ਲੁਧਿਆਣਾ -- 'ਦਲਵੀਰ ਸਿੰਘ ਲੁਧਿਆਣਵੀ ਨੇ 'ਓਇ ਭੀ ਚੰਦਨੁ ਹੋਇ ਰਹੇ' ਗਿਆਨ-ਰੂਪੀ ਦੀਵਾ ਜਗਾਇਆ ਹੈ, ਇਹਦੇ ਨਾਲ ਹੋਰ ਦੀਵੇ ਜਗਣਗੇ ਤੇ ਸਮਾਜ ਰੋਸ਼ਨ ਹੋ ਜਾਏਗਾ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮਾਣਯੋਗ ਉਪ-ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਅਤੇ ਸਿਰਜਣਧਾਰਾ ਵੱਲੋਂ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ "ਓਇ ਭੀ ਚੰਦਨੁ ਹੋਇ ਰਹੇ" ਦਾ ਲੋਕ ਅਰਪਣ ਕਰਦਿਆਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਪ੍ਰਧਾਨਗੀ ਮੰਡਲ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਵਿਜੇਤਾ, ਸ਼੍ਰੀ ਮਿੱਤਰ ਸੈਨ ਮੀਤ, ਵਿਸ਼ੇਸ਼ ਮਹਿਮਾਨ ਵਜੋਂ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ (ਗਡਵਾਸੂ) ਡਾ. ਐਸ ਪੀ ਐਸ ਸੰਘਾ, ਪੰਜਾਬੀ ਨਾਵਲ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਔਜਲਾ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਤੇ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਅਤੇ ਪੰਜਾਬੀ ਸੱਭਿਆਚਾਰ ਅਕਾਦਮੀ ਦੇ ਪ੍ਰਧਾਨ ਡਾ. ਐਸ ਐਨ ਸੇਵਕ ਨੇ ਸ਼ਿਰਕਤ ਕੀਤੀ। ਡਾ. ਬਲਵਿੰਦਰ ਔਲਖ ਗਲੈਕਸੀ ਨੇ ਖੋਜ ਭਰਪੂਰ ਪਰਚਾ ਪੇਸ਼ ਕਰਦਿਆਂ ਕਿਹਾ ਕਿ "ਓਇ ਭੀ ਚੰਦਨੁ ਹੋਇ ਰਹੇ" ਨਾਵਲ ਵਿਚ ਇਕ-ਅੱਧੀ ਕਮੀ ਦੇ ਇਲਾਵਾ ਸਮੁੱਚਾ ਨਾਵਲ ਨਾਵਲਕਾਰੀ ਦੇ ਗੁਣਾਂ ਨਾਲ ਭਰਪੂਰ ਹੈ। ਡਾ. ਗੁਰਚਰਨ ਕੌਰ ਕੋਚਰ ਨੇ ਪੇਪਰ ਪੜ੍ਹਿਆ ਅਤੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਇਸ ਚੰਦਨ-ਰੂਪੀ ਨਾਵਲ ਦੀ ਮਹਿਕ ਦੂਰ-ਦੁਰ ਤੱਕ ਫੈਲੇਗੀ।

ਸ੍ਰੀ ਮੀਤ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਓਇ ਭੀ ਚੰਦਨੁ ਹੋਇ ਰਹੇ' ਦਲਵੀਰ ਸਿੰਘ ਲਧਿਆਣਵੀ ਦਾ ਪਲੇਠਾ ਨਾਵਲ ਹੋਣ ਦੇ ਬਾਵਜੂਦ ਆਪਣੀ ਪ੍ਰਪੱਕਤਾ ਸਦਕਾ ਸੰਭਾਵਨਾਂ ਨਾਲ ਭਰਪੂਰ ਹੈ।
ਇੰਜ: ਔਜਲਾ ਨੇ ਨਾਵਲ 'ਤੇ ਵਿਚਾਰ ਰਖਦਿਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ ਆਪਣੀ ਸੁਖਮਤਾ, ਭਾਸ਼ਾ ਦੀ ਉਤਮਤਾ ਅਤੇ ਵਧੀਆ ਕਹਾਣੀ ਰਸ ਕਰਕੇ ਪਾਠਕਾਂ ਵਿਚ ਸਲਾਹਿਆ ਜਾਵੇਗਾ।
ਡਾ. ਸੰਘਾ ਸਾਹਿਬ ਨੇ ਵਧਾਈ ਦਿੰਦਿਆ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ ਸਮਾਜਿਕ ਕੁਰੀਤੀਆਂ ਦੀ ਥੇਹ 'ਤੇ ਗਿਆਨ ਦਾ ਦੀਵਾ ਬਾਲ਼ਣ ਦੇ ਸਮਰੱਥ ਹੈ।
ਡਾ. ਪੰਧੇਰ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਨਾਵਲ ਦੇ ਵਿਚ ਘਟਨਾਵਾਂ ਨੂੰ ਸੁਖਮਤਾ ਤੇ ਸਲੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ; ਦਲਵੀਰ ਸਿੰਘ ਲੁਧਿਆਣਵੀ ਦੇ ਨਾਵਲ ਵਿਚ ਇਹ ਬਾਖ਼ੂਬੀ ਨਿਭਿਆ ਹੈ।
ਡਾ. ਐਸ ਐਨ ਸੇਵਕ ਨੇ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਦਾ ਪਹਿਲਾ ਨਾਵਲ ਹੋਣ ਦੇ ਬਾਵਜੂਦ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਥਾਂ ਹਾਸਿਲ ਕਰੇਗਾ।
ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਰਘਬੀਰ ਸਿੰਘ ਸੰਧੂ ਨੇ ਬਹਿਸ ਵਿਚ ਹਿੱਸਾ ਲੈਂਦਿਆ ਨਾਵਲ ਦੇ ਭਿੰਨ-ਭਿੰਨ ਗੁਣਾਂ ਦੀ ਸਲਾਘਾ ਕੀਤੀ ਅਤੇ ਪਹਿਲਾਂ ਬੋਲ ਚੁੱਕੇ ਬੁਲਾਰਿਆਂ ਨਾਲ ਸਹਿਮਤੀ ਪ੍ਰਗਟਾਈ।
ਇਸ ਮੌਕੇ 'ਤੇ ਲੇਖਕ ਨੂੰ ਪੰਜਾਬੀ ਨਾਵਲ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਬੱਚੀਆਂ ਤੋਂ ਨਾਵਲ ਲੋਕ ਅਰਪਣ ਕਰਵਾਇਆਂ ਗਿਆ। ਤ੍ਰੈਲੋਚਨ ਲੋਚੀ ਨੇ ਗ਼ਜ਼ਲ ਪੇਸ਼ ਕੀਤੀ। ਸੈਮੀਨਾਰ ਹਾਲ ਸਾਹਿਤਕਾਰਾਂ, ਸਾਹਿਤ ਸ੍ਰੋਤਿਆਂ ਨਾਲ ਖਚਾਖਚ ਭਰਿਆ ਹੋਇਆ ਸੀ, ਸੀਨੀ ਪੱਤਰਕਾਰ ਹਰਬੀਰ ਸਿੰਘ ਭੰਵਰ, ਪ੍ਰਿੰ: ਪ੍ਰੇਮ ਸਿੰਘ ਬਜਾਜ, ਰਵਿੰਦਰ ਭੱਠਲ, ਇੰਦਰਜੀਤ ਪਾਲ ਕੌਰ ਭਿੰਡਰ, ਦਵਿੰਦਰ ਸੇਖਾ, ਪਰਵਿੰਦਰ ਸਿੰਘ, ਨਿਰਮਲ ਜੌੜਾ, ਜਸਪ੍ਰੀਤ ਫ਼ਲਕ, ਬਲਕੌਰ ਸਿੰਘ ਗਿੱਲ, ਜਗੀਰ ਸਿੰਘ, ਚੈਨ ਰਾਮ ਅਰਸੀ, ਰਵਿੰਦਰ ਦੀਵਾਨਾ, ਪ੍ਰਧਾਨ ਜਪਨਾਮ ਸਿੰਘ, ਤਰਸੇਮ ਨੂਰ, ਪ੍ਰੀਤਮੋਹਨ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਦਲੀਪ ਅਵਧ, ਇੰਜ: ਸੁਰਜਨ ਸਿੰਘ, ਪੰਮੀ ਹਬੀਬ, ਮਨਜੀਤ ਸਿੰਘ, ਸੰਤੋਖ ਸਿੰਘ, ਲਾਡਾ ਪ੍ਰਦੇਸੀ, ਮਲਕੀਤ ਸਿੰਘ ਔਲੱਖ ਅਤੇ ਪਰਿਵਾਰਕ ਮੈਂਬਰ ਹਾਜ਼ਿਰ ਸਨ।
ਗੁਲਜ਼ਾਰ ਸਿੰਘ ਪੰਧੇਰ