ਕਿਸੇ ਕੰਮ ਜਾਂ ਕਿਸੇ ਗੱਲ ਬਾਰੇ, ਆਪਣੇ ਦਿਮਾਗ ਵਿੱਚ ਹਰ ਵੇਲੇ ਸੋਚੀ ਜਾਣ ਨੂੰ ਚਿੰਤਾ ਕਹਿੰਦੇ ਹਨ। ਚਿੰਤਾ ਨਾਲ ਬੈਚੈਨੀ, ਤੇ ਬੇਚੈਨੀ ਨਾਲ ਤਨਾਉ ਦਾ ਜਨਮ ਹੁੰਦਾ ਹੈ। ਇਸ ਤਰ੍ਹਾਂ ਲਗਾਤਾਰ ਕੀਤੀ ਹੋਈ ਚਿੰਤਾ, ਇੱਕ ਰੋਗ ਦਾ ਕਾਰਨ ਬਣ ਜਾਂਦੀ ਹੈ। ਇਹ ਸਭ ਤੋਂ ਪਹਿਲਾਂ ਦਿਮਾਗ ਵਿੱਚ ਹੀ ਉਪਜਦੀ ਹੈ। ਪਰ ਕਿਉਂਕਿ ਦਿਮਾਗ ਦੇ ਹੱਥ ਸਾਰੇ ਸਰੀਰ ਦਾ ਕੰਟਰੋਲ ਹੁੰਦਾ ਹੈ, ਇਸ ਲਈ ਇਸ ਦਾ ਅਸਰ ਸਾਰੇ ਸਰੀਰ ਤੇ ਹੋਣਾ ਲਾਜ਼ਮੀ ਹੈ। ਚਿੰਤਾ ਕਰਨ ਵਾਲੇ ਮਨੁੱਖ ਦਾ ਮਨ, ਢਹਿੰਦੀਆਂ ਕਲਾਂ ਵਿੱਚ ਚਲਾ ਜਾਂਦਾ ਹੈ। ਸਿੱਟੇ ਵਜੋਂ- ਸਰੀਰ ਸੁਸਤ ਹੋ ਜਾਂਦਾ ਹੈ ਤੇ ਕਿਸੇ ਕੰਮ ਲਈ ਉਤਸ਼ਾਹ ਨਹੀਂ ਰਹਿੰਦਾ। ਗੱਲ ਕੀ- ਚਿੰਤਾ ਕਰਨ ਵਾਲਾ ਵਿਅਕਤੀ, ਇੱਕ ਮਾਨਸਿਕ ਰੋਗੀ ਬਣ ਕੇ ਰਹਿ ਜਾਂਦਾ ਹੈ।
ਫਿਰ ਸਿਲਸਿਲਾ ਸ਼ੁਰੂ ਹੁੰਦਾ ਹੈ- ਡਾਕਟਰੀ ਇਲਾਜ ਦਾ। ਜੋ ਕਦੇ ਨਾ ਮੁੱਕਣ ਵਾਲਾ ਹੁੰਦਾ ਹੈ। ਡਾਕਟਰ ਕਹਿਣਗੇ ਕਿ ਕੁੱਝ ਸੋਚੋ ਨਾ। ਸੋਚਣ ਤੋਂ ਦਿਮਾਗ ਨੂੰ ਰੋਕਣ ਲਈ ਤੁਹਾਨੂੰ ਨੀਂਦ ਦੀਆਂ ਗੋਲੀਆਂ ਦੇ ਦੇਣਗੇ। ਇਸ ਤਰ੍ਹਾਂ ਅਸੀਂ, ਇਸ ਬੀਮਾਰੀ ਤੋਂ ਛੁਟਕਾਰਾ ਪਾਉਂਦੇ- ਪਾਉਂਦੇ ਇਹਨਾਂ ਗੋਲ਼ੀਆਂ ਦੇ ਆਦੀ ਹੋ ਜਾਂਦੇ ਹਾਂ। ਸਾਨੂੰ ਉਸ ਗੋਲੀ ਤੋਂ ਬਿਨਾ ਨੀਂਦ ਹੀ ਨਹੀਂ ਆਉਂਦੀ। ਤੇ ਅਕਸਰ ਹੀ ਕੁੱਝ ਸਮੇਂ ਬਾਅਦ ਉਸ ਦੀ ਵੀ ਡੋਜ਼ ਵਧਾਣੀ ਪੈਂਦੀ ਹੈ। ਨਸ਼ਾ ਕਰਨ ਵਾਲੇ ਲੋਕ ਵੀ ਇਹ ਨੀਂਦ ਦੀਆਂ ਗੋਲੀਆਂ ਖਾਣ ਲੱਗ ਪਏ ਹਨ। ਇਸੇ ਕਰਕੇ ਸਰਕਾਰਾਂ ਨੇ, ਬਿਨਾ ਡਾਕਟਰ ਦੀ ਪਰਚੀ ਦੇ, ਇਹਨਾਂ ਦਵਾਈਆਂ ਦੀ ਵਿਕਰੀ ਤੇ ਰੋਕ ਲਾ ਦਿੱਤੀ ਹੈ।
ਸਿਆਣਿਆਂ ਨੇ ਚਿੰਤਾ ਨੂੰ ਚਿਖਾ ਦੇ ਬਰਾਬਰ ਕਿਹਾ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਬੇ-ਪਰਵਾਹ ਹੁੰਦੇ ਸਨ। ਹਾਂ- ਕੰਮ ਦਾ ਫਿਕਰ ਤਾਂ ਕਰਦੇ ਸਨ, ਤੇ ਉਸ ਨੂੰ ਨੇਪਰੇ ਚਾੜ੍ਹਨ ਲਈ ਕੋਸ਼ਿਸ਼ ਵੀ ਕਰਦੇ ਸਨ। ਪਰ ਉਸ ਦੀ ਚਿੰਤਾ ਮਨ ਤੇ ਨਹੀਂ ਸੀ ਲਾਉਂਦੇ। ਉਹਨਾਂ ਦਾ ਜੀਵਨ ਵੀ ਸਾਦਾ ਹੁੰਦਾ ਸੀ, ਤੇ ਜਰੂਰਤਾਂ ਵੀ ਸੀਮਤ ਸਨ। ਉਹ ਚੰਗੀਆਂ ਖੁਰਾਕਾਂ ਖਾਂਦੇ ਤੇ ਸਰੀਰਕ ਮੁਸ਼ੱਕਤ ਕਰਦੇ। ਸੀਮਤ ਸਾਧਨਾਂ ਨਾਲ ਵੱਡੇ ਵੱਡੇ ਪਰਿਵਾਰਾਂ ਨੂੰ ਪਾਲਦੇ। ਇੱਕ ਦੂਜੇ ਨੂੰ ਖੁਸ਼ ਹੋ ਕੇ ਮਿਲਦੇ ਤੇ ਖੁਲ੍ਹ ਕੇ ਹੱਸਦੇ। ਪਰ ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ 'ਚ, ਸੁੱਖ ਸਹੂਲਤਾਂ ਵਿੱਚ ਬੇਸ਼ੁਮਾਰ ਵਾਧਾ ਤਾਂ ਹੋਇਆ ਹੈ। ਪਰ ਹਰ ਬੰਦਾ ਬੇਚੈਨ ਵੀ ਹੈ ਤੇ ਚਿੰਤਤ ਵੀ। ਅੱਜ ਛੋਟੇ ਤੋਂ ਲੈ ਕੇ ਵੱਡੇ ਤੱਕ, ਹਰ ਇੱਕ ਨੂੰ ਇਹ ਚਿੰਤਾ ਰੋਗ ਚੰਬੜਿਆ ਹੋਇਆ ਹੈ। ਕੋਈ ਵਿਰਲਾ ਇਨਸਾਨ ਹੀ ਇਸ ਤੋਂ ਬਚਿਆ ਹੈ।
ਅੱਜ ਹਰ ਇੱਕ ਨੂੰ ਕੋਈ ਨਾ ਕੋਈ ਚਿੰਤਾ ਚੰਬੜੀ ਹੋਈ ਹੈ। ਵਿਦਿਆਰਥੀ ਨੂੰ ਪਾਸ ਹੋਣ ਦੀ ਜਾਂ ਦੂਜੇ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ, ਬੀਮਾਰ ਨੂੰ ਬੀਮਾਰੀ ਦੀ, ਪੜ੍ਹੇ ਲਿਖੇ ਨੂੰ ਰੁਜ਼ਗਾਰ ਦੀ, ਬਜ਼ੁਰਗਾਂ ਨੂੰ ਬੱਚਿਆਂ ਦੀ...। ਇੰਡੀਆ ਵਿੱਚ ਬੈਠੇ ਲੋਕ ਸੋਚਦੇ ਹਨ ਕਿ ਉਹਨਾਂ ਦੇ ਹਿੱਸੇ ਹੀ ਚਿੰਤਾ ਆਈ ਹੈ, ਜੋ ਬਾਹਰ ਚਲਾ ਗਿਆ- ਉਹ ਤਾਂ ਮੌਜਾਂ ਮਾਣਦਾ ਹੈ। ਪਰ ਇੱਥੇ ਆ ਕੇ ਪਤਾ ਲਗਦਾ ਹੈ ਕਿ ਇੱਧਰ ਵੀ 'ਸੈੱਟਲ' ਹੋਣ ਲਈ ਕਿੰਨੀ ਜਦੋ ਜਹਿਦ ਕਰਨੀ ਪੈਂਦੀ ਹੈ। ਉਹ ਤਾਂ ਸਗੋਂ ਦੋ ਪੁੜਾਂ ਵਿਚਾਲੇ ਪਿਸ ਰਹੇ ਹਨ। ਇੱਕ ਇੱਧਰ ਦੇ ਮਕਾਨਾਂ ਤੇ ਗੱਡੀਆਂ ਦੀਆਂ ਹਰ ਮਹੀਨੇ ਕਿਸ਼ਤਾਂ ਭਰਨ ਦੀ ਚਿੰਤਾ। ਤੇ ਦੂਸਰੀ ਪਿਛਲੀ ਜ਼ਮੀਨ ਜਾਇਦਾਦ ਖੁੱਸ ਜਾਣ ਦੀ ਚਿੰਤਾ। ਕਈ ਵਾਰੀ ਅਸੀਂ ਕਿਸੇ ਵੱਡੇ ਰੁਤਬੇ ਵਾਲੇ ਜਾਂ ਕਿਸੇ ਅਮੀਰ ਨੂੰ ਦੇਖ ਕੇ ਸੋਚਦੇ ਹਾਂ- ਕਿ ਇਹ ਬੜਾ ਸੁਖੀ ਹੈ, ਇਸ ਨੂੰ ਕੋਈ ਚਿੰਤਾ ਨਹੀਂ ਹੋਣੀ। ਪਰ ਅਸਲ ਵਿੱਚ ਵੱਡੇ ਲੋਕ ਤਾਂ ਵਿਚਾਰੇ, ਚਿੰਤਾ ਰੋਗ ਵਿੱਚ ਹੋਰ ਵੀ ਗ੍ਰਸਤ ਹਨ। ਗੁਰਬਾਣੀ ਵਿੱਚ ਵੀ ਆਉਂਦਾ ਹੈ-
ਵਡੇ ਵਡੇ ਜੋ ਦੀਸਹਿ ਲੋਗ॥
ਤਿਨ ਕਉ ਬਿਆਪੈ ਚਿੰਤਾ ਰੋਗ॥
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਚਿੰਤਾ ਰੋਗ ਤੋਂ ਛੁਟਕਾਰਾ ਕਿਵੇਂ ਪਾਇਆ ਜਾਏ।ਦੇਖਣ ਵਿੱਚ ਆਇਆ ਹੈ ਕਿ- ਜੋ ਲੋਕ ਰੱਬ ਨੂੰ ਮੰਨਦੇ ਹਨ ਉਹ ਬਹੁਤੀਆਂ ਚਿੰਤਾਵਾਂ ਉਸ ਤੇ ਸੁੱਟ, ਸੁਰਖਰੂ ਹੋ ਜਾਂਦੇ ਹਨ। ਪਰ ਜੋ ਲੋਕ ਨਾਸਤਿਕ ਹਨ, ਉਹ ਸਾਰਾ ਬੋਝ ਆਪਣੇ ਸਿਰ ਹੀ ਚੁੱਕੀ ਫਿਰਦੇ ਹਨ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਨੂੰ ਹੱਥ ਤੇ ਹੱਥ ਧਰ ਕੇ ਬੈਠ ਜਾਣਾ ਚਾਹੀਦਾ ਹੈ। ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਸੋ ਕਰਮ ਤਾਂ ਕਰਨਾ ਹੈ, ਪਰ ਫਲ ਦੀ ਪ੍ਰਾਪਤੀ ਰੱਬ ਤੇ ਛੱਡ ਦੇਣ ਨਾਲ ਚਿੰਤਾ ਮੁਕਤ ਹੋਇਆ ਜਾ ਸਕਦਾ ਹੈ। ਕ੍ਰਿਸ਼ਨ ਜੀ ਨੇ ਵੀ ਕੁਰੂਕਸ਼ੇਤਰ ਦੇ ਮੈਦਾਨ ਵਿੱਚ, ਅਰਜੁਨ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਸੀ- "ਹੇ ਅਰਜੁਨ, ਕਰਮ ਕਰੋ ਪਰ ਫਲ ਦੀ ਇੱਛਾ ਨਾ ਰੱਖੋ।" ਸੋ ਫਲ ਤਾਂ ਪਰਮਾਤਮਾ ਦੇ ਹੱਥ ਹੈ। ਉਸ ਦੀ ਚਿੰਤਾ ਦਾ ਬੋਝ ਆਪਾਂ ਆਪਣੇ ਮਨ ਤੇ ਕਿਉਂ ਲੱਦੀ ਫਿਰੀਏ? ਉਸ ਨੂੰ ਸਾਰੀ ਸ਼੍ਰਿਸ਼ਟੀ ਦਾ ਫਿਕਰ ਹੈ।
ਕਈ ਵਾਰੀ ਜਦ ਸਾਡਾ ਕੋਈ ਪਰਿਵਾਰ ਦਾ ਜ਼ਿੰਮੇਵਾਰ ਵਿਅਕਤੀ ਜਾਂ ਪਿਆਰਾ ਤੁਰ ਜਾਂਦਾ ਹੈ, ਤਾਂ ਅਸੀਂ ਉਸ ਦੇ ਦੁੱਖ ਅਤੇ ਪਰਿਵਾਰ ਦੇ ਭਵਿੱਖ ਦੀ ਚਿੰਤਾ ਕਾਰਨ, ਢਹਿੰਦੀਆਂ ਕਲਾਂ ਵਿੱਚ ਚਲੇ ਜਾਂਦੇ ਹਾਂ। ਜੋ ਕਿ ਇੱਕ ਕੁਦਰਤੀ ਵਰਤਾਰਾ ਹੈ। ਪਰ ਉਸ ਮੌਕੇ ਵੀ ਸਾਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ-
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਭਾਵ ਇਸ ਸੰਸਾਰ ਦੀ ਹਰ ਸ਼ੈਅ ਨਾਸ਼ਵਾਨ ਹੈ। ਅਜੇਹੇ ਮੌਕੇ ਜਸਵੰਤ ਸਿੰਘ ਜੱਫ਼ਰ ਵਰਗੇ ਲੋਕ, ਸਾਡੇ ਲਈ ਰੋਲ ਮਾਡਲ ਬਣਦੇ ਹਨ। ਵੈਨਕੂਵਰ ਵਿਖੇ ਉਹਨਾਂ ਦੇ ਜਵਾਨ ਪੁੱਤਰ ਦੀ ਮੌਤ ਉਹਨਾਂ ਦੀਆਂ ਅੱਖਾਂ ਸਾਹਮਣੇ ਹੋਈ, ਪਰ ਉਹ ਸਹਿਜ ਅਵਸਥਾ ਵਿੱਚ ਰਹੇ। ਉਹਨਾਂ ਕਿਸੇ ਨੂੰ ਵਿਰਲਾਪ ਨਹੀਂ ਕਰਨ ਦਿੱਤਾ। ਸਗੋਂ ਇਸ ਸਮੇਂ ਚਿੰਤਾ ਵਿੱਚ ਡੁੱਬਣ ਦੀ ਬਜਾਏ, ਆਪਣੇ ਘਰ ਤੇ 'ਚੜ੍ਹਦੀ ਕਲਾ' ਦੀ ਤਖਤੀ ਲਾ ਦਿੱਤੀ। ਉਹਨਾਂ ਆਪਣੀ ਇੰਟਰਵਿਊ ਵਿੱਚ ਦੱਸਿਆ ਕਿ- ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਇਹ ਪ੍ਰੇਰਣਾ ਮਿਲੀ। ਜਿਹਨਾਂ ਦੇ ਦੋ ਪੁੱਤਰ, ਸਾਹਮਣੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਪਏ ਸਨ ਤੇ ਦੋ ਦਾ ਕੋਈ ਥਹੁ ਪਤਾ ਨਹੀਂ ਸੀ- ਪਰ ਫਿਰ ਵੀ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰਹੇ।
ਸੋ ਕਿਸੇ ਕੰਮ ਦੀ ਚਿੰਤਾ ਮਨ ਤੇ ਲਾਉਣ ਦੀ ਬਜਾਏ, ਉਸ ਨੂੰ ਹੱਲ ਕਰਨ ਦੇ ਢੰਗ ਤਰੀਕੇ ਸੋਚੋ। ਜੋਸ਼ ਨਾਲ ਲੱਗੋ ਉਸ ਨੂੰ ਨੇਪਰੇ ਚਾੜ੍ਹਨ ਲਈ। ਉਸ ਦੀ ਸਫਲਤਾ ਦੇ ਸੁਪਨੇ ਦੇਖੋ। ਲਗਨ ਤੇ ਮਿਹਨਤ ਨਾਲ ਉਹਨਾਂ ਨੂੰ ਸਾਕਾਰ ਕਰਨ ਵਿੱਚ ਜੁੱਟ ਜਾਓ। ਕੁਦਰਤ ਆਪਣੇ ਆਪ ਤੁਹਾਡਾ ਰਾਹ ਪੱਧਰਾ ਕਰੇਗੀ।
ਕਈ ਵਾਰੀ ਕੋਈ ਘਟਨਾ ਅਜੇ ਵਾਪਰੀ ਹੀ ਨਹੀਂ ਹੁੰਦੀ, ਜਿਸ ਦੇ ਵਾਪਰਨ ਦਾ ਡਰ ਸਾਨੂੰ ਚਿੰਤਾ ਵਿੱਚ ਪਾਈ ਰੱਖਦਾ ਹੈ। 'ਜੇ ਇਹ ਹੋ ਗਿਆ' 'ਜੇ ਉਸ ਨੇ ਇਹ ਕਹਿ ਦਿੱਤਾ' 'ਜੇ ਮੈਂ ਕਾਮਯਾਬ ਨਾ ਹੋਇਆ' 'ਜੇ ਮੈਂ ਫੇਲ੍ਹ ਹੋ ਗਿਆ' 'ਜੇ ਉਸ ਨੇ ਨਾਂਹ ਕਰ ਦਿੱਤੀ'...ਆਦਿ। ਇਹ 'ਜੇ' ਸਾਨੂੰ ਬੜਾ ਤੰਗ ਕਰਦੀ ਹੈ। ਭਾਈ- ਉਸ ਵੇਲੇ ਜੋ ਸਥਿਤੀ ਹੋਏਗੀ, ਉਸ ਨਾਲ ਨਜਿੱਠ ਲਿਆ ਜਾਏਗਾ। ਪਹਿਲਾਂ ਹੀ ਕਿਉਂ ਚਿੰਤਾ ਲਾ ਕੇ, ਆਪਣਾ ਕੀਮਤੀ ਵਕਤ ਤੇ ਸੇਹਤ ਜ਼ਾਇਆ ਕਰ ਰਹੇ ਹੋ? ਜਿਸ ਦਾ ਸਾਨੂੰ ਡਰ ਸੀ- ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਹੋਵੇ ਹੀ ਨਾ।
ਕਈ ਲੋਕ ਭਵਿੱਖ ਦੀ ਲੋੜ ਤੋਂ ਵੱਧ ਚਿੰਤਾ ਕਰਦੇ ਹਨ। ਸਾਡੇ ਇੱਕ ਜਾਣੂੰ ਸੱਜਣ ਦੀ ਜੀਵਨ ਸਾਥਣ, ੪੦-੪੫ ਵਰ੍ਹੇ ਦੀ ਉਮਰ ਭੋਗ ਕੇ ਰੱਬ ਨੂੰ ਪਿਆਰੀ ਹੋ ਗਈ। ਉਹਨਾਂ ਦੀਆਂ ਦੋ ਬੇਟੀਆਂ ਸਨ। ਵਿਚਾਰਿਆਂ ਨੂੰ ਇਹ ਹੀ ਚਿੰਤਾ ਵੱਢ ਵੱਢ ਖਾਈ ਜਾਂਦੀ ਕਿ- ਕੁੜੀਆਂ ਤਾਂ ਵਿਆਹੀਆਂ ਜਾਣਗੀਆਂ ਤੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਕੌਣ ਬਣੇਗਾ? ਕਈ ਸਾਲ ਉਹ ਇਸੇ ਚਿੰਤਾ ਵਿੱਚ ਘੁਲਦੇ ਰਹੇ। ਆਖਿਰ ਵੱਡੀ ਲੜਕੀ ਦਾ ਵਿਆਹ ਕਨੇਡਾ ਵਿੱਚ ਹੋ ਗਿਆ। ਉਸ ਨੇ ਆਪਣੇ ਬਾਪ ਦੀ 'ਇਮੀਗੇਸ਼ਨ' ਛੇਤੀ ਹੀ ਅਪਲਾਈ ਕਰ ਦਿੱਤੀ। ਕੁੱਝ ਹੀ ਸਾਲਾਂ ਵਿੱਚ ਪਿਓ ਤੇ ਨਾਲ ਹੀ ਛੋਟੀ ਬੇਟੀ ਵੀ ਬਾਹਰ ਆ ਗਏ। ਛੋਟੀ ਨੇ ਨਰਸਿੰਗ ਕੀਤੀ ਸੀ, ਸੋ ਜਲਦੀ ਉਸ ਨੂੰ ਵੀ ਵਧੀਆ ਮੈਚ ਮਿਲ ਗਿਆ। ਦੋਵੇਂ ਜੁਆਈ ਪੂਰਾ ਆਦਰ ਸਤਿਕਾਰ ਕਰਦੇ। ਕਈ ਸਾਲ ਕਨੇਡਾ ਰਹਿਣ ਤੇ ਉਹਨਾਂ ਨੂੰ ਪੈਨਸ਼ਨ ਲੱਗ ਗਈ। ਪੁੱਤਾਂ ਵਾਲਿਆਂ ਨਾਲੋਂ ਕਿਤੇ ਵੱਧ ਸੌਖੇ ਹਨ। ਹੁਣ ਕਹਿੰਦੇ ਹਨ ਕਿ ਮੈਂ ਤਾਂ ਐਵੇਂ ਹੀ ਲੋਕਾਂ ਦੇ ਕਹੇ ਕਹਾਏ ਚਿੰਤਾ ਲਾਈ ਰੱਖੀ।
ਚਿੰਤਾ ਦੇ ਰੋਗ ਤੋਂ ਛੁਟਕਾਰਾ ਪਾਉਣ ਦਾ ਇੱਕ ਹੋਰ ਅਸਾਨ ਤਰੀਕਾ ਵੀ ਹੈ- ਹਾਂ ਪੱਖੀ ਸੋਚ ਨੂੰ ਅਪਨਾਉਣਾ (ਪੌਜ਼ਿਟਵ ਥਿੰਕਿੰਗ)। ਹਰ ਕੰਮ ਕਰਨ ਵੇਲੇ ਸੋਚੋ ਕਿ ਕੁੱਝ ਵਧੀਆ ਹੋਣ ਵਾਲਾ ਹੈ। ਸੜਨ ਦੀ ਬਜਾਏ, ਦੂਜਿਆਂ ਦੇ ਗੁਣਾਂ ਤੋਂ ਸੇਧ ਲਵੋ। ਜੋ ਸਾਡੇ ਕੋਲ ਹੈ ਉਸ ਲਈ ਰੱਬ ਦੇ ਸ਼ੁਕਰਗੁਜ਼ਾਰ ਹੋਈਏ- ਜੋ ਨਹੀਂ ਹੈ ਉਸ ਦੇ ਐਵੇਂ ਗਿਲੇ ਸ਼ਿਕਵੇ ਹੀ ਨਾ ਕਰੀ ਜਾਈਏ ਹਰ ਵੇਲੇ।
ਕਈ ਵਾਰੀ ਇਨਸਾਨ ਆਪ ਆਪਣੀਆਂ ਔਕੜਾਂ ਬਾਰੇ ਇੰਨਾ ਨਹੀਂ ਸੋਚਦਾ, ਜਿੰਨਾ ਦੂਜੇ ਉਸ ਨੂੰ ਯਾਦ ਦਿਵਾਉਂਦੇ ਹਨ। ਕਿਸੇ ਦੇ ਦੁੱਖ ਮੁਸੀਬਤ ਦੇ ਸਮੇਂ, ਉਸ ਨਾਲ ਹਮਦਰਦੀ ਕਰਨ ਦੇ ਬਹਾਨੇ ਕਹਿਣਗੇ- "ਹੈਂਅ! ਇਹ ਕੀ ਹੋ ਗਿਆ ਤੇਰੇ ਨਾਲ? ਕੀ ਬਣੂੰ ਹੁਣ ਤੇਰਾ? ਕਿਵੇਂ ਜ਼ਿੰਦਗੀ ਕੱਟੇਂਗਾ ਜਾਂ ਕੱਟੇਂਗੀ?"...ਆਦਿ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਗਲੇ ਨੂੰ ਹੋਰ ਢਹਿੰਦੀਆਂ ਕਲਾਂ ਵਿੱਚ ਜਾਣ ਤੇ ਮਜਬੂਰ ਕਰਦੇ ਹਨ। ਅਜਿਹੇ ਲੋਕਾਂ ਤੋਂ ਕੁੱਝ ਦੂਰੀ ਬਣਾ ਕੇ ਹੀ ਰੱਖੀ ਜਾਵੇ ਤਾਂ ਠੀਕ ਹੈ। ਕੁੱਝ ਦੋਸਤ- ਰਿਸ਼ਤੇਦਾਰ ਵਫਾਦਾਰ ਵੀ ਹੁੰਦੇ ਹਨ, ਜੋ ਕਹਿਣਗੇ- "ਫਿਕਰ ਨਾ ਕਰ..ਅਸੀਂ ਤੇਰੇ ਨਾਲ ਹਾਂ...ਜਿਸ ਚੀਜ਼ ਜਾਂ ਕੰਮ ਦੀ ਲੋੜ ਹੋਵੇ ਸਾਨੂੰ ਦੱਸੀਂ..." ਇਸ ਤਰ੍ਹਾਂ ਦੇ ਲਫ਼ਜ਼ ਦੁੱਖ ਦੇ ਸਮੇਂ ਮੱਰ੍ਹਮ ਦਾ ਕੰਮ ਕਰਦੇ ਹਨ। ਜਿਸ ਨਾਲ ਚਿੰਤਾ ਵਿੱਚ ਡੁਬੇ ਹੋਏ ਨੂੰ, ਇੱਕ ਆਸ ਦੀ ਕਿਰਨ ਦਿਸਣ ਲਗਦੀ ਹੈ।
ਮੁੱਕਦੀ ਗੱਲ ਤਾਂ ਇਹ ਹੈ ਕਿ ਚਿੰਤਾ ਸਾਡੇ ਸਰੀਰ ਨੂੰ ਘੁਣ ਵਾਂਗ ਖਾ ਜਾਂਦੀ ਹੈ। ਸੋ ਇਸ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕਰੋ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਤੋਂ ਬਚਿਆ ਕਿਵੇਂ ਜਾਵੇ? ਭਾਵੇਂ ਅਸੀਂ ਸੰਸਾਰਕ ਜੀਵ ਚਿੰਤਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਤਾਂ ਨਹੀਂ ਹੋ ਸਕਦੇ, ਪਰ ਇਸ ਨੂੰ ਘਟਾਉਣ ਦੇ ਕੁੱਝ ਕੁ ਉਪਰਾਲੇ ਤਾਂ ਕਰੋ। ਜਿਵੇਂ- ਰੱਬੀ ਰਜ਼ਾ ਵਿੱਚ ਰਹੋ। ਆਪਣੇ ਵਲੋਂ ਹਰ ਕੰਮ ਤਨਦੇਹੀ ਤੇ ਇਮਾਨਦਾਰੀ ਨਾਲ ਕਰੋ। ਫਲ ਦੀ ਚਿੰਤਾ ਨਾ ਕਰੋ। ਕੁਦਰਤ ਨਾਲ ਹਰ ਰੋਜ਼ ਸਵੇਰੇ ਸ਼ਾਮ ਸੈਰ ਜਾਂ ਕਸਰਤ ਰਾਹੀਂ ਸਾਂਝ ਪਾਓ। ਕਦੇ ਕਦੇ ਕਿਸੇ ਪਿਕਨਿਕ ਤੇ ਜਾਣ ਨਾਲ ਵੀ ਰੂਹ ਨੂੰ ਤਾਜ਼ਗੀ ਮਿਲਦੀ ਹੈ। ਕਿਉਂਕਿ ਕੁੱਝ ਸਮੇਂ ਲਈ ਮਨ ਨੂੰ ਘਰੇਲੂ ਚਿੰਤਾਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਆਪਣੇ ਪਰਿਵਾਰ ਵਿੱਚ ਬੈਠ ਕੇ, ਹਰ ਰੋਜ਼ ਇੱਕ ਵਾਰੀ ਖੁੱਲ੍ਹ ਕੇ ਹੱਸੋ। ਆਪਣੇ ਦਿਮਾਗ ਵਿੱਚੋਂ ਬੁਰੇ ਵਿਚਾਰ 'ਡਲੀਟ' ਕਰਕੇ ਚੰਗੇ ਭਰ ਲਵੋ- ਮਨ ਚੜ੍ਹਦੀ ਕਲਾ ਵਿੱਚ ਆ ਜਾਏਗਾ। ਦੁੱਖਾਂ ਦੀ ਚਿੰਤਾ ਲਾ ਕੇ ਉਹਨਾਂ ਨੂੰ ਦੁਗਣਾ ਨਾ ਕਰੋ- ਤੇ ਨਾ ਹੀ ਮਨ ਨੂੰ ਢਹਿੰਦੀਆਂ ਕਲਾਂ ਵਿੱਚ ਜਾਣ ਦਿਓ।
ਅੰਤ ਵਿੱਚ ਮੈਂ ਤਾਂ ਇਹੀ ਕਹਾਂਗੀ-
ਚਿੰਤਾ ਚਿਖਾ ਬਰਾਬਰੀ, ਮਨ ਤੋਂ ਲਾਹ ਦੇ ਬੋਝ,
ਐਵੇਂ ਸੋਚੇਂ 'ਦੀਸ਼' ਤੂੰ, ਇਹ ਤਾਂ ਰੱਬੀ ਚੋਜ।