ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ)
(ਕਹਾਣੀ)
ਇੱਕ ਵਾਰ ਇੱਕ ਮਜ਼ਦੂਰ ਅੰਬਾਂ ਦੇ ਬਾਗ ਵਿੱਚ ਇੱਕ ਅੰਬ ਹੇਠਾਂ ਬੈਠਾ ਦੁਪਹਿਰ ਦੀ ਰੋਟੀ ਖਾ ਰਿਹਾ ਸੀ । ਉੱਪਰ ਰੁੱਖ ਨੂੰ ਬੂਰ ਪਿਆ ਹੋਇਆ ਸੀ , ਪਰ ਅਜੇ ਫ਼ਲ ਨਹੀਂ ਸਨ ਲੱਗੇ । ਮਜ਼ਦੂਰ ਕੋਲ ਉਸ ਦਿਨ ਰੋਟੀ ਨਾਲ ਖਾਣ ਲਈ ਕੋਈ ਸਬਜ਼ੀ ਨਹੀਂ ਸੀ । ਪਰ ਉਹ ਹਰ ਵਾਰ ਜਦੋਂ ਰੋਟੀ ਨਾਲੋਂ ਗਰਾਹੀ ਤੋੜਦਾ ਤਾਂ ਉਸ ਨੂੰ ਰੋਟੀ ਉੱਤੇ ਇਉਂ ਫੇਰ ਲੈਂਦਾ ਜਿਵੇਂ ਕੋਈ ਸਬਜ਼ੀ ਧਰੀ ਹੋਵੇ । ਫਿਰ ਗਰਾਹੀ ਮੂੰਹ ਵਿੱਚ ਪਾਉਂਦਾ ਅਤੇ ਸਵਾਦ ਨਾਲ ਖਾਂਦਾ ਹੋਇਆ ਸੀ-ਸੀ ਕਰਦਾ । ਇੱਕ ਮੁਸਾਫਿਰ ਥੋੜਾ ਕੁ ਹਟਵਾਂ , ਦੂਜੇ ਰੁੱਖ ਹੇਠ ਬੈਠਾ ਇਹ ਨਜ਼ਾਰਾ ਵੇਖ ਰਿਹਾ ਸੀ । ਕੁਝ ਚਿਰ ਮੁਸਾਫਿਰ ਮਜ਼ਦੂਰ ਵੱਲ ਵੇਖਦਾ ਰਿਹਾ । ਫਿਰ ਉਸ ਤੋਂ ਰਿਹਾ ਨਾ ਗਿਆ । ਉਹ ਮਜ਼ਦੂਰ ਦੇ ਕੋਲ ਜਾ ਕੇ ਪੁੱਛਣ ਲੱਗਾ , “ਭਈ, ਤੂੰ ਰੋਟੀ ਤਾਂ ਰੁੱਖੀ ਖਾ ਰਿਹਾ ਹੈਂ , ਪਰ ਗਰਾਹੀ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਰੋਟੀ ਉੱਤੇ ਕਿਉਂ ਫੇਰਦਾ ਹੈਂ ਅਤੇ ਨਾਲ ਸੀ-ਸੀ ਕਿਉਂ ਕਰਦਾ ਹੈ ? ” ਮਜ਼ਦੂਰ ਸ਼ਰਮਾ ਕੇ ਆਖਣ ਲੱਗਾ , “ ਜੀ ਮੈਂ ਗਰੀਬ ਆਦਮੀ ਹਾਂ । ਇਨ੍ਹਾਂ ਖੇਤਾਂ ਵਿੱਚ ਮਜ਼ਦੂਰੀ ਕਰਦਾ ਹਾਂ । ਮੈਂ ਰੋਜ਼ ਘਰੋਂ ਲਿਆਂਦੀ ਰੋਟੀ ਇਸ ਰੁੱਖ ਹੇਠਾਂ ਬੈਠ ਕੇ ਖਾਂਦਾ ਹਾਂ । ਅੱਗੇ ਹਰ ਰੋਜ਼ ਮੈਂ ਮਿਰਚਾਂ ਦਾ ਅਚਾਰ ਨਾਲ ਲਿਆਇਆ ਕਰਦਾ ਸੀ । ਅੱਜ ਅਚਾਰ ਮੁੱਕਿਆ ਹੋਇਆ ਸੀ । ਰੁੱਖੀ ਰੋਟੀ ਸੰਘੇ ਹੇਠਾਂ ਲੰਘਦੀ ਨਹੀਂ । ਇਸ ਲਈ ਮਨ ਦਾ ਭੁਲੇਖਾ ਬਣਾਈ ਰੱਖਣ ਲਈ ਮੈਂ ਪਹਿਲਾਂ ਗਰਾਹੀ ਨੂੰ ਰੋਟੀ ਉੱਤੇ ਰਗੜਦਾ ਹਾਂ , ਜਿਵੇਂ ਮਿਰਚਾਂ ਦਾ ਅਚਾਰ ਲਗਾ ਰਿਹਾ ਹੋਵਾਂ । ਫਿਰ ਗਰਾਹੀ ਨੂੰ ਮੂੰਹ ਵਿੱਚ ਪਾ ਕੇ ਮਿਰਚਾਂ ਦਾ ਸੁਆਦ ਮਹਿਸੂਸ ਕਰਨ ਲਈ ਸੀ-ਸੀ ਕਰਦਾ ਹਾਂ । “ਮੁਸਾਫਿਰ ਇਹ ਗੱਲ ਸੁਣ ਕੇ ਹੋਰ ਵੀ ਹੈਰਾਨ ਹੋਇਆ । ਉਸ ਨੇ ਮਜ਼ਦੂਰ ਨੂੰ ਤਾੜਨਾ ਭਰੇ ਲਹਿਜ਼ੇ ਵਿੱਚ ਕਿਹਾ , “ ਤੂੰ ਬੜਾ ਮੂਰਖ ਹੈਂ , ਜੇ ਤੂੰ ਕਲਪਨਾ ਹੀ ਕਰਨੀ ਸੀ ਤਾਂ ਕਿਸੇ ਵਧੀਆ ਚੀਜ਼ ਦੀ ਕਰਦਾ । ਅੰਬ ਦੇ ਰੁੱਖ ਹੇਠ ਬੈਠ ਕੇ ਵੀ ਤੂੰ ਮਿਰਚਾਂ ਖਾਣ ਦਾ ਭੁਲੇਖਾ ਸਿਰਜ ਰਿਹਾ ਹੈ । ਤੇਰੇ ਵਿਚਾਰ ਘਟੀਆ ਨੇ । ਤੇਰੇ ਸੁਪਨੇ ਨੀਂਵੇਂ ਨੇ । ਤੂੰ ਉਂਦੋਂ ਤੱਕ ਜ਼ਿੰਦਗੀ ਵਿੱਚ ਸਫ਼ਲ ਨਹੀਂ ਹੋ ਸਕਦਾ ਜਦ ਤੱਕ ਤੇਰੇ ਸੁਪਨੇ ਉੱਚੇ ਨਹੀਂ ਹੁੰਦੇ । “ਮੁਸਾਫਿਰ ਤਾਂ ਇਹ ਕਹਿ ਕੇ ਚਲਾ ਗਿਆ , ਪਰ ਮਜ਼ਦੂਰ ਉੱਤੇ ਉਸਦੇ ਆਖੇ ਦਾ ਬੜਾ ਅਸਰ ਹੋਇਆ । ਉਹ ਸ਼ਰਮਿੰਦਾ ਵੀ ਹੋਇਆ ਅਤੇ ਨਾਲ ਦੀ ਨਾਲ ਉੱਚੇ ਸੁਪਨੇ ਲੈਣ ਦੀ ਫਿਕਰਮੰਦੀ ਉਸਦੇ ਮਨ ਵਿੱਚ ਵਸ ਗਈ । ਉਹ ਪਹਿਲਾਂ ਵਾਂਗ ਇਹਨਾਂ ਖੇਤਾਂ ਵਿੱਚ ਹੀ ਦਿਹਾੜੀ ਕਰਨ ਆਉਂਦਾ ਰਿਹਾ। ਕਦੀ ਕਿਸੇ ਖੇਤ ਦੀ ਗੋਡੀ ਕਰਨ ,ਕਦੀ ਕਿਸੇ ਖੇਤ ਵਿੱਚ ਵਾਢੀ ਕਰਨ । ਦੁਪਹਿਰ ਦੀ ਰੋਟੀ ਖਾਣ ਵੇਲੇ ਉਹ ਉਸੇ ਹੀ ਅੰਬ ਹੇਠ ਆ ਬੈਠਦਾ । ਹੁਣ ਜਿਸ ਦਿਨ ਉਸਦੀ ਰੋਟੀ ਮਿਰਚਾਂ ਦੇ ਅਚਾਰ ਤੋਂ ਬਿਨਾਂ ਹੁੰਦੀ , ਉਸ ਦਿਨ ਉਸਨੂੰ ਮੁਸਾਫਿਰ ਦੀ ਦੱਸੀ ਹੋਈ ਉੱਚੇ ਸੁਪਨੇ ਲੈਣ ਦੀ ਗੱਲ ਜ਼ਰੂਰ ਚੇਤੇ ਆਉਂਦੀ ।
ਥੋੜੇ ਕੁ ਚਿਰਾਂ ਪਿਛੋਂ ਉਹੀ ਮੁਸਾਫਿਰ ਫਿਰ ਉਸੇ ਰਾਹੇ ਲੰਘਦਾ ਹੋਇਆ ਦੂਜੇ ਅੰਬ ਦੀ ਛਾਂ ਹੇਠ ਸਾਹ ਲੈਣ ਲਈ ਆ ਬੈਠਾ । ਉਦੋਂ ਤੱਕ ਅੰਬਾਂ ਦੇ ਬੂਟੇ , ਬੂਰ ਦੀ ਥਾਂ ,ਕੱਚੇ –ਪੱਕੇ ਅੰਬਾਂ ਨਾਲ ਭਰ ਗਏ ਸਨ । ਉਸ ਦਿਨ ਵੀ ਮਜ਼ਦੂਰ ਦੀ ਰੋਟੀ ਉੱਤੇ ਸਬਜ਼ੀ ਨਹੀ ਸੀ । ਉਸ ਨੇ ਸੁੱਕੀ ਰੋਟੀ ਦਾ ਘੁੱਗੂ ਬਣਾ ਕੇ ਇੱਕ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਦੂਜੇ ਹੱਥ ਦੀ ਮੁੱਠ ਮੀਚੀ ਹੋਈ ਸੀ । ਉਹ ਆਪਣੇ ਧਿਆਨ ਰੋਟੀ ਖਾਂਦਾ , ਇੱਕ ਚੱਕ ਸੁੱਕੀ ਰੋਟੀ ਦੇ ਬਣਾਏ ਘੁੱਗੂ ਨੂੰ ਮਾਰਦਾ , ਦੂਜੀ ਵਾਰ ਦੂਜੀ ਹੱਥ ਦੀ ਬਣੀ ਮੁੱਠ ਨੂੰ ਐਂਵੇ-ਕਿਵੇਂ ਦਾ ਚੂਸਾ ਮਾਰ ਕੇ ਬੁੱਲ੍ਹਾਂ ਉੱਤੇ ਜੀਭ ਫੇਰਦਾ ਹੋਇਆ ਪੁਚਾਰੇ ਮਾਰ ਰਿਹਾ ਸੀ । ਉਸ ਵਲ ਵੇਖ ਕੇ ਮੁਸਾਫਿਰ ਤੋਂ ਫਿਰ ਨਾ ਰਹਿ ਹੋਇਆ । ਮੁਸਾਫਿਰ ਨੇ ਉਸਦੇ ਨੇੜੇ ਹੋ ਕੇ ਉਸ ਨੂੰ ਪੁੱਛਿਆ , “ ਭਈ , ਮੀਚੀ ਮੁੱਠ ਵਿੱਚੋ ਕੀ ਚੂਸ ਰਿਹਾ ਹੈਂ । ਮਜ਼ਦੂਰ ਨੇ ਝੱਟ ਉੱਤਰ ਦਿੱਤਾ , “ ਪੱਕਾ ਅੰਬ ਚੂਸ ਰਿਹਾ ਹਾਂ । “ ਮੁਸਾਫਿਰ ਮਜ਼ਦੂਰ ਦੇ ਖੁਸ਼-ਖੁਸ਼ ਦਿਸਦੇ ਚਿਹਰੇ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ , ਤਾਂ ਵੀ ਉਸ ਨੂੰ ਲੱਗਾ ਕਿ ਮਜ਼ਦੂਰ ਨੂੰ ਥੋੜੀ ਕੁ ਹੋਰ ਹੱਲਾ-ਸ਼ੇਰੀ ਦੇਣ ਦੀ ਲੋੜ ਹੈ ,ਤਾਂ ਕਿ ਇਸਦੇ ਉੱਚੇ ਹੋਏ ਸੁਪਨੇ ਹਕੀਕਤ ਵਿੱਚ ਬਦਲ ਸਕਣ । ਮਜ਼ਦੂਰ ਨੂੰ ਖਿਆਲੀ ਦੁਨੀਆਂ ਵਿੱਚੋਂ ਕੱਢਣ ਲਈ ਮੁਸਾਫਿਰ ਨੇ ਇੱਕ ਹੋਰ ਹੰਭਲਾ ਮਾਰਿਆ । ਉਸਦੇ ਹੋਰ ਨੇੜੇ ਹੋ ਕੇ ਮੁਸਾਫਿਰ ਨੇ ਪੁੱਛਿਆ , “ ਜਿਹੜਾ ਪੱਕਾ ਅੰਬ ਤੂੰ ਰੋਟੀ ਖਾਂਦਾ ਚੂਸਣ ਦਾ ਭੁਲੇਖਾ ਸਿਰਜ ਰਿਹਾ ਸੀ , ਉਹ ਕਿੱਥੋਂ ਤੋੜਿਆ ਸੀ ? “ , ਮਜ਼ਦੂਰ ਨੇ ਉੱਪਰ ਵੱਲ ਇਸ਼ਾਰਾ ਮਰਦਿਆਂ ਕਿਹਾ , “ ਇਸ ਅੰਬ ਦੇ ਦਰਖਤ ਨਾਲੋਂ । “ ਮੁਸਾਫਿਰ ਨੇ ਫਿਰ ਕਿਹਾ , “ ਜੇ ਇਹਨਾਂ ਅੰਬਾਂ ਦਾ ਮਾਲਿਕ ਕਿਸਾਨ ਤੈਨੂੰ ਅੰਬ ਤੋੜਦੇ ਨੂੰ ਵੇਖ ਲੈਂਦਾ , ਫੇਰ ਕੀ ਹੁੰਦਾ ....? “
ਮਜ਼ਦੂਰ ਨੂੰ ਮੁਸਾਫਿਰ ਦੀ ਪੁੱਛ ਦਾ ਕੋਈ ਉੱਤਰ ਨਾ ਲੱਭਾ । ਉਹ ਸੱਚ-ਮੁੱਚ ਚਿੰਤਾਵਾਨ ਹੋ ਗਿਆ ਸੀ । ਡੂੰਘੀ ਸੋਚ ਵਿੱਚ ਉੱਤਰਿਆ ਹੋਇਆ ਉਹ ਵੱਖਰੀ ਕਿਸਮ ਦਾ ਸੁਪਨਾ ਵੇਖਣ ਲੱਗ ਪਿਆ । ਉਸ ਨੂੰ ਲੱਗਾ, ਕਿ ਅੰਬ ਦੇ ਮਾਲਿਕ ਕਿਸਾਨ ਨੇ ਉਸ ਨੂੰ ਪੱਕਾ ਅੰਬ ਤੋੜਦੇ ਨੂੰ ਫੜ ਲਿਆ ਹੈ । ਉਸਦੀ ਬੜੀ ਕੁਟਾਈ ਕੀਤੀ ਹੈ । ਫੇਰ ਚੋਰੀ ਕਰਨ ਦ ਇਲਜ਼ਾਮ ਲਗਾ ਕੇ ਉਸਨੂੰ ਪਿੰਡ ਦੇ ਸਰਪੰਚ ਕੋਲ ਪੇਸ਼ ਕੀਤਾ ਗਿਆ ਹੈ । ਸਰਪੰਚ ਨੇ ਭਰੀ ਸਭਾ ਵਿੱਚ ਉਸਦੇ ਖਿਲਾਫ ਫੈਸਲਾ ਸੁਣਾਂਦਿਆਂ ਕਿਹਾ ਹੈ ਕਿ , “ ਇਸ ਮਜ਼ਦੂਰ ਨੂੰ , ਅੱਗੋਂ ਤੋਂ , ਕੋਈ ਵੀ ਕਿਸਾਨ ਆਪਦੇ ਖੇਤਾਂ ਵਿੱਚ ਦਿਹਾੜੀ ਤੇ ਨਾ ਲਾਵੇ । “ ਇਹ ਸੋਚ-ਸੋਚ ਕੇ ਉਹ ਸੱਚ-ਮੁੱਚ ਰੋਣ ਲੱਗ ਪਿਆ । ਉਹਦੇ ਕੋਲ ਖੜ੍ਹੇ ਮੁਸਾਫਿਰ ਨੇ ਮੋਢਿਓਂ ਫੜ ਕੇ ਉਸ ਨੂੰ ਹਿਲਾਇਆ । ਉਹਦੇ ਰੋਣ ਦਾ ਕਾਰਨ ਪੁੱਛਿਆ ਅਤੇ ਉਸਨੂੰ ਹੌਂਸਲਾ ਦਿੰਦਿਆਂ ਕਿਹਾ , “ ਸੁਪਨੇ ਦੇਖਣਾ ਕੋਈ ਮਾੜੀ ਗੱਲ ਨਹੀਂ ਪਰ ਸੁਪਨਿਆਂ ਤੱਕ ਹੀ ਸੀਮਤ ਰਹਿਣਾ ਮਾੜਾ ਹੈ । “ ਮੁਸਾਫਿਰ ਇਹ ਕਹਿ ਕੇ ਆਪਦੇ ਰਾਹੇ ਤੁਰ ਪਿਆ ।
ਮਜ਼ਦੂਰ ਨੇ ਉਸਦੀ ਆਖੀ ਗੱਲ ਪੱਲੇ ਬੰਨ੍ਹ ਲਈ । ਉਸ ਨੇ ਆਪਣੇ ਆਪ ਨਾਲ ਫੈਸਲਾ ਕੀਤਾ ਕਿ ਆਉਂਦੀ ਬਰਸਾਤ ਨੂੰ ਉਹ ਆਪਣੇ ਘਰ ਦੇ ਵਿਹੜੇ ਵਿੱਚ ਮਿਰਚਾਂ ਦੀ ਕਿਆਰੀ ਲਾਗੇ ਅੰਬ ਦਾ ਬੂਟਾ ਵੀ ਲਾਏਗਾ । ਫੇਰ ਉਸ ਨੂੰ ਪਾਲ-ਪੋਸ ਕੇ ਵੱਡਾ ਕਰੇਗਾ ,ਫੇਰ ਮਿਰਚਾਂ ਦੇ ਅਚਾਰ ਦੀ ਥਾਂ ਅੰਬਾਂ ਦਾ ਅਚਾਰ ਪਾਇਆ ਕਰੇਗਾ । ਫੇਰ ਉਹ ਅਤੇ ਉਸਦੇ ਬਾਲ-ਬੱਚੇ ਝੂਠੀ-ਮੂਠੀ ਦੇ ਅੰਬ ਚੂਪਣ ਦੀ ਬਜਾਏ ਸੱਚੀ –ਮੁੱਚੀ ਦੇ ਪੱਕੇ ਅੰਬ ਚੂਸਿਆ ਕਰਨਗੇ ।