ਡਾ ਕ੍ਰਿਪਾਲ ਸਿੰਘ ਸਨਮਾਨਿਤ
(ਖ਼ਬਰਸਾਰ)
ਨਾਭਾ,੪ਸਤੰਬਰ—ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਲੋਂ ਸਥਾਪਿਤ 'ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ' ਇਸ ਵਾਰ ਪ੍ਰਸਿੱਧ ਇਤਿਹਾਸਕਾਰ ਡਾ ਕ੍ਰਿਪਾਲ ਸਿੰਘ ਨੂੰ ਪ੍ਰਦਾਨ ਕੀਤਾ ਗਿਆ।ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਵਲੋਂ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਵਾਈਸ ਚਾਂਸਲਰ ਡਾ.ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਰਸੇ ਦੀ ਅਮੀਰੀ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ ਸਲ਼ਾਂਘਾਯੋਗ ਹੈ।ਭਾਈ ਸਾਹਿਬ ਦੀ ਬਦੋਲਤ ਅਕਾਦਮਿਕ ਪੱਖੋਂ ਅਸੀਂ ਬਹੁਤ ਅਮੀਰ ਹੋਏ ਹਾਂ ਤੇ ਮਾਂ ਬੋਲੀ ਪੰਜਾਬੀ ਬਹੁਤ ਅਮੀਰ ਹੋਈ ਹੈ।
ਪ੍ਰੋਗਰਾਮ ਦੇ ਆਰੰਭ ਚ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਨੇ ਭਾਈ ਸਹਿਬ ਦੀ ਪ੍ਰਸਿੱਧ ਰਚਨਾਂ 'ਨਿਰਮਲ ਪੰਥ' ਦਾ ਗਾਇਨ ਕੀਤਾ ਅਤੇ ਡਾ. ਜਗਮੇਲ ਸਿੰਘ ਭਾਠੂਆਂ ਨੇ ਭਾਈ ਸਾਹਿਬ ਦੀ ਕਾਵਿ-ਰਚਨਾ ਦੇ ਵਿਸ਼ੇ ਵਸਤੂ ਤੇ ਮਹੱਤਵ ਬਾਰੇ ਚਾਨਣਾ ਪਾਇਆ ਜਦਕਿ ਡਾ. ਧਨਵੰਤ ਕੌਰ ਨੇ ਇਸ ਮੌਕੇ ਸਨਮਾਨਿਤ ਕੀਤੇ ਗਏ ਵਿਦਵਾਨ ਡਾ ਕ੍ਰਿਪਾਲ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਭਾਈ ਸਾਹਿਬ ਦੇ ਪੜਪੋਤਰੇ ਮੇਜਰ ਏ ਪੀ ਸਿੰੰਘ ਨੇ ਪ੍ਰਸਿੱਧ ਇਤਿਹਾਸਕਾਰ ਮਿਸਟਰ ਮੈਕਸ ਆਰਥਰ ਮੈਕਾਲਿਫ ਦੇ ਜੀਵਨ ਤੇ ਕਾਰਜ ਅਤੇ ਮੈਕਾਲਫ ਦੇ ਭਾਈ ਕਾਨ੍ਹ ਸਿੰਘ ਨਾਭਾ ਨਾਲ ਸੁਚੱਜੇ ਸਬੰਧਾਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਵਿਸ਼ੇਸ ਮਹਿਮਾਨ ਦਿੱਲੀ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਡਾ.ਰਵੇਲ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਸਾਡੇ ਆਧੁਨਿਕ ਗਿਆਨ ਦੇ ਮੋਢੀ ਹਨ ਅਤੇ ਦਿੱਲੀ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ ਜਗਬੀਰ ਸਿੰਘ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਬਾਣੀ ਵਿਆਖਿਆ ਦੇ ਨਾਲ ਨਾਲ ਭਾਰਤੀ ਗਿਆਨ ਪਰੰਪਰਾ ਨਾਲ ਵੀ ਗਹਿਰਾ ਰਿਸਤਾ ਕਾਇਮ ਕੀਤਾ।ਇਸ ਦੌਰਾਨ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਦੀ ਮੁਖੀ ਡਾ ਜਸਬੀਰ ਕੌਰ ਨੇ ਪਹੁੰਚੇ ਮਹਿਮਾਨਾ ਦਾ ਸੁਆਗਤ ਕਰਦਿਆਂ ਵਿਭਾਗ ਦੇ ਵਿਭਿੰਨ ਪ੍ਰੋਜੈਕਟਾਂ ਬਾਰੇ ਦੱਸਿਆ।ਇਸ ਮੌਕੇ ਪੰਜਾਬੀ ਯੁਨੀਵਰਸਿਟੀ ਦੇ ਰਜਿਸਟਰਾਰ ਡਾ.ਦੇਵਿੰਦਰ ਸਿੰਘ,ਭਾਈ ਅਸੋਕ ਸਿੰਘ ਬਾਗੜੀਆਂ,ਡਾ.ਰਤਨ ਸਿੰਘ ਜੱਗੀ,ਡਾ.ਅੰਮ੍ਰਿਤਪਾਲ ਕੌਰ,ਡਾ ਦੀਪਕ ਮਨਮੋਹਨ,ਡਾ ਸਤੀਸ਼ ਵਰਮਾ,ਉਘੇ ਗਾਇਕ ਪੰਮੀ ਬਾਈ ਸਮੇਤ ਯੁਨੀਵਰਸਿਟੀ ਦੇ ਸਮੂਹ ਵਿਦਵਾਨ ਹਾਜ਼ਰ ਸਨ।