ਰੂਹ ਰੁੱਸ ਗਈ ਹੈ ਯਾਰੋ, ਉਸਨੂੰ ਮਨਾ ਰਹੇ ਹਾਂ I
ਦਿਲ ਦੇ ਉਦਾਸ ਵਿਹੜੇ, ਆਸਾਂ ਸਜਾ ਰਹੇ ਹਾਂ I
ਵਿੰਨਦੇ ਨੇ ਆਤਮਾਂ ਨੂੰ, ਆਪਣੇ ਹੀ ਲੋਕ ਭਾਂਵੇ,
ਗੈਰਾਂ ਦੀ ਪੀੜ ਫਿਰ ਵੀ ,ਆਪਣੀ ਬਣਾ ਰਹੇ ਹਾਂ I
ਕਰ ਕੇ ਜੁਬਾਨ ਫਿਰ ਨਾ, ਹੋਏ ਕਦੇ ਵੀ ਮੁਨਕਰ,
ਅੱਗ ਦੀ ਨਦੀ ਨੂੰ ਤਰ ਕੇ ,ਵਾਧੇ ਪੁਗਾ ਰਹੇ ਹਾਂ I
ਪਤਝੜ ਦੇ ਦੌਰ ਅੰਦਰ , ਲੱਭਦੇ ਪਏ ਬਹਾਰਾਂ,
ਟੁੰਡਾਂ ਤੇ ਰੋਜ ਸੱਜਰੇ, ਪੱਤੇ ਸਜਾ ਰਹੇ ਹਾਂ I
ਰਾਹਾਂ ‘ਚ ਬਹੁੱਤ ਸੂਲਾਂ, ਹੋਏ ਨੇ ਪੈਰ ਜਖਮੀਂ,
ਰਫਤਾਰ ਸਹਿਜ ਵਾਲੀ, ਫਿਰ ਵੀ ਬਚਾ ਰਹੇ ਹਾਂ I
ਆਪਾਂ ਹਾਂ ਸੱਚ ਦੇ ਜੁਗਨੂੰ, ਕੁਫਰਾਂ ਦੀ ਰਾਤ ਕਾਲੀ,
ਆਪਾ ਜਲਾ ਕੇ ਆਪਣਾ , ਨ੍ਹੇਰਾ ਮੁਕਾ ਰਹੇ ਹਾਂ I
ਹਰ ਇੱਕ ਖੁਸ਼ੀ ਦਾ ਪੰਛੀ, ਮਾਣੇ ਸਦਾ ਅਜਾਦੀ,
ਜੋ ਕੈਦ ਹੈ ਗਮਾਂ ਦੀ, ਉਸਤੋਂ ਛੁਡਾ ਰਹੇ ਹਾਂ I
ਜਿੰਦਗੀ ਨੂੰ ਮਿਲ ਕੇ ਸਾਡੀ,ਹੁਣ ਮੁੱਕ ਗਈ ਹੈ ਭਟਕਣ,
ਖਾਬਾਂ ਦੇ ਖੇਤ ਵਿਚ ਹੁਣ, ਰੀਝਾਂ ਉਗਾ ਰਹੇ ਹਾਂ I