ਸੁਖਵੀਰ ਸਿੰਘ ਸੂਹੇ ਅੱਖਰ ਲੰਮੇ ਸਮਂੇ ਤੋਂ ਕਵਿਤਾ ਲਿਖਾ ਰਿਹਾ ਹੈ, ਉਸ ਦੀ ਇਹ ਸਾਧਨਾ 21 ਸਾਲ ਤੋਂ ਚੱਲ ਰਹੀ ਹੈ, ਅਖਬਾਰਾਂ ਅਤੇ ਪੰਜਾਬੀ ਪੱਤਰਕਾਵਾਂ ਵਿਚ ਛਪਦਾ ਵੀ ਰਿਹਾ ਪ੍ਰੰਤੂ ਛਪਣ ਦੀ ਜਿਆਦਾ ਤਾਂਘ ਨਾ ਹੋਣ ਕਾਰਨ ਉਸਨੇ ਆਪਣੀ ਕਵਿਤਾ ਕਿਸੇ ਅਖਬਾਰ ਜਾਂ ਪੱਤਰਕਾਵਾਂ ਨੂੰ ਨਾ ਮਾਤਰ ਹੀ ਭੇਜੀਆਂ ਹਨ। ਫੇਸਬੁੱਕ ਤੇ ਉਸ ਵੱਲੋ ਬਣਾਇਆ ਪੇਜ ਸੂਹੇ ਅੱਖਰ ਪੰਜਾਬੀ ਕਵਿਤਾ ਦਾ ਸਭ ਤੋਂ ਵੱਧ ਪੜਿ•ਆ ਜਾਣ ਵਾਲਾ ਪੇਜ ਹੈ। ਫੇਸਬੁੱਕ ਰਾਹੀਂ ਹੀ ਉਸ ਦੀਆਂ ਕਵਿਤਾਵਾਂ ਨੂੰ ਮਿਲਿਆ ਅਥਾਹ ਪਿਆਰ ਹੀ ਉਸਦੀ ਪੂੰਜੀ ਹੈ। ਉਹ ਫ਼ੱਕਰ ਕਿਸਮ ਦਾ ਇਨਸਾਨ ਹੈ, ਇਹ ਫ਼ਕੀਰੀ ਉਸਦੀਆਂ ਰਚਨਾਵਾਂ ਵਿਚ ਵੀ ਝਲਕਦੀ ਹੈ। ਉਹ ਪਤਾ ਨਹੀਂ ਕਿੰਨੇ ਸਾਲ ਹੋਰ ਕੱਢ ਦਿੰਦਾ ਬਿਨੇ ਛਪਿਆਂ ਜੇ ਉਸਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਸੁਭਚਿੰਤਕ ਉਸਨੂੰ ਪੁਸਤਕ ਛਪਵਾਉਣ ਨੂੰ ਜੋਰ ਨਾ ਪਾਉਂਦੇ। ਹੁਣ ਉਹ ਆਪਣੀ ਕਵਿਤਾ ਦੀ ਪਲੇਠੀ ਪੁਸਤਕ ''ਆਪਣੇ ਹਿੱਸੇ ਦਾ ਮੌਨ'' ਲੈ ਕੇ ਹਾਜਿਰ ਹੈ। ਕਵੀ ਕਵਿਤਾ ਨੂੰ ਅੰਤਾਂ ਦੀ ਮੁਹੱਬਤ ਕਰਦਾ ਹੈ, ਉਹ ਹਰ ਰਿਸ਼ਤੇ ਨੂੰ ਰੱਜ ਕੇ ਹੰਢਾਉਂਦਾ ਲਗਦਾ ਹੈ, ਹਰ ਰਿਸ਼ਤੇ ਦੀ ਮਰਿਆਦਾ ਤੋਂ ਉਹ ਜਾਣੂ ਹੈ, ਉਸਦੀ ਕਵਿਤਾ ਵਿਚ ਇਸਤਰੀ ਜਾਤੀ ਲਈ ਰੱਜ ਕੇ ਦਿੱਤਾ ਸਤਿਕਾਰ ਸਾਨੂੰ ਸਭ ਨੂੰ ਔਰਤ ਪ੍ਰਤੀ ਸਤਿਕਾਰ ਰੱਖਣ ਲਈ ਪ੍ਰੇਰਦਾ ਹੈ। ਹਰ ਇਸਤਰੀ ਨੂੰ ਆਪਣੀ ਮਾਂ, ਭੈਣ ਜਾਂ ਪੁੱਤਰੀ ਦੇ ਰੂਪ ਵਿਚ ਸੰਬੋਧਨ ਕਰਨਾ ਉਸਦੀ ਸੱਚੀ ਸੁੱਚੀ ਸੋਚ ਦੀ ਗਵਾਹੀ ਭਰਦੀ ਹੈ। ਕਵਿਤਾ '' ਤੂੰ ਬਰਨਾਲੇ ਨਾ ਆਵੀਂ '' ਵਿਚ ਕਵੀ ਨੇ ਕੁੜੀ ਦੇ ਟੁੱਟੇ ਰਿਸ਼ਤੇ ਉਪਰੰਤ ਸਮਾਜ ਦੀ ਸੌੜੀ ਸੋਚ ਤੇ ਕਟਾਸ਼ ਕੁਝ ਇਸ ਤਰ•ਾਂ ਕੀਤਾ ਹੈ:
ਉਹ ਹੁਣ
ਆਪਣੇ ਭਾਈਆਂ ਦੇ ਘਰ ਰਹਿੰਦੀ ਹੈ
ਉਸ ਦਾ ਆਪਣਾ ਕੋਈ ਘਰ ਨਹੀਂ ਹੈ
ਲੋਕ ਵੀ ਕਹਿੰਦੇ ਹਨ
ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ
ਪਰ ਉਹਨਾਂ ਨੂੰ ਤਾਂ ਬਿਲਕੁਲ ਵੀ ਨਹੀ ਪਤਾ
ਕਿੰਨੇ ਅਣਜਾਣ ਲੋਕ ਹਨ
ਕੱਖ ਦੀ ਸਮਝ ਨਹੀਂ ਹੈ
ਕੁੜੀਆਂ ਨੂੰ ਘਰ ਦੀ ਲੋੜ ਨਹੀਂ ਹੁੰਦੀ
ਕੀ ਪ੍ਰਮਾਤਮਾ ਦਾ ਵੀ ਕੋਈ ਘਰ ਹੁੰਦਾ ਹੈ?
ਕੁੜੀਆਂ ਤਾਂ ਜਿਥੇ ਜਾਂਦੀਆਂ ਹਨ
ਉਥੇ ਘਰ ਬਣਨ ਲਗਦੇ ਹਨ

ਫਰੇਜ਼ਰ ਵਗਦਾ ਰਿਹਾ ਵੀ ਕਮਾਲ ਦੀ ਕਵਿਤਾ ਹੈ, ਲੇਖਕ ਦੀ ਸ਼ੈਲੀ ਬਹੁਤ ਸਰਲ ਹੈ, ਉਹ ਕਵਿਤਾ ਤੇ ਪਾਬੰਦੀਆਂ ਨਹੀਂ ਲਗਾਉਂਦਾ। ਉਸਦੇ ਕੋਲ ਅੱਖਰਾਂ ਦਾ ਵਿਸ਼ਾਲ ਸਮੁੰਦਰ ਹੈ, ਜਿਵੇਂ ਜਿਵੇਂ ਉਸਦੇ ਅੰਦਰੋ ਕਵਿਤਾਵਾਂ ਨਿਕਲਦੀਆਂ ਹਨ ਉਹ ਉਸੇ ਤਰ•ਾਂ ਕਾਗਜ ਤੇ ਉਤਾਰ ਲੈਂਦਾ ਹੈ, ਇਹ ਹੀ ਉਸਦੀ ਕਵਿਤਾ ਦੀ ਉਪਲਬਧੀ ਹੈ। ਲੇਖਕ ਆਪਣੀ ਸ਼ੈਲੀ ਤੇ ਡੱਟ ਕੇ ਖੜ•ਦਾ ਹੈ ਤੇ ਕਵਿਤਾ ਨਿਕਲਦੀ ਹੈ:
ਬਹੁਤ ਲੋਕ ਕਵਿਤਾ ਨੂੰ ਆਪਣੇ ਮੇਚ ਦੀ ਕਰ ਰਹੇ ਹਨ
ਤੇ ਉਹ ਇਸ ਨੂੰ ਛੋਟੀ ਕਰਨ ਦੀ ਕੋਸ਼ਿਸ਼ ਕਰਦੇ ਹਨ
ਤੁਸੀਂ ਕੁੱਝ ਵੀ ਕਰਨਾ
ਮੈਂ ਬਰਦਾਸ਼ਤ ਕਰ ਸਕਦਾ ਹਾਂ
ਕਿਸੇ ਸਾਊ ਬੰਦੇ ਦਾ ਅਪਮਾਨ ਨਾ ਕਰਨਾ
ਕਿਸੇ ਔਰਤ ਦਾ ਨਿਰਾਦਰ ਨਾ ਕਰਨਾ
ਕਿਸੇ ਬੱਚੇ ਨੂੰ ਜਲੀਲ ਨਾ ਕਰਨਾ
ਤੇ ਮੈਨੂੰ ਕਦੇ ਵੀ ਦੱਸਣ ਨਾ ਆਉਂਣਾ
ਕਿ ਕਵਿਤਾ ਕੀ ਹੁੰਦੀ ਹੈ,
ਇਹ ਸਭ ਮੈਂ ਬਰਦਾਸ਼ਤ ਨਹੀਂ ਕਰ ਸਕਦਾ
ਕਵੀ ਦੀਆਂ ਕਵਿਤਾਵਾਂ ਵਿਚ ਕਮਾਲ ਦੀ ਕੀਲਣ ਦੀ ਸਮਰਥਾ ਹੈ, ਜੋ ਹਰ ਇਕ ਦੇ ਦਿਲ ਵਿਚ ਡੂੰਘੇ ਉਤਰ ਜਾਂਦੀਆਂ ਹਨ। ਉਸ ਦੀਆਂ ਕਵਿਤਾਵਾਂ ਨਦੀ ਦੇ ਵਹਿਣ ਦੀ ਤਰ•ਾਂ ਵਹਿੰਦੀਆਂ ਤੁਰੀਆਂ ਜਾਂਦੀਆਂ ਹਨ। ਮੁਹੱਬਤ ਕੀ ਹੁੰਦੀ ਹੈ ਕਵਿਤਾ ਵਿਚ ਕਵੀ ਨੇ ਤਿਆਗ ਨੂੰ ਮੁਹੱਬਤ ਕਿਹਾ ਹੈ, ਕਿਸੇ ਦਾ ਭਲਾ ਕਰਕੇ ਅੱਗੇ ਤੁਰ ਜਾਣ ਨੂੰ ਮੁਹੱਬਤ ਕਿਹਾ ਹੈ, ਕੁਰਬਾਨ ਹੋਣ ਤੋਂ ਬਾਅਦ ਧੰਨਵਾਦ ਦੀ ਉਮੀਦ ਨਾ ਰੱਖਣ ਦਾ ਜਿਗਰਾ ਮੁਹੱਬਤ ਦੱਸਿਆ ਹੈ। ਸੁਖਬੀਰ ਬਹੁਤ ਸਬਰ ਵਾਲਾ ਬੰਦਾ ਹੈ, ਉਸਦੀ ਕਵਿਤਾ '' ਦਾ ਗੋਲਡਨ ਸੈਂਡ '' ਦਾ ਕੁੱਝ ਹਿੱਸਾ ਇਸਦੀ ਗਵਾਹੀ ਭਰਦਾ ਹੈ:
ਮੈਂ ਸਿਰਫ ਇਹੋ ਚਾਹੁੰਦਾ ਹਾਂ
ਮੈਨੂੰ ਜੋ ਵੀ ਮਨੁੱਖ ਮਿਲੇ, ਹੱਸਦਾ ਮਿਲੇ
ਉਸ ਦੇ ਚਿਹਰੇ ਤੇ ਸਬਰ ਹੋਵੇ
ਹੋਰ ਮੇਰੀ ਕੋਈ ਇੱਛਾ ਨਹੀਂ ਹੈ
ਲੇਖਕ ਦਾ ਧਰਮ ਸਮਾਜ ਲਈ ਰਾਹ ਦਸੇਰਾ ਬਣਨਾ ਹੈ, ਸਦੀਆਂ ਤੋਂ ਲੇਖਕ ਦਾ ਸਥਾਨ ਬਹੁੱਤ ਉੱਚਾ ਸੁੱਚਾ ਮੰਨਿਆ ਗਿਆ ਹੈ। ਲੇਖਕਾਂ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਰੁਤਬੇ ਦੇ ਅਨੁਸਾਰ ਸਮਾਜ ਵਿਚ ਆਪਣਾ ਬਣਦਾ ਮਾਨ ਸਨਮਾਨ ਮੁੜ ਹਾਸਿਲ ਕਰਨ ਲਈ ਆਪਣੇ ਫਰਜਾਂ ਨੂੰ ਸਮਝਣ ਤੇ ਸਮਾਜ ਵਿਚ ਫੈਲੀਆਂ ਉਣਤਾਈਆਂ ਨੂੰ ਦੂਰ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਪ੍ਰੰਤੂ ਅੱਜ ਕੱਲ• ਬਹੁਤੇ ਲੇਖਕ ਅਪਣੇ ਫਰਜ ਭੁੱਲੀ ਬੈਠੇ ਹਨ ਤੇ ਇਸੇ ਤੋਂ ਦੁਖੀ ਮਨ ਨਾਲ ਸੁਖਵੀਰ ਲਿਖਦਾ ਹੈ:
ਕਵੀ ਦਰਬਾਰਾਂ ਵਿੱਚ ਨਾ ਜਾਣਾਂ
ਉਥੇ ਸਿਰਫ ਕਵਿਤਾ ਪੜ•ੀ ਜਾਂਦੀ ਹੈ
ਸੁਣੀ ਨਹੀਂ ਜਾਂਦੀ
ਜੇ ਜਾਣਾਂ, ਸਿਰਫ ਸੁਣਨ ਜਾਣਾ
ਤੇ ਮਾਣ ਨਾਲ ਭਰ ਜਾਣਾ
ਕਵੀ ਤੇ ਬੁੱਧ ਦਾ ਬਹੁਤ ਡੂੰਘਾ ਪ੍ਰਭਾਵ ਪਿਆ ਪ੍ਰਤੀਤ ਹੁੰਦਾ ਹੈ, ਉਹ ਮੌਨ, ਮੋਕਸ਼, ਅਧਿਆਤਮ ਅਤੇ ਸਬਰ ਸੰਤੋਖ ਦੀ ਗੱਲ ਕਰਦਾ ਤੇ ਅਖੀਰ '' ਚਲੋ ਬੁੱਧ ਹੁੰਦੇ ਹਾਂ '' ਕਵਿਤਾ ਦੀ ਸਿਰਜਨਾ ਕਰਦਾ ਹੈ:
ਕਿਤੇ ਨਾ ਕਿਤੇ ਇੱਕ ਜਗ•ਾ ਹੋਵੇਗੀ
ਜਿੱਥੇ ਧਰਮ ਤੇ ਸਾਇੰਸ ਇੱਕ ਹੋ ਜਾਂਦੇ ਹਨ
ਮਾਂ ਤੇ ਮਹਿਬੂਬ ਇਕ ਹੋ ਜਾਂਦੇ ਹਨ
ਧਿਆਨ ਤੇ ਸੇਵਾ ਇੱਕ ਹੋ ਜਾਂਦੇ ਹਨ
ਮੱਦਦ ਤੇ ਸਿਮਰਨ ਇੱਕ ਹੋ ਜਾਂਦੇ ਹਨ
ਮੈਂ ਸ਼ਾਇਦ ਅਜਿਹੀ ਹੀ ਕਿਸੇ ਜਗ•ਾ ਤੇ ਹਾਂ
ਕਵਿਤਾ '' ਇਕ ਫੋਨ ਕਾਲ ਦੇ ਨਾਮ '' ਵਿਚ ਕਵੀ ਇਕ ਰੱਜੀ ਰੂਹ ਪ੍ਰਤੀਤ ਹੁੰਦਾ ਹੈ, ਜੋ ਦੁਨਿਆਵੀ ਲਾਲਚ ਤੋਂ ਅਭਿੱਜ ਲੱਗਦੈ। ਇਹ ਅਵਸਥਾ ਵਿਚ ਕੋਈ ਵਿਰਲਾ ਹੀ ਪਹੁੰਚ ਸਕਦਾ। ਸੁਖਬੀਰ ਬਾਕੀ ਕਵੀਆਂ ਨਾਲੋਂ ਕੁਝ ਵੱਖਰਾ ਹੈ, ਜੋ ਇਸ ਦੀ ਖਾਸੀਅਤ ਵੀ ਹੈ।
ਪਰ ਹੁਣ ਮੇਰੇ ਅੰਦਰ
ਇੱਕ ਵੱਖਰਾ ਹੀ ਮਾਹੌਲ ਹੈ
ਸੁੱਚੇ ਰਿਸ਼ਤਿਆਂ ਦੀ ਜਮੀਨ ਤੇ ਹਾਂ ਮੈਂ
ਇਹ ਬੜੀ ਬੰਜ਼ਰ ਜਗ•ਾ ਹੈ
ਇੱਥੇ ਸੁਪਨੇ ਨਹੀਂ ਉਗਦੇ
ਆਸਾਂ ਦੇ ਫੁਲ ਨਹੀਂ ਖਿੜਦੇ
ਤੇ ਸੁੱਚੀ ਮੁਹੱਬਤ ਦੀ ਜਮੀਨ ਉਹ ਜਗ•ਾ ਹੈ
ਜਿੱਥੇ ਖੜ ਕੇ
ਸਾਨੂੰ ਆਪਣੇ ਲਈ ਕੁਝ ਵੀ ਨਹੀਂ ਚਾਹੀਦਾ ਹੁੰਦਾ
ਲੇਖਕ ਦੇ ਮਨ ਵਿਚ ਸਮਾਜ ਵਿਚ ਵਾਪਰ ਰਹੇ ਬੜ•ੇ ਵੱਡੇ ਦੁਖਾਂਤ ਦੀ ਪੀੜਾ ਹੈ, ਉਹ ਸਮਾਜ ਦੇ ਵਰਤਾਰੇ ਤੋ ਦੁੱਖੀ ਹੈ, ਮਹਾਂਪੁਰਖਾਂ ਨੂੰ ਜਨਮ ਦੇਣ ਵਾਲੀ ਔਰਤ ਦਾ ਹੀ ਕਤਲ ਕੁੱਖ ਵਿਚ ਕੀਤਾ ਜਾ ਰਿਹਾ ਹੈ, ਲੇਖਕ ਇਹ ਪੀੜਾ ਆਪਣੀ ਕਵਿਤਾ '' ਕੰਜਕਾਂ ਦੇ ਕਤਲ ਦੀ ਕਥਾ '' ਵਿਚ ਇਸ ਤਰ•ਾਂ ਬਿਆਨ ਕਰਦਾ ਹੈ:
ਅਸੀਂ ਲਿਖਦੇ ਥੱਕ ਗਏ ਹਾਂ
ਕੰਜਕਾਂ ਦੇ ਕਤਲ ਦੀ ਕਥਾ
ਡੁੱਲਦੀ ਰੱਤ ਦਾ ਸਿਲਸਲਾ
ਮਨੁੱਖਤਾ ਦੇ ਮਰਨ ਦਾ ਹਿਸਾਬ
ਫਿਰ ਵੀ ਮਨੁੱਖ ਦੇ ਕਿਰਦਾਰ ਚੋਂ
ਦਰਿੰਦਗੀ ਨਹੀਂ ਮੁੱਕੀ
ਸੁਖਵੀਰ ਬੜੀ ਸਰਲਤਾ ਨਾਲ ਬਹੁੱਤ ਵੱਡੀ ਗੱਲ ਕਹਿ ਜਾਂਦਾ ਹੈ, ਆਪਣੀ ਕਵਿਤਾ '' ਕਵਿਤਾ ਸਮਝਣ ਦੀ ਚੀਜ਼ ਨਹੀਂ ਹੁੰਦੀ '' ਵਿਚ ਕਵੀ ਨੇ ਬੜੇ ਨਾਜੁਕ ਖਿਆਲਾਂ ਨੂੰ ਆਪਣੀ ਕਵਿਤਾ ਵਿਚ ਸ਼ਾਮਿਲ ਕੀਤਾ ਹੈ ਤੇ ਉਹ ਲਿਖਦਾ ਹੈ ਕਿ ਕਵਿਤਾ ਕੋਈ ਸਮਝਣ ਦੀ ਚੀਜ ਨਹੀਂ ਹੁੰਦੀ, ਇਹ ਤਾਂ ਸ਼ਬਦਾ ਨੂੰ ਦਿਲ ਦੇ ਧਰਾਤਲ ਤੇ ਮਹਿਸੂਸ ਕਰਨਾ ਹੈ, ਜਿਵੇਂ ਕੋਈ ਮਾਂ ਆਪਣੇ ਨਿੱਕੇ ਜਿਹੇ ਬੱਚੇ ਦਾ ਛੋਟਾ ਜਿਹਾ ਅੱਧ ਖੁੱਲਿਆ ਹੱਥ ਆਪਣੇ ਮੂੰਹ ਤੇ ਰੱਖ ਕੇ ਅੱਖਾਂ ਮੀਚ ਲੈਂਦੀ ਹੈ। ਲੇਖਕ ਪਤਾ ਨਹੀਂ ਕਿੰਨਾ ਗਿਆਨ ਆਪਣੇ ਅੰਦਰ ਸਮੋਈ ਬੈਠਾ ਹੈ ਜੋ ਕਵਿਤਾ ਬਣ ਬਣ ਬਾਹਰ ਨਿਕਲਦਾ ਜਾ ਰਿਹਾ ਹੈ।
ਲੇਖਕ ਨੂੰ ਪੀੜਾ ਹੈ, ਰਿਸ਼ਤੇ ਦੇ ਟੁੱਟ ਜਾਣ ਦੀ, ਇਕ ਖਲਾਅ ਹੈ ਜੀਵਨ ਵਿਚ ਜਿਸਦੀ ਪੀੜਾ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ, ਫਿਰ ਵੀ ਉਹ ਕੋਸ਼ਿਸ਼ ਕਰਦਾ ਤੇ ਕਵਿਤਾ ਸਿਰਜਦਾ ਹੈ:
ਕਿੰਨਾ ਕੁਝ ਟੁੱਟਦਾ ਹੈ
ਸੁਪਨੇ, ਸੱਧਰਾਂ, ਅਰਮਾਨ
ਖੜਕਾ ਕਿਸੇ ਨੂੰ ਨਹੀਂ ਸੁਣਦਾ
ਬੱਸ ਅੱਖਾਂ ਬੰਦ ਕਰਕੇ
ਹਰ ਕੋਈ
ਆਪਣੇ ਹਿੱਸੇ ਦੀ ਪੀੜ ਪੀਂਦਾ ਹੈ
ਜਿਉਣ ਲਈ ਸਿੱਖਣੀ ਪੈਂਦੀ ਹੈ
ਹਜਾਰਾਂ ਤਰ•ਾਂ ਦੇ ਜ਼ਹਿਰ ਨੂੰ
ਅੰਮ੍ਰਿਤ ਬਣਾਉਣ ਦੀ ਕਲਾ
ਪੁਸਤਕ ਦੀ ਆਖਰੀ ਕਵਿਤਾ '' ਆਪਣੇ ਹਿੱਸੇ ਦਾ ਮੌਨ '' ਤਕਰੀਬਨ 1500 ਲਾਈਨਾਂ ਦੀ ਬਹੁੱਤ ਲੰਬੀ ਬਾਕਮਾਲ ਕਵਿਤਾ ਹੈ। ਵਰਿ•ਆਂ ਬੱਧੀ ਚੁਪ ਤੋਂ ਬਆਦ ਮੌਨ ਦੀ ਅਵਸਥਾ ਵਿਚੋਂ ਲੰਘਕੇ ਨਿਕਲੇ ਹਰਫਾਂ ਨੂੰ ਕਾਗਜ ਤੇ ਜਦੋ ਕਵੀ ਉਤਾਰਦਾ ਹੈ ਤਾਂ ਇਹ ਕਵਿਤਾ ਬਣਦੀ ਹੈ। ਇਹ ਸਾਲਾਂ ਬੱਧੀ ਚੁੱਪ ਤੋਂ ਬਾਅਦ ਨਿਕਲੀ ਹੂਕ ਹੈ। ਇਹ ਇਕ ਕਾਵਿਕ ਖੱਤ ਹੈ ਜੋ ਕਵੀ ਆਪਣੀ ਮੁਹੱਬਤ ਦੇ ਨਾਂ ਲਿਖਦਾ ਹੈ ਜੋ ਕਦੇ ਉਸ ਵਲੋਂ ਪੋਸਟ ਨਹੀਂ ਕੀਤਾ ਗਿਆ। ਕਵੀ ਵਲੋਂ ਹਰ ਚੀਜ ਨੂੰ ਹੱਸ ਕੇ ਸਵੀਕਾਰ ਕਰ ਲੈਣ ਦਾ ਨਾਮ ਮੁਹੱਬਤ ਦਸਿਆ ਹੈ, ਬਲਿਦਾਨ ਨੂੰ ਮੁਹੱਬਤ ਮੰਨਿਆ ਹੈ। ਇਹ ਕਵਿਤਾ ਮੌਨ ਟੁਟਣ ਉਪਰੰਤ ਮੁਹੱਬਤ ਦੀ ਗਾਥਾ ਬਿਆਨ ਕਰਦੀ ਹੈ।
ਮੈਂ ਤੇਰੇ ਤੱਕ ਆਇਆ ਸੀ
ਕੁੱਝ ਸ਼ਬਦ ਬੋਲ ਬਣੇ
ਤੂੰ ਚੁੱਪ ਚਾਪ ਸੁਣ ਲਏ
ਤੇ ਫਿਰ ਮੈਂ ਚੁਪ ਚਾਪ ਪਰਤ ਗਿਆ
ਤੇਰੀ ਚੁੱਪ ਆਪਣੇ ਨਾਲ ਲੈ ਕੇ
ਵਰਿ•ਆਂ ਤੱਕ ਇਹ ਚੁੱਪ
ਮੌਨ ਵਿੱਚ ਬਦਲਦੀ ਰਹੀ
ਮੌਨ ਫਿਰ ਮੋਕਸ਼ ਵੱਲ ਤੁਰਨ ਲੱਗਿਆ
ਇਸੇ ਅਧਿਆਤਮ ਦੇ ਰਸਤੇ ਤੇ
ਇਕ ਦਿਨ ਮੌਨ ਟੁਟ ਗਿਆ
ਮੇਰੀਆਂ ਸਾਰੀਆ ਚੁੱਪਾ ਤਿੜਕ ਗਈਆਂ
ਫਿਰ ਇੱਕ ਕਵਿਤਾ ਬਣਨ ਲੱਗੀ
ਆਪਣੇ ਹਿੱਸੇ ਦਾ ਮੌਨ
ਕਵੀ ਆਪਣੀ ਕਵਿਤਾ ਦੇ ਅੰਤ ਵਿਚ ਕਹਿੰਦਾ ਹੈ ਕਿ ਇਹ ਕੁਝ ਕੁ ਸ਼ਬਦ ਨਹੀਂ ਬਿਆਨ ਸਕਦੇ ਮੇਰੇ ਹਿੱਸੇ ਦਾ ਸੱਚ, ਇਹ ਨਹੀਂ ਕਹਿ ਸਕਦੇ ਸਾਡੀ ਮੁਹੱਬਤ ਦੀ ਕਥਾ, ਤੂੰ ਆਪ ਹੀ ਦੱਸ ਮੁੱਠੀ ਭਰ ਤਾਰੇ ਸੂਰਜ ਦੇ ਚਾਨਣ ਦੀ ਕੀ ਗਵਾਹੀ ਦੇਣਗੇ ? ਬਿਲਕੁੱਲ ਏਦਾ ਹੀ ਹੈ, ਮੈਂ ਵੀ ਕੁਝ ਕੁ ਹੀ ਬਿਆਨ ਕਰ ਸਕਿਆਂ ਸੂਹੇ ਅਖੱਰ ਦੀ ਕਵਿਤਾ, ਕਦੇ ਤਾਂ ਉਹ ਪੂਰੇ ਬ੍ਰਮੰਡ ਦੀ ਗੱਲ ਕਰਦਾ ਲੱਗਦੈ ਤੇ ਕਦੇ ਉਹ ਨਿੱਜ ਦੀ ਗੱਲ ਕਰਦਾ ਲੱਗਦੈ, ਵੈਸੇ ਉਸ ਦੀ ਕਵਿਤਾ ਰੂਹ ਦੀਆਂ ਰੂਹ ਨਾਲ ਹੀ ਗੱਲਾਂ ਹਨ, ਰੂਹ ਵਿਚ ਦੇਹ ਕਿਤੇ ਵੀ ਨਹੀਂ ਆਉਂਦੀ। ਲੇਖਕ ਨੂੰ ਆਪਣੀ ਕਵਿਤਾ ਤੇ ਅੰਤਾਂ ਦੀ ਤਸੱਲੀ ਹੈ ਜਿਸ ਕਰਕੇ ਉਸਦੀਆਂ ਕਵਿਤਾਵਾਂ ਵਿਚ ਕਦੇ ਮੈਂ ਵੀ ਦਿਸਣ ਲੱਗ ਜਾਂਦੀ ਹੈ ਪਰ ਇਹ ਮੈਂ ਨਹੀਂ ਉਸਦਾ ਆਤਮ ਵਿਸ਼ਵਾਸ਼ ਹੈ। ਕਵੀ ਦੀ ਸਮੁੱਚੀ ਕਵਿਤਾ ਪਾਕ ਮੁਹੱਬਤ ਦੀ ਗਵਾਹੀ ਭਰਦੀ ਹੈ। ਕਵੀ ਮੁਹੱਬਤ ਖਾਂਦਾ, ਮੁਹੱਬਤ ਪੀਂਦਾ ਤੇ ਮੁਹੱਬਤ ਹੀ ਉਪਜਦਾ ਹੈ। ਸੁਖਬੀਰ ਦੀ ਸਾਰੀ ਕਵਿਤਾ ਖੁੱਲੀ ਕਵਿਤਾ ਹੈ, ਕੋਈ ਬੰਦਿਸ਼ ਨਹੀ। ਬੰਦਿਸ਼ ਵਿਚ ਰਹਿਣ ਵਾਲਾ ਉਹ ਬੰਦਾ ਹੀ ਨਹੀਂ ਉਸ ਦੀ ਦੇਹ, ਆਤਮਾ ਵੇਖੀ ਹੈ ਮੈਂ। ਬਿਲਕੁੱਲ ਸ਼ਾਂਤ ਹੈ, ਸਮੁੰਦਰ ਦੀ ਤਰ•ਾਂ। ਅਤਿਅੰਤ ਸੰਭਾਵਨਾਵਾਂ ਨੇ ਉਸ ਵਿਚ, ਚਾਨਣ ਨਾਲ ਭਰਿਆ ਪਿਆ ਉਹ ਪੂਰਾ ਦਾ ਪੂਰਾ। ਪੰਜਾਬੀ ਸਾਹਿਤ ਪਬਲੀਕੈਸ਼ਨ ਵਲੋ ਛਪੀ ਇਹ ਪੁਸਤਕ ਪ੍ਰੀਤੀ ਸ਼ੈਲੀ ਅਤੇ ਸੁਖਵਿੰਦਰ ਸੁੱਖੀ ਦੇ ਮਾਨ ਵਿਚ ਵਾਧਾ ਕਰੇਗੀ। ਉਮੀਦ ਕਰਾਂਗਾ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਦੀ ਸਿਰਜਨਾ ਸੁਖਬੀਰ ਦੇ ਹੱਥੋਂ ਹੋਰ ਜਿਆਦਾ ਹੋਵੇ ਤਾਂ ਕਿ ਸਮਾਜ ਵਿਚ ਵਾਪਰ ਰਹੀਆਂ ਅਸਭਿਅਕ ਰੁਚੀਆਂ ਤੇ ਕੁੱਝ ਠੱਲ ਪੈ ਸਕੇ। ਆਮੀਨ।