ਪੰਜਾਬ ਵਿਚ ਕੀ ਖਟਿਆ ਕੀ ਗਵਾਇਆ--(ਕਿਸ਼ਤ-4)
(ਸਫ਼ਰਨਾਮਾ )
ਮੇਰੇ ਲੜੀ ਵਾਰ ਚੱਲ ਰਹੇ ਲੇਖ 'ਪੰਜਾਬ ਵਿਚ ਕੀ ਖਟਿਆ ਕੀ ਗਵਾਇਆ' ਜਿਸ ਵਿਚ ਪੰਜਾਬ ਵਿਚ ਜ਼ਮੀਨਾਂ ਜਾਇਦਾਦਾਂ ਵੇਚਣ ਖਰੀਦਣ ਦੇ ਜ਼ਾਤੀ ਤਜਰਬੇ ਸਾਂਝੇ ਕਰਦਿਆਂ ਮੈਂ ਆਪਣੀ ਸੂਝ ਬੂਝ ਨਾਲ ਆਪਣੇ ਵਿਚਾਰ ਪਰਗਟ ਕੀਤੇ ਹਨ, ਨੂੰ ਪੜ੍ਹ ਕੇ ਮੈਨੂੰ ਕਈ ਐਨ. ਆਰ. ਆਈਜ਼. ਦੇ ਫੋਨ ਆਏ ਜਿਨ੍ਹਾਂ ਵਿਚੋਂ ਕਈਆਂ ਨੇ ਮੈਨੂੰ ਇਹ ਵੀ ਕਿਹਾ ਕਿ ਤੁਹਾਨੂੰ ਪੰਜਾਬ ਵਿਚ ਜਾ ਕੇ ਜਾਇਦਾਦ ਵੇਚਣ ਦਾ ਕਾਫੀ ਤਜਰਬਾ ਹੋਇਆ ਹੈ। ਅਸੀਂ ਤੁਹਾਨੂੰ ਪਾਵਰ ਆਫ ਅਟਾਰਨੀ ਦਿੰਦੇ ਹਾਂ ਤੇ ਤੁਸੀਂ ਸਾਡੀ ਜਾਇਦਾਦ ਵੀ ਪੰਜਾਬ ਵਿਚ ਜਾ ਕੇ ਵੇਚ ਦਿਓ। ਅਸੀਂ ਤਾਂ ਬਹੁਤ ਡਰ ਗਏ ਹਾਂ ਤੇ ਜਾਨ ਦਾ ਖਤਰਾ ਮੁਲ ਲੈ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚਣ ਲਈ ਪੰਜਾਬ ਜਾਣ ਨੂੰ ਤਿਆਰ ਨਹੀਂ ਹਾਂ ਅਤੇ ਨਾ ਹੀ ਸਾਡੇ ਕੋਲ ਏਨਾ ਵਕਤ ਅਤੇ ਪੈਸਾ ਹੈ ਕਿ ਛੇ ਮਹੀਨੇ ਕੈਨੇਡਾ ਵਿਚੋਂ ਬਾਹਰ ਰਹਿ ਸਕੀਏ। ਐਨਾ ਲੰਮਾ ਸਮਾਂ ਬਾਹਰ ਰਹਿਣ ਨਾਲ ਸਾਡੀਆਂ ਜੌਬਾਂ ਵੀ ਜਾ ਸਕਦੀਆਂ ਹਨ। ਮੈਂ ਬੜੇ ਆਦਰ ਸਤਿਕਾਰ ਨਾਲ ਜਵਾਬ ਦਿਤਾ ਕਿ ਮੇਰਾ ਕੰਮ ਤਾਂ ਤੁਹਾਨੂੰ ਜਾਗਰੂਕ ਕਰਨਾ ਹੈ ਤੇ ਮੈਂ ਤੁਹਾਡੀ ਜਾਇਦਾਦ ਵੇਚਣ ਵਿਚ ਕੁਝ ਨਹੀਂ ਕਰ ਸਕਦਾ। ਇਹ ਕੰਮ ਤੁਹਾਨੂੰ ਖੁਦ ਜਾ ਕੇ ਕਰਨਾ ਪੈਣਾ ਹੈ ਅਤੇ ਖੁਦ ਹੀ ਜਾਣਾ ਚਾਹੀਦਾ ਹੈ ਕਿਉਂਕਿ ਇਹ ਕੰਮ ਐਨਾ ਸੌਖਾ ਤੇ ਆਸਾਨ ਨਹੀਂ ਹੈ ਜਿੰਨਾ ਤੁਸੀਂ ਸਮਝਦੇ ਹੋ। ਜ਼ਮੀਨ ਜਾਇਦਦ ਵੇਚਣੀ ਤੇ ਮਿਲੀ ਰਕਮ ਦਾ ਏਧਰ ਓਧਰ ਭੇਜਣ ਦਾ ਪ੍ਰਬੰਧ ਕਰਨਾ ਦੂਜੇ ਦੇ ਵੱਸ ਦਾ ਕੰਮ ਨਹੀਂ ਹੁੰਦਾ। ਇਹ ਕੰਮ ਤੁਹਾਨੂੰ ਖੁਦ ਹੀ ਕਰਨਾ ਪੈਣਾ ਹੈ।
ਇਕ ਲੇਡੀ ਦਾ ਫੋਨ ਆeਆ ਕਿ ਮੋਹਾਲੀ ਲਾਗੇ ਪੈਂਦੇ ਇਕ ਪਿੰਡ ਸੋਹਾਣੇ ਵਿਚ ਮੇਰੇ ਘਰ ਵਾਲੇ ਦੇ ਭਰਾਵਾਂ ਨੇ ਸਾਨੂੰ ਬਗੈਰ ਪੁਛਿਆਂ ਸਾਡੇ ਹਿੱਸੇ ਦੀ ਜ਼ਮੀਨ ਵੇਚ ਕੇ ਉਸ ਜ਼ਮੀਨ ਉਤੇ ਕਈ ਮੰਜ਼ਲੀ ਅਪਾਰਟਮੈਂਟ ਬਿਲਡਿੰਗ ਖੜ੍ਹੀ ਕਰ ਕੇ ਲੋਕਾਂ ਨੂੰ ਕਿਰਾਏ ਤੇ ਦੇ ਦਿਤੀ ਹੈ। ਉਹ ਸਾਡੀ ਜ਼ਮੀਨ ਤੇ ਬਣੀ ਓਸ ਬਿਲਡਿੰਗ ਦਾ ਕਿਰਾਇਆ ਖਾ ਰਹੇ ਹਨ ਅਤੇ ਅਸੀਂ ਏਥੇ ਕਿਰਾਏ ਤੇ ਰਹਿੰਦੇ ਹਾਂ, ਫੈਕਟਰੀਆਂ ਵਿਚ ਕੰਮ ਕਰ ਕੇ ਗੁਜ਼ਾਰਾ ਕਰਦੇ ਹਾਂ ਤੇ ਪੰਜਾਬ ਤੋਂ ਆਏ ਮਾਂ ਬਾਪ ਨੂੰ ਵੀ ਨਾਲ ਰਖਿਆ ਹੋਇਆ ਹੈ। ਸਾਡੇ ਕੋਲ ਰਹਿੰਦੇ ਸਾਡੇ ਸਾਂਝੇ 'ਮਾਂ ਬਾਪ' ਸਾਡੇ ਪਖ ਦੀ ਗੱਲ ਕਰਨ ਦੀ ਬਜਾਏ ਕਹਿੰਦੇ ਰਹਿੰਦੇ ਹਨ ਚਲ ਪਿਛੇ ਪੰਜਾਬ ਰਹਿੰਦੇ 'ਵਿਚਾਰੇ' ਗੁਜ਼ਾਰਾ ਕਰਨ ਅਤੇ ਰੋਟੀ ਖਾਣ ਜੋਗੇ ਹੋ ਗਏ ਹਨ। ਅਜੇ ਸਾਡੇ ਬੁੜ੍ਹੇ ਬੁੜ੍ਹੀ ਨੂੰ ਪੈਨਸ਼ਨ ਨਹੀਂ ਲਗੀ। 65 ਸਾਲ ਦੇ ਨਹੀਂ ਹੋਏ ਤੇ ਕਹਿੰਦੇ ਹਨ, ਜਦ ਪੈਨਸ਼ਨ ਲਗ ਗਈ ਤਾਂ ਪਿਛੇ ਰਹਿ ਗਏ 'ਵਿਚਾਰਿਆਂ' ਨੂੰ ਬੁਢਾਪਾ ਪੈਨਸ਼ਨ ਦੇ ਪੈਸੇ ਭੇਜਿਆ ਕਰਾਂਗੇ ਤਾਂ ਜੋ 'ਵਿਚਾਰੇ' ਆਪਣਾ ਗੁਜ਼ਾਰਾ ਸੌਖਾ ਕਰ ਸਕਣ। ਇਹ ਬੁੜ੍ਹਾ ਬੁੜ੍ਹੀ ਕਿਉਂ ਨਹੀਂ ਸਮਝਦੇ ਕਿ ਕਿ ਕੀ ਅਸੀਂ 'ਵਿਚਾਰੇ' ਨਹੀਂ ਹਾਂ ਜੋ ਕੈਨੇਡਾ ਵਿਚ ਸਖਤ ਹੱਡ ਭੰਨਵੀਂ ਮਿਹਨਤ ਕਰ ਕੇ ਗੁਜ਼ਾਰਾ ਕਰਦੇ ਹਾਂ। ਬੱਚੇ ਪਾਲਦੇ ਹਾਂ ਤੇ ਪੜ੍ਹਾਉਂਦੇ ਹਾਂ। ਬੇਸਮੈਂਟ ਦਾ ਕਿਰਾਇਆ ਦੇਂਦੇ ਹਾਂ। ਗਰੋਸਰੀ ਦਾ ਖਰਚਾ ਕਰਦੇ ਹਾਂ। ਬੁੜ੍ਹੇ ਨੂੰ ਸ਼ਾਮ ਨੂੰ ਦਾਰੂ ਪੀਣ ਦੀ ਖਾਨਦਾਨੀ ਆਦਤ ਆ ਤੇ ਉਹਦੇ ਲਈ ਅਸੀਂ ਹਰ ਹਫਤੇ ਲਿਕਰ ਸਟੋਰ ਤੋਂ ਬਕਾਰਡੀ ਦਾ ਜੱਗ ਖਰੀਦਦੇ ਹਾਂ ਤੇ ਚਿਕਨ ਲੈਗਜ਼ ਤੇ ਮਸਾਲਾ ਲਾ ਕੇ ਓਵਨ ਵਿਚ ਭੁੰਨ ਕੇ ਦੇਂਂਦੇ ਹਾਂ। ਬੁੜ੍ਹੀ ਨੂੰ ਨਵੇਂ ਨਵੇਂ ਸੂਟ ਪਾਉਣ ਦਾ ਬੜਾ ਸ਼ੌਕ ਆ ਤੇ ਜਿਊਲਰੀ ਖਰੀਦਨ ਦਾ ਵੀ। ਉਹਦੇ ਸ਼ੌਕ ਲਈ ਓਵਰ ਟਾਈਮ ਲਾਉਣਾ ਪੈਂਦਾ ਹੈ ਤੇ ਬੁੜ੍ਹੀ ਨੱਕ ਵੱਟ ਕੇ ਕਹੇਗੀ ਕਿ ਮੈਥੋਂ ਨੀ ਤੇਰੇ ਜਵਾਕਾਂ ਦੇ ਬੋਅ ਮਾਰਦੇ ਡਾਇਪਰ ਬਦਲੇ ਜਾਂਦੇ। ਲੋਕੋ ਬੁੜ੍ਹੇ ਬੁੜ੍ਹੀ ਨੂੰ ਸਮਝਾਓ ਕਿ 'ਵਿਚਾਰੇ' ਕੌਣ ਹਨ, ਕੈਨੇਡਾ ਵਿਚ ਰਹਿ ਕੇ ਹੱਡ ਭੰਨਵੀਂ ਮਿਹਨਤ ਨਾਲ ਗੁਜ਼ਾਰਾ ਕਰਨ ਵਾਲੇ ਜਾਂ ਪਿਛੇ ਰਹਿ ਗਈਆਂ ਸਾਂਝੀਆਂ ਜ਼ਮੀਨਾਂ ਵੇਚ ਵੱਟ ਕੇ ਮੌਜਾਂ ਮਾਰਦੇ 'ਗੁਜ਼ਾਰਾ' ਕਰਨ ਵਾਲੇ ਜੋ ਕੈਨੇਡਾ ਗਏ ਭਰਾਵਾਂ ਭੈਣਾਂ ਨੂੰ ਫੋਨ ਕਰ ਕਰ ਕੇ ਪੈਸੇ ਭੇਜਣ ਦੇ ਸੁਨੇਹੇ ਦੇਂਦੇ ਰਹਿੰਦੇ ਹਨ। ਰੋਜ਼ ਓਥੇ ਦਾਰੂ ਪੀਂਦੇ ਹਨ ਤੇ ਹੋਰ ਕਈ ਕਿਸਮ ਦੇ ਨਸ਼ੇ ਵੀ ਕਰਦੇ ਹਨ।
ਦਰਅਸਲ ਐਨ. ਆਰ. ਆਈਜ਼. ਦੀਆਂ ਜਾeਦਾਦਾਂ ਦੀ ਸਾਂਭ ਸੰਭਾਲ ਜਾਂ ਵੇਚ ਵੱਟ ਕੇ ਪੈਸਾ ਬਾਹਰ ਲਿਆਉਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵਿਚ ਕਈ ਕਿਸਮ ਦੇ ਅੜਿਕੇ ਤੇ ਮੁਸ਼ਕਲਾਂ ਹਨ ਤੇ ਇਸ ਨਾਲੋਂ ਵੀ ਵਡਾ ਖਤਰਾ ਜਾਨ ਦਾ ਰਿਸਕ ਹੈ। ਆਏ ਦਿਨ ਖਬਰਾਂ ਛਪਦੀਆਂ ਰਹਿੰਦੀਆਂ ਹਨ ਕਿ ਜ਼ਮੀਨ ਜਾਇਦਾਦ ਵੇਚਣ ਗਏ ਐਨ. ਆਰ. ਆਈ. ਲਭਦਾ ਨਹੀਂ ਹੈ। ਕਿਡਨੈਪ ਹੋ ਗਿਆ ਜਾਂ ਮਾਰ ਕੇ ਕਿਸੇ ਨਹਿਰ ਜਾਂ ਦਰਿਆ ਵਿਚ ਸੁਟ ਦਿਤਾ ਗਿਆ ਹੈ ਦਿਤਾ ਗਿਆ ਹੈ ਜਾਂ ਜ਼ਮੀਨ ਵਿਚ ਡੂੰਘਾ ਟੋਆ ਕਢੇ ਨਪ ਦਿਤਾ ਗਿਆ ਹੈ। ਮਾਰਨ ਵਾਲੇ ਜਾਂ ਗਾਇਬ ਕਰਨ ਵਾਲੇ ਆਮ ਤੌਰ ਤੇ ਨੇੜੇ ਦੇ ਭਰਾ, ਸ਼ਰੀਕ ਜਾਂ ਉਹ ਯਾਰ ਲੋਕ ਹੁੰਦੇ ਹਨ ਜਿਨ੍ਹਾਂ ਦਾ ਜ਼ਮੀਨ ਜਾਇਦਾਦ ਤੇ ਕਬਜ਼ਾ ਹੁੰਦਾ ਹੈ ਤੇ ਉਹ ਨਾ ਤਾਂ ਕਬਜ਼ਾ ਛਡਣਾ ਚਹੁੰਦੇ ਹਨ ਅਤੇ ਨਾ ਹੀ ਵੇਚਣ ਦਿੰਦੇ ਹਨ। ਉਹਨਾਂ ਦਾ ਇਕੋ ਇਕ ਨਿਸ਼ਾਨਾ ਹੁੰਦਾ ਹੈ ਕਿ ਬਾਹਰੋਂ ਆਇਆ ਐਨ. ਆਰ. ਆਈ. ਆਪਣੇ ਹਿੱਸੇ ਦੀ ਜਾਇਦਾਦ ਉਹਨਾਂ ਨੂੰ ਦੇ ਮੁਫਤ ਵਿਚ ਦੇ ਜਾਵੇ। ਜੇ ਦੇ ਜਾਵੇ ਤਾਂ ਉਹਦੇ ਪੈਰ ਧੋ ਧੋ ਕੇ ਪੀਂਦੇ ਹਨ। ਸਵੇਰ ਦੇ ਨਾਸ਼ਤੇ ਵਿਚ ਮੂਲੀਆਂ ਵਾਲੇ ਪਰੌਠੇ ਮਖਨ ਤੇ ਹੀਂ ਨਾਲ ਖਵਾਉਂਦੇ ਹਨ। ਸ਼ਾਮਾਂ ਨੂੰ ਮੀਟ ਮੁਰਗਿਆਂ ਤੇ ਦਾਰੂ ਨਾਲ ਸੇਵਾ ਕਰਦੇ ਹਨ। ਜੇ ਵੇਚਣ ਵੱਟਣ ਦੀ ਗੱਲ ਕਰੇ ਤਾਂ ਫਿਰ ਆਪਣੀ ਜਾਨ ਗਈ ਸਮਝ ਲਵੇ।
ਜੇਕਰ ਇਸ ਵਾਰਤਾ ਜਾਂ ਮਸਲੇ ਨੂੰ ਜ਼ਿਆਦਾ ਲੰਮਾ ਨਾ ਕੀਤਾ ਜਾਵੇ ਤਾਂ ਨਤੀਜਾ ਇਹੀ ਨਿਕਲਦਾ ਹੈ ਕਿ ਜਿਸ ਤਰ੍ਹਾਂ ਮੁਲਕਾਂ ਅਤੇ ਐਨ. ਆਰ. ਆਈ. ਸਮਾਜ ਦੇ ਹਾਲਾਤ ਬਦਲ ਚੁਕੇ ਹਨ, ਓਸ ਨੂੰ ਮੁਖ ਰਖਦਿਆਂ ਅਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੈਸਾ ਬਾਹਰ ਲੈ ਆਉਣਾ ਚਾਹੀਦਾ ਹੈ। ਹੁਣ ਉਹਨਾਂ ਲਈ ਖੁਦ ਜਾਂ ਉਹਨਾਂ ਦੇ ਬਚਿਆਂ ਜਾਂ ਉਹਨਾਂ ਦੇ ਬਚਿਆਂ ਨੂੰ ਓਥੇ ਜਾ ਕੇ ਰਹਿਣਾ ਬਹੁਤ ਮੁਸ਼ਕਲ ਹੋ ਚੁਕਾ ਹੈ। ਹੁਣ ਦੀਆਂ ਮੁਸ਼ਕਲਾਂ ਦੇ ਕਦਮ ਬਹੁਤ ਦੂਰ ਜਾ ਚੁਕੇ ਹਨ। ਧਰਤੀ ਨੂੰ ਸਾਂਝੀਆਂ ਕਰ ਕੇ ਦੂਰੀਆਂ ਘਟਾ ਚੁਕੇ ਹਨ। ਹੁਣ ਭਾਰਤੀ ਪੰਜਾਬੀ ਸਮਾਜ, ਪੰਜਾਬ ਦਾ ਰਾਜਨੀਤਿਕ ਸਿਸਟਮ, ਕੋਰਟਾਂ, ਕਚਿਹਰੀਆਂ ਤੇ ਥਾਣੇ, ਆਂਢ ਗਵਾਂਢ ਤੇ ਯਾਰ ਦੋਸਤ ਸਾਰੇ ਬਦਲ ਗਏ ਹਨ। ਪਹਿਲਾਂ ਵਾਲੀਆਂ ਭਿਆਲੀਆਂ ਨਹੀਂ ਰਹੀਆਂ। ਹੁਣ ਤੁਹਾਡੇ ਪਿਆਰਿਆਂ ਦੀਆਂ ਨਜ਼ਰਾਂ ਸਿਰਫ ਤੁਹਾਡੀ ਜੇਬ ਅਤੇ ਜ਼ਮੀਨ ਜਾਇਦਾਦਾਂ ਤੇ ਹਨ। ਇਹ ਠੀਕ ਹੈ ਕਿ ਪਿਛਲੀਆਂ ਜਾਇਦਾਦਾਂ ਵੇਚਣੀਆਂ ਆਸਨ ਨਹੀਂ ਹੈ ਖਾਸ ਕਰ ਕੇ ਪਿੰਡਾਂ ਦੀਆਂ ਜ਼ਮੀਨਾਂ। ਜ਼ਮੀਨ ਤਾਂ ਉਹੀ ਖਰੀਦੇਗਾ ਜਿਸ ਦੀ ਜ਼ਮੀਨ ਦੇ ਨਾਲ ਜ਼ਮੀਨ ਲਗਦੀ ਹੋਵੇ ਜਾਂ ਪਿੰਡ ਦਾ ਕੋਈ ਸੌਖਾ ਜੱਟ ਜਿਸ ਕੋਲ ਬਲੈਕ ਦੇ ਵਾਧੂ ਪੈਸੇ ਹੋਣ ਕਿਉਂਕਿ ਪੰਜਾਬ ਦੇ ਪਿੰਡਾਂ ਵਿਚ ਡਿਗੀਆਂ ਹੋਈਆਂ ਕੀਮਤਾਂ ਦੇ ਬਾਵਜੂਦ 25 ਲਖ ਏਕੜ ਤੋਂ ਘਟ ਜ਼ਮੀਨ ਦਾ ਮੁੱਲ ਨਹੀਂ ਹੈ। ਪਹਿਲਾਂ ਇਹ ਭਾਅ 50 ਲਖ ਏਕੜ ਜਾਂ ਇਸ ਤੋਂ ਵੀ ਵਧ ਤਕ ਚੜ੍ਹ ਗਏ ਸਨ। 25 ਲਖ ਰੁਪੈ ਵੀ ਕਾਫੀ ਵਡਾ ਮੁਲ ਹੈ ਅਤੇ ਜੇ ਗਵਾਂਢੀ ਜਿਸ ਦੀ ਜ਼ਮੀਨ ਦੇ ਨਾਲ ਜ਼ਮੀਨ ਲਗਦੀ ਹੈ, ਉਸ ਕੋਲ ਪੈਸੇ ਹੀ ਨਹੀਂ ਹਨ, ਉਹ ਤੁਹਾਡੀ ਪਿੰਡ ਦੀ ਜ਼ਮੀਨ ਕਿਵੇਂ ਖਰੀਦੇਗਾ। ਬਾਹਰੋਂ ਆ ਕੇ ਵੀ ਕੋਈ ਗਾਹਕ ਤੁਹਾਡੀ ਜ਼ਮੀਨ ਨਹੀਂ ਖਰੀਦੇਗਾ। ਮੌਜੂਦਾ ਹਾਲਾਤ ਵਿਚ ਕੋਈ ਵੀ ਐਨ. ਆਰ. ਆਈ. ਹੁਣ ਪਿਛੇ ਪਿੰਡਾਂ ਵਿਚ ਜ਼ਮੀਨਾਂ ਖਰੀਦਣ ਲਈ ਰਕਮ ਲਾਉਣ ਲਈ ਤਿਆਰ ਨਹੀਂ ਹੈ। ਸਪਸ਼ਟ ਹੈ ਕਿ ਸ਼ਹਿਰੀ ਜਾਇਦਾਦ ਤਾਂ ਕਿਸੇ ਹਦ ਤਕ ਆਦਾਨੀ ਨਾਲ ਵਿਕ ਸਕਦੀ ਹੈ ਅਤੇ ਦੂਰ ਨੇੜੇ ਦਾ ਕੋਈ ਵੀ ਗਾਹਕ ਖਰੀਦ ਸਕਦਾ ਹੈ ਪਰ ਪਿੰਡ ਦੀ ਜ਼ਮੀਨ ਵੇਚਣੀ ਕਾਫੀ ਔਖੀ ਹੈ। ਵੇਚਣ ਵਾਲੇ ਐਨ. ਆਰ. ਆਈ. ਨੂੰ ਕਾਫੀ ਤਰਦੱਦ ਕਰਨਾ ਪਵੇਗਾ।
ਜਿਸ ਦੀ ਜ਼ਮੀਨ ਜਾਇਦਾਦ ਵਿਕਣੀ ਹੁੰਦੀ ਹੈ, ਉਸ ਨੂੰ ਲਾਲਚ ਹੁੰਦਾ ਹੈ ਕਿ ਵਧ ਤੋਂ ਵਧ ਰਕਮ ਮਿਲ ਜਾਵੇ। ਮੈਂ ਵੀ ਆਪਣੀ ਮੋਹਾਲੀ ਵਾਲੀ ਕੋਠੀ ਦੇ ਵਧ ਤੋਂ ਵਧ ਪੈਸੇ ਵਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਵੇਚਣ ਵੇਲੇ ਡੇਢ ਕਰੋੜ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ। 2012 ਵਿਚ ਜਦ ਮੈਂ ਇੰਡੀਆ ਗਿਆ ਸਾਂ ਤਾਂ ਮੈਨੂੰ ਸਵਾ ਤਿੰਨ ਕਰੋੜ ਦਾ ਗਾਹਕ ਮਿਲਦਾ ਸੀ ਪਰ ਮੈਂ ਸਾਢੇ ਤਿੰਨ ਕਰੋੜ ਤੇ ਅੜ ਗਿਆ। ਸੌਦਾ ਨਾ ਹੋ ਸਕਿਆ ਤੇ ਮੈਂ ਕੀਮਤਾਂ ਵਧਣਗੀਆਂ ਤਾਂ ਵੇਚ ਦਿਆਂਗੇ ਦਾ ਲਾਲਚ ਕਰਦਾ ਰਿਹਾ ਤੇ ਕੋਠੀਆਂ ਦੀਆਂ ਕੀਮਤਾਂ ਘਟ ਕੇ ਅਧ ਤੇ ਆ ਗਈਆ। ਹੁਣ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਕੋਈ ਗਾਹਕ ਹੀ ਨਹੀਂ ਸੀ ਤੇ ਜੇ ਕੋਈ ਗਾਹਕ ਮਿਲਦਾ ਸੀ ਤਾਂ ਦੋ ਕਰੋੜ ਤੋਂ ਕਾਫੀ ਥਲੇ ਦਾ ਮਿਲਦਾ ਸੀ। ਕਈ ਤਾਂ 1 ਕਰੋੜ 75 ਲਖ ਤੋਂ ਉਤੇ ਨਹੀਂ ਚੜ੍ਹਦੇ ਸਨ। ਬਹੁਤ ਜ਼ਬਰਦਸਤ ਕੋਸ਼ਿਸ ਕਰਦਿਆਂ ਇਕ ਗਾਹਕ 2 ਕਰੋੜ ਤੇ ਆ ਕੇ ਅੜ ਗਿਆ। ਜਦੋਂ ਕਾਫੀ ਜੱਦੋ ਜਹਿਦ ਚਲਦੀ ਰਹੀ ਤੇ ਕੋਠੀ ਦਾ ਸੌਦਾ ਦੋ ਕਰੋੜ ਵਿਚ ਹੋਣਾ ਤਹਿ ਹੋ ਗਿਆ ਜਿਸ ਵਿਚੋਂ 2% ਮੈਂ ਸੌਦਾ ਕਰਾਉਣ ਵਾਲੇ ਨੂੰ ਦੇਣਾ ਸੀ ਤੇ ਮੇਰੀ ਰਕਮ ਟੁਟ ਜਾਣੀ ਸੀ। ਹੋਰ ਕੁਝ ਖਰਚੇ ਵੀ ਲਖਾਂ ਰੁਪੈ ਦੇ ਸਨ ਜੋ ਕੋਠੀ ਵੇਚਣ ਨਾਲ ਸਬੰਧਤ ਸਨ। ਜਿਵੇਂ ਪੂਡਾ ਤੋਂ ਐਨ ਓ ਸੀ ਲੈਣਾ ਕੋਈ ਆਸਾਨ ਕੰਮ ਨਹੀਂ ਸੀ। ਇਹ ਲੈਣ ਲਈ ਵੀ ਵਡੀ ਰਕਮ ਚਾਹੀਦੀ ਸੀ। ਜ਼ਿਆਦਾ ਘਾਟਾ ਪੈਂਦਾ ਵੇਖ ਕੇ ਇਹ ਸੌਦਾ ਸਿਰੇ ਨਾ ਚੜ੍ਹ ਸਕਿਆ। ਕੁਝ ਲੈਂਡ ਮਾਫੀਆ ਕਿਸਮ ਦੇ ਲੋਕ ਇਕ ਰਾਤ ਨੂੰ ਇਕ ਕਰੋੜ ਕੈਸ਼ ਰੁਪਿਆ ਲੈ ਕੇ ਆ ਗਏ ਤੇ ਕੋਠੀ ਦਾ ਸੌਦਾ ਕਰਨ ਲਈ ਬਹਿਸ ਕਰਨ ਲਗੇ। ਉਹਨਾਂ ਕੋਲ ਹਥਿਆਰ ਵੀ ਸਨ ਤੇ ਅਖਾਂ ਵਿਚ ਰੋਹ। ਇਹਨਾਂ ਤੋਂ ਕਿਵੇਂ ਬਚਿਆ, ਅਗਲੀ ਕਿਸ਼ਤ ਵਿਚ ਪੜ੍ਹੋ---ਚਲਦਾ---