਚੋਂ ਲਭੱਦੇ ਹਾਂ ਅਤੇ ਵਿਦੇਸ਼ ਵਿਚ ਜੜ੍ਹਾਂ ਨਹੀਂ ਜਮਾਂ ਸਕੇ ਹਾਂ। ਇਹੀਓ ਸਾਡੇ ਸਵੇਦਨਸੀਲ ਲੇਖਕਾਂ ਦੀ ਤਰਾਸਦੀ ਹੈ। ਇਸ ਮੌਕੇ ਉਨ੍ਹਾਂ ਚਾਰ ਕਵਿਤਾਵਾਂ ਪੇਸ਼ ਕੀਤੀਆਂ ਜੋ ਉਪਰੋਕਤ ਸਵੇਦਨ ਸ਼ੀਲਤਾ ਦੀ ਗਵਾਹੀ ਭਰਦੀਆਂ ਸਨ । ਇਸ ਮੌਕੇ ਅਵਤਾਰ ਜਗਰਾਓਂ, ਕੇ. ਸ਼ਾਧੂ ਸਿੰਘ , ਅਜੀਤ ਪਿਆਸਾ, ਡਾ. ਸਾਧੂ ਸਿੰਘ, ਭੁਪਿੰਦਰ ਸਿੰਘ ਚੌਕੀਮਾਨ, ਦਵਿੰਦਰਜੀਤ , ਹਰਬੰਸ ਸਿੰਘ ਅਖਾੜਾ , ਗੁਰਜੀਤ ਸਹੋਤਾ, ਹਾਕਮ ਸਿੰਘ ਗਾਲਿਬ , ਭੁਪਿੰਦਰ , ਨਰਿਦੰਰ ਧਾਲੀਵਾਲ , ਰਾਜਦੀਪ ਤੂਰ, ਜਗੀਰ ਸਿੰਘ ਖੋਖਰ, ਕੁਲਵੀਰ ਸਿੰਘ ਤੂਰ , ਰਾਜਿੰਦਰ ਪਾਲ ਸ਼ਰਮਾ ਵਲੋਂ ਕੀਤੇ ਗਏ ਸਾਰਥਿਕ ਸਵਾਲਾਂ ਦੇ ਸੁਰਜੀਤ ਕਾਓੁਂਕੇ ਨੇ ਤਰਕਸਹਿਤ ਜਵਾਬ ਦਿੱਤੇ, ਸਭਾ ਵਲੋਂ ਉਨ੍ਹਾਂ ਨੂੰ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਅਤੇ ਅੰਤ ਵਿਚ ਭੁਪਿੰਦਰ ਨੇ ਧੰਨਵਾਦੀ ਸ਼ਬਦ ਕਹੇ।