ਗੱਲ ਦੱਸੀ ਸੀ ਮੈਂ ਤੈਨੂੰ ਤਾਂ ਇਸਾਰਿਆਂ ਦੇ ਨਾਲ
ਤੂੰ ਕੀਤੀ ਅਣਸੁਣੀ ਬਿਰਹੋਂ ਮਾਰਿਆਂ ਦੇ ਨਾਲ।
ਕਦੇ ਸੂਰਜਾਂ ਦੀ ਕੁੱਖ ਨੇ ਨਾ ਚਾਨਣ ਲੁਕੋਇਆ
ਤੇਰੀ ਕੁੱਖ ਵੀ ਨਾ ਭਰੀ ਕਦੇ ਤਾਰਿਆਂ ਦੇ ਨਾਲ।
ਅਸੀਂ ਸਾਗਰਾਂ 'ਚ ਤਰੇ ਅਸੀਂ ਅੰਬਰਾਂ ' ਚ ਉੱਡੇ
ਤੁਸੀਂ ਸਾਰ ਲਿਆ ਡੰਗ ਬੱਸ ਲਾਰਿਆਂ ਦੇ ਨਾਲ।
ਭਰ ਨੈਣਾ ਵਿਚ ਨੀਰ ਅਸੀਂ ਬੁੱਕ ਬੁੱਕ ਰੋਏ
ਤੁਸੀਂ ਅੱਖਾਂ ਪੂੰਝ ਲਈਆਂ ਪਾਣੀ ਖਾਰਿਆਂ ਦੇ ਨਾਲ।
ਅਸੀਂ ਸੋਹਣੀ ਸੰਗ ਰਲ ਝਨਾਂ ਕਰ ਲਿਆ ਪਾਰ
ਤੁਸੀਂ ਖਹਿੰਦੇ ਰਹੇ ਗੋਤੇ ਖਾ ਕਿਨਾਰਿਆਂ ਦੇ ਨਾਲ।
ਅਸੀਂ ਪਿਆਰ ਦੇ ਪੰਖੇਰੂ ਸਾਡੇ ਪਰਾਂ ਚ ਉਡਾਣਾਂ
ਤੁਸੀਂ ਵੱਟ ਲਿਆ ਮੂੰਹ ਸਾਡੇ ਸਾਰਿਆਂ ਦੇ ਨਾਲ।
ਅਸੀਂ ਮੋਹ ਭਰੇ ਨੈਣਾਂ ਵਿਚ ਦਿਲ ਨੇ ਸਜਾਏ
ਤੁਸੀਂ ਚਿਣ ਲਈਆਂ ਕੰਧਾਂ ਗਿੱਲੇ ਗਾਰਿਆਂ ਦੇ ਨਾਲ।