ਕੰਨ ਖੋਲ ਕੇ ਸੁਣਿਓ ਵੀਰੋ ,ਮੈਂ ਦੱਸਣ ਲੱਗਾ ਮੇਰੀ ਕਹਾਣੀ,
ਗੱਲ ਅੱਜਕਲ ਦੀ ਲਗਦੀ ਐ ,ਨਹੀਉ ਬਹੁਤ ਪੁਰਾਣੀ..
ਮੇਰੇ ਗੁਲਸ਼ਨ ਵਿੱਚ ਗੁਲਾਬ ਸੀ ਹਸਦੇ
ਸੀ ਚੜਦਾ ਪੰਜ ਆਬਾਂ ਵਿਚੋਂ ਸਵੇਰਾ..
ਮੈਨੂੰ ਸਾਂਭ ਪੰਜਾਬੀ ਪੁੱਤਰਾ ਓਏ
ਮੈਂ ਉਜੜਿਆ ਹੋਇਆ ਪੰਜਾਬ ਹਾਂ ਤੇਰਾ.....
ਪਹਿਲਾਂ ਵਿਚ 47 ਦੇ,ਕਰ ਗਏ ਟੁਕੜੇ ਮੇਰੇ ਗੋਰੇ ਵੈਰੀ
ਵਿਚ 84 ਡੰਗ ਗਏ ਨੇ,ਬਣਕੇ ਆਪਣੇ ਨਾਗ ਕਈ ਜਹਿਰੀ...
ਮੇਰੀ ਰੂਹ ਤੇ ਵਰਦੇ ਰਹੇ ਗੋਲੇ ਸੀ
ਕਰਤਾ ਜਿਸਮ ਸੀ ਛਲਣੀ ਮੇਰਾ..
ਮੈਨੂੰ ਸਾਂਭ ਪੰਜਾਬੀ ਪੁੱਤਰਾ ਓਏ
ਮੈਂ ਉਜੜਿਆ ਹੋਇਆ ਪੰਜਾਬ ਹਾਂ ਤੇਰਾ...
ਮੇਰੇ ਪੁੱਤ ਕਿਰਸਾਨਾਂ ਦੀ,ਹੋਗੀ ਹਾਲਤ ਬਹੁਤ ਹੀ ਮਾੜੀ
ਨਿਤ ਕਰਦੇ ਖੁਦਕਸ਼ੀਆਂ ਨੇ,ਪੈਗੀ ਫੰਦਿਆਂ ਦੇ ਨਾਲ ਆੜੀ..
ਘੁਣ ਵਾਂਗੂੰ ਚੱਟ ਗਏ ਲੀਡਰ ਨੇ
ਮੁੱਕ ਗਿਆ ਵਿਹੜੇ ਮੇਰੇ ਚੋਂ ਖੇੜਾ...
ਮੈਨੂੰ ਸਾਂਭ ਪੰਜਾਬੀ ਪੁੱਤਰਾ ਓਏ
ਮੈਂ ਉਜੜਿਆ ਹੋਇਆ ਪੰਜਾਬ ਹਾਂ ਤੇਰਾ...
ਹਿੱਕ ਚੋਂ ਉਗਦਾ ਸੋਨਾ ਸੀ,ਹੁਣ ਤਾਂ ਹੜ ਚਿੱਟੇ ਦਾ ਵਗਦਾ
ਰੁੜ ਚੱਲੀ ਜਵਾਨੀ ਐ,ਦਿਸਦਾ ਹਰ ਪਿੰਡ ਸਿਵਾ ਹੈ ਦਗਦਾ ..
ਧੀਆਂ ਸਾੜੀਆਂ ਅੱਗ ਦਾਜ ਦੀ ਨੇ
ਬਿਨ ਚਿੜੀਓਂ ਸੁੰਨਾ ਦਿਸੇ ਬਨੇਰਾ..
ਮੈਨੂੰ ਸਾਂਭ ਪੰਜਾਬੀ ਪੁੱਤਰਾ ਓਏ
ਮੈਂ ਉਜੜਿਆ ਹੋਇਆ ਪੰਜਾਬ ਹਾਂ ਤੇਰਾ...
ਉਠ ਮੁਕਤਸਰ ਵਾਲਿਆ ਓਏ,ਹੋਗੀ ਬਹੁਤੀ ਆਪਣੀ ਹਾਨੀ
ਨਾਂ ਅੱਤਵਾਦੀ ਦੇ ਕੇ,ਵੈਰੀ ਕਰ ਨਾ ਜਾਵਣ ਫਿਰ ਮਨਮਾਨੀ..
ਮਾਰ ਦਹਾੜ ਤੂੰ ਸ਼ੇਰਾਂ ਜਿਹੀ ਸੰਨੂ ਓਏ
ਗਿੱਦੜ ਮੁੜ ਤੋਂ ਕਸਦੇ ਜਾਣ ਦੁਆਲੇ ਘੇਰਾ...,
ਮੈਨੂੰ ਸਾਂਭ ਪੰਜਾਬੀ ਪੁੱਤਰਾ ਓਏ
ਮੈਂ ਉਜੜਿਆ ਹੋਇਆ ਪੰਜਾਬ ਹਾਂ ਤੇਰਾ....