ਬ੍ਰਹਮ ਮਾਰਗ- ਸ੍ਰੀ ਗੁਰੁ ਗ੍ਰੰਥ ਸਾਹਿਬ ਜੀ
(ਲੇਖ )
ਸ੍ਰੀ ਗੁਰੁ ਗ੍ਰੰਥ ਸਾਹਿਬ 'ਬ੍ਰਹਮ ਮਾਰਗ' ਪਾਉਣ ਦਾ ਸਭ ਤੋੱ ਵਡਾ ਵਸੀਲਾ ਹੈ । ਜਿਨ੍ਹਾਂ ਮਾਰਗਾਂ ਤੇ ਚਲ ਕੇ 'ਪਰਮਾਤਮਾ ਜਾਂ ਬ੍ਰਹਮ ' ਨੂੰ ਪਾ ਸਕਦੇ ਹਾਂ ; ਉਨ੍ਹਾਂ ਰਾਹਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਪਥ ਪ੍ਰਦਰਸ਼ਕ ਹਨ ।
'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ।
' ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਹੁ-ਪੱਖੀ ਸਿਖਿਆ ਦੇ ਅਸੀਮਤ ਭੰਡਾਰ ਨੇ । ਗੁਰੁ ਗ੍ਰੰਥ ਸਾਹਿਬ ਜੀ ਦਾ ਮੁਢ ' ਮੂਲ ਮੰਤਰ ' ਤੋਂ ਹੁੰਦਾ ਹੈ । ਗੁਰਬਾਣੀ ਅਨੁਸਾਰ ਜਿਂਨੀ ਰਚਨਾ ਅਸੀਂ ਵੇਖਦੇ ਹਾਂ ਜਾਂ ਵੇਖ ਵੀ ਨਹੀਂ ਸਕਦੇ ਉਸਦਾ ਰਚਣਹਾਰ 'ਬ੍ਰਹਮ' ਹੈ । ਬ੍ਰਹਮ ਭਾਵ ਪਰਮਾਤਮਾ । ਪਰਮਾਤਮਾ ਨੂੰ ਅਨੇਕਾਂ ਨਾਵਾਂ ਨਾਲ ਸਿਮਰਿਆ ਜਾਂਦਾ ਹੈ । ਅਣਗਿਣਤ ਨਾਵਾਂ ਨਾਲ ਅਣਗਿਣਤ ਧਰਮ ਉਸਦਾ ਜਾਪ ਕਰਦੇ ਹਨ , aੇਸਦੇ ਗੁਣ ਗਾaੁਂਦੇ ਹਨ । ਆਪਣੀ ਆਤਮਾ ਨੂੰ ਉਸ ਬ੍ਰਹਮ ਵਿਚ ਜੋ 'ਓਅੰਕਾਰਿ ' ਹੈ ਉਸ ਵਿਚ ਲੀਨ ਕਰਨ ਲਈ ਤਪਸਿਆ ਜਾਂ ਜਪ ਤਪ ਕਰਦੇ ਹਨ ।ਉਹ ਬ੍ਰਹਮ ਜਿਸਨੇ ਸਾਰੀ ਸ੍ਰਿਸਟੀ ਸਿਰਜੀ ਹੇ ।
' ਓਅੰਕਾਰਿ ਸਭ ਸ੍ਰਿਸਟਿ ਉਪਾਈ '
ਓਅੰਕਾਰਿ ਨੂੰ ਅਸੀਂ ਵੇਖ ਨਹੀਂ ਸਕਦੇ ਉਸਦਾ ਕੋਈ ਰੰਗ ਰੂਪ ਨਹੀਂ ॥ ਜਾਪੁ ਸਾਹਿਬ…….ਨਮਸਤੰ ਅਨਾਮੰ …ਨਮਸਤੰ ਅਧਾਮੰ…..ਉਸ ਦਾ ਕੋਈ ਦੇਸ ਨਹੀੰ… ਕੋਈ ਭੇਸ ਨਹੀੰ….(ਨਮਸਤੰ ਨ੍ਰਿਭੇਸੇ )
ਉਹ ਅਜਨਮ ਹੈ ..ਅਰੂਪ ਹੈ.. ਅਲੇਖ ਹੈ.. ਅਭੇਖ ਹੈ…ਪਰ ਸਦਾ ' ਅੰਗ ਸੰਗੇ ' ਹੈ
ਗੁਰਬਾਣੀ ਵਿਚ ਦਸਿਆ ਗਿਆ ਹੈ ਕੇ ਉਹ ਕਣ ਕਣ ਵਿਚ ਸਮਾਇਆ ਹੋਇਆ ਹੈ ।
ਪਰਮਾਤਮਾ ਨੂੰ ਪਾਉਣ ਲਈ ਵਿਵੇਕ ਬੁਧੀ ਦਾ ਆਸਰਾ ਲਿਆ ਜਾਦਾਂ ਹੈ । ਵਿਵੇਕ ਬੁਧੀ ਦੀ ਅਨਮੋਲ ਦਾਤ - ਨਾਮ ਜਪਣ ਨਾਲ , ਵੱਖ ਵੱਖ ਅਧਿਆਤਮਕ ਗ੍ਰੰਥਾਂ ਦਾ ਅਧਿਅਨ ਕਰਨ ਨਾਲ ਹੀ ਪ੍ਰਾਪਤ ਹੂੰਦੀ ਹੈ । ਅਜੇਹੇ ਅਧਿਐਨ ਵਿਚ ਕੋਈ ਵਿਰਲਾ ਹੀ ਪਾਰ ਉਤਰਦਾ ਹੈ…..
'ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚ ਸੰਸਾਰ '
ਆਤਮਾ ਦੀ ਖੋਜ ਪਰਮਾਤਮਾ ਦੇ ਨੇੜੇ ਲੈਕੇ ਜਾੰਦੀ ਹੈ .
'ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ '
ਸਾਡੀ ' ਬ੍ਰਹਮ ' ਨੂੰ ਪਾਉਣ ਦੀ ਬ੍ਰਿਤੀ ਇਸ ਲਈ ਹੀ ਹੈ ਕਿਉਂਕੇ ਇਹ ਸ੍ਰਿਸ਼ਟੀ ਦਾ ਪ੍ਰਤਿਪਾਲਕ ਹੈ..ਦਾਤਾਰ ਹੈ …ਸਰਬ ਸ਼ਕਤੀਮਾਨ ਹੈ…ਬਿਨਾੰ ਮੰਗਿਆਂ ਸਭ ਦਾ ਭਲਾ ਚਾਹਿਣ ਵਾਲਿਆਂ ਦੀਆਂ ਝੋਲੀਆਂ ਭਰਦਾ ਹੈ । ਸਭ ਜਗ੍ਹਾਂ ਹੀ ਨਹੰੀ ਸਭ ਚੀਜਾਂ ਵਿਚ ਸਮਾਇਆ ਹੋਇਆ ਹੈ….
'ਸਗਲ ਸਮਿਗ੍ਰੀ ਏਕਸੁ ਘਟ ਮਾਹਿ '
ਹੋਰ ਵੀ ਬਹੁਤ ਜਰੂਰੀ ਗਲ ਜੋ ਗੁਰੁ ਗ੍ਰੰਥ ਸਾਹਿਬ ਜੀ ਬਿਆਨ ਕਰਦੇ ਨੇ ਕਿ ਸਿਰਜਨਹਾਰ ਨੂੰ ਕੋਈ ਸਿਰਜਨ ਵਾਲਾ ਨਹੀਂ ਇਹ ਤਾਂ ਬਸ ੧ਓ ਹੈ- ਸੈਭੰ ਹੈ ।ਆਪਣੇ ਆਪ ਵਰਗਾ ਹੈ ….ਆਪਣੇ ਆਪ ਵਿਚ ਹੀ ਪ੍ਰਕਾਸ਼ਮਾਨ ਹੈ….ਇਸ ਦੇ ਹੁਕਮ ਵਿਚ ਹੀ ਸਾਰੀ ਕਾਇਨਾਤ ਚਲਦੀ ਹੈ ।
'ਹੁਕਮੈ ਅੰਦਿਰ ਸਭੁ ਕੋ ਬਾਹਿਰ ਹੁਕਮ ਨ ਕੋਇ '
ਗੁਰੂ ਗ੍ਰੰਥ ਸਾਹਿਬ ਜੀ ਮਨੁੱਖ –ਮਨੁੱਖ ਦੇ ਭੇਦ ਨੂੰ ਨਹੀੰ ਮੰਨਦੇ ਗੁਰਬਾਣੀ ਨੇ ਬਰਾਬਰੀ ,ਭਾਈਚਾਰੇ ਅਤੇ ਸਾਂਝੀਵਾਲਤਾ ਦੀ ਪ੍ਰੋੜ੍ਹਤਾ ਕੀਤੀ ਹੈ …..ਕਿਉੰਕੇ
"ਏਕੁ ਪਿਤਾ ਏਕਸ ਕੇ ਹਮ ਬਾਰਿਕ…."
।। ਬ੍ਰਹਮ ਮਾਰਗ ਦਾ ਇਹੋ ਤਾਂ ਅਸਲੀ ਸੁਨੇਹਾ ਹੈ …ਉਪਦੇਸ਼ ਹੈ….ਸਾਂਝੇ ਲੰਗਰ ਤੇ ਸਾੰਝੇ ਸਰੋਵਰ ਹੀ ਤਾੰ ' ਹਉਮੈ' ਦਾ ਖੰਡਨ ਕਰਦੇ ਨੇ । ਆਪੇ 'ਚ ਊਚ- ਨੀਚ ਦੀ ਭਾਵਨਾ ਨੂ ਮਿਟਾ ਕੇ ਹੀ 'ਬ੍ਰਹਮ' ਪਾਉਣ ਲਈ ਬ੍ਰਹਮ –ਮਾਰਗ ਦਾ ਪਾਂਧੀ ਬਨਿਆ ਜਾ ਸਕਦਾ ਹੈ ।ਗੁਰੁ ਗ੍ਰੰਥ ਸਾਹਿਬ ਜੀ ਵਿਚ ਅਸੀੰ ਚਮਾਰ , ਨਾਈ , ਜੁਲਾਹਾ , ਕਸਾਈ , ਸੂਫੀਆਂ , ਭਗਤਾਂ , ਭਟਾਂ ਤੇ ਗੁਰੁ ਸਹਿਬਾਨਾਂ ਦੀ ਬਾਣੀ ਦਾ ਅਧਿਐਨ ਕਰਦੇ ਹਾਂ । ਇਸ ਸਾਰੀ ਬਾਣੀ ਵਿਚ ਬ੍ਰਹਮ ਦੀ ਉਸਤਤਿ ਨੂੰ ਮੁਖ ਦਰਜਾ ਦਿੱਤਾ ਗਿਆ ਹੈ । ਜਿਵੇਂ ਕਬੀਰ ਜੀ ਲਿਖਦੇ ਨੇ….
' ਲੋਕ ਜਾਨੈ ਇਹ ਗੀਤ ਹੈ ਇਹ ਤਾਂ ਬ੍ਰਹਮ ਬਿਚਾਰ '
ਬਸ ਥੋਹੜੇ ਸ਼ਬਦਾਂ ਵਿਚ- ਭਾਈ ਕਾਨ੍ਹ ਸਿੰਘ ਨਾਭਾ , ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਧਰਮ ਗ੍ਰੰਥਾਂ ਦਾ ਸਵਾਮੀ ਮੰਨਦੇ ਨੇ…..
ਬਾਬਾ ਵਿਰਸਾ ਸਿੰਘ ਜੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਗਏ ਧਰਮ ਨੂੰ 'ਵਿਸ਼ਵ ਧਰਮ ' ਮੰਨਦੇ ਨੇ…….
ਭਾਵ ' ਬਾਣੀ ਸੱਚ ਦੀ ਖੋਜ ਹੈ ਤੇ ਉਹ ਸੱਚ ਬ੍ਰਹਮ ਹੈ "
ਸੋ ਗੁਰੁ ਗ੍ਰੰਥ ਸਾਹਿਬ ਜੀ ਉਹ ਬ੍ਰਹਮ ਮਾਰਗ ਨੇ ਜਿਸ ਮਾਰਗ ਤੇ ਚਲ ਕੇ ਜਨਮ-ਜਨਮਾਤਰਾਂ ਦੀ ਲਗੀ ਮੈਲ ਤੇ ਰੋਗ ਨੂੰ ਨਾਮ ਦੇ ਦਾਰੂ ਨਾਲ ਧੋ ਕਿ ਬ੍ਰਹਮ ਦੀ ਨਗਰੀ ਵਲ ਜਾਂਦੇ ਪੈਂਡੇ ਦੇ ਮੁਸਾਫਿਰ ਬਣਦੇ ਹਾਂ…….
ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸਚ ਬਿਨਾ………