ਧੀਆਂ ਤੇ ਜ਼ੁਲਮ ਕਮਾਉ ਨਾ
(ਗੀਤ )
ਧੀਆਂ ਤੇ ਜ਼ੁਲਮ ਕਮਾਉ ਨਾ
ਕੁੱਖਾਂ ਵਿੱਚ ਕਤਲ ਕਰਾਉ ਨਾ
ਦੁੱਖ ਦਰਦ ਵੰਡਾਉਂਦੀਆਂ ਨੇ ਧੀਆਂ
ਦੁੱਖਾਂ ਦੀ ਸੇਜ ਸਜਾਉ ਨਾ
ਧੀਆਂ .....................
ਜਿਸ ਘਰ ਵਿੱਚ ਧੀਆਂ ਵੱਸਦੀਆਂ ਨੇ
ਓਥੇ ਰੱਬ ਵੀ ਆ ਕੇ ਵੱਸ ਜਾਂਦਾ
ਫਿਰ ਸ਼ਰਮ ਸਿਆਣਪ ਦਾ ਦੀਵਾ
ਚੌਖਟ ਤੇ ਖ਼ੁਦ ਹੀ ਜਗ ਜਾਂਦਾ
ਇਤਫ਼ਾਕ ਮੁਹੱਬਤ ਦੀਆਂ ਚਿੜ੍ਹੀਆਂ
ਬਨੇਰਿਆਂ ਤੋ ਉਡਾਉ ਨਾ
ਧੀਆਂ ....................
ਧੀਆਂ ਨੇ ਕੋਸੀ ਧੁੱਪ ਜਿਹੀਆਂ
ਤੇ ਲਫ਼ਜਾਂ ਵਿਚਲੀ ਚੁੱਪ ਜਿਹੀਆਂ
ਸੰਗੀਤ ਵਗਦੇ ਝਰਨੇ ਦਾ
ਗੁਰਬਾਣੀ ਦੀ ਤੁਕ ਜਿਹੀਆਂ
ਕੁਦਰਤ ਦੀਆਂ ਕਿਲਕਾਰੀਆਂ
ਸੋਗ ਵਿੱਚ ਡੁਬਾਉ ਨਾ
ਧੀਆਂ ..................
ਧੀਆਂ ਨੇ ਮਹਿਕ ਹਵਾਂਵਾਂ ਦੀ
ਸੁੱਚਮ ਸ਼ਿੱਦਤ ਦੁਆਂਵਾਂ ਦੀ
ਨੇਹਮਤ ਪਾਕ ਦਰਗਾਹਾਂ ਦੀ
ਖੁਸ਼ੀ ਘਰ ਨੂੰ ਮੁੜਦੇ ਰਾਂਹਾਂ ਦੀ
ਇਨ੍ਹਾਂ ਘਰ ਵੱਲ ਮੁੜਦੇ ਰਾਹਾਂ ਨੂੰ
ਉਜਾੜਾਂ ਜਿਹਾ ਬਣਾਉ ਨਾ
ਧੀਆਂ ......................
ਇਹ ਰਹਿਮਤ ਦਾ ਸਿਰਨਾਂਵਾਂ ਨੇ
ਇਹ ਸ਼ੋਹਬਤ ਦਾ ਪਰਛਾਵਾਂ ਨੇ
ਬੇਸ਼ੱਕ ਜਨਮਣ ਧੀ ਬਣ ਕੇ
ਦਰਅਸਲ ਹੁੰਦੀਆਂ ਮਾਂਵਾਂ ਨੇ
ਮਾਂਵਾਂ ਨੂੰ ਮਾਰ ਕੇ ਐ 'ਸੋਨੀ'
ਰਹਿਮਤ ਨੂੰ ਠੁਕਰਾਉਂ ਨਾ
ਧੀਆਂ ....................